ਦਿਲਜੀਤ ਦੋਸਾਂਝ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ, ਕੀ ਹੋਈ ਗੱਲਬਾਤ ਤੇ ਸੋਸ਼ਲ ਮੀਡੀਆ ’ਤੇ ਕਿਉਂ ਛਿੜੀ ਚਰਚਾ

ਤਸਵੀਰ ਸਰੋਤ, @DiljitDosanjh
ਪੰਜਾਬੀ ਗਾਇਕ ਅਤੇ ਫ਼ਿਲਮ ਅਦਾਕਾਰ ਦਿਲਜੀਤ ਦੋਸਾਂਝ ਨੇ ਆਪਣਾ ਦੋ ਮਹੀਨਿਆਂ ਦਾ 'ਦਿਲ-ਲੂਮੀਨਾਟੀ ਟੂਰ' ਖ਼ਤਮ ਹੋਣ ਦੇ ਆਖ਼ਰੀ ਪੜ੍ਹਾਅ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ।
ਨਵੇਂ ਸਾਲ ਦੇ ਪਹਿਲੇ ਦਿਨ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਦੁਸਾਂਝ ਨੇ ਵੀਡੀਓ ਜਾਰੀ ਕਰਕੇ ਇਸ ਨੂੰ ਇੱਕ ਯਾਦਗਾਰੀ ਮੁਲਾਕਾਤ ਦੱਸਿਆ।
ਦੂਜੇ ਪਾਸੇ ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਸਾਈਟ ਐਕਸ 'ਤੇ ਦੋਸਾਂਝ ਨਾਲ ਹੋਈ ਆਪਣੀ ਗੱਲਬਾਤ ਕਮਾਲ ਦੀ ਦੱਸਦਿਆਂ ਦਿਲਜੀਤ ਨੂੰ ਰਵਾਇਤ ਤੇ ਕਲਾ ਦਾ ਜ਼ਬਰਦਸਤ ਸੁਮੇਲ ਤੇ ਬਹੁ-ਪੱਖੀ ਵਿਅਕਤੀਤਵ ਵਾਲਾ ਸ਼ਖ਼ਸ ਦੱਸਿਆ।
ਪਿਛਲੇ ਸਾਲ 26 ਅਕਤੂਬਰ ਨੂੰ ਦਿੱਲੀ ਤੋਂ ਸ਼ੁਰੂ ਹੋਇਆ ਦੁਸਾਂਝ ਦਾ ਦਿਲ-ਲੂਮੀਨਾਟੀ ਟੂਰ 31 ਦਸੰਬਰ ਨੂੰ ਲੁਧਿਆਣਾ ਵਿੱਚ ਖ਼ਤਮ ਹੋਇਆ।
ਜਦੋਂ ਤੋਂ ਉਨ੍ਹਾਂ ਦਾ ਦੌਰਾ ਸ਼ੁਰੂ ਹੋਇਆ ਹੈ, ਉਦੋਂ ਤੋਂ ਹੀ ਕਈ ਵਿਵਾਦ ਸਾਹਮਣੇ ਆ ਚੁੱਕੇ ਹਨ, ਜੋ ਉਨ੍ਹਾਂ ਦੇ ਇਸ ਟੂਰ ਦੌਰਾਨ ਸੋਸ਼ਲ ਮੀਡੀਆ 'ਤੇ ਛਾਏ ਰਹੇ।

ਦੋਵਾਂ ਵਿਚਕਾਰ ਕੀ ਗੱਲਬਾਤ ਹੋਈ
ਦਿਲਜੀਤ ਦੁਸਾਂਝ ਵੱਲੋਂ ਸੋਸ਼ਲ ਮੀਡੀਆ 'ਤੇ ਜਾਰੀ ਕੀਤੀ ਗਈ ਵੀਡੀਓ 'ਚ ਉਹ ਫੁੱਲਾਂ ਦਾ ਗੁਲਦਸਤਾ ਲੈ ਕੇ ਪ੍ਰਧਾਨ ਮੰਤਰੀ ਨੂੰ ਮਿਲਣ ਜਾਂਦੇ ਨਜ਼ਰ ਆ ਰਹੇ ਹਨ।
ਪੀਐੱਮ ਮੋਦੀ ਨੂੰ ਦੇਖਦੇ ਹੀ ਉਨ੍ਹਾਂ ਨੇ ਸਿਰ ਝੁਕਾ ਕੇ ਨਮਸਕਾਰ ਕੀਤਾ। ਦੂਜੇ ਪਾਸੇ ਪ੍ਰਧਾਨ ਮੰਤਰੀ ਮੋਦੀ ਵੀ 'ਸਤਿ ਸ਼੍ਰੀ ਅਕਾਲ' ਕਹਿ ਕੇ ਗਾਇਕ ਦਾ ਸਵਾਗਤ ਕਰਦੇ ਨਜ਼ਰ ਆਏ।
ਪ੍ਰਧਾਨ ਮੰਤਰੀ ਅਤੇ ਦਿਲਜੀਤ ਦੋਸਾਂਝ ਵਿਚਾਲੇ ਕੀ ਗੱਲਬਾਤ ਹੋਈ, ਉਸ ਦਾ ਓਨਾ ਹੀ ਹਿੱਸਾ ਸਾਹਮਣੇ ਆਇਆ ਹੈ, ਜੋ ਸਰਕਾਰੀ ਤੌਰ ਉੱਤੇ ਜਾਰੀ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਲਿਖਿਆ, "2025 ਦੀ ਸ਼ਾਨਦਾਰ ਸ਼ੁਰੂਆਤ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਬੇਹੱਦ ਯਾਦਗਾਰ ਮੁਲਾਕਾਤ।"
ਇੰਸਟਾਗ੍ਰਾਮ 'ਤੇ ਪੋਸਟ ਕੀਤੀ ਗਈ ਆਪਣੀ ਵੀਡੀਓ 'ਚ ਉਹ ਦੇਸ ਭਰ ਦੇ ਦੌਰੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਭਾਰਤ ਦੇ ਮਹਾਨ ਵਿਰਸੇ ਬਾਰੇ ਗੱਲ ਕਰਦੇ ਨਜ਼ਰ ਆ ਰਹੇ ਹਨ।

ਤਸਵੀਰ ਸਰੋਤ, @DiljitDosanjh
ਇਸ ਵੀਡੀਓ 'ਚ ਉਹ ਕਹਿੰਦੇ ਸੁਣੇ ਕਿ ਜਦੋਂ ਉਨ੍ਹਾਂ ਨੇ ਪੂਰੇ ਦੇਸ਼ ਦਾ ਦੌਰਾ ਕੀਤਾ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਭਾਰਤ ਨੂੰ 'ਮਹਾਨ' ਕਿਉਂ ਕਿਹਾ ਜਾਂਦਾ ਹੈ। ਇਸ ਮੁਲਾਕਾਤ ਦੌਰਾਨ ਉਨ੍ਹਾਂ ਨੇ ਯੋਗਾ 'ਤੇ ਵੀ ਚਰਚਾ ਕੀਤੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿ ਰਹੇ ਹਨ ਕਿ ਯੋਗ ਵਿੱਚ ਅਦਭੁਤ ਸ਼ਕਤੀ ਹੈ। ਸਿਰਫ਼ ਇਸ ਦਾ ਤਜ਼ਰਬਾ ਕਰਨ ਵਾਲਾ ਹੀ ਇਸ ਬਾਰੇ ਜਾਣ ਸਕਦਾ ਹੈ।
ਇਸ ਵੀਡੀਓ ਦੇ ਅੰਤ 'ਚ ਦਿਲਜੀਤ ਦੋਸਾਂਝ ਪ੍ਰਧਾਨ ਮੰਤਰੀ ਮੋਦੀ ਦੇ ਸਾਹਮਣੇ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਇੱਕ ਗੀਤ ਗਾਉਂਦੇ ਵੀ ਨਜ਼ਰ ਆਏ।
ਜਦੋਂ ਦਿਲਜੀਤ ਗਾ ਰਹੇ ਸੀ ਉਸ ਸਮੇਂ ਪ੍ਰਧਾਨ ਮੰਤਰੀ ਮੋਦੀ ਦੋਵਾਂ ਦੇ ਵਿਚਕਾਰ ਰੱਖੇ ਛੋਟੇ ਮੇਜ਼ 'ਤੇ ਆਪਣੀਆਂ ਉਂਗਲਾਂ ਨਾਲ ਤਾਲ ਦੇ ਰਹੇ ਸਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਮੁਲਾਕਾਤ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਸ਼ੇਅਰ ਕੀਤੀਆਂ ਹਨ।
ਉਨ੍ਹਾਂ ਨੇ ਗੁਰਮੁਖੀ 'ਚ ਟਵੀਟ ਕੀਤਾ, ''ਦਿਲਜੀਤ ਦੋਸਾਂਝ ਨਾਲ ਗੱਲਬਾਤ ਸ਼ਾਨਦਾਰ ਰਹੀ। ਉਹ ਸੱਚਮੁੱਚ ਇੱਕ ਬਹੁ-ਪੱਖੀ ਸ਼ਖਸੀਅਤ ਦੇ ਮਾਲਕ ਹਨ।"
"ਅਸੀਂ ਸੰਗੀਤ, ਸੱਭਿਆਚਾਰ ਅਤੇ ਕਈ ਹੋਰ ਮਸਲਿਆਂ ਬਾਰੇ ਗੱਲ ਕੀਤੀ।"
ਸੋਸ਼ਲ ਮੀਡੀਆ 'ਤੇ ਲੋਕਾਂ ਨੇ ਕੀ ਕਿਹਾ

ਤਸਵੀਰ ਸਰੋਤ, @narendramodi
ਦਿਲਜੀਤ ਦੋਸਾਂਝ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਹੋਈ ਇਸ ਮੁਲਾਕਾਤ 'ਤੇ ਸੋਸ਼ਲ ਮੀਡੀਆ ਬਾਰੇ ਲੋਕ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ।
ਕਵਲਜੀਤ ਸਿੰਘ ਨਾਂ ਦੇ ਇੱਕ ਯੂਜ਼ਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਲਿਖਿਆ,
''ਐਂਡ! ਦਿਲਜੀਤ ਨੂੰ ਸਲਾਮ! ਨਕਾਰਾਤਮਕ ਪੀਆਰ ਨੂੰ ਪੂਰੀ ਤਰ੍ਹਾਂ ਚੁੱਪ ਕਰਵਾਉਣ ਦਾ ਕਿੰਨਾ ਸ਼ਾਨਦਾਰ ਤਰੀਕਾ ਹੈ। ਸਾਨੂੰ ਹੋਰ ਆਤਮਵਿਸ਼ਵਾਸੀ ਬਣਾਉਣ ਲਈ ਤੁਹਾਡਾ ਧੰਨਵਾਦ।"
ਅਲਫ਼ਾ ਗਾਂਧੀ ਨਾਂ ਦੇ ਯੂਜ਼ਰ ਨੇ ਲਿਖਿਆ, "ਨਰਿੰਦਰ ਮੋਦੀ ਇੱਕ ਰਾਜੇ ਦੀ ਤਰ੍ਹਾਂ ਹਨ ਜੋ ਆਪਣੇ ਵਿਰੋਧੀਆਂ ਨੂੰ ਆਪਣੇ ਦਰਬਾਰ ਵਿੱਚ ਆਉਣ ਦਾ ਸੱਦਾ ਦਿੰਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਅੱਗੇ ਝੁਕਾਉਂਦੇ ਹਨ। ਉਹ ਬੜੇ ਮਾਣ ਨਾਲ ਸਾਹਮਣੇ ਬੈਠੇ ਹੈ। ਹਰ ਵਾਰ ਅਜਿਹਾ ਕਰਕੇ ਉਹ ਮੀਡੀਆ ਵਿਚਲੇ ਆਪਣੇ ਵਿਰੋਧੀਆਂ ਨੂੰ ਰੁਆ ਦਿੰਦੇ ਹੈ।"
ਇੱਕ ਯੂਜ਼ਰ ਨੇ ਲਿਖਿਆ, "ਦਿਲਜੀਤ ਨੂੰ ਅੰਨ੍ਹੇ ਸ਼ਰਧਾਲੂ ਖਾਲਿਸਤਾਨੀ ਕਹਿੰਦੇ ਸਨ। ਅੱਜ ਉਨ੍ਹਾਂ ਦਾ ਰੱਬ ਉਨ੍ਹਾਂ ਨੂੰ (ਦਿਲਜੀਤ ਨੂੰ) ਹਿੰਦੁਸਤਾਨੀ ਕਹਿ ਰਿਹਾ ਹੈ।"

ਤਸਵੀਰ ਸਰੋਤ, @diljitdosanjh
ਕਿਸਾਨੀ ਨਾਲ ਜੁੜੇ ਮੁੱਦਿਆਂ ਉੱਤੇ ਵੀ ਹੋਈ ਗੱਲਬਾਤ
ਇੱਕ ਹੋਰ ਯੂਜ਼ਰ ਨੇ ਲਿਖਿਆ, "ਦਿਲਜੀਤ ਦੋਸਾਂਝ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਐੱਮਐੱਸਪੀ, ਕਿਸਾਨਾਂ ਅਤੇ ਸੰਗੀਤ ਨਾਲ ਜੁੜੇ ਮੁੱਦਿਆਂ 'ਤੇ ਚਰਚਾ ਕੀਤੀ।"
ਹਾਲ ਹੀ 'ਚ ਦਿਲਜੀਤ ਨੇ ਕਿਸਾਨਾਂ ਦੇ ਚੱਲ ਰਹੇ ਵਿਰੋਧ ਪ੍ਰਦਰਸ਼ਨ ਦਾ ਖੁੱਲ੍ਹ ਕੇ ਸਮਰਥਨ ਕੀਤਾ ਸੀ ਅਤੇ ਇਸ ਮਸਲੇ ਉੱਤੇ ਉਨ੍ਹਾਂ ਦੀ ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਨਾਲ ਸੋਸ਼ਲ ਮੀਡੀਆ ਉੱਤੇ ਬਹਿਸ ਵੀ ਹੁੰਦੀ ਵੀ ਦੇਖੀ ਗਈ ਸੀ।
ਕੁਝ ਭਾਜਪਾ ਸਮਰਥਕਾਂ ਨੇ ਕਥਿਤ ਤੌਰ 'ਤੇ ਦਿਲਜੀਤ ਨੂੰ ਖਾਲਿਸਤਾਨੀ ਕਿਹਾ ਸੀ।
ਸਾਲ 2020 ਵਿੱਚ ਵੀ ਜਦੋਂ ਕਿਸਾਨਾਂ ਨੇ ਨਰਿੰਦਰ ਮੋਦੀ ਦੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਸ਼ੁਰੂ ਕੀਤਾ ਸੀ, ਉਸ ਸਮੇਂ ਦਿਲਜੀਤ ਨੇ ਕਿਸਾਨਾਂ ਦਾ ਸਮਰਥਨ ਕੀਤਾ ਸੀ।
ਕਿਸਾਨਾਂ ਦਾ ਸਮਰਥਨ ਕਰਦਿਆਂ ਉਨ੍ਹਾਂ ਸੋਸ਼ਲ ਮੀਡੀਆ 'ਤੇ ਲਿਖਿਆ, ''ਅਸੀਂ ਸਾਰੇ ਕਿਸਾਨ ਭਾਈਚਾਰੇ ਨਾਲ ਖੜ੍ਹੇ ਹਾਂ। ਪੰਜਾਬ ਦਾ ਹਰ ਉਮਰ ਵਰਗ ਦਾ ਵਿਅਕਤੀ ਕਿਸਾਨਾਂ ਨਾਲ ਖੜ੍ਹਾ ਹੈ।"
ਉਨ੍ਹਾਂ ਸਰਕਾਰ ਨੂੰ ਤਾਕੀਦ ਕਰਦਿਆਂ ਕਿਹਾ ਸੀ," ਲੋਕ ਕਹਿ ਰਹੇ ਹਨ ਕਿ ਪਾਸ ਕੀਤੇ ਗਏ ਬਿੱਲ ਸਹੀ ਹਨ, ਘੱਟੋ-ਘੱਟ ਕਿਸਾਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਤਾਂ ਕਰੋ।"
ਕੰਗਨਾ ਰਣੌਤ 'ਤੇ ਤੰਜ਼ ਵਾਲੇ ਵੀ ਸੋਸ਼ਲ ਮੀਡੀਆ 'ਤੇ ਖ਼ੁੱਲ੍ਹ ਕੇ ਬੋਲੇ

ਤਸਵੀਰ ਸਰੋਤ, ANI
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦਿਲਜੀਤ ਸਿੰਘ ਦੁਸਾਂਝ ਦੀ ਮੁਲਾਕਾਤ ਤੋਂ ਬਾਅਦ ਲੋਕ ਹਿਮਾਚਲ ਪ੍ਰਦੇਸ਼ ਦੀ ਮੰਡੀ ਲੋਕ ਸਭਾ ਸੀਟ ਤੋਂ ਭਾਜਪਾ ਦੇ ਸੰਸਦ ਮੈਂਬਰ ਅਤੇ ਫਿਲਮ ਅਦਾਕਾਰਾ ਕੰਗਨਾ ਰਣੌਤ 'ਤੇ ਵੀ ਤੰਜ਼ ਕਰ ਰਹੇ ਹਨ।
ਕੰਗਨਾ ਰਣੌਤ ਭਾਰਤ ਵਿੱਚ ਕਿਸਾਨ ਅੰਦੋਲਨ ਨੂੰ ਲੈ ਕੇ ਕਈ ਬਿਆਨ ਦਿੰਦੇ ਰਹੇ ਹਨ। ਜਿਨ੍ਹਾਂ ਕਾਰਨ ਉਨ੍ਹਾਂ ਨੂੰ ਅਲੋਚਣਾ ਦਾ ਵੀ ਸਾਹਮਣਾ ਕਰਨਾ ਪਿਆ।
ਉਹ ਆਪਣੇ ਕਈ ਵੀਡੀਓਜ਼ ਵਿੱਚ ਨਰਿੰਦਰ ਮੋਦੀ ਸਰਕਾਰ ਵਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਦਾ ਸਮਰਥਨ ਕਰਦੇ ਸੁਣੇ ਗਏ। ਇੰਨਾ ਹੀ ਨਹੀਂ ਉਨ੍ਹਾਂ ਨੇ ਅੰਦੋਲਨਕਾਰੀ ਕਿਸਾਨਾਂ ਦਾ ਵਿਰੋਧ ਵੀ ਕੀਤਾ ਅਤੇ ਉਨ੍ਹਾਂ ਬਾਰੇ ਕਈ ਇਤਰਾਜ਼ਯੋਗ ਟਿੱਪਣੀਆਂ ਵੀ ਕੀਤੀਆਂ ਸਨ।
ਕੰਗਨਾ ਦੇ ਇਸ ਰੁਖ਼ ਨੂੰ ਲੈ ਕੇ ਲੋਕ ਸੋਸ਼ਲ ਮੀਡੀਆ 'ਤੇ ਇਹ ਕਹਿ ਕੇ ਕੰਗਨਾ 'ਤੇ ਤੰਜ਼ ਕੱਸ ਰਹੇ ਹਨ ਕਿ ਨਰਿੰਦਰ ਮੋਦੀ ਸਰਕਾਰ ਦਾ ਜ਼ੋਰਦਾਰ ਸਮਰਥਨ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨੂੰ ਮਿਲਣ ਦਾ ਮੌਕਾ ਨਹੀਂ ਮਿਲਿਆ।
ਜਦੋਂ ਕਿ ਕੁਝ ਲੋਕਾਂ ਵੱਲੋਂ ਕਥਿਤ ਤੌਰ 'ਤੇ ਖਾਲਿਸਤਾਨੀ ਕਹੇ ਜਾਣ ਵਾਲੇ ਦੋਸਾਂਝ ਨੂੰ ਪ੍ਰਧਾਨ ਮੰਤਰੀ ਨੇ ਚੜਦੇ ਸਾਲ ਹੀ ਮਿਲਣ ਦਾ ਸਮਾਂ ਦਿੱਤਾ।

ਤਸਵੀਰ ਸਰੋਤ, @kawal279
ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇੱਕ ਯੂਜ਼ਰ ਨੇ ਲਿਖਿਆ, ''ਕੰਗਨਾ ਰਣੌਤ ਨੂੰ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਦਾ ਸਮਾਂ ਨਹੀਂ ਦਿੱਤਾ ਗਿਆ। ਜਦੋਂਕਿ ਨਰਿੰਦਰ ਮੋਦੀ ਨੇ ਖ਼ੁਦ ਦਿਲਜੀਤ ਦੋਸਾਂਝ ਨੂੰ ਫ਼ੋਨ ਕਰਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ।"
ਦਰਅਸਲ, ਪੀਐੱਮ ਮੋਦੀ ਨਾਲ ਦਿਲਜੀਤ ਦੀ ਮੁਲਾਕਾਤ ਤੋਂ ਬਾਅਦ, ਕੰਗਨਾ ਰਣੌਤ ਦਾ ਇੱਕ ਪੁਰਾਣਾ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਜਾ ਰਿਹਾ ਹੈ।
ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਪੀਐੱਮ ਮੋਦੀ ਨਾਲ ਮੁਲਾਕਾਤ ਦਾ ਸਮਾਂ ਮੰਗਣ ਦੇ ਬਾਵਜੂਦ, ਉਨ੍ਹਾਂ ਨਾਲ ਮੁਲਾਕਾਤ ਨਹੀਂ ਹੋ ਸਕੀ।
ਇਕ ਹੋਰ ਯੂਜ਼ਰ ਨੇ ਲਿਖਿਆ, ''ਕੰਗਨਾ ਅਤੇ ਦਿਲਜੀਤ ਦਰਮਿਆਨ ਜਨਤਕ ਤੌਰ 'ਤੇ ਝਗੜਾ ਹੋਇਆ ਸੀ। ਸੱਜੇ ਪੱਖੀਆਂ ਨੇ ਦਿਲਜੀਤ ਨੂੰ ਖਾਲਿਸਤਾਨੀ ਕਹਿ ਕੇ ਆਲੋਚਨਾ ਕੀਤੀ ਸੀ ਅਤੇ ਕੰਗਨਾ ਰਣੌਤ ਨੂੰ ਝਾਂਸੀ ਦੀ ਰਾਣੀ ਦੱਸਿਆ ਸੀ।"
ਯੂਜ਼ਰ ਨੇ ਕਿਹਾ ਕਿ ਅੱਜ ਕੰਗਨਾ ਬਿੱਗ ਬੌਸ ਦੇ ਘਰ ਜਾ ਰਹੀ ਹੈ ਅਤੇ ਕਥਿਤ ਖਾਲਿਸਤਾਨੀ ਪ੍ਰਧਾਨ ਮੰਤਰੀ ਨਾਲ ਬੈਠੇ ਹਨ।
ਦਿਲਜੀਤ ਨਾਲ ਜੁੜੇ ਵਿਵਾਦ
ਆਪਣੇ ਆਪ ਨੂੰ ਪੇਂਡੂ, ਪੰਜਾਬੀ ਅਤੇ ਦੋਸਾਂਝਾਂ ਦਾ ਮੁੰਡਾ ਦੱਸਣ ਵਾਲੇ ਦਿਲਜੀਤ ਪਿਛਲੇ ਕਈ ਮਹੀਨਿਆਂ ਤੋਂ ਸੁਰਖੀਆਂ ਵਿੱਚ ਹੈ।
26 ਅਕਤੂਬਰ ਨੂੰ ਦਿੱਲੀ ਤੋਂ ਸ਼ੁਰੂ ਹੋਇਆ ਉਨ੍ਹਾਂ ਦਾ ਦਿਲ-ਲੂਮੀਨਾਟੀ ਟੂਰ ਲਗਾਤਾਰ ਵਿਵਾਦਾਂ 'ਚ ਰਿਹਾ ਹੈ।
ਪਿਛਲੇ ਸਾਲ 8 ਦਸੰਬਰ ਨੂੰ ਬਜਰੰਗ ਦਲ ਨੇ ਮੱਧ ਪ੍ਰਦੇਸ਼ ਦੇ ਇੰਦੌਰ 'ਚ ਦਿਲਜੀਤ ਦੇ ਸੰਗੀਤ ਸਮਾਰੋਹ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ।
ਹਿੰਦੂ ਸੰਗਠਨਾਂ ਨੇ ਮੰਗ ਕੀਤੀ ਕਿ ਸੰਗੀਤ ਸਮਾਰੋਹ ਵਿੱਚ ਸ਼ਰਾਬ ਅਤੇ ਮੀਟ ਨਹੀਂ ਪਰੋਸਿਆ ਜਾਣਾ ਚਾਹੀਦਾ ਹੈ। ਇਸ ਮੰਗ ਨੂੰ ਲੈ ਕੇ ਬਜਰੰਗ ਦਲ ਦੇ ਵਰਕਰ ਵੀ ਸੜਕਾਂ 'ਤੇ ਉਤਰ ਆਏ ਸਨ।
ਇਸ ਵਿਰੋਧ ਦਾ ਜਵਾਬ ਦਿਲਜੀਤ ਨੇ ਪ੍ਰਸਿੱਧ ਸ਼ਾਇਰ ਰਾਹਤ ਇੰਦੌਰੀ ਦੇ ਸ਼ੇਅਰ ਨਾਲ ਦਿੱਤਾ ਸੀ, ਉਨ੍ਹਾਂ ਕਿਹਾ ਸੀ, "ਸਭੀ ਕਾ ਖ਼ੂਨ ਹੈ ਸ਼ਾਮਿਲ ਯਹਾਂ ਕੀ ਮਿੱਟੀ ਮੇਂ, ਕਿਸੇ ਕੇ ਬਾਪ ਕਾ ਹਿੰਦੂਸਤਾਨ ਥੋੜ੍ਹੀ ਹੈ।"
ਇਸ ਤੋਂ ਪਹਿਲਾਂ ਗਾਇਕ ਏਪੀ ਢਿੱਲੋਂ ਵੱਲੋਂ ਸੋਸ਼ਲ ਮੀਡੀਆ 'ਤੇ ਬਲਾਕ ਕਰਨ ਦੀਆਂ ਸ਼ਿਕਾਇਤਾਂ ਤੋਂ ਬਾਅਦ ਦਿਲਜੀਤ ਨੇ ਲਿਖਿਆ ਸੀ, "ਮੈਂ ਤੁਹਾਨੂੰ ਕਦੇ ਬਲੌਕ ਨਹੀਂ ਕੀਤਾ। ਮੇਰੇ ਪੰਗੇ ਸਰਕਾਰ ਨਾਲ ਹੋ ਸਕਦੇ ਹਨ, ਕਿਸੇ ਕਲਾਕਾਰ ਨਾਲ ਨਹੀਂ।"
ਚੰਡੀਗੜ੍ਹ ਵਿੱਚ ਸੰਗੀਤ ਸਮਾਰੋਹ ਤੋਂ ਦੋ ਦਿਨ ਪਹਿਲਾਂ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਦਿਲਜੀਤ ਅਤੇ ਉਸ ਦੀ ਟੀਮ ਨੂੰ ਹਦਾਇਤਾਂ ਜਾਰੀ ਕੀਤੀਆਂ ਸਨ।
ਚੰਡੀਗੜ੍ਹ ਕਮਿਸ਼ਨ ਫ਼ਾਰ ਪ੍ਰੋਟੈਕਸ਼ਨ ਆਫ਼ ਚਾਈਲਡ ਰਾਈਟਸ (ਸੀਸੀਪੀਸੀਆਰ) ਨੇ ਆਪਣੀ ਐਡਵਾਈਜ਼ਰੀ ਵਿੱਚ ਦਿਲਜੀਤ ਨੂੰ ਲਾਈਵ ਸ਼ੋਅ ਦੌਰਾਨ ਸ਼ਰਾਬ 'ਤੇ ਆਧਾਰਿਤ ਗੀਤਾਂ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਸੀ।
ਇਸ ਵਿੱਚ ਕਿਹਾ ਗਿਆ ਸੀ ਕਿ ਦਿਲਜੀਤ ਨੂੰ ਆਪਣੇ ਸ਼ੋਅ ਵਿੱਚ ਪਟਿਆਲਾ ਪੈੱਗ, ਪੰਚ ਤਾਰਾ ਵਰਗੇ ਗੀਤ ਨਹੀਂ ਗਾਉਣੇ ਚਾਹੀਦੇ ਅਤੇ ਕੰਸਰਟ ਵਿੱਚ 25 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਸ਼ਰਾਬ ਨਾ ਪਰੋਸੀ ਜਾਵੇ।

ਤਸਵੀਰ ਸਰੋਤ, @diljitdosanjh
ਦਿਲਜੀਤ ਦੋਸਾਂਝ 14 ਦਸੰਬਰ ਨੂੰ ਚੰਡੀਗੜ੍ਹ 'ਚ ਪਰਫਾਰਮ ਕਰਨ ਆਏ ਸਨ।
ਇਸ ਤੋਂ ਦੋ ਦਿਨ ਪਹਿਲਾਂ ਉਨ੍ਹਾਂ ਨੇ ਆਪਣੀ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ Punjab ਨੂੰ Panjab ਲਿਖਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗੰਭੀਰ ਅਲੋਚਣਾ ਦਾ ਸਾਹਮਣਾ ਕਰਨਾ ਪਿਆ ਸੀ।
1947 ਵਿੱਚ ਭਾਰਤ-ਪਾਕਿਸਤਾਨ ਵੰਡ ਸਮੇਂ ਪੰਜਾਬ ਵੀ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸੀ।
ਸਵਾਲ ਉਠਾਉਣ ਵਾਲੇ ਲੋਕਾਂ ਦਾ ਮੰਨਣਾ ਹੈ ਕਿ ਪਾਕਿਸਤਾਨ ਵਿੱਚਲੇ ਪੰਜਾਬ ਨੂੰ ਅੰਗਰੇਜ਼ੀ ਵਿੱਚ Panjab ਲਿਖਿਆ ਜਾਂਦਾ ਹੈ। ਜਦੋਂ ਕਿ ਭਾਰਤ ਵਿਚਲੇ ਪੰਜਾਬ ਨੂੰ Punjab ਪੰਜਾਬ ਲਿਖਿਆ ਜਾਂਦਾ ਹੈ।
ਇਸ ਨੂੰ ਮੁੱਦਾ ਬਣਾਉਂਦੇ ਹੋਏ ਸੋਸ਼ਲ ਮੀਡੀਆ 'ਤੇ ਕਈ ਲੋਕਾਂ ਨੇ ਇਲਜ਼ਾਮ ਲਾਇਆ ਕਿ ਉਹ ਪੰਜਾਬ ਨਾਲ ਜੁੜੀ ਪਾਕਿਸਤਾਨੀ ਪਛਾਣ ਨੂੰ ਉਤਸ਼ਾਹਿਤ ਕਰ ਰਹੇ ਹਨ।
ਹਾਲਾਂਕਿ ਬੀਬੀਸੀ ਉਰਦੂ ਪੱਤਰਕਾਰ ਸਨਾ ਗੁਲਜ਼ਾਰ ਨੇ ਸਪੱਸ਼ਟ ਕੀਤਾ ਸੀ ਕਿ ਪਾਕਿਸਤਾਨ ਵਿੱਚ ਵੀ ਪੰਜਾਬ ਦੇ ਸਪੈਲਿੰਗ ਭਾਰਤੀ ਪੰਜਾਬ ਵਾਲੇ Punjab ਹੀ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












