ਐਂਜਲੀਨਾ ਜੋਲੀ ਤੇ ਬ੍ਰੈਡ ਪਿਟ ਦੇ ਤਲਾਕ ਦਾ ਮਾਮਲਾ ਕਿੱਥੇ ਲਟਕਿਆ? ਅੰਗੂਰਾਂ ਦੇ ਬਾਗ਼ ਤੋਂ ਕਿਵੇਂ ਵਧੀਆਂ ਦੂਰੀਆਂ

ਐਂਜਲੀਨਾ ਜੌਲੀ ਅਤੇ ਬ੍ਰੈਡ ਪਿਟ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਦੋਵਾਂ ਨੇ ਸਾਲ 2014 ਵਿੱਚ ਵਿਆਹ ਕਰਵਾਇਆ ਸੀ ਅਤੇ ਉਨ੍ਹਾਂ ਦੇ 6 ਬੱਚੇ ਹਨ।
    • ਲੇਖਕ, ਵਿਕੀ ਵਾਂਗਸ
    • ਰੋਲ, ਬੀਬੀਸੀ ਨਿਊਜ਼

ਹੌਲੀਵੁੱਡ ਸਟਾਰ ਐਂਜਲੀਨਾ ਜੋਲੀ ਅਤੇ ਬ੍ਰੈਡ ਪਿਟ 8 ਸਾਲ ਦੀ ਕਾਨੂੰਨੀ ਲੜਾਈ ਮਗਰੋਂ ਤਲਾਕ ਦੇ ਸਮਝੌਤੇ ʼਤੇ ਪਹੁੰਚ ਗਏ ਹਨ।

ਇਸ ਦੀ ਜਾਣਕਾਰੀ ਐਂਜਲੀਨਾ ਦੇ ਵਕੀਲ ਨੇ ਮੀਡੀਆ ਨੂੰ ਦਿੱਤੀ ਹੈ।

ਖ਼ਬਰ ਏਜੰਸੀ ਏਪੀ ਦੀ ਰਿਪੋਰਟ ਮੁਤਾਬਕ, ਤਲਾਕ ਬਾਰੇ ਜਦੋਂ ਬ੍ਰੈਡ ਪਿਟ ਦੇ ਵਕੀਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

ਦੋਵਾਂ ਨੇ ਸਾਲ 2014 ਵਿੱਚ ਵਿਆਹ ਕਰਵਾਇਆ ਸੀ ਅਤੇ ਉਨ੍ਹਾਂ ਦੇ 6 ਬੱਚੇ ਹਨ, ਜਿਨ੍ਹਾਂ ਦੀ ਕਸਟਡੀ ਨੂੰ ਲੈ ਕੇ ਵੀ ਦੋਵਾਂ ਵਿਚਾਲੇ ਲੰਬੀ ਕਾਨੂੰਨੀ ਲੜਾਈ ਚੱਲੀ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਐਂਜਲੀਨਾ ਜੋਲੀ ਨੇ ਸਾਲ 2016 ਵਿੱਚ ਤਲਾਕ ਲਈ ਅਰਜ਼ੀ ਦਿੱਤੀ। ਉਸ ਵੇਲੇ ਉਨ੍ਹਾਂ ਨੇ ਇਸ ਦੇ ਪਿੱਛੇ ʻਵਿਰੋਧੀ ਮਤਭੇਦਾਂʼ ਨੂੰ ਕਾਰਨ ਦੱਸਿਆ ਸੀ।

ਬਾਅਦ ਵਿੱਚ ਵੱਖ-ਵੱਖ ਅਦਾਲਤੀ ਸੁਣਵਾਈਆਂ ਦੌਰਾਨ ਪਤਾ ਲੱਗਾ ਕਿ ਐਂਜਲੀਨਾ ਨੇ ਬ੍ਰੈਡ ਪਿਟ ʼਤੇ ਉਸੇ ਸਾਲ ਇੱਕ ਪ੍ਰਾਈਵੇਟ ਜੈੱਟ ʼਤੇ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਬੱਚਿਆਂ ਨਾਲ ਸ਼ੋਸ਼ਣ ਕਰਨ ਦਾ ਇਲਜ਼ਾਮ ਲਗਾਇਆ ਸੀ।

ਇਸ ਘਟਨਾ ਦੀ ਪੁਲਿਸ ਜਾਂਚ ਤੋਂ ਬਾਅਦ ਪਿਟ ʼਤੇ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਅਤੇ ਉਨ੍ਹਾਂ ਨੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਸੀ।

ਇਸ ਤੋਂ ਬਾਅਦ ਦੋਵਾਂ ਵਿਚਾਲੇ ਬੱਚਿਆਂ ਦੀ ਕਸਟਡੀ ਨੂੰ ਲੈ ਕੇ ਲੜਾਈ ਚੱਲੀ। ਸਾਲ 2021 ਵਿੱਚ ਇੱਕ ਜੱਜ ਨੇ ਬੱਚਿਆਂ ਦੀ ਕਸਟਡੀ ਦੋਵਾਂ ਨੂੰ ਸਾਂਝੇ ਤੌਰ ʼਤੇ ਸੌਂਪਣ ਦਾ ਫ਼ੈਸਲਾ ਦਿੱਤਾ ਸੀ।

ਐਂਜਲੀਨਾ ਅਤੇ ਉਨ੍ਹਾਂ ਦੇ ਬੱਚੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਐਂਜਲੀਨਾ ਜੋਲੀ ਅਤੇ ਬ੍ਰੈਡ ਪਿਟ ਦੇ ਛੇ ਬੱਚੇ ਹਨ, ਜਿਨ੍ਹਾਂ ਦੀ ਕਸਟਡੀ ਨੂੰ ਲੈ ਕੇ ਲੰਬੀ ਕਾਨੂੰਨੀ ਚੱਲੀ

ਜੋਲੀ ਦੇ ਵਕੀਲ ਨੇ ਕੀ ਕਿਹਾ

ਜੋਲੀ ਦੇ ਵਕੀਲ ਜੇਮਸ ਸਾਈਮ ਨੇ ਪੀਪਲਸ ਮੈਗ਼ਜ਼ੀਨ ਨੂੰ ਦਿੱਤੇ ਇੱਕ ਬਿਆਨ ਵਿੱਚ ਕਿਹਾ ਕਿ ਜਦੋਂ ਤੋਂ ਤਲਾਕ ਦੀ ਪ੍ਰਕਿਰਿਆ ਸ਼ੁਰੂ ਹੋਈ ਹੈ, ਉਨ੍ਹਾਂ ਦੀ ਮੁਵੱਕਿਲ ਝਟਕੇ ਨਾਲ ਆਪਣੇ ਪਰਿਵਾਰ ਤੋਂ ਉਭਰਨ ʼਤੇ ਧਿਆਨ ਦੇ ਰਹੀ ਹੈ।

ਬਿਆਨ ਅਨੁਸਾਰ, "ਅੱਠ ਸਾਲ ਪਹਿਲਾਂ ਸ਼ੁਰੂ ਹੋਏ ਕੇਸ ਦੀ ਮੌਜੂਦਾ ਪ੍ਰਕਿਰਿਆ ਦਾ ਇਹ ਕੇਵਲ ਇੱਕ ਹਿੱਸਾ ਹੈ। ਸੱਚ ਕਹੀਏ ਤਾਂ ਐਂਜਲੀਨਾ ਥੱਕ ਗਈ ਹੈ ਪਰ ਉਨ੍ਹਾਂ ਨੂੰ ਸਕੂਨ ਹੈ ਕਿ ਪ੍ਰਕਿਰਿਆ ਦਾ ਇੱਕ ਹਿੱਸਾ ਖ਼ਤਮ ਹੋ ਗਿਆ ਹੈ।"

ਹਲਾਂਕਿ, ਸਮਝੌਤੇ ਦੀਆਂ ਸ਼ਰਤਾਂ ਜਨਤਕ ਨਹੀਂ ਕੀਤੀਆਂ ਗਈਆਂ ਹਨ।

ਜਦੋਂ 2016 ਵਿੱਚ ਪਹਿਲੀ ਵਾਰ ਦੋਵਾਂ ਦੇ ਵੱਖ ਹੋਣ ਦੀ ਖ਼ਬਰ ਸਾਹਮਣੇ ਆਈ ਤਾਂ ਇਸ ਜੋੜੇ ਨੇ ਇੱਕ ਬਿਆਨ ਜਾਰੀ ਕਰ ਕੇ ਕਿਹਾ ਕਿ ਇਹ ਨਿੱਜੀ ਤਰੀਕੇ ਨਾਲ ਹੋਵੇਗਾ, ਇਸ ਤੋਂ ਬਾਅਦ ਸਾਲਾਂ ਤੱਕ ਦੋਵਾਂ ਨੇ ਇਸ ʼਤੇ ਬਹੁਤੀ ਗੱਲ ਨਹੀਂ ਕੀਤੀ।

ਅਦਾਲਤੀ ਸੁਣਵਾਈ ਨਾਲ ਜੋ ਜਾਣਕਾਰੀਆਂ ਆਈਆਂ, ਉਨ੍ਹਾਂ ਵਿੱਚ ਦੋਵਾਂ ਵਿਚਾਲੇ ਤਿੱਖੇ ਮਤਭੇਦਾਂ ਦਾ ਪਤਾ ਲੱਗਦਾ ਹੈ।

ਜੋਲੀ ਨੇ ਆਪਣੇ ਸਾਬਕਾ ਪਤੀ ʼਤੇ ʻਬਦਲੇ ਦੀ ਮੰਸ਼ਾ ਨਾਲ ਲੜਾਈ ਕਰਨʼ ਦਾ ਇਲਜ਼ਾਮ ਲਗਾਇਆ ਅਤੇ ਪਿਟ ਨੇ ਜੋਲੀ ʼਤੇ ਬਿਜ਼ਨਸ ਨੂੰ ਜਾਣਬੁੱਝ ਕੇ ਕਮਜ਼ੋਰ ਕਰਨ ਦਾ ਇਲਜ਼ਾਮ ਲਗਾਇਆ।

ਹਾਲਾਂਕਿ ਜੋਲੀ ਦੇ ਵਕੀਲ ਨੇ ਕਿਹਾ ਹੈ ਕਿ ਤਲਾਕ ਸਮਝੌਤੇ ʼਤੇ ਸਹਿਮਤੀ ਬਣ ਗਈ ਹੈ ਪਰ ਹੁਣ ਵੀ ਸਪੱਸ਼ਟ ਹੈ ਕਿ ਕੀ ਫਰਾਂਸੀਸੀ ਅੰਗੂਰਾਂ ਦੇ ਬਾਗ਼ ਨੂੰ ਲੈ ਕੇ ਦੋਵਾਂ ਵਿਚਾਲੇ ਲੰਬੇ ਸਮੇਂ ਤੋਂ ਚੱਲ ਰਹੀ ਕਾਨੂੰਨੀ ਲੜਾਈ ਦਾ ਵੀ ਅੰਤ ਹੋ ਗਿਆ ਹੈ।

ਐਂਜਲੀਨਾ ਜੌਲੀ

ਅੰਗੂਰਾਂ ਦਾ ਉਹ ਬਾਗ਼ ਜਿਸ ਕਾਰਨ ਵਧਿਆ ਟਕਰਾਅ

ਅਸਲ ਵਿੱਚ ਫਰਾਂਸ ਵਿੱਚ ਅੰਗੂਰਾਂ ਦੇ ਵਿਸ਼ਾਲ ਬਾਗ਼ ਸ਼ੈਟਿਊ ਮਿਰਾਵਲ ਨੂੰ 2008 ਵਿੱਚ ਦੋਵਾਂ ਨੇ ਮਿਲ ਕੇ 2.5 ਕਰੋੜ ਯੂਰੋ ਵਿੱਚ ਖਰੀਦਿਆ ਸੀ ਅਤੇ ਛੇ ਸਾਲ ਬਾਅਦ ਇੱਥੇ ਹੀ ਵਿਆਹ ਦਾ ਸਮਾਗ਼ਮ ਵੀ ਹੋਇਆ ਸੀ।

ਸਾਲ 2002 ਵਿੱਚ ਪਿਟ ਨੇ ਜੋਲੀ ʼਤੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਨੇ ਇਸ ਜਾਇਦਾਦ ਦੀ ਆਪਣੀ ਹਿੱਸੇਦਾਰੀ ਰੂਸੀ ਅਰਬਪਤੀ ਯੂਰੀ ਸ਼ੈਫਲਰ ਨੂੰ ਵੇਚ ਦਿੱਤੀ।

ਯੂਰੀ ਸ਼ੈਫਲਰ ਪੀਣ ਵਾਲੇ ਪਦਾਰਾਥਾਂ ਦੇ ਵੱਡੇ ਕਾਰੋਬਾਰੀ ਹਨ ਅਤੇ ਹੋਰਨਾਂ ਬ੍ਰਾਂਡਸ ਤੋਂ ਇਲਾਵਾ ਸਟੋਲਿਚਨਾਇਆ ਵੋਦਕਾ ਦੇ ਵੀ ਮਾਲਕ ਹਨ।

ਪਿਟ ਦਾ ਇਲਜ਼ਾਮ ਸੀ ਕਿ ਉਨ੍ਹਾਂ ਦੇ ਨਿਵੇਸ਼ ਨੂੰ ਨੁਕਸਾਨ ਪਹੁੰਚਾਉਣ ਲਈ ਜੋਲੀ ਨੇ ਜਾਣਬੁੱਝ ਕੇ ਆਪਣੀ ਹਿੱਸੇਦਾਰੀ ਵੇਚੀ ਸੀ।

ਅਦਾਲਤ ਵਿੱਚ ਦਾਇਰ ਪਟੀਸ਼ਨ ਵਿਚ ਦਾਅਵਾ ਕੀਤਾ ਗਿਆ ਸੀ ਕਿ ਹਿੱਸੇਦਾਰੀ ਦੀ ਵਿਕਰੀ ਨੇ ਵਾਈਨ ਕਾਰੋਬਾਰ ਨੂੰ 'ਹਮਲਾਵਰ' ਟੇਕਓਵਰ ਸ਼ੁਰੂ ਕਰਨ ਵਿਚ ਮਦਦ ਕੀਤੀ, ਜਿਸ ਨੂੰ ਹੌਲੀਵੁੱਡ ਅਭਿਨੇਤਾ ਨੇ 'ਬਹੁਤ ਮਿਹਨਤ ਨਾਲ' ਖੜ੍ਹਾ ਕੀਤਾ ਸੀ।

ਪਿਟ ਦੇ ਵਕੀਲ ਨੇ ਕਿਹਾ ਕਿ ਉਨ੍ਹਾਂ ਦੀ ਅਗਵਾਈ ਵਿੱਚ ਕਾਰੋਬਾਰ ਬਹੁਤ ਤੇਜ਼ੀ ਨਾਲ ਵਧਿਆ ਅਤੇ ʻਕੌਮਾਂਤਰੀ ਪੱਧਰ ʼਤੇ ਇੱਕ ਸਕਸੈਸ ਸਟੋਰੀʼ ਬਣ ਗਿਆ।

ਹਾਲਾਂਕਿ, ਜੋਲੀ ਨੇ ਕੋਈ ʻਯੋਗਦਾਨʼ ਨਹੀਂ ਪਾਇਆ ਸੀ।

ਪਟੀਸ਼ਨ ਵਿੱਚ ਕਿਹਾ ਗਿਆ ਕਿ 'ਜੋਲੀ ਨੇ ਆਪਣੀ ਹਿੱਸੇਦਾਰੀ ਵੇਚ ਕੇ ਪਿਟ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ।ʼ

ਅੰਗੂਰਾਂ ਦੇ ਬਾਗ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਐਂਜਲੀਨਾ ਅਤੇ ਪਿਟ ਨੇ 2008 ਵਿੱਚ ਫਰਾਂਸ ਵਿੱਚ ਅੰਗੂਰਾਂਦਾ ਬਾਗ਼ ਲਿਆ ਸੀ

ਜੋਲੀ ਵੱਲੋਂ ਕੀ ਕਿਹਾ ਗਿਆ

ਅਦਾਲਤੀ ਦਸਤਾਵੇਜ਼ਾਂ ਵਿੱਚ ਜੋਲੀ ਨੇ ਦਾਅਵਾ ਕੀਤਾ ਕਿ 2016 ਵਿੱਚ ਜਦੋਂ ਇੱਕ ਪ੍ਰਾਈਵੇਟ ਜੈਟ ਰਾਹੀਂ ਜੋੜਾ ਆਪਣੇ ਬੱਚਿਆਂ ਦੇ ਨਾਲ ਸਫ਼ਰ ਕਰ ਰਿਹਾ ਸੀ, ਉਸ ਦੌਰਾਨ ਬ੍ਰੈਡ ਨੇ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਬੱਚਿਆਂ (ਅੱਠ ਸਾਲ ਅਤੇ 15 ਸਾਲ) ਦਾ ਸਰੀਰਕ ਅਤੇ ਭਾਵਨਾਤਮਕ ਸ਼ੋਸ਼ਣ ਕੀਤਾ।

ਜੋਲੀਦੇ ਵਕੀਲ ਨੇ ਇਲਜ਼ਾਮ ਲਗਾਇਆ ਕਿ ਹੱਥੋਪਾਈ ਦੌਰਾਨ ਪਿਟ ਨੇ ਜੋਲੀ ਨੂੰ ਫੜਿਆ ਅਤੇ ਧੱਕਾ ਦਿੱਤਾ। ਇਹ ਵੀ ਦਾਅਵਾ ਕੀਤਾ ਗਿਆ ਕਿ ਇਸ ਦੌਰਾਨ ਪਿਟ ਨੇ ਉਨ੍ਹਾਂ ਦੇ ਦੋਵਾਂ ਬੱਚਿਆਂ ਦੇ ਨਾਲ ਵੀ ਕੁੱਟਮਾਰ ਕੀਤੀ।

ਪਿਟ ਨੇ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ। ਬੱਚਿਆਂ ਦੀ ਕਸਟਡੀ ਨੂੰ ਲੈ ਕੇ ਚੱਲੀ ਕਾਨੂੰਨੀ ਲੜਾਈ ਤੋਂ ਬਾਅਦ 2021 ਵਿੱਚ ਦੋਵਾਂ ਨੂੰ ਸਾਂਝ ਕਸਟਡੀ ਦਾ ਅਧਿਕਾਰ ਦਿੱਤਾ ਗਿਆ।

ਇਸੇ ਸਾਲ ਜੂਨ ਵਿੱਚ ਬੇਟੀ, ਤੀਸਰੀ ਸੰਤਾਨ ਸ਼ਿਲੋਹ ਨੇ ਲੌਸ ਐਂਜਲਿਸ ਕੋਰਟ ਵਿੱਚ ਪਟੀਸ਼ਨ ਦਾਇਰ ਕਰ ਕੇ ਆਪਣੇ ਨਾਮ ਅੱਗੋਂ ਪਿਟ ਹਟਾਉਣ ਦੀ ਮੰਗ ਕੀਤੀ ਸੀ।

ਉਨ੍ਹਾਂ ਦੇ ਦੋ ਹੋਰ ਬੱਚਿਆਂ ਨੇ ਵੀ ਪਿਟ ਦਾ ਨਾਮ ਇਸਤੇਮਾਲ ਕਰਨਾ ਕਥਿਤ ਤੌਰ ʼਤੇ ਬੰਦ ਕਰ ਦਿੱਤਾ ਹੈ।

ਵਿਆਹ ਵੇਲੇ ਐਂਜਲੀਨਾ ਜੋਲੀ ਅਤੇ ਬ੍ਰੈਡ ਪਿਟ ਹੌਲੀਵੁੱਡ ਦੇ ਸਭ ਤੋਂ ਵੱਧ ਦਿਲ ਖਿੱਚਵੇਂ ਨਾਮ ਹੁੰਦੇ ਸਨ।

ਉਨ੍ਹਾਂ ਦੇ ਤਲਾਕ ਦੇ ਐਲਾਨ ਤੋਂ ਤੁਰੰਤ ਬਾਅਦ ਪ੍ਰਕਾਸ਼ਿਤ ਫੌਬਰਸ ਦੀ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਉਨ੍ਹਾਂ ਦੀ ਅੰਦਾਜ਼ਨ ਜਾਇਦਾਦ ਦੀ ਕੀਮਤ 40 ਕਰੋੜ ਡਾਲਰ ਸੀ।

ਐਂਜਲੀਨਾ ਜੌਲੀ ਅਤੇ ਬ੍ਰੈਡ ਪਿਟ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਐਂਜਲੀਨਾ ਜੋਲੀ ਅਤੇ ਬ੍ਰੈਡ ਪਿਟ 2009 ਵਿੱਚ 'ਦਿ ਕਿਊਰੀਅਸ ਕੇਸ ਆਫ ਬੈਂਜਾਮਿਨ ਬਟਨ' ਦੇ ਪ੍ਰੀਮੀਅਰ ਉੱਤੇ ਇਕੱਠੇ ਨਜ਼ਰ ਆਏ ਸਨ

ਕਦੇ ਇਹ ਸਟਾਰ ਜੋੜੀ ਹੁੰਦੀ ਸੀ

ਇਹ ਜੋੜਾ ਫੈਂਸ ਵਿਚਾਲੇ ʻਬ੍ਰੈਂਗਲੀਨਾʼ ਵਜੋਂ ਮਸ਼ਹੂਰ ਸੀ। ਦੋਵਾਂ ਦੀ ਮੁਲਾਕਾਤ ਸਾਲ 2005 ਦੀ ਫਿਲਮ ʻਮਿਸਟਰ ਐਂਡ ਮਿਸੇਜ ਸਮਿਥʼ ਦੇ ਸੈੱਟ ʼਤੇ ਹੋਈ ਸੀ।

ਉਨ੍ਹਾਂ ਦਾ ਰਿਸ਼ਤਾ ਕੌਮਾਂਤਰੀ ਪੱਧਰ ʼਤੇ ਮੀਡੀਆ ਦੀ ਖਿੱਚ ਦਾ ਕੇਂਦਰ ਬਣ ਗਿਆ।

ਹੌਲੀਵੁੱਡ ਟੀਵੀ ਸਿਰੀਜ਼ ਫਰੈਂਡ ਦੀ ਸਟਾਰ ਜੈਨੀਫਰ ਐਨਿਸਟਨ ਦੇ ਨਾਲ ਰਿਸ਼ਤੇ ਤੋਂ ਬਾਅਦ ਪਿਟ ਦਾ ਇਹ ਦੂਜਾ ਵਿਆਹ ਸੀ।

ਜਦਕਿ ਜੌਲੀ ਦਾ ਇਹ ਤੀਜਾ ਵਿਆਹ ਸੀ, ਉਨ੍ਹਾਂ ਦੇ ਦੋ ਸਾਬਕਾ ਪਤੀ ਬਿਲੀ ਬੌਬ ਅਤੇ ਜੌਨੀ ਲਾ ਮਿਲਰ ਸਨ।

ਜੌਲੀ ਨੇ ਲੌਰਾ ਕ੍ਰਾਫਟ: ਟੌਂਬ ਰਾਈਡਰ, ਚੈਂਜਲਿੰਗ ਐਂਡ ਗਰਲ, ਇੰਟਰਪਟੈਡ ਵਰਗੀਆਂ ਸਫ਼ਲ ਫਿਲਮਾਂ ਵਿੱਚ ਕੰਮ ਕੀਤਾ ਹੈ।

ਉਨ੍ਹਾਂ ਦੀ ਤਾਜ਼ ਬਾਓਪਿਕ ਫਿਲਮ ਮਾਰੀਆ ਹੈ, ਜੋ ਓਪੇਰਾ ਸਿੰਗਰ ਮਾਰੀਆ ਕਲਾਸ ਦੇ ਜੀਵਨ ʼਤੇ ਆਧਾਰਿਤ ਹੈ।

ਪਿਟ ʻਫਾਈਟ ਕਲੱਬʼ, ʻਵੰਸ ਆਪੋਨ ਏ ਟਾਈਮ ਇਨ ਹੌਲੀਵੁੱਡʼ ਅਤੇ ʻਟਵੈਲਵ ਮੰਕੀਜ਼ʼ ਵਿੱਚ ਹੀਰੋ ਰਹੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)