ਤਿੰਨ ਨਾਬਾਲ਼ਗ ਕੁੜੀਆਂ ਨੇ ਖ਼ੁਦ ਨੂੰ ਹੀ ਅਗਵਾ ਕਰ ਕੇ ਘਰ ਕੀਤਾ ਫ਼ੋਨ, ਅਸਲ ਕਹਾਣੀ ਤੋਂ ਪੁਲਿਸ ਵੀ ਰਹਿ ਗਈ ਹੈਰਾਨ

ਤਸਵੀਰ ਸਰੋਤ, Getty Images
- ਲੇਖਕ, ਅਸ਼ੈ ਏਡਗੇ
- ਰੋਲ, ਬੀਬੀਸੀ ਸਹਿਯੋਗੀ
ਮਹਾਰਾਸ਼ਟਰ ਦੇ ਧਾਰਾਸ਼ਿਵ ਜ਼ਿਲ੍ਹੇ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਹੈ, ਜਿੱਥੇ ਤਿੰਨ ਨਾਬਾਲਗ ਲੜਕੀਆਂ ਨੇ ਕੋਰੀਆਈ ਬੈਂਡ ਬੀਟੀਐੱਸ ਦੇ ਮੈਂਬਰਾਂ ਨੂੰ ਮਿਲਣ ਲਈ ਆਪਣੇ ਅਗਵਾ ਹੋਣ ਦੀ ਝੂਠੀ ਕਹਾਣੀ ਰਚੀ।
ਹਾਲਾਂਕਿ ਪੁਲੀਸ ਦੀ ਮੁਸਤੈਦੀ ਕਾਰਨ ਅੱਧੇ ਘੰਟੇ ਦੇ ਅੰਦਰ ਹੀ ਇਨ੍ਹਾਂ ਤਿੰਨਾਂ ਲੜਕੀਆਂ ਨੂੰ ਲੱਭ ਲਿਆ ਗਿਆ।
ਇਸ ਬਾਰੇ ਮਿਲੇ ਜਾਣਕਾਰੀ ਮੁਤਾਬਕ ਧਾਰਾਸ਼ਿਵ ਜ਼ਿਲ੍ਹੇ ਦੇ ਉਮਰਗਾ ਤਾਲੁਕਾ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿਣ ਵਾਲੀਆਂ ਤਿੰਨ ਲੜਕੀਆਂ ਨੇ ਭਾਰਤ ਤੋਂ ਭੱਜਣ ਅਤੇ ਕੋਰੀਆਈ ਸੰਗੀਤ ਬੈਂਡ ਬੀਟੀਐੱਸ ਨੂੰ ਮਿਲਣ ਲਈ ਦੱਖਣੀ ਕੋਰੀਆ ਜਾਣ ਦੀ ਯੋਜਨਾ ਬਣਾਈ ਸੀ।
ਇਹ ਲੜਕੀਆਂ ਯੂਟਿਊਬ ਅਤੇ ਇੰਸਟਾਗ੍ਰਾਮ 'ਤੇ ਇਸ ਬੈਂਡ ਦੀਆਂ ਰੀਲਜ਼ ਦੇਖਣ ਦੀਆਂ ਆਦੀ ਸਨ।
ਇਨ੍ਹਾਂ ਰੀਲਜ਼ ਨੂੰ ਦੇਖਣ ਤੋਂ ਬਾਅਦ ਉਨ੍ਹਾਂ ਨੂੰ ਬੈਂਡ ਦੇ ਗੀਤ ਬੇਹੱਦ ਪਸੰਦ ਆਉਣ ਲੱਗੇ।
ਉਮਰਗਾ ਸ਼ਹਿਰ ਮੁੰਬਈ ਤੋਂ 482 ਕਿਲੋਮੀਟਰ ਦੂਰ ਹੈ। ਉਮਰਗਾ ਪੁਲਿਸ ਦੇ ਮੁਤਾਬਕ ਭੱਜੀਆਂ ਤਿੰਨ ਕੁੜੀਆਂ ਵਿਚੋਂ ਦੋ 11 ਸਾਲ ਦੀਆਂ, ਜਦਕਿ ਇੱਕ 13 ਸਾਲ ਦੀ ਹੈ।
ਉਨ੍ਹਾਂ ਨੇ ਪੁਲਿਸ ਨੂੰ ਦੱਸਿਆ ਕਿ ਉਹ ਤਿੰਨੇ ਬੀਟੀਐੱਸ ਬੈਂਡ ਦੀਆਂ ਫੈਨ ਹਨ।

ਅਸਲ ਵਿੱਚ ਹੋਇਆ ਕੀ?
ਇਸ ਘਟਨਾ ਬਾਰੇ ਗੱਲ ਕਰਦੇ ਹੋਏ ਉਮਰਗਾ ਪੁਲਿਸ ਸਟੇਸ਼ਨ ਦੇ ਇੰਸਪੈਕਟਰ ਅਸ਼ਵਨੀ ਭੋਸਲੇ ਨੇ ਬੀਬੀਸੀ ਨੂੰ ਦੱਸਿਆ, "ਸ਼ੁੱਕਰਵਾਰ (27 ਦਸੰਬਰ) ਸ਼ਾਮ ਕਰੀਬ 6 ਵਜੇ ਸਾਨੂੰ ਉਮਰਗਾ ਦੇ ਇੱਕ ਪਿੰਡ ਵਿੱਚ ਰਹਿਣ ਵਾਲੀਆਂ ਤਿੰਨ ਨਾਬਾਲਗ ਸਕੂਲੀ ਵਿਦਿਆਰਥਣਾਂ ਦੇ ਅਗਵਾ ਹੋਣ ਦੀ ਜਾਣਕਾਰੀ ਮਿਲੀ।
ਇਨ੍ਹਾਂ ਵਿਚੋਂ ਇੱਕ ਲੜਕੀ ਨੇ ਆਪਣੇ ਪਿਤਾ ਨੂੰ ਫੋਨ ਕਰਕੇ ਦੱਸਿਆ ਸੀ ਕਿ ਸਕੂਲ ਤੋਂ ਬਾਅਦ ਪੀਲੇ ਰੰਗ ਦੀ ਸਕੂਲ ਬੱਸ 'ਚ ਆਏ ਕੁਝ ਲੋਕਾਂ ਨੇ ਸਾਡੀਆਂ ਗਰਦਨਾਂ 'ਤੇ ਚਾਕੂ ਰੱਖ ਦਿੱਤਾ ਅਤੇ ਚਾਕੂ ਨਾਲ ਡਰਾ ਕੇ ਸਾਨੂੰ ਜ਼ਬਰਦਸਤੀ ਸਕੂਲ ਬੱਸ ਵਿੱਚ ਬਿਠਾ ਲਿਆ।

ਤਸਵੀਰ ਸਰੋਤ, dharashivlive
"ਲੜਕੀਆਂ ਨੇ ਹੀ ਅਗਵਾ ਹੋਣ ਬਾਰੇ ਮਾਪਿਆਂ ਨੂੰ ਫੋਨ ਕੀਤਾ ਸੀ। ਅਸੀਂ ਤੁਰੰਤ ਉਸ ਮੋਬਾਈਲ ਨੰਬਰ ਦੀ ਲੋਕੇਸ਼ਨ ਦਾ ਪਤਾ ਲਗਾਇਆ, ਜਿਸ ਤੋਂ ਉਨ੍ਹਾਂ ਨੂੰ ਕਾਲ ਆਈ ਸੀ। ਇਹ ਨੰਬਰ ਸੋਲਾਪੁਰ ਜ਼ਿਲ੍ਹੇ ਦੇ ਮੋਹੇਲ ਦੇ ਕੋਲ ਦਾ ਜਾਪਦਾ ਹੈ।"
ਅਸ਼ਵਨੀ ਭੋਸਲੇ ਨੇ ਕਿਹਾ, "ਅਸੀਂ ਉਸ ਨੰਬਰ 'ਤੇ ਕਾਲ ਕੀਤਾ ਅਤੇ ਸਾਹਮਣੇ ਤੋਂ ਇੱਕ ਮਹਿਲਾ ਨੇ ਫੋਨ ਚੁੱਕਿਆ। ਮਹਿਲਾ ਨੇ ਕਿਹਾ ਕਿ ਉਹ ਪੂਣੇ ਜਾਣ ਵਾਲੀ ਐੱਸਟੀ ਬੱਸ ਵਿੱਚ ਯਾਤਰਾ ਕਰ ਰਹੀ ਸੀ ਅਤੇ ਉਨ੍ਹਾਂ ਦੇ ਨਾਲ ਬੈਠੀ ਇੱਕ ਛੋਟੀ ਬੱਚੀ ਨੇ ਇਹ ਕਹਿ ਕੇ ਉਸ ਦਾ ਫੋਨ ਮੰਗਿਆ ਕਿ ਉਹ ਘਰ ਫੋਨ ਕਰਨਾ ਚਾਹੁੰਦੇ ਹਨ।"
ਇਸ ਤੋਂ ਬਾਅਦ ਉਮਰਗਾ ਪੁਲਿਸ ਬੱਸ ਸਟੈਂਡ ਪਹੁੰਚੀ। ਉਥੇ ਉਨ੍ਹਾਂ ਨੂੰ ਇਹ ਜਾਂਚ ਕੀਤੀ ਕਿ ਪੂਣੇ ਲਈ ਬੱਸਾਂ ਕਿੰਨੇ ਵਜੇ ਨਿਕਲਦੀਆਂ ਹਨ? ਉਨ੍ਹਾਂ ਅਨੁਸਾਰ ਬੱਸ ਸਟੇਸ਼ਨ ਦੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੀ ਜਾਂਚ ਕੀਤੀ। ਫੁਟੇਜ ਵਿੱਚ ਤਿੰਨ ਨਾਬਾਲਗ ਲੜਕੀਆਂ ਦੁਪਹਿਰ 2 ਵਜੇ ਪੂਣੇ ਜਾਣ ਵਾਲੀ ਬੱਸ ਵਿੱਚ ਚੜ੍ਹਦੀਆਂ ਦਿਖਾਈ ਦਿੱਤੀਆਂ।
ਉਮਰਗਾ ਤਾਲੁਕਾ ਤੋਂ ਹਜ਼ਾਰਾਂ ਲੋਕ ਰੁਜ਼ਗਾਰ ਲਈ ਪੂਣੇ ਜਾਂਦੇ ਹਨ। ਉਮਰਗਾ ਤੋਂ ਪੂਣੇ ਲਈ ਸਿੱਧੀਆਂ ਬੱਸਾਂ ਹਨ ਅਤੇ ਇਹ ਲੜਕੀਆਂ ਅਜਿਹੀ ਇੱਕ ਬੱਸ ਵਿੱਚ ਸਵਾਰ ਹੋਈਆਂ। ਉਨ੍ਹਾਂ ਨੇ ਪਹਿਲਾਂ ਪੂਣੇ ਅਤੇ ਫਿਰ ਸਿੱਧਾ ਦੱਖਣੀ ਕੋਰੀਆ ਪਹੁੰਚਣ ਦੀ ਯੋਜਨਾ ਬਣਾਈ ਸੀ।
ਰੇਹੜੀ ਵਾਲੀ ਇੱਕ ਮਹਿਲਾ ਨੇ ਕੁੜੀਆਂ ਨੂੰ ਰੋਕਿਆ
ਪੁਲਿਸ ਇੰਸਪੈਕਟਰ ਅਸ਼ਵਨੀ ਭੋਸਲੇ ਨੇ ਆਪਣੇ ਜਾਣ-ਪਛਾਣ ਦੀ ਇੱਕ ਮਹਿਲਾ ਨੂੰ ਸੰਪਰਕ ਕੀਤਾ ਅਤੇ ਬੇਨਤੀ ਕੀਤੀ ਕਿ ਜੇ ਅਜਿਹੀਆਂ ਤਿੰਨ ਲੜਕੀਆਂ ਮੋਹੇਲ ਬੱਸ ਸਟੈਂਡ 'ਤੇ ਦਿਖਾਈ ਦੇਣ ਤਾਂ ਉਨ੍ਹਾਂ ਨੂੰ ਰੋਕ ਦਿੱਤਾ ਜਾਵੇ।
ਅਸ਼ਵਨੀ ਭੋਸਲੇ ਨੇ ਬੀਬੀਸੀ ਨੂੰ ਦੱਸਿਆ, "ਮੋਹੇਲ ਬੱਸ ਸਟੈਂਡ 'ਤੇ ਕੰਮ ਕਰਨ ਵਾਲੀ ਆਦਮ ਭਾਬੀ ਨੇ ਸਾਨੂੰ ਦੱਸਿਆ ਕਿ ਤਿੰਨ ਕੁੜੀਆਂ ਇੱਕ ਬੱਸ ਤੋਂ ਉਤਰੀਆਂ ਅਤੇ ਪੰਢਰਪੁਰ ਦੇ ਰਸਤੇ ਬਾਰੇ ਪੁੱਛ ਰਹੀਆਂ ਸਨ। ਅਸੀਂ ਆਦਮ ਭਾਬੀ ਤੋਂ ਇਨ੍ਹਾਂ ਕੁੜੀਆਂ ਨੂੰ ਰੋਕਣ ਲਈ ਇੱਕ ਵਿਅਕਤੀ ਦੀ ਮਦਦ ਲੈਣ ਲਈ ਕਿਹਾ।"
ਮੋਹੇਲ ਤੋਂ ਦੋ ਪੁਲੀਸ ਮੁਲਾਜ਼ਮ ਬੱਸ ਸਟੈਂਡ ਗਏ ਅਤੇ ਤਿੰਨ ਕੁੜੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਤੋਂ ਬਾਅਦ ਤਿੰਨਾਂ ਕੁੜੀਆਂ ਦੇ ਮਾਤਾ-ਪਿਤਾ ਅਤੇ ਪੁਲਿਸ ਮੁਲਾਜ਼ਮ ਕੁੜੀਆਂ ਨੂੰ ਉਮਰਗਾ ਤੋਂ ਸੁਰੱਖਿਅਤ ਵਾਪਸ ਲੈ ਆਏ।

ਤਸਵੀਰ ਸਰੋਤ, Getty Images
ਬੀਟੀਐੱਸ ਦੀਆਂ ਪ੍ਰਸ਼ੰਸ਼ਕਾਂ
ਕੁੜੀਆਂ ਨੂੰ ਉਮਰਗਾ ਥਾਣੇ ਲਿਆ ਕੇ ਪੁਲੀਸ ਨੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ।
ਉਸ ਸਮੇਂ ਉਨ੍ਹਾਂ ਨੇ ਕਿਹਾ ਸੀ, "ਅਸੀਂ ਕੋਰੀਆਈ ਮਿਊਜ਼ਿਕ ਬੈਂਡ ਬੀਟੀਐੱਸ ਦੀਆਂ ਪ੍ਰਸ਼ੰਸ਼ਕਾਂ ਹਾਂ ਅਤੇ ਇਸ ਲਈ ਅਸੀਂ ਇਸ ਬੈਂਡ ਦੇ ਮੈਂਬਰਾਂ ਨੂੰ ਮਿਲਣਾ ਸੀ। ਅਸੀਂ ਦਸ ਦਿਨਾਂ ਦੀ ਯੋਜਨਾ ਬਣਾ ਰਹੇ ਸੀ ਅਤੇ ਆਖਿਰਕਾਰ ਅਸੀਂ ਘਰ ਤੋਂ ਪੂਣੇ ਭੱਜਣ ਦਾ ਫ਼ੈਸਲਾ ਕੀਤਾ। ਇਹ ਕੁੜੀਆਂ ਪੈਸਾ ਕਮਾਉਣ ਲਈ ਪੂਣੇ ਜਾਣਾ ਚਾਹੁੰਦੀਆਂ ਸੀ ਅਤੇ ਉਥੋਂ ਦੱਖਣੀ ਕੋਰੀਆ ਪਹੁੰਚਣ ਦੀ ਉਨ੍ਹਾਂ ਦੀ ਯੋਜਨਾ ਸੀ।"
ਮੋਬਾਈਲ ਫੋਨ ਦੇ ਜਰੀਏ ਬੱਚਿਆਂ ਦੇ ਲਈ ਦੁਨੀਆਂ ਦੇ ਦਰਵਾਜ਼ੇ ਖੁੱਲ੍ਹ ਗਏ ਹਨ। ਹਾਲਾਂਕਿ ਇਸ ਘਟਨਾ ਤੋਂ ਪਤਾ ਚੱਲਦਾ ਹੈ ਕਿ ਉਸੇ ਮੋਬਾਈਲ ਫੋਨ ਤੋਂ ਮਿਲਣ ਵਾਲੀ ਜਾਣਕਾਰੀ ਬੱਚਿਆਂ ਉਪਰ ਕਿੰਨਾ ਡੂੰਘਾ ਅਸਰ ਪਾ ਸਕਦੀ ਹੈ।
ਅਸ਼ਵਨੀ ਭੋਸਲੇ ਨੇ ਕਿਹਾ, "ਇਹ ਬਹੁਤ ਛੋਟੀਆਂ ਕੁੜੀਆਂ ਹਨ। ਤਿੰਨੇ ਲੜਕੀਆਂ ਗਰੀਬ ਪਰਿਵਾਰਾਂ ਤੋਂ ਹਨ ਅਤੇ ਇਨ੍ਹਾਂ ਵਿੱਚੋਂ ਇੱਕ ਲੜਕੀ ਦੇ ਘਰ ਵਿੱਚ ਵਾਈਫਾਈ ਕੁਨੈਕਸ਼ਨ ਹੈ। ਇਸ ਲਈ ਇਹ ਕੁੜੀਆਂ ਆਸ-ਪਾਸ ਦੀਆਂ ਹੋਰ ਛੋਟੀਆਂ ਲੜਕੀਆਂ ਨੂੰ ਇਕੱਠਾ ਕਰਦੀਆਂ ਸੀ ਅਤੇ ਮੋਬਾਈਲ 'ਤੇ ਵੱਖ-ਵੱਖ ਚੀਜ਼ਾਂ ਦੇਖਦੀਆਂ ਸਨ।"
ਬੀਟੀਐੱਸ ਕੌਣ ਹਨ?

ਤਸਵੀਰ ਸਰੋਤ, Getty Images
ਚਾਹੇ ਤੁਸੀਂ ਕੇ-ਪੌਪ, ਕੋਰੀਆਈ ਪੌਪ ਸੰਗੀਤ ਦੇ ਪ੍ਰਸ਼ੰਸਕ ਹੋ ਜਾਂ ਨਾ, ਤੁਸੀਂ ਸੋਸ਼ਲ ਮੀਡੀਆ ਉਪਰ ਬੀਟੀਐੱਸ ਦੇ ਬਾਰੇ ਜ਼ਰੂਰ ਸੁਣਿਆ ਜਾਂ ਪੜ੍ਹਿਆ ਹੋਵੇਗਾ।
ਬੀਟੀਐੱਸ ਦਾ ਪੂਰਾ ਨਾਮ ਬੰਗਟਨ ਸੋਨੀਓਂਦਨ ਹੈ, ਜਿਸ ਦਾ ਮਤਲਬ ਹੈ ਬੁਲੇਟਪਰੂਫ ਬੁਆਏ ਸਕਾਊਟਸ। ਇਨ੍ਹਾਂ ਨੂੰ 'ਬੈਂਗਟਨ ਬੁਆਏਜ਼' ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।
ਬੈਂਡ ਵਿੱਚ ਸੱਤ ਮੈਂਬਰ ਹਨ, ਜਿਨ, ਸੁਗਾ, ਜੇ-ਹੋਪ, ਆਰਐੱਮ, ਜਿਮਿਨ, ਬੀ ਅਤੇ ਜੁੰਗਕੁਕ। ਇਨ੍ਹਾਂ ਸੱਤ ਲੋਕਾਂ ਨੂੰ ਬੈਂਗ ਸਿਹਯੂਕ ਨਾਮ ਦੇ ਸੰਗੀਤਕਾਰ ਨੇ ਆਡੀਸ਼ਨ ਵਿੱਚ ਚੁਣਿਆ ਸੀ।
ਸਮੂਹ ਦਾ ਗਠਨ 2010 ਵਿੱਚ ਹੋਇਆ ਸੀ ਅਤੇ 2013 ਵਿੱਚ ਉਨ੍ਹਾਂ ਨੇ ਆਪਣੀ ਪਹਿਲੀ ਐਲਬਮ ਜਾਰੀ ਕੀਤੀ ਸੀ। ਉਦੋਂ ਤੋਂ ਉਹ ਲੋਕਾਂ ਦੀ ਪਸੰਦ ਬਣ ਗਏ ਅਤੇ ਕੋਰੀਆ ਤੋਂ ਬਾਅਦ, ਬੀਟੀਐੱਸ ਜਾਪਾਨ ਅਤੇ ਹੋਰ ਏਸ਼ੀਆਈ ਦੇਸ਼ਾਂ ਵਿੱਚ ਚਰਚਾ ਦਾ ਵਿਸ਼ਾ ਬਣ ਗਏ।
ਪਿਛਲੇ ਕੁਝ ਸਾਲਾਂ ਵਿੱਚ ਬੀਟੀਐੱਸ ਨੇ ਏਸ਼ੀਆ ਦੇ ਬਾਹਰ ਪੂਰੀ ਦੁਨੀਆ ਵਿੱਚ ਧੂਮ ਮਚਾ ਦਿੱਤੀ, ਇੱਥੋਂ ਤੱਕ ਕਿ ਅਮਰੀਕਾ ਦੇ ਵ੍ਹਾਈਟ ਹਾਊਸ ਤੱਕ ਵੀ। ਉਨ੍ਹਾਂ ਨੂੰ ਸੰਯੁਕਤ ਰਾਸ਼ਟਰ ਮਹਾ ਸਭਾ ਵਿੱਚ ਬੋਲਣ ਦਾ ਮੌਕਾ ਵੀ ਮਿਲਿਆ।
ਅਮਰੀਕਾ ਵਿੱਚ ਬੀਟੀਐੱਸ ਨੇ ਏਸ਼ੀਆਈ ਮੂਲ ਦੇ ਨਾਗਰਿਕਾਂ ਨੂੰ ਆਉਂਦੀਆਂ ਨਸਲਵਾਦ ਅਤੇ ਹੋਰ ਚੁਣੌਤੀਆਂ ਉਪਰ ਵੀ ਟਿੱਪਣੀ ਕੀਤੀ।
ਸੰਗੀਤ ਦੇ ਖੇਤਰ ਦੀ ਮਸ਼ਹੂਰ ਸੰਸਥਾ ਆਈਐੱਫਪੀਆਈ ਵੱਲੋਂ ਬੀਟੀਐੱਸ ਨੂੰ ਗਲੋਬਲ ਰਿਕਾਰਡਿੰਗ ਆਰਟਿਸਟ ਆਫ ਦਿ ਇਯਰ ਚੁਣਿਆ ਗਿਆ। ਦੁਨੀਆ ਭਰ ਵਿੱਚ ਉਨ੍ਹਾਂ ਦੇ ਪ੍ਰਸ਼ੰਸਕ ਬੀਟੀਐੱਸ ਆਰਮੀ ਦੇ ਨਾਮ ਨਾਲ ਜਾਣੇ ਜਾਂਦੇ ਹਨ।
ਬੀਟੀਐੱਸ ਇੰਨਾ ਮਕਬੂਲ ਕਿਉਂ ਹੋਇਆ?
ਇੱਕ ਤਾਂ ਇਹ ਕਿ ਕੋਰੀਆਈ ਪੌਪ ਦੀ ਪ੍ਰਸਿੱਧੀ ਅਸਲ ਵਿੱਚ ਵਧੀ ਹੈ। ਸੰਗੀਤ, ਗੀਤ ਅਤੇ ਨ੍ਰਿਤ ਵਿੱਚ ਨਵੀਨਤਾ ਹੈ।
ਕੇ-ਪੌਪ ਅਤੇ ਖਾਸਕਰ ਬੀਟੀਐੱਸ ਦਾ ਕਰੇਜ਼ ਭਾਰੀ ਮਾਰਕੀਟਿੰਗ ਅਤੇ ਪੈਸੇ ਦੀ ਬਦੌਲਤ ਦੁਨੀਆ ਭਰ ਵਿੱਚ ਫੈਲ ਗਿਆ।
ਇਹ ਬੈਂਡ ਪੌਪ, ਹਿੱਪ-ਹੌਪ, ਰਿਦਮ ਅਤੇ ਬਲੂਜ਼ ਸੰਗੀਤ ਤੇ ਖਾਸ ਨ੍ਰਿਤ ਦੇ ਮਿਸ਼ਰਣ ਲਈ ਵੀ ਜਾਣਿਆ ਜਾਂਦਾ ਹੈ।
ਵੀਹ ਸਾਲ ਦੀ ਉਮਰ ਵਾਲੇ ਨੌਜਵਾਨਾਂ ਦੇ ਇਸ ਸਮੂਹ ਨੇ ਦੁਨੀਆ ਭਰ ਦੇ ਨੌਜਵਾਨਾਂ ਦੇ ਦਿਲਾਂ ਉਪਰ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦਾ ਦੂਜਾ ਕਾਰਨ ਬੀਟੀਐੱਸ ਦੁਆਰਾ ਗਏ ਵਿਸ਼ੇ ਹਨ। ਉਹ ਨੌਜਵਾਨਾਂ ਦੇ ਮਾਨਸਿਕ ਸਿਹਤ ਤੋਂ ਲੈ ਕੇ ਸਿਆਸਤ ਤੱਕ ਵੱਖ-ਵੱਖ ਵਿਸ਼ਿਆਂ ਉਪਰ ਆਪਣੀ ਰਾਇ ਰੱਖਦੇ ਰਹੇ ਹਨ।
ਬੀਟੀਐੱਸ ਸੋਸ਼ਲ ਮੀਡੀਆ ਦੇ ਜਰੀਏ ਲਗਾਤਾਰ ਆਪਣੇ ਫੈਨਸ ਨਾਲ ਜੁੜੇ ਰਹਿੰਦੇ ਹਨ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦਾ ਵਿਵਹਾਰ ਕੁਝ ਹੱਦ ਤੱਕ ਸਾਧਾਰਨ ਹੈ, ਜੋ ਹੋਰਾਂ ਮਸ਼ਹੂਰ ਹਸਤੀਆਂ ਦੀ ਤੁਲਨਾ ਵਿੱਚ ਵੱਖਰਾ ਦਿੱਖਦਾ ਹੈ। ਕਈ ਲੋਕ ਤਾਂ ਉਨ੍ਹਾਂ ਵਿੱਚ ਆਪਣਾ ਅਕਸ ਵੀ ਦੇਖਦੇ ਹਨ।

ਤਸਵੀਰ ਸਰੋਤ, Getty Images
ਮੋਬਾਈਲ ਫੋਨ ਦੀ ਲੋੜ ਤੋਂ ਜ਼ਿਆਦਾ ਵਰਤੋਂ ਦੇ ਨਤੀਜੇ
ਦਰਅਸਲ ਮੋਬਾਈਲ ਫੋਨ ਦੇ ਪ੍ਰਭਾਵ, "ਬੱਚਿਆਂ ਦਾ ਆਊਟਡੋਰ ਖੇਡਣਾ ਘੱਟ ਗਿਆ ਹੈ, "ਬੱਚਿਆਂ ਦੀ ਇਕਾਗਰਤਾ ਘੱਟ ਹੋ ਗਈ ਹੈ।" ਵਗੈਰਾ-ਵਗੈਰਾ ਦੀ ਚਰਚਾ ਲਗਾਤਾਰ ਹੁੰਦੀ ਰਹਿੰਦੀ ਹੈ। ਪਰ ਮੋਬਾਈਲ ਫੋਨ ਦੇ ਪ੍ਰਭਾਵ ਅਤੇ ਉਨ੍ਹਾਂ ਦੁਆਰਾ ਪ੍ਰਦਾਨ ਕੀਤੇ ਜਾਣ ਵਾਲੀ ਜਾਣਕਾਰੀ ਹੁਣ ਜ਼ਿਆਦਾ ਗੁੰਝਲਦਾਰ ਹੋ ਗਈ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਮੋਬਾਈਲ ਫੋਨ ਅਤੇ ਗੈਜੇਟਸ ਦੇ ਜ਼ਿਆਦਾਤਰ ਇਸਤੇਮਾਲ ਨਾਲ ਬੱਚਿਆਂ 'ਤੇ ਸਰੀਰਕ ਅਤੇ ਮਨੋਵਿਗਿਆਨਿਕ ਪ੍ਰਭਾਵ ਪੈਂਦਾ ਹੈ।
ਇਸ ਬਾਰੇ ਗੱਲ ਕਰਦੇ ਹੋਏ ਬਾਲ ਮਨੋਵਿਗਿਆਨੀ ਡਾ. ਭੂਸ਼ਣ ਸ਼ੁਕਲਾ ਨੇ ਬੀਬੀਸੀ ਨੂੰ ਕਿਹਾ ਸੀ, "ਹੁਣ ਤੱਕ ਬੱਚਿਆਂ ਦੇ ਹੱਥ ਵਿੱਚ ਸਿੱਧਾ ਮੋਬਾਈਲ ਫੋਨ ਜਾਂ ਹੋਰ ਗੈਜੇਟ ਨਹੀਂ ਦਿੱਤੇ ਜਾਂਦੇ ਸਨ। ਹਾਲਾਂਕਿ ਲੌਕਡਾਊਨ ਦੇ ਦੌਰਾਨ ਸਕੂਲ ਆਨਲਾਈਨ ਸ਼ੁਰੂ ਹੋ ਗਏ, ਇਸ ਲਈ ਮਾਪਿਆਂ ਕੋਲ ਹੋਰ ਕੋਈ ਬਦਲ ਨਹੀਂ ਹੈ। ਡਿਜੀਟਲ ਦੇ ਇਸਤੇਮਾਲ ਦੇ ਕਾਰਨ ਗੈਜੇਟਸ, ਨਵੀਆਂ ਵੀਡੀਓ ਦੇਖਣਾ, ਗੇਮ ਖੇਡਣਾ ਆਦਿ ਦੀ ਆਦਤ ਪੈਦਾ ਹੁੰਦੀ ਹੈ। ਜਦੋਂ ਇੰਟਰਨੈੱਟ ਬੰਦ ਹੋ ਜਾਂਦਾ ਹੈ ਜਾਂ ਹੋਰ ਕਾਰਨਾਂ ਕਰ ਕੇ ਇਹੀ ਬੱਚੇ ਆਮ ਜੀਵਨ ਵਿੱਚ ਵਾਪਸ ਆਉਂਦੇ ਹਨ ਤਾਂ ਉਹ ਇਸ ਤੋਂ ਅੱਕ ਜਾਂਦੇ ਹਨ ਕਿਉਂਕਿ ਅਜਿਹੀ ਕੋਈ ਤਤਕਾਲ ਉਤੇਜਨਾ ਨਹੀਂ ਹੁੰਦੀ।"
ਡਾ. ਭੂਸ਼ਣ ਸ਼ੁਕਲਾ ਕਹਿੰਦੇ ਹਨ, "ਬੱਚਿਆਂ ਨੂੰ ਆਨਲਾਈਨ ਤਸਵੀਰਾਂ ਨਾਲ ਪਿਆਰ ਹੋ ਰਿਹਾ ਹੈ। ਇਸ ਨਾਲ ਉਸ ਬੇਲੋੜੀ ਵਰਚੁਅਲ ਚਿੱਤਰ ਲਈ ਬੇਲੋੜਾ ਸੰਘਰਸ਼ ਹੁੰਦਾ ਹੈ। ਦੂਸਰੇ ਲੋਕਾਂ ਦੀਆਂ ਤਸਵੀਰਾਂ ਦੇਖ ਕੇ ਖੁਦ ਦੀ ਤੁਲਨਾ ਕਰਨ ਦਾ ਚਲਨ ਵਧ ਗਿਆ ਹੈ।"
ਮੋਬਾਈਲ ਫੋਨ ਦੇ ਜ਼ਿਆਦਾ ਵਰਤੋਂ ਨਾਲ ਨਜਿੱਠਣ ਲਈ ਸ਼ਹਿਰੀ ਖੇਤਰਾਂ ਵਿੱਚ ਸਲਾਹ ਦੇਣ ਵਾਲੀਆਂ ਸੰਸਥਾਵਾਂ ਅਤੇ ਸਲਾਹਕਾਰ ਹਨ। ਹਾਲਾਂਕਿ ਪੇਂਡੂ ਇਲਾਕਿਆਂ ਵਿੱਚ ਅਜਿਹੀ ਕੋਈ ਵਿਵਸਥਾ ਉਪਲਬਧ ਨਹੀਂ ਹੈ। ਹਾਲਾਂਕਿ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਕੌਂਸਲਿੰਗ ਕੁਝ ਥਾਵਾਂ ਉਪਰ ਉਪਲਬਧ ਹੈ ਪਰ ਪੇਂਡੂ ਮਾਪਿਆਂ ਨੂੰ ਇਸ ਦੀ ਜਾਣਕਾਰੀ ਨਹੀਂ ਹੈ।
ਉਮਰਗਾ ਸ਼ਹਿਰ ਮੁੰਬਈ ਤੋਂ 482 ਕਿਲੋਮੀਟਰ ਦੂਰ ਹੈ। ਇਸ ਸ਼ਹਿਰ ਤੋਂ ਦੂਰ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿਣ ਵਾਲੀਆਂ ਇਨ੍ਹਾਂ ਤਿੰਨ ਲੜਕੀਆਂ ਤੱਕ ਇੱਕ ਦੱਖਣੀ ਕੋਰੀਆਈ ਮਿਊਜ਼ਿਕ ਬੈਂਡ ਦਾ ਸੰਗੀਤ ਪਹੁੰਚਦਾ ਹੈ। ਉਹ ਇਹ ਸੰਗੀਤ ਸੁਣਦੀਆਂ ਹਨ ਅਤੇ ਭਾਰਤ ਤੋਂ ਸਿੱਧਾ ਦੱਖਣੀ ਕੋਰੀਆ ਜਾਣ ਦਾ ਫ਼ੈਸਲਾ ਕਰਦੀਆਂ ਹਨ।
ਕੁਝ ਸਾਲ ਪਹਿਲਾਂ ਕਿਸੇ ਨੇ ਨਹੀਂ ਸੋਚਿਆ ਹੋਣਾ ਕਿ ਭਵਿੱਖ ਵਿੱਚ ਅਜਿਹਾ ਹੋਵੇਗਾ। ਪਰ ਇਸ ਘਟਨਾ ਤੋਂ ਬਾਅਦ ਇਹ ਕਿਹਾ ਜਾ ਸਕਦਾ ਹੈ ਕਿ ਮੋਬਾਈਲ ਫੋਨ ਤੋਂ ਕੁਝ ਵੀ ਹੋ ਸਕਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












