ਅਮਰੀਕਾ 'ਚ ਪਰਵਾਸੀ ਵੀਜ਼ਿਆਂ ਨੂੰ ਲੈ ਕੇ ਭਖੀ ਸਿਆਸਤ, ਟਰੰਪ ਦੇ ਆਪਣੇ ਖ਼ੇਮੇ ਦੇ ਲੋਕ ਹੋਏ ਆਹਮੋ-ਸਾਹਮਣੇ

ਰਾਮਾਸਵਾਮੀ ਨੇ ਅਮਰੀਕੀ ਫਰਮਾਂ ਵਲੋਂ ਦੂਜੇ ਦੇਸ਼ਾਂ ਤੋਂ ਹੁਨਰਮੰਦ ਕਾਮਿਆਂ ਨੂੰ ਨਿਯੁਕਤ ਕਰਨ ਪਿੱਛੇ ਅਮਰੀਕੀ ਸੱਭਿਆਚਾਰ ਨੂੰ ਜ਼ਿੰਮੇਵਾਰ ਠਹਿਰਾਇਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰਾਮਾਸਵਾਮੀ ਨੇ ਅਮਰੀਕੀ ਫਰਮਾਂ ਵਲੋਂ ਦੂਜੇ ਦੇਸ਼ਾਂ ਤੋਂ ਹੁਨਰਮੰਦ ਕਾਮਿਆਂ ਨੂੰ ਨਿਯੁਕਤ ਕਰਨ ਪਿੱਛੇ ਅਮਰੀਕੀ ਸੱਭਿਆਚਾਰ ਨੂੰ ਜ਼ਿੰਮੇਵਾਰ ਠਹਿਰਾਇਆ
    • ਲੇਖਕ, ਮਾਈਕ ਵੈਂਡਲਿੰਗ
    • ਰੋਲ, ਬੀਬੀਸੀ ਨਿਊਜ਼

ਅਮਰੀਕਾ ਵਿੱਚ ਇੱਕ ਵਾਰ ਫ਼ਿਰ ਹੁਨਰਮੰਦ ਕਾਮਿਆਂ ਨੂੰ ਲਿਆਉਣ ਵਾਲੇ ਵੀਜ਼ਾ ਪ੍ਰੋਗਰਾਮ ਐੱਚ-1ਬੀ 'ਤੇ ਬਹਿਸ ਛਿੜ ਗਈ ਹੈ।

ਪਰ ਇਸ ਵਾਰ ਇਹ ਬਹਿਸ ਟਰੰਪ ਦੇ ਅੰਦਰੂਨੀ ਖ਼ੇਮੇ 'ਚ ਤੇਜ਼ੀ ਫੜ ਰਹੀ ਹੈ।

ਇੱਕ ਪਾਸੇ ਟਰੰਪ ਦੇ ਪਰਵਾਸ ਵਿਰੋਧੀ ਸਮਰੱਥਕ ਹਨ ਅਤੇ ਦੂਜੇ ਪਾਸੇ ਹਨ ਏਲੋਨ ਮਸਕ, ਵਿਵੇਕ ਰਾਮਾਸਵਾਮੀ ਵਰਗੇ ਉਦਯੋਗਪਤੀ ਜਿਨ੍ਹਾਂ ਦਾ ਕਹਿਣਾ ਹੈ ਕਿ ਐੱਚ-1ਬੀ ਰਾਹੀਂ ਹੀ ਦੁਨੀਆਂ ਦੇ ਹੁਨਰਮੰਦ ਕਾਮੇ ਅਮਰੀਕਾ ਆਉਂਦੇ ਹਨ।

ਇਸ ਸਭ ਵਿਚਾਲੇ ਰਾਸ਼ਟਰਪਤੀ ਚੁਣੇ ਗਏ ਡੌਨਲਡ ਟਰੰਪ ਇਸ ਬਹਿਸ 'ਚ ਉਦਯੋਗਪਤੀਆਂ ਦਾ ਸਾਥ ਦਿੰਦੇ ਹੋਏ ਨਜ਼ਰ ਆ ਰਹੇ ਹਨ।

ਸ਼ਨੀਵਾਰ ਨੂੰ ਨਿਊਯਾਰਕ ਪੋਸਟ ਨਾਲ ਗੱਲ ਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਐੱਚ-1ਬੀ 'ਹਮੇਸ਼ਾ ਤੋਂ ਪਸ਼ੰਦ' ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਭਾਵੇਂ ਉਹ ਅਤੀਤ 'ਚ ਇਸ ਪ੍ਰੋਗਰਾਮ ਦੀ ਆਲੋਚਨਾ ਕਰਦੇ ਰਹੇ ਹੋਣ, ਇਸ ਦੇ ਬਾਵਜੂਦ ਉਨ੍ਹਾਂ ਨੇ ਇਸ ਕੈਟਾਗਰੀ ਹੇਠ ਬਹੁਤ ਸਾਰੇ ਕਾਮੇ ਨਿਯੁਕਤ ਕੀਤੇ ਹਨ।

ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਇਸ ਬਿਆਨ ਦੇ ਨਾਲ ਹੁਣ ਟਰੰਪ ਵੀ ਉਸ ਬਹਿਸ ਦਾ ਹਿੱਸਾ ਬਣ ਗਏ ਹਨ ਜੋ ਪਿਛਲੇ ਕੁਝ ਦਿਨਾਂ ਤੋਂ ਟੈੱਕ ਜਗਤ ਦੇ ਉਦਯੋਗਪਤੀ ਅਤੇ ਪਰਵਾਸ ਵਿਰੋਧੀ ਰਿਪਬਲਿਕਨ ਸਮਰੱਥਕਾਂ ਵਿਚਾਲੇ ਛਿੜੀ ਹੋਈ ਸੀ।

ਇਹ ਬਹਿਸ ਉਦੋਂ ਸ਼ੁਰੂ ਹੋਈ ਜਦੋਂ ਰਾਮਾਸਵਾਮੀ ਨੇ ਅਮਰੀਕੀ ਫਰਮਾਂ ਵਲੋਂ ਦੂਜੇ ਦੇਸ਼ਾਂ ਤੋਂ ਹੁਨਰਮੰਦ ਕਾਮਿਆਂ ਨੂੰ ਨਿਯੁਕਤ ਕਰਨ ਪਿੱਛੇ ਅਮਰੀਕੀ ਸੱਭਿਆਚਾਰ ਨੂੰ ਜ਼ਿੰਮੇਵਾਰ ਠਹਿਰਾਇਆ।

ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇੱਕ ਪੋਸਟ ਸਾਂਝੀ ਕਰਦਿਆਂ ਰਾਮਾਸਵਾਮੀ ਨੇ ਕਿਹਾ ਕਿ ਵਿਦੇਸ਼ੀ ਕਾਮੇ ਅਮਰੀਕੀ ਅਰਥਚਾਰੇ ਨੂੰ ਸੁਧਾਰ ਰਹੇ ਹਨ।

ਉਨ੍ਹਾਂ ਨੇ ਪੋਸਟ 'ਚ ਲਿਖਿਆ, "ਸਾਡੀ ਅਮਰੀਕੀ ਸੰਸਕ੍ਰਿਤੀ 'ਚ ਮੱਧਮਤਾ ਨੂੰ ਉੱਤਮਤਾ ਨਾਲੋਂ ਵੱਧ ਇਜ਼ੱਤ ਦਿਤੀ ਜਾਂਦੀ ਹੈ। ਇੱਕ ਸਭਿਆਚਾਰ ਜਿੱਥੇ ਗਣਿਤ ਦੇ ਓਲੰਪੀਆਡ ਚੈਂਪੀਅਨ, ਜਾਂ ਵੈਲੀਡੀਕਟੋਰਿਅਨ [ਕਲਾਸ ਦਾ ਸਭ ਤੋਂ ਉੱਤਮ ਵਿਦਿਆਰਥੀ] ਦੀ ਉਪਲਬਧੀ ਪ੍ਰੌਮ ਕਵੀਨ ਦਾ ਜੋਕ ਬਣਨ ਤੋਂ ਘੱਟ ਮੰਨੀ ਜਾਂਦੀ ਹੋਵੇ ਉੱਥੇ ਵਧੀਆ ਇੰਜੀਨੀਅਰ ਪੈਦਾ ਨਹੀਂ ਹੋ ਸਕਦੇ।"

ਇਸ ਪੋਸਟ ਨੇ ਪਰਵਾਸ ਵਿਰੋਧੀ ਟਰੰਪ ਸਮਰਥਕਾਂ ਦੀ ਪ੍ਰਤੀਕਿਰਿਆ ਨੂੰ ਆਕਰਸ਼ਿਤ ਕੀਤਾ, ਜਿਸ ਕਰਕੇ ਰਾਮਾਸਵਾਮੀ ਨੂੰ ਬਾਅਦ ਵਿੱਚ ਸਪੱਸ਼ਟੀਕਰਨ ਦੇਣਾ ਪਿਆ।

ਉਨ੍ਹਾਂ ਕਿਹਾ ਕਿ ਉਹ ਮੰਨਦੇ ਹਨ ਕਿ "ਐੱਚ-1ਬੀ ਪ੍ਰੋਗਰਾਮ ਦਾ ਢਾਂਚਾ ਬੁਰੀ ਤਰ੍ਹਾਂ ਟੁੱਟ ਚੁੱਕਿਆ ਹੈ ਅਤੇ ਇਸ ਨੂੰ ਬਦਲਿਆ ਜਾਣਾ ਚਾਹੀਦਾ ਹੈ।"

ਕਈ ਦਿਨਾਂ ਤੋਂ ਔਨਲਾਈਨ ਚੱਲ ਰਹੀ ਬਹਿਸ ਵਿਚਾਲੇ ਟਰੰਪ ਨੇ ਨਿਊਯਾਰਕ ਪੋਸਟ ਨੂੰ ਬਿਆਨ ਦਿੱਤਾ ਕਿ ਉਨ੍ਹਾਂ ਨੂੰ ਹਮੇਸ਼ਾ ਐੱਚ-1ਬੀ ਵੀਜ਼ਾ ਪਸੰਦ ਸੀ ਅਤੇ ਇਹੋ ਕਾਰਨ ਹੈ ਕਿ ਉਹ ਵੀਜ਼ੇ ਅੱਜ ਵੀ ਜਾਰੀ ਕੀਤੇ ਜਾਂਦੇ ਹਨ।

ਉਨ੍ਹਾਂ ਕਿਹਾ, "ਮੇਰੇ ਆਪਣੇ ਕਾਰੋਬਾਰ 'ਚ ਬਹੁਤ ਸਾਰੇ ਐੱਚ-1ਬੀ ਵੀਜ਼ੇ ਕਾਮੇ ਨਿਯੁਕਤ ਹਨ। ਮੇਰਾ ਹਮੇਸ਼ਾ ਤੋਂ ਐੱਚ-1ਬੀ ਵੀਜ਼ਾ ਪ੍ਰੋਗਰਾਮ 'ਚ ਵਿਸ਼ਵਾਸ ਰਿਹਾ ਹੈ। ਮੈਂ ਖੁਦ ਇਸ ਨੂੰ ਕਈ ਵਾਰ ਵਰਤਿਆ ਹੈ। ਇਹ ਇੱਕ ਵਧੀਆ ਪ੍ਰੋਗਰਾਮ ਹੈ।"

ਟਰੰਪ ਦਾ ਕਹਿਣਾ ਕਿ ਉਨ੍ਹਾਂ ਨੂੰ ਐੱਚ-1ਬੀ 'ਹਮੇਸ਼ਾ ਤੋਂ ਪਸ਼ੰਦ' ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਟਰੰਪ ਦਾ ਕਹਿਣਾ ਕਿ ਉਨ੍ਹਾਂ ਨੂੰ ਐੱਚ-1ਬੀ 'ਹਮੇਸ਼ਾ ਤੋਂ ਪਸ਼ੰਦ' ਹੈ

ਟਰੰਪ ਨੇ ਆਪਣੇ ਪਹਿਲੇ ਰਾਸ਼ਟਰਪਤੀ ਕਾਰਜਕਾਲ ਦੌਰਾਨ ਐੱਚ-1ਬੀ ਪ੍ਰੋਗਰਾਮ ਤੱਕ ਪਹੁੰਚ ਨੂੰ ਸੀਮਤ ਕਰਨ ਲਈ ਕਦਮ ਚੁੱਕੇ ਸਨ।

ਰਾਸ਼ਟਰਪਤੀ ਚੁਣੇ ਗਏ ਟਰੰਪ ਅਤੇ ਉਨ੍ਹਾਂ ਦੇ ਸਾਥੀ ਜੇਡੀ ਵੈਂਸ ਦੋਵੇਂ ਹੀ ਅਤੀਤ ਵਿੱਚ ਵੀਜ਼ਿਆਂ ਦੀ ਆਲੋਚਨਾ ਕਰਦੇ ਰਹੇ ਹਨ।

ਹਾਲਾਂਕਿ ਵੈਨਸ ਦੇ ਤਕਨੀਕੀ ਜਗਤ ਨਾਲ ਨਜ਼ਦੀਕੀ ਸਬੰਧ ਰਹੇ ਹਨ ਅਤੇ ਰਾਜਨੀਤੀ ਤੋਂ ਪਹਿਲਾਂ ਉਨ੍ਹਾਂ ਨੇ ਨਿਵੇਸ਼ਕ ਵਜੋਂ ਬਹੁਤ ਸਾਰੇ ਅਜਿਹੇ ਸਟਾਰਟ-ਅੱਪਸ ਨੂੰ ਫੰਡ ਕੀਤਾ ਹੈ ਜੋ ਐੱਚ-1ਬੀ ਪ੍ਰੋਗਰਾਮ ਤਹਿਤ ਵਿਦੇਸ਼ੀ ਕਾਮਿਆਂ ਨੂੰ ਨਿਯੁਕਤ ਕਰਦੇ ਹਨ।

ਵੱਡੇ ਦਿਨਾਂ ਦੀਆਂ ਛੁੱਟੀਆਂ ਸਮੇਂ ਰਾਮਾਸਵਾਮੀ ਵਲੋਂ ਦਿੱਤੇ ਗਏ ਇਹਨਾਂ ਬਿਆਨਾਂ ਨੇ ਔਨਲਾਈਨ ਇੱਕ ਵਿਵਾਦਿਤ ਬਹਿਸ ਛੇੜ ਦਿੱਤੀ ਹੈ।

ਇਨ੍ਹਾਂ ਬਿਆਨਾਂ ਮਗਰੋਂ ਮੁੱਖ ਧਾਰਾ ਦੇ ਰਿਪਬਲਿਕਨ ਅਤੇ ਸੱਜੇ ਪੱਖ ਤੋਂ ਪ੍ਰਭਾਵਤ ਲੋਕਾਂ ਨੇ ਰਾਮਸਵਾਮੀ ਸਮੇਤ ਟਰੰਪ ਦਾ ਸਮਰੱਥਨ ਕਰਨ ਵਾਲਿਆਂ ਹੋਰ ਅਮੀਰ ਹਸਤੀਆਂ ਖ਼ਿਲਾਫ ਮੋਰਚਾ ਖੋਲ ਦਿੱਤਾ ਹੈ।

ਟਰੰਪ ਦੇ ਪ੍ਰਮੁੱਖ ਸਮਰੱਥਕ ਸਟੀਵ ਬੈਨਨ ਨੇ ਸ਼ੁੱਕਰਵਾਰ ਨੂੰ ਆਪਣੇ ਵਾਰ ਰੂਮ ਪੋਡਕਾਸਟ 'ਤੇ ਕਿਹਾ, "ਜੇ ਅਸੀਂ ਇਸ 'ਤੇ ਬਹਿਸ ਕਰਨ ਜਾ ਰਹੇ ਹਾਂ, ਤਾਂ ਆਓ ਇਸ ਨੂੰ ਹੁਣੇ ਕਰੀਏ।"

ਉਨ੍ਹਾਂ ਕਿਹਾ ਰਿਪਬਲਿਕਨ ਵਲੋਂ ਐੱਚ-1ਬੀ ਪ੍ਰੋਗਰਾਮ ਦਾ ਕੀਤਾ ਜਾ ਰਿਹਾ ਸਮਰਥਨ ਇੱਕ 'ਮੁਕੰਮਲ ਸਕੈਮ' ਹੈ।

ਟਰੰਪ ਵਲੋਂ 'ਸਰਕਾਰੀ ਕੁਸ਼ਲਤਾ ਵਿਭਾਗ" ਨੂੰ ਸਹਿ-ਨਿਰਦੇਸ਼ਿਤ ਕਰਨ ਲਈ ਚੁਣੇ ਗਏ ਟੇਸਲਾ ਅਤੇ ਸਪੇਸਐਕਸ ਦੇ ਮਾਲਕ ਏਲੋਨ ਮਸਕ ਨੇ ਐਕਸ 'ਤੇ ਪੋਸਟ ਪਾ ਕੇ ਰਾਮਾਸਵਾਮੀ ਦੇ ਦ੍ਰਿਸ਼ਟੀਕੋਣ 'ਤੇ ਸਮਰਥਨ ਜ਼ਾਹਰ ਕੀਤਾ।

ਮਸਕ ਨੇ ਐੱਚ-1ਬੀ ਵੀਜ਼ਾ ਪ੍ਰੋਗਰਾਮ ਦਾ ਇਹ ਕਹਿ ਕੇ ਬਚਾਅ ਕੀਤਾ ਕਿ ਅਮਰੀਕਾ ਇਸ ਦੇ ਰਾਹੀਂ ਦੁਨੀਆਂ ਦੇ "ਸਭ ਤੋਂ ਉੱਤਮ 0.1%" ਇੰਜੀਨੀਅਰਿੰਗ ਪ੍ਰਤਿਭਾ ਨੂੰ ਆਕਰਸ਼ਿਤ ਕਰਦਾ ਹੈ।"

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਸਕ ਨੇ ਐੱਚ-1ਬੀ ਵੀਜ਼ਾ ਪ੍ਰੋਗਰਾਮ ਦਾ ਇਹ ਕਹਿ ਕੇ ਬਚਾਅ ਕੀਤਾ ਕਿ ਅਮਰੀਕਾ ਇਸ ਦੇ ਰਾਹੀਂ ਦੁਨੀਆਂ ਦੇ "ਸਭ ਤੋਂ ਉੱਤਮ 0.1%" ਇੰਜੀਨੀਅਰਿੰਗ ਪ੍ਰਤਿਭਾ ਨੂੰ ਆਕਰਸ਼ਿਤ ਕਰਦਾ ਹੈ।"

ਮਸਕ ਨੇ ਐੱਚ-1ਬੀ ਵੀਜ਼ਾ ਪ੍ਰੋਗਰਾਮ ਦਾ ਇਹ ਕਹਿ ਕੇ ਬਚਾਅ ਕੀਤਾ ਕਿ ਅਮਰੀਕਾ ਇਸ ਦੇ ਰਾਹੀਂ ਦੁਨੀਆਂ ਦੇ "ਸਭ ਤੋਂ ਉੱਤਮ 0.1%" ਇੰਜੀਨੀਅਰਿੰਗ ਪ੍ਰਤਿਭਾ ਨੂੰ ਆਕਰਸ਼ਿਤ ਕਰਦਾ ਹੈ।"

ਉਨ੍ਹਾਂ ਨੇ ਪੋਸਟ 'ਚ ਲਿਖਿਆ "ਅਮਰੀਕਾ ਇੱਕ ਪ੍ਰੋ ਸਪੋਰਟਸ ਟੀਮ ਦੇ ਰੂਪ ਵਿੱਚ ਸੋਚਣ ਲਈ ਜਾਣਿਆ ਜਾਂਦਾ ਹੈ ਅਤੇ ਜੋ ਲੰਬੇ ਸਮੇਂ ਤੋਂ ਜਿੱਤ ਰਹੀ ਹੈ। ਅਸੀਂ ਇਹ ਜਿੱਤ ਜਾਰੀ ਰੱਖਣਾ ਚਾਹੁੰਦੇ ਹਾਂ, ਇਹੋ ਸਹੀ ਮਾਨਸਿਕ ਨਿਰਮਾਣ ਹੈ।"

ਮਸਕ ਨੂੰ ਘੇਰਨ ਲਈ ਆਲੋਚਕਾਂ ਨੇ ਉਨ੍ਹਾਂ ਦੀ ਕੰਪਨੀਆਂ ਵਿੱਚ ਨਿਕਲੀਆਂ ਨੌਕਰੀਆਂ ਦਾ ਸਕਰੀਨਸ਼ਾਟ ਸਾਂਝਾ ਕੀਤਾ। ਆਲੋਚਕਾਂ ਨੇ ਲਿਖਿਆ ਕਿ ਇਨ੍ਹਾਂ ਨੌਕਰੀਆਂ ਦਾ ਵੇਤਨ 2,00,000 ਡਾਲਰ ਜਾਂ ਉਸ ਤੋਂ ਵੀ ਘੱਟ ਹੈ। ਇਨ੍ਹਾਂ ਨੌਕਰੀਆਂ ਲਈ ਬਹੁਤ ਸਾਰੇ ਐੱਚ-1ਬੀ ਵੀਜ਼ਾ ਧਾਰਕਾਂ ਨੇ ਅਪਲਾਈ ਕੀਤਾ ਹੈ।

ਉਨ੍ਹਾਂ ਨੇ ਦਲੀਲ ਦਿੱਤੀ ਕਿ ਐੱਚ-1ਬੀ ਪ੍ਰਤੀਭਾ ਨੂੰ ਆਕਰਸ਼ਤ ਨਹੀਂ ਕਰਦਾ, ਸਗੋਂ ਅਮਰੀਕਾ ਦੀ ਤਨਖਾਹ ਦੇ ਪੱਧਰ ਨੂੰ ਹੇਠਾਂ ਸੁੱਟ ਰਿਹਾ ਹੈ।

ਮਸਕ ਨੇ ਇਨ੍ਹਾਂ 'ਤੇ ਜਵਾਬੀ ਪਲਟਵਾਰ ਕਰਦਿਆਂ ਕਿਹਾ, "ਜੇਕਰ ਰਿਪਬਲਿਕਨ ਪਾਰਟੀ ਵਿੱਚੋ ਅਜਿਹੇ ਨਫ਼ਰਤ ਕਰਨ ਵਾਲੇ ਨਸਲਵਾਦੀ ਨਾ ਕੱਢੇ ਗਏ ਤਾਂ ਬਹੁਤ ਜਲਦ ਹੀ ਉਹ ਇਸ ਪਾਰਟੀ ਦੇ ਪਤਨ ਦਾ ਕਾਰਨ ਬਣਨਗੇ।"

ਇਸ ਦੇ ਬਾਅਦ ਵਿੱਚ ਆਪਣੇ ਇੱਕ ਆਲੋਚਕ 'ਤੇ ਤਿੱਖਾ ਸ਼ਬਦੀ ਹਮਲਾ ਬੋਲਦੇ ਹੋਏ ਮਸਕ ਨੇ ਕਿਹਾ ਕਿ ਉਹ ਇਸ ਵੀਜ਼ਾ ਪ੍ਰੋਗਰਾਮ ਦਾ "ਜੰਗੀ ਪੱਧਰ 'ਤੇ ਬਚਾਅ" ਕਰਨਗੇ।

ਸੰਯੁਕਤ ਰਾਸ਼ਟਰ ਦੀ ਸਾਬਕਾ ਰਾਜਦੂਤ ਅਤੇ ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੀ ਸਾਬਕਾ ਉਮੀਦਵਾਰ ਨਿੱਕੀ ਹੇਲੀ ਵੀ ਰਾਮਾਸਵਾਮੀ ਅਤੇ ਮਸਕ ਵਿਰੁੱਧ ਛਿੜੀ ਇਸ ਬਹਿਸ 'ਚ ਇੱਕ ਪ੍ਰਮੁੱਖ ਆਵਾਜ਼ ਬਣ ਗਏ ਹਨ।

ਇਸ ਬਹਿਸ 'ਚ ਆਪਣਾ ਪੱਖ ਰੱਖਦਿਆਂ ਉਨ੍ਹਾਂ ਨੇ ਟਵਿੱਟਰ 'ਤੇ ਲਿਖਿਆ, "ਅਮਰੀਕੀ ਕਾਮਿਆਂ ਜਾਂ ਅਮਰੀਕੀ ਸੰਸਕ੍ਰਿਤੀ ਵਿੱਚ ਕੋਈ ਘਾਟ ਨਹੀਂ ਹੈ। ਸਰਹੱਦ ਦੇ ਪਾਰ ਵੇਖੋ ਕਿੰਨੇ ਲੋਕਾਂ ਨੂੰ ਉਹ ਚਾਹੀਦਾ ਹੈ ਜੋ ਸਾਡੇ ਕੋਲ ਹੈ। ਸਾਨੂੰ ਅਮਰੀਕੀਆਂ ਵਿੱਚ ਨਿਵੇਸ਼ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਹੀ ਤਰਜੀਹ ਦੇਣੀ ਚਾਹੀਦੀ ਹੈ ਨਾ ਕਿ ਵਿਦੇਸ਼ੀ ਕਾਮਿਆਂ ਨੂੰ।"

ਵੀਜ਼ਾ ਪ੍ਰੋਗਰਾਮ ਦੇ ਵਿਰੋਧ ਵਿੱਚ ਸੱਜੇ-ਪੱਖੀ ਲੋਕਾਂ ਦਾ ਸਮਰਥਨ ਕਰਨ ਵਾਲੀ ਹੇਲੀ ਦਾ ਜਨਮ ਵੀ ਰਾਮਾਸਵਾਮੀ ਵਾਂਗ ਹੀ ਭਾਰਤੀ ਪ੍ਰਵਾਸੀਆਂ ਦੇ ਘਰ ਹੋਇਆ ਸੀ।

ਆਲੋਚਕ 'ਤੇ ਤਿੱਖਾ ਸ਼ਬਦੀ ਹਮਲਾ ਬੋਲਦੇ ਹੋਏ ਮਸਕ ਨੇ ਕਿਹਾ ਕਿ ਉਹ ਇਸ ਵੀਜ਼ਾ ਪ੍ਰੋਗਰਾਮ ਦਾ "ਜੰਗੀ ਪੱਧਰ 'ਤੇ ਬਚਾਅ" ਕਰਨਗੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਲੋਚਕ 'ਤੇ ਤਿੱਖਾ ਸ਼ਬਦੀ ਹਮਲਾ ਬੋਲਦੇ ਹੋਏ ਮਸਕ ਨੇ ਕਿਹਾ ਕਿ ਉਹ ਇਸ ਵੀਜ਼ਾ ਪ੍ਰੋਗਰਾਮ ਦਾ "ਜੰਗੀ ਪੱਧਰ 'ਤੇ ਬਚਾਅ" ਕਰਨਗੇ

ਟਰੰਪ ਨੂੰ ਅਟੁੱਟ ਸਮਰਥਨ ਦੇਣ ਲਈ ਜਾਣੀ ਜਾਂਦੀ ਇਸਲਾਮ ਵਿਰੋਧੀ ਕਾਰਕੁਨ ਲੌਰਾ ਲੂਮਰ ਵੀ ਔਨਲਾਈਨ ਚੱਲ ਰਹੀ ਇਸ ਬਹਿਸ 'ਚ ਸ਼ਾਮਲ ਹੋਏ ਹਨ।

ਹਫ਼ਤੇ ਦੇ ਸ਼ੁਰੁਆਤ ਵਿੱਚ ਜਦੋ ਟਰੰਪ ਨੇ ਵਾਈਟ ਹਾਊਸ ਦੇ ਆਰਟੀਫੀਸ਼ੀਅਲ ਇੰਟੈਲੀਜੈਂਸ ਸੀਨੀਅਰ ਸਲਾਹਕਾਰ ਵਜੋਂ ਭਾਰਤ ਵਿੱਚ ਜਨਮੇ ਉਦਯੋਗਪਤੀ ਸ਼੍ਰੀਰਾਮ ਕ੍ਰਿਸ਼ਨਨ ਦੀ ਚੋਣ ਕੀਤੀ ਸੀ, ਉਦੋਂ ਵੀ ਲੂਮਰ ਨੇ ਉਨ੍ਹਾਂ ਦੀ ਆਲੋਚਨਾ ਕੀਤੀ ਸੀ।

ਲੂਮਰ ਨੇ ਲਿਖਿਆ ਕਿ ਕ੍ਰਿਸ਼ਨਨ "ਖੱਬੇਪੱਖੀ" ਹਨ ਅਤੇ ਉਨ੍ਹਾਂ ਦੀ ਨਿਯੁਕਤੀ ਅਮਰੀਕਾ ਫਰਸਟ ਏਜੰਡੇ ਦੇ ਉਲਟ ਹੋਈ ਹੈ।

ਕ੍ਰਿਸ਼ਨਨ 'ਤੇ ਕੀਤੀਆਂ ਨਸਲਵਾਦੀ ਟਿੱਪਣੀਆਂ ਤੋਂ ਇਲਾਵਾ ਲੂਮਰ ਨੇ ਭਾਰਤੀ ਪ੍ਰਵਾਸੀਆਂ ਨੂੰ ਸੋਸ਼ਲ ਮੀਡਿਆ 'ਤੇ "ਘੁਸਪੈਠੀਏ" ਵਜੋਂ ਬਖਾਨਿਆ।

ਲੂਮਰ ਨੇ ਐਕਸ ਦੇ ਮਾਲਕ ਮਸਕ 'ਤੇ "ਸੈਂਸਰਸ਼ਿਪ" ਦਾ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਮਸਕ ਨੇ ਕਥਿਤ ਤੌਰ 'ਤੇ ਐਕਸ ਉੱਤੇ ਪਾਇਆ ਕਿ ਉਨ੍ਹਾਂ ਦੀਆਂ ਪੋਸਟਾਂ ਦੇ ਜਵਾਬਾਂ ਨੂੰ ਸੀਮਤ ਕਰ ਦਿੱਤਾ ਹੈ ਅਤੇ ਨਾਲ ਹੀ ਅਦਾਇਗੀ ਵਾਲੇ ਪ੍ਰੀਮੀਅਮ ਪ੍ਰੋਗਰਾਮ ਤੋਂ ਵੀ ਬਾਹਰ ਕੱਢ ਦਿੱਤਾ ਹੈ।

ਮਸਕ ਦੇ ਟਰੰਪ 'ਤੇ ਪ੍ਰਭਾਵ ਦੀ ਆਲੋਚਨਾ ਕਰਦੇ, ਉਨ੍ਹਾਂ ਲਿਖਿਆ, 'ਪ੍ਰੈਜ਼ੀਡੈਂਟ ਮਸਕ' ਦੀ ਅਸਲੀਅਤ ਦਿਖਾਈ ਦੇਣ ਲੱਗ ਪਈ ਹੈ... ਬੋਲਣ ਦੀ ਆਜ਼ਾਦੀ ਇੱਕ ਭਰਮ ਹੈ।"

ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਕਈ ਹੋਰ ਰੂੜੀਵਾਦੀ ਅਤੇ ਸੱਜੇ ਪੱਖੀ ਖਾਤਿਆਂ ਨੇ ਇਸ ਬਹਿਸ 'ਚ ਸ਼ਾਮਲ ਹੋਕੇ ਸੋਸ਼ਲ ਮੀਡਿਆ 'ਤੇ ਸ਼ਿਕਾਇਤਾਂ ਦਾ ਹੜ੍ਹ ਲਿਆ ਦਿੱਤਾ।

ਪ੍ਰਤੀ ਸਾਲ 65,000 ਐੱਚ-1ਬੀ ਵੀਜ਼ਾ ਜਾਰੀ ਕੀਤੇ ਜਾਂਦੇ ਹਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪ੍ਰਤੀ ਸਾਲ 65,000 ਐੱਚ-1ਬੀ ਵੀਜ਼ਾ ਜਾਰੀ ਕੀਤੇ ਜਾਂਦੇ ਹਨ

ਪ੍ਰਤੀ ਸਾਲ 65,000 ਐੱਚ-1ਬੀ ਵੀਜ਼ਾ ਜਾਰੀ ਕੀਤੇ ਜਾਂਦੇ ਹਨ। ਅਮਰੀਕੀ ਸੰਸਥਾਵਾਂ ਤੋਂ ਮਾਸਟਰ ਦੀ ਡਿਗਰੀ ਹਾਸਲ ਕਰਨ ਵਾਲੇ ਲੋਕਾਂ ਲਈ ਹੋਰ ਵੱਖਰੇ 20,000 ਐੱਚ-1ਬੀ ਵੀਜ਼ਾ ਜਾਰੀ ਕੀਤੇ ਜਾਂਦੇ ਹਨ।

ਇੱਕ ਇਮੀਗ੍ਰੇਸ਼ਨ ਸਲਾਹਕਾਰ ਬਾਉਂਡਲੇਸ ਦੁਆਰਾ ਕੀਤੀ ਗਈ ਤਾਜ਼ਾ ਖੋਜ ਦਰਸਾਉਂਦੀ ਹੈ ਕਿ ਲਗਭਗ 73% ਐੱਚ-1ਬੀ ਵੀਜ਼ਾ ਭਾਰਤੀ ਨਾਗਰਿਕਾਂ ਨੂੰ ਜਾਰੀ ਕੀਤੇ ਜਾਂਦੇ ਹਨ, ਜਦੋਂ ਕਿ 12% ਚੀਨੀ ਨਾਗਰਿਕਾਂ ਨੂੰ ਜਾਰੀ ਕੀਤੇ ਜਾਂਦੇ ਹਨ।

ਟਰੰਪ ਨੇ ਵਾਅਦਾ ਕੀਤਾ ਸੀ ਕਿ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਗੈਰ-ਦਸਤਾਵੇਜ਼ੀ ਪ੍ਰਵਾਸੀਆਂ ਨੂੰ ਵੱਡੇ ਪੱਧਰ 'ਤੇ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪਵੇਗਾ।

ਹਾਲ ਹੀ ਦੇ ਦਿਨਾਂ ਵਿੱਚ ਚੁਣੇ ਗਏ ਰਾਸ਼ਟਰਪਤੀ ਟਰੰਪ ਨੇ ਮਸਕ ਅਤੇ ਹੋਰ ਅਰਬਪਤੀਆਂ,ਜਿਨ੍ਹਾਂ ਨੇ ਉਨ੍ਹਾਂ ਦੀ ਚੌਣ ਮੁਹਿੰਮ ਦਾ ਸਮਰਥਨ ਕੀਤਾ ਸੀ, ਦੇ ਪ੍ਰਭਾਵ ਹੇਠ ਹੋਣ ਦੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ।

ਐਤਵਾਰ ਨੂੰ ਟਰੰਪ ਨੇ ਐਰੀਜ਼ੋਨਾ ਵਿੱਚ ਇੱਕ ਕਾਨਫਰੰਸ ਨੂੰ ਸੰਬੋਧਿਤ ਕਰਦੇ ਕਿਹਾ ਕਿ ਉਹ ਮਸਕ ਦੇ ਪ੍ਰਭਾਵ ਹੇਠਾਂ ਨਹੀਂ ਹਨ।

ਟਰਨਿੰਗ ਪੁਆਇੰਟ ਯੂਐਸਏ ਦੁਆਰਾ ਆਯੋਜਿਤ ਅਮਰੀਕਾਫੇਸਟ 'ਚ ਬੋਲਦਿਆਂ ਟਰੰਪ ਨੇ ਕਿਹਾ, "ਤੁਸੀਂ ਜਾਣਦੇ ਹੋ, ਉਹ (ਮਸਕ) ਇੱਕ ਨਵੀਂ ਕਿੱਕ 'ਤੇ ਹਨ। ਇਹ ਸਾਰੇ ਵੱਖੋ-ਵੱਖਰੇ ਲੱਗ ਰਹੇ ਇਲਜ਼ਾਮ ਝੂਠੇ ਹਨ। ਇਨ੍ਹਾਂ 'ਚੋ ਤਾਜ਼ਾ ਝੂਠ ਇਹ ਹੈ ਕਿ ਟਰੰਪ ਨੇ ਰਾਸ਼ਟਰਪਤੀ ਦਾ ਅਹੁਦਾ ਏਲੋਨ ਮਸਕ ਨੂੰ ਸੌਂਪ ਦਿੱਤਾ ਹੈ।"

"ਨਹੀਂ, ਨਹੀਂ, ਅਜਿਹਾ ਨਹੀਂ ਹੋ ਰਿਹਾ, ਮਸਕ ਰਾਸ਼ਟਰਪਤੀ ਨਹੀਂ ਬਣਨ ਵਾਲੇ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)