ਲਾਲ ਕਿਲ਼ੇ ਕੋਲ ਹਾਥੀ ਉੱਤੇ ਜਾਂਦੇ ਵਾਇਸਰਾਇ ਉੱਤੇ ਕਿਸ ਨੇ ਸੁੱਟਿਆ ਸੀ ਬੰਬ, ਲਾਹੌਰ ਤੋਂ ਕਿਵੇਂ ਮਿਲੇ ਸਨ ਸਬੂਤ

ਲਾਰਡ ਹਾਰਡਿੰਗ ’ਤੇ ਹਮਲੇ ਦੀ ਇੱਕ ਪੇਂਟਿੰਗ

ਤਸਵੀਰ ਸਰੋਤ, bridgemanimages/Public Domain

ਤਸਵੀਰ ਕੈਪਸ਼ਨ, ਲਾਰਡ ਹਾਰਡਿੰਗ 'ਤੇ ਹਮਲੇ ਦੀ ਇੱਕ ਪੇਂਟਿੰਗ
    • ਲੇਖਕ, ਵਕਾਰ ਮੁਸਤਫ਼ਾ
    • ਰੋਲ, ਬੀਬੀਸੀ ਪੱਤਰਕਾਰ

23 ਦਸੰਬਰ 1912 ਨੂੰ ਵਾਇਸਰਾਇ ਅਤੇ ਗਵਰਨਰ-ਜਨਰਲ ਲਾਰਡ ਚਾਰਲਸ ਹਾਰਡਿੰਗ ਅਤੇ ਉਨ੍ਹਾਂ ਦੀ ਪਤਨੀ ਵਿਨੀਫ੍ਰੇਡ ਨੇ ਬ੍ਰਿਟਿਸ਼ ਇੰਡੀਆ ਦੀ ਨਵੀਂ ਰਾਜਧਾਨੀ ਦਿੱਲੀ 'ਚ ਸ਼ਾਨਦਾਰ ਪ੍ਰਵੇਸ਼ ਕੀਤਾ।

ਦਿੱਲੀ ਦੇ ਰੇਲਵੇ ਸਟੇਸ਼ਨ 'ਤੇ ਭਾਰਤ ਦੀਆਂ ਵੱਖ-ਵੱਖ ਰਿਆਸਤਾਂ ਦੇ ਸ਼ਾਸਕਾਂ ਤੋਂ ਸ਼ੁਭਕਾਮਨਾਵਾਂ ਸਵਿਕਾਰ ਕਰਨ ਤੋਂ ਬਾਅਦ ਵਾਇਸਰਾਇ ਹਾਥੀ 'ਤੇ ਸਵਾਰ ਹੋ ਕੇ ਲਾਲ ਕਿਲ੍ਹੇ ਵੱਲ ਜਲੂਸ ਨਾਲ ਨਿਕਲੇ।

ਇਸ ਜਲੂਸ ਵਿੱਚ ਉਨ੍ਹਾਂ ਨੂੰ ਅਚਾਨਕ ਬੇਚੈਨੀ ਮਹਿਸੂਸ ਹੋਈ।

ਉਨ੍ਹਾਂ ਦੀਆਂ ਯਾਦਾਂ, 'ਮਾਈ ਇੰਡੀਅਨ ਇਅਰਸ' ਤੋਂ ਪਤਾ ਚੱਲਦਾ ਹੈ ਕਿ ਉਨ੍ਹਾਂ ਨੇ ਇਸ ਮੌਕੇ ਆਪਣੀ ਪਤਨੀ ਵਿਨੀਫ੍ਰੇਡ ਨੂੰ ਕਿਹਾ, "ਮੈਨੂੰ ਕਾਫੀ ਬੁਰਾ ਲੱਗ ਰਿਹਾ ਹੈ। ਮੈਨੂੰ ਲੱਗਦਾ ਹੈ ਕਿ ਕੁਝ ਭਿਆਨਕ ਹੋਣ ਵਾਲਾ ਹੈ।"

ਪਤਨੀ ਵਿਨੀਫ੍ਰੇਡ ਨੇ ਜਵਾਬ ਦਿੱਤਾ, "ਤੁਸੀਂ ਬਸ ਥੱਕ ਗਏ ਹੋ ਅਤੇ ਤੁਹਾਨੂੰ ਹਮੇਸ਼ਾ ਹੀ ਤਾਮਝਾਮ ਪਸੰਦ ਨਹੀਂ ਹੁੰਦਾ।"

ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ 'ਤੇ ਕਲਿੱਕ ਕਰੋ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ 'ਤੇ ਕਲਿੱਕ ਕਰੋ

ਉਹ ਜਲੂਸ ਕਿਵੇਂ ਦਾ ਸੀ?

ਜੋਸਫ਼ ਮੈਕਕੁਏਡ ਨੇ 'ਫਿਊਜਿਟਿਵ ਆਫ ਐਮਪਾਇਰ' ਨਾਮ ਦੀ ਕਿਤਾਬ ਲਿਖੀ ਹੈ। ਇਹ ਭਾਰਤੀ ਕ੍ਰਾਂਤੀਕਾਰੀ ਰਾਸ ਬਿਹਾਰੀ ਬੋਸ ਦੀ ਜੀਵਨੀ ਹੈ।

ਆਪਣੀ ਕਿਤਾਬ ਵਿੱਚ ਮੈਕਕੁਏਡ ਲਿਖਦੇ ਹਨ, "ਸਖ਼ਤ ਸੁਰੱਖਿਆ ਇੰਤਜ਼ਾਮਾਂ ਵਿਚਾਲੇ ਜਲੂਸ ਨੇ ਸਟੇਸ਼ਨ ਅਤੇ ਕਿਲ੍ਹੇ ਵਿਚਾਲੇ ਦੀ ਲਗਭਗ ਅੱਧੀ ਦੂਰੀ ਤੈਅ ਕਰ ਲਈ ਸੀ। ਸੜਕ ਦੇ ਕਿਨਾਰੇ ਅਤੇ ਆਸਪਾਸ ਦੀਆਂ ਇਮਾਰਤਾਂ ਦੀਆਂ ਖਿੜਕੀਆਂ ਦੇ ਬਾਹਰ ਲੋਕਾਂ ਦੀ ਭੀੜ ਸੀ। ਰੌਲਾ ਇੰਨਾ ਸੀ ਕਿ ਕੰਨਾਂ ਨੂੰ ਆਵਾਜ਼ ਸੁਣਾਈ ਨਹੀਂ ਦੇ ਰਹੀ ਸੀ।"

"ਵਾਇਸਰਾਇ ਅਤੇ ਉਨ੍ਹਾਂ ਦੀ ਪਤਨੀ ਨੂੰ ਲੈ ਕੇ ਜਿਵੇਂ ਹੀ ਹਾਥੀ ਪੰਜਾਬ ਨੈਸ਼ਨਲ ਬੈਂਕ ਦੇ ਇਮਾਰਤ ਦੇ ਸਾਹਮਣੇ ਤੋਂ ਲੰਘਿਆ, ਅਚਾਨਕ ਹੋਦੇ (ਹਾਥੀ ਦੀ ਸਵਾਰੀ ਦਾ ਮੰਚ) ਦੇ ਪਿਛਲੇ ਹਿੱਸੇ 'ਚ ਕੁਝ ਡਿੱਗਣ ਦੀ ਆਵਾਜ਼ ਆਈ।"

"ਅਤੇ ਨਾਲ ਹੀ ਇੱਕ ਜ਼ੋਰਦਾਰ ਧਮਾਕਾ ਹੋਇਆ। ਧਮਾਕੇ ਦੀ ਆਵਾਜ਼ ਮੀਲਾਂ ਤੱਕ ਸੁਣੀ ਗਈ।"

ਵਾਇਸਰਾਇ ਦੀ ਪਤਨੀ ਵਿਨੀਫ੍ਰੇਡ ਜ਼ੋਰ ਨਾਲ ਅੱਗੇ ਡਿੱਗੀ ਪਰ ਉਨ੍ਹਾਂ ਦਾ ਸੱਟ ਤੋਂ ਬਚਾਅ ਰਿਹਾ।

ਵਾਇਸਰਾਇ ਹਾਰਡਿੰਗ ਨੂੰ ਪਹਿਲਾਂ ਤਾਂ ਅਹਿਸਾਸ ਹੀ ਨਹੀਂ ਹੋਇਆ ਕਿ ਉਹ ਜ਼ਖ਼ਮੀ ਹੋ ਗਏ ਹਨ, ਬਾਅਦ ਵਿੱਚ ਉਨ੍ਹਾਂ ਨੂੰ ਅਜਿਹਾ ਮਹਿਸੂਸ ਹੋਇਆ ਕਿ "ਜਿਵੇਂ ਕਿਸੇ ਨੇ ਪਿੱਠ 'ਤੇ ਬਹੁਤ ਜ਼ੋਰ ਨਾਲ ਮਾਰਿਆ ਹੋਵੇ ਅਤੇ ਉਪਰ ਉਬਲਿਆ ਹੋਇਆ ਪਾਣੀ ਪਾ ਦਿੱਤਾ ਹੋਵੇ।"

ਹਾਰਡਿੰਗ ਦੀ ਪਿੱਠ 'ਤੇ ਲਗਭਗ ਚਾਰ ਇੰਚ ਡੂੰਘਾ ਜ਼ਖ਼ਮ ਹੋਇਆ ਸੀ, ਜਿਥੋਂ ਖੂਨ ਵਹਿ ਰਿਹਾ ਸੀ। ਚਾਰ ਜ਼ਖ਼ਮ ਗਰਦਨ ਦੇ ਸੱਜੇ ਪਾਸੇ ਅਤੇ ਇੱਕ ਸੱਜੇ ਪਾਸੇ ਕਮਰ 'ਤੇ ਸਨ।

ਹੋਦੇ ਦੀਆਂ ਸਿਲਵਰ ਪਲੇਟਾਂ ਦੀ ਬਦੌਲਤ ਹਾਰਡਿੰਗ ਗੰਭੀਰ ਸੱਟਾਂ ਤੋਂ ਬਚ ਗਏ।

ਜੋਸਫ਼ ਮੈਕਕੁਏਡ ਆਪਣੀ ਕਿਤਾਬ ਵਿੱਚ ਲਿਖਦੇ ਹਨ ਕਿ ਧਮਾਕੇ ਦੀ ਤੀਬਰਤਾ ਨਾਲ ਵਾਇਸਰਾਇ ਦਾ ਹੈੱਲਮੈਟ ਟੁੱਟ ਗਿਆ ਅਤੇ ਜੇ ਹੈੱਲਮੈਟ ਨਾ ਹੁੰਦਾ ਤਾਂ ਉਹ ਨਿਸ਼ਚਿਤ ਤੌਰ 'ਤੇ ਧਮਾਕੇ ਵਿੱਚ ਮਾਰੇ ਜਾਂਦੇ।

ਇਸ ਧਮਾਕੇ ਵਿੱਚ ਵਾਇਸਰਾਇ ਦਾ ਇੱਕ ਨੌਕਰ ਮਾਰਿਆ ਗਿਆ ਅਤੇ ਦੂਸਰੇ ਦੇ ਕੰਨ ਦੇ ਪਰਦੇ ਫਟ ਗਏ। ਇਸ ਤੋਂ ਇਲਾਵਾ ਬੰਬ ਦੇ ਟੁੱਕੜਿਆਂ ਨਾਲ ਘੱਟੋ-ਘੱਟ 20 ਲੋਕ ਜ਼ਖ਼ਮੀ ਹੋਏ।

ਪਰੇਡ ਦੇਖਣ ਲਈ ਸੜਕ 'ਤੇ ਬੈਠੇ ਇਕ 16 ਸਾਲਾ ਲੜਕੇ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਹਾਥੀ ਅਤੇ ਉਸ ਦੇ ਚਾਲਕ ਨੂੰ ਕਾਫੀ ਹੱਦ ਤੱਕ ਕੋਈ ਨੁਕਸਾਨ ਨਹੀਂ ਪਹੁੰਚਿਆ। ਡਰ ਦੇ ਮਾਰੇ ਹਾਥੀ ਨੇ ਬੈਠਣ ਤੋਂ ਇਨਕਾਰ ਕਰ ਦਿੱਤਾ।

ਜ਼ਖ਼ਮੀ ਹਾਰਡਿੰਗ ਨੂੰ ਹਾਥੀ ਤੋਂ ਹੇਠਾਂ ਉਤਾਰਨ ਲਈ ਲੱਕੜ ਦੇ ਟੋਕਰੇ ਦਾ ਇਸਤੇਮਾਲ ਕਰਨਾ ਪਿਆ।

ਜਸੂਸਾਂ ਦਾ ਜਾਲ਼ ਅਤੇ ਗ੍ਰਿਫ਼ਤਾਰੀਆਂ

ਚਾਲਰਸ ਹਾਰਡਿੰਗ ਕਲਕੱਤਾ (ਹੁਣ ਕੋਲਕਾਤਾ) ਵਿੱਚ ਕਿੰਗ ਜਾਰਜ ਪੰਜਵੇਂ ਦੇ ਨਾਲ

ਤਸਵੀਰ ਸਰੋਤ, Hulton-Deutsch/Hulton-Deutsch Collection/Corbis via Getty Images

ਤਸਵੀਰ ਕੈਪਸ਼ਨ, ਚਾਲਰਸ ਹਾਰਡਿੰਗ ਕਲਕੱਤਾ (ਹੁਣ ਕੋਲਕਾਤਾ) ਵਿੱਚ ਕਿੰਗ ਜਾਰਜ ਪੰਜਵੇਂ ਦੇ ਨਾਲ

ਇਸ ਤੋਂ ਬਾਅਦ ਸ਼ੁਰੂ ਹੋਈ ਜਾਂਚ ਦਾ ਜ਼ਿੰਮਾ ਡੇਵਿਡ ਪੇਟਰੀ ਨੂੰ ਸੌਂਪਿਆ ਗਿਆ। ਜਾਂਚਕਰਤਾਵਾਂ ਦੀ ਸ਼ੁਰੂਆਤੀ ਸਹਿਮਤੀ ਇਹ ਸੀ ਕਿ ਹਮਲੇ ਵਿੱਚ ਇਸਤੇਮਾਲ ਕੀਤਾ ਗਿਆ ਬੰਬ ਪੰਜਾਬ ਨੈਸ਼ਨਲ ਬੈਂਕ ਦੀ ਇਮਾਰਤ ਤੋਂ ਸੁੱਟਿਆ ਗਿਆ ਸੀ।

ਵਾਰਦਾਤ ਦੀ ਜਗ੍ਹਾ ਦੇ ਨਿਰੀਖਣ ਤੋਂ ਪਤਾ ਲੱਗਿਆ ਕਿ ਬੰਬ ਬਿਲਕੁਲ ਉਸ ਤਰ੍ਹਾਂ ਦਾ ਸੀ ਜਿਵੇਂ ਕਿ ਬੰਗਾਲ ਵਿੱਚ ਪਿਛਲੇ ਦੋ ਹਮਲਿਆਂ 'ਚ ਇਸਤੇਮਾਲ ਕੀਤਾ ਗਿਆ ਸੀ।

ਜੋਸਫ਼ ਮੈਕਕੁਏਡ ਦੇ ਮੁਤਾਬਕ ਸਥਾਨਕ ਪੁਲਿਸ ਨੇ ਬੈਂਕ ਤੋਂ ਬਾਹਰ ਆਉਂਦੇ-ਜਾਂਦੇ ਲੋਕਾਂ ਤੋਂ ਪੁੱਛਗਿੱਛ ਸ਼ੁਰੂ ਕੀਤੀ।

ਉਹ ਦੱਸਦੇ ਹਨ ਕਿ ਘਟਨਾ ਸਥਾਨ 'ਤੇ 'ਮਹਿਲਾਵਾਂ ਦੀ ਤਲਾਸ਼ੀ' ਲਈ ਸੇਂਟ ਜੋਨਸ ਐਂਬੂਲੈਂਸ ਰਾਹੀਂ ਮਹਿਲਾ ਨਰਸਾਂ ਨੂੰ ਲਿਆਂਦਾ ਗਿਆ ਸੀ ਤਾਂਕਿ ਇਹ ਪਤਾ ਲਗਾਇਆ ਜਾ ਸਕੇ ਕਿ ਕੋਈ ਵੀ ਪੁਰਸ਼ ਮਹਿਲਾਵਾਂ ਦੇ ਭੇਸ ਵਿੱਚ ਨਾ ਹੋਵੇ। ਹਮਲੇ ਦੇ ਬਾਰੇ ਵਿੱਚ ਦੂਜੇ ਸ਼ਹਿਰਾਂ ਵਿੱਚ ਤਾਰ ਭੇਜੇ ਗਏ।

ਸ਼ਹਿਰ ਤੋਂ ਬਾਹਰ ਜਾਣ ਵਾਲੇ ਕਿਸੇ ਵੀ ਵਿਅਕਤੀ ਤੋਂ ਪੁੱਛਗਿੱਛ ਕਰਨ ਲਈ ਦਿੱਲੀ ਦੇ ਰੇਲਵੇ ਸਟੇਸ਼ਨ ਦੀ ਘੇਰਾਬੰਦੀ ਕੀਤੀ ਗਈ। ਜਸੂਸ ਪੂਰੇ ਸ਼ਹਿਰ ਵਿੱਚ ਫੈਲ ਗਏ।

ਜਾਂਚਕਰਤਾਵਾਂ ਨੇ ਹਮਲੇ ਤੋਂ ਪਹਿਲਾਂ ਤੇ ਬਾਅਦ ਦੇ ਦਿਨਾਂ ਵਿੱਚ ਆਸਪਾਸ ਦੇ ਡਾਕਖਾਨਿਆਂ ਤੋਂ ਭੇਜੇ ਗਏ ਜਾਂ ਪ੍ਰਾਪਤ ਕੀਤੇ ਗਏ ਹਜ਼ਾਰਾਂ ਟੈਲੀਗ੍ਰਾਮਾਂ ਦੀ ਸਮੀਖਿਆ ਕੀਤੀ।

ਪੁਲਿਸ ਨੇ ਅਲੀਗੜ੍ਹ, ਲਖਨਊ, ਬਨਾਰਸ, ਪੇਸ਼ਾਵਰ, ਸ਼ਿਮਲਾ, ਹੈਦਰਾਬਾਦ, ਇੰਦੌਰ, ਮੇਰਠ, ਕਰਾਚੀ ਅਤੇ ਇਥੋਂ ਤੱਕ ਕਿ ਫ਼ਾਰਸ ਦੀ ਖਾੜੀ ਦੇ ਅਬਾਦਾਨ ਵਰਗੇ ਸ਼ਹਿਰਾਂ ਵਿੱਚ ਸੌ ਤੋਂ ਜ਼ਿਆਦਾ ਵੱਖ-ਵੱਖ ਜਾਂਚ, ਨਿਗਰਾਨੀ ਮੁਹਿੰਮ ਅਤੇ ਗ੍ਰਿਫ਼ਤਾਰੀਆਂ ਕੀਤੀਆਂ।

ਪਰ ਸਾਜ਼ਿਸ਼ ਤੋਂ ਹਾਲੇ ਵੀ ਪਰਦਾ ਨਹੀਂ ਉਠਿਆ ਸੀ।

ਜਾਂਚ ਦੀ ਅਗਵਾਈ ਕਰਨ ਵਾਲੇ ਡੇਵਿਡ ਪੇਟਰੀ ਦੀ ਉਮੀਦ ਟੁੱਟਣ ਲੱਗੀ ਸੀ। ਫਿਰ ਅਚਾਨਕ ਅਹਿਮ ਜਾਣਕਾਰੀ ਸਾਹਮਣੇ ਆਈ।

ਲਾਹੌਰ ਤੋਂ ਮਿਲੇ ਹਮਲੇ ਦੇ ਸੁਰਾਗ

ਹੁਣ ਲਾਹੌਰ ਦੇ ਲਾਰੈਂਸ ਗਾਰਡਨ ਦਾ ਨਾਮ ਬਾਗ਼-ਏ-ਜਿਨਹਾ ਹੈ। ਇਹ ਤਸਵੀਰ 2005 ਵਿੱਚ ਉਥੇ ਹੋਏ ਪਾਕਿਸਤਾਨ ਏ ਅਤੇ ਇੰਗਲੈਂਡ ਵਿਚਾਲੇ ਕ੍ਰਿਕਟ ਮੈਚ ਦੀ ਹੈ।

ਤਸਵੀਰ ਸਰੋਤ, Julian Herbert/Getty Images

ਤਸਵੀਰ ਕੈਪਸ਼ਨ, ਹੁਣ ਲਾਹੌਰ ਦੇ ਲਾਰੈਂਸ ਗਾਰਡਨ ਦਾ ਨਾਮ ਬਾਗ਼-ਏ-ਜਿਨਹਾ ਹੈ।

ਸ਼ਨਿਚਰਵਾਰ 17 ਮਈ 1913 ਨੂੰ ਰਾਤ 8.30 ਵਜੇ ਜਿਮਖਾਨਾ ਲਾਇਬ੍ਰੇਰੀ ਦੇ ਕਰਮਚਾਰੀ ਰਾਮ ਪਰਦਥ ਆਖਰੀ ਡਿਲਿਵਰੀ ਦੇ ਨਾਲ ਨਿਕਲੇ। ਉਨ੍ਹਾਂ ਦੇ ਹੱਥਾਂ ਵਿੱਚ ਲਾਇਬ੍ਰੇਰੀ ਦੇ ਸਕੱਤਰ ਮੇਜਰ ਸਦਰਲੈਂਡ ਦੇ ਲਈ ਕਿਤਾਬਾਂ ਦਾ ਇਕ ਪਾਰਸਲ ਸੀ।

ਮੈਕਕੁਇਡ ਲਿਖਦੇ ਹਨ, "ਲਾਰੈਂਸ ਗਾਰਡਨ ਦੇ ਮੈਦਾਨ ਦੇ ਕਿਨਾਰੇ-ਕਿਨਾਰੇ ਆਪਣੇ ਲੌਜ ਵੱਲ ਜਾਂਦੇ ਹੋਏ, ਪਦਰਥ ਨੇ ਯੂਰਪੀ ਅਧਿਕਾਰੀਆਂ ਦੇ ਓਪਨ-ਏਅਰ ਬਾਰ ਵੱਲ ਚੱਕਰ ਲਗਾਉਣ ਦਾ ਫ਼ੈਸਲਾ ਕੀਤਾ।"

ਹੁਣ ਲਾਹੌਰ ਦੇ ਲਾਰੈਂਸ ਗਾਰਡਨ ਦਾ ਨਾਮ 'ਬਾਗ਼-ਏ-ਜਿਨਹਾ' ਹੋ ਗਿਆ ਹੈ।

'ਲਾਰੈਂਸ ਅਤੇ ਮਿੰਟਗੁਮਰੀ ਹਾਲ ਦੇ ਠੀਕ ਅੱਗੇ, ਉਨ੍ਹਾਂ ਨੇ ਸੜਕ 'ਤੇ ਪਏ ਇੱਕ ਪੈਕੇਟ ਉਪਰ ਪੈਰ ਰੱਖ ਦਿੱਤਾ ਸੀ ਉਸ ਵਿੱਚ ਧਮਾਕੇਖੇਜ਼ ਸਮੱਗਰੀ ਸੀ, ਜੋ ਫਟ ਗਈ।'

ਧਮਾਕੇ ਨਾਲ ਪਦਰਥ ਦਾ ਪੈਰ ਤੁਰੰਤ ਜਲ ਗਿਆ, ਦੋ ਲੰਬੀਆਂ ਕਿੱਲ਼ਾਂ ਉਸ ਦੇ ਢਿੱਡ ਵਿੱਚ ਧੱਸ ਗਈਆਂ। ਇਸ ਤੋਂ ਇਲਾਵਾ ਕੁਝ ਕੱਚ ਦੇ ਟੁੱਕੜੇ ਵੀ ਉਨ੍ਹਾਂ ਦੇ ਸਰੀਰ ਵਿੱਚ ਵੜ ਗਏ।

ਧਮਾਕਾ ਇੰਨਾ ਤੇਜ਼ ਨਹੀਂ ਸੀ ਕਿ ਸੜਕ 'ਤੇ ਕੋਈ ਖੱਡਾ ਪੈ ਗਿਆ ਹੋਵੇ। ਜਾਂਚਕਰਤਾਵਾਂ ਨੂੰ ਬਾਅਦ ਵਿੱਚ ਵਿਸਫੋਟ ਵਾਲੀ ਜਗ੍ਹਾ ਤੋਂ 30 ਫੁੱਟ ਦੀ ਦੂਰੀ 'ਤੇ ਕਿੱਲਾਂ , ਕੱਚ ਅਤੇ ਬਾਕੀ ਮਲਬਾ ਮਿਲਿਆ।

ਧਮਾਕੇ ਕਾਰਨ ਪਦਰਥ ਦੀ ਸੜਕ ਉਪਰ ਹੀ ਮੌਤ ਹੋ ਗਈ। ਉਸ ਸਮੇਂ ਸ਼ਹਿਰ ਵਿੱਚ ਮੀਂਹ ਪੈ ਰਿਹਾ ਸੀ।

ਘਟਨਾ ਸਥਾਨ ਦੀ ਜਾਂਚ ਤੋਂ ਪਤਾ ਚੱਲਿਆ ਕਿ ਬੰਬ ਠੀਕ ਉਸ ਤਰ੍ਹਾਂ ਦਾ ਹੀ ਹੈ ਜਿਵੇਂ ਦਾ ਪਿਛਲੇ ਕਈ ਹਮਲਿਆਂ 'ਚ ਇਸਤੇਮਾਲ ਹੋਇਆ ਹੈ। ਸਭ ਤੋਂ ਅਹਿਮ ਇਹ ਕਿ ਠੀਕ ਅਜਿਹਾ ਹੀ ਵਿਸਫੋਟਕ ਦਾ ਇਸਤੇਮਾਲ ਵਾਇਸਰਾਏ ਹਾਰਡਿੰਗ 'ਤੇ ਹਮਲਾ ਦੇ ਲਈ ਕੀਤਾ ਗਿਆ ਸੀ।

ਮੀਂਹ ਨੇ ਘਟਨਾ ਸਥਾਨ ਦੇ ਜ਼ਿਆਦਾਤਰ ਸਬੂਤ ਮਿਟਾ ਦਿੱਤੇ ਸੀ, ਪਰ ਧਮਾਕੇ ਨਾਲ ਪਦਰਥ ਦੇ ਸੱਜੇ ਪੈਰ 'ਤੇ ਪਿਕਰਿਡ ਐਸਿਡ ਦੀਆਂ ਪੀਲੇ ਰੰਗ ਦੀਆਂ ਛੋਟੀਆਂ-ਛੋਟੀਆਂ ਧਾਰੀਆਂ ਪੈ ਗਈਆਂ ਸੀ।

ਲਾਹੌਰ ਦੇ ਸਿਵਲ ਸਰਜਨ ਨੂੰ ਉਸ ਦੇ ਖੱਬੇ ਪੈਰ ਦੀ ਚਮੜੀ 'ਤੇ ਆਰਸੈਨਿਕ ਨਾਮਕ ਪਦਾਰਥ ਵੀ ਦਿਖਿਆ।

ਠੀਕ ਅਜਿਹੇ ਹੀ ਸਾਮਾਨ ਦਾ ਪ੍ਰਯੋਗ ਵਾਇਸਰਾਇ 'ਤੇ ਹਮਲੇ ਲਈ ਕੀਤਾ ਗਿਆ ਸੀ।

ਪਿਕਰਿਕ ਐਸਿਡ ਅਤੇ ਬੰਬਾਂ ਦੇ ਡੈਟੋਨੇਟਰ

ਪਿਕਰਿਡ ਐਸਿਡ ਦਾ ਇਸਤੇਮਾਲ ਵਿਸਫੋਟਕ ਬਣਾਉਣ ਲਈ ਕੀਤਾ ਜਾ ਸਕਦਾ ਹੈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਿਕਰਿਡ ਐਸਿਡ ਦਾ ਇਸਤੇਮਾਲ ਵਿਸਫੋਟਕ ਬਣਾਉਣ ਲਈ ਕੀਤਾ ਜਾ ਸਕਦਾ ਹੈ।

ਲਾਹੌਰ ਬੰਬ ਧਮਾਕੇ ਦੀ ਵਜ੍ਹਾ ਖੋਜ ਰਹੇ ਜਾਂਚਕਰਤਾ ਡੇਵਿਡ ਪੇਟਰੀ ਨੂੰ ਅਹਿਸਾਸ ਹੋਇਆ ਕਿ ਅਸਾਮ ਵਿੱਚ ਸਾਬਕਾ ਅਸਿਸਟੈਂਟ ਕਮਿਸ਼ਨਰ ਲਾਰੈਂਸ ਗਾਰਡਨ, ਉਸ ਸਮੇਂ ਓਪਨ-ਏਅਰ ਬਾਰ ਵਿੱਚ ਮੌਜੂਦ ਸਨ।

ਪੰਜਾਬ ਪਹੁੰਚਣ ਤੋਂ ਪਹਿਲਾਂ ਲਾਰੈਂਸ ਗਾਰਡਨ ਨੂੰ 27 ਮਾਰਚ ਨੂੰ ਮੌਲਵੀ ਬਾਜ਼ਾਰ (ਸਿਲਹਟ) ਵਿੱਚ ਉਨ੍ਹਾਂ ਦੀ ਰਿਹਾਇਸ਼ 'ਤੇ ਹਮਲੇ ਦਾ ਨਿਸ਼ਾਨ ਬਣਾਇਆ ਗਿਆ ਸੀ। ਪਰ ਬੰਬ ਸਮੇਂ ਤੋਂ ਪਹਿਲਾਂ ਹੀ ਫਟ ਗਿਆ।

ਪੇਟਰੀ ਨੇ ਸਿੱਟਾ ਕੱਢਿਆ ਕਿ ਪੂਰਬੀ ਅਤੇ ਪੱਛਮੀ ਬੰਗਾਲ ਦੇ ਨਾਲ-ਨਾਲ ਪੂਰੇ ਉੱਤਰ ਭਾਰਤ ਅਤੇ ਪੰਜਾਬ ਵਿੱਚ ਵੱਖ-ਵੱਖ ਕ੍ਰਾਂਤੀਕਾਰੀ ਇੱਕ-ਦੂਜੇ ਦੇ ਸੰਪਰਕ ਵਿੱਚ ਸਨ ਅਤੇ ਸ਼ਾਇਦ ਇੱਕ ਹੀ ਵਿਅਕਤੀ ਜਾਂ ਸਮੂਹ ਵੱਖ-ਵੱਖ ਹਮਲਿਆਂ ਦੇ ਲਈ ਬੰਬਾਂ ਦੀ ਸਪਲਾਈ ਕਰ ਰਿਹਾ ਸੀ।

ਬਾਅਦ ਵਿੱਚ ਸਬੂਤਾਂ ਦੇ ਆਧਾਰ 'ਤੇ ਪੁਲੀਸ ਨੇ ਕਲਕੱਤਾ (ਹੁਣ ਕੌਲਕਾਤਾ) ਦੀ ਇੱਕ ਇਮਾਰਤ 'ਤੇ ਛਾਪਾ ਮਾਰ ਕੇ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਉਥੋਂ ਬੰਬ ਬਣਾਉਣ ਦੀ ਸਮੱਗਰੀ ਅਤੇ ਬਸਤੀਵਾਦ ਵਿਰੋਧੀ ਸਾਹਿਤ ਸਣੇ ਕਈ ਸਬੂਤ ਇਕੱਠੇ ਕੀਤੇ।

ਅਹਿਮ ਇਹ ਸੀ ਕਿ ਜ਼ਬਤ ਕੀਤੇ ਗਏ ਸਾਹਿਤ ਵਿੱਚ ਉਹ ਕਿਤਾਬਾਂ ਵੀ ਸਨ, ਜੋ ਹਾਲ ਹੀ ਵਿੱਚ ਲਾਹੌਰ, ਦਿੱਲੀ ਅਤੇ ਯੂਪੀ ਵਿੱਚ ਵੰਡੀਆਂ ਗਈਆਂ ਸਨ।

ਪੇਟਰੀ ਨੇ ਸਥਾਨਕ ਅਧਿਕਾਰੀਆਂ ਨੂੰ 16 ਫਰਵਰੀ ਨੂੰ ਦਿੱਲੀ ਵਿੱਚ ਕਈ ਸਥਾਨਾਂ 'ਤੇ ਇੱਕੋ ਸਮੇਂ ਛਾਪੇ ਮਾਰਨ ਦੇ ਨਿਰਦੇਸ਼ ਦਿੱਤੇ। ਜਿੱਥੇ ਛਾਪੇ ਮਾਰੇ ਗਏ ਉਨ੍ਹਾਂ ਵਿੱਚੋਂ ਅਮੀਰ ਚੰਦ ਨਾਮ ਦੇ ਇੱਕ ਸਖ਼ਸ ਦਾ ਘਰ ਵੀ ਸ਼ਾਮਲ ਸੀ।

ਪੁਲਿਸ ਨੇ ਅਮੀਰ ਚੰਦ ਦੇ ਘਰ ਤੋਂ ਕ੍ਰਾਂਤੀਕਾਰੀ ਸਾਹਿਤ ਦਾ ਭੰਡਾਰ, ਕਪਾਸ ਵਿੱਚ ਲਪੇਟੇ ਬੰਬਾਂ ਦੇ ਡੇਟੋਨੇਟਰ, ਪਿਕਰਿਡ ਐਸਿਡ ਅਤੇ 'ਅੰਗਰੇਜ਼ ਅਫ਼ਸਰਾਂ' ਨੂੰ ਮਾਰਨ ਦੀ ਯੋਜਨਾ ਦਾ ਵੇਰਵਾ ਦੇਣ ਵਾਲੇ ਕਾਗਜ਼ਾਤ ਮਿਲੇ।

ਪਰ ਛਾਪਿਆਂ ਦੀ ਸਭ ਤੋਂ ਵੱਡੀ ਪ੍ਰਾਪਤੀ ਸੀ ਰਾਸ ਬਿਹਾਰੀ ਬੋਸ ਨਾਮ ਦੇ ਇੱਕ ਵਿਅਕਤੀ ਦੀ ਪਛਾਣ, ਜੋ ਹਾਲ ਹੀ ਵਿੱਚ ਅਮੀਰ ਚੰਦ ਦੇ ਘਰ 'ਚ ਰਿਹਾ ਸੀ।

ਦਸਤਾਵੇਜ਼ਾਂ ਤੋਂ ਪਤਾ ਚੱਲਿਆ ਕਿ ਬੋਸ ਕ੍ਰਾਂਤੀਕਾਰ ਗਤੀਵਿਧੀ ਦੇ ਦੋ ਪ੍ਰਮੁਖ ਕੇਂਦਰਾਂ ਯਾਨੀ ਦਿੱਲੀ ਅਤੇ ਲਾਹੌਰ ਨੂੰ ਇੱਕ ਮਹੱਤਵਪੂਰਨ ਕੜੀ ਦੇ ਰੂਪ ਵਿੱਚ ਜੋੜਦੇ ਹਨ।

ਪੁਲਿਸ ਨੂੰ ਅਵਧ ਬਿਹਾਰੀ ਨਾਮ ਦੇ ਵਿਅਕਤੀ ਨੂੰ ਸੰਬੋਧਿਤ ਇੱਕ ਪੱਤਰ ਵੀ ਮਿਲਿਆ। ਬਾਅਦ ਵਿੱਚ ਅਵਧ ਬਿਹਾਰੀ ਨੇ ਸਵਿਕਾਰ ਕੀਤਾ ਕਿ ਇਹ ਪੱਤਰ ਉਨ੍ਹਾਂ ਨੂੰ ਲਾਹੌਰ ਦੇ ਇੱਕ ਵਿਦਿਆਰਥੀ ਨੇ ਭੇਜਿਆ ਸੀ।

ਸਥਾਨਕ ਅਧਿਕਾਰੀਆਂ ਨੇ ਵੀ ਉਸ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ। ਦੀਨਾਨਾਥ ਨੇ ਦੱਸਿਆ ਕਿ ਰਾਸ ਬਿਹਾਰੀ ਬੋਸ ਬੰਗਾਲ ਦੇ ਕ੍ਰਾਂਤੀਕਾਰੀਆਂ ਦੇ ਸੰਪਰਕ ਵਿੱਚ ਸੀ ਅਤੇ ਬੋਸ ਨੇ ਹੀ ਦਿੱਲੀ ਅਤੇ ਲਾਹੌਰ ਵਿੱਚ ਬੰਬਾਂ ਦੀ ਸਪਲਾਈ ਕੀਤੀ ਸੀ।

ਇਹ ਵੀ ਸਾਫ਼ ਹੋ ਗਿਆ ਕਿ ਅਵਧ ਬਿਹਾਰੀ ਦੇ ਨਾਲ ਰਿਹਾ ਬਸੰਤ ਕੁਮਾਰ ਵਿਸ਼ਵਾਸ ਨਾਮ ਦਾ ਇੱਕ ਬੰਗਾਲੀ ਨੌਜਵਾਨ ਲਾਹੌਰ ਧਮਾਕੇ ਦੇ ਲਈ ਜ਼ਿੰਮੇਦਾਰ ਸੀ ਅਤੇ ਬੋਸ ਨੇ ਹੀ ਉਸ ਨੂੰ ਆਪਣੇ ਨਾਲ ਸ਼ਾਮਲ ਕੀਤਾ ਸੀ।

ਜਦੋਂ ਰਾਸ ਬਿਹਾਰੀ ਬੋਸ ਹਾਰਡਿੰਗ ਦੇ ਸਾਹਮਣੇ ਆਏ

ਭਾਰਤੀ ਡਾਕ ਵਿਭਾਗ ਨੇ 1967 ਵਿੱਚ ਰਾਸ ਬਿਹਾਰੀ ਦੇ ਨਾਮ ਤੋਂ ਟਿਕਟ ਜਾਰੀ ਕੀਤੀ ਸੀ।

ਤਸਵੀਰ ਸਰੋਤ, India Post

ਤਸਵੀਰ ਕੈਪਸ਼ਨ, ਭਾਰਤੀ ਡਾਕ ਵਿਭਾਗ ਨੇ 1967 ਵਿੱਚ ਰਾਸ ਬਿਹਾਰੀ ਦੇ ਨਾਮ ਤੋਂ ਟਿਕਟ ਜਾਰੀ ਕੀਤੀ ਸੀ।

ਜਨਵਰੀ ਦੇ ਅੰਤ ਵਿੱਚ ਵਾਇਸਰਾਏ ਹਾਰਡਿੰਗ ਤੰਦਰੁਸਤੀ ਲਈ ਦੇਹਰਾਦੂਨ ਚਲੇ ਗਏ।

ਉਨ੍ਹਾਂ ਨੇ ਆਪਣੀਆਂ ਯਾਦਾਂ ਵਿੱਚ ਲਿਖਿਆ ਹੈ ਕਿ ਉਥੇ ਉਹ ਇੱਕ ਘਰ ਦੇ ਕੋਲੋਂ ਲੰਘੇ ਜਿਥੇ ਗੇਟ ਦੇ ਬਾਹਰ ਕਈ ਭਾਰਤੀਆਂ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ।

ਵਾਇਸਰਾਇ ਹਾਰਡਿੰਗ ਨੂੰ ਉਤਸੁਕਤਾ ਹੋਈ ਅਤੇ ਉਨ੍ਹਾਂ ਨੇ ਪੁੱਛਿਆ, 'ਇਹ ਲੋਕ ਕੌਣ ਹਨ?'

ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਦਾ ਸਵਾਗਤ ਕਰਨ ਵਾਲਿਆਂ ਵਿੱਚ ਇੱਕ ਬੰਗਾਲੀ ਵਿਅਕਤੀ ਸੀ, ਜਿਸ ਨੇ ਦੋ ਦਿਨ ਪਹਿਲਾਂ ਹੀ ਵਾਇਸਰਾਇ ਦੀ ਹੱਤਿਆ ਦੀ ਨਿੰਦਾ ਕਰਨ ਦੇ ਲਈ ਇੱਕ ਬੈਠਕ ਕੀਤੀ ਸੀ। ਬਾਅਦ ਵਿੱਚ ਪਤਾ ਲੱਗਿਆ ਕਿ ਉਹ ਬੰਗਾਲੀ ਕੋਈ ਹੋਰ ਨਹੀਂ ਬਲਕਿ ਰਾਸ ਬਿਹਾਰੀ ਬੋਸ ਸੀ।

ਬਸੰਤ ਕੁਮਾਰ ਬਿਸਵਾਸ ਨੂੰ 26 ਫਰਵਰੀ 1914 ਨੂੰ ਬੰਗਾਲ ਦੇ ਨਾਦਿਆ ਦੇ ਪੁਰਾਗਾਚਾ ਵਿੱਚ ਉਸ ਸਮੇਂ ਗ੍ਰਿਫ਼ਤਾਰ ਕਰ ਲਿਆ ਗਿਆ, ਜਦੋਂ ਉਹ ਆਪਣੇ ਪਿਤਾ ਦਾ ਅੰਤਿਮ ਸੰਸਕਾਰ ਕਰਨ ਗਏ ਸਨ। ਉਨ੍ਹਾਂ 'ਤੇ ਲਾਹੌਰ ਦੇ ਲਾਰੈਂਸ ਗਾਰਡਨ ਵਿੱਚ ਬੰਬ ਸੁੱਟਣ ਦਾ ਵੀ ਇਲਜ਼ਾਮ ਸੀ।

ਦਿੱਲੀ, ਲਾਹੌਰ ਸਾਜ਼ਿਸ਼ ਦਾ ਮੁਕੱਦਮਾ 23 ਮਈ 1914 ਨੂੰ ਦਿੱਲੀ ਵਿੱਚ ਸ਼ੁਰੂ ਹੋਇਆ। ਮੁਕੱਦਮੇ ਵਿੱਚ ਅਮੀਰ ਚੰਦ, ਅਵਧ ਬਿਹਾਰੀ ਅਤੇ ਭਾਈ ਬਾਲਮੁਕੰਦ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਬਸੰਤ ਕੁਮਾਰ ਵਿਸ਼ਵਾਸ ਨੂੰ ਪਹਿਲਾਂ ਤਾਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਪਰ ਅਪੀਲ ਮਗਰੋਂ ਉਸ ਨੂੰ ਵੀ ਮੌਤ ਦੀ ਸਜ਼ਾ ਸੁਣਾਈ ਗਈ।

ਚਰਨ ਦਾਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਚਰਨ ਦਾਸ ਨੂੰ ਕ੍ਰਾਂਤੀਕਾਰੀਆਂ ਨੂੰ ਪਨਾਹ ਦੇਣ ਅਤੇ ਉਨ੍ਹਾਂ ਦੇ ਲਈ ਪੈਸਾ ਇਕੱਠਾ ਕਰਨ ਦਾ ਦੋਸ਼ੀ ਪਾਇਆ ਗਿਆ ਸੀ। ਪਹਿਲੇ ਵਿਸ਼ਵ ਯੁੱਧ ਦੇ ਬਾਅਦ ਉਨ੍ਹਾਂ ਦੀ ਉਮਰ ਕੈਦ ਦੀ ਸਜ਼ਾ ਨੂੰ ਪੰਜ ਸਾਲ ਵਿੱਚ ਬਦਲ ਦਿੱਤਾ ਗਿਆ।

ਲਾਲਾ ਹਨੁਮੰਤ ਸਹਾਏ ਨੂੰ ਅੰਡਮਾਨ ਦੀਪ ਸਮੂਹ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ।

'ਮੋਸਟ ਵਾਂਟੇਡ' ਬੋਸ ਜਾਪਾਨ ਪਹੁੰਚੇ

ਪਰ ਬੋਸ ਬਚ ਗਏ ਅਤੇ ਉਹ ਭਾਰਤ ਵਿੱਚ ਮੋਸਟ ਵਾਂਟੇਡ ਵਿਅਕਤੀ ਬਣ ਗਿਆ।

ਨੂਰੁਲ ਹੁਦਾ ਕਿਤਾਬ 'ਅਲੀਪੁਰ ਬੰਬ ਕੇਸ' ਵਿਚ ਲਿਖਦੇ ਹਨ ਕਿ ਰਾਸ ਬਿਹਾਰੀ ਬੋਸ ਲਗਭਗ ਤਿੰਨ ਸਾਲ ਗ੍ਰਿਫਤਾਰੀ ਤੋਂ ਬੱਚਦੇ ਰਹੇ ਅਤੇ ਫਿਰ 1915 ਵਿਚ ਜਾਪਾਨ ਚਲੇ ਗਏ।

ਆਪਣੇ ਸਾਥੀਆਂ ਦੀ ਫਾਂਸੀ ਤੋਂ ਬਾਅਦ ਰਾਸ ਬਿਹਾਰੀ ਬੋਸ ਰੂਪੋਸ਼ ਹੋ ਗਏ ਸਨ ਅਤੇ ਬਨਾਰਸ ਦੇ ਕੋਲ ਰਹਿਣ ਲੱਗ ਪਏ ਸੀ। ਇਸ ਸਮੇਂ ਦੌਰਾਨ ਉਹ ਆਪਣੇ ਸਾਥੀ ਸਚਿੰਦਰ ਨਾਥ ਸਾਨਿਆਲ ਦੀ ਮਦਦ ਨਾਲ ਅੰਗਰੇਜ਼ਾਂ ਵਿਰੁੱਧ ਦੇਸ਼ ਵਿਆਪੀ ਹਥਿਆਰਬੰਦ ਸੰਘਰਸ਼ ਦੀ ਅਗਵਾਈ ਕਰਦੇ ਰਹੇ।

ਬਨਾਰਸ ਵਿੱਚ ਵੀਕੇ ਪਿੰਗਲੇ ਦੀ ਗ੍ਰਿਫ਼ਤਾਰੀ ਅਤੇ ਬ੍ਰਿਟਿਸ਼ ਕਾਰਵਾਈ ਦੇ ਬਾਅਦ, ਰਾਸ ਬਿਹਾਰੀ ਬੋਸ ਜਾਪਾਨ ਚਲੇ ਗਏ।

ਪਹਿਲੀ ਵਿਸ਼ਵ ਜੰਗ ਦੌਰਾਨ ਜਾਪਾਨ, ਗ੍ਰੇਟ ਬ੍ਰਿਟੇਨ ਦਾ ਸਹਿਯੋਗੀ ਸੀ। ਜਾਪਾਨ ਬੋਸ ਨੂੰ ਵਾਪਸ ਬ੍ਰਿਟਿਸ਼ ਇੰਡੀਆ ਭੇਜਣ ਲਈ ਤਿਆਰ ਸੀ। ਹਾਲਾਂਕਿ ਜਾਪਾਨੀ ਸਮਾਜ ਦੇ ਕੁਝ ਵਰਗ ਉਨ੍ਹਾਂ ਦੇ ਉਦੇਸ਼ ਪ੍ਰਤੀ ਹਮਦਰਦੀ ਰੱਖਦੇ ਸੀ।

ਹਵਾਲਗੀ ਦੇ ਡਰੋਂ, ਰਾਸ ਬਿਹਾਰੀ ਬੋਸ ਨੇ ਤਿੰਨ ਸਾਲਾਂ ਦੇ ਅਰਸੇ ਵਿੱਚ ਕਈ ਵਾਰ ਆਪਣੀ ਪਛਾਣ ਅਤੇ ਰਿਹਾਇਸ਼ ਦਾ ਸਥਾਨ ਬਦਲਿਆ। ਉੱਥੇ ਉਨ੍ਹਾਂ ਨੇ ਵਿਆਹ ਕੀਤਾ ਅਤੇ ਦੋ ਬੱਚੇ ਹੋਏ। ਉਹ 1923 ਵਿੱਚ ਜਾਪਾਨੀ ਨਾਗਰਿਕ ਬਣ ਗਿਆ।

ਦਿੱਲੀ ਦੇ ਇਤਿਹਾਸ 'ਤੇ ਕਈ ਲੇਖ ਲਿਖਣ ਵਾਲੇ ਪੱਤਰਕਾਰ ਅਤੇ ਲੇਖਕ ਆਰਵੀ ਸਮਿਥ ਦੇ ਅਨੁਸਾਰ, ਲਾਲਾ ਹਨੂਮੰਤ ਸਹਾਏ ਨੂੰ ਕਾਲਾ ਪਾਣੀ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਪਰ ਲਾਹੌਰ ਵਿੱਚ ਸਖ਼ਤ ਜੇਲ੍ਹ ਦੀ ਸਜ਼ਾ ਕੱਟਣ ਤੋਂ ਬਾਅਦ ਅਪੀਲ 'ਤੇ ਮੁਆਫ ਕਰ ਦਿੱਤਾ ਗਿਆ ਸੀ।

'ਇਹ ਰਾਜ਼ ਮੇਰੇ ਨਾਲ ਕਬਰ ਤੱਕ ਜਾਵੇਗਾ'

'ਰੇਵੋਲਿਊਸ਼ਨਰੀਜ਼ ਆਫ਼ ਚਾਂਦਨੀ ਚੌਕ' ਸਿਰਲੇਖ ਵਾਲੇ ਲੇਖ ਵਿੱਚ ਆਰਵੀ ਸਮਿਥ ਲਿਖਦੇ ਹਨ ਕਿ ਲਾਲਾ ਹਨੁਮੰਤ ਸਹਾਏ ਨਾਲ ਉਨ੍ਹਾਂ ਦੀ ਆਖਰੀ ਮੁਲਾਕਾਤ 1965 ਵਿੱਚ ਹੋਈ ਸੀ।

ਸਰਦੀ ਦਾ ਮੌਸਮ ਸੀ ਅਤੇ ਉਹ ਕੰਬਲ ਲਪੇਟ ਕੇ ਗਾਜਰ ਦਾ ਹਲਵਾ ਖਾ ਰਹੇ ਸਨ ਪਰ ਬਹੁਤ ਕਮਜ਼ੋਰ ਲੱਗ ਰਹੇ ਸਨ।

ਚਾਂਦਨੀ ਚੌਕ ਦੇ ਜਿਸ ਕਮਰੇ ਵਿੱਚ ਉਨ੍ਹਾਂ ਨੇ ਆਪਣਾ ਜ਼ਿਆਦਾਤਰ ਜੀਵਨ ਬਤੀਤ ਕੀਤਾ, ਉਹ ਉਨ੍ਹਾਂ ਕ੍ਰਾਂਤੀਕਾਰੀਆਂ ਦਾ ਟਿਕਾਣਾ ਸੀ, ਜਿਨ੍ਹਾਂ ਨੇ ਵਾਇਸਰਾਇ ਲਾਰਡ ਹਾਰਡਿੰਗ ਦੀ ਹੱਤਿਆ ਦੀ ਸਹੁੰ ਖਾਧੀ ਸੀ।

ਆਪਣੇ ਕਮਰੇ ਦੇ ਕੋਲ ਬਾਲਕੋਨੀ ਵੱਲ ਇਸ਼ਾਰਾ ਕਰਦੇ ਹੋਏ ਲਾਲਾ ਜੀ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦੀਆਂ ਔਰਤਾਂ ਸਮੇਤ ਉਨ੍ਹਾਂ ਦੀ ਮਾਂ ਅਤੇ ਚਾਚੀ ਵੀ ਉਥੇ ਖੜ੍ਹੀਆਂ ਵਾਇਸਰਾਏ ਦਾ ਜਲੂਸ ਦੇਖ ਰਹੀਆਂ ਸਨ। ਜਦੋਂ ਬੰਬ ਫਟਿਆ ਤਾਂ ਸਾਰੇ ਅੰਦਰ ਭੱਜ ਗਏ।

ਉਨ੍ਹਾਂ ਨੇ ਦੱਸਿਆ ਕਿ ਪੁਲਿਸ ਛਾਪੇ ਦੌਰਾਨ ਉਹ ਇੱਕ ਮੰਜੇ ਦੇ ਹੇਠਾਂ ਬੈਠ ਕੇ ਖਿਚੜੀ ਖਾ ਰਹੇ ਸਨ। ਖਿਚੜੀ ਖਾਣ ਵੇਲੇ ਉਨ੍ਹਾਂ ਨੇ ਪਛਾਣ ਛੁਪਾਉਣ ਲਈ ਆਪਣੀ ਮਾਂ ਦੀ ਸਾੜੀ ਸਿਰ 'ਤੇ ਲਪੇਟ ਲਈ ਸੀ।

ਬਾਕੀ 'ਸਾਜ਼ਿਸ਼ਕਰਤਾ' ਪੰਜਾਬ ਨੈਸ਼ਨਲ ਬੈਂਕ ਦੀ ਇਮਾਰਤ ਵਿੱਚ ਲੁਕ ਗਏ।

ਜੋਸਫ਼ ਮੈਕਕੁਇਡ ਆਪਣੀ ਕਿਤਾਬ 'ਫਿਊਜਿਟਿਵ ਆਫ਼ ਐਮਪਾਇਰ' ਵਿੱਚ ਲਿਖਦੇ ਹਨ ਕਿ ਬੰਬ ਕਿਸ ਨੇ ਸੁੱਟਿਆ, ਇਸ ਦੇ ਬਾਰੇ ਵਿੱਚ ਆਪਾ ਵਿਰੋਧੀ ਬਿਰਤਾਂਤ ਹਨ, ਰਿਕਾਰਡ ਵਿੱਚ ਬੋਸ ਅਤੇ ਬਿਸਵਾਸ ਦੋਵਾਂ ਦੇ ਨਾਮ ਹਨ।

ਇਹ ਆਮ ਤੌਰ 'ਤੇ ਮੰਨਿਆ ਜਾਂਦਾ ਹੈ ਕਿ ਬੋਸ ਨੇ ਹੀ ਹਾਰਡਿੰਗ 'ਤੇ ਬੰਬ ਸੁੱਟਿਆ ਸੀ। ਪਰ ਕੁਝ ਦਾ ਮੰਨਣਾ ਹੈ ਕਿ ਬਿਸਵਾਸ ਨੇ ਇਕ ਔਰਤ ਦੇ ਭੇਸ ਵਿਚ ਬੰਬ ਸੁੱਟਿਆ ਸੀ।

ਪਰ ਸਮਿਥ ਲਿਖਦੇ ਹਨ ਕਿ ਲਾਲਾ ਹਨੁਮੰਤ ਸਹਾਏ ਨੇ ਆਪਣੀ ਮੌਤ ਤੱਕ ਉਸ ਵਿਅਕਤੀ ਦਾ ਨਾਮ ਨਹੀਂ ਦੱਸਿਆ, ਜਿਸ ਨੇ ਬੰਬ ਸੁੱਟਿਆ ਸੀ।

ਉਨ੍ਹਾਂ ਨੇ ਐਲਾਨ ਕੀਤਾ ਕਿ 'ਇਹ ਰਾਜ਼ ਮੇਰੇ ਨਾਲ ਕਬਰ ਤੱਕ ਜਾਵੇਗਾ।'

ਅਤੇ ਉਹ ਆਪਣੀ ਗੱਲ 'ਤੇ ਉਮਰ ਭਰ ਕਾਇਮ ਰਹੇ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)