ਕੈਨੇਡਾ ਵਿੱਚ ਪੱਕੇ ਹੋਣ ਦੀ ਰਾਹ ਕਿਵੇਂ ਮੁਸ਼ਕਲ ਹੋਈ, ਸਰਕਾਰ ਨੇ ਇਹ ਨਿਯਮ ਬਦਲੇ

ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਪਰਵਾਸ ਨੀਤੀ ਦੇ ਨਿਯਮਾਂ ਵਿੱਚ ਹੋਏ ਕੁਝ ਬਦਲਾਅ ਦਾ ਐਲਾਨ ਕੀਤਾ ਹੈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਪਰਵਾਸ ਨੀਤੀ ਦੇ ਨਿਯਮਾਂ ਵਿੱਚ ਹੋਏ ਕੁਝ ਬਦਲਾਅ ਦਾ ਐਲਾਨ ਕੀਤਾ ਹੈ।
    • ਲੇਖਕ, ਬਰਿੰਦਰ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਕੈਨੇਡਾ ਸਰਕਾਰ ਆਪਣੇ ਐਕਸਪ੍ਰੈੱਸ ਐਂਟਰੀ ਸਿਸਟਮ ਵਿੱਚ ਬਦਲਾਅ ਕਰਨ ਜਾ ਰਹੀ ਹੈ। ਕੈਨੇਡਾ ਜਾਣ ਦੇ ਇਛੁੱਕ ਪਰਵਾਸੀਆਂ ਲਈ ਨਵੇਂ ਇਮੀਗ੍ਰੇਸ਼ਨਾਂ ਨਿਯਮਾਂ ਵਿੱਚ ਕੀਤੇ ਬਦਲਾਅ ਨਾਲ ਪੀਆਰ ਦਾ ਰਾਹ ਥੋੜ੍ਹਾ ਕਠਿਨ ਹੋਣ ਦਾ ਖਦਸ਼ਾ ਪੈਦਾ ਹੋ ਗਿਆ ਹੈ।

ਇਸ ਸਬੰਧੀ ਕੈਨੇਡਾ ਸਰਕਾਰ ਨੇ ਆਪਣੀ ਅਧਿਕਾਰਤ ਵੈੱਬਸਾਈਟ ਉਪਰ ਬਿਆਨ ਜਾਰੀ ਕਰ ਕੇ ਕੀਤੀਆਂ ਨਵੀਆਂ ਤਬਦੀਲੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।

ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਪਰਵਾਸ ਨੀਤੀ ਦੇ ਨਿਯਮਾਂ ਵਿੱਚ ਹੋਏ ਕੁਝ ਬਦਲਾਅ ਦਾ ਐਲਾਨ ਕੀਤਾ ਹੈ।

ਇਸ ਰਿਪੋਰਟ ਵਿੱਚ ਨਵੇਂ ਨਿਯਮ ਕੀ ਹਨ, ਕਦੋਂ ਤੋਂ ਲਾਗੂ ਹੋਣਗੇ ਅਤੇ ਇਸ ਨਾਲ ਪਰਵਾਸੀਆਂ 'ਤੇ ਕੀ ਪ੍ਰਭਾਵ ਪਵੇਗਾ, ਇਨ੍ਹਾਂ ਸਾਰੇ ਸਵਾਲਾਂ ਬਾਰੇ ਗੱਲ ਕਰਾਂਗੇ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਕੈਨੇਡਾ ਸਰਕਾਰ ਨੇ ਬਿਆਨ ਵਿੱਚ ਕੀ ਕਿਹਾ

ਕੈਨੇਡਾ ਦਾ ਐਕਸਪ੍ਰੈੱਸ ਐਂਟਰੀ ਸਿਸਟਮ ਇਹ ਯਕੀਨੀ ਬਣਾਉਂਦਾ ਹੈ ਕਿ ਕੈਨੇਡਾ ਕੋਲ ਆਰਥਿਕਤਾ ਵਧਾਉਣ ਲਈ ਹੁਨਰਵੰਦ ਕਾਮੇ ਹਨ। ਨਿਯਮਾਂ ਵਿੱਚ ਕੀਤੀਆਂ ਇਹ ਤਬਦੀਲੀਆਂ ਚੰਗੀ ਤਰ੍ਹਾਂ ਪ੍ਰਬੰਧਿਤ ਅਤੇ ਨਿਰਪੱਖ ਇਮੀਗ੍ਰੇਸ਼ਨ ਪ੍ਰਣਾਲੀ ਦਾ ਸਮਰਥਨ ਕਰਦੀਆਂ ਹਨ।

ਸਰਕਾਰ ਵੱਲੋਂ ਜਾਰੀ ਕੀਤੇ ਗਏ ਬਿਆਨ ਮੁਤਾਬਕ ਦੇਸ਼ ਵਿੱਚ ਧੋਖਾਧੜੀ ਨੂੰ ਰੋਕਣ ਅਤੇ ਘਟਾਉਣ ਲਈ ਚੱਲ ਰਹੇ ਯਤਨਾਂ ਦੇ ਹਿੱਸੇ ਵਜੋਂ ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਨਾਗਰਿਕਤਾ ਮੰਤਰੀ ਮਾਰਕ ਮਿਲਰ ਨੇ ਐਲਾਨ ਕੀਤਾ ਹੈ ਕਿ ਹੁਣ ਐਕਸਪ੍ਰੈਸ ਐਂਟਰੀ ਉਮੀਦਵਾਰਾਂ ਨੂੰ ਨੌਕਰੀ ਦੀ ਪੇਸ਼ਕਸ਼ ਹੋਣ ਲਈ ਵਾਧੂ ਅੰਕ ਨਹੀਂ ਮਿਲਣਗੇ।

ਅੱਗੇ ਕਿਹਾ ਗਿਆ ਹੈ ਕਿ ਇਹ ਅਸਥਾਈ ਮਾਪਦੰਡ ਲੇਬਰ ਮਾਰਕਿਟ ਇਮਪੈਕਟ ਅਸੈਸਮੈਂਟ (ਐੱਲਐੱਮਆਈਏ) ਨੂੰ ਗੈਰ-ਕਾਨੂੰਨੀ ਤੌਰ 'ਤੇ ਖਰੀਦਣ ਜਾਂ ਵੇਚਣ ਲਈ ਪ੍ਰੋਤਸਾਹਨ ਨੂੰ ਘਟਾ ਕੇ ਧੋਖਾਧੜੀ ਨੂੰ ਘਟਾਏਗਾ।

ਇਹ ਇਸ ਲਈ ਕੀਤਾ ਗਿਆ ਤਾਂ ਜੋ ਕਿਸੇ ਉਮੀਦਵਾਰ ਦੇ ਸਥਾਈ ਨਿਵਾਸੀ ਵਜੋਂ ਕੈਨੇਡਾ ਆਉਣ ਲਈ ਚੁਣੇ ਜਾਣ ਵਜੋਂ ਕੈਨੇਡਾ ਆਉਣ ਦੀਆਂ ਸੰਭਾਵਨਾਵਾਂ ਨੂੰ ਬਿਹਤਰ ਬਣਾਇਆ ਜਾ ਸਕੇ।

ਇਹ ਤਬਦੀਲੀ ਫਰਵਰੀ 2025 ਵਿੱਚ ਲਾਗੂ ਹੋਵੇਗੀ।

ਨਵੇਂ ਨਿਯਮਾਂ ਵਿੱਚ ਤਬਦੀਲੀ ਫਰਵਰੀ 2025 ਵਿੱਚ ਲਾਗੂ ਹੋਵੇਗੀ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨਵੇਂ ਨਿਯਮਾਂ ਵਿੱਚ ਤਬਦੀਲੀ ਫਰਵਰੀ 2025 ਵਿੱਚ ਲਾਗੂ ਹੋਵੇਗੀ।

ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਨਾਗਰਿਕਤਾ ਮੰਤਰੀ ਮਾਰਕ ਮਿਲਰ ਨੇ ਕਿਹਾ,"ਅਸੀਂ ਧੋਖਾਧਰੀ ਨੂੰ ਘਟਾਉਣ ਅਤੇ ਸਾਡੀ ਆਰਥਿਕਤਾ ਲਈ ਲੋੜੀਂਦੇ ਹੁਨਰਮੰਦ ਲੋਕਾਂ ਨੂੰ ਆਕਰਸ਼ਿਤ ਕਰਨ ਲਈ ਮਹੱਤਵਪੂਰਨ ਕਦਮ ਚੁੱਕ ਰਹੇ ਹਾਂ। ਇਮੀਗ੍ਰੇਸ਼ਨ ਹਮੇਸ਼ਾ ਹੀ ਕੈਨੇਡਾ ਦੀ ਸਫ਼ਲਤਾ ਦਾ ਆਧਾਰ ਰਿਹਾ ਹੈ ਅਤੇ ਅਸੀਂ ਕੈਨੇਡਾ ਵਿੱਚ ਸਭ ਤੋਂ ਉਤਮ ਅਤੇ ਹੋਣਹਾਰ ਲੋਕਾਂ ਦਾ ਸਵਾਗਤ ਕਰਨ ਲਈ ਵਚਨਬੱਧ ਹਾਂ ਤਾਂ ਜੋ ਹਰ ਕਿਸੇ ਦੀ ਤਰੱਕੀਆਂ ਲਈ ਲੋੜੀਂਦੀਆਂ ਮਿਆਰੀ ਨੌਕਰੀਆਂ, ਘਰਾਂ ਤੱਕ ਪਹੁੰਚ ਹੋ ਸਕੇ।"

ਬਿਆਨ ਵਿੱਚ ਕਿਹਾ ਗਿਆ, “ਸਾਡੇ ਦੇਸ਼ ਦੇ ਵਿਕਾਸ ਅਤੇ ਸਫਲ ਆਰਥਿਕ ਢਾਂਚੇ ਲਈ ਇਮੀਗ੍ਰੇਸ਼ਨ ਜ਼ਰੂਰੀ ਹੈ। ਅਸੀਂ ਮੁੱਖ ਖੇਤਰਾਂ ਵਿੱਚ ਕੰਮ ਕਰਨ ਲਈ ਆਉਣ ਵਾਲੇ ਨਵੇਂ ਲੋਕਾਂ ਦਾ ਸਵਾਗਤ ਕਰਨਾ ਜਾਰੀ ਰੱਖਦੇ ਹਾਂ।”

ਨਵੇਂ ਨਿਯਮਾਂ ਨਾਲ ਪਰਵਾਸੀਆਂ 'ਤੇ ਕੀ ਪ੍ਰਭਾਵ ਪਵੇਗਾ

ਕੈਨੇਡਾ ਸਰਕਾਰ ਦੇ ਬਿਆਨ ਮੁਤਾਬਕ ਇਨ੍ਹਾਂ ਨਿਯਮਾਂ ਦੇ ਲਾਗੂ ਹੋਣ ਤੋਂ ਬਾਅਦ ਇਹ ਤਬਦੀਲੀਆਂ ਐਕਸਪ੍ਰੈੱਸ ਐਂਟਰੀ ਸਿਸਟਮ ਰਾਹੀਂ ਸਥਾਈ ਨਿਵਾਸ (ਪੀਆਰ) ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਨੂੰ ਪ੍ਰਭਾਵਿਤ ਕਰਨਗੀਆਂ। ਇਨ੍ਹਾਂ ਵਿੱਚ ਮੌਜੂਦਾ ਸਮੇਂ ਕੈਨੇਡਾ 'ਚ ਅਸਥਾਈ ਤੌਰ 'ਤੇ ਕੰਮ ਕਰਨ ਵਾਲੇ ਕਾਮੇ ਵੀ ਸ਼ਾਮਲ ਹਨ।

ਇਹ ਤਬਦੀਲੀਆਂ ਉਨ੍ਹਾਂ ਨੂੰ ਪ੍ਰਭਾਵਿਤ ਨਹੀਂ ਕਰਨਗੀਆਂ, ਜਿਨ੍ਹਾਂ ਨੂੰ ਪਹਿਲਾਂ ਹੀ ਅਰਜ਼ੀ ਦੇਣ ਲਈ ਸੱਦਾ ਦਿੱਤਾ ਗਿਆ ਜਾਂ ਜਿਨ੍ਹਾਂ ਦੀ ਅਰਜ਼ੀ ਲੱਗ ਚੁੱਕੀ ਹੈ।

ਤਬਦੀਲੀ ਤੋਂ ਬਾਅਦ ਇਹ ਨਿਯਮ ਪੂਲ ਵਿੱਚ ਨੌਕਰੀ ਦੀ ਪੇਸ਼ਕਸ਼ ਕਰਨ ਵਾਲੇ ਸਾਰੇ ਉਮੀਦਵਾਰਾਂ ਦੇ ਨਾਲ-ਨਾਲ ਪੂਲ ਵਿੱਚ ਦਾਖਲ ਹੋਣ ਵਾਲੇ ਨਵੇਂ ਉਮੀਦਵਾਰਾਂ 'ਤੇ ਲਾਗੂ ਹੋਵੇਗਾ।

ਇਮੀਗ੍ਰੇਸ਼ਨ ਮਾਹਿਰਾਂ ਦਾ ਕੀ ਕਹਿਣਾ

ਇਮੀਗ੍ਰੇਸ਼ਨ ਕੰਸਲਟੈਂਟ ਰਛਪਾਲ ਸਿੰਘ ਸੋਸਣ ਨੇ ਬੀਬੀਸੀ ਨਾਲ ਇਸ ਮਾਮਲੇ ਉਪਰ ਗੱਲਬਾਤ ਕੀਤੀ ਹੈ।

ਰਛਪਾਲ ਦੱਸਦੇ ਹਨ, "ਪਹਿਲਾਂ ਜਦੋਂ ਕੋਈ ਬੰਦਾ ਜਿਸ ਕੋਲ ਐੱਲਐੱਮਆਈਏ ਬੇਸਡ ਨੌਕਰੀ ਹੈ, ਉਹ ਕੈਨੇਡਾ ਵਿੱਚ ਐਕਸਪ੍ਰੈੱਸ ਐਂਟਰੀ 'ਚ ਪੀਆਰ ਅਪਲਾਈ ਕਰਦਾ ਸੀ ਤਾਂ ਇਸ ਦੇ ਉਸ ਨੂੰ ਪੀਆਰ ਲਈ 50 ਪੁਆਇੰਟ ਵਾਧੂ ਮਿਲਦੇ ਸਨ ਪਰ ਹੁਣ ਨਵੀਆਂ ਤਬਦੀਲੀਆਂ ਕਾਰਨ ਇਹ 50 ਪੁਆਇੰਟ ਨਹੀਂ ਮਿਲਣਗੇ।"

ਉਨ੍ਹਾਂ ਦੱਸਿਆ, "ਨਿਯਮਾਂ ਵਿੱਚ ਕੀਤੀਆਂ ਨਵੀਆਂ ਤਬਦੀਲੀਆਂ ਨਾਲ ਪੀਆਰ ਵਾਲੀਆਂ ਫਾਈਲਾਂ ਉਪਰ ਪ੍ਰਭਾਵ ਤਾਂ ਜ਼ਰੂਰ ਪਵੇਗਾ ਪਰ ਇਸ ਦਾ ਵਰਕ ਪਰਮਿਟ 'ਤੇ ਕੋਈ ਅਸਰ ਨਹੀਂ ਹੋਵੇਗਾ।"

ਕੈਨੇਡਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੈਨੇਡਾ

ਰਛਪਾਲ ਸਿੰਘ ਅੱਗੇ ਦੱਸਦੇ ਹਨ, "ਜਿਨ੍ਹਾਂ ਨੂੰ ਪੀਆਰ ਲਈ ਇਨਵੀਟੇਸ਼ਨ ਟੂ ਅਪਲਾਈ (ਆਈਟੀਏ) ਆ ਚੁੱਕਿਆ ਹੈ, ਉਨ੍ਹਾਂ ਉਪਰ ਇਸ ਦਾ ਕੋਈ ਅਸਰ ਨਹੀਂ ਹੋਵੇਗਾ ਪਰ ਜਿਨ੍ਹਾਂ ਦੀਆਂ ਫਾਈਲਾਂ ਪੂਲ ਵਿੱਚ ਪਈਆਂ ਹਨ ਜਾਂ ਹੋਰ ਹੁਣ ਪੂਲ ਵਿੱਚ ਫਾਈਲਾਂ ਪਾਉਣਗੇ, ਉਨ੍ਹਾਂ ਨੂੰ ਨਵੀਆਂ ਤਬਦੀਲੀਆਂ ਕਾਰਨ ਰੁਕਾਵਟ ਆਵੇਗੀ।"

ਇਮੀਗ੍ਰੇਸ਼ਨ ਕੰਸਲਟੈਂਟ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ, "ਫੈਡਰੇਲ ਸਰਕਾਰ ਦੇ ਪੀਐੱਨਪੀ ਲਈ ਵੱਖ-ਵੱਖ ਪ੍ਰੋਗਰਾਮ ਹਨ, ਜਿਨ੍ਹਾਂ ਵਿੱਚ ਪੀਆਰ ਲੈਣ ਲਈ ਕੈਨੇਡਾ ਵਿੱਚ ਪੀਆਰ ਲੈਣ ਲਈ ਮੌਜੂਦਾ ਸਮੇਂ 535-540 ਪੁਆਇੰਟ ਚਾਹੀਦੇ ਹਨ। ਪਹਿਲਾਂ ਜਦੋਂ 475-480 ਤੱਕ ਪੁਆਇੰਟ ਲੈਣੇ ਹੁੰਦੇ ਸਨ ਤਾਂ ਉਦੋਂ ਆਈਲਸ ਵਿੱਚੋਂ ਟ੍ਰਿਪਲ 7, 8 ਸਕੋਰ ਅਤੇ ਇਸ ਦੇ ਨਾਲ ਜੌਬ ਦੇ ਪੁਆਇੰਟ ਲਾ ਕੇ ਇਹ ਅੰਕ ਪੂਰੇ ਹੋ ਜਾਂਦੇ ਸਨ।"

"ਕੈਨੇਡਾ ਵਿੱਚ ਹੋਈ ਸਖ਼ਤੀ ਕਾਰਨ ਹੁਣ ਕਈ ਨੌਜਵਾਨ ਆਪਣੇ ਪੁਆਇੰਟ ਪੂਰੇ ਕਰਨ ਲਈ ਐੱਲਐੱਮਆਈਏ ਖਰੀਦ ਰਹੇ ਹਨ। ਇਸ ਪਿੱਛੇ ਕਾਰਨ ਇਹ ਹੈ ਕਿ ਕੈਨੇਡਾ ਵਿੱਚ ਪੀਆਰ ਲੈਣ ਦਾ ਸਕੋਰ ਕਾਫੀ ਵੱਧ ਗਿਆ ਹੈ। ਨੌਜਵਾਨਾਂ ਵਿੱਚ ਹੁਣ ਡਰ ਹੈ ਕਿ ਇਸ ਸਖ਼ਤੀ ਕਾਰਨ ਉਹ ਪੱਕੇ ਨਹੀਂ ਹੋਣਗੇ ਤੇ ਉਨ੍ਹਾਂ ਨੂੰ ਵਾਪਸ ਪਰਤਣਾ ਪਵੇਗਾ।"

ਗੁਰਪ੍ਰੀਤ ਸਿੰਘ ਦੱਸਦੇ ਹਨ ਕਿ ਕੈਨੇਡਾ ਸਰਕਾਰ ਦੀ ਸਖ਼ਤੀ ਕਾਰਨ ਕਈ ਨੌਜਵਾਨ ਕੈਨੇਡਾ ਤੋਂ ਅਮਰੀਕਾ ਵੱਲ ਵੀ ਪਰਵਾਸ ਕਰ ਚੁੱਕੇ ਹਨ ਤੇ ਕਈ ਵਾਪਸ ਭਾਰਤ ਪਰਤ ਗਏ ਹਨ।

ਉਨ੍ਹਾਂ ਇਹ ਵੀ ਦੱਸਿਆ ਕਿ ਕਈ ਲੋਕ ਕੈਨੇਡਾ ਵਿੱਚ ਨੌਜਵਾਨਾਂ ਨਾਲ ਇਹ ਸਮਝੌਤਾ ਕਰਦੇ ਹਨ ਕਿ ਉਹ ਤਿੰਨ ਸਾਲ ਤੱਕ ਉਨ੍ਹਾਂ ਕੋਲ ਘੱਟ ਤਨਖ਼ਾਹ ਉਪਰ ਕੰਮ ਕਰਨ ਤਾਂ ਬਾਅਦ ਵਿੱਚ ਉਨ੍ਹਾਂ ਨੂੰ ਪੇਪਰ ਦਿੱਤੇ ਜਾਣਗੇ।

"ਐੱਲਐੱਮਆਈਏ ਦੇ ਨਾਂ ਉਪਰ ਕੈਨੇਡਾ ਵਿੱਚ ਕਈ ਨੌਜਵਾਨ ਲੜਕੇ-ਲੜਕੀਆਂ ਦਾ ਸ਼ੋਸ਼ਣ ਕੀਤਾ ਜਾ ਰਿਹਾ। "

ਐਕਸਪ੍ਰੈੱਸ ਐਂਟਰੀ ਸਿਸਟਮ ਕੀ ਹੈ?

ਕਈ ਲੋਕ ਕੈਨੇਡਾ ਵਿੱਚ ਨੌਜਵਾਨਾਂ ਨਾਲ ਇਹ ਸਮਝੌਤਾ ਕਰਦੇ ਹਨ ਕਿ ਉਹ ਤਿੰਨ ਸਾਲ ਤੱਕ ਉਨ੍ਹਾਂ ਕੋਲ ਘੱਟ ਤਨਖ਼ਾਹ ਉਪਰ ਕੰਮ ਕਰਨ ਤਾਂ ਬਾਅਦ ਵਿੱਚ ਉਨ੍ਹਾਂ ਨੂੰ ਪੇਪਰ ਦਿੱਤੇ ਜਾਣਗੇ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਈ ਲੋਕ ਕੈਨੇਡਾ ਵਿੱਚ ਨੌਜਵਾਨਾਂ ਨਾਲ ਇਹ ਸਮਝੌਤਾ ਕਰਦੇ ਹਨ ਕਿ ਉਹ ਤਿੰਨ ਸਾਲ ਤੱਕ ਉਨ੍ਹਾਂ ਕੋਲ ਘੱਟ ਤਨਖ਼ਾਹ ਉਪਰ ਕੰਮ ਕਰਨ ਤਾਂ ਬਾਅਦ ਵਿੱਚ ਉਨ੍ਹਾਂ ਨੂੰ ਪੇਪਰ ਦਿੱਤੇ ਜਾਣਗੇ।

ਗੁਰਪ੍ਰੀਤ ਸਿੰਘ ਦੱਸਦੇ ਹਨ, "ਇਮੀਗ੍ਰੇਸ਼ਨ ਦੀ ਭਾਸ਼ਾ ਵਿੱਚ ਐਕਸਪ੍ਰੈੱਸ ਐਂਟਰੀ ਸਿਸਟਮ ਨੂੰ ਪੂਲ ਸਿਸਟਮ ਕਿਹਾ ਜਾਂਦਾ ਹੈ। ਇਹ ਇੱਕ ਪੋਰਟਲ ਹੈ, ਜਿਸ ਦੇ ਡਰਾਅ ਨਿਕਲਦੇ ਹਨ। ਇਸ ਵਿੱਚ ਵਿਅਕਤੀ ਕੋਲ ਜਿਸ ਥਾਂ ਦੀ ਲੈਟਰ ਹੁੰਦੀ ਹੈ, ਉਸ ਨੂੰ ਉਥੋਂ ਦੀ ਪੀਐੱਨਪੀ ਮਿਲ ਜਾਂਦੀ ਹੈ। ਇਸ ਵਿੱਚ ਬਣੇ ਸਿਸਟਮ ਰਾਹੀਂ ਪੀਆਰ ਦੀਆਂ ਫਾਈਲਾਂ ਲਗਾਈਆਂ ਜਾਂਦੀਆਂ ਹਨ।"

"ਇਸ ਰਾਹੀਂ ਕੋਈ ਵੀ ਵਿਅਕਤੀ ਜੋ ਫੈਡਰਲ ਸਰਕਾਰ ਦੇ ਦਿੱਤੇ ਪੁਆਇੰਟਾਂ ਨੂੰ ਪੂਰਾ ਕਰਦਾ ਹੋਵੇ, ਪੀਆਰ ਲਈ ਅਪਲਾਈ ਕਰ ਸਕਦਾ ਹੈ।"

ਗੁਰਪ੍ਰੀਤ ਸਿੰਘ ਮੁਤਾਬਕ, "ਇਸ ਵਿੱਚ ਮਾਸਟਰ ਡਿਗਰੀ, ਦੋ ਤੋਂ ਤਿੰਨ ਸਾਲ ਦਾ ਤਜਰਬਾ, ਆਈਲਸ ਜਨਰਲ ਵਿੱਚੋਂ ਟ੍ਰਿਪਲ 7, 8 ਬੈਂਡ ਇਸ ਦੇ ਆਧਾਰ 'ਤੇ ਤੁਸੀਂ ਫਾਈਲ ਲਾਉਣ ਦੇ ਯੋਗ ਹੋ ਜਾਂਦੇ ਹੋ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)