ਕੈਨੇਡਾ ਨੇ ਭਾਰਤ ਸਣੇ ਕਈ ਦੇਸ਼ਾਂ ਦੇ ਵਿਦਿਆਰਥੀਆਂ ਲਈ ਬਣੀ ਸਟੂਡੈਂਟ ਡਾਇਰੈਕਟ ਸ੍ਰਟੀਮ ਖ਼ਤਮ ਕੀਤੀ, ਹੁਣ ਕੀ ਰਾਹ

ਕੈਨੇਡਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਐੱਸਡੀਐੱਸ ਸਕੀਮ 2018 ਵਿੱਚ ਸ਼ੁਰੂ ਕੀਤੀ ਗਈ ਸੀ ਤਾਂ ਜੋ ਯੋਗ ਪੋਸਟ-ਸੈਕੰਡਰੀ ਵਿਦਿਆਰਥੀਆਂ ਲਈ ਅਰਜ਼ੀਆਂ ਉੱਤੇ ਸੁਣਵਾਈ ਦੀ ਪ੍ਰਕਿਰਿਆ ਤੇਜ਼ ਕੀਤੀ ਸਕੇ।

ਕੈਨੇਡਾ ਨੇ ਭਾਰਤ ਸਣੇ ਕਈ ਦੇਸ਼ਾਂ ਦੇ ਵਿਦਿਆਰਥੀਆਂ ਲਈ ਸਟੂਡੈਂਟ ਡਾਇਰੈਕਟ ਸਟ੍ਰੀਮ ਖ਼ਤਮ ਕਰ ਦਿੱਤਾ ਹੈ। ਇਸ ਦੇ ਨਾਲ ਹੀ ਨਾਈਜੀਰੀਆ ਸਟੂਡੈਂਟ ਐਕਸਪ੍ਰੈਸ ਸਕੀਮ ਵੀ ਬੰਦ ਕੀਤੀ ਗਈ ਹੈ।

ਕੈਨੇਡਾ ਸਰਕਾਰ ਦੀ ਅਧਿਕਾਰਿਤ ਵੈੱਬਸਾਈਟ ਉੱਤੇ ਸਾਂਝੀ ਕੀਤੀ ਜਾਣਕਾਰੀ ਵਿੱਚ ਕਿਹਾ ਗਿਆ ਕਿ ਕੈਨੇਡਾ ਸਾਰੇ ਕੌਮਾਂਤਰੀ ਵਿਦਿਆਰਥੀਆਂ ਲਈ ਸਟੱਡੀ ਪਰਮਿਟ ਲਈ ਅਰਜ਼ੀ ਪ੍ਰਕਿਰਿਆ ਬਰਾਬਰ ਅਤੇ ਨਿਰਪੱਖ ਰੱਖਣ ਲਈ ਵਚਨਬੱਧ ਹੈ।

ਸਟੂਡੈਂਟ ਡਾਇਰੈਕਟ ਸਟ੍ਰੀਮ (ਐੱਸਡੀਐੱਸ) ਨੂੰ 2018 ਵਿੱਚ ਸ਼ੁਰੂ ਕੀਤਾ ਗਿਆ ਸੀ ਤਾਂ ਜੋ ਯੋਗ ਪੋਸਟ-ਸੈਕੰਡਰੀ ਵਿਦਿਆਰਥੀਆਂ ਲਈ ਅਰਜ਼ੀਆਂ ਉੱਤੇ ਸੁਣਵਾਈ ਦੀ ਪ੍ਰਕਿਰਿਆ ਤੇਜ਼ ਕੀਤੀ ਸਕੇ।

ਐੱਸਡੀਐੱਸ ਨੂੰ ਐਂਟੀਗੁਆ ਅਤੇ ਬਾਰਬੁਡਾ, ਬ੍ਰਾਜ਼ੀਲ, ਚੀਨ, ਕੋਲੰਬੀਆ, ਕੋਸਟਾ ਰੀਕਾ, ਭਾਰਤ, ਮੋਰੋਕੋ, ਪਾਕਿਸਤਾਨ, ਪੇਰੂ, ਫਿਲੀਪੀਨਜ਼, ਸੇਨੇਗਲ, ਸੇਂਟ ਵਿਨਸੈਂਟ ਅਤੇ ਗ੍ਰੇਨਾਡਾਈਨਜ਼, ਤ੍ਰਿਨੀਦਾਦ ਤੇ ਟੋਬੈਗੋ, ਅਤੇ ਵੀਅਤਨਾਮ ਦੇ ਕਾਨੂੰਨੀ ਵਾਸੀਆਂ ਲਈ ਖੋਲ੍ਹਿਆ ਗਿਆ ਸੀ।

ਕੈਨੇਡਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੈਨੇਡਾ ਵੱਲੋਂ ਕੌਮਾਂਤਰੀ ਵਿਦਿਆਰਥੀਆਂ ਲਈ ਅਕਾਦਮਿਕ ਅਨੁਭਵ ਨੂੰ ਸਕਾਰਾਤਮਕ ਬਣਾਉਣ ਦੀ ਗੱਲ ਵੀ ਕੀਤੀ ਜਾ ਰਹੀ ਹੈ।

ਨਾਈਜੀਰੀਆ ਦੇ ਸੰਭਾਵੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਵੀ ਅਜਿਹੀ ਐੱਸਡੀਐੱਸ ਵਰਗੀ ਸਹੂਲਤ ਦੇਣ ਲਈ ਨਾਈਜੀਰੀਆ ਸਟੂਡੈਂਟ ਐਕਸਪ੍ਰੈਸ (ਐੱਨਐੱਸਈ)ਪ੍ਰਕਿਰਿਆ ਮੁਹੱਈਆ ਕਰਵਾਈ ਗਈ ਸੀ।

ਕੈਨੇਡਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਟੀਚਾ ਪ੍ਰੋਗਰਾਮ ਦੀ ਇਕਸਾਰਤਾ ਨੂੰ ਮਜ਼ਬੂਤ ਕਰਨਾ, ਵਿਦਿਆਰਥੀ ਨੂੰ ਕਿਸੇ ਕਿਸਮ ਦੇ ਨੁਕਸਾਨ ਤੋਂ ਬਚਾਉਣਾ ਅਤੇ ਸਾਰੇ ਵਿਦਿਆਰਥੀਆਂ ਨੂੰ ਇੱਕੋ ਜਿਹੀ ਅਤੇ ਨਿਰਪੱਖ ਅਰਜ਼ੀ ਪ੍ਰਕਿਰਿਆ ਦਾ ਮੌਕਾ ਦੇਣਾ ਹੈ।

ਇਸ ਦੇ ਨਾਲ ਹੀ ਉਹ ਕੌਮਾਂਤਰੀ ਵਿਦਿਆਰਥੀਆਂ ਲਈ ਅਕਾਦਮਿਕ ਅਨੁਭਵ ਨੂੰ ਸਕਾਰਾਤਮਕ ਬਣਾਉਣ ਦੀ ਗੱਲ ਵੀ ਕੀਤੀ ਜਾ ਰਹੀ ਹੈ।

ਇਸ ਵਚਨਬੱਧਤਾ ਨੂੰ ਪੂਰਾ ਕਰਨ ਲਈ, ਸਟੂਡੈਂਟ ਡਾਇਰੈਕਟ ਸਟ੍ਰੀਮ ਅਤੇ ਨਾਈਜੀਰੀਆ ਸਟੂਡੈਂਟ ਐਕਸਪ੍ਰੈਸ ਪਹਿਲਕਦਮੀਆਂ ਕੈਨੇਡਾ ਸਮੇਂ ਮੁਤਾਬਕ 8 ਨਵੰਬਰ ਦੀ ਦੁਪਹਿਰ 2:00 ਵਜੇ ਤੱਕ ਖ਼ਤਮ ਹੋ ਗਈਆਂ ਹਨ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਕੌਮਾਂਤਰੀ ਵਿਦਿਆਰਥੀਆਂ ਲਈ ਅਗਲੇ ਕਦਮ

ਕੌਮਾਂਤਰੀ ਵਿਦਿਆਰਥੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੈਨੇਡੀਅਨ ਸਰਕਾਰ ਦਾ ਕਹਿਣਾ ਹੈ ਕਿ ਸਾਰੇ ਵਿਦਿਆਰਥੀ, ਚਾਹੇ ਉਹ ਐੱਸਡੀਐੱਸ ਜਾਂ ਐੱਨਐੱਸਈ ਲਈ ਯੋਗ ਸਨ, ਉਹਨਾਂ ਨੂੰ ਕੈਨੇਡਾ ਦੀਆਂ ਸਟੱਡੀ ਪਰਮਿਟ ਅਰਜ਼ੀਆਂ ਦੀਆਂ ਲੋੜਾਂ ਨੂੰ ਪੂਰਾ ਕਰਨ ਦੀ ਲੋੜ ਹੁੰਦੀ ਹੈ।

ਸੰਭਾਵੀ ਕੌਮਾਂਤਰੀ ਵਿਦਿਆਰਥੀਆਂ ਨੂੰ ਮੌਜੂਦਾ ਨਿਯਮਤ ਸਟੱਡੀ ਪਰਮਿਟ ਸਟ੍ਰੀਮ ਅਧੀਨ ਅਰਜ਼ੀਆਂ ਦਾਖ਼ਲ ਕਰਨ ਲਈ ਕਿਹਾ ਗਿਆ ਹੈ। ਜਿਸ ਤਹਿਤ ਵਿਦਿਆਰਥੀਆਂ ਲਈ ਮੌਜੂਦ ਵਿੱਤੀ ਸਹਾਇਤਾ ਦੇ ਸਬੂਤ ਵਜੋਂ ਗਾਰੰਟੀਸ਼ੁਦਾ ਨਿਵੇਸ਼ ਸਰਟੀਫਿਕੇਟਾਂ ਦੀ ਲੋੜ ਹੁੰਦੀ ਹੈ।

ਕੈਨੇਡੀਅਨ ਸਰਕਾਰ ਦਾ ਕਹਿਣਾ ਹੈ ਕਿ ਕੈਨੇਡਾ ਦੁਨੀਆ ਭਰ ਦੇ ਕੌਮਾਂਤਰੀ ਵਿਦਿਆਰਥੀਆਂ ਦਾ ਸੁਆਗਤ ਕਰਨਾ ਜਾਰੀ ਰੱਖੇਗਾ।

ਯੋਗ ਅਰਜ਼ੀਆਂ ਜਿਹੜੀਆਂ 8 ਨਵੰਬਰ, ਦੁਪਹਿਰ 2:00 ਵਜੇ ਤੋਂ ਪਹਿਲਾਂ ਐੱਸਡੀਐੱਸ ਅਤੇ ਐੱਨਐੱਸਈ ਤਹਿਤ ਪ੍ਰਾਪਤ ਹੋਣਗੀਆਂ, ਉਹਨਾਂ ਉਪਰ ਹੀ ਇਨ੍ਹਾਂ ਸਕੀਮਾਂ ਤਹਿਤ ਕਾਰਵਾਈ ਕੀਤੀ ਜਾਵੇਗੀ।

ਇਸ ਤੋਂ ਬਾਅਦ ਕੌਮਾਂਤਰੀ ਵਿਦਿਆਰਥੀਆਂ ਵਲੋਂ ਪੜ੍ਹਾਈ ਲਈ ਜਮ੍ਹਾਂ ਕਰਵਾਈਆਂ ਗਈਆਂ ਅਰਜ਼ੀਆਂ 'ਤੇ ਰੈਗੂਲਰ ਸਟੱਡੀ ਪਰਮਿਟ ਸਟ੍ਰੀਮ ਦੇ ਤਹਿਤ ਕਾਰਵਾਈ ਕੀਤੀ ਜਾਵੇਗੀ।

ਇਹ ਬਦਲਾਅ ਉਨ੍ਹਾਂ ਵਿਦਿਆਰਥੀਆਂ ਦੀ ਯੋਗਤਾ ਨੂੰ ਪ੍ਰਭਾਵਿਤ ਨਹੀਂ ਕਰੇਗਾ ਜੋ ਕਿਸੇ ਅਜਿਹੇ ਦੇਸ਼ ਤੋਂ ਸਟੱਡੀ ਪਰਮਿਟ ਲਈ ਅਰਜ਼ੀ ਦੇਣਾ ਚਾਹੁੰਦੇ ਹਨ ਜਿੱਥੇ ਐੱਸਡੀਐੱਸ ਜਾਂ ਐੱਨਐੱਸਈ ਪਹਿਲਕਦਮੀਆਂ ਹਾਲੇ ਵੀ ਜਾਰੀ ਹਨ।

ਹਾਲਾਂਕਿ ਕੈਨੇਡੀਅਨ ਸਰਕਾਰ ਦਾ ਕਹਿਣਾ ਹੈ ਕਿ ਸਾਰੇ ਵਿਦਿਆਰਥੀ, ਚਾਹੇ ਉਹ ਐੱਸਡੀਐੱਸ ਜਾਂ ਐੱਨਐੱਸਈ ਲਈ ਯੋਗ ਸਨ, ਉਹਨਾਂ ਨੂੰ ਕੈਨੇਡਾ ਦੀਆਂ ਸਟੱਡੀ ਪਰਮਿਟ ਅਰਜ਼ੀਆਂ ਦੀਆਂ ਲੋੜਾਂ ਨੂੰ ਪੂਰਾ ਕਰਨ ਦੀ ਲੋੜ ਹੁੰਦੀ ਹੈ।

ਪਰਵਾਸ ਦੇ ਟੀਚੇ

ਕੈਨੇਡਾ ਦੀ ਪੀਆਰ ਟੀਚਿਆਂ ’ਚ ਕਟੌਤੀ ਦਾ ਵਿਦਿਆਰਥੀਆਂ ’ਤੇ ਅਸਰ

ਹਾਲ ਹੀ ਵਿੱਚ ਕੈਨੇਡਾ ਨੇ ਆਪਣੀ ਪਰਵਾਸ ਨੀਤੀ ’ਚ ਅਹਿਮ ਬਦਲਾਅ ਕਰਦਿਆਂ ਆਉਂਦੇ ਤਿੰਨ ਸਾਲਾਂ ਲਈ ਪੀਆਰ ਟੀਚਿਆਂ ’ਚ ਵੱਡੀ ਕਟੌਤੀ ਕੀਤੀ ਸੀ।

ਮਾਹਰਾਂ ਮੁਤਾਬਕ ਜਿੱਥੇ ਇਸ ਨਾਲ ਕੈਨੇਡਾ ਵਿੱਚ ਰਹਿ ਰਹੇ ਕੌਮਾਂਤਰੀ ਵਿਦਿਆਰਥੀਆਂ ਲਈ ਕੈਨੇਡਾ ਦੀ ਪੀਆਰ ਲੈਣਾ ਹੋਰ ਮੁਸ਼ਕਲ ਹੋ ਜਾਵੇਗਾ, ਉੱਥੇ ਹੀ ਭਾਰਤ ਵਿੱਚੋਂ ਕੈਨੇਡਾ ਜਾ ਕੇ ਪੜ੍ਹਨ ਦੀ ਚਾਹ ਰੱਖਦੇ ਵਿਦਿਆਰਥੀਆਂ ਦੀਆਂ ਉਮੀਦਾਂ 'ਤੇ ਵੀ ਇਸ ਦਾ ਅਸਰ ਪਵੇਗਾ।

ਸਰਕਾਰੀ ਬਿਆਨ ਮੁਤਾਬਕ ਇਹ ਪਹਿਲੀ ਵਾਰ ਹੈ ਕਿ ਕੈਨੇਡਾ ਵੱਲੋਂ ਅਸਥਾਈ ਵਿਦੇਸ਼ੀ ਕਾਮਿਆਂ ਤੇ ਕੌਮਾਂਤਰੀ ਵਿਦਿਆਰਥੀਆਂ ਬਾਰੇ ਵੀ ਟੀਚੇ ਜਾਰੀ ਕੀਤੇ ਗਏ ਹਨ।

ਪਰਵਾਸ ਦੇ ਟੀਚੇ

ਪੰਜਾਬ, ਹਰਿਆਣਾ ਅਤੇ ਗੁਜਰਾਤ ਸਣੇ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਵੱਡੀ ਗਿਣਤੀ ’ਚ ਵਿਦਿਆਰਥੀ ਕੈਨੇਡਾ ਪੜ੍ਹਦੇ ਹਨ।

ਕੈਨੇਡਾ ਵਿੱਚ ਰਹਿ ਰਹੇ ਅਸਥਾਈ ਕਾਮਿਆਂ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਹਨ ਜਿਨ੍ਹਾਂ ਵਿੱਚ ਪੰਜਾਬੀਆਂ ਦੀ ਇੱਕ ਵੱਡੀ ਗਿਣਤੀ ਹੈ।

ਅਕਤੂਬਰ ਮਹੀਨੇ ਦੇ ਅੰਤ ਵਿੱਚ ਜਸਟਿਨ ਟਰੂਡੋ ਨੇ ਸਥਾਈ ਵਸਨੀਕਾਂ ਦੇ ਟੀਚਿਆਂ ਬਾਰੇ ਇੱਕ ਐਲਾਨ ਕਰਦਿਆਂ ਆਪਣੇ ਐਕਸ ਅਕਾਊਂਟ ’ਤੇ ਲਿਖਿਆ ਸੀ, “ਅਸੀਂ ਕੈਨੇਡਾ ਵਿੱਚ ਆ ਰਹੇ ਪਰਵਾਸੀਆਂ ਦੀ ਗਿਣਤੀ ਵੱਡੇ ਪੱਧਰ ਉੱਤੇ ਘਟਾਉਣ ਜਾ ਰਹੇ ਹਾਂ।”

“ਅਸੀਂ ਅਸਥਾਈ ਤੌਰ ਉੱਤੇ ਆਪਣੀ ਆਬਾਦੀ ਵਿੱਚ ਵਾਧੇ ਉੱਤੇ ਰੋਕ ਲਾਉਣ ਜਾ ਰਹੇ ਹਾਂ ਤਾਂ ਜੋ ਸਾਡੀ ਆਰਥਿਕਤਾ ਲੀਹਾਂ ’ਤੇ ਆ ਸਕੇ।”

ਕੈਨੇਡਾ ਕੌਮਾਂਤਰੀ ਵਿਦਿਆਰਥੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੈਨੇਡਾ ਨੇ ਆਪਣੀ ਪਰਵਾਸ ਨੀਤੀ ’ਚ ਬਦਲਾਅ ਕਰਦਿਆਂ ਆਉਂਦੇ ਤਿੰਨ ਸਾਲਾਂ ਲਈ ਪੀਆਰ ਟੀਚਿਆਂ ’ਚ ਵੱਡੀ ਕਟੌਤੀ ਕੀਤੀ ਹੈ।

10 ਸਾਲਾਂ ਦੇ ਮਲਟੀਪਲ ਵੀਜ਼ਾ ਵਿੱਚ ਹੋਇਆ ਬਦਲਾਅ

ਕੈਨੇਡਾ ਵਿੱਚ ਕੌਮਾਂਤਰੀ ਵਿਦਿਆਰਥੀਆਂ ਲਈ ਸਟੱਡੀ ਪਰਮਿਟ ਅਤੇ ਆਰਜ਼ੀ ਕਾਮਿਆਂ ਦੀ ਗਿਣਤੀ ਨੂੰ ਸੀਮਤ ਕਰਨ ਤੋਂ ਬਾਅਦ ਮਲਟੀਪਲ ਵੀਜ਼ਾ ਐਂਟਰੀ ਦੇ ਨਿਯਮਾਂ ਵਿੱਚ ਵੀ ਇਸੇ ਮਹੀਨੇ ਬਦਲਾਅ ਕੀਤਾ ਗਿਆ ਸੀ।

ਕੈਨੇਡਾ ਇਮੀਗ੍ਰੇਸ਼ਨ ਦੀ ਅਧਿਕਾਰਤ ਵੈਬਸਾਈਟ ਉੱਤੇ ਦਿੱਤੇ ਨਵੇਂ ਦਿਸ਼ਾ-ਨਿਰਦੇਸ਼ਾਂ ਮੁਤਾਬਕ, ਕੈਨੇਡਾ ਨੇ ਕਿਹਾ ਸੀ ਕਿ ਪਹਿਲਾਂ ਤੋਂ ਜਾਰੀ ਮਲਟੀਪਲ ਐਂਟਰੀ ਵੀਜ਼ਾ ਦਸਤਾਵੇਜ਼ ਹੁਣ ਕੈਨੇਡਾ ਵਿੱਚ ਪ੍ਰਵੇਸ਼ ਲਈ ਕੋਈ ਤੈਅ ਪੈਮਾਨਾ ਨਹੀਂ ਹੋਵੇਗਾ।

ਇਹ ਇਮੀਗ੍ਰੇਸ਼ਨ ਅਧਿਕਾਰੀ ਉੱਤੇ ਨਿਰਭਰ ਕਰੇਗਾ ਕਿ ਉਹ ਕਿਸੇ ਨੂੰ ਸਿੰਗਲ ਜਾਂ ਮਲਟੀਪਲ ਐਂਟਰੀ ਦੀ ਇਜਾਜ਼ਤ ਦਿੰਦਾ ਹੈ ਜਾਂ ਨਹੀਂ ਹੈ।

ਇਸ ਤੋਂ ਇਲਾਵਾ ਵੈਧਤਾ ਦੀ ਮਿਆਦ ਬਾਰੇ ਵੀ ਅਧਿਕਾਰੀ ਆਪਣੇ ਵਿਵੇਕ ਨਾਲ ਫ਼ੈਸਲਾ ਲੈ ਸਕਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)