ਕੈਨੇਡਾ: ਵੈਨਕੂਵਰ ਫੂਡ ਬੈਂਕ ਨੇ ਹੁਣ ਕੌਮਾਂਤਰੀ ਵਿਦਿਆਰਥੀਆਂ ਨੂੰ ਭੋਜਨ ਦੇਣ ਤੋਂ ਕਿਉਂ ਕੀਤੀ ਨਾਂਹ

ਤਸਵੀਰ ਸਰੋਤ, Getty Images
- ਲੇਖਕ, ਬਰਿੰਦਰ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਕੈਨੇਡਾ ਵਿੱਚ ਵੱਧ ਰਹੀ ਭੋਜਨ ਦੀ ਮੰਗ ਨਵੀਂ ਚਿੰਤਾ ਖੜ੍ਹੀ ਕਰ ਰਹੀ ਹੈ, ਜਿਸ ਦੇ ਨਤੀਜੇ ਵਜੋਂ ਹਾਲ ਹੀ ਵਿੱਚ ਵੈਨਕੂਵਰ ਦੇ ਇੱਕ ਸਥਾਨਕ ਫੂਡ ਬੈਂਕ ਨੇ ਪਹਿਲੇ ਸਾਲ ਦੇ ਕੌਮਾਂਤਰੀ ਵਿਦਿਆਰਥੀਆਂ ਨੂੰ ਭੋਜਣ ਦੇਣ ਤੋਂ ਮਨ੍ਹਾਂ ਕਰ ਦਿੱਤਾ ਹੈ।
ਕੈਨੇਡਾ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਗਰੇਟਰ ਵੈਨਕੂਵਰ ਫੂਡ ਬੈਂਕ ਨੇ ਉਨ੍ਹਾਂ ਕੋਲ ਰੋਜ਼ਾਨਾ ਵੱਧ ਰਹੀ ਗਿਣਤੀ ਨੂੰ ਮੁੱਖ ਕਾਰਨ ਦੱਸਿਆ ਹੈ। ਉਨ੍ਹਾਂ ਮੁਤਾਬਕ ਕੁਝ ਕੁ ਸਾਲਾਂ ਵਿੱਚ ਹੀ ਉਨ੍ਹਾਂ ਉਪਰ ਭਾਰ ਕਾਫ਼ੀ ਵਧਿਆ ਹੈ।
ਗਰੇਟਰ ਵੈਨਕੂਵਰ ਫੂਡ ਬੈਂਕ ਵਿੱਚ ਬਤੌਰ ਸੰਚਾਰ ਪ੍ਰਬੰਧਕ ਐਮਾ ਨੈਲਸਨ ਨੇ ਮੀਡੀਆ ਨੂੰ ਈਮੇਲ ਰਾਹੀਂ ਦੱਸਿਆ ਕਿ ਸਰਕਾਰ ਦੀ ਮੌਜੂਦਾ ਨੀਤੀ ਕਹਿੰਦੀ ਹੈ ਕਿ ਕੌਮਾਂਤਰੀ ਵਿਦਿਆਰਥੀਆਂ ਨੂੰ ਕੈਨੇਡਾ ਆਉਣ ਤੋਂ ਪਹਿਲਾਂ ਆਪਣੇ ਨਾਲ ‘ਵੱਡੀ ਬੱਚਤ’ ਨਾਲ ਲੈ ਕੇ ਆਉਣ ਦੀ ਲੋੜ ਹੁੰਦੀ ਹੈ।
ਫੈਡਰਲ ਨਿਯਮਾਂ ਅਨੁਸਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣ ਲਈ ਕੌਮਾਂਤਰੀ ਵਿਦਿਆਰਥੀਆਂ ਨੂੰ ਟਿਊਸ਼ਨ ਅਤੇ ਯਾਤਰਾ ਦੇ ਖਰਚਿਆਂ ਤੋਂ ਇਲਾਵਾ 20,635 ਡਾਲਰ ਨਿੱਜੀ ਬੱਚਤ ਲਈ ਆਪਣੇ ਕੋਲ ਰੱਖਣੇ ਹੁੰਦੇ ਹਨ।
ਕੈਨੇਡਾ ਵਿਚਲੇ ਕੌਮਾਂਤਰੀ ਵਿਦਿਆਰਥੀ ਕਾਰਕੁਨ ਜਸਕਰਨ ਬੈਨੀਪਾਲ ਦਾ ਕਹਿਣਾ ਹੈ, ''ਗਰੇਟਰ ਵੈਨਕੂਵਰ ਫੂਡ ਬੈਂਕ ਵੱਲੋਂ ਵਿਦਿਆਰਥੀਆਂ ਦੇ ‘ਜੀਆਈਸੀ’ ਦਾ ਕਾਰਨ ਦੱਸ ਕੇ ਭੋਜਨ ਨੂੰ ਮਨ੍ਹਾਂ ਕਰਨਾ ਬੇਹੱਦ ਮੰਗਭਾਗਾ ਹੈ।''

ਇਸ ਫ਼ੈਸਲੇ ਤੋਂ ਬਾਅਦ ਗਰੇਟਰ ਵੈਨਕੂਵਰ ਫੂਡ ਬੈਂਕ ਨੂੰ ਆਲੋਚਨਾ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।
ਬੀਬੀਸੀ ਪੰਜਾਬੀ ਵੱਲੋਂ ਗਰੇਟਰ ਵੈਨਕੂਵਰ ਫੂਡ ਬੈਂਕ ਦਾ ਪੱਖ ਜਾਣਨ ਲਈ ਸੰਪਰਕ ਕੀਤਾ ਗਿਆ, ਪਰ ਫਿਲਹਾਲ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਆਇਆ ਹੈ।
ਸਥਾਨਕ ਫੂਡ ਬੈਂਕ ਦਾ ਇਹ ਫ਼ੈਸਲਾ ਉਸ ਸਮੇਂ ਆਇਆ ਹੈ, ਜਦੋਂ ਕੈਨੇਡਾ ਵਿੱਚ ਕਰਿਆਨੇ ਦੀਆਂ ਕੀਮਤਾਂ ਅਤੇ ਬੇਰੁਜ਼ਗਾਰੀ ਸਿਖਰਲੇ ਪੱਧਰ ’ਤੇ ਹੈ।
ਮਹਿੰਗਾਈ ਤੇ ਬੇਰੁਜ਼ਗਾਰੀ ਦੀ ਮਾਰ ਨੇ ਉਥੋਂ ਦੇ ਜਨ-ਜੀਵਨ ਨੂੰ ਪ੍ਰਭਾਵਿਤ ਕੀਤਾ ਹੈ।
ਕੈਨੇਡਾ ਵਿੱਚ ਵੱਡੀ ਗਿਣਤੀ ਪਹੁੰਚ ਰਹੇ ਕੌਮਾਂਤਰੀ ਵਿਦਿਆਰਥੀਆਂ ਸਾਹਮਣੇ ਰੁਜ਼ਗਾਰ ਦੇ ਨਾਲ-ਨਾਲ ਹੁਣ ਭੋਜਣ ਦੀ ਵੀ ਵੱਡੀ ਚੁਣੌਤੀ ਖੜ੍ਹੀ ਹੋ ਗਈ ਹੈ।
ਗਰੇਟਰ ਵੈਨਕੂਵਰ ਫੂਡ ਬੈਂਕ ਦੇ ਪ੍ਰਬੰਧਕਾਂ ਦਾ ਕੀ ਕਹਿਣਾ?

ਤਸਵੀਰ ਸਰੋਤ, Greater Vancouver Food Bank/Fb
ਕੈਨੇਡਾ ਦੇ ਗਰੇਟਰ ਵੈਨਕੂਵਰ ਫੂਡ ਬੈਂਕ ਦੀ ਵੈਬਸਾਈਟ ਮੁਤਾਬਕ ਉਨ੍ਹਾਂ ਵੱਲੋਂ ਹਰ ਮਹੀਨੇ ਲਗਭਗ 15,000 ਲੋੜਵੰਦ ਵਿਅਕਤੀਆਂ ਨੂੰ ਭੋਜਨ ਮੁਹੱਈਆ ਕਰਵਾਇਆ ਜਾਂਦਾ ਹੈ।
ਗਰੇਟਰ ਵੈਨਕੂਵਰ ਫੂਡ ਬੈਂਕ ਅਨੁਸਾਰ ਉਨ੍ਹਾਂ ਦੀ ਸੰਸਥਾ ਨੂੰ ਕੋਈ ਸਰਕਾਰੀ ਫੰਡਿੰਗ ਨਹੀਂ ਮਿਲਦੀ।
ਉਨ੍ਹਾਂ ਨੂੰ ਸਿਰਫ਼ ਲੋਕਾਂ ਤੇ ਉਨ੍ਹਾਂ ਦੇ ਸਨਅਤ ਵਿਚਲੇ ਭਾਈਵਾਲਾਂ ਦੀ ਸਹਾਇਤਾ ਪ੍ਰਾਪਤ ਹੈ।
ਗਰੇਟਰ ਵੈਨਕੂਵਰ ਫੂਡ ਬੈਂਕ ਦੇ ਸੀਈਓ ਡੈਵਿਡ ਲੌਂਗ ਨੇ ਕੈਨੇਡਾ ਦੇ ਟੀਵੀ ਚੈਨਲ ਸੀਟੀਵੀ ਨਿਊਜ਼ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਛੇ ਸਾਲ ਪਹਿਲਾਂ ਉਨ੍ਹਾਂ ਕੋਲ 6500 ਲੋਕ ਰਜਿਸਟਰਡ ਸਨ, ਜਿਨ੍ਹਾਂ ਦੀ ਗਿਣਤੀ ਹੁਣ15000 ’ਤੇ ਪਹੁੰਚ ਗਈ ਹੈ।
“ਅਸੀਂ ਭੋਜਨ ਦੀ ਮਾਤਰਾ ਦੀ ਮੰਗ ਵਿੱਚ ਭਾਰੀ ਵਾਧਾ ਵੇਖ ਰਹੇ ਹਨ, ਇਹ ਅੰਕੜੇ ਹੈਰਾਨ ਕਰਨ ਵਾਲੇ ਹਨ।”
ਉਨ੍ਹਾਂ ਦਾ ਕਹਿਣਾ ਕਿ ਉਨ੍ਹਾਂ ਕੋਲ ਆਉਣ ਵਾਲੇ ਨੌਜਵਾਨਾਂ ਤੋਂ ਲੈ ਕੇ ਨਿਸ਼ਚਤ ਆਮਦਨੀ ਵਾਲੇ ਬਜ਼ੁਰਗ ਤੱਕ ਹੁੰਦੇ ਹਨ, ਜੋ ਮੌਜੂਦਾ ਸਮੇਂ ਇਸ ਵਧਦੀ ਮਹਿੰਗਾਈ ਵਿੱਚ ਗੁਜ਼ਾਰਾ ਨਹੀਂ ਕਰ ਸਕਦੇ।
“ਅਸੀਂ ਬਹੁਤ ਸਾਰੇ ਲੋਕ ਦੇਖ ਰਹੇ ਹਾਂ, ਖਾਸਕਰ ਵੈਨਕੂਵਰ ਵਿੱਚ, ਜੋ ਪੂਰੇ ਸਮੇਂ ਦੀ ਨੌਕਰੀ ਕਰਦੇ ਹਨ। ਉਹ ਆਪਣੇ ਬੀਮੇ ਦਾ ਭੁਗਤਾਨ ਕਰਦੇ ਹਨ। ਉਨ੍ਹਾਂ ਕੋਲ ਨੌਕਰੀ ਹੈ ਪਰ ਉਹ ਆਪਣੇ ਕਿਰਾਏ, ਆਪਣੀ ਰਿਹਾਇਸ਼ ਅਤੇ ਆਪਣੇ ਵਾਹਨ ਦਾ ਭੁਗਤਾਨ ਸਮੇਂ ਸਿਰ ਨਹੀਂ ਕਰ ਸਕਦੇ।”
ਵੈਨਕੂਵਰ ਸ਼ਹਿਰ ਦੇ ਕੌਂਸਲਰ ਏਡਰੀਅਨ ਕੈਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗਰੇਟਰ ਵੈਨਕੂਵਰ ਫੂਡ ਬੈਂਕ ਲਈ ਇਹ ਸਮੱਸਿਆ ਨਵੀਂ ਨਹੀਂ ਹੈ ਕਿਉਂਕਿ ਸਿਸਟਮ ਪ੍ਰਣਾਲੀ ਵਿੱਚ ਹੀ ਦਿੱਕਤਾਂ ਹਨ।
ਉਨ੍ਹਾਂ ਕਿਹਾ,“ਮੈਂ ਫੂਡ ਬੈਂਕ ਨੂੰ ਦੋਸ਼ੀ ਨਹੀਂ ਠਹਿਰਾ ਰਹੀ ਕਿਉਂਕਿ ਉਨ੍ਹਾਂ ਕੋਲ ਕੰਮ ਓਵਰਲੋਡ ਹੋ ਗਿਆ ਹੈ। ਬਹੁਤ ਸਾਰੇ ਪਰਿਵਾਰਾਂ ਤੇ ਬਜ਼ੁਰਗਾਂ ਨੇ ਉਨ੍ਹਾਂ ਤੱਕ ਪਹੁੰਚ ਕੀਤੀ ਹੈ।”
“ਮੈਨੂੰ ਲੱਗਦਾ ਹੈ ਕਿ ਸਰਕਾਰਾਂ ਨੂੰ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ।”
ਪੰਜਾਬੀ ਵਿਦਿਆਰਥੀ ਫੂਡ ਬੈਂਕਾਂ ’ਤੇ ਕਿੰਨਾ ਕੁ ਨਿਰਭਰ

ਜਸਕਰਨ ਸਿੰਘ ਕੈਨੇਡਾ ਵਿੱਚ ਕੌਮਾਂਤਰੀ ਵਿਦਿਆਰਥੀ ਕਾਰਕੁਨ ਹਨ, ਜੋ ‘ਟੀਮ ਵੀ ਕੇਅਰ ਕੈਨੇਡਾ’ ਨਾਲ ਜੁੜ ਕੇ ਕੰਮ ਕਰ ਦੇ ਹਨ।
ਉਨ੍ਹਾਂ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ, “ਗਰੇਟਰ ਵੈਨਕੂਵਰ ਫੂਡ ਬੈਂਕ ਵੱਲੋਂ ਪਹਿਲੇ ਸਾਲ ਦੇ ਕੌਮਾਂਤਰੀ ਵਿਦਿਆਰਥੀਆਂ ਲਈ ਭੋਜਨ ਨੂੰ ਮਨ੍ਹਾਂ ਕਰਨਾ ਬੇਹੱਦ ਮੰਦਭਾਗਾ ਹੈ।”
ਉਨ੍ਹਾਂ ਕਿਹਾ, “ਜਿਨ੍ਹਾਂ 20 ਹਜ਼ਾਰ ਡਾਲਰਾਂ ਦੀ ਵੈਨਕੂਵਰ ਫੂਡ ਬੈਂਕ ਗੱਲ ਕਰ ਰਿਹਾ ਹੈ, ਉਹ ਵਿਦਿਆਰਥੀ ਨੂੰ ਸਾਲ ਭਰ ਵਿੱਚ ਕਿਸ਼ਤਾਂ ’ਚ ਮਿਲਦਾ ਹੈ। ਕਈ ਵਾਰ ਵਿਦਿਆਰਥੀਆਂ ਨੂੰ 9-9 ਮਹੀਨੇ ਕੈਨੇਡਾ ਵਿੱਚ ਕੰਮ ਨਹੀਂ ਮਿਲਦਾ ਤੇ ਉਪਰ ਤੋਂ ਕਿਰਾਇਆ ਤੇ ਹੋਰ ਖਰਚੇ ਕੱਢਣੇ ਔਖੇ ਹੋ ਜਾਂਦੇ ਹਨ।”
ਜਸਕਰਨ ਸਿੰਘ ਦਾ ਕਹਿਣਾ ਹੈ ਕਿ ਬਹੁਤ ਸਾਰੇ ਉਹ ਸਟੂਡੈਂਟ, ਜਿਨ੍ਹਾਂ ਨੂੰ ਸਮੇਂ ਸਿਰ ਕੰਮ ਨਹੀਂ ਮਿਲਦਾ ਉਹ ਇਨ੍ਹਾਂ ਫੂਡ ਬੈਂਕਾਂ ’ਤੇ ਨਿਰਭਰ ਹਨ।
ਉਨ੍ਹਾਂ ਕਿਹਾ, “ਫੂਡ ਬੈਂਕ ਦੇ ਦੱਸਣ ਮੁਤਾਬਕ ਉਨ੍ਹਾਂ ਕੋਲ ਜੋ ਲੋਕ ਮਦਦ ਲਈ ਆਉਂਦੇ ਹਨ, ਉਨ੍ਹਾਂ ਵਿੱਚੋਂ 100 ’ਚੋਂ 25 ਫ਼ੀਸਦ ਕੌਮਾਂਤਰੀ ਵਿਦਿਆਰਥੀਆਂ ਹੁੰਦੇ ਹਨ, ਜਿਨ੍ਹਾਂ ਨੂੰ ਸਿੱਧੇ ਤੌਰ ’ਤੇ ਇਸ ਸਹਾਇਤਾ ਤੋਂ ਹੁਣ ਬਾਹਰ ਕਰ ਦਿੱਤਾ ਗਿਆ ਹੈ।”
ਜਸਕਰਨ ਸਿੰਘ ਦਾ ਕਹਿਣਾ ਹੈ ਕਿ ਭਾਰਤੀ ਖਾਸਕਰ ਪੰਜਾਬੀ ਭਾਈਚਾਰੇ ਦੇ ਵਿਦਿਆਰਥੀ ਇਨ੍ਹਾਂ ਫੂਡ ਬੈਂਕਾਂ ਉਪਰ ਘੱਟ ਨਿਰਭਰ ਹਨ ਕਿਉਂਕਿ ਉਹ ਜ਼ਿਆਦਾਤਰ ਗੁਰਦੁਆਰਿਆਂ ਤੋਂ ਜਾਂ ਹੋਰ ਇਥੇ ਬਣੀਆਂ ਪੰਜਾਬੀ ਭਾਈਚਾਰੇ ਦੀਆਂ ਸੰਸਥਾਵਾਂ ਤੋਂ ਸਹਾਇਤ ਪ੍ਰਾਪਤ ਕਰ ਲੈਂਦੇ ਹਨ।
ਫੂਡ ਬੈਂਕਾਂ ’ਤੇ ਵਧਦੀ ਨਿਰਭਰਤਾ

ਤਸਵੀਰ ਸਰੋਤ, foodbankscanada.ca
ਕੌਮਾਂਤਰੀ ਵਿਦਿਆਰਥੀ ਜ਼ਿਆਦਾਤਰ ਬੇਰੁ਼ਜ਼ਗਾਰ ਹੋਣ ਕਾਰਨ ਆਪਣੇ ਭੋਜਨ ਲਈ ਫੂਡ ਬੈਂਕਾਂ ’ਤੇ ਨਿਰਭਰ ਹਨ। ਫੂਡ ਬੈਂਕ ਕੈਨੇਡਾ ਦੀ ਹੰਗਰ ਕਾਊਂਟ ਰਿਪੋਰਟ ਦੇ ਅਨੁਸਾਰ 2018 ਦੇ ਮਾਰਚ ਵਿੱਚ 10 ਲੱਖ ਉਪਭੋਗਤਾਵਾਂ ਦੇ ਮੁਕਾਬਲੇ ਇਸ ਸਾਲ ਦੇ ਮਾਰਚ ਵਿੱਚ 20 ਲੱਖ ਤੋਂ ਵੱਧ ਕੈਨੇਡੀਅਨਾਂ ਨੇ ਫੂਡ ਬੈਂਕਾਂ ’ਤੇ ਪਹੁੰਚ ਕੀਤੀ ਹੈ।
ਇਸ ਰਿਪੋਰਟ ਮੁਤਾਬਕ ਕੈਨੇਡਾ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ 20 ਲੱਖਾਂ ਲੋਕਾਂ ਨੇ ਕੈਨੇਡਾ ਦੇ ਫੂਡ ਬੈਂਕਾਂ ’ਤੇ ਨਿਰਭਰਤਾ ਦਿਖਾਈ ਹੋਵੇ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਫੂਡ ਬੈਂਕਾਂ ’ਤੇ ਵਧਿਆ ਇਹ ਅੰਕੜਾ ਭੋਜਨ ਦੀਆਂ ਰਿਕਾਰਡ ਉੱਚੀਆਂ ਦਰਾਂ ਅਤੇ ਆਰਥਿਕ ਤੰਗੀ ਨੂੰ ਦਰਸਾਉਂਦੀਆਂ ਹਨ।
ਹੰਗਰ ਕਾਊਂਟ ਰਿਪੋਰਟ ਮੁਤਾਬਕ 2019 ਦੇ ਮੁਕਾਬਲੇ ਇਸ ਸਾਲ ਫੂਡ ਬੈਂਕ ਦੀ ਵਰਤੋਂ ਕਰਨ ਵਾਲਿਆਂ ਵਿੱਚ 90 ਫ਼ੀਸਦ ਵਾਧਾ ਹੋਇਆ ਹੈ। ਇਹ ਅਜਿਹੇ ਸੰਕੇਤ ਹਨ ਕਿ ਫੂਡ ਬੈਂਕਿੰਗ ਪ੍ਰਣਾਲੀ ਆਪਣੀ ਸਿਖਰਲੀ ਸੀਮਾ ਤੱਕ ਪਹੁੰਚ ਰਹੀ ਹੈ।
ਫੂਡ ਬੈਂਕ ਕੈਨੇਡਾ ਦੇ ਖੋਜ ਨਿਰਦੇਸ਼ਕ ਰਿਚਰਡ ਮੈਟਰਨ ਨੇ ਸੀਟੀਵੀ ਨਿਊਜ਼ ਨਾਲ ਗੱਲਬਾਤ ਦੌਰਾਨ ਕਿਹਾ,“ਜੋ ਲੋਕ ਨੌਕਰੀ ਕਰਦੇ ਹਨ, ਉਹ ਮਹਿੰਗੇ ਹੋ ਰਹੇ ਰਹਿਣ-ਸਹਿਣ ਨੂੰ ਨਾਲ ਲੈ ਕੇ ਚੱਲਣ ਦੇ ਯੋਗ ਨਹੀਂ ਹਨ ਕਿਉਂਕਿ ਇਸ ਆਮਦਨ ਦੇ ਹਿਸਾਬ ਨਾਲ ਉਨ੍ਹਾਂ ਦੇ ਖਰੀਦਣ ਦੀ ਸਮਰੱਥਾ ਘੱਟ ਰਹੀ ਹੈ।”
ਰਿਚਰਡ ਵੱਧ ਰਹੀ ਮੰਗ ਨੂੰ ‘ਬੇਮਿਸਾਲ’ ਕਹਿੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਸਮਾਜ ਵਿੱਚ ਕਰਿਆਨੇ ਅਤੇ ਘਰਾਂ ਦੀਆਂ ਕੀਮਤਾਂ ਵਿੱਚ ਹੋ ਰਿਹਾ ਵਾਧਾ ਲਗਭਗ ਹਰ ਕੈਨੇਡੀਅਨ ਨੂੰ ਪ੍ਰਭਾਵਿਤ ਕਰ ਰਿਹਾ ਹੈ।
ਕੈਨੇਡਾ ’ਚ ਫੂਡ ਬੈਂਕ ਕਿਵੇਂ ਕੰਮ ਕਰਦੇ ਹਨ?

ਫੂਡ ਬੈਂਕ ਕੈਨੇਡਾ ਦੀ ਵੈੱਬਸਾਈਟ ਮੁਤਾਬਕ ਕੈਨੇਡਾ ਵਿੱਚ ਕਰੀਬ 5,100 ਫੂਡ ਬੈਂਕ ਹਨ, ਜੋ ਕੈਨੇਡਾ ਵਿੱਚ ਭੋਜਨ ਦਾ ਪ੍ਰਬੰਧ ਕਰਦੇ ਹਨ।
ਕੇਸਰ ਸਿੰਘ ਸਰੀ ਵਿੱਚ ਚੱਲ ਰਹੇ ਗੁਰੂ ਨਾਨਕ ਫੂਡ ਬੈਂਕ ਦੇ ਵਾਲੰਟੀਅਰ ਹਨ। ਉਨ੍ਹਾਂ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕੀਤੀ।
ਵੈਨਕੂਵਰ ਦੇ ਫੂਡ ਬੈਂਕ ਵੱਲੋਂ ਪਹਿਲੇ ਸਾਲ ਦੇ ਕੌਮਾਂਤਰੀ ਵਿਦਿਆਰਥੀਆਂ ਲਈ ਭੋਜਨ ਬੰਦ ਕਰਨ ਬਾਰੇ ਕੇਸਰ ਸਿੰਘ ਕਹਿੰਦੇ ਹਨ ਕਿ ਇਸ ਦਾ ਮੁੱਖ ਕਾਰਨ ਆਰਥਿਕ ਮੰਦੀ ਦਾ ਰੁਝਾਨ ਤੇ ਮਹਿੰਗਾਈ ਵੀ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਫੂਡ ਬੈਂਕਾਂ ਉਪਰ ਹਰ ਦਿਨ ਵਿਦਿਆਰਥੀਆਂ ਦੀ ਨਿਰਭਰਤਾ ਅਤੇ ਗਿਣਤੀ ਲਗਾਤਾਰ ਵੱਧ ਰਹੀ ਹੈ।
ਕੇਸਰ ਸਿੰਘ ਦੱਸਦੇ ਹਨ,“ਫੂਡ ਬੈਂਕਾਂ ਉੱਤੇ ਆਉਣ ਵਾਲੇ ਜ਼ਿਆਦਾਤਰ ਉਹ ਵਿਦਿਆਰਥੀ ਹੀ ਹਨ, ਜਿਨ੍ਹਾਂ ਕੋਲ ਕੰਮ ਨਹੀਂ ਹੈ।”
ਕਰੋਨਾ ਕਾਲ ਦੌਰਾਨ ਗੁਰਦੁਆਰਾ ਦੂਖਨਿਵਾਰਨ ਸਾਹਿਬ, ਸਰੀ ਦੇ ਚੇਅਰਮੈਨ ਨਰਿੰਦਰ ਸਿੰਘ ਨੇ 2020 ਵਿੱਚ ਗੁਰੂ ਨਾਨਕ ਫੂਡ ਬੈਂਕ ਦੀ ਸਥਾਪਨਾ ਕੀਤੀ ਸੀ।
ਉਨ੍ਹਾਂ ਮੁਤਾਬਕ ਵਿਦਿਆਰਥੀ ਜਾਂ ਲੋੜਵੰਦ ਪਰਿਵਾਰ ਉਨ੍ਹਾਂ ਕੋਲ ਰਜਿਸਟਰਡ ਹੁੰਦੇ ਹਨ, ਜਿਨ੍ਹਾਂ ਨੂੰ ਮਹੀਨੇ ਲਈ ਇੱਕ ਰਾਸ਼ਨ ਦਾ ਪੈਕੇਟ ਦਿੱਤਾ ਜਾਂਦਾ ਹੈ।
ਕੇਸਰ ਸਿੰਘ ਦੱਸਦੇ ਹਨ,“ਸਾਡੀ ਸੰਸਥਾ ਨੂੰ ਸਰਕਾਰ ਤੋਂ ਫੰਡਿੰਗ ਨਹੀਂ ਹੁੰਦੀ, ਸਿੱਖ ਭਾਈਚਾਰੇ ਦੀ ਮਦਦ ਨਾਲ ਹੀ ਸੰਸਥਾ ਨੂੰ ਚਲਾਇਆ ਜਾ ਰਿਹਾ ਹੈ। ਸਾਡੀਆਂ ਦੋ ਬਰਾਂਚਾਂ ਚੱਲ ਰਹੀਆਂ ਹਨ, ਜਿਨ੍ਹਾਂ ਰਾਹੀਂ ਲੋੜਵੰਦਾਂ ਨੂੰ ਭੋਜਨ ਮੁਹੱਈਆ ਕਰਵਾਇਆ ਜਾਂਦਾ ਹੈ।”
ਉਹ ਦੱਸਦੇ ਹਨ ਕਿ ਉਨ੍ਹਾਂ ਦੀ ਸੰਸਥਾ ਕੋਲੋਂ ਦੂਰ-ਦੁਰਾਡੇ ਦੇ ਵਿਦਿਆਰਥੀ ਵੀ ਪਹੁੰਚ ਕਰਦੇ ਹਨ।
“ਸਾਡੀ ਸੰਸਥਾ ਸਵੇਰ 11 ਵਜੇ ਤੋਂ ਸ਼ਾਮ 6 ਵਜੇ ਤੱਕ ਲੋੜਵੰਦਾਂ ਦੀ ਮਦਦ ਕਰਦੀ ਹੈ, ਜਦੋਂਕਿ ਸਰਕਾਰੀ ਫੂਡ ਬੈਂਕ ਸਿਰਫ਼ ਦੋ ਘੰਟੇ ਲਈ ਹੀ ਖੁੱਲ੍ਹਦੇ ਹਨ। ਵਿਦਿਆਰਥੀ ਵੱਡੀ ਗਿਣਤੀ ਮਦਦ ਲਈ ਆਉਂਦੇ ਹਨ, ਇਸ ਲਈ ਸਰਕਾਰਾਂ ਨੂੰ ਫੂਡ ਬੈਂਕਾਂ ਨੂੰ ਖੋਲ੍ਹਣ ਦਾ ਸਮਾਂ ਵੀ ਵਧਾਉਣਾ ਚਾਹੀਦਾ ਹੈ ਤੇ ਫੂਡ ਬੈਂਕਾਂ ਦੀ ਆਰਥਿਕ ਸਹਾਇਤਾ ਕਰਨੀ ਚਾਹੀਦੀ ਹੈ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












