ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਲਈ ਕਾਲਜ ਬਦਲਣਾ ਹੋਇਆ ਔਖਾ, ਇਹ ਨਵੇਂ ਨਿਯਮ ਲਾਗੂ ਹੋਏ

ਤਸਵੀਰ ਸਰੋਤ, Getty Images
ਕੈਨੇਡਾ ਗਏ ਕੌਮਾਂਤਰੀ ਵਿਦਿਆਰਥੀ ਜੇਕਰ ਉੱਥੇ ਆਪਣਾ ਕਾਲਜ, ਯੂਨੀਵਰਸਿਟੀ ਬਦਲਣਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਨਵੇਂ ਸਟੱਡੀ ਵੀਜ਼ਾ ਲਈ ਅਪਲਾਈ ਕਰਨਾ ਪਵੇਗਾ।
ਇਹ ਨਵਾਂ ਫੈਸਲਾ ਕੈਨੇਡਾ ਸਰਕਾਰ ਵੱਲੋ ਹਾਲ ਹੀ ਵਿੱਚ ਲਿਆ ਗਿਆ ਹੈ ਅਤੇ 8 ਨਵੰਬਰ 2024 ਤੋਂ ਇਸ ਨਵੇਂ ਨਿਯਮ ਤਹਿਤ ਪ੍ਰਕ੍ਰਿਰਿਆ ਸ਼ੁਰੂ ਵੀ ਹੋ ਗਈ ਹੈ।
ਕੈਨੇਡਾ ਸਰਕਾਰ ਵੱਲੋਂ ਲਾਗੂ ਕੀਤੇ ਗਏ ਨਵੇਂ ਨਿਯਮਾਂ ਮੁਤਾਬਕ ਹੁਣ ਵਿਦਿਆਰਥੀ ਜਿਨ੍ਹਾਂ ਦਾ ਕੋਰਸ ਕੈਨੇਡਾ ਦੇ ਕਿਸੇ ਵੀ ਕਾਲਜ/ਯੂਨੀਵਰਸਿਟੀ ਵਿੱਚ ਖਤਮ ਹੋ ਗਿਆ ਹੈ, ਫੇਰ ਭਾਵੇਂ ਉਹਨਾਂ ਕੋਲ ਸਟੱਡੀ ਵੀਜ਼ਾ ਦੀ ਮਿਆਦ ਅਜੇ ਬਾਕੀ ਹੈ ਤਾਂ ਉਹਨਾਂ ਨੂੰ ਕੈਨੇਡਾ ਛੱਡ ਕੇ ਜਾਣਾ ਪੈ ਸਕਦਾ ਹੈ।
ਮਨਜ਼ੂਰਸ਼ੁਦਾ ਕਾਲਜਾਂ ਵਿੱਚ ਹੀ ਪੜ੍ਹ ਸਕਦੇ ਕੌਮਾਂਤਰੀ ਵਿਦਿਆਰਥੀ

ਕੈਨੇਡਾ ਦੇ ਕਾਲਜਾਂ ਵਿੱਚ ਦਾਖ਼ਲਾ ਲੈਣ ਤੋਂ ਪਹਿਲਾਂ ਇੱਕ ਗੱਲ ਸਮਝਣੀ ਬਹੁਤ ਜ਼ਰੂਰੀ ਹੈ ਕਿ ਕੈਨੇਡਾ ਵਿੱਚ ਸਾਰੇ ਕਾਲਜਾਂ ਨੂੰ ਸਟੱਡੀ ਪਰਮਿਟ ਉੱਤੇ ਕੌਮਾਂਤਰੀ ਵਿਦਿਆਰਥੀਆਂ ਨੂੰ ਸੱਦਣ ਦੀ ਮਨਜ਼ੂਰੀ ਨਹੀਂ ਮਿਲੀ ਹੋਈ ਹੈ।
ਕੈਨੇਡਾ ਸਰਕਾਰ ਨੇ ਸਟੱਡੀ ਪਰਮਿਟ ਲਈ ਅਪਲਾਈ ਕਰਨ ਲਈ ਕੁਝ ਕਾਲਜਾਂ ਨੂੰ ਹੀ ਮਨਜ਼ੂਰੀ ਪੱਤਰ ਦਿੱਤੇ ਹੋਏ ਹਨ।
ਇਨ੍ਹਾਂ ਕਾਲਜਾਂ ਨੂੰ ਕੈਨੇਡਾ ਵਿੱਚ ਡੈਜ਼ੀਗਨੇਟਿਡ ਲਰਨਿੰਗ ਇੰਸਟੀਚਿਊਟ (ਡੀਐੱਲਆਈ) ਕਿਹਾ ਜਾਂਦਾ ਹੈ। ਕੈਨੇਡਾ ਸਰਕਾਰ ਮੁਤਾਬਕ ਡੀਐੱਲਆਈ ਇੱਕ ਅਜਿਹਾ ਅਦਾਰਾ ਹੁੰਦਾ ਹੈ ਜੋ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਮੇਜ਼ਬਾਨੀ ਲਈ ਸੂਬਾ ਜਾਂ ਖੇਤਰੀ ਸਰਕਾਰ ਦੁਆਰਾ ਮਨਜ਼ੂਰ ਕੀਤਾ ਜਾਂਦਾ ਹੈ।
ਜੇਕਰ ਤੁਸੀਂ ਕੈਨੇਡਾ ਦੇ ਕਿਸੇ ਵੀ ਕਾਲਜ ਜਾਂ ਉੱਚ ਵਿਦਿਅਕ ਅਦਾਰੇ ਵਿੱਚ ਪੜ੍ਹਨ ਦੀ ਯੋਜਨਾ ਬਣਾ ਰਹੇ ਹੋ ਤਾਂ ਪਹਿਲਾਂ ਇਹ ਯਕੀਨੀ ਬਣਾਓ ਕਿ ਉਹ ਅਦਾਰਾ ਡੀਐੱਲਆਈ ਦੀ ਸੂਚੀ ਵਿੱਚ ਸ਼ਾਮਲ ਹੋਵੇ।
ਕਾਲਜਾਂ ਦੀ ਮਾਨਤਾ ਹਰ ਇੱਕ ਸਾਲ ਬਾਅਦ ਰਿਵਾਈਜ਼ਡ ਹੁੰਦੀ ਹੈ। ਜੇਕਰ ਕੋਈ ਕਾਲਜ ਸਰਕਾਰ ਵੱਲੋਂ ਨਿਰਧਾਰਿਤ ਕੀਤੀਆਂ ਹਦਾਇਤਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਸ ਵਿਦਿਅਕ ਅਦਾਰੇ ਦੀ ਡੀਐੱਲਆਈ ਵੱਜੋਂ ਮਾਨਤਾ ਰੱਦ ਵੀ ਕੀਤੀ ਜਾ ਸਕਦੀ ਹੈ।
ਜੇਕਰ ਤੁਸੀਂ ਜਿਸ ਕਾਲਜ ਵਿੱਚ ਪੜ੍ਹ ਰਹੇ ਹੋ, ਤੁਹਾਡੀ ਪੜ੍ਹਾਈ ਦੌਰਾਨ ਡੀਐੱਲਆਈ ਦਾ ਦਰਜਾ ਗੁਆ ਬੈਠਦਾ ਹੈ, ਤਾਂ ਤੁਸੀਂ ਉਸ ਕਾਲਜ ਵਿੱਚ ਆਪਣਾ ਸਟੱਡੀ ਪਰਮਿਟ ਖਤਮ ਹੋਣ ਤੱਕ ਪੜ੍ਹਾਈ ਜਾਰੀ ਰੱਖ ਸਕਦੇ ਹੋ। ਅਜਿਹੇ ਹਾਲਾਤ ਵਿੱਚ ਤੁਹਾਨੂੰ ਇੱਕ ਨਵੇਂ ਡੀਐੱਲਆਈ ਵਿੱਚ ਪੜ੍ਹਾਈ ਕਰਨ ਲਈ ਅਰਜ਼ੀ ਦੇਣੀ ਪਵੇਗੀ।
ਕਾਲਜ ਬਦਲਣ ਲਈ ਤੁਹਾਨੂੰ ਕੀ ਕਰਨਾ ਪਵੇਗਾ?

ਕੈਨੇਡਾ ਸਰਕਾਰ ਦੀ ਅਧਿਕਾਰਤ ਵੈੱਬਸਾਈਟ ਮੁਤਾਬਕ ਜੇਕਰ ਤੁਸੀਂ ਕੈਨੇਡਾ ਵਿੱਚ ਪੋਸਟ-ਸਕੈਂਡਰੀ ਮਤਲਬ ਕਾਲਜ/ਯੂਨੀਵਰਸਿਟੀ ਦੀ ਪੜ੍ਹਾਈ ਪਹਿਲਾਂ ਹੀ ਇੱਕ ਕਾਲਜ ਵਿੱਚ ਕਰ ਰਹੇ ਹੋ ਅਤੇ ਹੁਣ ਉਹ ਕਾਲਜ ਬਦਲਣਾ ਚਾਹੁੰਦੇ ਹੋ ਤਾਂ ਤੁਹਾਨੂੰ ਨਵੇਂ ਸਟੱਡੀ ਪਰਮਿਟ ਲਈ ਅਪਲਾਈ ਕਰਨਾ ਪਵੇਗਾ।
ਤੁਹਾਨੂੰ ਸਭ ਤੋਂ ਪਹਿਲਾਂ ਆਈਆਰਸੀਸੀ ਵੈੱਬ ਫਾਰਮ ਭਰਨਾ ਪਵੇਗਾ।
ਤੁਹਾਨੂੰ ਆਈਆਰਸੀਸੀ ਵੈੱਬ ਫਾਰਮ ਕੈਨੇਡਾ ਸਰਕਾਰ ਦੀ ਵੈਬਸਾਈਟ ਉੱਤੇ ਮਿਲ ਜਾਵੇਗਾ। ਇਸ ਆਈਆਰਸੀਸੀ ਵੈੱਬ ਫਾਰਮ ਰਾਹੀਂ ਤੁਸੀਂ ਆਪਣਾ ਵਿਦਿਆਰਥੀ ਐਪਲੀਕੇਸ਼ਨ ਸਟੇਟਸ ਜਾਣ ਸਕਦੇ ਹੋ।
ਵੈਬਸਾਈਟ ਰਾਹੀਂ ਵਿਦਿਆਰਥੀ ਨੂੰ ਸਟੂਡੈਂਟ ਸਟੇਟਸ ਦੀ ਪੁਸ਼ਟੀ ਕਰਨ ਲਈ ਕਿਹਾ ਜਾਵੇਗਾ।
ਜੇਕਰ ਵਿਦਿਆਰਥੀ ਕੋਲ ਸਟੱਡੀ ਪਰਮਿਟ ਦੀ ਮਿਆਦ ਹੋਵੇਗੀ ਤਾਂ ਉਸਨੂੰ ਇੱਕ ਮੇਲ ਭੇਜੀ ਜਾਵੇਗੀ ਜਿਸਦੇ ਅੰਤ ਵਿੱਚ @cic.gc.ca ਲਿਖਿਆ ਹੋਵੇਗਾ।
ਵਿਦਿਆਰਥੀ ਨੂੰ ਮੇਲ ਵਿੱਚ ਦਿੱਤੀਆਂ ਹਦਾਇਤਾਂ ਨੂੰ ਮੰਨਣਾ ਪਵੇਗਾ ਅਤੇ ਦੱਸਣਾ ਪਵੇਗਾ ਕਿ ਕਿਸ ਤਾਰੀਕ ਤੋਂ ਉਹ ਕੈਨੇਡਾ ਵਿੱਚ ਪੜ੍ਹਾਈ ਕਰ ਰਿਹਾ ਹੈ।
ਨਵੇਂ ਡੀਐੱਲਆਈ (ਡੈਜ਼ੀਗਨੇਟਿਡ ਲਰਨਿੰਗ ਇੰਸਟੀਚਿਊਟ) ਵਿੱਚ ਦਾਖਲਾ ਲੈਣ ਤੋਂ ਪਹਿਲਾਂ ਇਹ ਪੁਸ਼ਟੀ ਕਰ ਲਵੋ ਕਿ ਨਵਾਂ ਕਾਲਜ ਡੀਐੱਲਆਈ ਦੀ ਸੂਚੀ ਵਿੱਚ ਸ਼ਾਮਲ ਹੈ।
ਉਹ ਕਾਲਜ ਸਸਪੈਂਸ਼ਨ ਸੂਚੀ ਵਿੱਚ ਨਹੀਂ ਹੋਣਾ ਚਾਹੀਦਾ।
ਕਿਹੜੇ-ਕਿਹੜੇ ਦਸਤਾਵੇਜ਼ ਚਾਹੀਦੇ ਹੋਣਗੇ?

ਜਦੋਂ ਤੁਸੀਂ ਸਟੱਡੀ ਪਰਮਿਟ ਲਈ ਅਪਲਾਈ ਕਰੋ ਤਾਂ ਉਸਦੇ ਨਾਲ ਤੁਹਾਨੂੰ ਕੁਝ ਹੋਰ ਦਸਤਾਵੇਜ਼ ਵੀ ਲਗਾਉਣੇ ਪੈਣਗੇ, ਜਿਵੇਂ
1. ਇੱਕ ਪੱਤਰ ਜੋ ਦੱਸਦਾ ਹੋਵੇ ਕਿ ਤੁਸੀਂ ਕਾਲਜ ਕਿਉਂ ਬਦਲ ਰਹੇ ਹੋ।
2. ਨਵੇਂ ਕਾਲਜ ਤੋਂ ਤੁਹਾਨੂੰ ਜਦੋਂ ਲੈਟਰ ਆਫ਼ ਅਸੈਪਟੈਂਸ ਆਈ ਤਾਂ ਤੁਸੀਂ ਕੈਨੇਡਾ ਵਿੱਚ ਹੀ ਸੀ, ਇਹ ਵੀ ਸਿੱਧ ਕਰਨਾ ਪਵੇਗਾ।
3. ਪਹਿਲੇ ਸਟੱਡੀ ਪਰਮਿਟ ਦੀਆਂ ਸ਼ਰਤਾਂ ਹੁਣ ਵੀ ਤੁਹਾਡੇ ਐਪਲੀਕੇਸ਼ਨ ਨਾਲ ਮੇਲ ਖਾਂਦੀਆਂ ਹਨ।
4. ਪਹਿਲਾ ਕਾਲਜ ਤੁਸੀਂ ਕਿਉਂ ਛੱਡ ਰਹੇ ਹੋ ਇਸਦਾ ਕਾਰਨ ਵੀ ਦੱਸਣਾ ਪਵੇਗਾ
- ਕੀ ਉਹ ਕਾਲਜ ਬੰਦ ਹੋ ਗਿਆ ਹੈ?
- ਜਿਹੜਾ ਕੋਰਸ ਤੁਸੀਂ ਕਰ ਰਹੇ ਸੀ ਕੀ ਉਹ ਬੰਦ ਹੋ ਗਿਆ ਹੈ?
- ਕੀ ਕਾਲਜ ਸਸਪੈਂਸ਼ਨ ਸੂਚੀ ਵਿੱਚ ਆ ਗਿਆ ਹੈ?
- ਕਾਲਜ ਨੇ ਆਪਣਾ ਰੁਤਬਾ ਗੁਆ ਲਿਆ ਹੈ?
ਜੇਕਰ ਤੁਹਾਡੇ ਕੋਲ ਇਹਨਾਂ ਗੱਲਾਂ ਦੇ ਜਵਾਬ ਨਹੀਂ ਹਨ ਤਾਂ ਤੁਹਾਨੂੰ ਪਹਿਲੇ ਕਾਲਜ ਵਿੱਚ ਹੀ ਪੜ੍ਹਨਾ ਪਵੇਗਾ।
5. ਇਹਨਾਂ ਦਸਤਾਵੇਜ਼ਾਂ ਨੂੰ ਤੁਸੀਂ ਆਈਆਰਸੀਸੀ ਵੈੱਬ ਫਾਰਮ ਰਾਹੀਂ ਜਮਾਂ ਕਰਵਾ ਸਕਦੇ ਹੋ।
ਕੈਨੇਡਾ ਤੋਂ ਕੱਢੇ ਜਾਣ ਦੀ ਚਿਤਾਵਨੀ

ਤਸਵੀਰ ਸਰੋਤ, Getty Images
ਕੈਨੇਡਾ ਸਰਕਾਰ ਨੇ ਵਿਦਿਆਰਥੀਆਂ ਦੇ ਕਾਲਜ ਬਦਲਣ ਦੀ ਪ੍ਰਕਿਰਿਆ ਨੂੰ ਸਖ਼ਤ ਕਰਦਿਆਂ ਚਿਤਾਵਨੀ ਵੀ ਦਿੱਤੀ ਹੈ। ਉਹਨਾਂ ਨੇ ਸਾਫ ਸ਼ਬਦਾਂ ਵਿੱਚ ਲਿਖਿਆ ਹੈ ਕਿ
ਜੇਕਰ ਵਿਦਿਆਰਥੀ ਸਾਨੂੰ ਬਿਨ੍ਹਾਂ ਦੱਸੇ ਕਾਲਜ ਬਦਲਦਾ ਹੈ ਤਾਂ ਉਹਨਾਂ ਨੂੰ ਕੈਨੇਡਾ ਵਿੱਚੋਂ ਬਾਹਰ ਕੱਢਿਆ ਜਾਵੇਗਾ ਅਤੇ ਮੁੜ ਕਦੇ ਕੈਨੇਡਾ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ।
ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਵਿਦਿਆਰਥੀ ਦੇ ਪਹਿਲੇ ਕਾਲਜ ਨੇ ਇਹ ਰਿਪੋਰਟ ਕੀਤਾ ਕਿ ਉਹ ਵਿਦਿਆਰਥੀ ਸਾਡੇ ਕਾਲਜ ਵਿੱਚ ਨਹੀਂ ਪੜ੍ਹ ਰਿਹਾ ਸੀ ਤਾਂ
- ਵਿਦਿਆਰਥੀ ਦਾ ਸਟੱਡੀ ਪਰਮਿਟ ਰੱਦ ਕਰ ਦਿੱਤਾ ਜਾਵੇਗਾ।
- ਵਿਦਿਆਰਥੀ ਨੂੰ ਦੇਸ਼ ਛੱਡਣ ਲਈ ਕਿਹਾ ਜਾਵੇਗਾ।
- ਮੁੜ ਕੈਨੇਡਾ ਵਿੱਚ ਦਾਖਲਾ ਨਹੀਂ ਮਿਲੇਗਾ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












