ਦੱਖਣੀ ਕੋਰੀਆ: ਹਵਾਈ ਜਹਾਜ਼ ਹਾਦਸੇ ਵਿੱਚ ਘੱਟੋ-ਘੱਟ 179 ਲੋਕਾਂ ਦੀ ਮੌਤ, ਹੁਣ ਤੱਕ ਜੋ ਜਾਣਕਾਰੀ ਮਿਲੀ

ਤਸਵੀਰ ਸਰੋਤ, Reuters/Yonhap
- ਲੇਖਕ, ਜਾਰਜ ਰਾਈਟ
- ਰੋਲ, ਬੀਬੀਸੀ ਨਿਊਜ਼
ਦੱਖਣੀ ਕੋਰੀਆਈ ਨਿਊਜ਼ ਏਜੰਸੀ ਯੋਨਹਾਪ ਦੀ ਰਿਪੋਰਟ ਅਨੁਸਾਰ ਦੱਖਣੀ ਕੋਰੀਆ ਦੇ ਇੱਕ ਹਵਾਈ ਅੱਡੇ 'ਤੇ 181 ਲੋਕਾਂ ਨੂੰ ਲੈ ਕੇ ਜਾ ਰਿਹਾ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਘੱਟੋ-ਘੱਟ 179 ਲੋਕਾਂ ਦੀ ਮੌਤ ਹੋ ਗਈ ਹੈ।
ਨਿਊਜ਼ ਏਜੰਸੀ ਯੋਨਹਾਪ ਦੀ ਰਿਪੋਰਟ ਮੁਤਾਬਕ ਜਹਾਜ਼ ਦੇਸ਼ ਦੇ ਦੱਖਣ-ਪੱਛਮ ਵਿੱਚ ਮੁਆਨ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਰਨਵੇ 'ਤੇ ਲੈਂਡ ਕਰਦੇ ਸਮੇਂ ਹਵਾਈ ਅੱਡੇ ਦੀ ਹੀ ਇੱਕ ਕੰਧ ਨਾਲ ਟਕਰਾ ਗਿਆ।
ਜੇਜੂ ਏਅਰ ਦੇ ਇਸ ਜਹਾਜ਼ ਵਿੱਚ 175 ਯਾਤਰੀ ਅਤੇ ਛੇ ਫਲਾਈਟ ਅਟੈਂਡੈਂਟ ਸਵਾਰ ਸਨ।
ਜਾਣਕਾਰੀ ਮੁਤਾਬਕ ਇਹ ਜਹਾਜ਼ ਥਾਈਲੈਂਡ ਦੇ ਬੈਂਕਾਕ ਤੋਂ ਆ ਰਿਹਾ ਸੀ ਅਤੇ ਕੋਰੀਆ 'ਚ ਲੈਂਡਿੰਗ ਦੌਰਾਨ ਇਹ ਹਾਦਸਾ ਵਾਪਰ ਗਿਆ।
ਯੋਨਹਾਪ ਦੇ ਅਨੁਸਾਰ ਬਚਾਅ ਕਾਰਜ ਜਾਰੀ ਹੈ ਅਤੇ ਹੁਣ ਤੱਕ ਇੱਕ ਵਿਅਕਤੀ ਨੂੰ ਜ਼ਿੰਦਾ ਕੱਢ ਲਿਆ ਗਿਆ ਹੈ।
ਏਜੰਸੀ ਦੇ ਅਨੁਸਾਰ, ਹੁਣ ਤੱਕ 1,562 ਕਰਮਚਾਰੀਆਂ ਨੂੰ ਰਿਕਵਰੀ ਦੇ ਯਤਨਾਂ ਵਿੱਚ ਮਦਦ ਲਈ ਤਾਇਨਾਤ ਕੀਤਾ ਗਿਆ ਹੈ, ਜਿਸ ਵਿੱਚ 490 ਫਾਇਰ ਵਿਭਾਗ ਦੇ ਕਰਮਚਾਰੀ ਅਤੇ 455 ਪੁਲਿਸ ਅਧਿਕਾਰੀ ਸ਼ਾਮਲ ਹਨ।

ਦੱਖਣੀ ਕੋਰੀਆ ਹਵਾਈ ਅੱਡੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਹਾਲ ਦੀ ਘੜੀ ਐਮਰਜੈਂਸੀ ਸੇਵਾਵਾਂ ਜਹਾਜ਼ ਦੇ ਪਿੱਛੇ ਵਾਲੇ ਹਿੱਸੇ ਵਿੱਚ ਫਸੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।
ਯੋਨਹਾਪ ਦੀ ਰਿਪੋਰਟ ਮੁਤਾਬਕ ਹਾਲੇ ਹਾਦਸੇ ਦਾ ਕਾਰਨ ਅਸਪਸ਼ਟ ਹੈ ਪਰ ਕਿਆਸ ਲਗਾਇਆ ਜਾ ਰਿਹਾ ਹੈ ਕਿ ਸ਼ਾਇਦ ਪੰਛੀ ਦੇ ਟਕਰਾਉਣ ਕਾਰਨ ਲੈਂਡਿੰਗ ਗੀਅਰ ਖਰਾਬ ਹੋ ਗਿਆ ਅਤੇ ਇਹ ਹਾਦਸਾ ਵਾਪਰਿਆ।
ਸੋਸ਼ਲ ਮੀਡੀਆ 'ਤੇ ਅਪਲੋਡ ਕੀਤੇ ਗਏ ਅਣ-ਪ੍ਰਮਾਣਿਤ ਫੁਟੇਜ ਵਿੱਚ ਦਿਖਾਇਆ ਗਿਆ ਹੈ ਕਿ ਅੱਗ ਦੀ ਚੇਪਟ 'ਚ ਆਉਣ ਤੋਂ ਪਹਿਲਾਂ ਇਹ ਜਹਾਜ਼ ਰਨਵੇ ਤੋਂ ਖਿਸਕਦਾ ਹੋਇਆ ਹਵਾਈ ਅੱਡੇ ਦੀ ਇੱਕ ਕੰਧ ਨਾਲ ਟਕਰਾ ਜਾਂਦਾ ਹੈ।
ਇੱਕ ਹੋਰ ਫੁਟੇਜ ਵਿੱਚ ਅੱਗ ਲੱਗਣ ਤੋਂ ਬਾਅਦ ਜਹਾਜ਼ ਤੋਂ ਉੱਠਦੇ ਕਾਲੇ ਧੂੰਏਂ ਦੇ ਦ੍ਰਿਸ਼ ਵੀ ਸਾਹਮਣੇ ਆਏ ਹਨ।

ਤਸਵੀਰ ਸਰੋਤ, EPA
ਯੋਨਹਾਪ ਏਜੇਂਸੀ ਨੇ ਦੱਸਿਆ ਕਿ ਫਲਾਈਟ 'ਤੇ ਸਵਾਰ ਯਾਤਰੀਆਂ 'ਚ 173 ਦੱਖਣੀ ਕੋਰੀਆਈ ਅਤੇ ਦੋ ਥਾਈ ਸ਼ਾਮਲ ਸਨ।
ਮੁਆਨ ਰਾਜਧਾਨੀ ਸਿਓਲ ਤੋਂ ਲਗਭਗ 178 ਮੀਲ (288 ਕਿਲੋਮੀਟਰ) ਦੂਰ ਦੱਖਣ ਵਿੱਚ ਸਥਿੱਤ ਹੈ।
ਦੱਖਣੀ ਕੋਰੀਆ ਦੇ ਹਵਾਬਾਜ਼ੀ ਉਦਯੋਗ ਦਾ ਇੱਕ ਠੋਸ ਸੁਰੱਖਿਅਤ ਟਰੈਕ ਰਿਕਾਰਡ ਹੈ।
ਘਟਨਾ 'ਤੇ ਜੇਜੂ ਏਅਰ ਨੇ ਕੀ ਕਿਹਾ?

ਤਸਵੀਰ ਸਰੋਤ, Getty Images
ਇਸ ਜਹਾਜ਼ ਹਾਦਸੇ ਨੂੰ ਇਤਿਹਾਸ ਵਿੱਚ ਜੇਜੂ ਏਅਰ ਦਾ ਪਹਿਲਾ ਖ਼ਤਰਨਾਕ ਹਾਦਸਾ ਦੱਸਿਆ ਜਾ ਰਿਹਾ ਹੈ।
ਜੇਜੂ ਏਅਰ ਦੱਖਣੀ ਕੋਰੀਆ ਦੀ ਸਭ ਤੋਂ ਵੱਡੀ ਘੱਟ ਕੀਮਤ ਵਾਲੀ ਏਅਰਲਾਈਨਜ਼ ਵਿੱਚੋਂ ਇੱਕ ਹੈ, ਜਿਸਦੀ ਸਥਾਪਨਾ 2005 ਵਿੱਚ ਕੀਤੀ ਗਈ ਸੀ।
ਜੇਜੂ ਏਅਰ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ, "ਅਸੀਂ, ਜੇਜੂ ਏਅਰ, ਆਪਣਾ ਸਿਰ ਝੁਕਾਉਂਦੇ ਹਾਂ ਅਤੇ ਉਨ੍ਹਾਂ ਸਾਰਿਆਂ ਤੋਂ ਮੁਆਫੀ ਮੰਗਦੇ ਹਾਂ ਜਿਨ੍ਹਾਂ ਨੂੰ ਮੁਆਨ ਹਵਾਈ ਅੱਡੇ 'ਤੇ ਇਸ ਹਾਦਸੇ ਕਾਰਨ ਭਾਰੀ ਨੁਕਸਾਨ ਹੋਇਆ ਹੈ।"
ਬਿਆਨ ਵਿੱਚ ਅੱਗੇ ਕਿਹਾ ਗਿਆ ਹੈ, "ਅਸੀਂ ਇਸ ਘਟਨਾ ਦਾ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਸਾਨੂੰ ਇਸ ਘਟਨਾ ਲਈ ਅਫ਼ਸੋਸ ਹੈ।"
ਉਥੇ ਹੀ ਜਹਾਜ਼ ਬਣਾਉਣ ਵਾਲੀ ਕੰਪਨੀ ਬੋਇੰਗ ਨੇ ਇਸ ਹਾਦਸੇ 'ਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਉਹ ਇਸ ਘਾਤਕ ਹਾਦਸੇ ਤੋਂ ਬਾਅਦ ਦੱਖਣੀ ਕੋਰੀਆ ਦੀ ਜੇਜੂ ਏਅਰ ਦੇ ਸੰਪਰਕ 'ਚ ਹੈ।
ਜੇਜੂ ਏਅਰ ਮੁਤਾਬਕ ਇਹ ਹਾਦਸਾ ਬੋਇੰਗ ਦੁਆਰਾ ਨਿਰਮਿਤ 737-800 ਨਾਲ ਸਬੰਧਤ ਸੀ।
ਕੁਝ ਦਿਨ ਪਹਿਲਾਂ ਹਵਾਈ ਹਾਦਸੇ ਨੇ ਲਈ 38 ਯਾਤਰੀਆਂ ਦੀ ਜਾਨ
ਚਾਰ ਦਿਨ ਪਹਿਲਾ ਵੀ ਇੱਕ ਅਜਿਹੇ ਹਾਦਸੇ ਨੇ 38 ਜਾਨਾਂ ਲਾਇਆ ਸਨ। ਕ੍ਰਿਸਮਸ ਵਾਲੇ ਦਿਨ ਕਜ਼ਾਕਿਸਤਾਨ ਵਿੱਚ 67 ਯਾਤਰੀਆਂ ਨੂੰ ਲੈ ਕੇ ਜਾ ਰਿਹਾ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ 38 ਲੋਕਾਂ ਦੀ ਮੌਤ ਹੋ ਗਈ ਸੀ।
ਫਲਾਈਟ ਸਵਾਰ ਜ਼ਿਆਦਾਤਰ ਯਾਤਰੀ ਅਜ਼ਰਬਾਈਜਾਨ ਦੇ ਸਨ, ਬਾਕੀ ਰੂਸ, ਕਜ਼ਾਕਿਸਤਾਨ ਅਤੇ ਕਿਰਗਿਸਤਾਨ ਦੇ ਸਨ।
ਇਸ ਹਾਦਸੇ 'ਚ ਵੀ ਜਹਾਜ਼ ਦੇ ਪਿਛਲੇ ਹਿੱਸੇ ਵਿੱਚ ਬੈਠੇ ਜ਼ਿਆਦਾਤਰ ਲੋਕ ਬੱਚ ਗਏ ਸਨ।
ਫਲਾਈਟ J2-8243 25 ਦਸੰਬਰ ਨੂੰ ਅਜ਼ਰਬਾਈਜਾਨ ਦੀ ਰਾਜਧਾਨੀ ਬਾਕੂ ਤੋਂ ਚੇਚਨ ਦੀ ਰਾਜਧਾਨੀ ਗਰੋਜ਼ਨੀ ਜਾ ਰਹੀ ਸੀ, ਜਦੋਂ ਇਹ ਅੱਗ ਦੀ ਲਪੇਟੇ ਵਿੱਚ ਆ ਗਈ ਅਤੇ ਇਸ ਨੂੰ ਸਮੁੰਦਰ ਵੱਲ ਮੋੜਨਾ ਪਿਆ।
ਦੁਰਘਟਨਾ ਬਾਰੇ ਬੋਲਦੇ ਰੂਸ ਦੇ ਰਾਸ਼ਟਰਪਤੀ ਪੁਤਿਨ ਨੇ ਦੱਸਿਆ ਕਿ ਇਹ "ਦੁਖਦਾਈ ਘਟਨਾ" ਉਦੋਂ ਵਾਪਰੀ ਜਦੋਂ ਰੂਸੀ ਹਵਾਈ ਰੱਖਿਆ ਪ੍ਰਣਾਲੀ ਇੱਕ ਯੂਕਰੇਨੀ ਡਰੋਨ ਨੂੰ ਭਜਾ ਰਹੀ ਸੀ।
ਕਥਿਤ ਤੌਰ 'ਤੇ ਰੂਸੀ ਹਵਾਈ ਰੱਖਿਆ ਵੱਲੋਂ ਜਹਾਜ਼ 'ਤੇ ਉਦੋਂ ਹਮਲਾ ਕੀਤਾ ਗਿਆ ਜਦੋ ਉਹ ਚੇਚਨੀਆ ਵਿਚ ਉਤਰਨ ਦੀ ਕੋਸ਼ਿਸ਼ ਕਰ ਰਿਹਾ ਸੀ।
ਇਸੇ ਦੇ ਚੱਲਦੇ ਕਰੈਸ਼ ਹੋਣ ਤੋਂ ਪਹਿਲਾਂ ਜਹਾਜ਼ ਨੂੰ ਕੈਸਪੀਅਨ ਸਾਗਰ ਵੱਲ ਮੁੜਨਾ ਪਿਆ।
25 ਦਸੰਬਰ ਨੂੰ ਏਕਟਾਉ ਹਵਾਈ ਅੱਡੇ 'ਤੇ ਰਨਵੇ ਤੋਂ 3 ਕਿਲੋਮੀਟਰ ਦੀ ਦੂਰੀ 'ਤੇ ਇਹ ਐਂਬਰੇਅਰ ਜਹਾਜ਼ ਅੱਗ ਲੱਗਨ ਕਰਕੇ ਹਾਦਸਾਗ੍ਰਸਤ ਹੋ ਗਿਆ ਸੀ।
ਇਸ ਜਹਾਜ਼ ਹਾਦਸੇ ਤੋਂ ਬਾਅਦ ਅਜ਼ਰਬਾਈਜਾਨ ਏਅਰਲਾਈਨਜ਼ ਨੇ ਰੂਸ ਦੇ 7 ਸ਼ਹਿਰਾਂ ਲਈ ਉਡਾਣਾਂ ਮੁਅੱਤਲ ਕਰ ਦਿੱਤੀਆਂ ਹਨ।
ਯੂਕਰੇਨ ਦੀ ਖੁਫੀਆ ਏਜੰਸੀ ਦੇ ਮੁਖੀ ਨੇ ਵੀ ਜਹਾਜ਼ ਹਾਦਸੇ ਲਈ ਰੂਸ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਰੂਸੀ ਹਵਾਈ ਖੇਤਰ ਵਿੱਚ ਇੱਕ ਵਪਾਰਕ ਜਹਾਜ਼ ਨੂੰ ਨਿਸ਼ਾਨਾ ਬਣਾਉਣ ਲਈ ਗੁਆਂਢੀ ਦੇਸ਼ ਅਜ਼ਰਬਾਈਜਾਨ ਦੇ ਰਾਸ਼ਟਰਪਤੀ ਤੋਂ ਮੁਆਫੀ ਮੰਗੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












