ਨਾਸਾ ਨੇ ਸੂਰਜ ਦੇ ਸਭ ਤੋਂ ਨੇੜੇ ਪਹੁੰਚ ਕੇ ਰਚਿਆ ਇਤਿਹਾਸ, ਸੂਰਜ ਬਾਰੇ ਕਿਹੜੀ ਨਵੀਂ ਜਾਣਕਾਰੀ ਮਿਲੇਗੀ

ਤਸਵੀਰ ਸਰੋਤ, NASA
- ਲੇਖਕ, ਰੇਬੇਕਾ ਮੋਰੇਲ
- ਰੋਲ, ਵਿਗਿਆਨ ਸੰਪਾਦਕ
- ਲੇਖਕ, ਐਲੀਸਨ ਫਰਾਂਸਿਸ
- ਰੋਲ, ਸੀਨੀਅਰ ਵਿਗਿਆਨ ਪੱਤਰਕ
- ਲੇਖਕ, ਟਿਮ ਡੋਡ
- ਰੋਲ, ਵਾਤਾਵਰਨ ਅਤੇ ਵਿਗਿਆਨ ਰਿਪੋਰਟ
ਨਾਸਾ ਦੇ ਇੱਕ ਪੁਲਾੜ ਯਾਨ ਨੇ ਸੂਰਜ ਦੇ ਸਭ ਤੋਂ ਨੇੜੇ ਪਹੁੰਚ ਕੇ ਇਤਿਹਾਸ ਰਚ ਦਿੱਤਾ ਹੈ।
ਵਿਗਿਆਨੀਆਂ ਨੂੰ ਸੋਲਰ ਪ੍ਰੋਬ ਤੋਂ ਲੱਗਭਗ ਵੀਰਵਾਰ ਦੀ ਅੱਧੀ ਰਾਤ ਨੂੰ (ਜੀਐੱਮਟੀ ਮੁਤਾਬਕ ਸ਼ੁੱਕਰਵਾਰ ਨੂੰ 05:00 ਵਜੇ ਕਰੀਬ) ਇੱਕ ਸਿਗਨਲ ਪ੍ਰਾਪਤ ਹੋਇਆ।
ਇਹ ਪਹਿਲਾ ਸਿਗਨਲ ਇਸ ਯਾਨ ਦੇ ਉਡਾਣ ਦੇ ਕਈ ਦਿਨਾਂ ਮਗਰੋਂ ਮਿਲਿਆ ਸੀ।
ਨਾਸਾ ਦਾ ਕਹਿਣਾ ਹੈ ਕਿ ਸੋਲਰ ਪ੍ਰੋਬ "ਸੁਰੱਖਿਅਤ" ਹੈ ਅਤੇ ਸੂਰਜੀ ਸਤ੍ਹਾ ਤੋਂ 3.8 ਮਿਲੀਅਨ ਮੀਲ (6.1 ਮਿਲੀਅਨ ਕਿਲੋਮੀਟਰ) ਦੇ ਨੇੜੇ ਹੋਣ ਦੇ ਬਾਵਜੂਦ ਠੀਕ ਕੰਮ ਕਰ ਰਿਹਾ ਹੈ।
ਸੂਰਜ ਕਿਵੇਂ ਕੰਮ ਕਰਦਾ ਹੈ, ਇਹ ਜਾਨਣ ਦੇ ਲਈ ਉੱਚ ਤਾਪਮਾਨਾਂ ਅਤੇ ਅਤਿਅੰਤ ਰੇਡੀਏਸ਼ਨ ਨੂੰ ਸਹਿਣ ਕਰਦਿਆਂ ਇਹ ਸੋਲਰ ਪ੍ਰੋਬ ਕ੍ਰਿਸਮਸ ਦੀ ਸ਼ਾਮ ਨੂੰ ਸੂਰਜ ਦੇ ਬਾਹਰੀ ਵਾਯੂਮੰਡਲ 'ਚ ਪ੍ਰਵੇਸ਼ ਕਰ ਗਿਆ ਸੀ।

ਇਤਿਹਾਸਕ ਪਲ
ਪਹਿਲਾ ਸਿਗਨਲ ਮਿਲਣ ਮਗਰੋਂ, ਨਾਸਾ ਹੁਣ ਘਬਰਾਹਟ ਦੇ ਭਾਵ ਨਾਲ ਭਰਿਆ ਅਗਲੇ ਸਿਗਨਲ ਦੀ ਉਡੀਕ ਕਰ ਰਿਹਾ ਹੈ ।
ਨਾਸਾ ਦੀ ਵੈੱਬਸਾਈਟ ਦੇ ਅਨੁਸਾਰ, ਸੋਲਰ ਪ੍ਰੋਬ 980 ਡਿਗਰੀ ਸਲਸੀਅਸ ਦਾ ਤਾਪਮਾਨ ਬਰਦਾਸਤ ਕਰਦੇ ਹੋਏ 6,92,000 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਅੱਗੇ ਵੱਧ ਰਿਹਾ ਹੈ।
ਏਜੰਸੀ ਦਾ ਕਹਿਣ ਹੈ "ਪਾਰਕਰ ਸੋਲਰ ਪ੍ਰੋਬ ਰਾਹੀਂ ਹੋ ਰਹੇ ਸੂਰਜ ਦੇ ਇਸ ਨਜ਼ਦੀਕੀ ਅਧਿਐਨ ਦੇ ਨਾਲ ਵਿਗਿਆਨੀਆਂ ਨੂੰ ਸੂਰਜ ਨਾਲ ਜੁੜੇ ਬਹੁਤ ਸਾਰੇ ਪੈਮਾਨਿਆਂ ਦਾ ਪਤਾ ਲੱਗ ਸਕਦਾ ਹੈ।"
"ਵਿਗਿਆਨੀਆਂ ਨੂੰ ਇਹ ਸਮਝਣ ਵਿੱਚ ਮਦਦ ਮਿਲੇਗੀ ਕਿ ਕਿਵੇਂ ਇਸ ਖੇਤਰ ਵਿੱਚ ਮੌਜੂਦ ਸਮੱਗਰੀ ਲੱਖਾਂ ਡਿਗਰੀ ਤੱਕ ਦਾ ਤਾਪਮਾਨ ਝੱਲਦੀ ਹੈ। ਇਸ ਦੇ ਨਾਲ ਸੂਰਜੀ ਹਵਾ ਦੇ ਮੂਲ (ਸੂਰਜ ਤੋਂ ਬਾਹਰ ਨਿਕਲਣ ਵਾਲੀ ਸਮੱਗਰੀ ਦਾ ਨਿਰੰਤਰ ਪ੍ਰਵਾਹ) ਬਾਰੇ ਪਤਾ ਲੱਗ ਸਕਦਾ ਹੈ।"
"ਇਸ ਦੇ ਨਾਲ ਹੀ ਤੇਜ਼ ਰੌਸ਼ਨੀ ਦੀ ਗਤੀ ਦੇ ਨੇੜੇ ਵਾਲੇ ਕਣ ਕਿੰਨੇ ਊਰਜਾਵਾਨ ਹੁੰਦੇ ਹਨ ਇਸ ਬਾਰੇ ਵੀ ਪਤਾ ਲਗਾਇਆ ਜਾ ਸਕਦਾ ਹੈ।"
ਨਾਸਾ ਦੇ ਵਿਗਿਆਨ ਦੇ ਮੁਖੀ ਡਾਕਟਰ ਨਿਕੋਲਾ ਫੌਕਸ ਨੇ ਪਹਿਲਾਂ ਬੀਬੀਸੀ ਨਿਊਜ਼ ਨੂੰ ਦੱਸਿਆ ਸੀ, "ਸਦੀਆਂ ਤੋਂ ਲੋਕ ਸੂਰਜ ਦਾ ਅਧਿਐਨ ਕਰਦੇ ਆ ਰਹੇ ਹਨ, ਪਰ ਤੁਸੀਂ ਕਿਸੇ ਸਥਾਨ ਦੇ ਮਾਹੌਲ ਦਾ ਉਦੋਂ ਤੱਕ ਅਨੁਭਵ ਨਹੀਂ ਕਰਦੇ ਜਦੋਂ ਤੱਕ ਤੁਸੀਂ ਅਸਲ ਵਿੱਚ ਉਸ ਥਾਂ ਦਾ ਦੌਰਾ ਨਹੀਂ ਕਰ ਲੈਂਦੇ।"
"ਇਸੇ ਤਰ੍ਹਾਂ ਅਸੀਂ ਸੂਰਜ ਦੇ ਮਾਹੌਲ ਨੂੰ ਉਦੋਂ ਤੱਕ ਨਹੀਂ ਸਮਝ ਸਕਦੇ ਜਦੋ ਤੱਕ ਅਸੀਂ ਉਸ ਦੇ ਅੰਦਰ ਤੱਕ ਨਹੀਂ ਪਹੁੰਚ ਜਾਂਦੇ। "

ਤਸਵੀਰ ਸਰੋਤ, NASA
2018 'ਚ ਲਾਂਚ ਹੋਇਆ ਸੀ ਸੋਲਰ ਪ੍ਰੋਬ
ਪਾਰਕਰ ਸੋਲਰ ਪ੍ਰੋਬ 2018 ਵਿੱਚ ਲਾਂਚ ਕੀਤੀ ਗਿਆ ਸੀ ਅਤੇ ਹੁਣ ਇਹ ਸੂਰਜੀ ਸਿਸਟਮ ਦੇ ਕੇਂਦਰ ਵੱਲ ਜਾ ਰਿਹਾ ਹੈ।
ਇਹ ਪਹਿਲਾਂ ਵੀ 21 ਵਾਰ ਸੂਰਜ ਦੇ ਨੇੜੇ ਜਾ ਚੁੱਕਿਆ ਹੈ। ਇਹ ਹਰ ਵਾਰ ਪਹਿਲਾ ਤੋਂ ਹੋਰ ਨੇੜੇ ਜਾਂਦਾ ਰਿਹਾ ਹੈ ਪਰ ਕ੍ਰਿਸਮਸ ਦੀ ਸ਼ਾਮ ਨੂੰ ਇਸ ਨੇ ਰਿਕਾਰਡ ਕਾਇਮ ਕਰ ਦਿੱਤਾ।
ਆਪਣੀ ਸਭ ਤੋਂ ਨਜ਼ਦੀਕੀ ਪਹੁੰਚ ਦੌਰਾਨ ਪ੍ਰੋਬ ਸੂਰਜ ਦੀ ਸਤ੍ਹਾ ਤੋਂ ਸਿਰਫ 3.8 ਮਿਲੀਅਨ ਮੀਲ (6.1 ਮਿਲੀਅਨ ਕਿਲੋਮੀਟਰ) ਦੀ ਦੂਰੀ 'ਤੇ ਸੀ।
ਇਹ ਸ਼ਾਇਦ ਸੁਣਨ 'ਚ ਇੰਨਾ ਨੇੜੇ ਨਾ ਲੱਗੇ, ਪਰ ਡਾਕਟਰ ਫੌਕਸ ਨੇ ਇਸ ਦੇ ਮਹੱਤਵ ਨੂੰ ਸਮਝਿਆ।
"ਅਸੀਂ ਸੂਰਜ ਤੋਂ 93 ਮਿਲੀਅਨ ਮੀਲ ਦੂਰ ਹਾਂ। ਮੰਨ ਲਾਓ ਜੇਕਰ ਸੂਰਜ ਅਤੇ ਧਰਤੀ ਵਿਚਾਲੇ ਇੱਕ ਮੀਟਰ ਦੀ ਦੂਰੀ ਹੋਵੇ ਤਾਂ ਪਾਰਕਰ ਸੋਲਰ ਪ੍ਰੋਬ ਸੂਰਜ ਤੋਂ ਸਿਰਫ਼ 4 ਸੈਂਟੀਮੀਟਰ ਦੂਰ ਹੈ। ਇਸ ਮੁਤਾਬਕ ਇਹ ਨੇੜੇ ਹੈ।"
ਪ੍ਰੋਬ ਨੇ 1,400 ਡਿਗਰੀ ਸੈਲਸੀਅਸ ਦੇ ਤਾਪਮਾਨ ਅਤੇ ਰੇਡੀਏਸ਼ਨ ਨੂੰ ਸਹਿਣ ਕੀਤਾ ਹੈ ਅਜਿਹਾ ਤਾਪਮਾਨ ਜੋ ਕਿ ਆਨ-ਬੋਰਡ ਇਲੈਕਟ੍ਰੋਨਿਕਸ ਨੂੰ ਨਸ਼ਟ ਕਰਨ ਦੀ ਸੰਭਾਵਨਾ ਰੱਖਦਾ ਹੈ।
ਇਸ ਪੁਲਾੜ ਯਾਨ ਦੀ ਰਣਨੀਤੀ ਤੇਜ਼ੀ ਨਾਲ ਸੂਰਜ ਦੇ ਵਾਯੂਮੰਡਲ ਦੇ ਅੰਦਰ ਅਤੇ ਬਾਹਰ ਜਾਣ ਦੀ ਸੀ ਜਿਸ ਕਰਕੇ ਇਸ ਨੂੰ 4.5 ਇੰਚ ਦੀ ਮੋਟੀ ਕਾਰਬਨ-ਕੰਪੋਜ਼ਿਟ ਢਾਲ ਨਾਲ ਸੁਰੱਖਿਅਤ ਕੀਤਾ ਗਿਆ ਸੀ।
ਅਸਲ ਵਿੱਚ 430,000 ਮੀਲ ਪ੍ਰਤੀ ਘੰਟਾ ਦੀ ਰਫਤਾਰ ਨਾਲ ਇਹ ਯਾਨ ਕਿਸੇ ਵੀ ਮਨੁੱਖ ਵੱਲੋਂ ਬਣਾਈ ਵਸਤੂ ਨਾਲੋਂ ਤੇਜ਼ੀ ਨਾਲ ਅੱਗੇ ਵਧਿਆ ਹੈ।
ਇਸ ਦੀ ਰਫਤਾਰ ਲੰਡਨ ਤੋਂ ਨਿਊਯਾਰਕ ਦੀ ਦੂਰੀ ਮਾਤਰ 30 ਸਕਿੰਟਾਂ ਵਿੱਚ ਤੈਅ ਕਰਨ ਦੇ ਬਰਾਬਰ ਹੈ।
ਪਾਰਕਰ ਨੂੰ ਇਸ ਦੀ ਗਤੀ ਸੂਰਜ ਦੇ ਅਥਾਹ ਗੁਰੂਤਾ ਖਿੱਚ ਤੋਂ ਮਿਲੀ ਜਿਸ ਕਰਕੇ ਸੂਰਜ ਵੱਲ ਵੱਧਦਾ ਚੱਲਾ ਗਿਆ।

ਤਸਵੀਰ ਸਰੋਤ, NASA
ਸੂਰਜ ਨੂੰ "ਛੋਹਣ" ਲਈ ਇਹ ਜਤਨ ਕਿਉਂ ?
ਵਿਗਿਆਨੀਆਂ ਨੂੰ ਉਮੀਦ ਹੈ ਕਿ ਜਦੋਂ ਇਹ ਪੁਲਾੜ ਯਾਨ ਸੂਰਜ ਦੇ ਕੋਰੋਨਾ ਯਾਨੀ ਬਾਹਰੀ ਵਾਯੂਮੰਡਲ ਵਿੱਚੋਂ ਲੰਘਿਆ ਹੋਵੇਗਾ ਤਾਂ ਇਸ ਨੇ ਡੇਟਾ ਇਕੱਠਾ ਕੀਤਾ ਹੋਣਾ ਹੈ ਜੋ ਲੰਬੇ ਸਮੇਂ ਤੋਂ ਚੱਲ ਰਹੇ ਰਹੱਸ ਨੂੰ ਹੱਲ ਕਰੇਗਾ।
ਵੇਲਜ਼ ਵਿੱਚ ਫਿਫਥ ਸਟਾਰ ਲੈਬਜ਼ ਦੇ ਇੱਕ ਖਗੋਲ ਵਿਗਿਆਨੀ, ਡਾਕਟਰ ਜੈਨੀਫਰ ਮਿਲਾਰਡ ਕਹਿੰਦੇ ਹਨ, " ਸੂਰਜ ਦਾ ਕੋਰੋਨਾ ਬਹੁਤ, ਬਹੁਤ ਗਰਮ ਹੈ। ਸਾਨੂੰ ਬਿਲਕੁਲ ਨਹੀਂ ਪਤਾ ਅਜਿਹਾ ਕਿਉਂ ਹੈ।"
"ਸੂਰਜ ਦੀ ਸਤ੍ਹਾ ਲਗਭਗ 6,000 ਡਿਗਰੀ ਸੈਲਸੀਅਸ ਜਾਂ ਇਸ ਤੋਂ ਵੱਧ ਹੈ, ਪਰ ਕੋਰੋਨਾ, ਸੂਰਜ ਦਾ ਕਮਜ਼ੋਰ ਬਾਹਰੀ ਵਾਯੂਮੰਡਲ ਜਿਸ ਨੂੰ ਅਸੀਂ ਸੂਰਜ ਗ੍ਰਹਿਣ ਦੌਰਾਨ ਦੇਖ ਸਕਦੇ ਹਾਂ, ਇਸ ਦਾ ਤਾਪਮਾਨ ਲੱਖਾਂ ਡਿਗਰੀ ਤੱਕ ਪਹੁੰਚਦਾ ਹੈ। ਇਹ ਸੂਰਜ ਤੋਂ ਵਧਰੇ ਦੂਰ ਹੈ ਤਾਂ ਫਿਰ ਇਹ ਗਰਮ ਕਿਵੇਂ ਹੋ ਰਿਹਾ ਹੈ। ?"
ਇਸ ਮਿਸ਼ਨ ਨੂੰ ਵਿਗਿਆਨੀਆਂ ਨੂੰ ਸੂਰਜੀ ਹਵਾ ਨੂੰ ਬਿਹਤਰ ਤਰੀਕੇ ਨਾਲ ਸਮਝਣ ਵਿੱਚ ਵੀ ਮਦਦ ਕਰੇਗਾ।

ਤਸਵੀਰ ਸਰੋਤ, NASA
ਜਦੋਂ ਇਹ ਸੂਰਜੀ ਹਵਾ ਦੇ ਕਣ ਧਰਤੀ ਦੇ ਚੁੰਬਕੀ ਖੇਤਰ ਨਾਲ ਮਿਲਦੇ ਹਨ ਤਾਂ ਅਸਮਾਨ ਚਮਕਦਾਰ ਰੰਗਾ ਨਾਲ ਚਮਕ ਉੱਠਦਾ ਹੈ।
ਪਰ ਇਹ ਅਖੌਤੀ ਪੁਲਾੜ ਦਾ ਮੌਸਮ ਸਮੱਸਿਆਵਾਂ ਪੈਦਾ ਵੀ ਕਰ ਸਕਦਾ ਹੈ। ਇਹ ਪਾਵਰ ਗਰਿੱਡ, ਇਲੈਕਟ੍ਰੋਨਿਕਸ ਅਤੇ ਸੰਚਾਰ ਪ੍ਰਣਾਲੀਆਂ ਨੂੰ ਹਿੱਲਾ ਕੇ ਰੱਖ ਸਕਦਾ ਹੈ।
ਡਾ ਮਿਲਾਰਡ ਕਹਿੰਦੇ ਹਨ "ਸੂਰਜ ਨੂੰ ਸਮਝਣਾ, ਇਸਦੀ ਗਤੀਵਿਧੀ, ਪੁਲਾੜ ਮੌਸਮ, ਸੂਰਜੀ ਹਵਾ, ਧਰਤੀ 'ਤੇ ਸਾਡੀ ਰੋਜ਼ਾਨਾ ਜ਼ਿੰਦਗੀ ਲਈ ਬਹੁਤ ਮਹੱਤਵਪੂਰਨ ਹੈ।"
ਨਾਸਾ ਦੇ ਵਿਗਿਆਨੀ ਕ੍ਰਿਸਮਸ ਮੌਕੇ ਉਦੋਂ ਚਿੰਤਾ 'ਚ ਪੈ ਗਏ ਸਨ ਜਦੋ ਉਨ੍ਹਾਂ ਦਾ ਇਸ ਪੁਲਾੜ ਯਾਨ ਨਾਲ ਅਸਥਾਈ ਤੌਰ 'ਤੇ ਸੰਪਰਕ ਟੁੱਟ ਗਿਆ।
ਡਾਕਟਰ ਫੌਕਸ ਇਸ ਸਮੇਂ ਦੌਰਾਨ ਉਮੀਦ ਕਰ ਰਹੇ ਸਨ ਕਿ ਟੀਮ ਉਨ੍ਹਾਂ ਨੂੰ ਜਲਦ ਹੀ ਹਰੇ ਦਿਲ ਵਾਲਾ ਮੈਸਜ ਭੇਜੇਗੀ ਜਿਸ ਦਾ ਅਰਥ ਹੋਵੇਗਾ ਕਿ ਪ੍ਰੋਬ ਠੀਕ ਹਾਲਤ 'ਚ ਹੈ।
ਉਨ੍ਹਾਂ ਮੰਨਿਆ ਕਿ ਪਹਿਲਾ ਉਹ ਘਬਰਾ ਗਏ ਸਨ ਪਰ ਉਨ੍ਹਾਂ ਨੂੰ ਪ੍ਰੋਬ 'ਤੇ ਵਿਸ਼ਵਾਸ ਵੀ ਸੀ।
"ਪੁਲਾੜ ਯਾਨ ਬਾਰੇ ਚਿੰਤਾ ਤਾਂ ਰਹਿੰਦੀ ਹੈ ਪਰ ਅਸੀਂ ਬੇਸ਼ਕ ਇਸਨੂੰ ਇਹਨਾਂ ਸਾਰੀਆਂ ਬੇਰਹਿਮ ਹਾਲਤਾਂ ਦਾ ਸਾਮ੍ਹਣਾ ਕਰਨ ਲਈ ਬਣਾਇਆ ਹੈ। ਇਹ ਇੱਕ ਛੋਟਾ ਪਰ ਸਖ਼ਤ ਪੁਲਾੜ ਯਾਨ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












