ਨਿਮਿਸ਼ਾ ਪ੍ਰਿਆ: ਯਮਨ 'ਚ ਭਾਰਤੀ ਨਰਸ ਨੂੰ ਕਿਉਂ ਹੋਈ ਫਾਂਸੀ ਦੀ ਸਜ਼ਾ, ਬਚਾਅ ਲਈ ਕਿਹੜਾ ਰਾਹ ਬਚਿਆ

ਯਮਨ ਵਿੱਚ ਰਹਿੰਦੀ ਕੇਰਲ ਦੀ ਨਰਸ ਨਿਮਿਸ਼ਾ ਪ੍ਰਿਆ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ।ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਭਾਰਤ ਸਰਕਾਰ ਤੋਂ ਤੁਰੰਤ ਦਖ਼ਲ ਦੇਣ ਦੀ ਮੰਗ ਕੀਤੀ ਹੈ।
ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਮਾਮਲੇ 'ਤੇ ਬਿਆਨ ਜਾਰੀ ਕਰਕੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ।
ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ, "ਅਸੀਂ ਨਿਮਿਸ਼ਾ ਪ੍ਰਿਆ ਨੂੰ ਯਮਨ ਵਿੱਚ ਮਿਲੀ ਸਜ਼ਾ ਤੋਂ ਜਾਣੂ ਹਾਂ। ਪ੍ਰਿਆ ਦਾ ਪਰਿਵਾਰ ਸਾਰੇ ਉਪਲੱਬਧ ਵਿਕਲਪਾਂ ਦੀ ਭਾਲ ਕਰ ਰਿਹਾ ਹੈ। ਭਾਰਤ ਸਰਕਾਰ ਵਲੋਂ ਵੀ ਇਸ ਮਾਮਲੇ ਵਿੱਚ ਹਰ ਸੰਭਵ ਮਦਦ ਪ੍ਰਦਾਨ ਕੀਤੀ ਜਾ ਰਹੀ ਹੈ।"
ਯਮਨ ਦੇ ਰਾਸ਼ਟਰਪਤੀ ਰਸ਼ਦ ਮੁਹੰਮਦ ਅਲ-ਅਲੀਮੀ ਨੇ ਸੋਮਵਾਰ ਨੂੰ ਨਿਮਿਸ਼ਾ ਪ੍ਰਿਆ ਦੀ ਮੌਤ ਦੀ ਸਜ਼ਾ ਨੂੰ ਮਨਜ਼ੂਰੀ ਦਿੱਤੀ ਸੀ।
ਨਿਮਿਸ਼ਾ 'ਤੇ ਸਾਲ 2017 'ਚ ਯਮਨ ਦੇ ਨਾਗਰਿਕ ਤਲਾਲ ਅਬਦੋ ਮਹਿਦੀ ਦੀ ਹੱਤਿਆ ਕਰਨ ਦਾ ਇਲਜ਼ਾਮ ਹੈ। ਉਦੋਂ ਤੋਂ ਉਹ ਜੇਲ੍ਹ ਵਿੱਚ ਕੈਦ ਹਨ।
ਨਿਮਿਸ਼ਾ ਕੇਰਲ ਦੇ ਪਲੱਕੜ ਦੀ ਰਹਿਣ ਵਾਲੀ ਹੈ। ਉਨ੍ਹਾਂ ਨੂੰ ਮੌਤ ਦੀ ਸਜ਼ਾ ਤੋਂ ਬਚਾਉਣ ਲਈ ਉਸ ਦੇ ਜੱਦੀ ਸ਼ਹਿਰ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਸੇਵ ਨਿਮਿਸ਼ਾ ਇੰਟਰਨੈਸ਼ਨਲ ਐਕਸ਼ਨ ਕਮੇਟੀ ਦੇ ਨਾਂ 'ਤੇ ਮੁਹਿੰਮ ਚਲਾਈ ਜਾ ਰਹੀ ਹੈ।
ਮੁਹਿੰਮ ਚਲਾਉਣ ਵਾਲੇ ਲੋਕਾਂ ਤਰਫੋਂ ਭਾਰਤ ਸਰਕਾਰ ਨੂੰ ਇਸ ਮਾਮਲੇ ਵਿੱਚ ਤੁਰੰਤ ਦਖ਼ਲ ਦੇਣ ਦੀ ਅਪੀਲ ਕੀਤੀ ਗਈ ਹੈ।

ਵਿਚੋਲਗੀ ਦੀਆਂ ਕੋਸ਼ਿਸ਼ਾਂ ਅਸਫ਼ਲ ਕਿਉਂ ਹੋਈਆਂ?

ਮੀਡੀਆ ਰਿਪੋਰਟਾਂ ਮੁਤਾਬਕ ਨਿਮਿਸ਼ਾ ਵਲੋਂ ਕਥਿਤ ਤੌਰ 'ਤੇ ਕਤਲ ਕੀਤੇ ਗਏ ਮਾਹਦੀ ਦੇ ਪਰਿਵਾਰ ਨਾਲ ਜਦੋਂ ਮੁਆਫ਼ੀ ਦੀਆਂ ਕੋਸ਼ਿਸ਼ਾਂ ਸਿਰੇ ਨਹੀਂ ਚੜੀਆ ਤਾਂ ਗੱਲ ਸਜ਼ਾ-ਏ-ਮੌਤ 'ਤੇ ਪਹੁੰਚ ਗਈ।
ਕੁਝ ਮੀਡੀਆ ਰਿਪੋਰਟਾਂ ਦਾ ਕਹਿਣਾ ਹੈ ਕਿ ਵਿਚੋਲਗੀ ਦੇ ਯਤਨਾਂ ਲਈ ਲੋੜੀਂਦੇ ਫੰਡ ਇਕੱਠੇ ਨਹੀਂ ਹੋ ਪਾਏ ਸੀ।
ਹੁਣ ਨਿਮਿਸ਼ਾ ਪ੍ਰਿਆ ਨੂੰ ਬਚਾਉਣ ਲਈ ਇੱਕ ਮਹੀਨਾ ਬਾਕੀ ਹੈ।
ਮਨੋਰਮਾ ਔਨਲਾਈਨ ਦੇ ਅਨੁਸਾਰ, ਯਮਨ ਵਿੱਚ ਨਿਮਿਸ਼ਾ ਦੀ ਰਿਹਾਈ ਲਈ ਵਿਚੋਲਗੀ ਦੀਆਂ ਕੋਸ਼ਿਸ਼ਾਂ ਦੀ ਅਗਵਾਈ ਕਰਨ ਵਾਲੇ ਸੈਮੂਅਲ ਜੇਰੋਮ ਨੇ ਕਿਹਾ ਕਿ ਕਬਾਇਲੀ ਨੇਤਾਵਾਂ ਨਾਲ ਵਿਚੋਲਗੀ ਦੀ ਗੱਲਬਾਤ ਲਈ ਜ਼ਰੂਰੀ ਪੈਸਾ ਇਕੱਠਾ ਨਹੀਂ ਹੋ ਪਾਇਆ ਸੀ।
ਜੇਰੋਮ ਨੇ ਕਿਹਾ, "ਪੈਸੇ ਦਾ ਭੁਗਤਾਨ ਨਾ ਕਰ ਸਕਣ ਕਾਰਨ ਗੱਲਬਾਤ ਰੁਕ ਗਈ। ਜੇਕਰ ਗੱਲਬਾਤ ਜਾਰੀ ਰਹਿੰਦੀ ਤਾਂ ਨਿਮਿਸ਼ਾ ਨੂੰ ਹੁਣ ਤੱਕ ਰਿਹਾਅ ਕਰ ਦਿੱਤਾ ਗਿਆ ਹੁੰਦਾ।"
ਹਾਲਾਂਕਿ, ਨਿਮਿਸ਼ਾ ਦੇ ਪਰਿਵਾਰਕ ਵਕੀਲ ਸੁਭਾਸ਼ ਚੰਦਰਨ ਨੇ ਦਾਅਵਾ ਕੀਤਾ ਹੈ ਕਿ ਯਮਨ ਵਿੱਚ ਵਿਚੋਲਗੀ ਦੀ ਗੱਲਬਾਤ ਚਲਾ ਰਹੀ ਟੀਮ ਨੇ ਪਿਛਲੇ ਜੁਲਾਈ ਵਿੱਚ 20,000 ਡਾਲਰ (ਲਗਭਗ 19 ਲੱਖ ਰੁਪਏ) ਦੀ ਮੰਗ ਕੀਤੀ ਸੀ।
ਉਨ੍ਹਾਂ ਨੇ ਕਿਹਾ, "ਪਿਛਲੇ ਹਫ਼ਤੇ ਉਨ੍ਹਾਂ ਨੇ ਫਿਰ ਤੋਂ 20,000 ਡਾਲਰ ਦੀ ਮੰਗ ਕੀਤੀ, ਜੋ ਅਸੀਂ ਭੇਜੇ। ਅਸੀਂ ਭਾਰਤੀ ਦੂਤਾਵਾਸ ਰਾਹੀਂ ਯਮਨ ਦੇ ਵਕੀਲ ਨੂੰ ਕੁੱਲ 38 ਲੱਖ ਰੁਪਏ ਟਰਾਂਸਫਰ ਕਰ ਦਿੱਤੇ ਹਨ। ਪਰ ਬਦਕਿਸਮਤੀ ਨਾਲ, ਦੋ ਦਿਨ ਪਹਿਲਾਂ ਹੀ ਖ਼ਬਰ ਆ ਗਈ ਕਿ ਰਾਸ਼ਟਰਪਤੀ ਨੇ ਸਜ਼ਾ ਨੂੰ ਮਨਜ਼ੂਰੀ ਦੇ ਦਿੱਤੀ ਹੈ।"
ਸੁਭਾਸ਼ ਚੰਦਰਨ ਦਾ ਕਹਿਣਾ ਹੈ ਕਿ 'ਮ੍ਰਿਤਕ ਦੇ ਪਰਿਵਾਰ ਨਾਲ ਅਜੇ ਤੱਕ ਕੋਈ ਸਿੱਧੀ ਗੱਲਬਾਤ ਨਹੀਂ ਹੋਈ ਹੈ।
ਉਹ ਦੱਸਦੇ ਹਨ ਕਿ ਯਮਨ ਵਿੱਚ ਸਿਆਸੀ ਟਕਰਾਅ ਦੀ ਸਥਿਤੀ ਕਾਰਨ ਵਿਚੋਲਗੀ ਦੀ ਗੱਲਬਾਤ ਹੋਰ ਮੁਸ਼ਕਲ ਹੋ ਗਈ ਹੈ।
ਕੀ ਹੈ ਪੂਰਾ ਮਾਮਲਾ?

ਦਸੰਬਰ 2023 ਵਿੱਚ ਪ੍ਰਕਾਸ਼ਿਤ ਬੀਬੀਸੀ ਪੱਤਰਕਾਰ ਗੀਤਾ ਪਾਂਡੇ ਦੀ ਇੱਕ ਰਿਪੋਰਟ ਦੇ ਅਨੁਸਾਰ , ਸਿਖਲਾਈ ਪ੍ਰਾਪਤ ਨਰਸ ਨਿਮਿਸ਼ਾ ਪ੍ਰਿਆ 2008 ਵਿੱਚ ਕੇਰਲ ਤੋਂ ਯਮਨ ਗਏ ਸਨ।
ਉੱਥੇ ਉਨ੍ਹਾਂ ਨੂੰ ਰਾਜਧਾਨੀ ਸਨਾ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਨੌਕਰੀ ਮਿਲ ਗਈ।
2011 'ਚ ਨਿਮਿਸ਼ਾ ਟੌਮੀ ਥਾਮਸ ਨਾਲ ਵਿਆਹ ਕਰਨ ਲਈ ਕੇਰਲ ਆਏ ਅਤੇ ਫਿਰ ਦੋਵੇਂ ਯਮਨ ਚਲੇ ਗਏ ਸਨ। ਦਸੰਬਰ 2012 ਵਿੱਚ ਉਨ੍ਹਾਂ ਨੇ ਇੱਕ ਧੀ ਨੂੰ ਜਨਮ ਦਿੱਤਾ।
ਥਾਮਸ ਨੇ ਬੀਬੀਸੀ ਨੂੰ ਦੱਸਿਆ ਸੀ ਕਿ ਉਨ੍ਹਾਂ ਨੂੰ ਕੋਈ ਉਚਿਤ ਨੌਕਰੀ ਨਹੀਂ ਮਿਲੀ, ਜਿਸ ਕਾਰਨ ਵਿੱਤੀ ਸਮੱਸਿਆਵਾਂ ਵਧ ਗਈਆਂ ਅਤੇ 2014 ਵਿੱਚ ਉਹ ਆਪਣੀ ਧੀ ਨਾਲ ਕੋਚੀ ਵਾਪਸ ਆ ਗਏ।
ਉਸੇ ਸਾਲ ਨਿਮਿਸ਼ਾ ਨੇ ਆਪਣੀ ਘੱਟ ਤਨਖਾਹ ਵਾਲੀ ਨੌਕਰੀ ਛੱਡ ਕੇ ਕਲੀਨਿਕ ਖੋਲ੍ਹਣ ਦਾ ਫੈਸਲਾ ਕੀਤਾ।
ਯਮਨ ਦੇ ਕਾਨੂੰਨ ਦੇ ਤਹਿਤ, ਅਜਿਹਾ ਕਰਨ ਲਈ ਇੱਕ ਸਥਾਨਕ ਸਾਥੀ ਦਾ ਹੋਣਾ ਜ਼ਰੂਰੀ ਹੈ ਅਤੇ ਇਹ ਉਹ ਸਮਾਂ ਹੈ ਜਦੋਂ ਮਹਿਦੀ ਇਸ ਕਹਾਣੀ ਵਿੱਚ ਦਾਖਲ ਹੁੰਦੇ ਹਨ।
ਮਹਿਦੀ ਇੱਕ ਕੱਪੜੇ ਦੀ ਦੁਕਾਨ ਚਲਾਉਂਦੇ ਸਨ ਅਤੇ ਉਨ੍ਹਾਂ ਦੀ ਪਤਨੀ ਨੇ ਕਲੀਨਿਕ ਵਿੱਚ ਇੱਕ ਬੱਚੀ ਨੂੰ ਜਨਮ ਦਿੱਤਾ ਜਿੱਥੇ ਨਿਮਿਸ਼ਾ ਕੰਮ ਕਰਦੀ ਸੀ।
ਜਨਵਰੀ 2015 ਵਿੱਚ ਜਦੋਂ ਨਿਮਿਸ਼ਾ ਭਾਰਤ ਆਈ ਸੀ ਤਾਂ ਮਹਿਦੀ ਉਨ੍ਹਾਂ ਦੇ ਨਾਲ ਆਏ ਸਨ।

ਤਸਵੀਰ ਸਰੋਤ, Getty Images
ਨਿਮਿਸ਼ਾ ਅਤੇ ਉਨ੍ਹਾਂ ਦੇ ਪਤੀ ਨੇ ਆਪਣੇ ਦੋਸਤਾਂ ਅਤੇ ਪਰਿਵਾਰ ਤੋਂ ਪੈਸੇ ਲੈ ਕੇ ਲਗਭਗ 50 ਲੱਖ ਰੁਪਏ ਇਕੱਠੇ ਕੀਤੇ ਅਤੇ ਇੱਕ ਮਹੀਨੇ ਬਾਅਦ ਨਿਮਿਸ਼ਾ ਆਪਣਾ ਕਲੀਨਿਕ ਖੋਲ੍ਹਣ ਲਈ ਯਮਨ ਵਾਪਸ ਆ ਗਈ।
ਜਦੋਂ ਯਮਨ ਵਿੱਚ ਘਰੇਲੂ ਯੁੱਧ ਸ਼ੁਰੂ ਹੋਇਆ ਤਾਂ ਉਦੋਂ ਥਾਮਸ ਅਤੇ ਉਨ੍ਹਾਂ ਧੀ ਨੂੰ ਵਾਪਸ ਲਿਆਉਣ ਦੇ ਯਤਨ ਸ਼ੁਰੂ ਹੋਏ ਸਨ ।
ਉਸ ਸਮੇਂ ਦੌਰਾਨ ਭਾਰਤ ਨੇ ਆਪਣੇ 4,600 ਨਾਗਰਿਕਾਂ ਅਤੇ 1,000 ਵਿਦੇਸ਼ੀ ਨਾਗਰਿਕਾਂ ਨੂੰ ਯਮਨ ਤੋਂ ਬਾਹਰ ਕੱਢਿਆ ਪਰ ਨਿਮਿਸ਼ਾ ਵਾਪਸ ਨਹੀਂ ਆਏ।
ਪਰ ਨਿਮਿਸ਼ਾ ਦੇ ਹਾਲਾਤ ਜਲਦ ਹੀ ਵਿਗੜਨ ਲੱਗੇ ਅਤੇ ਉਹ ਮਹਿਦੀ ਦੀ ਸ਼ਿਕਾਇਤ ਕਰਨ ਲੱਗੀ।
ਨਿਮਿਸ਼ਾ ਦੀ ਮਾਂ ਪ੍ਰੇਮਾ ਕੁਮਾਰੀ ਵੱਲੋਂ 2023 ਵਿੱਚ ਦਿੱਲੀ ਹਾਈ ਕੋਰਟ ਵਿੱਚ ਦਾਇਰ ਪਟੀਸ਼ਨ ਵਿੱਚ ਕਿਹਾ ਗਿਆ ਸੀ, "ਮਹਿਦੀ ਨੇ ਨਿਮਿਸ਼ਾ ਦੇ ਵਿਆਹ ਦੀਆਂ ਫੋਟੋਆਂ ਉਸ ਦੇ ਘਰੋਂ ਚੋਰੀ ਕੀਤੀਆਂ ਸਨ ਅਤੇ ਬਾਅਦ ਵਿੱਚ ਉਨ੍ਹਾਂ ਨਾਲ ਛੇੜਛਾੜ ਕਰਕੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਨਿਮਿਸ਼ਾ ਨਾਲ ਵਿਆਹ ਕੀਤਾ ਹੈ।"
ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਮਹਿਦੀ ਨੇ ਨਿਮਿਸ਼ਾ ਨੂੰ ਕਈ ਮੌਕਿਆਂ 'ਤੇ ਧਮਕੀ ਦਿੱਤੀ ਅਤੇ "ਉਸ ਦਾ ਪਾਸਪੋਰਟ ਆਪਣੇ ਕੋਲ ਰੱਖਿਆ ਅਤੇ ਜਦੋਂ ਨਿਮਿਸ਼ਾ ਨੇ ਪੁਲਿਸ ਨੂੰ ਇਸ ਬਾਰੇ ਸ਼ਿਕਾਇਤ ਕੀਤੀ, ਤਾਂ ਪੁਲਿਸ ਨੇ ਉਲਟਾ ਨਿਮਿਸ਼ਾ ਨੂੰ ਹੀ ਛੇ ਦਿਨਾਂ ਲਈ ਜੇਲ੍ਹ ਵਿਚ ਬੰਦ ਕਰ ਦਿੱਤਾ।"
ਕਤਲ ਦਾ ਇਲਜ਼ਾਮ ਅਤੇ ਸਜ਼ਾ
ਨਿਮਿਸ਼ਾ ਦੇ ਪਤੀ ਥਾਮਸ ਨੂੰ 2017 'ਚ ਮਹਿਦੀ ਦੇ ਕਤਲ ਦੀ ਜਾਣਕਾਰੀ ਮਿਲੀ ਸੀ।
ਥਾਮਸ ਨੂੰ ਯਮਨ ਤੋਂ ਖ਼ਬਰ ਮਿਲੀ ਸੀ ਕਿ ਨਿਮਿਸ਼ਾ ਨੂੰ ਉਨ੍ਹਾਂ ਦੇ ਪਤੀ ਦੇ ਕਤਲ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਥਾਮਸ ਲਈ ਇਹ ਹੈਰਾਨ ਕਰਨ ਵਾਲਾ ਸੀ ਕਿਉਂਕਿ ਉਹ ਖੁਦ ਨਿਮਿਸ਼ਾ ਦਾ ਪਤੀ ਸੀ।
ਮਹਿਦੀ ਦੀ ਕੱਟੀ ਹੋਈ ਲਾਸ਼ ਪਾਣੀ ਦੀ ਟੈਂਕੀ ਵਿੱਚੋਂ ਮਿਲੀ ਸੀ ਅਤੇ ਇੱਕ ਮਹੀਨੇ ਬਾਅਦ ਨਿਮਿਸ਼ਾ ਨੂੰ ਸਾਊਦੀ ਅਰਬ ਨਾਲ ਲੱਗਦੀ ਯਮਨ ਦੀ ਸਰਹੱਦ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਬੀਬੀਸੀ ਦੀ ਰਿਪੋਰਟ ਅਨੁਸਾਰ, 'ਦਿੱਲੀ ਹਾਈ ਕੋਰਟ ਵਿੱਚ ਦਾਇਰ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਮਹਿਦੀ ਨੇ ਕਲੀਨਿਕ ਦੇ ਮਾਲਕੀ ਦਸਤਾਵੇਜ਼ਾਂ ਨਾਲ ਛੇੜਛਾੜ ਕੀਤੀ ਸੀ ਅਤੇ ਕਲੀਨਿਕ ਦੀ ਮਲਕੀਅਤ ਦਾ ਵੀ ਦਾਅਵਾ ਕੀਤਾ ਸੀ। ਮਹਿਦੀ ਨੇ ਕਲੀਨਿਕ ਤੋਂ ਪੈਸੇ ਵੀ ਲੈਣੇ ਸ਼ੁਰੂ ਕਰ ਦਿੱਤੇ ਸਨ ਅਤੇ ਨਿਮਿਸ਼ਾ ਦਾ ਪਾਸਪੋਰਟ ਵੀ ਰੱਖ ਲਿਆ ਸੀ।"

ਹੁਣ ਕਾਨੂੰਨੀ ਵਿਕਲਪ ਕੀ ਹਨ?
ਨਿਮਿਸ਼ਾ ਪ੍ਰਿਆ ਦੇ ਪਰਿਵਾਰਕ ਵਕੀਲ ਸੁਭਾਸ਼ ਚੰਦਰਨ ਨੇ ਇਕ ਨਿਊਜ਼ ਚੈਨਲ ਨੂੰ ਦੱਸਿਆ ਕਿ ਇਸ ਮਾਮਲੇ 'ਚ ਅਜੇ ਕਾਨੂੰਨੀ ਵਿਕਲਪ ਮੌਜੂਦ ਹਨ।
ਉਨ੍ਹਾਂ ਕਿਹਾ, "ਯਮਨ ਵਿੱਚ ਸ਼ਰੀਆ ਕਾਨੂੰਨ ਹੈ। ਇਸ ਮੁਤਾਬਕ ਜੇਕਰ ਪੀੜਤ ਪਰਿਵਾਰ ਪ੍ਰਿਆ ਨੂੰ ਮਾਫ਼ ਕਰ ਦਿੰਦਾ ਹੈ ਤਾਂ ਉਨ੍ਹਾਂ ਨੂੰ ਮੌਤ ਦੀ ਸਜ਼ਾ ਤੋਂ ਬਚਾਇਆ ਜਾ ਸਕਦਾ ਹੈ। ਹਾਲਾਂਕਿ ਯਮਨ ਦੇ ਮੌਜੂਦਾ ਹਾਲਾਤਵਿੱਚ ਅਸੀਂ ਉੱਥੇ ਨਹੀਂ ਜਾ ਸਕਦੇ, ਇਸ ਲਈ ਅਸੀਂ ਭਾਰਤ ਸਰਕਾਰ ਤੋਂ ਮਦਦ ਦੀ ਉਮੀਦ ਕਰ ਰਹੇ ਹਾਂ।"
ਸੁਭਾਸ਼ ਚੰਦਰਨ ਨੇ ਕਿਹਾ, "ਜੇਕਰ ਭਾਰਤ ਸਰਕਾਰ ਦਖਲ ਦਿੰਦੀ ਹੈ ਅਤੇ ਪੀੜਤ ਪਰਿਵਾਰ ਨਾਲ ਗੱਲਬਾਤ ਵਿੱਚ ਮਦਦ ਕਰਦੀ ਹੈ, ਤਾਂ ਨਿਮਿਸ਼ਾ ਪ੍ਰਿਆ ਅੰਤਰਰਾਸ਼ਟਰੀ ਐਕਸ਼ਨ ਕੌਂਸਲ ਦੁਆਰਾ ਜੋ ਵੀ ਰਕਮ ਤੈਅ ਕੀਤੀ ਜਾਵੇਗੀ, ਉਹ ਦੇਣ ਲਈ ਤਿਆਰ ਹਨ।"
ਉਨ੍ਹਾਂ ਕਿਹਾ, "ਮੁਢਲੀ ਗੱਲਬਾਤ ਆਗੂਆਂ ਨਾਲ ਹੋਈ ਸੀ ਪਰ ਅਜੇ ਤੱਕ ਪਰਿਵਾਰ ਨੇ ਕੋਈ ਜਵਾਬ ਨਹੀਂ ਦਿੱਤਾ ਹੈ। ਜੇਕਰ ਪਰਿਵਾਰ ਪੈਸੇ ਲੈ ਕੇ ਮੁਆਫ਼ੀ ਦੇਣ ਲਈ ਰਾਜ਼ੀ ਹੋ ਜਾਂਦਾ ਹੈ ਤਾਂ ਇਸ ਮਾਮਲੇ ਨੂੰ ਜਲਦੀ ਹੱਲ ਕਰ ਲਿਆ ਜਾਵੇਗਾ।"
ਉਨ੍ਹਾਂ ਕਿਹਾ ਕਿ ਸਜ਼ਾ ਦੇ ਦਿਨ ਲਈ ਸਿਰਫ਼ 30 ਦਿਨ ਦਾ ਸਮਾਂ ਬਾਕੀ ਹੈ ਇਹ ਸਮਾਂ ਬਹੁਤ ਘੱਟ ਹੈ।
ਸੁਭਾਸ਼ ਚੰਦਰਨ ਦੇ ਅਨੁਸਾਰ, "2017 ਵਿੱਚ ਯਮਨ ਵਿੱਚ ਇੱਕ ਸੰਘਰਸ਼ ਚੱਲ ਰਿਹਾ ਸੀ ਅਤੇ ਉਸ ਸਮੇਂ ਇਹ ਘਟਨਾ ਵਾਪਰੀ ਸੀ। ਉਸ ਸਮੇਂ ਉਨ੍ਹਾਂ ਨੂੰ ਕੋਈ ਯੋਜਨਾਬੱਧ ਕਾਨੂੰਨੀ ਮਦਦ ਨਹੀਂ ਮਿਲ ਸਕੀ ਸੀ। ਇਸ ਦੌਰਾਨ ਉਨ੍ਹਾਂ ਨੂੰ ਅਰਬੀ ਵਿੱਚ ਲਿਖੇ ਕਈ ਦਸਤਾਵੇਜ਼ਾਂ ਉੱਤੇ ਦਸਤਖ਼ਤ ਕਰਨ ਲਈ ਕਿਹਾ ਗਿਆ ਸੀ। ਇਹ ਦਸਤਾਵੇਜ਼ ਅਸਲ ਵਿੱਚ "ਕਤਲ ਦੇ ਦੋਸ਼ਾਂ ਦਾ ਇਕਬਾਲ" ਸਨ।"
ਸਥਾਨਕ ਹੇਠਲੀ ਅਦਾਲਤ ਵਿੱਚ ਪ੍ਰਿਆ ਨੂੰ ਲੋੜੀਂਦੀ ਕਾਨੂੰਨੀ ਮਦਦ ਨਾ ਮਿਲਣ ਦਾ ਦਾਅਵਾ ਕਰਦਿਆਂ ਉਨ੍ਹਾਂ ਕਿਹਾ, "ਸਜ਼ਾ ਸੁਣਾਏ ਜਾਣ ਤੋਂ ਬਾਅਦ ਸੁਪਰੀਮ ਜੁਡੀਸ਼ੀਅਲ ਕੌਂਸਲ ਕੋਲ ਅਪੀਲ ਕੀਤੀ ਗਈ ਸੀ ਅਤੇ ਉਨ੍ਹਾਂ ਨੇ ਵੀ ਸਜ਼ਾ ਨੂੰ ਬਰਕਰਾਰ ਰੱਖਿਆ ਸੀ।"
ਉਨ੍ਹਾਂ ਕਿਹਾ ਕਿ ਯਮਨ ਵਿਚ ਸਿਆਸੀ ਸੰਕਟ ਕਾਰਨ ਭਾਰਤ ਸਰਕਾਰ ਨੇ ਉਥੇ ਯਾਤਰਾ 'ਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਨਿਮਿਸ਼ਾ ਪ੍ਰਿਆ ਦੀ ਮਾਤਾ ਪ੍ਰੇਮਾ ਕੁਮਾਰੀ ਨੂੰ ਉਥੇ ਜਾਣ ਦੀ ਇਜਾਜ਼ਤ ਦੇਣ ਲਈ ਦਿੱਲੀ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਗਈ ਸੀ।
ਇਜਾਜ਼ਤ ਮਿਲਣ ਤੋਂ ਬਾਅਦ ਉਨ੍ਹਾਂ ਦੀ ਮਾਤਾ ਯਮਨ ਚਲੇ ਗਏ ਸਨ, ਜਿੱਥੇ ਉਹ 9 ਮਹੀਨਿਆਂ ਤੋਂ ਰਹਿ ਰਹੇ ਹਨ।
ਸੁਭਾਸ਼ ਚੰਦਰ ਅਨੁਸਾਰ, 'ਇਸ ਮਾਮਲੇ ਵਿਚ ਜੋ ਵੀ ਕੀਤਾ ਜਾ ਸਕਦਾ ਹੈ, ਉਹ ਭਾਰਤ ਦੀ ਕੇਂਦਰ ਸਰਕਾਰ ਹੀ ਕਰ ਸਕਦੀ ਹੈ।'
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












