ਹਰਲੀਨ ਦਿਓਲ: ʻਕੁਝ ਮਹੀਨੇ ਪਹਿਲਾਂ ਤੁਰ ਵੀ ਨਹੀਂ ਸਕਦੀ ਸੀ' ਪਰ ਵੈਸਟਇੰਡੀਜ਼ ਖ਼ਿਲਾਫ਼ ਸੈਂਕੜੇ ਨਾਲ ਕਿਵੇਂ ਕੀਤੀ ਵਾਪਸੀ

ਤਸਵੀਰ ਸਰੋਤ, Getty Images/harleendeol/Insta
- ਲੇਖਕ, ਨਵਜੋਤ ਕੌਰ
- ਰੋਲ, ਬੀਬੀਸੀ ਪੱਤਰਕਾਰ
ਅੱਜ ਤੋਂ ਕੁਝ ਮਹੀਨੇ ਪਹਿਲਾਂ ਹਰਲੀਨ ਕੌਰ ਦਿਓਲ ਤੁਰ ਵੀ ਨਹੀਂ ਸਕਦੀ ਸੀ, ਇਲਾਜ ਚੱਲ ਰਿਹਾ ਸੀ, ਸਾਥੀ ਕ੍ਰਿਕਟਰ ਹਾਲ ਪੁੱਛਣ ਆਉਂਦੇ ਤਾਂ ਹਰਲੀਨ ਦੀਆਂ ਅੱਖਾਂ ਵਿੱਚ ਹੰਝੂ ਹੁੰਦੇ ਸਨ।
ਪਰ 24 ਦਸੰਬਰ ਨੂੰ ਭਾਰਤ ਅਤੇ ਵੈਸਟਇੰਡੀਜ਼ ਮਹਿਲਾ ਕ੍ਰਿਕਟ ਟੀਮ ਵਿਚਾਲੇ ਖੇਡੇ ਗਏ ਦੂਸਰੇ ਵਨਡੇ ਮੈਚ ਵਿੱਚ ਪੰਜਾਬ ਦੀ ਹਰਲੀਨ ਦਿਓਲ ਨੇ ਸੈਂਕੜਾ ਮਾਰ ਕੇ ਹਰ ਕ੍ਰਿਕਟ ਪ੍ਰੇਮੀ ਦੇ ਦਿਲ ਵਿੱਚ ਖ਼ਾਸ ਥਾਂ ਬਣਾ ਲਈ ਹੈ।
ਸੈਂਕੜਾ ਮਾਰਨ ਕਾਰਨ ਹਰਲੀਨ ਨੂੰ 'ਪਲੇਅਰ ਆਫ ਦਿ ਮੈਚ' ਵੀ ਚੁਣਿਆ ਗਿਆ।
ਹਰਲੀਨ ਦਿਓਲ ਲਈ ਇਹ ਸੈਂਕੜਾ ਇਸ ਲਈ ਖ਼ਾਸ ਰਿਹਾ ਕਿਉਂਕਿ ਉਹ ਇਸ ਸਾਲ ਗੋਡੇ ਦੀ ਸਰਜਰੀ ਕਰਵਾਉਣ ਤੋਂ ਬਾਅਦ ਕ੍ਰਿਕਟ ਦੇ ਮੈਦਾਨ ਵਿੱਚ ਉੱਤਰੇ ਸਨ।
ਹੁਣ ਹਰਲੀਨ ਬੱਲੇਬਾਜ਼ੀ ਕਰਨ ਲਈ ਤੀਜੇ ਨੰਬਰ 'ਤੇ ਆਉਂਦਿਆਂ ਵਨਡੇ ਵਿੱਚ ਸੈਂਕੜਾ ਲਗਾਉਣ ਵਾਲੀ ਪੰਜਵੀਂ ਭਾਰਤੀ ਮਹਿਲਾ ਬੱਲੇਬਾਜ਼ ਬਣ ਗਏ ਹਨ।

ਸੱਜੇ ਹੱਥ ਦੀ ਬੱਲੇਬਾਜ਼ ਹਰਲੀਨ ਨੇ ਸ਼ਾਨਦਾਰ ਪਾਰੀ ਖੇਡਦਿਆਂ ਹੋਇਆਂ 103 ਗੇਂਦਾਂ ਵਿੱਚ 115 ਦੌੜਾਂ ਬਣਾਈਆਂ ਜੋ ਉਨ੍ਹਾਂ ਦੇ ਕੌਮਾਂਤਰੀ ਕਰੀਅਰ ਦਾ ਪਹਿਲਾ ਵਨਡੇ ਸੈਂਕੜਾ ਹੈ।
ਇਹ ਸੈਂਕੜਾ ਨਾ ਸਿਰਫ਼ ਹਰਲੀਨ ਲਈ ਸਗੋਂ ਭਾਰਤੀ ਮਹਿਲਾ ਕ੍ਰਿਕਟ ਟੀਮ ਲਈ ਵੀ ਖ਼ਾਸ ਸੀ ਕਿਉਂਕਿ ਹਰਲੀਨ ਦੇ ਸੈਂਕੜੇ ਨੇ ਭਾਰਤੀ ਟੀਮ ਨੂੰ ਮੈਚ ਜਿੱਤਣ ਵਿੱਚ ਅਹਿਮ ਯੋਗਦਾਨ ਪਾਇਆ।
ਇਸ ਜਿੱਤ ਨਾਲ ਭਾਰਤ ਨੇ ਤਿੰਨ ਮੈਚਾਂ ਦੀ ਲੜੀ ਵਿੱਚ 2-0 ਦੀ ਮਜ਼ਬੂਤ ਪਕੜ ਬਣਾ ਲਈ ਹੈ।
ਹਰਲੀਨ ਦਿਓਲ ਦੀ ਇਸ ਪਾਰੀ ਦੇ ਦਮ 'ਤੇ ਭਾਰਤੀ ਟੀਮ ਨੇ ਇੱਕ ਖ਼ਾਸ ਰਿਕਾਰਡ ਵੀ ਆਪਣੇ ਨਾਂ ਕਰ ਲਿਆ ਹੈ।
ਭਾਰਤ ਨੇ 50 ਓਵਰਾਂ 'ਚ 5 ਵਿਕਟਾਂ ਗੁਆ ਕੇ 358 ਦੌੜਾਂ ਬਣਾਈਆਂ। ਇਹ ਵਨਡੇ ਫਾਰਮੈਟ 'ਚ ਵੈਸਟਇੰਡੀਜ਼ ਖ਼ਿਲਾਫ਼ ਭਾਰਤ ਦਾ ਸਭ ਤੋਂ ਵੱਡਾ ਸਕੋਰ ਹੈ।

ਤਸਵੀਰ ਸਰੋਤ, IMHARLEENDEOL/TWITTER
ਹਰਲੀਨ ਦਿਓਲ ਨੇ ਕੀ ਕਿਹਾ?
ਸੈਂਕੜਾ ਮਾਰਨ ਮਗਰੋਂ ਹਰਲੀਨ ਦਿਓਲ ਨੇ ਕਿਹਾ, "ਇਹ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ। ਮੈਂ ਲੰਬੇ ਸਮੇਂ ਤੋਂ ਇਸ ਪਲ ਦਾ ਇੰਤਜ਼ਾਰ ਕਰ ਰਹੀ ਸੀ, ਹੁਣ ਮੈਂ ਇਸਦਾ ਆਨੰਦ ਮਾਣ ਰਹੀ ਹਾਂ।"
"ਸੈਂਕੜਾ ਮਾਰਨਾ ਮੇਰੇ ਲਈ ਬਹੁਤ ਮਾਇਨੇ ਰੱਖਦਾ ਹੈ। ਮੈਂ ਵਾਰ-ਵਾਰ ਇਹੀ ਸੋਚ ਰਹੀ ਸੀ ਕਿ ਮੇਰਾ ਮਕਸਦ ਟੀਮ ਨੂੰ ਜਿੱਤ ਦਿਵਾਉਣਾ ਹੈ।"
ਉਨ੍ਹਾਂ ਨੇ ਅੱਗੇ ਕਿਹਾ, "ਇਸ ਸਾਲ ਦੀ ਸ਼ੁਰੂਆਤ ਵਿੱਚ ਮੇਰੇ ਗੋਡੇ ਦੀ ਸਰਜਰੀ ਹੋਈ ਸੀ, ਉਸ ਤੋਂ ਬਾਅਦ ਇਹ ਸੈਂਕੜਾ ਮਾਰ ਸਕਣਾ ਮੇਰੇ ਲਈ ਬਹੁਤ ਖ਼ਾਸ ਹੈ। ਸੱਟ ਕਾਰਨ ਟੀਮ ਤੋਂ ਦੂਰ ਰਹਿਣ ਤੋਂ ਬਾਅਦ ਤੁਹਾਡੀ ਮਾਨਸਿਕਤਾ ਬਹੁਤ ਬਦਲ ਜਾਂਦੀ ਹੈ। ਮੇਰੇ ਲਈ ਟੀਮ ਵਿੱਚ ਖੇਡਣਾ ਹੀ ਬਹੁਤ ਵੱਡੀ ਗੱਲ ਹੈ, ਸੈਂਕੜੇ ਬਾਰੇ ਸੋਚਾਂ ਤਾਂ ਮੈਂ ਚਾਹੁੰਦੀ ਹਾਂ ਕਿ ਅੱਗੇ ਆਉਣ ਵਾਲੇ 10 ਹੋਰ ਮੈਚਾਂ ਵਿੱਚ ਮੈਂ ਸੈਂਕੜਾਂ ਮਾਰ ਦੇਵਾਂ।"
ਹਰਲੀਨ ਹੱਸਦੇ ਹੋਏ ਕਹਿੰਦੇ ਹਨ, "ਹਾਂ ਇਹ ਹੋ ਵੀ ਸਕਦਾ ਹੈ।"

ਤਸਵੀਰ ਸਰੋਤ, Getty Images
ਉਹ ਅੱਗੇ ਕਹਿੰਦੇ ਹਨ,"ਜਦੋਂ ਮੈਂ ਬੱਲੇਬਾਜ਼ੀ ਕਰਨ ਲਈ ਆਈ ਤਾਂ ਮੈਂ ਉਦੋਂ ਹੀ ਸੋਚ ਲਿਆ ਸੀ ਕਿ ਮੈਂ ਟਿੱਕ ਨੇ ਖੇਡਣਾ ਹੈ ਤਾਂ ਜੋ ਸ਼ੋਟ ਮਾਰ ਸਕਾਂ।"
"ਮੈਂ ਰੱਬ ਵਿੱਚ ਬਹੁਤ ਵਿਸ਼ਵਾਸ ਰੱਖਦੀ ਹਾਂ, ਮੈਨੂੰ ਲੱਗਦਾ ਹੈ ਕਿ ਰੱਬ ਦੀ ਯੋਜਨਾ ਹੁੰਦੀ ਹੈ। ਜੋ ਚੀਜ਼ ਰੱਬ ਨੇ ਤੁਹਾਨੂੰ ਦੇਣੀ ਹੈ ਉਹ ਹੋਰ ਕਿਸੇ ਨੂੰ ਨਹੀਂ ਮਿਲੇਗੀ ਜਾਂ ਕੋਈ ਹੋਰ ਤੁਹਾਨੂੰ ਨਹੀਂ ਦੇਵੇਗਾ। ਅੱਗੇ ਵਿਸ਼ਵ ਕੱਪ ਨੇੜੇ ਹੈ, ਚੰਗਾ ਪ੍ਰਦਰਸ਼ਨ ਕਰਨਾ ਹੁਣ ਬਹੁਤ ਜ਼ਰੂਰੀ ਹੈ। ਮੈਂ ਸਿਰਫ਼ ਆਪਣੇ ਆਪ ਉੱਤੇ ਧਿਆਨ ਦਿੰਦੀ ਹਾਂ, ਮੈਨੂੰ ਨਹੀਂ ਲੱਗਦਾ ਮੇਰਾ ਕਿਸੇ ਨਾਲ ਕੋਈ ਮੁਕਾਬਲਾ ਹੈ।"
ਭਾਰਤ ਅਤੇ ਵੈਸਟਇੰਡੀਜ਼ ਮਹਿਲਾ ਟੀਮ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਖੇਡੀ ਜਾ ਰਹੀ ਹੈ। ਇਸ ਸੀਰੀਜ਼ ਦੇ ਦੋ ਮੈਚ ਖੇਡੇ ਗਏ ਹਨ। ਦੋਵੇਂ ਮੈਚ ਟੀਮ ਇੰਡੀਆ ਨੇ ਜਿੱਤੇ ਲਏ ਹਨ। ਸੀਰੀਜ਼ ਦਾ ਦੂਜਾ ਮੈਚ ਜਿੱਤਣ 'ਚ ਹਰਲੀਨ ਦਿਓਲ ਦਾ ਯੋਗਦਾਨ ਬਹੁਤ ਅਹਿਮ ਰਿਹਾ।
ਹਰਲੀਨ ਇਸ ਸੀਰੀਜ਼ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਬੱਲੇਬਾਜ਼ ਹੈ, ਜਿਸ ਨੇ ਦੋ ਮੈਚਾਂ ਵਿੱਚ 79.50 ਦੀ ਔਸਤ ਅਤੇ 103.92 ਦੀ ਸਟ੍ਰਾਈਕ ਰੇਟ ਨਾਲ 159 ਦੌੜਾਂ ਬਣਾਈਆਂ।

ਤਸਵੀਰ ਸਰੋਤ, IMHARLEENDEOL/TWITTER
ਹਰਲੀਨ ਦਿਓਲ ਦਾ ਨਾਭਾ ਨਾਲ ਸੰਬੰਧ
ਹਰਲੀਨ ਦਿਓਲ ਦਾ ਪਰਿਵਾਰ ਫਿਲਹਾਲ ਮੁਹਾਲੀ ਵਿੱਚ ਰਹਿੰਦਾ ਹੈ। ਪਰ ਹਰਲੀਨ ਦਿਓਲ ਦਾ ਜਨਮ ਨਾਭਾ ਦੇ ਪਿੰਡ ਕੋਟਕਲਾਂ ਦਾ ਹੈ।
ਹਰਲੀਨ ਦੀ ਨੌਵੀਂ ਤੱਕ ਸਕੂਲੀ ਪੜ੍ਹਾਈ ਮੁਹਾਲੀ ਦੇ ਯਾਦਵਿੰਦਰ ਪਬਲਿਕ ਸਕੂਲ ਤੋਂ ਹੋਈ ਹੈ। ਇਸ ਤੋਂ ਬਾਅਦ ਹਰਲੀਨ ਨੇ ਕ੍ਰਿਕਟ ਦੀ ਟਰੇਨਿੰਗ ਲੈਣ ਲਈ ਹਿਮਾਚਲ ਦੇ ਧਰਮਸ਼ਾਲਾ ਵਿੱਚ ਬਾਹਰਵੀਂ ਤੱਕ ਦੀ ਸਕੂਲੀ ਪੜ੍ਹਾਈ ਕੀਤੀ।
ਬੀਏ ਦੀ ਪੜ੍ਹਾਈ ਉਨ੍ਹਾਂ ਨੇ ਐੱਮਸੀਐੱਮ ਡੀਏਵੀ ਕਾਲਜ ਸੈਕਟਰ 36 ਚੰਡੀਗੜ੍ਹ ਤੋਂ ਕੀਤੀ। ਹੁਣ ਉਹ ਇਸੇ ਕਾਲਜ ਤੋਂ ਸਮਾਜ ਸ਼ਾਸਤਰ ਵਿੱਚ ਮਾਸਟਰ ਡਿਗਰੀ ਕਰ ਰਹੇ ਹਨ।
ਹਰਲੀਨ ਦੇ ਪਿਤਾ ਬਘੇਲ ਸਿੰਘ ਦਾ ਪ੍ਰਾਈਵੇਟ ਕੰਮ ਹੈ ਅਤੇ ਮਾਤਾ ਚਰਨਜੀਤ ਕੌਰ ਪੁੱਡਾ ਤੋਂ ਸੁਪਰਡੈਂਟ ਰਿਟਾਇਰ ਹੋਏ ਹਨ।

ਤਸਵੀਰ ਸਰੋਤ, Getty Images
ਕ੍ਰਿਕਟ ਖੇਡਣ ਦਾ ਸ਼ੌਂਕ ਕਿਵੇਂ ਪਿਆ?
ਚਰਨਜੀਤ ਕੌਰ ਦੱਸਦੇ ਹਨ, "ਹਰਲੀਨ ਗਲੀ ਵਿੱਚ ਮੁੰਡਿਆਂ ਨਾਲ ਕ੍ਰਿਕਟ ਖੇਡਦੀ ਸੀ। ਫੇਰ ਸਕੂਲ ਦੀ ਅੰਡਰ 19 ਟੀਮ ਵਿੱਚ ਕ੍ਰਿਕਟ ਚੁਣੀ ਗਈ।"
"ਇੱਥੋਂ ਹੀ ਕ੍ਰਿਕਟ ਲਈ ਲਗਨ ਪੈਦਾ ਹੋਈ ਤਾਂ ਉਸ ਨੇ ਖ਼ਾਸ ਟਰੇਨਿੰਗ ਲੈਣ ਲਈ ਖ਼ੁਦ ਹਿਮਾਚਲ ਜਾਣ ਦਾ ਫ਼ੈਸਲਾ ਲਿਆ। ਧਰਮਸ਼ਾਲਾ ਵਿੱਚ ਟਰੇਨਿੰਗ ਤੋਂ ਬਾਅਦ ਉਹ ਸੂਬਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਣ ਲੱਗੀ। ਫੇਰ 2019 ਵਿੱਚ ਉਸ ਦੀ ਚੋਣ ਭਾਰਤੀ ਕ੍ਰਿਕਟ ਟੀਮ ਵਿੱਚ ਹੋਈ।"
ਸੱਟ ਕਾਰਨ ਚਲਦੇ ਮੈਚ ਵਿੱਚ ਡਿੱਗ ਗਈ ਸੀ ਹਰਲੀਨ
16 ਚੌਕਿਆ ਨਾਲ ਸੈਂਕੜਾ ਜੜ੍ਹਨ ਵਾਲੇ ਹਰਲੀਨ ਦਿਓਲ ਦੀ ਜ਼ਿੰਦਗੀ ਵਿੱਚ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਉਹ ਤੁਰ ਵੀ ਨਹੀਂ ਸਕਦੀ ਸੀ।

ਮਾਰਚ 2024 ਵਿੱਚ ਹਰਲੀਨ ਗੁਜਰਾਤ ਜਾਇੰਟਸ ਵੱਲੋਂ ਵੁਮੈਨ ਪ੍ਰੀਮਿਅਰ ਲੀਗ ਦਾ ਦੂਸਰਾ ਸੀਜ਼ਨ ਖੇਡ ਰਹੇ ਸਨ ਤਾਂ ਏਸੀਐੱਲ ਸੱਟ (ਐਂਟੀਰੀਅਰ ਕਰੂਸ਼ੀਏਟ ਲਿਗਾਮੈਂਟ ਇੰਜਰੀ) ਕਾਰਨ ਚਲਦੇ ਮੈਚ ਵਿੱਚ ਡਿੱਗ ਗਈ ਸੀ।
ਜਿਸਤੋਂ ਬਾਅਦ ਹਰਲੀਨ ਨੂੰ ਮੈਦਾਨ ਵਿੱਚੋਂ ਬਾਹਰ ਲਿਆਂਦਾ ਗਿਆ ਅਤੇ ਟੀਮ ਗੁਜਰਾਤ ਜਾਇੰਟਸ ਨੇ ਬਕਾਇਦਾ ਪੋਸਟ ਪਾ ਕੇ ਦੱਸਿਆ ਕਿ ਹਰਲੀਨ ਸੱਟ ਕਾਰਨ ਲੀਗ ਵਿੱਚੋਂ ਬਾਹਰ ਹੋ ਗਈ ਹੈ।
ਹਰਲੀਨ ਦੇ ਮਾਤਾ ਚਰਨਜੀਤ ਕੌਰ ਇਸ ਪਲ਼ ਨੂੰ ਯਾਦ ਕਰਕੇ ਭਾਵੁਕ ਹੁੰਦੇ ਹਨ। ਨਮ ਅੱਖਾਂ ਨਾਲ ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਕ੍ਰਿਕਟ ਪਿੱਛੇ ਦੀਵਾਨੀ ਆਪਣੀ ਧੀ ਨੂੰ ਜਦੋਂ ਮੈਂ ਲੀਗ ਵਿੱਚੋਂ ਬਾਹਰ ਹੁੰਦੇ ਦੇਖਿਆ ਤਾਂ ਉਹ ਦਰਦ ਬਿਆਨ ਨਹੀਂ ਕੀਤਾ ਜਾ ਸਕਦਾ।"
"ਪਰ ਹਰਲੀਨ ਨੇ ਹੌਂਸਲਾ ਨਾ ਛੱਡਿਆ। ਮਾਰਚ ਮਹੀਨੇ ਹੀ ਅਸੀਂ ਮੁੰਬਈ ਤੋਂ ਹਰਲੀਨ ਦੀ ਸਰਜਰੀ ਕਰਵਾਈ। ਸਰਜਰੀ ਦੌਰਾਨ ਵੀ ਹਰਲੀਨ ਦਾ ਹੌਂਸਲਾ ਬਰਕਰਾਰ ਸੀ ਅਤੇ ਸਰਜਰੀ ਤੋਂ ਬਾਅਦ ਮੁੜ ਪਿੱਚ ਉੱਤੇ ਆਉਣ ਲਈ ਉਸ ਨੇ ਦਿਨ ਰਾਤ ਇੱਕ ਕੀਤਾ। ਸਾਨੂੰ ਟੀਮ ਬੀਸੀਸੀਆਈ ਅਤੇ ਐੱਨਸੀਏ ਨੇ ਪੂਰਾ ਸਹਿਯੋਗ ਦਿੱਤਾ।"

ਤਸਵੀਰ ਸਰੋਤ, Getty Images
ਸੈਂਕੜਾ ਮਾਰਨ ਮਗਰੋਂ ਹਰਲੀਨ ਨੇ ਮਾਂ ਨੂੰ ਕਿਵੇਂ ਯਾਦ ਕੀਤਾ?
ਸੈਂਕੜਾ ਮਾਰਨ ਮਗਰੋਂ ਬੀਸੀਸੀਆਈ ਵੱਲੋਂ ਸਾਂਝੀ ਕੀਤੀ ਇੱਕ ਵੀਡੀਓ ਵਿੱਚ ਹਰਲੀਨ ਕਹਿੰਦੇ ਹਨ, "ਜਦੋਂ ਮੈਂ ਮੈਦਾਨ ਵਿੱਚ ਸੀ ਤਾਂ ਮੈਂ ਇਹੀ ਸੋਚ ਰਹੀ ਸੀ ਕਿ ਮੰਮੀ ਕਿੰਨੇ ਖੁਸ਼ ਹੋਣਗੇ। ਮੈਨੂੰ ਯਾਦ ਹੈ ਕਿ ਜਦੋਂ ਮੇਰੇ ਸੱਟ ਲੱਗੀ ਤਾਂ ਮੈਥੋਂ ਤੁਰਿਆ ਨਹੀਂ ਜਾਂਦਾ ਸੀ, ਇੱਕ ਪਾਣੀ ਦੀ ਬੋਤਲ ਵੀ ਮੈਂ ਖੁਦ ਨਹੀਂ ਚੱਕ ਸਕਦੀ ਸੀ, ਪਰ ਮੇਰੇ ਮੰਮੀ ਕਦੇ ਇਸ ਗੱਲ ਤੋਂ ਖਿਝੇ ਨਹੀਂ।"
ਦੂਜੇ ਪਾਸੇ ਹਰਲੀਨ ਦੇ ਮਾਪੇ ਆਪਣੀ ਧੀ ਉੱਤੇ ਮਾਣ ਮਹਿਸੂਸ ਕਰਦੇ ਕਹਿੰਦੇ ਹਨ, "ਹਰਲੀਨ ਹਰ ਵੇਲੇ ਸਾਕਾਰਾਤਮਕ ਰਹਿੰਦੀ ਹੈ, ਰੱਬ ਵਿੱਚ ਭਰੋਸਾ ਰੱਖਦੀ ਹੈ ਇਸੇ ਕਰਕੇ ਉਹ ਆਪਣੀ ਸੱਟ ਤੋਂ ਉੱਭਰ ਸਕੀ ਤੇ ਹੁਣ ਆਪਣੇ ਸੁਪਨੇ ਪੂਰੇ ਕਰ ਰਹੀ ਹੈ।"

ਤਸਵੀਰ ਸਰੋਤ, Getty Images
ਭਰਾ ਨੇ ਹਰਲੀਨ ਬਾਰੇ ਕੀ ਦੱਸਿਆ?
ਹਰਲੀਨ ਦਿਓਲ ਦਾ ਵੱਡੇ ਭਰਾ ਮਨਜੋਤ ਸਿੰਘ ਛੋਟੀ ਉਮਰ ਤੋਂ ਹੀ ਹਰਲੀਨ ਦੀ ਖੇਡ ਵਿੱਚ ਉਨ੍ਹਾਂ ਦਾ ਸਾਥ ਦੇ ਰਹੇ ਹਨ।
ਉਹ ਕਹਿੰਦੇ ਹਨ, "ਮੈਂ ਹਰਲੀਨ ਨੂੰ ਕ੍ਰਿਕਟ ਪਿੱਛੇ ਸਵੇਰ ਤੋਂ ਰਾਤ ਤੱਕ ਮਿਹਨਤ ਕਰਦੇ ਦੇਖਿਆ ਹੈ। 9 ਸਾਲ ਦੀ ਉਮਰ ਤੋਂ ਕ੍ਰਿਕਟ ਖੇਡਣ ਦੇ ਸੁਪਨੇ ਦੇਖਣਾ ਕੋਈ ਆਮ ਗੱਲ ਨਹੀਂ ਹੈ। ਅਸੀਂ ਬਸ ਹਰਲੀਨ ਦੇ ਸੁਪਨੇ ਪੂਰੇ ਕਰਨ ਵਿੱਚ ਉਸ ਦਾ ਸਾਥ ਦਿੱਤਾ ਹੈ।"
ਛੋਟੀ ਭੈਣ ਨਾਲ ਕੁਝ ਖ਼ਾਸ ਪਲਾਂ ਨੂੰ ਯਾਦ ਕਰਦੇ ਹੋਏ ਉਹ ਕਹਿੰਦੇ ਹਨ, "ਮੈਂ ਹਮੇਸ਼ਾ ਹਰਲੀਨ ਨੂੰ ਪੁੱਛਦਾ ਸੀ ਕਿ ਉਹ ਘਰੇਲੂ ਕ੍ਰਿਕਟ ਵਿੱਚ ਸੈਂਕੜਾ ਮਾਰਨ ਮਗਰੋਂ ਬੈਟ ਉੱਤੇ ਚੁੱਕ ਕੇ ਹੈਲਮਟ ਕਿਉਂ ਨਹੀਂ ਉਤਾਰਦੀ।"
"ਤਾਂ ਉਸਦਾ ਜਵਾਬ ਹੁੰਦਾ ਕਿ ਜਿਸ ਦਿਨ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸੈਂਕੜਾ ਮਾਰਾਂਗੀ ਤਾਂ ਇਹ ਜ਼ਰੂਰ ਕਰਾਂਗੀ ਤੇ ਹੁਣ ਜਦੋਂ ਉਸਨੇ 100 ਰਨ ਬਣਾਉਣ ਮਗਰੋਂ ਹੈਲਮਟ ਉਤਾਰਿਆ ਅਤੇ ਬੱਲਾ ਉੱਤੇ ਚੁੱਕਿਆ ਤਾਂ ਮੈਂ ਉਸ ਨੂੰ ਦੇਖ ਕੇ ਭਾਵੁਕ ਹੋ ਰਿਹਾ ਸੀ।"
ਸਚਿਨ ਤੇਂਦੁਲਕਰ ਨੇ ਕੀਤੀ ਸੀ ਹਰਲੀਨ ਦੀ ਪ੍ਰਸੰਸਾ
ਸਾਲ 2021 ਵਿਚ ਇੰਗਲੈਂਡ ਖ਼ਿਲਾਫ਼ ਖੇਡੇ ਗਏ ਟੀ-20 ਮੈਚ ਵਿੱਚ ਹਰਲੀਨ ਦਿਓਲ ਦਾ ਕੈਚ ਸੁਰਖੀਆਂ ਬਣ ਗਿਆ ਸੀ । ਨੌਰਥੈਂਪਟਨ ਵਿੱਚ ਖੇਡੇ ਗਏ ਮੈਚ ਵਿੱਚ ਹਰਲੀਨ ਨੇ 19ਵੇਂ ਓਵਰ ਵਿੱਚ ਇੰਗਲੈਂਡ ਦੀ ਐਮੀ ਜੋਨਜ਼ ਦਾ ਕੈਚ ਛਾਲ ਮਾਰ ਕੇ ਫੜ੍ਹਿਆ ਸੀ।
ਹਰਲੀਨ ਦਿਓਲ ਬਾਲ ਫੜਨ ਲਈ ਛਾਲ ਮਾਰਦੇ ਹਨ ਪਰ ਜਲਦੀ ਹੀ ਉਹ ਸਮਝ ਗਏ ਕਿ ਉਨ੍ਹਾਂ ਦਾ ਪੈਰ ਬਾਊਂਡਰੀ ਤੋਂ ਪਾਰ ਚਲਿਆ ਗਿਆ। ਉਨ੍ਹਾਂ ਨੇ ਤੁਰੰਤ ਗੇਂਦ ਨੂੰ ਵਾਪਸ ਹਵਾ ਵਿੱਚ ਉਛਾਲ ਦਿੱਤਾ ਅਤੇ ਬਾਊਂਡਰੀ ਦੇ ਅੰਦਰ ਆ ਕੇ ਮੁੜ ਕੈਚ ਫੜ੍ਹਿਆ।
ਹਾਲਾਂਕਿ ਇਹ ਮੈਚ ਭਾਰਤ ਹਾਰ ਗਿਆ ਸੀ ਪਰ ਹਰਲੀਨ ਦੇ ਕੈਚ ਦੀ ਵੀਡੀਓ ਖੂਬ ਵਾਇਰਲ ਹੋਈ।
ਸਲਾਮੀ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਟਵੀਟ ਕਰਕੇ ਉਸ ਕੈਚ ਨੂੰ ਬਿਹਤਰੀਨ ਕੈਚ ਦੱਸਿਆ ਸੀ। ਉਨ੍ਹਾਂ ਨੇ ਲਿਖਿਆ ਸੀ, "ਮੇਰੇ ਲਈ ਇਹ ਕੈਚ ਆਫ਼ ਦਾ ਯੀਅਰ ਹੈ।"
ਭਾਰਤ ਵੈਸਟਇੰਡੀਜ਼ ਖ਼ਿਲਾਫ਼ ਤੀਸਰਾ ਅਤੇ ਆਖ਼ਰੀ ਵਨਡੇ ਮੈਚ 27 ਦਸੰਬਰ ਨੂੰ ਖੇਡੇਗਾ, ਜਿਸਦੇ ਵਿੱਚ ਹਰਲੀਨ ਦੇ ਪ੍ਰਦਰਸ਼ਨ ਉੱਤੇ ਹੁਣ ਸਭ ਦੀ ਨਜ਼ਰ ਰਹੇਗੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












