ਆਸਟਰੇਲੀਆ ਖਿਲਾਫ਼ ਸ਼ੁਭਮਨ ਗਿੱਲ, ਰੋਹਿਤ ਤੇ ਵਿਰਾਟ ਨੂੰ ਗੁਲਾਬੀ ਗੇਂਦ ਨਾਲ ਬੱਲੇਬਾਜ਼ੀ ਕਰਨ ਵਿੱਚ ਕੀ ਮੁਸ਼ਕਲ ਆ ਸਕਦੀ ਹੈ

ਤਸਵੀਰ ਸਰੋਤ, Getty Images
- ਲੇਖਕ, ਜਸਵਿੰਦਰ ਸਿੱਧੂ
- ਰੋਲ, ਬੀਬੀਸੀ ਸਹਿਯੋਗੀ
ਕ੍ਰਿਕਟ ਬੌਕਸ ਆਫਿਸ ਦੀ ਤਰ੍ਹਾਂ ਹੈ। ਸੁਪਰਹਿੱਟ ਫ਼ਿਲਮ ਦੇਣ ਵਾਲੇ ਡਾਇਰੈਕਟਰ ਜਾਂ ਅਦਾਕਾਰ ਦੀ ਅਗਲੀ ਫਿਲਮ ਪਿਟ ਵੀ ਸਕਦੀ ਹੈ।
ਛੇ ਦਸੰਬਰ ਨੂੰ ਏਡੀਲੇਡ ਵਿੱਚ ਭਾਰਤ ਅਤੇ ਆਸਟਰੇਲੀਆ ਦੀਆਂ ਟੀਮਾਂ ਬਾਰਡਰ-ਗਾਵਸਕਰ ਟਰਾਫੀ ਦਾ ਦੂਜਾ ਟੈਸਟ ਮੈਚ ਖੇਡਣ ਲਈ ਮੈਦਾਨ ਵਿੱਚ ਉਤਰਨਗੀਆਂ। ਭਾਰਤ ਇਸ ਮੈਚ ਵਿੱਚ ਪਰਥ ’ਚ ਮਿਲੀ ਵੱਡੀ ਜਿੱਤ ਤੋਂ ਬਾਅਦ ਉਤਰੇਗਾ।
ਪਰ ਪਿੰਕ ਬਾਲ ਨਾਲ ਖੇਡੇ ਜਾਣ ਵਾਲੇ ਇਸ ਡੇਅ-ਨਾਈਟ ਟੈਸਟ ਮੈਚ ਵਿੱਚ ਪਰਥ ’ਚ ਮਿਲੀ ਇਤਿਹਾਸਿਕ ਜਿੱਤ ਦਾ ਜ਼ਿਆਦਾ ਮਹੱਤਵ ਨਹੀਂ ਹੋਵੇਗਾ। ਆਸਟਰੇਲੀਆ ਨੇ ਪਰਥ ਵਿੱਚ ਆਤਮ-ਸਮਰਪਣ ਜ਼ਰੂਰ ਕੀਤਾ ਸੀ ਪਰ ਜ਼ਖ਼ਮੀ ਸ਼ੇਰ ਦੀ ਤਰ੍ਹਾਂ ਉਸ ਕੋਲ ਪਲਟਵਾਰ ਕਰਨ ਦਾ ਹੁਨਰ ਹੈ।
ਅਸਲ ਵਿੱਚ ਫਲੱਡਲਾਈਟਸ ਹੇਠਾਂ ਖੇਡੇ ਜਾਣ ਵਾਲਾ ਇਹ ਟੈਸਟ ਮੈਚ, ਦੋਵਾਂ ਟੀਮਾਂ ਲਈ ਬਿਲਕੁਲ ਨਵਾਂ ਤਜਰਬਾ ਹੋਵੇਗਾ। ਖਾਸਕਰ ਭਾਰਤ ਦੇ ਲਈ।

ਹਾਲਾਂਕਿ, ਕ੍ਰਿਕਟ ਪੱਤਰਕਾਰ ਅਤੇ ਲੇਖਕ ਪ੍ਰਦੀਪ ਮੈਗਜੀਨ ਕਹਿੰਦੇ ਹਨ,“ਮੇਰਾ ਮੰਨਣਾ ਹੈ ਕਿ ਪਰਥ ਦੀ ਹਾਰ ਤੋਂ ਬਾਅਦ ਆਸਟਰੇਲੀਆ ਟੀਮ ਸਾਇਕੋਲੋਜੀਕਲ ਪ੍ਰੇਸ਼ਰ ਨਾਲ ਖੇਡਣ ਲਈ ਉਤਰੇਗੀ।”
“ਪਹਿਲੇ ਮੈਚ ਵਿੱਚ ਉਨ੍ਹਾਂ ਦੀ ਬੱਲੇਬਾਜ਼ੀ ਫੇਲ੍ਹ ਰਹੀ ਅਤੇ ਦੂਜੀ ਪਾਰੀ ਵਿੱਚ ਗੇਂਦਬਾਜ਼ ਵਿਕੇਟ ਹਾਸਲ ਕਰਨ ਵਿੱਚ ਅਸਫਲ ਰਹੇ। ਜੇ ਏਡੀਲੇਡ ਵਿੱਚ ਮੇਜ਼ਬਾਨ ਟੀਮ ਜਿੱਤ ਨਹੀਂ ਪਾਉਂਦੀ, ਤਾਂ ਉਨ੍ਹਾਂ ਦੇ ਲਈ ਸੀਰੀਜ਼ ਵਿੱਚ ਸੰਭਲਣਾ ਔਖਾ ਹੋਵੇਗਾ।”
ਉਨ੍ਹਾਂ ਕਿਹਾ,“ਮੇਰਾ ਮੰਨਣਾ ਹੈ ਕਿ ਜਸਪ੍ਰੀਤ ਬੁਮਰਾਹ ਆਸਟਰੇਲੀਆ ਦੇ ਲਈ ਸਭ ਤੋਂ ਵੱਡਾ ਖਤਰਾ ਹਨ। ਜੇ ਕਿਸੇ ਕਾਰਨ ਉਹ ਨਹੀਂ ਖੇਡਦੇ ਤਾਂ ਆਸਟਰੇਲੀਆ ਦੇ ਕੋਲ ਮੌਕਾ ਹੈ। ਭਾਰਤ ਲਈ ਬੁਮਰਾਹ ਤੋਂ ਬਿਨਾਂ ਜਿੱਤ ਦੀ ਉਮੀਦ ਕਰਨਾ ਮੁਸ਼ਕਲ ਹੈ।”
ਬੱਲੇਬਾਜ਼ਾਂ ਲਈ ਵੱਖ-ਵੱਖ ਚੁਣੌਤੀਆਂ

ਤਸਵੀਰ ਸਰੋਤ, ANI
ਕਪਤਾਨ ਰੋਹਿਤ ਸ਼ਰਮਾ ਸਿੱਧਾ ਗੁਲਾਬੀ ਬਾਲ ਨਾਲ ਖੇਡਣ ਲਈ ਉਤਰਨਗੇ। ਕੇਐੱਲ ਰਾਹੁਲ ਪਰਥ ਵਿੱਚ ਚੰਗਾ ਪ੍ਰਦਰਸ਼ਨ ਕਰ ਚੁੱਕੇ ਹਨ। ਅਜਿਹੇ ਵਿੱਚ ਸਵਾਲ ਉੱਠ ਸਕਦਾ ਹੈ ਕਿ ਰੋਹਿਤ ਨੂੰ ਬੱਲੇਬਾਜ਼ੀ ਵਿੱਚ ਕਿਸ ਕ੍ਰਮ ’ਤੇ ਉਤਾਰਿਆ ਜਾਵੇ।
ਹਾਲ ਦੇ ਸਮੇਂ ਦੌਰਾਨ ਉਨ੍ਹਾਂ ਦੀ ਬੱਲੇਬਾਜ਼ੀ ਵਿੱਚ ਬਦਲਾਅ ਦੇਖਣ ਨੂੰ ਮਿਲਿਆ ਹੈ। ਪਹਿਲਾਂ ਉਹ ਬਿਨਾਂ ਕਿਸੇ ਜ਼ੋਖ਼ਮ ਦੇ ਸ਼ੁੱਧ ਟੈਸਟ ਓਪਨਰ ਵਾਂਗ ਖੇਡਦੇ ਸਨ।
ਪਰ ਹੁਣ ਉਹ ਥੋੜ੍ਹਾ ਤੇਜ਼ ਖੇਡਣ ਦੀ ਕੋਸ਼ਿਸ਼ ਕਰ ਰਹੇ ਹਨ। ਆਸਟਰੇਲੀਆਈ ਪਿੱਚਾਂ ’ਤੇ ਇਸ ਤਰ੍ਹਾਂ ਦੀ ਕੋਸ਼ਿਸ਼ ਉਨ੍ਹਾਂ ਦੀ ਫੌਰਮ ਨੂੰ ਪ੍ਰਭਾਵਿਤ ਕਰ ਸਕਦੀ ਹੈ।
ਸ਼ੁਭਮਨ ਗਿੱਲ ਵੀ ਆਸਟਰੇਲੀਆ ਦੌਰੇ ਦਾ ਆਪਣਾ ਪਹਿਲਾ ਮੈਚ ਖੇਡਣਗੇ। ਰੋਹਿਤ ਦੀ ਤਰ੍ਹਾਂ ਉਨ੍ਹਾਂ ਲਈ ਗੁਲਾਬੀ ਗੇਂਦ ਅਤੇ ਦੋ ਤਰ੍ਹਾਂ ਦੀ ਰੋਸ਼ਨੀ ਵਿਚਕਾਰ ਤਾਲਮੇਲ ਕਰਨਾ ਚੁਣੌਤੀਪੂਰਨ ਹੋਵੇਗਾ।
ਕ੍ਰਿਕਟ ਲੇਖਕ ਆਨੰਦ ਵਾਸੂ ਕਹਿੰਦੇ ਹਨ,“ਜਦੋਂ ਤੋਂ ਪਿੰਕ ਬਾਲ ਦਾ ਇਸਤੇਮਾਲ ਸ਼ੁਰੂ ਹੋਇਆ ਹੈ, ਇਸ ਦਾ ਕੋਡ ਕੋਈ ਨਹੀਂ ਤੋੜ ਸਕਿਆ ਹੈ। ਦਿਨ ਦੀ ਰੋਸ਼ਨੀ ਵਿੱਚ ਦਾ ਵਿਵਹਾਰ ਵੱਖਰਾ ਹੁੰਦਾ ਹੈ ਅਤੇ ਫਲੱਡਲਾਈਟਸ ਵਿੱਚ ਕੁਝ ਹੋਰ ਹੁੰਦਾ ਹੈ।”
ਪਰ ਸਾਰਿਆਂ ਦੀ ਨਜ਼ਰ ਯਸ਼ਸਵੀ ਜੈਸਵਾਲ ਉਪਰ ਰਹੇਗੀ। ਪਰਥ ਵਿੱਚ ਪਹਿਲੀ ਪਾਰੀ ਦੌਰਾਨ ਉਹ ਸਿਫ਼ਰ ’ਤੇ ਆਊਟ ਹੋਏ।ਦੂਜੀ ਪਾਰੀ ਵਿੱਚ ਉਨ੍ਹਾਂ ਦਾ ਜ਼ਬਰਦਸਤ ਵਾਪਸੀ ਕਰਨਾ ਦੱਸਦਾ ਹੈ ਕਿ ਛੋਟੀ ਉਮਰ ਵਿੱਚ ਇਸ ਖੇਡ ਲਈ ਜ਼ਰੂਰੀ ਤਜਰਬਾ ਅਤੇ ਪਰਿਪੱਖਤਾ ਹੈ।
ਇਸ ਓਪਨਰ ਕੋਲ ਹਰ ਸ਼ਾਟ ਹੈ। ਉਨ੍ਹਾਂ ਦਾ ਬੱਲਾ ਫਿਲਡਿੰਗ ਦੇ ਨਾਲ ਖਿਲਵਾੜ ਕਰਨਾ ਜਾਣਦਾ ਹੈ। ਕਰੀਜ਼ ’ਤੇ ਉਹ ਸ਼ਾਂਤ ਦਿਖਦੇ ਹਨ ਤੇ ਉਨ੍ਹਾਂ ਦਾ ਬੱਲਾ ਹੀ ਬੋਲਦਾ ਹੈ।
ਜ਼ਾਹਿਰ ਤੌਰ ’ਤੇ ਆਸਟਰੇਲੀਆ ਦੇ ਲਈ ਉਨ੍ਹਾਂ ਦਾ ਵਿਕੇਟ ਸਭ ਤੋਂ ਕੀਮਤੀ ਹੋਵੇਗਾ।
ਹਾਲਾਂਕਿ, ਜੈਸਵਾਲ ਲਈ ਵੀ ਇਹ ਮੈਚ ਨਵਾਂ ਤਜਰਬਾ ਹੋਵੇਗਾ ਕਿਉਂਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਗੁਲਾਬੀ ਬਾਲ ਨਾ ਦੋ ਤਰ੍ਹਾਂ ਦੀ ਰੋਸ਼ਨੀ ਵਿੱਚ ਨਹੀਂ ਖੇਡਿਆ ਹੈ। ਆਸਟਰੇਲੀਆਈ ਮੀਡੀਆ ਨੇ ਉਨ੍ਹਾਂ ਨੂੰ ਭਾਰਤੀ ਟੀਮ ਦੇ ‘ਨਵੇਂ ਕਿੰਗ’ ਦੀ ਉਪਾਧੀ ਦਿੱਤੀ ਹੈ।
ਇਸ ਮੈਚ ਵਿੱਚ ਇੱਕ ਵਾਰ ਫਿਰ ਵੱਡਾ ਸਕੋਰ ਬਣਾਉਣਾ ਉਨ੍ਹਾਂ ਨੂੰ ਵਿਸ਼ਵ ਦੇ ਬਿਹਤਰੀਨ ਬੱਲੇਬਾਜ਼ਾਂ ਵਿੱਚ ਖੜ੍ਹਾ ਕਰ ਸਕਦਾ ਹੈ।

ਤਸਵੀਰ ਸਰੋਤ, ANI
ਭਾਰਤੀ ਟੀਮ ਦੇ ਲਈ ਪਰਥ ਵਿੱਚ ਇੱਕ ਹੋਰ ਚੰਗੀ ਗੱਲ ਇਹ ਰਹੀ ਕਿ ਵਿਰਾਟ ਕੋਹਲੀ ਨੇ ਦੌੜਾਂ ਬਣਾਈਆਂ। ਉਮਰ ਨੂੰ ਦੇਖਦੇ ਹੋਏ ਇਹ ਉਨ੍ਹਾਂ ਦਾ ਆਸਟਰੇਲੀਆ ਦਾ ਆਖਰੀ ਦੌਰਾ ਹੋ ਸਕਦਾ ਹੈ।
ਪਰਥ ਵਿੱਚ ਉਨ੍ਹਾਂ ਦਾ ਸੈਂਕੜਾ ਜ਼ਰੂਰ ਆਇਆ ਪਰ ਪੰਜਾਹ ਦੌੜਾਂ ਪਾਰ ਕਰਨ ਤੋਂ ਬਾਅਦ ਉਨ੍ਹਾਂ ਦੇ ਬੱਲੇ ਤੋਂ ਕੁਝ ਇਨਸਾਈਡ-ਆਊਟਸਾਈਡ ਐਜ ਨਿਕਲੇ ਸਨ।
ਵਿਰਾਟ ਦੀ ਬੱਲੇਬਾਜ਼ੀ ਹਮੇਸ਼ਾ ਕਲੀਨ ਰਹੀ ਹੈ। ਪਰ ਇਸ ਸੈਂਕੜੇ ਵਿੱਚ ਗੇਂਦ ਕਈ ਵਾਰ ਬੱਲੇ ਦੇ ਕਿਨਾਰੇ ਨਾਲ ਲੱਗਣ ਤੋਂ ਬਾਅਦ ਵਿਕੇਟ ਦੇ ਆਸਪਾਸ ਤੋਂ ਗੁਜ਼ਰੀ।
ਇਹ ਚੰਗਾ ਸੰਕੇਤ ਨਹੀਂ ਹੈ, ਪਰ ਵਿਰਾਟ ਵਰਗੇ ਬੱਲੇਬਾਜ਼ ਇਸ ਵਿੱਚ ਸੁਧਾਰ ਕਰਨਾ ਜਾਣਦੇ ਹਨ। ਐਡੀਲੇਡ ਵਿੱਚ ਟੀਮ ਨੂੰ ਉਨ੍ਹਾਂ ਤੋਂ ਅਹਿਮ ਭੂਮਿਕਾ ਨਿਭਾਉਣ ਦੀ ਉਮੀਦ ਹੋਵੇਗੀ।
ਗੇਂਦਬਾਜ਼ਾਂ ਕੋਲ ਫਿਰ ਤੋਂ ਦਮਖਮ ਦਿਖਾਉਣ ਦਾ ਮੌਕਾ

ਤਸਵੀਰ ਸਰੋਤ, ANI
ਇਹ ਵੀ ਯਾਦ ਰੱਖਣਾ ਹੋਵੇਗਾ ਕਿ ਪਰਥ ਵਿੱਚ ਪਹਿਲੀ ਪਾਰੀ ਵਿੱਚ ਭਾਰਤੀ ਬੱਲੇਬਾਜ਼ੀ ਦਾ ਵੀ ਬੁਰਾ ਹਾਲ ਸੀ।
ਆਸਟਰੇਲੀਆ ਦੀ ਬੱਲੇਬਾਜ਼ੀ ਪੂਰੀ ਤਰ੍ਹਾਂ ਖਿੰਡ ਗਈ ਸੀ ਪਰ ਉਨ੍ਹਾਂ ਦੀ ਤੇਜ਼ ਗੇਂਦਬਾਜ਼ੀ ਨੇ ਆਪਣੀ ਸਮਰੱਥਾ ਨਾਲ ਪੂਰਾ ਨਿਆਂ ਕੀਤਾ।
ਜੇ ਭਾਰਤ ਇਹ ਮੈਚ ਜਿੱਤ ਜਾਂਦਾ ਹੈ ਤਾਂ ਬਾਕੀ ਦੀ ਸੀਰੀਜ਼ ਸ਼ਾਨਦਾਰ ਹੋਣ ਵਾਲੀ ਹੈ। ਦੂਜੇ ਪਾਸੇ ਜੇ ਸਕੋਰ 2-0 ਹੋ ਗਿਆ ਤਾਂ ਮੇਜ਼ਬਾਨਾਂ ਲਈ ਵਾਪਸੀ ਕਰਨਾ ਬੇਹੱਦ ਮੁਸ਼ਕਲ ਹੋਵੇਗਾ।
ਐਡੀਲੇਡ ਟੈਸਟ ਵਿੱਚ ਆਸਟਰੇਲੀਆ ਦੀ ਜਿੱਤ ਇਸ ਸੀਰੀਜ਼ ਨੂੰ ਹੋਰ ਰੋਚਕ ਬਣਾਉਣ ਵਿੱਚ ਮਦਦ ਕਰੇਗੀ।
ਚੰਗੀ ਤੇਜ਼ ਗੇਂਦਬਾਜ਼ੀ ਦੇਖਣ ਵਾਲਿਆਂ ਲਈ ਇਹ ਮੈਚ ਯਾਦਗਾਰ ਹੋ ਸਕਦਾ ਹੈ। ਪੂਰੇ ਮੈਚ ਵਿੱਚ ਚਾਰ ਸਲਿੱਪਾਂ ਅਤੇ ਇੱਕ ਗਲੀ ਨਾਲ ਗੇਂਦਬਾਜ਼ੀ ਹਮੇਸ਼ਾ ਮੈਚ ਵਿੱਚ ਉਤਸ਼ਾਹ ਵਧਾਉਂਦੀ ਹੈ।
ਪਰਥ ਵਿੱਚ ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ ਅਤੇ ਹਰਸ਼ਿਤ ਰਾਣਾ ਨੇ ਸ਼ਾਨਦਾਰ ਗੇਂਦਬਾਜ਼ੀ ਦੇ ਸਹਾਰੇ ਮੈਚ ਨੂੰ ਆਸਟਰੇਲੀਆ ਦੀ ਪਹੁੰਚ ਤੋਂ ਬਾਹਰ ਕਰ ਦਿੱਤਾ ਸੀ।

ਤਸਵੀਰ ਸਰੋਤ, ANI
ਗੁਲਾਬੀ ਗੇਂਦ ਦੇ ਨਾਲ ਵੀ ਇਨ੍ਹਾਂ ਤੋਂ ਜ਼ਬਰਦਸਤ ਉਮੀਦ ਕਰਨਾ ਗਲਤ ਨਹੀਂ ਹੋਵੇਗਾ। ਖਾਸ ਤੌਰ ’ਤੇ ਬੁਮਰਾਹ ਨੂੰ ਸੰਭਾਲ ਪਾਉਣਾ ਆਸਟਰੇਲੀਆ ਬੱਲੇਬਾਜ਼ਾਂ ਦੇ ਲਈ ਆਸਾਨ ਨਹੀਂ ਹੋਵੇਗਾ।
ਬੁਮਰਾਹ ਨੇ ਪਰਥ ਵਿੱਚ ਸਾਬਿਤ ਕੀਤਾ ਕਿ ਉਹ ਮੈਚ ਜਿਤਾਉਣ ਵਾਲੇ ਵਿਸ਼ਵ ਦੇ ਬਿਹਤਰੀਨ ਤੇਜ਼ ਗੇਂਦਬਾਜ਼ ਹਨ। ਉਨ੍ਹਾਂ ਖ਼ਿਲਾਫ਼ ਖੇਡਣਾ ਉਪਰਲੇ ਕ੍ਰਮ ਦੇ ਬੱਲੇਬਾਜ਼ਾਂ ਲਈ ਕਰੀਅਰ ਦੀ ਸਭ ਤੋਂ ਵੱਡਾ ਇਮਤਿਹਾਨ ਸਾਬਿਤ ਹੋ ਰਿਹਾ ਹੈ।
ਆਸਟਰੇਲੀਆ ਦੇ ਲਈ ਪੈਟ ਕਮਿੰਸ ਅਤੇ ਮਿਚੇਲ ਸਟਾਰਕ ਨੇ ਵੀ ਸਾਰੀ ਤਾਕਤ ਝੋਕ ਦਿੱਤੀ ਸੀ। ਐਡੀਲੇਡ ਵਿੱਚ ਵੀ ਇਹ ਦੋਵੇਂ ਟੀਮ ਇੰਡੀਆ ਦੇ ਓਪਨਰਾਂ ਲਈ ਵੱਡੀ ਚੁਣੌਤੀ ਸਾਬਿਤ ਹੋਣਗੇ।
ਐਡੀਲੇਡ ਵਿੱਚ ਖੇਡੇ ਗਏ ਸੱਤ ਮੈਚਾਂ ਦੀਆਂ 13 ਪਾਰੀਆਂ ਵਿੱਚ ਮਿਚੇਲ ਸਟਾਰਕ ਨੇ 39 ਵਿਕੇਟਾਂ ਲਈਆਂ ਹਨ, ਜਦਕਿ ਤਿੰਨ ਮੈਚਾਂ ਵਿੱਚ ਪੈਟ ਕਮਿੰਸ 13 ਬੱਲੇਬਾਜ਼ਾਂ ਨੂੰ ਆਊਟ ਕਰ ਚੁੱਕੇ ਹਨ।
ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਇਸ ਵਾਰ ਉਨ੍ਹਾਂ ਦੇ ਬੱਲੇਬਾਜ਼ ਸਾਥ ਦੇ ਪਾਉਣਗੇ?
ਪਿੰਕ ਗੇਂਦ ਵਿੱਚ ਕਿਵੇਂ ਹੈ ਆਸਟਰੇਲੀਆ ਦਾ ਰਿਕਾਰਡ?

ਤਸਵੀਰ ਸਰੋਤ, Getty Images
ਪਿੰਕ ਬਾਲ ਟੈਸਟ ਮੈਚਾਂ ਵਿੱਚ ਆਸਟਰੇਲੀਆ ਦਾ ਰਿਕਾਰਡ ਬੇਹੱਦ ਸ਼ਾਨਦਾਰ ਹੈ। ਉਨ੍ਹਾਂ ਨੇ ਆਪਣੇ 12 ਟੈਸਟ ਮੈਚਾਂ ਵਿੱਚੋਂ 11 ਜਿੱਤੇ ਹਨ। ਇਨ੍ਹਾਂ ਵਿੱਚੋਂ ਸੱਤ ਮੈਚ ਆਸਟਰੇਲੀਆ ਨੇ ਐਡੀਲੇਡ ਓਵਲ ਵਿੱਚ ਜਿੱਤੇ ਹਨ।
ਹਾਲਾਂਕਿ ਇਕਲੌਤਾ ਮੈਚ ਜੋ ਆਸਟਰੇਲੀਆ ਹਾਰਿਆ ਸੀ, ਉਹ ਦਸੰਬਰ 2020 ਵਿੱਚ ਭਾਰਤ ਦੇ ਖ਼ਿਲਾਫ਼ ਸੀ। ਇਸੇ ਸੀਰੀਜ਼ ਵਿੱਚ ਟੀਮ ਇੰਡੀਆ 36 ਦੌੜਾਂ ’ਤੇ ਆਲਆਊਟ ਹੋਈ ਸੀ।
ਹੁਣ ਤੱਕ ਦੇ ਤਜਰਬਿਆਂ ਤੋਂ ਪਤਾ ਚੱਲਿਆ ਹੈ ਕਿ ਗੁਲਾਬੀ ਗੇਂਦ, ਚੈਰੀ ਗੇਂਦ ਦੀ ਤੁਲਨਾ ਵਿੱਚ ਜ਼ਿਆਦਾ ਸਵਿੰਗ ਕਰਦੀ ਹੈ।
ਪਿਚ ’ਤੇ ਹਰਾ ਘਾਹ ਇਸ ਗੇਂਦ ਦੀ ਖਾਸ ਜ਼ਰੂਰਤ ਹੈ। ਨਾਲ ਹੀ, ਹਨੇਰਾ ਹੋਣ ਤੋਂ ਬਾਅਦ ਇਸ ਗੇਂਦ ਤੋਂ ਜ਼ਿਆਦਾ ਵਿਕੇਟ ਡਿੱਗਣ ਦਾ ਟਰੇਂਡ ਦੇਖਣ ਨੂੰ ਮਿਲਿਆ ਹੈ।
ਆਸਟਰੇਲੀਆਈ ਵਿਕੇਟਕੀਪਰ ਐਲੇਕਸ ਕੈਰੀ ਨੇ ਕਿਹਾ, “ਫਲੱਡਲਾਈਟਸ ਚਾਲੂ ਹੋਣ ਤੋਂ ਬਾਅਦ ਰੋਸ਼ਨੀ ਦੇ ਕਾਰਨ ਇਸ ਗੇਂਦ ਨਾਲ ਖੇਡ ਦਾ ਪੂਰਾ ਮਿਜਾਜ਼ ਬਦਲ ਜਾਂਦਾ ਹੈ।”
“ਵਿਕੇਟ ਦੇ ਪਿੱਛੇ ਗੇਂਦ ਦੀ ਸਿਲਾਈ ਤੋਂ ਜ਼ਿਆਦਾ ਇਸ ਦਾ ਪਰਛਾਵਾ ਨਜ਼ਰ ਆਉਂਦਾ ਹੈ। ਇਸ ਲਈ ਗੇਂਦ ਨੂੰ ਬਿਹਤਰ ਤਰੀਕੇ ਨਾਲ ਦੇਖਣਾ ਜ਼ਰੂਰੀ ਹੋ ਜਾਂਦਾ ਹੈ।”

ਤਸਵੀਰ ਸਰੋਤ, Getty Images
“ਕਈ ਵਾਰ ਇਸਨੂੰ ਸਮਝਣਾ ਮੁਸ਼ਕਲ ਹੋ ਜਾਂਦਾ ਹੈ, ਪਰ ਇਹ ਖੇਡ ਦਾ ਇੱਕ ਹਿੱਸਾ ਹੈ। ਮੇਰਾ ਮੰਨਣਾ ਹੈ ਕਿ ਗੁਲਾਬੀ ਗੇਂਦ ਨਾਲ ਖੇਡਣਾ ਇੱਕ ਵਧੀਆ ਮੌਕਾ ਹੈ।”
33 ਸਾਲਾ ਕੈਰੀ ਐਡੀਲੇਡ ਦੇ ਰਹਿਣ ਵਾਲੇ ਹਨ ਅਤੇ ਉਸ ਨੇ ਗੁਲਾਬੀ ਗੇਂਦ ਨਾਲ ਚਾਰ ਟੈਸਟ ਮੈਚ ਖੇਡੇ ਹਨ। ਇਨ੍ਹਾਂ ਮੈਚਾਂ ’ਚ ਉਨ੍ਹਾਂ ਦੇ ਨਾਂ 20 ਕੈਚ ਅਤੇ ਇਕ ਸਟੰਪਿੰਗ ਦਰਜ ਹੈ।
ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਸਕਾਟ ਬੋਲੈਂਡ ਦਾ ਮੰਨਣਾ ਹੈ ਕਿ ਇਕ ਮੈਚ ਦੌਰਾਨ ਗੁਲਾਬੀ ਗੇਂਦ ਨਾਲ ਦੋ ਤਰ੍ਹਾਂ ਦੀ ਖੇਡ ਦੇਖਣ ਨੂੰ ਮਿਲਦੀ ਹੈ।
ਉਨ੍ਹਾਂ ਨੇ ਕਿਹਾ, "ਇਹ ਗੇਂਦ ਦਿਨ ਵੇਲੇ ਜ਼ਿਆਦਾ ਰੰਗ ਨਹੀਂ ਦਿਖਾਉਂਦੀ, ਪਰ ਜਿਵੇਂ ਹੀ ਰਾਤ ਪੈਂਦੀ ਹੈ, ਇਹ ਜ਼ਿਆਦਾ ਹਿੱਲਣ ਲੱਗਦੀ ਹੈ।”
ਭਾਰਤੀ ਤੇਜ਼ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਨ ਵੀ ਇਸ ਗੱਲ ਨਾਲ ਸਹਿਮਤ ਹਨ ਕਿ ਗੁਲਾਬੀ ਗੇਂਦ ਨਾਲ ਖੇਡਣਾ ਬਿਲਕੁਲ ਵੱਖਰਾ ਅਨੁਭਵ ਹੈ।
ਉਨ੍ਹਾਂ ਨੇ ਕਿਹਾ, "ਗੁਲਾਬੀ ਗੇਂਦ ਥੋੜ੍ਹੀ ਭਾਰੀ ਹੁੰਦੀ ਹੈ ਅਤੇ ਇਸ ਵਿੱਚ ਉੱਚੀ ਸੀਮ ਹੁੰਦੀ ਹੈ, ਜਿਸ ਕਾਰਨ ਇਹ ਜ਼ਿਆਦਾ ਸਵਿੰਗ ਕਰਦੀ ਹੈ, ਖਾਸ ਕਰਕੇ ਲਾਈਟਾਂ ਦੇ ਚਾਲੂ ਹੋਣ ਤੋਂ ਬਾਅਦ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












