ਆਈਪੀਐਲ ਨਿਲਾਮੀ ਵਿੱਚ ਰਿਸ਼ਭ, ਸ਼੍ਰੇਅਸ ਅਤੇ ਅਰਸ਼ਦੀਪ ਵਰਗੇ ਭਾਰਤੀ ਖਿਡਾਰੀਆਂ ਦੇ ਦਬਦਬੇ ਦਾ ਕੀ ਕਾਰਨ ਰਿਹਾ

ਰਿਸ਼ਭ ਪੰਤ ਨੂੰ ਇਸ ਵਾਰ ਲਖਨਊ ਸੁਪਰ ਜਾਇੰਟਸ ਨੇ ਖਰੀਦਿਆ ਹੈ ਜਦਕਿ ਸ਼੍ਰੇਯਾਰ ਅਈਅਰ ਇਸ ਵਾਰ ਪੰਜਾਬ ਕਿੰਗਜ਼ ਦਾ ਹਿੱਸਾ ਹੋਣਗੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰਿਸ਼ਭ ਪੰਤ ਨੂੰ ਇਸ ਵਾਰ ਲਖਨਊ ਸੁਪਰ ਜਾਇੰਟਸ ਨੇ ਖਰੀਦਿਆ ਹੈ ਜਦਕਿ ਸ਼੍ਰੇਯਾਰ ਅਈਅਰ ਇਸ ਵਾਰ ਪੰਜਾਬ ਕਿੰਗਜ਼ ਦਾ ਹਿੱਸਾ ਹੋਣਗੇ
    • ਲੇਖਕ, ਮਨੋਜ ਚਤੁਰਵੇਦੀ
    • ਰੋਲ, ਸੀਨੀਅਰ ਖੇਡ ਪੱਤਰਕਾਰ, ਬੀਬੀਸੀ ਹਿੰਦੀ ਲਈ

ਹਰ ਵਾਰ ਆਈਪੀਐਲ ਨਿਲਾਮੀ ਵਿੱਚ ਕੁਝ ਅਜਿਹਾ ਨਵਾਂ ਦੇਖਣ ਨੂੰ ਮਿਲਦਾ ਹੈ, ਜਿਸ ਦੀ ਉਮੀਦ ਨਹੀਂ ਕੀਤੀ ਹੁੰਦੀ।

ਇਸ ਵਾਰ ਆਈਪੀਐਲ ਟੀਮਾਂ ਨੇ ਵਿਦੇਸ਼ੀ ਖਿਡਾਰੀਆਂ ਦੀ ਬਜਾਏ ਭਾਰਤੀ ਖਿਡਾਰੀਆਂ 'ਤੇ ਪੈਸਾ ਲਗਾਉਣ ਦਾ ਫੈਸਲਾ ਕੀਤਾ ਹੈ।

ਨਤੀਜਾ ਇਹ ਰਿਹਾ ਹੈ ਕਿ ਇਸ ਨਿਲਾਮੀ ਵਿਚ ਸਭ ਤੋਂ ਵੱਧ ਕੀਮਤ 'ਤੇ ਖਰੀਦੇ ਗਏ ਚੋਟੀ ਦੇ ਪੰਜ ਖਿਡਾਰੀਆਂ ਵਿਚ ਇਕ ਵੀ ਵਿਦੇਸ਼ੀ ਖਿਡਾਰੀ ਸ਼ਾਮਲ ਨਹੀਂ ਹੈ।

ਰਿਸ਼ਭ ਪੰਤ, ਸ਼੍ਰੇਅਸ ਅਈਅਰ, ਵੈਂਕਟੇਸ਼ ਅਈਅਰ, ਅਰਸ਼ਦੀਪ ਸਿੰਘ ਅਤੇ ਯੁਜ਼ਵੇਂਦਰ ਚਾਹਲ ਤੋਂ ਬਾਅਦ ਜੋਸ ਬਟਲਰ ਛੇਵੇਂ ਨੰਬਰ 'ਤੇ ਹਨ।

ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਕਿਉਂ ਰਹੇ ਪੰਤ ਸਭ ਤੋਂ ਮਹਿੰਗੇ ਖਿਡਾਰੀ?

ਪੰਤ ਨੇ ਆਈਪੀਐਲ ਨਿਲਾਮੀ ਵਿੱਚ 27 ਕਰੋੜ ਰੁਪਏ ਹਾਸਲ ਕਰਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੰਤ ਨੇ ਆਈਪੀਐਲ ਨਿਲਾਮੀ ਵਿੱਚ 27 ਕਰੋੜ ਰੁਪਏ ਹਾਸਲ ਕਰਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ

ਰਿਸ਼ਭ ਪੰਤ ਧਮਾਕੇਦਾਰ ਅੰਦਾਜ਼ 'ਚ ਬੱਲੇਬਾਜ਼ੀ ਲਈ ਜਾਣੇ ਜਾਂਦੇ ਹਨ। ਇਸ ਤੋਂ ਇਲਾਵਾ ਉਹ ਦੇਸ਼ ਦੇ ਨੰਬਰ ਇਕ ਵਿਕਟਕੀਪਰ ਵੀ ਹਨ।

ਇਸ ਵਾਰ ਉਨ੍ਹਾਂ ਨੇ ਆਈਪੀਐਲ ਨਿਲਾਮੀ ਵਿੱਚ 27 ਕਰੋੜ ਰੁਪਏ ਹਾਸਲ ਕਰਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਇਸ ਤੋਂ ਪਹਿਲਾਂ ਕਿਸੇ ਹੋਰ ਖਿਡਾਰੀ ਨੂੰ ਇੰਨੀ ਰਕਮ ਨਹੀਂ ਮਿਲੀ ਹੈ।

ਲਖਨਊ ਸੁਪਰ ਜਾਇੰਟਸ ਨੂੰ ਇੱਕ ਕਪਤਾਨ ਦੀ ਤਲਾਸ਼ ਸੀ। ਉਹ ਪੰਤ ਦੇ ਯੂਪੀ ਨਾਲ ਕੁਨੈਕਸ਼ਨ ਹੋਣ ਦਾ ਫ਼ਾਇਦਾ ਲੈਣਾ ਚਾਹੁੰਦੀ ਸੀ।

ਦਰਅਸਲ, ਉਹ ਰੁੜਕੀ ਦੇ ਰਹਿਣ ਵਾਲੇ ਹਨ ਜੋ ਕਿ ਕਦੇ ਯੂਪੀ ਦਾ ਹਿੱਸਾ ਹੁੰਦਾ ਸੀ।

ਬੇਸ਼ੱਕ ਉਨ੍ਹਾਂ ਨੇ ਆਪਣੀ ਸਾਰੀ ਕ੍ਰਿਕਟ ਦਿੱਲੀ ਲਈ ਖੇਡੀ ਹੈ, ਪਰ ਕਿਹਾ ਜਾਂਦਾ ਹੈ ਕਿ ਉਨ੍ਹਾਂ ਵਲੋਂ ਯੂਪੀ ਲਈ ਖੇਡਣ ਦਾ ਟ੍ਰਾਇਲ ਵੀ ਦਿੱਤਾ ਗਿਆ ਸੀ।

ਪੰਤ 'ਚ ਧਮਾਕੇਦਾਰ ਪਾਰੀ ਖੇਡ ਕੇ ਇਕੱਲੇ ਮੈਚ ਦੀ ਤਸਵੀਰ ਬਦਲਣ ਦੀ ਸਮਰੱਥਾ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੰਤ 'ਚ ਧਮਾਕੇਦਾਰ ਪਾਰੀ ਖੇਡ ਕੇ ਇਕੱਲੇ ਮੈਚ ਦੀ ਤਸਵੀਰ ਬਦਲਣ ਦੀ ਸਮਰੱਥਾ ਹੈ

ਪੰਤ ਦੇ ਬੋਲੀ ਉੱਚੀ ਜਾਣ ਦਾ ਕਾਰਨ ਇਹ ਵੀ ਹੈ ਕਿ ਉਨ੍ਹਾਂ 'ਚ ਕਈ ਗੁਣ ਹਨ। ਉਹ ਧਮਾਕੇਦਾਰ ਪਾਰੀਆਂ ਖੇਡ ਕੇ ਇਕੱਲੇ ਹੀ ਮੈਚ ਦਾ ਰੰਗ ਬਦਲਣ ਦੀ ਸਮਰੱਥਾ ਰੱਖਦੇ ਹਨ।

ਇੱਥੋਂ ਤੱਕ ਕਿ ਜਦੋਂ ਵਿਕਟਕੀਪਿੰਗ ਦੀ ਗੱਲ ਆਉਂਦੀ ਹੈ, ਉਨ੍ਹਾਂ ਨੂੰ ਮਹਿੰਦਰ ਸਿੰਘ ਧੋਨੀ ਤੋਂ ਬਾਅਦ ਸਭ ਤੋਂ ਵਧੀਆ ਖਿਡਾਰੀ ਮੰਨਿਆ ਜਾਂਦਾ ਹੈ। ਕੇਐੱਲ ਰਾਹੁਲ ਦੇ ਜਾਣ ਤੋਂ ਬਾਅਦ ਲਖਨਊ ਨੂੰ ਵੀ ਕਪਤਾਨ ਦੀ ਤਲਾਸ਼ ਸੀ, ਇਸ ਕਰਕੇ ਪੰਤ ਦੀ ਕੀਮਤ ਹੋਰ ਵਧ ਗਈ।

ਕਿਉਂਕਿ ਉਨ੍ਹਾਂ ਵਰਗੇ ਖਿਡਾਰੀ ਲਈ ਬਹੁਤ ਸਾਰੇ ਦਾਅਵੇਦਾਰ ਸਨ, ਉਨ੍ਹਾਂ ਦੀ ਕੀਮਤ ਅਸਮਾਨ ਨੂੰ ਛੂਹ ਗਈ।

ਇੱਕ ਸਮੇਂ ਤਾਂ ਅਜਿਹਾ ਲੱਗ ਰਿਹਾ ਸੀ ਕਿ ਲਖਨਊ ਪੰਤ ਨੂੰ 20.75 ਕਰੋੜ ਰੁਪਏ ਵਿੱਚ ਹਾਸਲ ਕਰ ਲਵੇਗਾ, ਪਰ ਇਸ ਮੌਕੇ ਦਿੱਲੀ ਕੈਪੀਟਲਜ਼ ਨੂੰ ਰਾਈਟ ਟੂ ਮੈਚ ਦਾ ਇਸਤੇਮਾਲ ਕਰਨ ਦਾ ਮੌਕਾ ਮਿਲਿਆ।

ਹਾਲਾਂਕਿ, ਬਾਅਦ ਵਿੱਚ ਲਖਨਊ ਦੇ ਸੰਜੀਵ ਗੋਇਨਕਾ ਨੇ 27 ਕਰੋੜ ਰੁਪਏ ਦੀ ਬੋਲੀ ਲੱਗਾ ਕੇ ਦਿੱਲੀ ਕੈਪੀਟਲਜ਼ ਨੂੰ ਪਿੱਛੇ ਹਟਣ ਲਈ ਮਜਬੂਰ ਕਰ ਦਿੱਤਾ।

ਸ਼੍ਰੇਅਸ ਦੀ ਹਿੰਮਤ ਨੇ ਉਨ੍ਹਾਂ ਨੂੰ ਕੀਤਾ ਮਾਲਾਮਾਲ

ਸ਼੍ਰੇਅਸ ਨੂੰ ਪੰਜਾਬ ਕਿੰਗਜ਼ ਨੇ 26.75 ਕਰੋੜ ਰੁਪਏ 'ਚ ਖਰੀਦਿਆ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸ਼੍ਰੇਅਸ ਨੂੰ ਪੰਜਾਬ ਕਿੰਗਜ਼ ਨੇ 26.75 ਕਰੋੜ ਰੁਪਏ 'ਚ ਖਰੀਦਿਆ ਹੈ

ਸ਼੍ਰੇਅਸ ਪਿਛਲੇ ਸਾਲ ਆਈਪੀਐੱਲ ਜੇਤੂ ਕੋਲਕਾਤਾ ਨਾਈਟ ਰਾਈਡਰਜ਼ ਦੇ ਕਪਤਾਨ ਸਨ।

ਅਜਿਹਾ ਘੱਟ ਹੀ ਦੇਖਿਆ ਗਿਆ ਹੈ ਕਿ ਕਿਸੇ ਚੈਂਪੀਅਨ ਟੀਮ ਦਾ ਕਪਤਾਨ ਫਰੈਂਚਾਇਜ਼ੀ ਛੱਡ ਕੇ ਨਿਲਾਮੀ ਵਿੱਚ ਸ਼ਾਮਲ ਹੁੰਦਾ ਹੋਵੇ।

ਦਰਅਸਲ, ਪੈਸੇ ਵਧਾਉਣ ਲਈ ਸ਼੍ਰੇਅਸ ਅਤੇ ਕੇਕੇਆਰ ਮੈਨੇਜਮੈਂਟ ਵਿਚਾਲੇ ਗੱਲਬਾਤ ਸਿਰੇ ਨਹੀਂ ਚੜੀ ਜਿਸ ਕਰਕੇ ਉਨ੍ਹਾਂ ਨੇ ਨਿਲਾਮੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ।

ਸ਼੍ਰੇਅਸ ਨੂੰ ਆਪਣੀ ਕਾਬਲੀਅਤ 'ਤੇ ਭਰੋਸਾ ਸੀ ਅਤੇ ਇਹੀ ਭਰੋਸਾ ਉਨ੍ਹਾਂ ਨੂੰ ਅਮੀਰ ਬਣਾਉਣ 'ਚ ਸਫਲ ਰਿਹਾ।

ਪੰਜਾਬ ਕਿੰਗਜ਼ ਨੇ ਉਨ੍ਹਾਂ ਨੂੰ 26.75 ਕਰੋੜ ਰੁਪਏ ਵਿੱਚ ਖਰੀਦਿਆ।

ਇਸ ਤਰ੍ਹਾਂ ਉਹ ਮਿਚੇਲ ਸਟਾਰਕ ਦਾ ਰਿਕਾਰਡ ਤੋੜਨ 'ਚ ਸਫਲ ਰਹੇ, ਜਿਨ੍ਹਾਂ ਨੇ ਪਿਛਲੇ ਸਾਲ 24.75 ਕਰੋੜ ਰੁਪਏ ਦਾ ਰਿਕਾਰਡ ਬਣਾਇਆ ਸੀ। ਹਾਲਾਂਕਿ ਇਹ ਰਿਕਾਰਡ ਕੁਝ ਸਮੇਂ ਬਾਅਦ ਰਿਸ਼ਭ ਪੰਤ ਨੇ ਤੋੜ ਦਿੱਤਾ।

ਸ਼੍ਰੇਅਸ ਨੂੰ ਪੰਜਾਬ ਕਿੰਗਜ਼ ਵੱਲੋਂ ਲਏ ਜਾਣ ਦਾ ਇੱਕ ਕਾਰਨ ਇਹ ਹੈ ਕਿ ਉਨ੍ਹਾਂ ਦੇ ਮੁੱਖ ਕੋਚ ਰਿੱਕੀ ਪੋਂਟਿੰਗ ਹਨ, ਜਿਨ੍ਹਾਂ ਨੇ ਸ਼੍ਰੇਅਸ ਨਾਲ ਉਦੋਂ ਕੰਮ ਕੀਤਾ ਹੈ ਜਦੋਂ ਉਹ ਦਿੱਲੀ ਕੈਪੀਟਲਜ਼ ਦੇ ਕੋਚ ਸਨ।

ਕੋਚ ਅਤੇ ਕਪਤਾਨ ਦੀ ਇਹ ਜੋੜੀ ਪੰਜਾਬ ਕਿੰਗਜ਼ ਦੀ ਕਿਸਮਤ ਬਦਲ ਸਕਦੀ ਹੈ।

ਹਾਲਾਂਕਿ ਸ਼੍ਰੇਅਸ ਪਿਛਲੇ ਕੁਝ ਸਮੇਂ ਤੋਂ ਭਾਰਤੀ ਟੀਮ ਦਾ ਹਿੱਸਾ ਨਹੀਂ ਹਨ ਪਰ ਉਹ ਇਨ੍ਹੀਂ ਦਿਨੀਂ ਘਰੇਲੂ ਕ੍ਰਿਕਟ 'ਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ।

ਇਹ ਉਨ੍ਹਾਂ ਨੇ ਮੁੰਬਈ ਲਈ ਸਈਅਦ ਮੁਸ਼ਤਾਕ ਅਲੀ ਟਰਾਫੀ ਵਿੱਚ 57 ਗੇਂਦਾਂ ਵਿੱਚ 130 ਦੌੜਾਂ ਦੀ ਅਜੇਤੂ ਪਾਰੀ ਖੇਡ ਕੇ ਸਾਬਤ ਕੀਤਾ ਹੈ।

ਉਨ੍ਹਾਂ ਨੇ ਰਣਜੀ ਟਰਾਫੀ ਦੇ ਇਸ ਸੈਸ਼ਨ ਦੇ ਚਾਰ ਮੈਚਾਂ ਵਿੱਚ ਦੋਹਰੇ ਸੈਂਕੜੇ ਦੀ ਮਦਦ ਨਾਲ 452 ਦੌੜਾਂ ਬਣਾਈਆਂ ਹਨ।

ਕੇਐਲ ਦਾ ਨਵਾਂ ਘਰ ਦਿੱਲੀ ਕੈਪੀਟਲਸ

ਕੇਐੱਲ ਰਾਹੁਲ ਨੂੰ ਹਰ ਫਾਰਮੈਟ ਦਾ ਖਿਡਾਰੀ ਮੰਨਿਆ ਜਾਂਦਾ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੇਐੱਲ ਰਾਹੁਲ ਨੂੰ ਹਰ ਫਾਰਮੈਟ ਦਾ ਖਿਡਾਰੀ ਮੰਨਿਆ ਜਾਂਦਾ ਹੈ

ਕੇਐੱਲ ਰਾਹੁਲ ਨੂੰ ਸ਼ਾਨਦਾਰ ਖਿਡਾਰੀ ਅਤੇ ਚੰਗੀ ਸੋਚ ਵਾਲਾ ਕਪਤਾਨ ਮੰਨਿਆ ਜਾਂਦਾ ਹੈ। ਪਰ ਇਨ੍ਹਾਂ ਗੁਣਾਂ ਦੇ ਬਾਵਜੂਦ ਉਹ ਕਦੇ ਵੀ ਕਿਸੇ ਫਰੈਂਚਾਇਜ਼ੀ ਦਾ ਹਿੱਸਾ ਨਹੀਂ ਰਹੇ।

ਉਨ੍ਹਾਂ ਦੇ ਕਰੀਅਰ ਦੀ ਸਮੱਸਿਆ ਇਹ ਰਹੀ ਹੈ ਕਿ ਉਨ੍ਹਾਂ ਨੂੰ ਬਹੁਤ ਸਾਰੀਆਂ ਸੱਟਾਂ ਵੀ ਲੱਗੀਆਂ ਹਨ।

ਪਿਛਲੀ ਵਾਰ ਐੱਲਐੱਸਜੀ ਦੇ ਸੱਤਵੇਂ ਸਥਾਨ 'ਤੇ ਰਹਿਣ ਕਾਰਨ ਫਰੈਂਚਾਇਜ਼ੀ ਦੇ ਮਾਲਕ ਸੰਜੀਵ ਗੋਇਨਕਾ ਨਾਲ ਉਨ੍ਹਾਂ ਦਾ ਵਿਵਾਦ ਵੀ ਸੁਰਖੀਆਂ 'ਚ ਰਿਹਾ ਸੀ। ਇਸ ਵਿਵਾਦ ਕਾਰਨ ਉਨ੍ਹਾਂ ਨੂੰ ਰਿਟੇਨ ਨਹੀਂ ਕੀਤਾ ਗਿਆ।

ਦਿੱਲੀ ਕੈਪੀਟਲਸ ਨੇ ਰਾਹੁਲ ਨੂੰ 14 ਕਰੋੜ ਰੁਪਏ 'ਚ ਖਰੀਦ ਕੇ ਖਾਲੀ ਹੋਈ ਕਪਤਾਨ ਦੀ ਕਮੀ ਨੂੰ ਪੂਰਾ ਕੀਤਾ ਹੈ। ਰਿਸ਼ਭ ਪੰਤ ਦੇ ਜਾਣ ਕਾਰਨ ਉਨ੍ਹਾਂ ਨੂੰ ਕਪਤਾਨ ਦੀ ਤਲਾਸ਼ ਸੀ।

ਕੇਐਲ ਰਾਹੁਲ ਨੂੰ ਸਾਰੇ ਫਾਰਮੈਟਾਂ ਦਾ ਖਿਡਾਰੀ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਆਈਪੀਐਲ ਦੇ ਕਈ ਸੀਜ਼ਨਾਂ ਵਿੱਚ ਆਪਣੇ ਬੱਲੇ ਦਾ ਹੁਨਰ ਦਿਖਾਇਆ ਹੈ।

ਉਨ੍ਹਾਂ ਨੇ ਸਾਲ 2018 ਵਿੱਚ 659 ਦੌੜਾਂ, ਸਾਲ 2020 ਵਿੱਚ 670 ਦੌੜਾਂ ਅਤੇ ਸਾਲ 2021 ਵਿੱਚ 626 ਦੌੜਾਂ ਬਣਾਈਆਂ ਹਨ।

ਕੇਐੱਲ ਰਾਹੁਲ ਦੇ ਦਿੱਲੀ ਟੀਮ 'ਚ ਸ਼ਾਮਲ ਹੋਣ ਨਾਲ ਉਨ੍ਹਾਂ ਦੀ ਕਪਤਾਨੀ, ਓਪਨਿੰਗ ਅਤੇ ਵਿਕਟਕੀਪਿੰਗ ਦੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ।

ਕੇਐੱਲ ਰਾਹੁਲ ਨੂੰ ਸ਼ਾਨਦਾਰ ਖਿਡਾਰੀ ਅਤੇ ਚੰਗੀ ਸੋਚ ਵਾਲਾ ਕਪਤਾਨ ਮੰਨਿਆ ਜਾਂਦਾ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੇਐੱਲ ਰਾਹੁਲ ਨੂੰ ਸ਼ਾਨਦਾਰ ਖਿਡਾਰੀ ਅਤੇ ਚੰਗੀ ਸੋਚ ਵਾਲਾ ਕਪਤਾਨ ਮੰਨਿਆ ਜਾਂਦਾ ਹੈ

ਅਰਸ਼ਦੀਪ ਦਾ 'ਅਰਸ਼' 'ਤੇ ਰਹਿਣ ਦਾ ਕਾਰਨ

ਪਿਛਲੇ ਕੁਝ ਸਾਲਾਂ ਵਿੱਚ ਅਰਸ਼ਦੀਪ ਸਿੰਘ ਨੇ ਇੱਕ ਅਜਿਹੇ ਗੇਂਦਬਾਜ਼ ਦਾ ਅਕਸ ਬਣਾਇਆ ਹੈ ਜਿਸ ਤੋਂ ਹਰ ਮੁਕਾਬਲਾ ਕਰਨ ਵਾਲੀ ਟੀਮ ਡਰਦੀ ਹੈ।

ਉਨ੍ਹਾਂ ਕੋਲ 140 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਗੇਂਦ ਨੂੰ ਲਗਾਤਾਰ ਸਵਿੰਗ ਕਰਨ ਦੀ ਮੁਹਾਰਤ ਹੈ। ਇਨ੍ਹਾਂ ਖ਼ੂਬੀਆਂ ਨੇ ਹੀ ਉਨ੍ਹਾਂ ਨੂੰ 18 ਕਰੋੜ ਰੁਪਏ ਹਾਸਲ ਕਰਾਏ ਹਨ।

ਹਾਲ ਹੀ 'ਚ ਉਨ੍ਹਾਂ ਨੇ ਦੱਖਣੀ ਅਫਰੀਕਾ ਦੌਰੇ ਦੌਰਾਨ ਭਾਰਤੀ ਟੀਮ ਨੂੰ ਸੀਰੀਜ਼ ਜਿਤਾਉਣ 'ਚ ਅਹਿਮ ਭੂਮਿਕਾ ਨਿਭਾਈ ਸੀ।

ਸ਼ੁਰੂਆਤੀ ਓਵਰਾਂ ਵਿੱਚ ਵਿਕਟਾਂ ਲੈਣ ਤੋਂ ਇਲਾਵਾ, ਉਹ ਡੈਥ ਓਵਰਾਂ ਵਿੱਚ ਆਪਣੇ ਯਾਰਕਰਾਂ ਨਾਲ ਬੱਲੇਬਾਜ਼ਾਂ ਨੂੰ ਬੰਨ੍ਹਣ ਦੀ ਸਮਰੱਥਾ ਰੱਖਦੇ ਹਨ।

ਅਰਸ਼ਦੀਪ ਸਿੰਘ ਸ਼ੁਰੂਆਤੀ ਓਵਰਾਂ ਵਿੱਚ ਵਿਕਟਾਂ ਲੈਣ ਤੋਂ ਇਲਾਵਾ, ਡੈਥ ਓਵਰਾਂ ਵਿੱਚ ਆਪਣੇ ਯਾਰਕਰਾਂ ਨਾਲ ਬੱਲੇਬਾਜ਼ਾਂ ਨੂੰ ਬੰਨ੍ਹਣ ਦੀ ਸਮਰੱਥਾ ਰੱਖਦੇ ਹਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਰਸ਼ਦੀਪ ਸਿੰਘ ਸ਼ੁਰੂਆਤੀ ਓਵਰਾਂ ਵਿੱਚ ਵਿਕਟਾਂ ਲੈਣ ਤੋਂ ਇਲਾਵਾ, ਡੈਥ ਓਵਰਾਂ ਵਿੱਚ ਆਪਣੇ ਯਾਰਕਰਾਂ ਨਾਲ ਬੱਲੇਬਾਜ਼ਾਂ ਨੂੰ ਬੰਨ੍ਹਣ ਦੀ ਸਮਰੱਥਾ ਰੱਖਦੇ ਹਨ

ਪੰਜਾਬ ਕਿੰਗਜ਼ ਨੇ ਅਰਸ਼ਦੀਪ ਨੂੰ ਰਿਟੇਨ ਨਹੀਂ ਕੀਤਾ। ਪਰ ਉਹ ਉਨ੍ਹਾਂ ਦੀ ਯੋਜਨਾ ਦਾ ਹਿੱਸਾ ਸਨ, ਇਸ ਲਈ ਪੰਜਾਬ ਕਿੰਗਜ਼ ਨੇ ਉਨ੍ਹਾਂ ਨੂੰ ਰਾਈਟ ਟੂ ਮੈਚ ਰਾਹੀਂ 18 ਕਰੋੜ ਰੁਪਏ ਵਿੱਚ ਲਿਆ।

ਉਨ੍ਹਾਂ ਨੇ ਭਾਰਤ ਲਈ ਖੇਡੇ 60 ਮੈਚਾਂ 'ਚ 95 ਵਿਕਟਾਂ ਲਈਆਂ ਹਨ।

ਅਰਸ਼ਦੀਪ ਲਈ ਉੱਚੀ ਬੋਲੀ ਦਾ ਕਾਰਨ ਸੀਐਸਕੇ, ਦਿੱਲੀ ਕੈਪੀਟਲਸ, ਗੁਜਰਾਤ ਜਾਇੰਟਸ ਅਤੇ ਆਰਸੀਬੀ ਦੁਆਰਾ ਉਨ੍ਹਾਂ ਦੇ ਦਾਅਵੇਦਾਰਾਂ ਵਜੋਂ ਦਿਖਾਈ ਗਈ ਦਿਲਚਸਪੀ ਸੀ।

ਹੈਦਰਾਬਾਦ ਵੀ ਬੋਲੀ ਵਿੱਚ ਸ਼ਾਮਲ ਹੋ ਗਿਆ ਅਤੇ ਅਰਸ਼ਦੀਪ ਨੂੰ 15.75 ਕਰੋੜ ਰੁਪਏ ਵਿੱਚ ਪ੍ਰਾਪਤ ਕਰਨ ਵਿੱਚ ਸਫਲ ਰਿਹਾ।

ਪਰ ਫਿਰ ਪੰਜਾਬ ਕਿੰਗਜ਼ ਨੇ ਉਨ੍ਹਾਂ ਨੂੰ ਆਰਟੀਐਮ ਦੀ ਵਰਤੋਂ ਕਰਕੇ 18 ਕਰੋੜ ਰੁਪਏ ਵਿੱਚ ਹਾਸਲ ਕੀਤਾ।

ਉੱਚੀ ਬੋਲੀਆਂ ਲਗਾਉਣ ਪਿੱਛੇ ਦਾ ਤਰਕ ਕੀ ਹੈ?

ਇਸ ਵਾਰ ਪੰਜਾਬ ਕਿੰਗਜ਼ ਨੇ ਯੁਜਵੇਂਦਰ ਚਾਹਲ ਨੂੰ ਵੱਡੀ ਕੀਮਤ 'ਤੇ ਖਰੀਦਿਆ ਹੈ।

ਆਈਪੀਐਲ ਵਿੱਚ ਜਦੋਂ ਵੀ ਬੋਲੀ ਲੱਗਦੀ ਹੈ, ਕੁਝ ਖਿਡਾਰੀਆਂ ਨੂੰ ਉਮੀਦਾਂ ਤੋਂ ਵੱਧ ਪੈਸੇ ਮਿਲਦੇ ਹਨ ਅਤੇ ਕਈ ਅਜਿਹੇ ਖਿਡਾਰੀ ਹਨ ਜਿਨ੍ਹਾਂ ਨੂੰ ਦੁਨੀਆ ਭਰ ਵਿੱਚ ਆਪਣੀ ਪਛਾਣ ਬਣਾਉਣ ਦੇ ਬਾਵਜੂਦ ਮਾਮੂਲੀ ਰਕਮ ਵਿੱਚ ਖਰੀਦਿਆ ਜਾਂਦਾ ਹੈ।

ਵੈਂਕਟੇਸ਼ ਅਈਅਰ ਦਾ ਨਾਂ ਅਜਿਹੇ ਖਿਡਾਰੀਆਂ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ। ਕੇਕੇਆਰ ਨੇ ਉਨ੍ਹਾਂ ਨੂੰ 23.75 ਕਰੋੜ ਰੁਪਏ ਵਿੱਚ ਖਰੀਦਿਆ ਹੈ।

ਇਹ ਸੱਚ ਹੈ ਕਿ ਪਾਰੀ ਦੀ ਸ਼ੁਰੂਆਤ ਕਰਨ ਦੀ ਸਮਰੱਥਾ ਦੇ ਨਾਲ-ਨਾਲ ਉਹ ਤੇਜ਼ ਗੇਂਦਬਾਜ਼ੀ ਵੀ ਕਰਦੇ ਹਨ ਅਤੇ ਲੋੜ ਪੈਣ 'ਤੇ ਕਪਤਾਨੀ ਵੀ ਕਰ ਸਕਦੇ ਹਨ।

ਜਦੋਂ ਵੈਂਕਟੇਸ਼ ਅਈਅਰ 'ਤੇ ਇਹ ਬੋਲੀ ਲਗਾਈ ਗਈ ਤਾਂ ਇਕ ਕੌਮੈਂਟੇਟਰ ਨੇ ਮਜ਼ਾਕ ਵਿੱਚ ਕਿਹਾ ਕਿ ਸ਼ਾਇਦ ਕੇਕੇਆਰ ਨੇ ਅਈਅਰ ਨੂੰ ਗਫਲਤ 'ਚ ਇਨ੍ਹੀਂ ਰਕਮ ਦੇ ਦਿੱਤੀ ਹੈ।

ਵੈਂਕਟੇਸ਼ ਅਈਅਰ ਨੂੰ ਕੇਕੇਆਰ ਨੇ 23.75 ਕਰੋੜ ਰੁਪਏ ਵਿੱਚ ਖਰੀਦਿਆ ਹੈ। ਉਹ ਪਾਰੀ ਦੀ ਸ਼ੁਰੂਆਤ ਕਰਨ ਦੀ ਸਮਰੱਥਾ ਰੱਖਦੇ ਹਨ, ਤੇਜ਼ ਗੇਂਦਬਾਜ਼ੀ ਵੀ ਕਰਦੇ ਹਨ ਅਤੇ ਲੋੜ ਪੈਣ 'ਤੇ ਕਪਤਾਨੀ ਵੀ ਕਰ ਸਕਦੇ ਹਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵੈਂਕਟੇਸ਼ ਅਈਅਰ ਨੂੰ ਕੇਕੇਆਰ ਨੇ 23.75 ਕਰੋੜ ਰੁਪਏ ਵਿੱਚ ਖਰੀਦਿਆ ਹੈ। ਉਹ ਪਾਰੀ ਦੀ ਸ਼ੁਰੂਆਤ ਕਰਨ ਦੀ ਸਮਰੱਥਾ ਰੱਖਦੇ ਹਨ, ਤੇਜ਼ ਗੇਂਦਬਾਜ਼ੀ ਵੀ ਕਰਦੇ ਹਨ ਅਤੇ ਲੋੜ ਪੈਣ 'ਤੇ ਕਪਤਾਨੀ ਵੀ ਕਰ ਸਕਦੇ ਹਨ

ਵੈਂਕਟੇਸ਼ ਅਈਅਰ ਨੇ ਆਈਪੀਐੱਲ 'ਚ ਆਪਣੀਆਂ ਕੁਝ ਪਾਰੀਆਂ ਨਾਲ ਯਕੀਨੀ ਤੌਰ 'ਤੇ ਪ੍ਰਭਾਵ ਪਾਇਆ ਹੈ।

ਪਰ ਵੈਂਕਟੇਸ਼ ਅਈਅਰ ਦਾ ਪ੍ਰਦਰਸ਼ਨ ਅਜਿਹਾ ਨਹੀਂ ਰਿਹਾ ਜਿਸ ਦੀ ਚਰਚਾ ਕੀਤੀ ਗਈ ਹੋਵੇ। ਉਨ੍ਹਾਂ ਨੇ 50 ਆਈਪੀਐਲ ਮੈਚਾਂ ਵਿੱਚ 1326 ਦੌੜਾਂ ਬਣਾਈਆਂ ਹਨ।

ਕੇਕੇਆਰ ਨੇ ਉਨ੍ਹਾਂ ਨੂੰ 2020 ਵਿੱਚ 20 ਲੱਖ ਰੁਪਏ ਵਿੱਚ ਖਰੀਦਿਆ ਅਤੇ ਚਾਰ ਸਾਲਾਂ ਵਿੱਚ ਉਨ੍ਹਾਂ ਦੀ ਕੀਮਤ ਵਿੱਚ ਇਹ ਉਛਾਲ ਮਹੱਤਵਪੂਰਨ ਹੈ।

ਆਸਟ੍ਰੇਲੀਆਈ ਬੱਲੇਬਾਜ਼ ਗਲੇਨ ਮੈਕਸਵੈੱਲ ਨੂੰ ਵੀ ਇਸ ਸ਼੍ਰੇਣੀ 'ਚ ਰੱਖਿਆ ਜਾ ਸਕਦਾ ਹੈ। ਉਨ੍ਹਾਂ ਦੀ ਤੇਜ਼ ਬੱਲੇਬਾਜ਼ੀ ਅਤੇ ਆਫ ਸਪਿਨਿੰਗ ਗੁਣ ਉਨ੍ਹਾਂ ਨੂੰ ਹੋਰ ਮਹੱਤਵਪੂਰਨ ਬਣਾਉਂਦੇ ਹਨ।

ਪਿਛਲੀ ਵਾਰ ਉਨ੍ਹਾਂ ਨੂੰ ਏਆਰਸੀਬੀ ਨੇ 11 ਕਰੋੜ ਰੁਪਏ ਵਿੱਚ ਖਰੀਦਿਆ ਸੀ। ਪਰ ਉਨ੍ਹਾਂ ਨੂੰ ਰੀਟੇਨ ਨਹੀਂ ਕੀਤਾ ਗਿਆ ਕਿਉਂਕਿ ਉਹ ਟੀਮ ਦਾ ਚੈਂਪੀਅਨ ਬਣਾਉਣ ਦਾ ਸੁਪਨਾ ਸਾਕਾਰ ਨਹੀਂ ਕਰ ਸਕੇ।

ਮੈਕਸਵੈੱਲ ਨੂੰ ਪੰਜਾਬ ਕਿੰਗਜ਼ ਨੇ 4.2 ਕਰੋੜ ਰੁਪਏ 'ਚ ਖਰੀਦਿਆ ਹੈ। ਰਿਕੀ ਪੋਂਟਿੰਗ ਇਸ ਟੀਮ ਨਾਲ ਜੁੜੇ ਹੋਏ ਹਨ, ਇਸ ਲਈ ਉਹ ਉਨ੍ਹਾਂ ਦਾ ਬਿਹਤਰ ਇਸਤੇਮਾਲ ਕਰ ਸਕਦੇ ਹਨ।

ਜੇਕਰ ਉਹ ਅਗਲੇ ਸੀਜ਼ਨ 'ਚ ਟਰੰਪ ਕਾਰਡ ਸਾਬਤ ਹੁੰਦੇ ਹਨ, ਤਾਂ ਹੋਰ ਫ੍ਰੈਂਚਾਈਜ਼ੀਆਂ ਨੂੰ ਉਨ੍ਹਾਂ ਨੂੰ ਨਾ ਲੈਣ 'ਤੇ ਪਛਤਾਵਾ ਹੋ ਸਕਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)