ਪੰਜਾਬ ਜ਼ਿਮਨੀ ਚੋਣ: 4 ਹਲਕਿਆਂ ਵਿੱਚ ਪਈਆਂ ਵੋਟਾਂ ਤੋਂ ਸਾਹਮਣੇ ਆਏ 5 ਰੋਚਕ ਤੱਥ ਕੀ ਹਨ?

ਤਸਵੀਰ ਸਰੋਤ, DR. RAJ KUMAR CHABBEWAL/KULDEEP SINGH DHILLON/HARDEEP SINGH DIMPY DHILLON/FB
- ਲੇਖਕ, ਖੁਸ਼ਹਾਲ ਲਾਲੀ
- ਰੋਲ, ਬੀਬੀਸੀ ਪੱਤਰਕਾਰ
ਪੰਜਾਬ ਦੇ ਚਾਰ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ 3-1 ਨਾਲ ਲੜਾਈ ਜਿੱਤ ਲਈ। ਸੂਬੇ ਦੀ ਸੱਤਾਧਾਰੀ ਪਾਰਟੀ ਨੇ ਇਸ ਜਿੱਤ ਨੂੰ ਦਿੱਲੀ ਦੀਆਂ ਆਮ ਵਿਧਾਨ ਸਭਾ ਚੋਣਾਂ ਲਈ ਸੈਮੀਫਾਇਨਲ ਵਿੱਚ ਜਿੱਤ ਵਜੋਂ ਪੇਸ਼ ਕੀਤਾ ਹੈ।
ਪੰਜਾਬ ਦੀਆਂ ਇਹਨਾਂ ਚੋਣਾਂ ਦੀ ਜਿੱਤ ਦੇ ਜਸ਼ਨ ਦਿੱਲੀ ਵਿੱਚ ਮਨਾਏ ਗਏ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੌਮੀ ਰਾਜਧਾਨੀ ਵਿੱਚ ਜਾ ਕੇ ਜਸ਼ਨਾਂ ਵਿੱਚ ਸ਼ਾਮਲ ਹੋਏ ਜਿਸ ਤੋਂ ਲੱਗ ਰਿਹਾ ਸੀ ਕਿ ਆਮ ਆਦਮੀ ਪਾਰਟੀ ਇਨ੍ਹਾਂ ਜਸ਼ਨਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਦਿੱਲੀ ਦਫ਼ਤਰ ਮਨਾਏ ਜਾਂਦੇ ਜਸ਼ਨਾਂ ਵਾਂਗ ਕੌਮੀ ਜਿੱਤ ਦੇ ਤੌਰ ਉੱਤੇ ਪੇਸ਼ ਕਰਨਾ ਚਾਹੁੰਦੀ ਹੈ।
ਇਨ੍ਹਾਂ ਚੋਣ ਨਤੀਜਿਆਂ ਦਾ ਹਰ ਕੋਈ ਆਪਣੇ ਢੰਗ ਨਾਲ ਵਿਸ਼ਲੇਸ਼ਣ ਕਰ ਰਿਹਾ ਹੈ। ਅਸੀਂ ਇਸ ਰਿਪੋਰਟ ਰਾਹੀਂ ਚਾਰਾਂ ਹਲਕਿਆਂ ਵਿੱਚ ਪਈਆਂ ਵੋਟਾਂ ਦੇ ਅੰਕੜਿਆਂ ਦੇ ਅਧਾਰ ਉੱਤੇ ਨਿਕਲਣ ਵਾਲੇ ਤੱਥਾਂ ਦਾ ਜਿਕਰ ਕਰ ਰਹੇ ਹਾਂ।

ਜ਼ਿਮਨੀ ਚੋਣਾਂ ਦੇ ਨਤੀਜੇ ਕੀ ਦੱਸਦੇ ਹਨ?
- ਮਾਨਤਾ ਹਾਸਲ ਪਾਰਟੀਆਂ ਨੂੰ ਛੱਡ ਕੇ ਕਿਸੇ ਵੀ ਹਲਕੇ ਵਿੱਚ ਕੋਈ ਵੀ ਅਜ਼ਾਦ ਉਮੀਦਵਾਰ 'ਨੋਟਾ' ਤੋਂ ਵੱਧ ਵੋਟਾਂ ਹਾਸਲ ਨਹੀਂ ਕਰ ਸਕਿਆ। ਸਿਰਫ਼ ਬਰਨਾਲਾ ਵਿੱਚ ਹੀ 'ਆਪ' ਦੇ ਬਾਗ਼ੀ ਗੁਰਦੀਪ ਸਿੰਘ ਬਾਠ ਨੂੰ ਹੀ 16899 ਵੋਟਾਂ ਮਿਲੀਆਂ।
- ਸਿਮਰਨਜੀਤ ਸਿੰਘ ਮਾਨ ਦੇ ਦਲ ਵੱਲੋਂ ਚੋਣ ਲੜੇ ਬਹਿਬਲ ਕਲਾਂ ਮੋਰਚੇ ਦੇ ਮੁਖੀ ਸੁਖ ਰਾਜਕਰਨ ਸਿੰਘ, ਮਾਨ ਦੇ ਦੋਹਤੇ ਗੋਬਿੰਦ ਸਿੰਘ ਸੰਧੂ ਅਤੇ ਅਮ੍ਰਿਤਪਾਲ ਦੇ ਸਾਥੀ ਲਵਪ੍ਰੀਤ ਸਿੰਘ ਤੂਫ਼ਾਨ ਆਪਣੀਆਂ ਜ਼ਮਾਨਤਾਂ ਵੀ ਨਹੀਂ ਬਚਾ ਸਕੇ।
- ਅਕਾਲੀ ਦਲ ਦੀ ਚੋਣ ਮੈਦਾਨ ਵਿੱਚੋਂ ਗ਼ੈਰ-ਹਾਜ਼ਰੀ ਦਾ ਕਾਂਗਰਸ ਅਤੇ ਅਕਾਲੀਆਂ ਤੋਂ ਭਾਜਪਾਈ ਉਮੀਦਵਾਰ ਬਣੇ ਮਨਪ੍ਰੀਤ ਬਾਦਲ, ਕੇਵਲ ਸਿੰਘ ਢਿੱਲੋਂ, ਰਵੀਕਰਨ ਸਿੰਘ ਕਾਹਲੋਂ ਅਤੇ ਸੋਹਣ ਸਿੰਘ ਠੰਢਲ ਫਾਇਦਾ ਨਹੀਂ ਲੈ ਸਕੇ। ਭਾਜਪਾ ਦਾ ਕਿਤੇ ਵੀ ਖਾਤਾ ਨਹੀਂ ਖੁੱਲ੍ਹ ਸਕਿਆ।
- ਕਾਂਗਰਸ ਦੇ ਦੋ ਵੱਡੇ ਆਗੂਆਂ, ਰਾਜਾ ਵੜਿੰਗ ਅਤੇ ਸੁਖਜਿੰਦਰ ਰੰਧਾਵਾ, ਦੀਆਂ ਪਤਨੀਆਂ ਨੂੰ ਮੈਦਾਨ ਵਿੱਚ ਉਤਾਰ ਕੇ ਵੀ ਪਾਰਟੀ ਗਿੱਦੜਬਾਹਾ ਤੇ ਡੇਰਾ ਬਾਬਾ ਨਾਨਕ ਵਿਚਲਾ ਆਪਣਾ ਗੜ੍ਹ ਨਹੀਂ ਬਚਾ ਸਕੀ।
- ਆਮ ਆਦਮੀ ਪਾਰਟੀ ਭਾਵੇਂ 3-1ਨਾਲ ਚਾਰ ਹਲਕਿਆਂ ਦੀ ਚੋਣ ਜੰਗ ਜਿੱਤ ਗਈ ਪਰ ਬਰਨਾਲਾ ਵਿੱਚ ਪਾਰਟੀ ਦੇ ਬਾਗ਼ੀ ਗੁਰਦੀਪ ਬਾਠ ਵਲੋਂ ਪਾਰਟੀ ਦੇ ਗੜ੍ਹ ਨੂੰ ਢਹਿ-ਢੇਰੀ ਕਰਨਾ ਚਿੰਤਾ ਦਾ ਵਿਸ਼ਾ ਜਰੂਰ ਹੋਵੇਗਾ।

ਤਸਵੀਰ ਸਰੋਤ, HARDEEP SINGH DIMPY DHILLON/FB
ਬਹਿਬਲ ਕਲਾਂ ਇਨਸਾਫ਼ ਮੋਰਚੇ ਦੇ ਮੁਖੀ ਨੂੰ ਨੋਟਾ ਤੋਂ ਘੱਟ ਵੋਟਾਂ
ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ 21969 ਵੋਟਾਂ ਦੀ ਜਿੱਤ ਕਾਫੀ ਰੋਚਕ ਰਹੀ। ਇੱਥੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਦੀ ਪਤਨੀ ਅਮ੍ਰਿਤਾ ਵੜਿੰਗ ਕਾਫੀ ਮਜ਼ਬੂਤ ਦਾਅਵੇਦਾਰ ਮੰਨੀ ਜਾ ਰਹੀ ਸੀ। ਡਿੰਪੀ ਢਿੱਲੋਂ ਨੂੰ 71544 ਅਤੇ ਅੰਮ੍ਰਿਤਾ ਵੜਿੰਗ ਨੂੰ 49675 ਵੋਟਾਂ ਮਿਲੀਆਂ।
ਗਿੱਦੜਬਾਹਾ ਨੂੰ ਅਕਾਲੀਆਂ ਦਾ ਗੜ੍ਹ ਮੰਨਿਆ ਜਾਂਦਾ ਰਿਹਾ ਹੈ, ਜਿਥੋਂ ਮਨਪ੍ਰੀਤ ਸਿੰਘ ਬਾਦਲ ਤਿੰਨ ਵਾਰ ਵਿਧਾਇਕ ਰਹੇ ਪਰ ਲੱਗਦਾ ਹੈ ਕਿ ਅਕਾਲੀਆਂ ਦੀ ਗ਼ੈਰ-ਹਾਜ਼ਰੀ ਵਿੱਚ ਕਾਡਰ 'ਆਪ' ਨੂੰ ਭੁਗਤਿਆ ਅਤੇ ਮਨਪ੍ਰੀਤ ਬਾਦਲ ਸਿਰਫ਼ 12227 ਵੋਟਾਂ ਹੀ ਹਾਸਲ ਕਰ ਸਕੇ।
ਗਿੱਦੜਬਾਹਾ ਦਾ ਸਭ ਤੋਂ ਵੱਧ ਹੈਰਾਨੀਜਨਕ ਤੱਥ ਇਹ ਹੈ ਕਿ ਬਹਿਬਲ ਕਲਾਂ ਇਨਸਾਫ਼ ਮੋਰਚੇ ਦੇ ਮੁਖੀ ਅਤੇ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਸੁਖ ਰਾਜਕਰਨ ਸਿੰਘ ਨੂੰ ਸਿਰਫ਼ 715 ਵੋਟਾਂ ਹੀ ਮਿਲਿਆਂ। ਇਹ ਅੰਕੜਾ 'ਨੋਟਾ' ਨੂੰ ਪਈਆਂ 889 ਨਾਲੋਂ ਵੀ ਘੱਟ ਹੈ।

ਤਸਵੀਰ ਸਰੋਤ, ULDEEP SINGH DHILLON/FB
ਬਾਗ਼ੀ ਨੇ ਪਲਟਿਆ ‘ਆਪ’ ਦਾ ਪਾਸਾ
ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਢਿੱਲੋਂ ਉਰਫ਼ ਕਾਲਾ ਢਿੱਲੋਂ ਨੇ 2157 ਵੋਟਾਂ ਨਾਲ ਬਰਨਾਲਾ ਸੀਟ ਜਿੱਤੀ ਹੈ। ਕਾਲਾ ਢਿੱਲੋਂ ਨੂੰ 28254 ਵੋਟਾਂ ਪਈਆਂ ਜਦਕਿ ਆਮ ਆਦਮੀ ਪਾਰਟੀ ਦੇ ਬਾਗ਼ੀ ਅਤੇ ਅਜ਼ਾਦ ਉਮੀਦਵਾਰ ਗੁਰਦੀਪ ਸਿੰਘ ਬਾਠ ਨੂੰ 16899 ਵੋਟਾਂ ਹਾਸਲ ਕਰ ਗਏ।
ਦੂਜੇ ਨੰਬਰ ਉੱਤੇ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਧਾਰੀਵਾਲ ਨੂੰ 26097 ਵੋਟਾਂ ਪਈਆਂ। ਰੋਚਕ ਗੱਲ ਇਹ ਹੈ ਕਿ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਬਣੇ ਵੱਡੇ ਕਾਰੋਬਾਰੀ ਕੇਵਲ ਸਿੰਘ ਢਿੱਲੋਂ ਨੂੰ ਬਾਠ ਨਾਲੋਂ ਸਿਰਫ਼ 1059 ਵੋਟਾਂ ਹੀ ਵੱਧ ਮਿਲੀਆਂ।
ਇੱਥੇ 'ਨੋਟਾ' ਨੂੰ 618 ਵੋਟਾਂ ਪਈਆਂ ਜੋ 'ਆਪ' ਦੇ ਬਾਗ਼ੀ ਬਾਠ ਨੂੰ ਛੱਡ ਕੇ ਕਿਸੇ ਵੀ ਉਮੀਦਵਾਰ ਨੂੰ ਪਈਆਂ ਵੋਟਾਂ ਨਾਲੋਂ ਵੱਧ ਹਨ।
ਸਿਮਰਨਜੀਤ ਸਿੰਘ ਮਾਨ ਦੇ ਦੋਹਤੇ ਅਤੇ ਉਨ੍ਹਾਂ ਦੀ ਪਾਰਟੀ ਦੇ ਉਮੀਦਵਾਰ ਗੋਬਿੰਦ ਸਿੰਘ ਸੰਧੂ ਨੂੰ 7900 ਵੋਟਾਂ ਪਈਆਂ ਪਰ ਉਨ੍ਹਾਂ ਦੀ ਜ਼ਮਾਨਤ ਜ਼ਬਤ ਹੋ ਗਈ।

ਅਮ੍ਰਿਤਪਾਲ ਦੇ ਸਾਥੀ ਤੂਫਾਨ ਨੂੰ 2358 ਵੋਟਾਂ

ਤਸਵੀਰ ਸਰੋਤ, Getty Images
ਡੇਰਾ ਬਾਬਾ ਨਾਨਕ ਵਿੱਚ ਕਾਂਗਰਸ ਦੇ ਦਿੱਗਜ ਆਗੂ ਸੁਖਜਿੰਦਰ ਰੰਧਾਵਾ ਦੀ ਪਤਨੀ ਜਤਿੰਦਰ ਕੌਰ ਰੰਧਾਵਾ 5699 ਵੋਟਾਂ ਨਾਲ ਹਾਰ ਗਏ। ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਗੁਰਦੀਪ ਸਿੰਘ ਰੰਧਾਵਾ ਨੇ ਸਖ਼ਤ ਟੱਕਰ ਵਿੱਚ ਹਰਾਇਆ। ਗਰਦੀਪ ਸਿੰਘ ਨੂੰ 59104 ਅਤੇ ਜਤਿੰਦਰ ਕੌਰ 53405 ਵੋਟਾਂ ਹਾਸਲ ਹੋਈਆਂ।
ਇਸ ਹਲਕੇ ਦੇ ਅੰਕੜਿਆਂ ਦਾ ਰੋਚਕ ਤੱਥ ਇਹ ਹੈ ਕਿ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਵੱਡੀ ਜਿੱਤ ਹਾਸਲ ਕਰਨ ਵਾਲੇ ਅਮ੍ਰਿਤਪਾਲ ਸਿੰਘ ਦੇ ਸਾਥੀ ਲਵਪ੍ਰੀਤ ਸਿੰਘ ਤੂਫਾਨ ਨੂੰ ਸਿਰਫ਼ 2358 ਵੋਟਾਂ ਹੀ ਮਿਲੀਆਂ।
ਭਾਵੇਂ ਕਿ ਅਮ੍ਰਿਤਪਾਲ ਸਿੰਘ ਦੇ ਪਰਿਵਾਰ ਨੇ ਲਵਪ੍ਰੀਤ ਲਈ ਪ੍ਰਚਾਰ ਨਹੀਂ ਕੀਤਾ ਪਰ ਗਰਮਸੁਰ ਵਾਲੇ ਸਿੱਖ ਸੰਗਠਨਾਂ ਦੇ ਪ੍ਰਚਾਰ ਦਾ ਉਨ੍ਹਾਂ ਨੂੰ ਲਾਹਾ ਨਹੀਂ ਮਿਲ ਸਕਿਆ। ਉਹ ਵੀ ਸਿਮਰਜੀਤ ਸਿੰਘ ਮਾਨ ਦਲ ਵੱਲੋਂ ਹੀ ਚੋਣ ਲੜ ਰਹੇ ਸਨ।
ਡੇਰਾ ਬਾਬਾ ਨਾਨਕ ਹਲਕੇ ਦਾ ਦੂਜਾ ਰੋਚਕ ਪਹਿਲੂ ਇਹ ਹੈ ਕਿ 2022 ਦੀਆਂ ਚੋਣਾਂ ਦੌਰਾਨ ਸੁਖਜਿੰਦਰ ਸਿੰਘ ਰੰਧਾਵਾ ਤੋਂ ਅਕਾਲੀ ਉਮੀਦਵਾਰ ਵਜੋਂ ਸਿਰਫ਼ 500 ਵੋਟ ਨਾਲ ਚੋਣ ਹਾਰਨ ਵਾਲੇ ਰਵੀਕਰਨ ਸਿੰਘ ਕਾਹਲੋਂ ਨੂੰ ਮਹਿਜ਼ 6505 ਵੋਟਾਂ ਹੀ ਮਿਲੀਆਂ।
ਇਸ ਵਾਰ ਉਹ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸਨ। ਇੱਥੇ ਵੀ ਅਕਾਲੀ ਦਲ ਦੀ ਗ਼ੈਰ-ਹਾਜ਼ਰੀ ਦਾ ਲਾਹਾ ਅਕਾਲੀ ਤੋਂ ਭਾਜਪਾਈ ਹੋਏ ਕਾਹਲੋਂ ਨੂੰ ਫਾਇਦਾ ਨਹੀਂ ਮਿਲ ਸਕਿਆ।

ਤਸਵੀਰ ਸਰੋਤ, Getty Images
‘ਆਪ’ ਲਈ ਸਭ ਤੋਂ ਵੱਡੀ ਜਿੱਤ
ਚੱਬੇਵਾਲ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਇਸ਼ਾਂਕ ਕੁਮਾਰ ਨੇ 28690 ਵੋਟਾਂ ਵਾਲੀ ਲੀਡ ਨਾਲ ਪੰਜਾਬ ਦੀਆਂ ਜ਼ਿਮਨੀ ਚੋਣਾਂ ਦੀ ਸਭ ਤੋਂ ਵੱਡੀ ਜਿੱਤ ਹਾਸਲ ਕੀਤੀ।
ਇਸ਼ਾਂਕ ਸਾਬਕਾ ਕਾਂਗਰਸ ਵਿਧਾਇਕ ਅਤੇ ਹੁਸ਼ਿਆਰਪੁਰ ਤੋਂ ਮੌਜੂਦਾ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਰਾਜ ਕੁਮਾਰ ਚੱਬੇਵਾਲ ਦੇ ਪੁੱਤਰ ਹਨ। ਉਨ੍ਹਾਂ ਨੂੰ 51094 ਵੋਟਾਂ ਮਿਲੀਆਂ, ਜਦਕਿ ਦੂਜੇ ਨੰਬਰ ਉੱਤੇ ਰਹੇ ਕਾਂਗਰਸ ਦੇ ਉਮੀਦਵਾਰ ਰਣਜੀਤ ਕੁਮਾਰ ਸਿਰਫ਼ 23214 ਵੋਟਾਂ ਦੀ ਹਾਸਲ ਕਰ ਸਕੇ।
ਸਾਬਕਾ ਅਕਾਲੀ ਮੰਤਰੀ ਸੋਹਣ ਸਿੰਘ ਠੰਢਲ ਨੂੰ ਚੋਣਾਂ ਤੋਂ ਕੁਝ ਦਿਨਾਂ ਪਹਿਲਾਂ ਭਾਜਪਾ ਵਿੱਚ ਜਾ ਕੇ ਚੋਣ ਲੜਨ ਦਾ ਫਾਇਦਾ ਨਹੀਂ ਹੋਇਆ ਅਤੇ ਉਹ 8692 ਵੋਟਾਂ ਹੀ ਹਾਸਲ ਕਰ ਸਕੇ।
ਇੱਥੇ ਅਜ਼ਾਦ ਖੜ੍ਹੇ ਹੋਰ ਕਿਸੇ ਵੀ ਉਮੀਦਵਾਰ ਨੂੰ 'ਨੋਟਾ' ਦੀਆਂ 884 ਵੋਟਾਂ ਤੋਂ ਵੱਧ ਵੋਟਾਂ ਨਹੀਂ ਮਿਲੀਆਂ।
ਜਾਣਕਾਰ ਕੀ ਕਹਿੰਦੇ ਹਨ
ਸੀਨੀਅਰ ਪੱਤਰਕਾਰ ਸਰਬਜੀਤ ਧਾਲੀਵਾਲ ਪੰਜਾਬ ਵਿੱਚ ਜ਼ਿਮਨੀ ਚੋਣਾਂ ਦੌਰਾਨ ਅਕਾਲੀ ਦਲ ਦੇ ਚੋਣ ਮੈਦਾਨ ਤੋਂ ਬਾਹਰ ਰਹਿਣ ਨੂੰ ਸਭ ਤੋਂ ਵੱਡਾ ‘ਫੈਸਲਾਕੁੰਨ ਫੈਕਟਰ’ ਦੱਸਦੇ ਹਨ।
ਸਰਬਜੀਤ ਧਾਲੀਵਾਲ, ਦਿ ਟ੍ਰਿਬਿਊਨ ਦੇ ਸਾਬਕਾ ਬਿਊਰੋ ਚੀਫ਼ ਹਨ ਅਤੇ ਕਈ ਦਹਾਕੇ ਪੰਜਾਬ ਦੀ ਸਿਆਸਤ ਨੂੰ ਕਵਰ ਕਰਦੇ ਰਹੇ ਹਨ।
ਬੀਬੀਸੀ ਪੰਜਾਬੀ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ, "ਅਕਾਲੀ ਦਲ ਦੇ ਚੋਣ ਮੈਦਾਨ ਵਿੱਚੋਂ ਬਾਹਰ ਰਹਿਣ ਦਾ ਦੋ ਸੀਟਾਂ ਉੱਤੇ ਤਾਂ ਸਿੱਧਾ ਫਾਇਦਾ ਆਮ ਆਦਮੀ ਪਾਰਟੀ ਨੂੰ ਹੋਇਆ ਹੈ। ਡੇਰਾ ਬਾਬਾ ਨਾਨਕ ਹਲਕੇ ਵਿੱਚ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਜਨਤਕ ਤੌਰ ਉੱਤੇ ਆਮ ਆਦਮੀ ਪਾਰਟੀ ਦਾ ਸਮਰਥਨ ਕੀਤਾ। ਇਸ ਤਰ੍ਹਾਂ ਗਿੱਦੜਬਾਹਾ ਵਿੱਚ ‘ਆਪ’ ਦੇ ਉਮੀਦਵਾਰ ਡਿੰਪੀ ਢਿੱਲੋਂ ਦੀਆਂ ਜੜ੍ਹਾਂ ਅਕਾਲੀ ਦਲ ਵਿੱਚ ਹੀ ਹਨ।"
ਉਹ ਮਿਸਾਲ ਦਿੰਦੇ ਹੋਏ ਦੱਸਦੇ ਹਨ, "ਪਿਛਲੀਆਂ ਚੋਣਾਂ ਵਿੱਚ ਡਿੰਪੀ ਨੂੰ ਅਕਾਲੀ ਦਲ ਦੇ ਉਮੀਦਵਾਰ ਦੇ ਤੌਰ ਉੱਤੇ 49000 ਦੇ ਕਰੀਬ ਵੋਟ ਪਈ ਸੀ, ਪਰ ਹੁਣ ‘ਆਪ’ ਦਾ ਕਾਡਰ ਮਿਲਾ ਕੇ 71544 ਨੂੰ ਪਹੁੰਚ ਗਿਆ।"
"ਇਸੇ ਤਰ੍ਹਾਂ ਚੱਬੇਵਾਲ ਵਿੱਚ ਭਾਜਪਾਈ ਉਮੀਦਵਾਰ ਸੋਹਣ ਸਿੰਘ ਠੰਢਲ ਤੇ ਰਵੀਕਰਨ ਸਿੰਘ ਕਾਹਲੋਂ ਦੀ ਜ਼ਮਾਨਤ ਜ਼ਬਤ ਹੋਣੀ ਦਰਸਾਉਂਦਾ ਹੈ ਕਿ ਅਕਾਲੀ ਦਲ ਦਾ ਕਾਡਰ ਭਾਜਪਾ ਵੱਲ ਨਹੀਂ ਗਿਆ। ਇਹ ਦੋਵੇਂ ਸਾਬਕਾ ਅਕਾਲੀ ਹਨ। ਇਸੇ ਲਈ ਕੇਵਲ ਢਿੱਲੋਂ ਬਰਨਾਲਾ ਵਿੱਚ 17958 ਅਤੇ ਮਨਪ੍ਰੀਤ ਬਾਦਲ ਗਿੱਦੜਬਾਹਾ ਵਿੱਚ 12227 ਉੱਤੇ ਸਿਮਟ ਗਏ।"
ਸਰਬਜੀਤ ਧਾਲੀਵਾਲ ਦੱਸਦੇ ਹਨ ਕਿ ਸੱਤਾਧਾਰੀ ਪਾਰਟੀ ਦਾ ਜ਼ਿਮਨੀ ਚੋਣਾਂ ਵਿੱਚ ਹੱਥ ਉੱਤੇ ਰਹਿਣ ਦੇ ਰਵਾਇਤੀ ਕਾਰਨ ਨੇ ਵੀ ਨਤੀਜੇ ਪ੍ਰਭਾਵਿਤ ਕੀਤੇ ਹਨ।
ਉਹ ਕਹਿੰਦੇ ਹਨ ਕਿ ਲੋਕ ਆਮ ਤੌਰ ਉੱਤੇ ਸੋਚਦੇ ਹਨ ਕਿ ਸਰਕਾਰ ਨਾਲ ਜੁੜੇ ਲੋਕਾਂ ਤੋਂ ਕੰਮ ਲੈਣੇ ਹੁੰਦੇ ਹਨ, ਇਸ ਲਈ ਉਹ ਜ਼ਿਆਦਾਤਰ ਸੱਤਾ ਪੱਖ਼ ਵਿੱਚ ਭੁਗਤੇ ਹਨ।
''ਬਰਨਾਲਾ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਦਾ ਕਾਰਨ ਪਾਰਟੀ ਬਗ਼ਾਵਤ ਹੀ ਸੀ। ਜਿਸ ਕਾਰਨ ਕਾਂਗਰਸ ਇੱਕ ਸੀਟ ਜਿੱਤ ਗਈ। ਜੇਕਰ 16 ਹਜਾਰ ਤੋਂ ਵੱਧ ਵੋਟਾਂ ਨਾ ਲੈ ਕੇ ਜਾਣ ਵਾਲੇ 'ਆਪ' ਦੇ ਬਾਗੀ ਗੁਰਦੀਪ ਬਾਠ ਨੂੰ ਪਾਰਟੀ ਮਨਾ ਲੈਂਦੀ ਤਾਂ ਨਤੀਜੇ ਬਦਲ ਸਕਦੇ ਸਨ।''
ਸਰਬਜੀਤ ਧਾਲੀਵਾਲ ਮੁਤਾਬਕ ਲੋਕ ਸਭਾ ਚੋਣਾਂ ਦੌਰਾਨ ਰਾਹੁਲ ਗਾਂਧੀ ਦੀ ਧਰਮ-ਨਿਰਪੱਖ਼ ਮੁਹਿੰਮ ਦਾ ਜੋ ਕਾਂਗਰਸ ਨੂੰ ਫਾਇਦਾ ਹੋਇਆ ਸੀ, ਉਸ ਨੂੰ ਜ਼ਿਮਨੀ ਚੋਣਾਂ ਵਿੱਚ ਭੁਨਾਉਣ ਲਈ ਸੂਬਾਈ ਲੀਡਰਸ਼ਿਪ ਕਾਮਯਾਬ ਨਹੀਂ ਹੋ ਸਕੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












