ਨਿਮਿਸ਼ਾ ਪ੍ਰਿਆ: ਬਲੱਡ ਮਨੀ ਕੀ ਹੈ ਜਿਸ ਨਾਲ ਸਜ਼ਾ-ਏ-ਮੌਤ ਤੋਂ ਮੁਆਫ਼ੀ ਮਿਲ ਸਕਦੀ ਹੈ

ਕੇਰਲ ਦੀ ਇੱਕ ਨਰਸ ਨਿਮਿਸ਼ਾ ਪ੍ਰਿਆ ਮਹਿਜ਼ 19 ਸਾਲਾਂ ਦੀ ਉਮਰ ਵਿੱਚ ਸਾਲ 2008 'ਚ ਯਮਨ ਗਈ। ਉਹ ਪਰਿਵਾਰ ਦੀ ਗਰੀਬੀ ਦੂਰ ਕਰਨ ਦੇ ਇੱਕ ਸੁਪਨੇ ਨਾਲ ਘਰੋਂ ਤੁਰੀ ਸੀ। ਕੇਰਲਾ ਤੋਂ ਅਕਸਰ ਕਾਫੀ ਕੁੜੀਆਂ ਇਸੇ ਸੁਪਨੇ ਨਾਲ ਕੰਮ ਲਈ ਮਿਡਲ ਈਸਟ ਜਾਂਦੀਆਂ ਹਨ।
ਪਰ ਹੁਣ ਨਿਮਿਸ਼ਾ ਦਾ ਪਰਿਵਾਰ ਉਸ ਨੂੰ ਵਾਪਸ ਬੁਲਾਉਣ ਲਈ ਤਰਸ ਰਿਹਾ ਹੈ। ਨਿਮਿਸ਼ਾ ਇਸ ਵੇਲੇ ਇੱਕ ਕਤਲ ਦੇ ਮਾਮਲੇ ਵਿੱਚ ਯਮਨ ਦੀ ਜੇਲ੍ਹ ਵਿੱਚ ਬੰਦ ਹੈ ਅਤੇ ਉਸ ਨੂੰ ਸਜ਼ਾ-ਏ-ਮੌਤ ਮਿਲੀ ਹੈ।
ਨਿਮਿਸ਼ਾ ਹੁਣ ਤਾਂ ਹੀ ਬਚ ਸਕਦੀ ਹੈ ਜੇਕਰ ਉਸ ਦਾ ਪਰਿਵਾਰ ਉਸ ਲਈ ਬਲੱਡ ਮਨੀ ਅਦਾ ਕਰੇ ਅਤੇ ਕਤਲ ਕੀਤੇ ਗਏ ਸ਼ਖ਼ਸ ਦਾ ਪਰਿਵਾਰ ਇਸ ਬਦਲੇ ਉਸ ਨੂੰ ਮੁਆਫ਼ ਕਰ ਦੇਵੇ।
ਪਰ ਇਹ ਬਲੱਡ ਮਨੀ ਕੀ ਹੈ? ਕੀ ਇਸ ਨੂੰ ਅਦਾ ਕਰਕੇ ਕੋਈ ਵੀ ਕਾਤਲ ਬਚ ਸਕਦਾ ਹੈ?
ਨਿਮਿਸ਼ਾ ਪ੍ਰਿਆ ਦਾ ਪੂਰਾ ਮਾਮਲਾ ਕੀ ਹੈ? ਇਸ ਦੇ ਨਾਲ ਹੀ ਪੰਜਾਬ ਦੇ ਉਸ ਨੌਜਵਾਨ ਦੀ ਕਹਾਣੀ ਦੱਸਾਂਗੇ ਜੋ ਬਲੱਡ ਮਨੀ ਦੀ ਬਦੌਲਤ ਮੌਤ ਦੇ ਮੂਹ ਵਿੱਚੋਂ ਘਰ ਪਰਤਿਆ ਸੀ।

ਬਲੱਡ ਮਨੀ ਕੀ ਹੁੰਦੀ ਹੈ?
ਬੀਬੀਸੀ ਅਫਰੀਕਾ ਦੀ ਰਿਪੋਰਟ ਮੁਤਾਬਕ, ਇਸਲਾਮੀ ਕਾਨੂੰਨ ਯਾਨਿ ਸ਼ਰੀਆ ਵਿੱਚ ਦੀਆ ਜਾਂ ਬਲਡ ਮਨੀ ਨੂੰ ਨਿਆਂ ਦਾ ਇੱਕ ਤਰੀਕਾ ਮਨਿਆ ਜਾਂਦਾ ਹੈ। ਇਹ ਕਈ ਤਰ੍ਹਾਂ ਦੇ ਅਪਰਾਧਾਂ ਵਿੱਚ ਲਾਗੂ ਹੁੰਦਾ ਹੈ ਜਿਸ ਵਿੱਚ ਕਤਲ, ਜ਼ਖ਼ਮੀ ਕਰਨਾ ਜਾਂ ਪ੍ਰਾਪਰਟੀ ਨੂੰ ਡੈਮਜ ਕਰਨਾ ਵਗੈਰਾ ਸ਼ਾਮਲ ਹੈ।
ਇਸ ਦੇ ਨਾਲ ਸਜ਼ਾ ਘਟਾਈ ਜਾ ਸਕਦੀ ਹੈ ਜਾਂ ਪੂਰੀ ਮੁਆਫ਼ੀ ਵੀ ਮਿਲ ਜਾਂਦੀ ਹੈ। ਇਹ ਤਰੀਕਾ ਇਸ ਵੇਲੇ ਮਿਡਲ ਈਸਟ ਅਤੇ ਅਫਰੀਕਾ ਦੇ ਕਰੀਬ 20 ਦੇਸ਼ਾਂ ਵਿੱਚ ਲਾਗੂ ਹੈ।
ਨਾਈਜੀਰਅਨ ਇਸਲਾਮਿਕ ਸਕੋਲਰ ਸ਼ੇਖ ਹੁਸੈਨੀ ਜ਼ਾਕਰੀਆ ਮੁਤਾਬਕ, ਮੁਸਲਮਾਨਾਂ ਦੀ ਪਵਿੱਤਰ ਕਿਤਾਬ ਕੁਰਾਨ ਵਿੱਚ ਵੀ ਬਲੱਡ ਮਨੀ ਦੇਣ ਦਾ ਸਮਰਥਨ ਕੀਤਾ ਗਿਆ ਹੈ ਜਿਸ ਨੂੰ ਅੱਗੇ ਪੈਗੰਬਰ ਮੁਹੰਮਦ ਨੇ ਦੱਸਿਆ ਕਿ ਕਤਲ ਦੇ ਏਵਜ਼ ਵਿੱਚ 100 ਊਠ ਦੇ ਕੇ ਰਕਮ ਅਦਾ ਕੀਤੀ ਜਾ ਸਕਦੀ ਹੈ।
ਪਰ ਹੁਣ ਇਸ ਲਈ ਜ਼ਿਆਦਾਤਰ ਕੈਸ਼ ਦਿੱਤਾ ਜਾਂਦਾ ਹੈ ਜਿਸ ਨੂੰ ਦੀਆ ਕਿਹਾ ਜਾਂਦਾ ਹੈ।
ਮੁਆਵਜ਼ਾ ਕਿੰਨਾ ਦਿੱਤਾ ਜਾਵੇਗਾ, ਉਹ ਕਤਲ ਦੇ ਮਾਮਲੇ ਅਤੇ ਉਸ ਦੇਸ਼ ਦੇ ਨਿਯਮਾਂ 'ਤੇ ਅਧਾਰਿਤ ਹੁੰਦਾ ਹੈ।
ਇਸ ਦੇ ਨਾਲ ਹੀ ਇਹ ਵੀ ਤੈਅ ਕੀਤਾ ਜਾਂਦਾ ਹੈ ਕਿ ਬਲੱਡ ਮਨੀ ਵਜੋਂ ਮਿਲਣ ਵਾਲੀ ਰਕਮ ਕਿਸ ਨੂੰ ਦਿੱਤੀ ਜਾਵੇਗੀ। ਜੇਕਰ ਪੈਸਾ ਪਾਉਣ ਦੇ ਹੱਕਦਾਰ ਇੱਕ ਤੋਂ ਜ਼ਿਆਦਾ ਲੋਕ ਹਨ ਤਾਂ ਉਨ੍ਹਾਂ ਵਿੱਚ ਵੰਡ ਦੇ ਨਿਯਮ ਵੀ ਹਨ।

ਨਿਮਿਸ਼ਾ ਦਾ ਮਾਮਲਾ ਕੀ ਹੈ ?
ਦਰਅਸਲ ਨਿਮਿਸ਼ਾ ਪ੍ਰਿਆ ਨਾਮ ਦੀ ਇਹ ਨਰਸ 2008 ਵਿੱਚ ਕੇਰਲ ਤੋਂ ਯਮਨ ਗਈ। ਉੱਥੇ ਉਨ੍ਹਾਂ ਨੂੰ ਰਾਜਧਾਨੀ ਸਨਾ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਨੌਕਰੀ ਮਿਲ ਗਈ।
2011 'ਚ ਨਿਮਿਸ਼ਾ ਟੌਮੀ ਥਾਮਸ ਨਾਲ ਵਿਆਹ ਕਰਨ ਲਈ ਕੇਰਲ ਆਏ ਅਤੇ ਫਿਰ ਦੋਵੇਂ ਯਮਨ ਚਲੇ ਗਏ ਸਨ। ਦਸੰਬਰ 2012 ਵਿੱਚ ਉਨ੍ਹਾਂ ਨੇ ਇੱਕ ਧੀ ਨੂੰ ਜਨਮ ਦਿੱਤਾ ਪਰ ਜਦੋਂ ਥਾਮਸ ਨੂੰ ਕੋਈ ਸਹੀ ਨੌਕਰੀ ਨਹੀਂ ਮਿਲੀ ਤਾਂ ਵਿੱਤੀ ਸਮੱਸਿਆਵਾਂ ਵਧ ਗਈਆਂ ਅਤੇ 2014 ਵਿੱਚ ਉਹ ਆਪਣੀ ਧੀ ਨਾਲ ਕੋਚੀ ਵਾਪਸ ਆ ਗਏ।
ਉਸੇ ਸਾਲ ਨਿਮਿਸ਼ਾ ਨੇ ਨੌਕਰੀ ਛੱਡ ਕੇ ਕਲੀਨਿਕ ਖੋਲ੍ਹਣ ਦਾ ਫ਼ੈਸਲਾ ਕੀਤਾ। ਯਮਨ ਦੇ ਕਾਨੂੰਨ ਦੇ ਤਹਿਤ, ਅਜਿਹਾ ਕਰਨ ਲਈ ਇੱਕ ਸਥਾਨਕ ਪਾਰਟਨਰ ਦਾ ਹੋਣਾ ਜ਼ਰੂਰੀ ਹੈ ਅਤੇ ਇਹ ਉਹ ਸਮਾਂ ਸੀ ਜਦੋਂ ਇਸ ਪੂਰੀ ਕਹਾਣੀ ਵਿੱਚ ਤਲਾਲ ਅਬਦੋ ਮਹਿਦੀ ਨਾਮ ਦੇ ਸ਼ਖ਼ਸ ਦੀ ਐਂਟਰੀ ਹੁੰਦੀ ਹੈ।
ਜਨਵਰੀ 2015 ਵਿੱਚ ਜਦੋਂ ਨਿਮਿਸ਼ਾ ਭਾਰਤ ਆਈ ਸੀ ਤਾਂ ਮਹਿਦੀ ਉਨ੍ਹਾਂ ਦੇ ਨਾਲ ਆਏ ਸਨ। ਨਿਮਿਸ਼ਾ ਅਤੇ ਉਨ੍ਹਾਂ ਦੇ ਪਤੀ ਨੇ ਆਪਣੇ ਦੋਸਤਾਂ ਅਤੇ ਪਰਿਵਾਰ ਤੋਂ ਪੈਸੇ ਲੈ ਕੇ ਲਗਭਗ 50 ਲੱਖ ਰੁਪਏ ਇਕੱਠੇ ਕੀਤੇ ਅਤੇ ਇੱਕ ਮਹੀਨੇ ਬਾਅਦ ਨਿਮਿਸ਼ਾ ਆਪਣਾ ਕਲੀਨਿਕ ਖੋਲ੍ਹਣ ਲਈ ਯਮਨ ਵਾਪਸ ਆ ਗਈ।
ਜਦੋਂ ਯਮਨ ਵਿੱਚ ਘਰੇਲੂ ਯੁੱਧ ਸ਼ੁਰੂ ਹੋਇਆ ਤਾਂ ਉਸ ਸਮੇਂ ਦੌਰਾਨ ਭਾਰਤ ਨੇ ਆਪਣੇ 4,600 ਨਾਗਰਿਕਾਂ ਅਤੇ 1,000 ਵਿਦੇਸ਼ੀ ਨਾਗਰਿਕਾਂ ਨੂੰ ਯਮਨ ਤੋਂ ਬਾਹਰ ਕੱਢਿਆ ਪਰ ਨਿਮਿਸ਼ਾ ਵਾਪਸ ਨਹੀਂ ਆਏ।
ਪਰ ਨਿਮਿਸ਼ਾ ਦੇ ਹਾਲਾਤ ਜਲਦ ਹੀ ਵਿਗੜਨ ਲੱਗੇ ਅਤੇ ਉਹ ਮਹਿਦੀ ਦੀ ਸ਼ਿਕਾਇਤ ਕਰਨ ਲੱਗੀ।
ਨਿਮਿਸ਼ਾ ਦੀ ਮਾਂ ਪ੍ਰੇਮਾ ਕੁਮਾਰੀ ਵੱਲੋਂ 2023 ਵਿੱਚ ਦਿੱਲੀ ਹਾਈ ਕੋਰਟ ਵਿੱਚ ਦਾਇਰ ਪਟੀਸ਼ਨ ਵਿੱਚ ਕਿਹਾ ਗਿਆ ਕਿ ਮਹਿਦੀ ਨੇ ਨਿਮਿਸ਼ਾ ਨੂੰ ਕਈ ਮੌਕਿਆਂ 'ਤੇ ਧਮਕੀ ਦਿੱਤੀ ਅਤੇ "ਉਸ ਦਾ ਪਾਸਪੋਰਟ ਆਪਣੇ ਕੋਲ ਰੱਖਿਆ ਪਰ ਜਦੋਂ ਨਿਮਿਸ਼ਾ ਨੇ ਪੁਲਿਸ ਨੂੰ ਇਸ ਬਾਰੇ ਸ਼ਿਕਾਇਤ ਕੀਤੀ, ਤਾਂ ਪੁਲਿਸ ਨੇ ਉਲਟਾ ਨਿਮਿਸ਼ਾ ਨੂੰ ਹੀ ਛੇ ਦਿਨਾਂ ਲਈ ਜੇਲ੍ਹ ਵਿਚ ਬੰਦ ਕਰ ਦਿੱਤਾ।"
ਨਿਮਿਸ਼ਾ ਦੇ ਪਤੀ ਥਾਮਸ ਨੂੰ 2017 'ਚ ਮਹਿਦੀ ਦੇ ਕਤਲ ਦੀ ਜਾਣਕਾਰੀ ਮਿਲੀ ਸੀ। ਮਹਿਦੀ ਦੀ ਕੱਟੀ ਹੋਈ ਲਾਸ਼ ਪਾਣੀ ਦੀ ਟੈਂਕੀ ਵਿੱਚੋਂ ਮਿਲੀ ਸੀ ਅਤੇ ਇੱਕ ਮਹੀਨੇ ਬਾਅਦ ਨਿਮਿਸ਼ਾ ਨੂੰ ਸਾਊਦੀ ਅਰਬ ਨਾਲ ਲੱਗਦੀ ਯਮਨ ਦੀ ਸਰਹੱਦ ਤੋਂ ਗ੍ਰਿਫ਼ਤਾਰ ਕੀਤਾ ਗਿਆ।

ਹੁਣ ਅੱਗੇ ਕੀ ਹੋਵੇਗਾ
ਇਹ ਜ਼ਰੂਰੀ ਨਹੀਂ ਹੈ ਕਿ ਬਲੱਡ ਮਨੀ ਦੇਣ ਤੋਂ ਬਾਅਦ ਕਿਸੇ ਨੂੰ ਮੁਆਫ਼ੀ ਮਿਲ ਜਾਵੇਗੀ ਅਤੇ ਦੋਸ਼ੀ ਸਜ਼ਾ ਤੋਂ ਮੁਕਤ ਹੋ ਜਾਵੇਗਾ।
ਯਮਨ ਦੇ ਰਾਸ਼ਟਰਪਤੀ ਰਸ਼ਦ ਮੁਹੰਮਦ ਅਲ-ਅਲੀਮੀ ਨੇ ਸੋਮਵਾਰ ਨੂੰ ਨਿਮਿਸ਼ਾ ਪ੍ਰਿਆ ਦੀ ਮੌਤ ਦੀ ਸਜ਼ਾ ਨੂੰ ਮਨਜ਼ੂਰੀ ਦਿੱਤੀ ਸੀ। ਉਨ੍ਹਾਂ ਨੂੰ ਮੌਤ ਦੀ ਸਜ਼ਾ ਤੋਂ ਬਚਾਉਣ ਲਈ ਉਸ ਦੇ ਜੱਦੀ ਸ਼ਹਿਰ ਅਤੇ ਕੌਮਾਂਤਰੀ ਪੱਧਰ 'ਤੇ ਸੇਵ ਨਿਮਿਸ਼ਾ ਇੰਟਰਨੈਸ਼ਨਲ ਐਕਸ਼ਨ ਕਮੇਟੀ ਦੇ ਨਾਂ 'ਤੇ ਮੁਹਿੰਮ ਚਲਾਈ ਜਾ ਰਹੀ ਹੈ।
ਮੁਹਿੰਮ ਚਲਾਉਣ ਵਾਲੇ ਲੋਕਾਂ ਵੱਲੋਂ ਭਾਰਤ ਸਰਕਾਰ ਨੂੰ ਇਸ ਮਾਮਲੇ ਵਿੱਚ ਤੁਰੰਤ ਦਖ਼ਲ ਦੇਣ ਦੀ ਅਪੀਲ ਕੀਤੀ ਗਈ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਮਾਮਲੇ 'ਤੇ ਬਿਆਨ ਜਾਰੀ ਕਰਕੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ।
ਯਮਨ ਵਿੱਚ ਨਿਮਿਸ਼ਾ ਦੀ ਰਿਹਾਈ ਲਈ ਵਿਚੋਲਗੀ ਦੀਆਂ ਕੋਸ਼ਿਸ਼ਾਂ ਦੀ ਅਗਵਾਈ ਕਰਨ ਵਾਲੇ ਸੈਮੂਅਲ ਜੇਰੋਮ ਨੇ ਕਿਹਾ ਕਿ ਨਿਮਿਸ਼ਾ ਵੱਲੋਂ ਕਥਿਤ ਤੌਰ 'ਤੇ ਕਤਲ ਕੀਤੇ ਗਏ ਮਹਿਦੀ ਦੇ ਪਰਿਵਾਰ ਨਾਲ ਜਦੋਂ ਮੁਆਫ਼ੀ ਦੀਆਂ ਕੋਸ਼ਿਸ਼ਾਂ ਸਿਰੇ ਨਹੀਂ ਚੜੀਆ ਤਾਂ ਗੱਲ ਸਜ਼ਾ-ਏ-ਮੌਤ 'ਤੇ ਪਹੁੰਚ ਗਈ।
ਹੁਣ ਨਿਮਿਸ਼ਾ ਪ੍ਰਿਆ ਨੂੰ ਬਚਾਉਣ ਲਈ ਇੱਕ ਮਹੀਨਾ ਬਾਕੀ ਹੈ।

ਮੌਤ ਦੇ ਮੂੰਹ 'ਚੋਂ ਪਰਤਿਆ ਪੰਜਾਬੀ ਨੌਜਵਾਨ
ਪੰਜਾਬ ਵਿੱਚ ਵੀ ਅਜਿਹਾ ਮਾਮਲਾ ਪਹਿਲਾਂ ਸਾਹਮਣੇ ਆ ਚੁੱਕਿਆ ਹੈ।
ਦਰਅਸਲ ਮੁਕਤਸਰ ਜ਼ਿਲ੍ਹੇ ਦੇ ਪਿੰਡ ਮੱਲ੍ਹਣ ਦਾ ਬਲਵਿੰਦਰ ਸਿੰਘ ਸਾਲ 2008 ਵਿੱਚ ਸਾਊਦੀ ਅਰਬ ਗਿਆ ਸੀ। 2013 ਵਿਚ ਉਸ ਦੀ ਸਾਊਦੀ ਅਰਬ ਦੇ ਇਕ ਨਾਗਰਿਕ ਨਾਲ ਝੜਪ ਹੋ ਗਈ ਸੀ।
ਇਸ ਝੜਪ ਦੌਰਾਨ ਉਸ ਤੋਂ ਸਾਊਦੀ ਅਰਬ ਦੇ ਨਾਗਰਿਕ ਦਾ ਕਤਲ ਹੋ ਗਿਆ। ਬਲਵਿੰਦਰ ਸਿੰਘ ਵੱਲੋਂ ਰਹਿਮ ਦੀ ਅਪੀਲ ਕਰਨ 'ਤੇ ਅਦਾਲਤ ਨੇ ਮ੍ਰਿਤਕ ਦੇ ਪਰਿਵਾਰ ਨੂੰ 10 ਲੱਖ ਰਿਆਲ (ਭਾਰਤੀ ਕਰੰਸੀ ਵਿੱਚ ਦੋ ਕਰੋੜ) ਦੀ ਰਾਸ਼ੀ ਦੇਣ ਉਪਰ ਸਜ਼ਾ ਮੁਆਫ਼ ਕਰਨ ਦੀ ਗੱਲ ਆਖੀ ਸੀ।
ਉਸ ਦੇ ਪਰਿਵਾਰ, ਪਿੰਡ ਵਾਸੀਆਂ ਅਤੇ ਹੋਰ ਲੋਕਾਂ ਪਾਈ-ਪਾਈ ਜੋੜ ਕੇ 2 ਕਰੋੜ ਦੀ ਬਲੱਡ ਮਨੀ ਸਾਲ 2023 ਵਿੱਚ ਭਾਰਤ ਸਰਕਾਰ ਦੀ ਮਦਦ ਨਾਲ ਭਰ ਦਿੱਤੀ ਸੀ ਅਤੇ ਆਖ਼ਿਰ 15 ਸਾਲ ਬਾਅਦ ਘਰ ਵਾਪਸੀ ਹੋਈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












