ਭੋਪਾਲ ਗੈਸ ਤ੍ਰਾਸਦੀ ਦਾ ਜ਼ਹਿਰੀਲਾ ਕੂੜਾ ਕਿਉਂ ਬਾਹਰ ਕੱਢਿਆ, ਖ਼ਤਰਾ ਇੰਨਾ ਕਿ ਇਸ ਕੰਮ 'ਚ ਲੱਗੇ ਬੰਦਿਆਂ ਦੀ ਡਿਊਟੀ ਹਰ 30 ਮਿੰਟ 'ਚ ਬਦਲਦੀ ਰਹੀ

ਯੂਨੀਅਨ ਕਾਰਬਾਈਡ ਫੈਕਟਰੀ ਦੇ ਕੂੜੇ ਨੂੰ ਸਾੜਨ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ

ਤਸਵੀਰ ਸਰੋਤ, ANI

    • ਲੇਖਕ, ਵਿਸ਼ਨੂੰਕਾਂਤ ਤਿਵਾਰੀ
    • ਰੋਲ, ਬੀਬੀਸੀ ਪੱਤਰਕਾਰ

1984 'ਚ ਵਾਪਰੀ ਭੋਪਾਲ ਗੈਸ ਤ੍ਰਾਸਦੀ ਤੋਂ 40 ਸਾਲਾਂ ਬਾਅਦ ਵੀ ਘਟਨਾ ਕਾਰਨ ਫ਼ੈਲੇ ਜ਼ਹਿਰੀਲੇ ਕੂੜੇ ਨੂੰ ਸ਼ਹਿਰ ਤੋਂ ਬਾਹਰ ਪਹੁੰਚਾਉਣ ਵਿੱਚ ਹਫ਼ਤਾ ਭਰ ਰੌਲਾ ਪਿਆ।

ਆਖ਼ਿਰ ਬੁੱਧਵਾਰ ਰਾਤ ਨੂੰ 12 ਟਰੱਕਾਂ 'ਚ ਜ਼ਹਿਰੀਲਾ ਕਚਰਾ ਲੱਦ ਕੇ ਭੋਪਾਲ ਤੋਂ 230 ਕਿਲੋਮੀਟਰ ਦੂਰ ਪੀਥਮਪੁਰ ਭੇਜਿਆ ਗਿਆ।

ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿੱਚ ਯੂਨੀਅਨ ਕਾਰਬਾਈਡ ਫੈਕਟਰੀ ਵਿੱਚ ਵਾਪਰੇ ਇਸ ਦੁਖਾਂਤ ਨੂੰ ਦੁਨੀਆ ਦੀਆਂ ਸਭ ਤੋਂ ਭਿਆਨਕ ਉਦਯੋਗਿਕ ਤਬਾਹੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

3 ਦਸੰਬਰ, 1984 ਦੀ ਸਵੇਰ ਨੂੰ, ਅਮਰੀਕਾ ਦੀ ਯੂਨੀਅਨ ਕਾਰਬਾਈਡ ਕਾਰਪੋਰੇਸ਼ਨ ਦੀ ਮਲਕੀਅਤ ਵਾਲੀ ਇੱਕ ਕੀਟਨਾਸ਼ਕ ਫੈਕਟਰੀ ਤੋਂ ਮਿਥਾਇਲ ਆਈਸੋਸਾਈਨੇਟ ਗੈਸ ਲੀਕ ਹੋਈ ਸੀ। ਜਿਸ ਕਾਰਨ ਲੱਖਾਂ ਲੋਕ ਜ਼ਹਿਰੀਲੀ ਗੈਸ ਦੀ ਲਪੇਟ 'ਚ ਆ ਗਏ ਸਨ।

ਸਰਕਾਰੀ ਅੰਕੜਿਆਂ ਵਿੱਚ ਗੈਸ ਲੀਕ ਕਾਰਨ 5000 ਮੌਤਾਂ ਦਾ ਦਾਅਵਾ ਕੀਤਾ ਜਾਂਦਾ ਹੈ ਪਰ ਸਮਾਜ ਸੇਵੀ ਅਤੇ ਸਥਾਨਕ ਲੋਕ ਮਰਨ ਵਾਲਿਆਂ ਦੀ ਗਿਣਤੀ 10 ਹਜ਼ਾਰ ਤੱਕ ਮੰਨਦੇ ਹਨ।

ਇਸ ਘਟਨਾ ਤੋਂ ਬਾਅਦ ਪੈਦਾ ਹੋਏ ਜ਼ਹਿਰੀਲੇ ਰਹਿੰਦ-ਖੂੰਹਦ ਨੂੰ ਖ਼ਤਮ ਕਰਨਾ ਇੱਕ ਵੱਡੀ ਚੁਣੌਤੀ ਬਣੀ ਹੋਈ ਸੀ।

ਭਾਰੀ ਪੁਲਿਸ ਸੁਰੱਖਿਆ ਵਿਚਕਾਰ ਬੁੱਧਵਾਰ ਰਾਤ ਸਾਢੇ 9 ਵਜੇ 40 ਵਾਹਨਾਂ ਦਾ ਕਾਫਲਾ ਪ੍ਰਸ਼ਾਸਨ ਵੱਲੋਂ ਤਿਆਰ ਕੀਤੇ ਗਏ ਗ੍ਰੀਨ ਕੋਰੀਡੋਰ ਤੋਂ ਲੰਘਿਆ ਅਤੇ ਸਵੇਰੇ 6 ਵਜੇ ਪੀਥਮਪੁਰ ਪਹੁੰਚਿਆ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਪ੍ਰਸ਼ਾਸਨ ਮੁਤਾਬਕ ਜ਼ਹਿਰੀਲੇ ਰਹਿੰਦ-ਖੂੰਹਦ ਨੂੰ ਭਰਨ ਸਮੇਂ ਵਿਸ਼ੇਸ਼ ਸਾਵਧਾਨੀ ਵਰਤੀ ਗਈ ਹੈ ਅਤੇ ਜਿਸ ਥਾਂ 'ਤੇ ਕੂੜਾ ਰੱਖਿਆ ਗਿਆ ਸੀ, ਉੱਥੋਂ ਦੀ ਧੂੜ ਵੀ ਪੀਥਮਪੁਰ ਭੇਜ ਦਿੱਤੀ ਗਈ ਹੈ।

ਕੂੜਾ ਭਰਨ ਲਈ 50 ਤੋਂ ਵੱਧ ਕਰਮਚਾਰੀ ਪੀਪੀਈ ਕਿੱਟਾਂ ਨਾਲ ਤਾਇਨਾਤ ਕੀਤੇ ਗਏ ਸਨ। ਹਰ 30 ਮਿੰਟ ਬਾਅਦ ਕਾਮਿਆਂ ਦੀਆਂ ਡਿਊਟੀਆਂ ਬਦਲੀਆਂ ਜਾ ਰਹੀਆਂ ਸਨ।

2015 ਵਿੱਚ ਕਰਵਾਏ ਗਏ ਟਰਾਇਲ ਰਨ ਮੁਤਾਬਕ ਇੱਕ ਘੰਟੇ ਵਿੱਚ 90 ਕਿਲੋ ਕੂੜਾ ਸਾੜਿਆ ਜਾ ਸਕਦਾ ਹੈ।

ਇਸ ਹਿਸਾਬ ਨਾਲ 337 ਟਨ ਕੂੜਾ ਸਾੜਨ ਲਈ ਪੰਜ ਮਹੀਨੇ ਤੋਂ ਵੱਧ ਸਮਾਂ ਲੱਗ ਸਕਦਾ ਹੈ।

ਮੱਧ ਪ੍ਰਦੇਸ਼ ਗੈਸ ਰਾਹਤ ਅਤੇ ਮੁੜ ਵਸੇਬਾ ਵਿਭਾਗ ਦੇ ਡਾਇਰੈਕਟਰ ਸਵਤੰਤਰ ਕੁਮਾਰ ਸਿੰਘ ਨੇ ਦੱਸਿਆ, "ਦੇਸ਼ ਵਿੱਚ ਉਦਯੋਗਿਕ ਕੂੜੇ ਦੀ ਢੋਆ-ਢੁਹਾਈ ਲਈ ਵਰਤੇ ਗਏ ਸਭ ਤੋਂ ਬਿਹਤਰ ਸੁਰੱਖਿਆ ਪ੍ਰੋਟੋਕੋਲ ਦੇ ਨਾਲ, ਯੂਨੀਅਨ ਕਾਰਬਾਈਡ ਦਾ ਕੂੜਾ ਬੁੱਧਵਾਰ ਰਾਤ ਨੂੰ ਪੀਥਮਪੁਰ ਲਈ ਰਵਾਨਾ ਹੋਇਆ, ਜਿੱਥੇ ਅਗਲੇ ਕੁਝ ਮਹੀਨਿਆਂ ਵਿੱਚ ਇਸਨੂੰ ਸਾੜ ਦਿੱਤਾ ਜਾਵੇਗਾ।"

ਜ਼ਹਿਰੀਲੇ ਕੂੜੇ ਦੇ ਨਿਪਟਾਰੇ ਬਾਰੇ ਦੱਸਦਿਆਂ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਕਿਹਾ ਕਿ ਭਾਰਤ ਸਰਕਾਰ ਦੀਆਂ ਕਈ ਸੰਸਥਾਵਾਂ ਇਸ ਕੂੜੇ ਦੇ ਨਿਪਟਾਰੇ 'ਚ ਸ਼ਾਮਲ ਹਨ।

ਉਨ੍ਹਾਂ ਕਿਹਾ, ''ਭੋਪਾਲ ਦੇ ਲੋਕ ਪਿਛਲੇ 40 ਸਾਲਾਂ ਤੋਂ ਇਸ ਕੂੜੇ ਨਾਲ ਰਹਿ ਰਹੇ ਹਨ। ਇਸ ਜ਼ਹਿਰੀਲੇ ਰਹਿੰਦ-ਖੂੰਹਦ ਦੇ ਨਿਪਟਾਰੇ ਦਾ ਵਾਤਾਵਰਨ 'ਤੇ ਕੋਈ ਅਸਰ ਨਹੀਂ ਪਿਆ।"

"ਸਮੁੱਚੀ ਕਾਰਵਾਈ ਸ਼ਾਂਤੀਪੂਰਨ ਢੰਗ ਨਾਲ ਹੋਈ। ਸਾਡੀ ਕੋਸ਼ਿਸ਼ ਇਹ ਵੀ ਹੈ ਕਿ ਇਸ ਮੁੱਦੇ ਦਾ ਸਿਆਸੀਕਰਨ ਨਾ ਕੀਤਾ ਜਾਵੇ।"

ਕੂੜੇ ਲਈ ਲੰਬੀ ਕਾਨੂੰਨੀ ਲੜਾਈ

ਯੂਨੀਅਨ ਕਾਰਬਾਈਡ ਫੈਕਟਰੀ ਦੇ ਕੂੜੇ ਨੂੰ 40 ਸਾਲ ਬਾਅਦ ਸਾੜਿਆ ਜਾ ਰਿਹਾ ਹੈ
ਤਸਵੀਰ ਕੈਪਸ਼ਨ, ਯੂਨੀਅਨ ਕਾਰਬਾਈਡ ਫੈਕਟਰੀ ਦੇ ਕੂੜੇ ਨੂੰ 40 ਸਾਲ ਬਾਅਦ ਸਾੜਿਆ ਜਾ ਰਿਹਾ ਹੈ

ਭੋਪਾਲ ਨਿਵਾਸੀ ਆਲੋਕ ਪ੍ਰਤਾਪ ਸਿੰਘ ਨੇ ਕੂੜਾ ਹਟਾਉਣ ਲਈ ਸਭ ਤੋਂ ਪਹਿਲਾਂ ਅਗਸਤ 2004 ਵਿੱਚ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ।

ਮਾਮਲੇ ਦੀ ਸੁਣਵਾਈ ਦੌਰਾਨ, ਹਾਈ ਕੋਰਟ ਨੇ ਯੂਨੀਅਨ ਕਾਰਬਾਈਡ ਦੇ ਜ਼ਹਿਰੀਲੇ ਰਹਿੰਦ-ਖੂੰਹਦ ਦੇ ਨਿਪਟਾਰੇ ਲਈ 2005 ਵਿੱਚ ਇੱਕ ਟਾਸਕ ਫੋਰਸ ਕਮੇਟੀ ਦਾ ਗਠਨ ਕੀਤਾ ਸੀ।

ਕਮੇਟੀ ਦਾ ਕੰਮ ਇਸ ਪ੍ਰਕਿਰਿਆ ਨੂੰ ਸਹੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਸੁਝਾਅ ਦੇਣ ਦਾ ਸੀ।

ਇਸ ਸਮੇਂ ਦੌਰਾਨ ਕੇਂਦਰ ਅਤੇ ਸੂਬਾ ਸਰਕਾਰ ਨੇ ਮਿਲ ਕੇ 345 ਮੀਟ੍ਰਿਕ ਟਨ ਖਤਰਨਾਕ ਕੂੜਾ ਇਕੱਠਾ ਕੀਤਾ।

ਸਾਲ 2006 ਵਿੱਚ ਮੱਧ ਪ੍ਰਦੇਸ਼ ਹਾਈ ਕੋਰਟ ਨੇ 346 ਮੀਟ੍ਰਿਕ ਟਨ ਜ਼ਹਿਰੀਲਾ ਕੂੜਾ ਅੰਕਲੇਸ਼ਵਰ (ਗੁਜਰਾਤ) ਭੇਜਣ ਦਾ ਹੁਕਮ ਦਿੱਤਾ ਸੀ। ਪਰ ਕੁਝ ਸਮੇਂ ਬਾਅਦ ਗੁਜਰਾਤ ਸਰਕਾਰ ਨੇ ਇਸ ਮਾਮਲੇ ਵਿੱਚ ਅਸਮਰੱਥਾ ਪ੍ਰਗਟਾਈ।

2010 ਤੋਂ 2015 ਤੱਕ ਪੀਥਮਪੁਰ ਸਥਿਤ ਇੱਕ ਫੈਕਟਰੀ ਵਿੱਚ ਕੂੜਾ ਸਾੜਨ ਦੇ ਸੱਤ ਟੈਸਟ ਕੀਤੇ ਗਏ ਸਨ। ਆਖਰੀ ਟੈਸਟ ਵਿੱਚ ਵਾਤਾਵਰਣ ਦੇ ਸਾਰੇ ਮਾਪਦੰਡਾਂ ਨੂੰ ਪਰਖਿਆ ਤੇ ਪੂਰਾ ਕੀਤਾ ਗਿਆ ਸੀ।

ਇਸ ਦੌਰਾਨ ਟਰਾਇਲ ਰਨ ਦੇ ਹਿੱਸੇ ਵਜੋਂ ਪੀਥਮਪੁਰ ਵਿੱਚ ਕਰੀਬ 10 ਟਨ ਕੂੜਾ ਵੀ ਸਾੜਿਆ ਗਿਆ।

ਸਾਲ 2021 ਵਿੱਚ, ਸੂਬਾ ਸਰਕਾਰ ਨੇ ਬਾਕੀ ਬਚੇ 337 ਮੀਟ੍ਰਿਕ ਟਨ ਜ਼ਹਿਰੀਲੇ ਕੂੜੇ ਦੇ ਨਿਪਟਾਰੇ ਲਈ ਟੈਂਡਰ ਮੰਗੇ ਸਨ।

ਯੂਨੀਅਨ ਕਾਰਬਾਈਡ ਫੈਕਟਰੀ ਵਿੱਚੋਂ ਹੋਈ ਗੈਸ ਲੀਕ ਕਾਰਨ ਹਜ਼ਾਰਾਂ ਲੋਕਾਂ ਦੀ ਜਾਨ ਗਈ ਸੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਯੂਨੀਅਨ ਕਾਰਬਾਈਡ ਫੈਕਟਰੀ ਵਿੱਚੋਂ ਹੋਈ ਗੈਸ ਲੀਕ ਕਾਰਨ ਹਜ਼ਾਰਾਂ ਲੋਕਾਂ ਦੀ ਜਾਨ ਗਈ ਸੀ

ਜੁਲਾਈ 2024 ਵਿੱਚ, ਪੀਥਮਪੁਰ ਇੰਡਸਟਰੀਅਲ ਵੇਸਟ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਨੂੰ ਕੂੜੇ ਨੂੰ ਢੋਣ ਅਤੇ ਇਸ ਦੇ ਨਿਪਟਾਰੇ ਲਈ ਅਧਿਕਾਰਤ ਜਿੰਮੇਵਾਰੀ ਸੌਂਪੀ ਗਈ ਸੀ।

ਇਸ ਦੌਰਾਨ ਸੂਬਾ ਸਰਕਾਰ ਨੇ ਪੀਥਮਪੁਰ ਵਿੱਚ ਕੂੜੇ ਨੂੰ ਨਸ਼ਟ ਕਰਨ ਦਾ ਐਲਾਨ ਕੀਤਾ ਹੈ। ਜਿਸ ਵਿੱਚ ਕੇਂਦਰ ਸਰਕਾਰ ਨੇ ਮੱਧ ਪ੍ਰਦੇਸ਼ ਸਰਕਾਰ ਨੂੰ 126 ਕਰੋੜ ਰੁਪਏ ਦਾ ਅਨੁਮਾਨਿਤ ਬਜਟ ਦਿੱਤਾ ਹੈ।

4 ਦਸੰਬਰ 2024 ਨੂੰ ਮੱਧ ਪ੍ਰਦੇਸ਼ ਹਾਈ ਕੋਰਟ ਨੇ ਸਰਕਾਰ ਨੂੰ ਫਟਕਾਰ ਲਾਈ ਸੀ ਅਤੇ ਚਾਰ ਹਫ਼ਤਿਆਂ ਦੇ ਅੰਦਰ ਕੂੜਾ ਭੇਜਣ ਦਾ ਹੁਕਮ ਦਿੱਤਾ ਸੀ।

ਇਸ ਤੋਂ ਬਾਅਦ ਸਰਕਾਰ ਨੇ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਅਤੇ 29 ਦਸੰਬਰ ਨੂੰ ਕੂੜੇ ਨੂੰ ਪੀਥਮਪੁਰ ਪਹੁੰਚਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ।

ਚਾਰ ਦਿਨਾਂ ਤੱਕ ਚੱਲੀ ਇਸ ਕਾਰਵਾਈ ਵਿੱਚ 337 ਮੀਟ੍ਰਿਕ ਟਨ ਕੂੜਾ ਬੋਰੀਆਂ ਵਿੱਚ ਭਰਿਆ ਗਿਆ।

ਇਸ ਦੌਰਾਨ ਸਰਕਾਰ ਨੇ ਪੂਰੀ ਗੁਪਤਤਾ ਬਣਾਈ ਰੱਖੀ। ਕੂੜਾ ਚੁੱਕਣ ਲਈ ਗੱਡੀਆਂ ਕਦੋਂ ਚੱਲਣਗੀਆਂ, ਇਸ ਬਾਰੇ ਵੀ ਸਰਕਾਰ ਨੇ ਚੁੱਪ ਧਾਰੀ ਹੋਈ ਸੀ।

ਇਨ੍ਹਾਂ ਕੂੜੇ ਦੇ ਤੈਲਿਆਂ ਨੂੰ ਕੰਟੇਨਰਾਂ ਵਿੱਚ ਲੋਡ ਕਰਨ ਦਾ ਕੰਮ ਮੰਗਲਵਾਰ 31 ਜਨਵਰੀ ਦੀ ਰਾਤ ਤੋਂ ਸ਼ੁਰੂ ਹੋ ਗਿਆ ਸੀ ਅਤੇ ਬੁੱਧਵਾਰ ਦੁਪਹਿਰ ਤੱਕ ਸਾਰਾ ਕੂੜਾ ਭਰਨ ਤੋਂ ਬਾਅਦ ਪੁਲਿਸ ਦੀ ਭਾਰੀ ਮੌਜੂਦਗੀ 'ਚ ਰਾਤ ਨੂੰ ਹੀ ਇਸ ਨੂੰ ਪੀਥਮਪੁਰ ਭੇਜ ਦਿੱਤਾ ਗਿਆ।

ਮੱਧ ਪ੍ਰਦੇਸ਼ ਹਾਈ ਕੋਰਟ ਦੇ ਹੁਕਮਾਂ ਮੁਤਾਬਕ ਸਰਕਾਰ ਨੇ 3 ਜਨਵਰੀ ਯਾਨੀ ਅੱਜ ਸ਼ੁੱਕਰਵਾਰ ਨੂੰ ਰਿਪੋਰਟ ਪੇਸ਼ ਕਰਨੀ ਸੀ, ਇਸ ਕਾਰਨ ਬੁੱਧਵਾਰ ਰਾਤ ਨੂੰ ਹੀ ਕੂੜਾ ਵੀ ਭੇਜਿਆ ਗਿਆ।

ਜ਼ਹਿਰੀਲੇ ਕੂੜੇ ਦਾ ਕੀ ਹੋਵੇਗਾ?

ਯੂਨੀਅਨ ਕਾਰਬਾਈਡ ਫੈਕਟਰੀ ਵਿੱਚੋਂ ਕੂੜੇ ਨੂੰ ਪੂਰੀ ਸੁਰੱਖਿਆ ਵਿੱਚ ਬਾਹਰ ਕੱਢਿਆ ਗਿਆ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਯੂਨੀਅਨ ਕਾਰਬਾਈਡ ਫੈਕਟਰੀ ਵਿੱਚੋਂ ਕੂੜੇ ਨੂੰ ਪੂਰੀ ਸੁਰੱਖਿਆ ਵਿੱਚ ਬਾਹਰ ਕੱਢਿਆ ਗਿਆ

ਸਵਾਲ ਇਹ ਹੈ ਕਿ ਪੀਥਮਪੁਰ ਪਹੁੰਚਾਏ ਜਾਣ ਵਾਲੇ ਇਸ ਕੂੜੇ ਦਾ ਕੀ ਕੀਤਾ ਜਾਵੇਗਾ?

ਇਸ ਮਾਮਲੇ 'ਤੇ ਮੱਧ ਪ੍ਰਦੇਸ਼ ਗੈਸ ਰਾਹਤ ਅਤੇ ਮੁੜ ਵਸੇਬਾ ਵਿਭਾਗ ਦੇ ਡਾਇਰੈਕਟਰ ਸਵਤੰਤਰ ਕੁਮਾਰ ਸਿੰਘ ਨੇ ਬੀਬੀਸੀ ਨੂੰ ਦੱਸਿਆ, "ਮੱਧ ਪ੍ਰਦੇਸ਼ ਵਿੱਚ ਉਦਯੋਗਿਕ ਇਲਾਕਿਆਂ ਵਿੱਚੋਂ ਨਿਕਲਣ ਵਾਲੇ ਰਸਾਇਣਿਕ ਅਤੇ ਹੋਰ ਕੂੜੇ ਦੇ ਨਿਪਟਾਰੇ ਲਈ ਪੀਥਮਪੁਰ ਵਿੱਚ ਮਹਿਜ਼ ਇੱਕ ਪਲਾਂਟ ਹੈ।"

"ਇੱਥੇ ਜ਼ਹਿਰੀਲੇ ਰਹਿੰਦ-ਖੂੰਹਦ ਨੂੰ ਸੁਰੱਖਿਅਤ ਢੰਗ ਨਾਲ ਸਾੜਿਆ ਜਾਂਦਾ ਹੈ।"

"ਇਹ ਪਲਾਂਟ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਦੇ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ਵਿੱਚ ਰੱਖ ਕੇ ਕੰਮ ਕਰਦਾ ਹੈ। ਸਾਲ 2015 ਵਿੱਚ ਸੀਪੀਸੀਬੀ ਦੀ ਨਿਗਰਾਨੀ ਹੇਠ ਸਾਰੇ ਨਿਰਧਾਰਤ ਮਾਪਦੰਡਾਂ ਅਨੁਸਾਰ, ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ, 10 ਮੀਟ੍ਰਿਕ ਟਨ ਕੂੜਾ ਸਾੜਨ ਦਾ ਟ੍ਰਾਇਲ ਰਨ ਕੀਤਾ ਗਿਆ ਸੀ।"

ਡਾਇਰੈਕਟਰ ਸਵਤੰਤਰ ਕੁਮਾਰ ਸਿੰਘ ਨੇ ਦੱਸਿਆ ਕਿ ਦੇਸ਼ ਵਿੱਚ ਪੀਥਮਪੁਰ ਵਰਗੇ 42 ਪਲਾਂਟ ਹਨ, ਜਿਨ੍ਹਾਂ ਵਿੱਚ ਅਜਿਹੇ ਰਸਾਇਣਕ ਰਹਿੰਦ-ਖੂੰਹਦ ਨੂੰ ਸਾੜਿਆ ਜਾਂਦਾ ਹੈ।

ਸਰਲ ਸ਼ਬਦਾਂ ਵਿੱਚ, ਭੋਪਾਲ ਤੋਂ ਪੀਥਮਪੁਰ ਪਹੁੰਚਣ ਵਾਲੇ ਕੂੜੇ ਨੂੰ ਪਹਿਲਾਂ ਉੱਚ ਤਾਪਮਾਨ ਵਾਲੀ ਭੱਠੀ ਵਿੱਚ ਸਾੜਿਆ ਜਾਵੇਗਾ। ਇਸ ਤੋਂ ਨਿਕਲਣ ਵਾਲੇ ਧੂੰਏਂ ਨੂੰ ਫ਼ੈਲਣ ਤੋਂ ਰੋਕਣ ਲਈ ਵੀ ਪ੍ਰਬੰਧ ਕੀਤੇ ਗਏ ਹਨ।

ਜਿਸ ਨਾਲ ਇਹ ਯਕੀਨੀ ਬਣਾਇਆ ਜਾਵੇਗਾ ਕਿ ਕੂੜਾ ਸਾੜਨ ਨਾਲ ਪੈਦਾ ਹੋਣ ਵਾਲੇ ਧੂੰਏਂ ਵਿੱਚ ਮੌਜੂਦ ਖਤਰਨਾਕ ਤੱਤ ਵਾਯੂਮੰਡਲ ਵਿੱਚ ਘੁਲਣ।

ਇਹ ਵੀ ਪੜ੍ਹੋ-

ਸਾੜਨ ਤੋਂ ਬਾਅਦ, ਰਹਿੰਦ-ਖੂੰਹਦ ਦੀ ਵੀ ਕਈ ਪਰਤਾਂ ਵਿੱਚ ਜਾਂਚ ਕੀਤੀ ਜਾਵੇਗੀ ਅਤੇ ਪ੍ਰਕਿਰਿਆ ਨੂੰ ਉਦੋਂ ਤੱਕ ਦੁਹਰਾਇਆ ਜਾਵੇਗਾ ਜਦੋਂ ਤੱਕ ਸਾਰੇ ਖਤਰਨਾਕ ਰਸਾਇਣਾਂ ਨੂੰ ਨਸ਼ਟ ਨਹੀਂ ਕਰ ਦਿੱਤਾ ਜਾਂਦਾ ਹੈ।

ਇਸ ਸਾਰੀ ਪ੍ਰਕਿਰਿਆ ਤੋਂ ਬਾਅਦ ਜੋ ਵੀ ਬਚੇਗਾ ਉਹ ਜ਼ਮੀਨ ਵਿੱਚ ਦੱਬ ਦਿੱਤਾ ਜਾਵੇਗਾ।

ਜ਼ਮੀਨ ਹੇਠਾਂ ਦੱਬਣ ਸਮੇਂ ਇਸ ਗੱਲ ਦਾ ਖ਼ਾਸ ਧਿਆਨ ਰੱਖਿਆ ਜਾਵੇਗਾ ਕਿ ਇਹ ਸੁਆਹ ਧਰਤੀ ਹੇਠਲੇ ਪਾਣੀ ਦੇ ਹੋਰ ਸਰੋਤਾਂ ਤੱਕ ਨਾ ਪਹੁੰਚੇ।

ਲੈਂਡਫਿਲਿੰਗ ਲਈ, ਇੱਕ ਡਬਲ ਕੰਪੋਜ਼ਿਟ ਲਾਈਨਰ ਸਿਸਟਮ (ਦੋ ਪਲਾਸਟਿਕ ਲਾਈਨਰ ਅਤੇ ਦੋ ਮਿੱਟੀ ਲਾਈਨਰਜ਼ ਦਾ ਮਿਸ਼ਰਣ) ਵਰਤਿਆ ਜਾਵੇਗਾ।

ਮੱਧ ਪ੍ਰਦੇਸ਼ ਦੇ ਵਾਤਾਵਰਣ ਵਿਗਿਆਨੀ ਅਤੇ ਕੈਮਿਸਟਰੀ ਦੇ ਸਾਬਕਾ ਪ੍ਰੋਫੈਸਰ ਸੁਭਾਸ਼ ਸੀ ਪਾਂਡੇ ਕਹਿੰਦੇ ਹਨ, "ਮੱਧ ਪ੍ਰਦੇਸ਼ ਵਿੱਚ ਤਕਰੀਬਨ 150 ਕੈਮੀਕਲ ਫੈਕਟਰੀਆਂ ਹਨ, ਜਿੱਥੇ ਪੀਥਮਪੁਰ ਸਥਿਤ ਪਲਾਂਟ ਵਿੱਚ ਕੂੜਾ ਸਾੜਿਆ ਜਾਂਦਾ ਹੈ।"

"ਯੂਨੀਅਨ ਕਾਰਬਾਈਡ ਫ਼ੈਕਟਰੀ ਤੋਂ ਰਹਿੰਦ-ਖੂੰਹਦ ਨੂੰ ਸਾੜਨ ਲਈ ਇਹ ਢੁੱਕਵੀਂ ਥਾਂ ਹੈ।"

"ਹਾਲਾਂਕਿ, ਕਈ ਮੀਡੀਆ ਰਿਪੋਰਟਾਂ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਇਸ ਨਾਲ ਸਮੱਸਿਆ ਖੜੀ ਹੋ ਸਕਦੀ ਹੈ। ਇਹ ਸਭ ਲੋਕਾਂ ਨੂੰ ਗੁੰਮਰਾਹ ਕਰਨ ਵਾਲਾ ਹੈ।"

ਯੂਨੀਅਨ ਕਾਰਬਾਈਡ ਫੈਕਟਰੀ ਵਿੱਚੋਂ ਕੂੜੇ ਨੂੰ ਕੱਢਣ ਲਈ ਖਾਸ ਟਰੱਕਾਂ ਦਾ ਇਸਤੇਮਾਲ ਕੀਤਾ ਗਿਆ

ਤਸਵੀਰ ਸਰੋਤ, ANI

ਪ੍ਰੋਫੈਸਰ ਪਾਂਡੇ ਕਹਿੰਦੇ ਹਨ, "ਪਰ ਮੇਰਾ ਮੰਨਣਾ ਹੈ ਕਿ ਯੂਨੀਅਨ ਕਾਰਬਾਈਡ ਫੈਕਟਰੀ ਦੇ ਕੂੜੇ ਵਿੱਚ ਜੋ ਰਸਾਇਣ ਹਨ, ਪੀਥਮਪੁਰ ਵਿੱਚ ਉਸ ਤੋਂ ਵੀ ਘਾਤਕ ਅਤੇ ਖਤਰਨਾਕ ਰਸਾਇਣਾਂ ਵਾਲਾ ਕੂੜਾ ਸਾੜਿਆ ਜਾ ਰਿਹਾ ਹੈ।"

ਉਹ ਕਹਿੰਦੇ ਹਨ, "ਕਿਉਂਕਿ ਇਹ ਕੰਮ ਸੁਪਰੀਮ ਕੋਰਟ ਅਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਨਿਗਰਾਨੀ ਹੇਠ ਹੋ ਰਿਹਾ ਹੈ, ਇਸ ਲਈ ਇਸ ਵਿੱਚ ਗ਼ਲਤੀ ਜਾਂ ਲਾਪਰਵਾਹੀ ਦੀ ਬਹੁਤ ਘੱਟ ਗੁੰਜਾਇਸ਼ ਹੈ।"

ਪੀਥਮਪੁਰ ਵਿੱਚ ਕੂੜੇ ਦੀ ਢੋਆ-ਢੁਆਈ ਨੂੰ ਲੈ ਕੇ ਸਥਾਨਕ ਲੋਕਾਂ ਅਤੇ ਫੈਕਟਰੀ ਦੇ ਕਰਮਚਾਰੀਆਂ ਵਿੱਚ ਅਸਹਿਜਤਾ ਬਣੀ ਹੋਈ ਹੈ।

ਇਕ ਸਥਾਨਕ ਵਿਅਕਤੀ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਸਰਕਾਰ ਨੂੰ ਇਸ ਸਬੰਧੀ ਪਹਿਲਾਂ ਇੱਥੋਂ ਦੇ ਲੋਕਾਂ ਨੂੰ ਦਿਸ਼ਾ-ਨਿਰਦੇਸ਼ ਦੇਣੇ ਚਾਹੀਦੇ ਸਨ। ਉਸ ਤੋਂ ਬਾਅਦ ਇਸ ਪ੍ਰਕਿਰਿਆ ਨੂੰ ਪੂਰਾ ਕਰਨਾ ਚਾਹੀਦਾ ਸੀ।

ਉਨ੍ਹਾਂ ਕਿਹਾ, ''ਭੋਪਾਲ 'ਚ ਵਾਪਰੀ ਗੈਸ ਦੁਰਘਟਨਾ ਪ੍ਰਤੀ ਸਾਡੀ ਹਮਦਰਦੀ ਹੈ ਪਰ ਇੱਥੇ ਅਜਿਹਾ ਕੁਝ ਨਾ ਵਾਪਰੇ ਇਸ ਲਈ ਕੋਈ ਢੁੱਕਵੇਂ ਪ੍ਰਬੰਧ ਨਹੀਂ ਕੀਤੇ ਗਏ। ਸਥਾਨਕ ਲੋਕਾਂ ਨੂੰ ਕੁਝ ਨਹੀਂ ਦੱਸਿਆ ਗਿਆ।"

ਉਹ ਸਵਾਲ ਕਰਦੇ ਹਨ, "ਜੇਕਰ ਕੂੜੇ ਦੇ ਨਿਪਟਾਰੇ ਵਿੱਚ ਕੋਈ ਸਮੱਸਿਆ ਆਉਂਦੀ ਹੈ, ਤਾਂ ਅਸੀਂ ਕਿੱਥੇ ਜਾਵਾਂਗੇ?"

ਇਸ ਦੌਰਾਨ ਪੀਥਮਪੁਰ ਬਚਾਓ ਕਮੇਟੀ ਜ਼ਹਿਰੀਲਾ ਕੂੜਾ ਲਿਆਉਣ ਦੇ ਵਿਰੋਧ 'ਚ ਦਿੱਲੀ ਦੇ ਜੰਤਰ-ਮੰਤਰ 'ਤੇ ਪ੍ਰਦਰਸ਼ਨ ਕਰ ਰਹੀ ਹੈ। ਇਲਾਕੇ ਦੀਆਂ ਕਈ ਮਜ਼ਦੂਰ ਜਥੇਬੰਦੀਆਂ ਨੇ 2-3 ਜਨਵਰੀ ਨੂੰ ਪੀਥਮਪੁਰ ਬੰਦ ਦਾ ਸੱਦਾ ਵੀ ਦਿੱਤਾ ਹੈ।

ਭਾਜਪਾ ਆਗੂ ਨੇ ਵੀ ਵਿਰੋਧ ਕੀਤਾ

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ
ਤਸਵੀਰ ਕੈਪਸ਼ਨ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਮੁਤਾਬਕ ਕਚਰੇ ਲਈ ਪੁਖ਼ਤਾ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ

ਇਸ ਸਭ ਨਾਲ ਸਥਾਨਕ ਲੋਕਾਂ ਵਿੱਚ ਦਾ ਅਸਹਿਜਤਾ ਹੈ ਹੀ ਬਲਕਿ ਇਸ ਮਸਲੇ ਉੱਤੇ ਸਿਆਸਤ ਵੀ ਭਖ਼ੀ ਹੋਈ ਹੈ।

ਪੀਥਮਪੁਰ ਦੇ ਨਾਲ ਲੱਗਦੇ ਇੰਦੌਰ ਦੇ ਮੇਅਰ ਅਤੇ ਭਾਜਪਾ ਆਗੂ ਪੁਸ਼ਿਆਮਿੱਤਰ ਭਾਰਗਵ ਨੇ ਵੀ ਪੀਥਮਪੁਰ ਵਿੱਚ ਕੂੜਾ ਨਾ ਸਾੜਨ ਦੀ ਗੱਲ ਕਹੀ ਹੈ।

ਉਨ੍ਹਾਂ ਕਿਹਾ, "ਪਿਛਲੇ ਕੁਝ ਦਿਨਾਂ ਤੋਂ ਕੂੜੇ ਦੇ ਨਿਪਟਾਰੇ ਦੀ ਗੱਲ ਚੱਲ ਰਹੀ ਹੈ। ਪੀਥਮਪੁਰ ਦੇ ਲੋਕ ਵੀ ਵਿਰੋਧ ਕਰ ਰਹੇ ਹਨ, ਇਸ ਲਈ ਮੇਰਾ ਮੰਨਣਾ ਹੈ ਕਿ ਇਸ 'ਤੇ ਮੁੜ ਵਿਚਾਰ ਕੀਤੇ ਜਾਣ ਦੀ ਲੋੜ ਸੀ ਤਾਂ ਜੋ ਪੀਥਮਪੁਰ ਵਿੱਚ ਇਹ ਕੂੜਾ ਨਾ ਸਾੜਿਆ ਜਾਵੇ।"

"ਇਹ ਪੀਥਮਪੁਰ ਦੇ ਨਾਲ-ਨਾਲ ਇੰਦੌਰ ਅਤੇ ਸੂਬੇ ਲਈ ਵੀ ਚੰਗਾ ਹੋਵੇਗਾ। ਕਿਉਂਕਿ ਪਹਿਲਾਂ ਗੁਜਰਾਤ ਵਿੱਚ ਇਸ ਕੂੜੇ ਨੂੰ ਸਾੜਨ ਦੀ ਗੱਲ ਚੱਲੀ ਸੀ। ਪਰ ਉਸ 'ਤੇ ਰੋਕ ਲਗਾ ਦਿੱਤੀ ਗਈ, ਫਿਰ ਜਦੋਂ ਉਸ ਨੂੰ ਜਰਮਨੀ ਭੇਜਣ ਦੀ ਗੱਲ ਆਈ ਤਾਂ ਉਸ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਸੀ।"

ਪੁਸ਼ਿਆਮਿੱਤਰ ਭਾਰਗਵ ਨੇ ਇਸ 'ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ।

ਪੁਸ਼ਿਆਮਿੱਤਰ ਭਾਰਗਵ ਨੇ ਕਿਹਾ ਕਿ ਕੂੜਾ ਸਾੜਨ ਨਾਲ ਵਾਤਾਵਰਣ 'ਤੇ ਕੀ ਪ੍ਰਭਾਵ ਪੈਂਦਾ ਹੈ। ਇਸ ਦੀ ਜਾਂਚ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਉਣ, ਉਨ੍ਹਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇ ਅਤੇ ਫਿਰ ਹੀ ਕੋਈ ਫੈਸਲਾ ਲਿਆ ਜਾਵੇ।

ਸਰਕਾਰ ਨੇ ਇਸ ਮਾਮਲੇ ਨੂੰ ਲੈ ਕੇ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਹਨ। ਉਹ ਇਸ ਗੱਲ ਤੋਂ ਇਨਕਾਰ ਕਰ ਰਹੀ ਹੈ ਕਿ ਕੂੜਾ ਸਾੜਨ ਨਾਲ ਵਾਤਾਵਰਨ 'ਤੇ ਕੋਈ ਮਾੜਾ ਪ੍ਰਭਾਵ ਪੈਂਦਾ ਹੈ।

ਪਰ ਪੀਥਮਪੁਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੇ ਲੋਕਾਂ ਦੇ ਮਨਾਂ ਵਿੱਚ ਇਸ ਨੂੰ ਲੈ ਕੇ ਸ਼ੱਕ ਹੈ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)