ਭਾਰਤ ਦੀ ਜ਼ਹਿਰੀਲੀ ਹਵਾ ਨੂੰ ਫ਼ਿਲਮਾਂ ਵਿੱਚ ਥਾਂ ਕਿਉਂ ਨਹੀਂ ਮਿਲਦੀ? ਕੀ ਫ਼ਿਲਮਸਾਜ਼ ਜਾਣਬੁੱਝ ਕੇ ਚੁੱਪ ਹਨ

ਬਾਲੀਵੁੱਡ ਫ਼ਿਲਮ 'ਪਿੰਕ' ਦੇ ਇੱਕ ਸੀਨ ਵਿੱਚ ਅਮਿਤਾਭ ਬੱਚਨ ਮਾਸਕ ਪਹਿਨੇ ਨਜ਼ਰ ਆਏ ਸਨ

ਤਸਵੀਰ ਸਰੋਤ, Screengrab from Pink's trailer

ਤਸਵੀਰ ਕੈਪਸ਼ਨ, ਬਾਲੀਵੁੱਡ ਫ਼ਿਲਮ 'ਪਿੰਕ' ਦੇ ਇੱਕ ਸੀਨ ਵਿੱਚ ਅਮਿਤਾਭ ਬੱਚਨ ਮਾਸਕ ਪਹਿਨੇ ਨਜ਼ਰ ਆਏ ਸਨ
    • ਲੇਖਕ, ਮੈਰਿਲ ਸੇਬੇਸਟੀਅਨ ਅਤੇ ਨਿਆਜ਼ ਫਾਰੂਕੀ
    • ਰੋਲ, ਬੀਬੀਸੀ ਨਿਊਜ਼

ਇਹ ਸਾਲ 2016 ਦੀ ਗੱਲ ਹੈ। ਇੱਕ ਫਿਲਮ ਆਈ, ਜਿਸਦਾ ਨਾਮ ਸੀ ਪਿੰਕ। ਇਹ ਫਿਲਮ ਸੁਰਖੀਆਂ 'ਚ ਰਹੀ ਅਤੇ ਇਸ ਨੂੰ ਬਾਕਸ ਆਫਿਸ 'ਤੇ ਵੀ ਚੰਗੀ ਕਮਾਈ ਹੋਈ।

ਇਸ ਫਿਲਮ 'ਚ ਇੱਕ ਸੀਨ ਹੈ, ਜਿਸ 'ਚ ਅਮਿਤਾਭ ਬੱਚਨ ਦਾ ਕਿਰਦਾਰ ਸਰਦੀਆਂ ਦੀ ਸਵੇਰ ਨੂੰ ਦਿੱਲੀ ਦੀ ਧੁੰਦ ਨਾਲ ਡੱਕੀਆ ਸੜਕਾਂ 'ਤੇ ਮਾਸਕ ਪਾ ਕੇ ਘਰੋਂ ਨਿਕਲਦਾ ਹੈ।

ਮਾਸਕ ਅਤੇ ਦਿੱਲੀ ਸਮੋਗ ਨੂੰ ਕਈ ਫਿਲਮਾਂ ਵਿੱਚ ਦਿਖਾਇਆ ਗਿਆ ਹੈ, ਪਰ ਫਿਲਮ ਦੀ ਸਕ੍ਰਿਪਟ ਵਿੱਚ ਇਨ੍ਹਾਂ ਦਾ ਕੋਈ ਬਹੁਤਾ ਮਤਲਬ ਨਹੀਂ ਹੈ।

'ਪਿੰਕ' ਮੁੱਖ ਧਾਰਾ ਦੀਆਂ ਕੁਝ ਫ਼ਿਲਮਾਂ ਵਿੱਚੋਂ ਇੱਕ ਹੈ, ਜਿਸ ਵਿੱਚ ਹਵਾ ਪ੍ਰਦੂਸ਼ਣ ਨੂੰ ਦਿਖਾਇਆ ਗਿਆ ਹੈ। ਭਾਰਤ ਦੇ ਕਈ ਹਿੱਸਿਆਂ ਵਿੱਚ, ਲੱਖਾਂ ਲੋਕ ਹਰ ਸਾਲ ਸਿਹਤ ਲਈ ਖਤਰਨਾਕ ਇਸ ਪ੍ਰਦੂਸ਼ਣ ਦਾ ਸਾਹਮਣਾ ਕਰਦੇ ਹਨ।

ਭਾਰਤ ਦੀ ਰਾਜਧਾਨੀ ਦਿੱਲੀ ਅਤੇ ਉੱਤਰੀ ਭਾਰਤ ਦੇ ਹੋਰ ਖੇਤਰਾਂ ਦੀ ਜ਼ਹਿਰੀਲੀ ਹਵਾ ਅਕਸਰ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ।

ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਇਹ ਮੁੱਦਾ ਲੋਕਾਂ ਦੀ ਗੱਲਬਾਤ ਵਿੱਚ ਹੀ ਨਹੀਂ ਸਗੋਂ ਸਿਆਸੀ ਗਲਿਆਰਿਆਂ ਵਿੱਚ ਵੀ ਸੁਣਨ ਨੂੰ ਮਿਲਦਾ ਹੈ ਅਤੇ ਇਸ ਉੱਤੇ ਕਾਨੂੰਨੀ ਚਰਚਾ ਵੀ ਹੁੰਦੀ ਹੈ।

ਬਾਲੀਵੁੱਡ 'ਚ ਕਈ ਵੱਡੇ ਹਾਦਸਿਆਂ ਅਤੇ ਕੁਦਰਤੀ ਆਫਤਾਂ 'ਤੇ ਫਿਲਮਾਂ ਬਣ ਚੁੱਕੀਆਂ ਹਨ।

ਉਦਾਹਰਣ ਵਜੋਂ 2013 ਵਿੱਚ ਉੱਤਰਾਖੰਡ, 2018 ਵਿੱਚ ਕੇਰਲਾ ਅਤੇ 2005 ਵਿੱਚ ਮੁੰਬਈ ਸ਼ਹਿਰ ਵਿੱਚ ਆਏ ਭਿਆਨਕ ਹੜ੍ਹਾਂ 'ਤੇ ਫ਼ਿਲਮਾਂ ਬਣੀਆਂ ਹਨ, ਪਰ ਮਨੋਰੰਜਨ ਜਗਤ ਵਿੱਚੋਂ ਪ੍ਰਦੂਸ਼ਣ ਦਾ ਵਿਸ਼ਾ ਗਾਇਬ ਹੈ।

ਪ੍ਰਦੂਸ਼ਣ 'ਤੇ ਲਿਖੀ ਕਿਤਾਬ 'ਦਿ ਗ੍ਰੇਟ ਸਮੋਗ ਆਫ਼ ਇੰਡੀਆ' ਦੇ ਲੇਖਕ ਸਿਧਾਰਥ ਸਿੰਘ ਦਾ ਕਹਿਣਾ ਹੈ ਕਿ ਇਹ ਸਾਡੀ 'ਵੱਡੀ ਨਾਕਾਮੀ' ਹੈ ਕਿ ਭਾਰਤੀ ਸਾਹਿਤ ਅਤੇ ਫ਼ਿਲਮਾਂ 'ਚ ਹਵਾ ਪ੍ਰਦੂਸ਼ਣ ਨੂੰ ਕੋਈ ਥਾਂ ਨਹੀਂ ਦਿੱਤੀ ਗਈ।

ਉਨ੍ਹਾਂ ਕਿਹਾ ਕਿ ਭਾਰਤ ਵਿੱਚ ਪ੍ਰਦੂਸ਼ਣ ਬਾਰੇ ਕੰਮ ਅਕਸਰ ਅਕਾਦਮਿਕ ਜਾਂ ਵਿਸ਼ੇ ਦੇ ਮਾਹਿਰਾਂ ਵੱਲੋਂ ਹੀ ਕੀਤਾ ਜਾਂਦਾ ਹੈ।

ਉਨ੍ਹਾਂ ਕਿਹਾ, "ਜਦੋਂ ਤੁਸੀਂ PM2.5 ਜਾਂ ਨਾਈਟ੍ਰੋਜਨ ਆਕਸਾਈਡ ਜਾਂ ਸਲਫਰ ਡਾਈਆਕਸਾਈਡ (ਪ੍ਰਦੂਸ਼ਕ) ਕਹਿੰਦੇ ਹੋ, ਤਾਂ ਆਮ ਲੋਕਾਂ ਲਈ ਇਸ ਦਾ ਕੀ ਮਤਲਬ ਹੈ? ਇਨ੍ਹਾਂ ਸ਼ਬਦਾਂ ਦਾ ਉਨ੍ਹਾਂ ਲਈ ਕੋਈ ਮਤਲਬ ਨਹੀਂ ਹੈ।"

'ਲੋਕ ਜਲਵਾਯੂ ਤਬਦੀਲੀ ਨੂੰ ਲੈ ਕੇ ਬਹੁਤੇ ਗੰਭੀਰ ਨਹੀਂ ਹਨ'

ਲੇਖਕ ਅਮਿਤਵ ਘੋਸ਼ ਨੇ ਜਲਵਾਯੂ ਤਬਦੀਲੀ ਨੂੰ " ਧੀਮੀ ਹਿੰਸਾ" ਵਜੋਂ ਬਿਆਨ ਕੀਤਾ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲੇਖਕ ਅਮਿਤਵ ਘੋਸ਼ ਨੇ ਜਲਵਾਯੂ ਤਬਦੀਲੀ ਨੂੰ " ਧੀਮੀ ਹਿੰਸਾ" ਵਜੋਂ ਬਿਆਨ ਕੀਤਾ ਹੈ
ਇਹ ਵੀ ਪੜ੍ਹੋ:-

ਜਲਵਾਯੂ ਤਬਦੀਲੀ ਬਾਰੇ ਵਿਸਤਾਰ ਨਾਲ ਲਿਖਣ ਵਾਲੇ ਲੇਖਕ ਅਮਿਤਵ ਘੋਸ਼ ਨੇ ਆਪਣੀ 2016 ਦੀ ਪੁਸਤਕ 'ਦਿ ਗ੍ਰੇਟ ਡਿਰੇਂਜਮੈਂਟ' ਵਿੱਚ ਲਿਖਿਆ ਹੈ ਕਿ ਅੱਜ ਦੀਆਂ ਸਾਹਿਤਕ ਕਹਾਣੀਆਂ ਵਿੱਚ ਜਲਵਾਯੂ ਨਾਲ ਸਬੰਧਤ ਕਹਾਣੀਆਂ ਨੂੰ ਥਾਂ ਨਹੀਂ ਮਿਲਦੀ।

ਉਨ੍ਹਾਂ 2022 ਦੀ ਇੱਕ ਇੰਟਰਵਿਊ ਵਿੱਚ ਕਿਹਾ, "ਲੋਕ ਜਲਵਾਯੂ ਤਬਦੀਲੀ ਬਾਰੇ ਬਹੁਤ ਗੰਭੀਰ ਨਹੀਂ ਹਨ।"

ਅੱਤ ਦੀ ਗਰਮੀ ਦੌਰਾਨ ਭਾਰਤ ਵਿੱਚ ਰਹਿਣ ਦੇ ਆਪਣੇ ਤਜ਼ਰਬੇ ਦਾ ਵਰਣਨ ਕਰਦੇ ਹੋਏ, ਉਹ ਕਹਿੰਦੇ ਹਨ, "ਜਿਸ ਗੱਲ ਨੇ ਮੈਨੂੰ ਸਭ ਤੋਂ ਵੱਧ ਹੈਰਾਨ ਕੀਤਾ ਉਹ ਇਹ ਸੀ ਕਿ ਸਭ ਕੁਝ ਇੰਨਾ ਸਾਧਾਰਨ ਅਤੇ ਆਮ ਮਹਿਸੂਸ ਹੋ ਰਿਹਾ ਸੀ। ਇਹ ਸਭ ਤੋਂ ਪਰੇਸ਼ਾਨ ਕਰਨ ਵਾਲੀ ਗੱਲ ਸੀ। ਅਜਿਹਾ ਲੱਗਦਾ ਸੀ ਕਿ ਅਸੀਂ ਪਹਿਲਾਂ ਹੀ ਇਹਨਾਂ ਤਬਦੀਲੀਆਂ ਨਾਲ ਜੀਣਾ ਸਿੱਖ ਲਿਆ ਹੈ। "

ਘੋਸ਼ ਨੇ ਜਲਵਾਯੂ ਤਬਦੀਲੀ ਨੂੰ "ਧੀਮੀ ਹਿੰਸਾ" ਦੱਸਿਆ ਜਿਸ ਬਾਰੇ ਲਿਖਣਾ ਮੁਸ਼ਕਲ ਹੈ।

ਪ੍ਰਦੂਸ਼ਣ ਬਾਰੇ ਇਹ ਕਹਿਣਾ ਸਹੀ ਹੈ, ਕਿਉਂਕਿ ਇਸ ਦਾ ਮਨੁੱਖੀ ਸਿਹਤ 'ਤੇ ਹੌਲੀ-ਹੌਲੀ ਪ੍ਰਭਾਵ ਪੈਂਦਾ ਹੈ। ਇਸ ਲਈ ਇਸ ਨੂੰ ਫਿਲਮਾਂ 'ਚ ਦਿਖਾਉਣਾ ਮੁਸ਼ਕਿਲ ਹੈ।

ਸ਼ੌਨਕ ਸੇਨ ਦੀ ਡਾਕੂਮੈਂਟਰੀ 'ਆਲ ਦੈਟ ਬਰਿਦਜ਼' ਦਿੱਲੀ ਦੇ ਦੋ ਭਰਾਵਾਂ ਦੀ ਕਹਾਣੀ ਹੈ ਜੋ ਇੱਕ ਜ਼ਖਮੀ ਕਾਲੇ ਬਾਜ਼ ਦਾ ਇਲਾਜ ਕਰਦੇ ਹਨ

ਤਸਵੀਰ ਸਰੋਤ, Saumya Khandelwal

ਤਸਵੀਰ ਕੈਪਸ਼ਨ, ਸ਼ੌਨਕ ਸੇਨ ਦੀ ਡਾਕੂਮੈਂਟਰੀ 'ਆਲ ਦੈਟ ਬਰਿਦਜ਼' ਦਿੱਲੀ ਦੇ ਦੋ ਭਰਾਵਾਂ ਦੀ ਕਹਾਣੀ ਹੈ ਜੋ ਇੱਕ ਜ਼ਖਮੀ ਕਾਲੇ ਬਾਜ਼ ਦਾ ਇਲਾਜ ਕਰਦੇ ਹਨ

ਹਾਲਾਂਕਿ ਇਸ ਮੁੱਦੇ ਨੂੰ ਸ਼ੌਨਕ ਸੇਨ ਦੀ 'ਆਲ ਦੈਟ ਬਰਿਦਸ' ਵਰਗੀਆਂ ਡਾਕੂਮੈਂਟਰੀਜ਼ 'ਚ ਦਿਖਾਇਆ ਗਿਆ ਹੈ।

ਇਸ ਡਾਕੂਮੈਂਟਰੀ ਨੂੰ 2022 ਵਿੱਚ ਆਸਕਰ ਲਈ ਵੀ ਨਾਮਜ਼ਦ ਕੀਤਾ ਗਿਆ ਸੀ।

ਇਸ ਡਾਕੂਮੈਂਟਰੀ ਵਿੱਚ ਸੇਨ ਨੇ ਦੋ ਭਰਾਵਾਂ ਦੀ ਕਹਾਣੀ ਰਾਹੀਂ ਜਲਵਾਯੂ ਪਰਿਵਰਤਨ, ਪ੍ਰਦੂਸ਼ਣ ਅਤੇ ਦਿੱਲੀ ਵਿੱਚ ਜਾਨਵਰਾਂ ਅਤੇ ਪੰਛੀਆਂ ਨਾਲ ਲੋਕਾਂ ਦੇ ਰਿਸ਼ਤੇ ਨੂੰ ਦਿਖਾਇਆ ਹੈ।

ਇਹ ਦੋਵੇਂ ਭਰਾ ਦਿੱਲੀ ਦੇ ਧੁੰਦਲੇ ਅਸਮਾਨ ਤੋਂ ਡਿੱਗ ਕੇ ਜ਼ਖਮੀ ਹੋਏ ਕਾਲੇ ਬਾਜ਼ਾਂ ਦਾ ਇਲਾਜ ਕਰਦੇ ਹਨ।

ਸੇਨ ਦਾ ਕਹਿਣਾ ਹੈ ਕਿ ਉਹ ਇਹ ਸਮਝਣ ਵਿਚ ਜ਼ਿਆਦਾ ਦਿਲਚਸਪੀ ਰੱਖਦੇ ਸਨ ਕਿ ਕਿਵੇਂ 'ਐਂਥਰੋਪੋਸੀਨ' ਜਾਂ ਜਲਵਾਯੂ ਤਬਦੀਲੀ ਵਰਗੀਆਂ ਵੱਡੀਆਂ ਚੀਜ਼ਾਂ ਸਾਡੇ ਰੋਜ਼ਾਨਾ ਵਿਹਾਰ ਨੂੰ ਪ੍ਰਭਾਵਿਤ ਕਰਦੀਆਂ ਹਨ।

ਐਂਥਰੋਪੋਸੀਨ ਸ਼ਬਦ ਦੀ ਵਰਤੋਂ ਧਰਤੀ, ਇਸ ਦੇ ਵਾਤਾਵਰਣ ਪ੍ਰਣਾਲੀਆਂ ਅਤੇ ਹੋਰ ਪ੍ਰਜਾਤੀਆਂ 'ਤੇ ਮਨੁੱਖਾਂ ਦੇ ਪੈਂਦੇ ਪ੍ਰਭਾਵ ਨੂੰ ਦਰਸਾਉਣ ਲਈ ਕੀਤੀ ਜਾਂਦੀ ਹੈ।

ਇਸ ਫਿਲਮ ਦੇ ਇੱਕ ਸੀਨ ਵਿੱਚ ਦੋਵੇਂ ਭਰਾ ਬਹਿਸ ਕਰਦੇ ਨਜ਼ਰ ਆਉਂਦੇ ਹਨ। ਫਿਰ ਇੱਕ ਭਰਾ ਅਸਮਾਨ ਵੱਲ ਇਸ਼ਾਰਾ ਕਰਦਾ ਹੈ ਅਤੇ ਕਹਿੰਦਾ ਹੈ, "ਇਹ ਸਭ ਜੋ ਸਾਡੇ ਵਿਚਾਲੇ ਹੋ ਰਿਹਾ ਹੈ, ਇਸ ਦੇ ਸਭ ਕਸੂਰ ਵਾਰ ਹਨ।"

ਸੇਨ ਦਾ ਕਹਿਣਾ ਹੈ, "ਜਲਵਾਯੂ ਪਰਿਵਰਤਨ ਸਾਡੇ ਜੀਵਨ ਦੇ ਹਰ ਪਹਿਲੂ ਨੂੰ ਪ੍ਰਭਾਵਿਤ ਕਰਦਾ ਹੈ। ਇਸ ਨੂੰ ਸਿਨੇਮਾ ਅਤੇ ਸਾਹਿਤ ਵਿੱਚ ਵੀ ਉਸੇ ਤਰ੍ਹਾਂ ਪ੍ਰਤੀਬਿੰਬਿਤ ਕੀਤਾ ਜਾਣਾ ਚਾਹੀਦਾ ਹੈ।"

ਉਨ੍ਹਾਂ ਦਾ ਕਹਿਣਾ ਹੈ ਕਿ ਵਾਤਾਵਰਨ ਨਾਲ ਸਬੰਧਤ ਫ਼ਿਲਮਾਂ, ਜੋ ਦਰਸ਼ਕਾਂ ਨੂੰ ਇਸ ਬਾਰੇ ਜਾਣਕਾਰੀ ਦਿੰਦੀਆਂ ਹਨ ਜਾਂ ਉਨ੍ਹਾਂ ਨੂੰ ਜ਼ਿੰਮੇਵਾਰ ਠਹਿਰਾਉਂਦੀਆਂ ਹਨ, ਦਰਸ਼ਕਾਂ ਨੂੰ ਪਸੰਦ ਨਹੀਂ ਆਉਂਦੀਆਂ।

ਉਨ੍ਹਾਂ ਕਿਹਾ, "ਮੇਰੇ ਲਈ, ਸਭ ਤੋਂ ਵਧੀਆ ਫਿਲਮ ਉਹ ਹੈ ਜੋ ਮਹੱਤਵਪੂਰਨ ਮੁੱਦਿਆਂ ਨੂੰ ਇਸ ਤਰੀਕੇ ਨਾਲ ਬਿਆਨ ਕਰੇ ਕਿ ਦਰਸ਼ਕਾਂ ਨੂੰ ਇਹ ਅਹਿਸਾਸ ਵੀ ਨਹੀਂ ਹੋਵੇ ਕਿ ਉਹਨਾਂ ਨੂੰ ਕੁਝ ਸਮਝਾਇਆ ਜਾ ਰਿਹਾ ਹੈ ਪਰ ਉਹ ਗੱਲ ਨੂੰ ਸਮਝ ਵੀ ਜਾਣ।"

ਵਾਤਾਵਰਨ ਨਾਲ ਸਬੰਧਤ 70 ਤੋਂ ਵੱਧ ਫ਼ਿਲਮਾਂ

ਫ਼ਿਲਮਸਾਜ਼ ਨੀਲ ਮਾਧਬ ਪਾਂਡਾ ਦੀ ਫ਼ਿਲਮ ‘ਮੇਘਾਅਜ਼ ਡਾਈਵੋਰਸ’ ਦਾ ਇੱਕ ਦ੍ਰਿਸ਼।

ਤਸਵੀਰ ਸਰੋਤ, Nila Madhab Panda

ਤਸਵੀਰ ਕੈਪਸ਼ਨ, ਫ਼ਿਲਮਸਾਜ਼ ਨੀਲ ਮਾਧਬ ਪਾਂਡਾ ਦੀ ਫ਼ਿਲਮ 'ਮੇਘਾਅਜ਼ ਡਾਈਵੋਰਸ' ਦਾ ਇੱਕ ਦ੍ਰਿਸ਼।

ਫਿਲਮ ਨਿਰਮਾਤਾ ਨੀਲ ਮਾਧਬ ਪਾਂਡਾ ਨੇ ਜਲਵਾਯੂ ਪਰਿਵਰਤਨ ਅਤੇ ਵਾਤਾਵਰਣ ਨਾਲ ਸਬੰਧਤ 70 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਕਲਾ ਇਸ ਦਿਸ਼ਾ ਵਿੱਚ ਬਦਲਾਅ ਲਿਆ ਸਕਦੀ ਹੈ।

ਪਾਂਡਾ ਨੇ 2005 'ਚ ਆਪਣੀ ਡਾਕੂਮੈਂਟਰੀ 'ਕਲਾਈਮੇਟਜ਼ ਫਸਟ ਆਰਫਾਨ' ਦੀ ਮਦਦ ਨਾਲ ਲੋਕਾਂ ਨੂੰ ਜਲਵਾਯੂ ਪਰਿਵਰਤਨ 'ਸੰਬੰਧਤ ਕਹਾਣੀਆਂ ਦੱਸਣੀਆਂ ਸ਼ੁਰੂ ਕੀਤੀਆਂ ਸਨ।

ਉਨ੍ਹਾਂ ਨੇ ਆਪਣੇ ਸੰਦੇਸ਼ ਨੂੰ ਹੋਰ ਲੋਕਾਂ ਤੱਕ ਪਹੁੰਚਾਉਣ ਲਈ ਮੁੱਖ ਧਾਰਾ ਦੇ ਸਿਨੇਮਾ ਦਾ ਸਹਾਰਾ ਲਿਆ।

ਉਸ ਦਾ ਜਨਮ ਕਾਲਾਹਾਂਡੀ, ਓਡੀਸ਼ਾ ਵਿੱਚ ਹੋਇਆ। ਇਹ ਇਲਾਕਾ ਹੜ੍ਹਾਂ ਅਤੇ ਸੋਕੇ ਦਾ ਸਾਹਮਣਾ ਕਰਦਾ ਸੀ। ਸਾਲ 1995 ਵਿੱਚ ਉਹ ਦਿੱਲੀ ਆ ਗਏ।

ਉਨ੍ਹਾਂ ਨੇ ਕਿਹਾ, "ਇਹ ਮੇਰੇ ਲਈ ਹੈਰਾਨੀ ਵਾਲੀ ਗੱਲ ਸੀ ਕਿ ਮੈਂ ਇੱਕ ਅਜਿਹੇ ਖੇਤਰ ਵਿੱਚ ਰਹਿ ਰਿਹਾ ਸੀ ਜਿੱਥੇ ਅਸੀਂ ਚਾਰ ਮੌਸਮ ਦੇਖਦੇ ਸੀ ਅਤੇ ਨਦੀ ਤੋਂ ਸਿੱਧਾ ਪਾਣੀ ਪੀਂਦੇ ਸੀ।"

"ਸਾਡੇ ਲਈ, ਹਵਾ, ਪਾਣੀ, ਅੱਗ ਅਤੇ ਹੋਰ ਸਭ ਕੁਝ ਉੱਥੇ ਮੁਫਤ ਸੀ। ਪਰ ਦਿੱਲੀ ਵਿੱਚ ਤੁਸੀਂ ਸਭ ਕੁਝ ਖਰੀਦਦੇ ਹੋ। ਮੈਂ ਪਾਣੀ ਅਤੇ ਹਵਾ ਖਰੀਦਦਾ ਹਾਂ। ਤੁਹਾਨੂੰ ਹਰ ਕਮਰੇ ਵਿੱਚ ਏਅਰ ਫਿਲਟਰ ਮਿਲੇਗਾ।"

2019 ਵਿੱਚ ਪਾਂਡਾ ਨੇ ਇੱਕ ਸ਼ੋਰਟ ਫ਼ਿਲਮ ਬਣਾਈ।

ਉਨ੍ਹਾਂ ਦੀ ਇਹ ਫਿਲਮ ਇੱਕ ਅਜਿਹੇ ਜੋੜੇ ਬਾਰੇ ਸੀ ਜੋ ਤਲਾਕ ਲੈ ਰਿਹਾ ਸੀ। ਉਨ੍ਹਾਂ ਦੇ ਤਲਾਕ ਦਾ ਕਾਰਨ ਇਹ ਸੀ ਕਿ ਉਹ ਇਸ ਗੱਲ 'ਤੇ ਸਹਿਮਤ ਨਹੀਂ ਸਨ ਕਿ ਉਹ ਦਿੱਲੀ ਵਿਚ ਰਹਿਣਾ ਚਾਹੁੰਦੇ ਹਨ ਜਾਂ ਨਹੀਂ।

ਇਸ ਫਿਲਮ ਦੀ ਮਦਦ ਨਾਲ ਉਨ੍ਹਾਂ ਨੇ ਦਿੱਲੀ ਵਿੱਚ ਪ੍ਰਦੂਸ਼ਣ ਦੀ ਸਮੱਸਿਆ ਬਾਰੇ ਦੱਸਿਆ।

ਪਾਂਡਾ ਕਹਿੰਦੇ ਹਨ, "ਤੁਸੀਂ ਅਜੇਹੀ ਕੋਈ ਵੀ ਚੀਜ਼ ਨਹੀਂ ਬਣਾਓਗੇ ਜਿਸ ਦੇ ਨਾਲ ਲੋਕਾਂ ਦਾ ਮਨੋਰੰਜਨ ਨਾ ਹੋਵੇ।"

ਫਿਲਮ ਨਿਰਮਾਤਾਵਾਂ ਨੂੰ ਗੰਭੀਰ ਮੁੱਦਿਆਂ 'ਤੇ ਕਹਾਣੀਆਂ ਬਣਾਉਣ ਵਿਚ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੂੰ ਅਜਿਹੀਆਂ ਕਹਾਣੀਆਂ ਦੱਸਣੀਆਂ ਚਾਹੀਦੀਆਂ ਹਨ ਜਿਸ ਨਾਲ ਲੋਕ ਖੁਦ ਨੂੰ ਜੁੜੀਆਂ ਮਹਿਸੂਸ ਕਰਨ।

ਸਿਧਾਰਥ ਸਿੰਘ ਨੇ 2018 ਵਿੱਚ ਇੱਕ ਕਿਤਾਬ ਲਿਖੀ, ਜੋ ਕਿ ਭਾਰਤ ਦੇ ਹਵਾ ਪ੍ਰਦੂਸ਼ਣ 'ਤੇ ਕੇਂਦਰਿਤ ਸੀ।

ਉਨ੍ਹਾਂ ਦਾ ਕਹਿਣਾ ਹੈ ਕਿ ਕਿਤਾਬ ਲਿਖਣ ਵੇਲੇ ਉਨ੍ਹਾਂ ਨੂੰ ਅੰਕੜਿਆਂ ਦੇ ਪਿੱਛੇ ਲੋਕਾਂ ਨੂੰ ਲੱਭਣ ਲਈ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ।

"ਅਸੀਂ ਹਮੇਸ਼ਾ ਅਜਿਹੀਆਂ ਖ਼ਬਰਾਂ ਪੜ੍ਹਦੇ ਹਾਂ ਕਿ ਹਰ ਸਾਲ 10 ਲੱਖ ਜਾਂ 20 ਲੱਖ ਲੋਕ ਪ੍ਰਦੂਸ਼ਣ ਕਾਰਨ ਮਰ ਰਹੇ ਹਨ। ਪਰ, ਇਹ ਲੋਕ ਕਿੱਥੇ ਹਨ? ਕਿੱਥੇ ਹਨ ਇਨ੍ਹਾਂ ਦੀਆਂ ਕਹਾਣੀਆਂ।"

ਜਿੱਥੇ ਵਾਤਾਵਰਨ ਦੇ ਮੁੱਦਿਆਂ ਨੂੰ ਅਕਸਰ ਭਾਰਤੀ ਸਾਹਿਤ ਵਿੱਚ ਥਾਂ ਮਿਲੀ ਹੈ, ਹੁਣ ਕੁਝ ਅੰਗਰੇਜ਼ੀ ਲੇਖਕਾਂ ਨੇ ਵੀ ਇਸ ਮੁੱਦੇ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ।

ਲੰਬਾ ਪੈਂਡਾ ਤੈਅ ਕਰਨਾ ਬਾਕੀ

ਸਰਦੀਆਂ ਦੇ ਮਹੀਨੇ ਸ਼ੁਰੂ ਹੁੰਦੇ ਹੀ ਦਿੱਲੀ ਵਿੱਚ ਹਵਾ ਦੀ ਖਰਾਬ ਗੁਣਵੱਤਾ ਲੋਕਾਂ ਲਈ ਮੁਸ਼ਕਲਾਂ ਪੈਦਾ ਕਰਦੀ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਰਦੀਆਂ ਦੇ ਮਹੀਨੇ ਸ਼ੁਰੂ ਹੁੰਦੇ ਹੀ ਦਿੱਲੀ ਵਿੱਚ ਹਵਾ ਦੀ ਖਰਾਬ ਗੁਣਵੱਤਾ ਲੋਕਾਂ ਲਈ ਮੁਸ਼ਕਲਾਂ ਪੈਦਾ ਕਰਦੀ ਹੈ

ਨੀਲਾਂਜਨਾ ਐਸ ਰਾਏ ਦਾ ਅਪਰਾਧ ਨਾਵਲ 'ਬਲੈਕ ਰਿਵਰ' ਦਿੱਲੀ ਦੇ ਭਲਸਵਾ ਲੈਂਡਫਿਲ ਸਾਈਟ ਬਾਰੇ ਗੱਲ ਕਰਦਾ ਹੈ।

ਗੀਗੀ ਗਾਂਗੁਲੀ ਦੀ 'ਬਾਇਓਪੇਕੁਲੀਅਰ' ਅਤੇ ਜੈਨਿਸ ਪੈਰੀਏਟ ਦੀ 'ਐਵਰੀਥਿੰਗ ਦਿ ਲਾਈਟ ਟਚ' ਵਿੱਚ ਲੇਖਕਾਂ ਨੇ ਵਾਤਾਵਰਨ ਨਾਲ ਮਨੁੱਖੀ ਰਿਸ਼ਤਿਆਂ ਦੀ ਗੱਲ ਕੀਤੀ ਹੈ।

ਪਰ, ਅਜੇ ਵੀ ਲੰਮਾ ਸਫ਼ਰ ਤੈਅ ਕਰਨਾ ਬਾਕੀ ਹੈ।

ਸਿਧਾਰਥ ਸਿੰਘ ਦਾ ਕਹਿਣਾ ਹੈ ਕਿ ਵਾਤਾਵਰਨ ਨਾਲ ਸਬੰਧਤ ਕਹਾਣੀਆਂ ਦੀ ਘਾਟ ਦਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਇਨ੍ਹਾਂ ਨੂੰ ਲਿਖਣ ਵਾਲੇ ਲੋਕਾਂ ਨੂੰ ਕਦੇ ਵੀ ਪ੍ਰਦੂਸ਼ਣ ਅਤੇ ਜਲਵਾਯੂ ਤਬਦੀਲੀ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਿਆ।

"ਉਹ (ਪ੍ਰਦੂਸ਼ਿਤ) ਯਮੁਨਾ ਨਦੀ ਦੇ ਕੰਢੇ ਰਹਿਣ ਵਾਲੇ ਲੋਕਾਂ ਵਰਗੇ ਨਹੀਂ ਹਨ, ਜੋ ਇਸ ਵਿੱਚ ਕਵਿਤਾ ਲੱਭਦੇ ਹਨ ਜਾਂ ਇਸਦੇ ਕਿਨਾਰਿਆਂ ਬਾਰੇ ਕਹਾਣੀਆਂ ਲਿਖਦੇ ਹਨ।"

ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਮੀਮਜ਼ ਅਤੇ ਫੋਟੋਆਂ ਹਵਾ ਪ੍ਰਦੂਸ਼ਣ ਦੀ ਗੰਭੀਰਤਾ ਤੋਂ ਜਾਣੂ ਕਰਵਾਉਣ 'ਚ ਅਹਿਮ ਭੂਮਿਕਾ ਨਿਭਾਅ ਰਹੀਆਂ ਹਨ।

''ਕੁਝ ਦਿਨ ਪਹਿਲਾਂ ਇੱਕ ਮੀਮ ਕਾਫੀ ਮਸ਼ਹੂਰ ਹੋਈ ਸੀ, ਜਿਸ 'ਚ ਕੁਝ ਇਸ ਤਰ੍ਹਾਂ ਲਿਖਿਆ ਸੀ, 'ਸ਼ੇਖ ਹਸੀਨਾ (ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ, ਜੋ ਹੁਣ ਦਿੱਲੀ 'ਚ ਹੈ) ਨੂੰ ਸਵੇਰ ਦੀ ਸੈਰ ਕਰਦੇ ਦੇਖਿਆ ਗਿਆ' ਪਰ ਨਾਲ ਲਗਾਈ ਗਈ ਤਸਵੀਰ ਧੁੰਦਲੀ ਸੀ। ਇਹ ਦੇ 'ਚ ਤੰਜ਼ ਸੀ ਕੀ ਹਵਾ ਪ੍ਰਦੂਸ਼ਣ ਕਰਕੇ ਉਨ੍ਹਾਂ ਨੂੰ ਦੇਖਿਆ ਹੀ ਨਹੀਂ ਜਾ ਸਕਦਾ।"

ਲੇਖਕ ਸਿਧਾਰਥ ਸਿੰਘ ਨੂੰ ਭਰੋਸਾ ਹੈ ਕਿ ਅਜਿਹੀਆਂ ਰਚਨਾਤਮਕ ਪਹਿਲਕਦਮੀਆਂ ਨੂੰ ਹੋਰ ਗਤੀ ਮਿਲੇਗੀ, ਜੋ ਉਨ੍ਹਾਂ ਲੋਕਾਂ ਨੂੰ ਕਾਰਵਾਈ ਕਰਨ ਲਈ ਮਜਬੂਰ ਕਰੇਗੀ ਜੋ ਅਸਲ ਵਿੱਚ ਪ੍ਰਦੂਸ਼ਣ ਨੂੰ ਠੀਕ ਕਰਨ ਲਈ ਕੁਝ ਕਰ ਸਕਦੇ ਹਨ।

ਇਹ ਵੀ ਪੜ੍ਹੋ:-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)