1984 ਸਿੱਖ ਕਤਲੇਆਮ ਦੇ ਜ਼ਖ਼ਮ ਅੱਲੇ ਕਰਨ ਵਾਲੀ ਭੋਪਾਲ ਗੈਸ ਤ੍ਰਾਸਦੀ 'ਤੇ ਬਣੀ 'ਦਿ ਰੇਲਵੇਮੈੱਨ' ਵੈੱਬਸੀਰੀਜ਼

ਮੰਦਿਰਾ ਬੇਦੀ

ਤਸਵੀਰ ਸਰੋਤ, Mandira Bedi/Insta

ਤਸਵੀਰ ਕੈਪਸ਼ਨ, ਮੰਦਿਰਾ ਬੇਦੀ ਨੇ ਇਸ ਸੀਰੀਜ਼ ਵਿੱਚ ਰਾਜਬੀਰ ਕੌਰ ਦਾ ਕਿਰਦਾਰ ਨਿਭਾਇਆ ਹੈ
    • ਲੇਖਕ, ਸਲਮਾਨ ਰਾਵੀ
    • ਰੋਲ, ਬੀਬੀਸੀ ਪੱਤਰਕਾਰ

ਨਵੰਬਰ ਵਿੱਚ ਨੈੱਟਫਲਿਕਸ 'ਤੇ ਰਿਲੀਜ਼ ਹੋਈ ਵੈੱਬ ਸੀਰੀਜ਼ 'ਦਿ ਰੇਲਵੇ ਮੈੱਨ' ਦਸੰਬਰ 1984 ਵਿੱਚ ਹੋਏ ਭੋਪਾਲ ਗੈਸ ਤ੍ਰਾਸਦੀ 'ਤੇ ਅਧਾਰਤ ਹੈ।

ਇਸ ਸੀਰੀਜ਼ ਦਾ ਬਿਰਤਾਂਤ ਗੈਸ ਲੀਕ ਹੋਣ ਤੋਂ ਬਾਅਦ ਇੱਥੋਂ ਲੋਕਾਂ ਨੂੰ ਕੱਢਣ ਦੇ ਲਈ ਕੀ ਯਤਨ ਹੋਏ ਇਸ ਦੁਆਲੇ ਬੁਣਿਆ ਗਿਆ ਹੈ।

ਇਸ ਸੀਰੀਜ਼ ਵਿੱਚ ਭੋਪਾਲ ਗੈਸ ਤ੍ਰਾਸਦੀ ਦੇ ਨਾਲ-ਨਾਲ ਸਿੱਖ ਕਤਲੇਆਮ ਬਾਰੇ ਵੀ ਜ਼ਿਕਰ ਆਉਂਦਾ ਹੈ।

ਭੋਪਾਲ ਤ੍ਰਾਸਦੀ 2 ਦਸੰਬਰ 1984 ਨੂੰ ਵਾਪਰੀ ਸੀ। ਇਸ ਤੋਂ ਇੱਕ ਮਹੀਨਾ ਪਹਿਲਾਂ ਦਿੱਲੀ ਅਤੇ ਭਾਰਤ ਦੇ ਹੋਰ ਸ਼ਹਿਰਾਂ ਵਿੱਚ ਸਿੱਖ ਕਤਲੇਆਮ ਹੋਇਆ ਸੀ ਜਿਸ ਵਿੱਚ ਹਜ਼ਾਰਾਂ ਜਾਨਾਂ ਗਈਆਂ।

ਇਹ ਕਹਾਣੀ ਅਸਲ ਘਟਨਾਵਾਂ ਤੋਂ ਪ੍ਰੇਰਿਤ ਹੈ, ਕਹਾਣੀ ਅਤੇ ਕਿਰਦਾਰ ਕਾਲਪਨਿਕ ਹਨ।

ਅਦਾਕਾਰਾ ਮੰਦਿਰਾ ਬੇਦੀ ਨੇ ਇਸ ਸੀਰੀਜ਼ ਵਿੱਚ ਰਾਜਬੀਰ ਕੌਰ ਦਾ ਕਿਰਦਾਰ ਨਿਭਾਇਆ ਹੈ।

ਉਹ ਗੋਰਖਪੁਰ-ਬੰਬਈ ਐੱਕਸਪ੍ਰੈਸ ਰੇਲ ਗੱਡੀ ਉੱਤੇ ਸਵਾਰ ਹਨ।

ਉਹ ਟ੍ਰੇਨ ਉੱਤੇ ਚੜ੍ਹ ਆਈ ਭੜਕੀ ਹੋਈ ਭੀੜ ਤੋਂ ਆਪਣੇ ਪੁੱਤ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਇੰਡੀਅਨ ਐਕਸਪ੍ਰੈੱਸ ਦੀ ਪੱਤਰਕਾਰ ਦਿਵਿਆ ਗੋਇਲ ਦੀ ਰਿਪੋਰਟ ਮੁਤਾਬਕ ਇਸ ਸੀਰੀਜ਼ ਵਿੱਚ ਬਹੁਤ ਚੰਗੇ ਢੰਗ ਨਾਲ ਵੱਡੇ ਪੱਧਰ ਉੱਤੇ ਵਾਪਰੇ ਜੁਰਮ ਨੂੰ ਦਰਸਾਇਆ ਹੈ।

ਇਹ ਸੀਰੀਜ਼ ਦਰਸਾਉਂਦੀ ਹੈ ਕਿ ਰਾਜਬੀਰ ਕੌਰ ਨਾਲ ਰੇਲ ਗੱਡੀ ਵਿੱਚ ਸਫ਼ਰ ਕਰ ਰਹੇ ਮੁਸਲਿਮ ਅਤੇ ਹਿੰਦੂ ਯਾਤਰੀਆਂ ਨੇ ਆਪਣੀਆਂ ਜਾਨਾਂ ਨੂੰ ਖ਼ਤਰੇ ਵਿੱਚ ਪਾ ਕੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ ਕੀਤੀ।

ਪੀੜ੍ਹਤਾਂ ਦੀਆਂ ਯਾਦਾਂ ਹੋਈਆਂ ਤਾਜ਼ਾਂ

ਭੋਪਾਲ ਗੈਸ ਤ੍ਰਾਸਦੀ

ਤਸਵੀਰ ਸਰੋਤ, Getty Images/ Pallavi Bagla

ਤਸਵੀਰ ਕੈਪਸ਼ਨ, ਭੋਪਾਲ ਗੈਸ ਤ੍ਰਾਸਦੀ 2 ਦਸੰਬਰ 1984 ਨੂੰ ਵਾਪਰੀ ਸੀ

ਸਾਲ 1984, ਦਸੰਬਰ ਮਹੀਨੇ 2 ਅਤੇ 3 ਤਾਰੀਕ ਦੀ ਦਰਮਿਆਨੀ ਰਾਤ।

ਕਲੀਮ ਭਾਈ ਭੋਪਾਲ ਦੇ ‘ਯੂਨੀਅਨ ਕਾਰਬਾਈਡ’ ਕਾਰਖ਼ਾਨੇ ਦੇ ‘ਸੇਵੇਨ ਪਲਾਂਟ’ ਵਿੱਚ ਆਪਣੀ ਸ਼ਿਫ਼ਟ ’ਚ ਕੰਮ ਕਰ ਰਹੇ ਸਨ। ਰਾਤ ਦੇ 12 ਵੱਜਣ ਵਾਲੇ ਸਨ।

ਉਹ ‘ਗੱਤੇ ਦੇ ਡੱਬਿਆਂ’ ਨੂੰ ਤਿਆਰ ਕਰ ਰਹੇ ਸਨ, ਜਿਸ ਵਿੱਚ ‘ਸੇਵਨ’ ਨਾਮ ਦਾ ‘ਪਾਊਡਰ’ ਭਰਿਆ ਜਾਂਦਾ ਸੀ।

ਉਹ ਕਹਿੰਦੇ ਹਨ ਕਿ ਪਹਿਲਾਂ ਇਹ ਪਦਾਰਥ ਅਮਰੀਕਾ ਤੋਂ ਇੰਪੋਰਟ ਕੀਤਾ ਜਾਂਦਾ ਸੀ। ਪਰ ਫ਼ਿਰ ਇਸ ਦਾ ਉਤਪਾਦਨ ਭੋਪਾਲ ਦੇ ਯੂਨੀਅਨ ਕਾਰਬਾਈਡ ਕਾਰਖ਼ਾਨੇ ਵਿੱਚ ਹੋਣ ਲੱਗਿਆ। ਇਹ ਇੱਕ ਤਰ੍ਹਾਂ ਦਾ ‘ਕੀਟਨਾਸ਼ਕ’ ਸੀ।

ਕਲੀਮ ਡੱਬੇ ਵਿੱਚ ਪਦਾਰਥ ਭਰ ਕੇ ਉਸ ਉੱਤੇ ਸੀਲ ਲਗਾਉਣ ਦਾ ਕੰਮ ਕਰਦੇ ਸਨ। ਉਹ ਦਿਹਾੜੀ ਮਜ਼ਦੂਰ ਸਨ ਜੋ ਜ਼ਿਆਦਾਤਰ ਰਾਤ ਦੀ ਸ਼ਿਫ਼ਟ ਵਿੱਚ ਹੀ ਕੰਮ ਕਰਦੇ ਸਨ।

ਉਸ ਦਿਨ ਵੀ ਰਾਤ ਦੀ ਸ਼ਿਫ਼ਟ ਲਈ ਉਹ ਸਮੇਂ ਸਿਰ ਕਾਰਖ਼ਾਨੇ ਪਹੁੰਚ ਗਏ ਸਨ। ਉਨ੍ਹਾਂ ਦਾ ਦਾਅਵਾ ਹੈ ਕਿ ਉਹ ਰੋਜ਼ ਵਾਂਗ ਆਪਣੇ ਹੋਰ ਸਾਥੀਆਂ ਨਾਲ ਕੰਮ ਉੱਤੇ ਲੱਗ ਗਏ।

ਭੋਪਾਲ

ਤਸਵੀਰ ਸਰੋਤ, ALAIN NOGUES/SYGMA/SYGMA VIA GETTY IMAGES

ਕਲੀਮ ਹੁਣ 70 ਸਾਲ ਦੇ ਹੋ ਗਏ ਹਨ ਅਤੇ ਆਪਣੇ ਪੁੱਤਰ ਨਾਲ ਸਾਈਕਲ ਮੁਰੰਮਤ ਕਰਨ ਦੀ ਦੁਕਾਨ ਚਲਾਉਂਦੇ ਹਨ। ਭੋਪਾਲ ਦੇ ਕਾਜ਼ੀ ਕੈਂਪ ਦੇ ਬਾਵੜੀ ਵਿੱਚ ਉਨ੍ਹਾਂ ਦਾ ਮਕਾਨ ਹੈ। ਭੋਪਾਲ ਗੈਸ ਤ੍ਰਾਸਦੀ ਸਮੇਂ ਵੀ ਉਹ ਇਸੇ ਮੁਹੱਲੇ ਵਿੱਚ ਰਹਿੰਦੇ ਸਨ।

ਪਰ ਹੁਣ ਉਹ ਦੂਜੇ ਮਕਾਨ ਵਿੱਚ ‘ਸ਼ਿਫ਼ਟ’ ਹੋ ਚੁੱਕੇ ਹਨ। ਇਹ ਮੁਹੱਲਾ ਯੂਨੀਅਨ ਕਾਰਬਾਈਡ ਦੇ ਕਾਰਖ਼ਾਨੇ ਤੋਂ ਦੂਰ ਤਾਂ ਹੈ ਪਰ 1984 ਦੀ ਉਸ ਰਾਤ ਨੂੰ ਜਦੋਂ ਕਾਰਖ਼ਾਨੇ ਤੋਂ ਗੈਸ ਨਿਕਲੀ ਤਾਂ ਉਸ ਨੇ ਇਸ ਇਲਾਕੇ ਨੂੰ ਵੀ ਆਪਣੀ ਚਪੇਟ ਵਿੱਚ ਲੈ ਲਿਆ।

ਹੁਣ ਭੋਪਾਲ ਗੈਸ ਤ੍ਰਾਸਦੀ ਨੂੰ 39 ਸਾਲ ਹੋ ਗਏ ਹਨ। ਇਸ ਘਟਨਾ ਵਿੱਚ ਹਜ਼ਾਰਾਂ ਲੋਕਾਂ ਦੀ ਮੌਤ ਹੋਈ ਜਦਕਿ ਲੱਖਾਂ ਲੋਕ ਗੈਸ ਦੀ ਚਪੇਟ ਵਿੱਚ ਆ ਕੇ ਖ਼ਤਰਨਾਕ ਤੌਰ ਉੱਤੇ ਬਿਮਾਰ ਹੋ ਗਈ। ਆਉਣ ਵਾਲੇ ਕਈ ਸਾਲਾਂ ਤੱਕ ਵੀ ਪ੍ਰਭਾਵਿਤ ਲੋਕਾਂ ਦੀਆਂ ਮੌਤਾਂ ਦਾ ਸਿਲਸਿਲਾ ਜਾਰੀ ਰਿਹਾ।

ਨੈੱਟਫ਼ਲਿਕਸ ਦੀ ਸੀਰੀਜ਼ ਨੇ ਘਟਨਾ ਦੀ ਯਾਦ ਤਾਜ਼ਾ ਕੀਤੀ

ਕਲੀਮ
ਤਸਵੀਰ ਕੈਪਸ਼ਨ, ਕਲੀਮ ਦੇ ਪਰਿਵਾਰ ਦੇ ਲੋਕ ਭਾਗਾਂ ਵਾਲੇ ਸਨ, ਜੋ ਗੈਸ ਲੀਕ ਤੋਂ ਪ੍ਰਭਾਵਿਤ ਤਾਂ ਹੋਏ ਪਰ ਠੀਕ ਵੀ ਹੋ ਗਏ

ਯੂਨੀਅਨ ਕਾਰਬਾਈਡ ਕਾਰਖ਼ਾਨੇ ਵਿੱਚ ਕੰਮ ਕਰਨ ਵਾਲੇ ਉਹ ਕਰਮਚਾਰੀ, ਜੋ ਘਟਨਾ ਵੇਲੇ ਪਲਾਂਟ ਅੰਦਰ ‘ਡਿਊਟੀ’ ਉੱਤੇ ਮੌਜੂਦ ਸਨ, ਉਹ ਜਾਂ ਤਾਂ ਗੈਸ ਲੀਕ ਵਿੱਚ ਮਾਰੇ ਗਏ ਜਾਂ ਫ਼ਿਰ ਗੰਭੀਰ ਤੌਰ ਉੱਤੇ ਬਿਮਾਰ ਪੈਣ ਤੋਂ ਬਾਅਦ ਆਉਣ ਵਾਲੇ ਕੁਝ ਮਹੀਨਿਆਂ ਜਾਂ ਸਾਲਾਂ ਵਿੱਚ ਬਿਮਾਰੀ ਨਾਲ ਜੂਝਦੇ ਦੁਨੀਆਂ ਤੋਂ ਰੁਖ਼ਸਤ ਹੋ ਗਏ।

ਜੋ ਲੋਕ ਇਸ ਹਾਦਸੇ ਵਿੱਚ ਬੱਚ ਗਏ, ਉਨ੍ਹਾਂ ਦੀ ਉਮਰ ਹੁਣ ਕਾਫ਼ੀ ਹੋ ਗਈ ਹੈ। ਕੁਝ ਲੋਕਾਂ ਨੇ ਤਾਂ ਹਮੇਸ਼ਾ ਲਈ ਭੋਪਾਲ ਨੂੰ ਹੀ ਅਲਵਿਦਾ ਕਹਿ ਦਿੱਤਾ ਸੀ।

ਐਨੇ ਸਾਲਾਂ ਬਾਅਦ ਹੁਣ ਬਹੁਤ ਘੱਟ ਲੋਕ ਬਚੇ ਹਨ ਜਿਨ੍ਹਾਂ ਨੇ ਕਾਰਖ਼ਾਨੇ ਦੇ ਅੰਦਰ ਇਸ ਘਟਨਾ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਹੁੰਦੇ ਦੇਖਿਆ।

ਕਲੀਮ ਭਾਈ ਉਨ੍ਹਾਂ ਹੀ ਚੁਣਿੰਦਾ ਲੋਕਾਂ ਵਿੱਚੋਂ ਇੱਕ ਹਨ। ਉਨ੍ਹਾਂ ਨੂੰ ਸਾਲ 1988 ਵਿੱਚ ਮੱਧ ਪ੍ਰਦੇਸ਼ ਦੇ ਸਿੰਚਾਈ ਵਿਭਾਗ ’ਚ ਨੌਕਰੀ ਮਿਲ ਗਈ ਸੀ। ਉਹ 2016 ਵਿੱਚ ਸੇਵਾਮੁਕਤ ਹੋਏ ਹਨ।

ਬੀਬੀਸੀ ਨਾਲ ਗੱਲਬਾਤ ਕਰਦਿਆਂ ਉਹ ਉਸ ਰਾਤ ਨੂੰ ਚੇਤੇ ਕਰਦੇ ਹਨ ਅਤੇ ਕੰਬ ਉੱਠਦੇ ਹਨ। ਵਿੱਚ-ਵਿੱਚ ਉਹ ਕਾਫ਼ੀ ਦੇਰ ਚੁੱਪ ਹੋ ਜਾਂਦੇ ਹਨ। ਉਹ ਪੁਰਾਣੀਆਂ ਯਾਦਾਂ ਵਿੱਚ ਗੁਆਚ ਜਾਂਦੇ ਹਨ ਅਤੇ ਗੱਲ ਕਰਦਿਆਂ ਉਨ੍ਹਾਂ ਦਾ ਗੱਚ ਭਰ ਜਾਂਦਾ ਹੈ।

ਕਲੀਮ ਕਹਿੰਦੇ ਹਨ, ‘‘ਉਦੋਂ ਤੋਂ ਹੀ ਤਬੀਅਤ ਠੀਕ ਨਹੀਂ ਰਹਿੰਦੀ। ਫ਼ੇਫੜੇ ਖ਼ਰਾਬ ਹੋ ਗਏ ਹਨ। ਟੀਬੀ ਵੀ ਹੋ ਗਈ ਸੀ, ਕੋਰੋਨਾ ਵੀ ਹੋਇਆ ਸੀ, ਪਰ ਉੱਪਰ ਵਾਲੇ ਦੀ ਮਰਜ਼ੀ ਹੈ ਕਿ ਮੈਂ ਤੁਹਾਡੇ ਸਾਹਮਣੇ ਬੈਠਾ ਹਾਂ।’’

ਕਲੀਮ ਦੇ ਪਰਿਵਾਰ ਦੇ ਲੋਕ ਭਾਗਾਂ ਵਾਲੇ ਸਨ, ਜੋ ਗੈਸ ਲੀਕ ਤੋਂ ਪ੍ਰਭਾਵਿਤ ਤਾਂ ਹੋਏ ਪਰ ਠੀਕ ਵੀ ਹੋ ਗਏ। ਪਰ ਉਸ ਰਾਤ ਇੱਕ ਪਲ ਅਜਿਹਾ ਵੀ ਆਇਆ ਸੀ ਜਦੋਂ ਪਰਿਵਾਰ ਦੇ ਲੋਕਾਂ ਨੂੰ ਲੱਗਿਆ ਕਿ ਕਲੀਮ ਜ਼ਿੰਦਾ ਨਹੀਂ ਰਹਿਣਗੇ।

ਪਰ ਆਪਣੇ ਕਈ ਸਾਥੀਆਂ ਦੇ ਮੁਕਾਬਲੇ ਕਲੀਮ ਬਹੁਤ ਖ਼ੁਸ਼ਕਿਸਮਤ ਰਹੇ।

ਕਲੀਮ
ਤਸਵੀਰ ਕੈਪਸ਼ਨ, ਕਲੀਮ ਭਾਈ ਨਾਲ ਗੱਲ ਕਰਦਿਆਂ ਬੀਬੀਸੀ ਪੱਤਰਕਾਰ ਸਲਮਾਨ ਰਾਵੀ

ਕਲੀਮ ਦੱਸਦੇ ਹਨ, ‘‘ਉਸ ਰਾਤ ਠੰਡ ਵੀ ਸੀ, ਦਸੰਬਰ ਵਿੱਚ ਪਹਿਲਾਂ ਬਹੁਤ ਠੰਡ ਪੈਣੀ ਸ਼ੁਰੂ ਹੋ ਜਾਂਦੀ ਸੀ। ਮੈਂ ਡਿਊਟੀ ਉੱਤੇ ਸੀ , ਮੇਰੇ ਨਾਲ ਸਾਬਿਰ ਭਾਈ, ਮਾਤਾ ਪ੍ਰਸਾਦ, ਗੰਗਾ ਰਾਮ ਪ੍ਰਜਾਪਤੀ ਅਤੇ ਅਨਵਰ ਮੀਆਂ ਕੰਮ ਕਰ ਰਹੇ ਸਨ।’’

‘‘ਉਦੋਂ ਸਾਬਿਰ ਭਾਈ ਨੇ ‘ਪਾਈਪ’ ਵੱਲ ਇਸ਼ਾਰਾ ਕੀਤਾ ਜਿੱਥੋਂ ਪਾਣੀ ‘ਲੀਕ’ ਹੋ ਰਿਹਾ ਸੀ। ਅਗਲੇ ਹੀ ਪਲ ਸਾਇਰਨ ਵੱਜਣ ਲੱਗਿਆ। ਸਾਇਰਨ ਦੀ ਆਵਾਜ਼ ‘ਮਿਥਾਈਲ ਆਈਸੋਸਾਇਨੇਟ’ ਦੇ ‘ਪਲਾਂਟ’ ਤੋਂ ਆ ਰਹੀ ਸੀ। ਕਿਸੇ ਨੇ ਕਿਹਾ ਕਿ ਇਹ ‘ਡ੍ਰਿਲ’ ਹੋ ਰਹੀ ਹੈ। ਪਰ ਫ਼ਿਰ ਉਦੋਂ ਆਵਾਜ਼ ਆਈ – ਭੱਜੋ....ਭੱਜੋ, ਜਾਨ ਬਚਾਓ...!!!’’

ਉਂਝ ਭੋਪਾਲ ਗੈਸ ਤ੍ਰਾਸਦੀ ਦੇ 39 ਸਾਲਾਂ ਬਾਅਦ, ਉਸ ਰਾਤ ਦਾ ਭਿਆਨਕ ਮੰਜ਼ਰ ਫ਼ਿਰ ਤੋਂ ਲੋਕਾਂ ਦੀਆਂ ਯਾਦਾਂ ਵਿੱਚ ਤਾਜ਼ਾ ਹੋ ਗਿਆ, ਜਦੋਂ ਹਾਲ ਹੀ ਵਿੱਚ ‘ਨੈੱਟਫ਼ਲਿਕਸ’ ਉੱਤੇ ਚਾਰ ਹਿੱਸਿਆਂ ਦੀ ਇੱਕ ‘ਸੀਰੀਜ਼’ – ‘ਦਿ ਰੇਲਵੇਮੈਨ’ ਆਈ।

ਵੈਸੇ ਤਾਂ ਇਹ 1984 ਦੀ ਨੂੰ ਹੋਈ ਤ੍ਰਾਸਦੀ ਦੀ ‘ਅਣਕਹੀ ਕਹਾਣੀ’ ਹੈ, ਪਰ ਇਸ ਦਾ ਜ਼ਿਆਦਾਤਰ ਹਿੱਸਾ ਉਸ ਰਾਤ ਭੋਪਾਲ ਰੇਲਵੇ ਸਟੇਸ਼ਨ ਉੱਤੇ ਮਚੀ ਹਫੜਾ-ਦਫੜੀ ਦੇ ਆਲੇ-ਦੁਆਲੇ ਬੁਣਿਆ ਗਿਆ ਹੈ।

ਇਸ ਵਿੱਚ ਮੱਧ ਰੇਲਵੇ ਦੇ ਤਤਕਾਲੀ ਮਹਾ ਪ੍ਰਬੰਧਕ ਗੌਰੀ ਸ਼ੰਕਰ, ਭੋਪਾਲ ਰੇਲਵੇ ਸਟੇਸ਼ਨ ਦੇ ਸਹਾਇਕ ਮਾਸਟਰ ਗ਼ੁਲਾਮ ਦਸਤਗੀਰ ਦੀਆਂ ਕੋਸ਼ਿਸ਼ਾਂ ਦੀ ਕਹਾਣੀ ਨੂੰ ਕੇਂਦਰ ਵਿੱਚ ਰੱਖਿਆ ਗਿਆ ਹੈ।

ਇਸ ਤੋਂ ਇਲਾਵਾ ਕਹਾਣੀ ਵਿੱਚ ਦੋ ਹੋਰ ਕਿਰਦਾਰ ਹਨ – ਇੱਕ ਸਮੇਂ ਪੱਤਰਕਾਰ ਰਹੇ ਰਾਜਕੁਮਾਰ ਕੇਸਵਾਨੀ ਅਤੇ ਕਾਰਖ਼ਾਨੇ ਦੇ ‘ਸੁਪਰਵਾਈਜ਼ਰ‘ ਬਰਕਤੁਲ੍ਹਾਹ।

ਉਸ ਰਾਤ ਦੀ ਕਹਾਣੀ

ਰੇਲਵੇ ਮੈਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੀਰੀਜ਼ ਰੇਲਵੇ ਮੈਨ ਦੀ ਸਟਾਰ ਕਾਸਟ

ਸੀਰੀਜ਼ ਵਿੱਚ ਮੱਧ ਰੇਲਵੇ ਦੇ ਮਹਾ ਪ੍ਰਬੰਧਕ ਦੀ ਭੂਮਿਕਾ ਆਰ ਮਾਧਵਨ ਨੇ ਅਦਾ ਕੀਤੀ ਹੈ ਜਦਕਿ ਇਸ ਦੇ ਮੁੱਖ ਕਲਾਕਾਰ ਕੇ ਕੇ ਮੇਨਨ ਹਨ, ਜਿਨ੍ਹਾਂ ਨੇ ਭੋਪਾਲ ਰੇਲਵੇ ਸਟੇਸ਼ਨ ਦੇ ਸਹਾਇਕ ਸਟੇਸ਼ਨ ਮਾਸਟਰ ਗ਼ੁਲਾਮ ਦਸਤਗੀਰ ਦਾ ਰੋਲ ਨਿਭਾਇਆ ਹੈ।

ਇਨ੍ਹਾਂ ਤੋਂ ਇਲਾਵਾ ਮਰਹੂਮ ਅਦਾਕਾਰ ਇਰਫ਼ਾਨ ਖ਼ਾਨ ਦੇ ਪੁੱਤਰ ਬਾਬਿਲ ਖ਼ਾਨ ਨੇ ਵੀ ‘ਲੋਕੋ ਪਾਇਲਟ’ ਦੀ ਭੂਮਿਕਾ ਅਦਾ ਕੀਤੀ ਹੈ।

ਭੋਪਾਲ ਗੈਸ ਪੀੜਤਾਂ ਲਈ ਕੰਮ ਕਰ ਵਾਲੀ ਸੰਸਥਾ ‘ਭੋਪਾਲ ਗਰੁੱਪ ਫ਼ਾਰ ਇੰਫੋਰਮੇਸ਼ਨ ਐਂਡ ਐਕਸ਼ਨ’ ਦੀ ਸੰਯੋਜਕ ਰਚਨਾ ਢੀਂਗੜਾ ਦਾ ਕਹਿਣਾ ਹੈ ਕਿ ਬੇਸ਼ੱਕ ਸੀਰੀਜ਼ ਵਿੱਚ ਜ਼ਿਆਦਾ ਹਿੱਸਾ ਰੇਲਵੇ ਕਰਮਚਾਰੀਆਂ ਉੱਤੇ ਕੇਂਦਰਿਤ ਰਿਹਾ ਹੈ ਪਰ ਇਸ ਬਹਾਨੇ ਇਸ ਤ੍ਰਾਸਦੀ ਦੇ ਕਾਰਨਾਂ ਨੂੰ ਵੀ ਦਰਸਾਇਆ ਗਿਆ ਹੈ।

ਰਚਨਾ ਕਹਿੰਦੇ ਹਨ ਕਿ ਪਹਿਲੀ ਵਾਰ ਹੋਇਆ ਹੈ ਜਦੋਂ ਇਸ ਤ੍ਰਾਸਦੀ ਨੂੰ ਲੈ ਕੇ ਇਸ ਤਰ੍ਹਾਂ ਦੀ ਫ਼ਿਲਮ ਬਣੀ ਹੈ।

ਬੀਬੀਸੀ ਨਾਲ ਗੱਲਬਾਤ ਦੌਰਾਨ ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਹਮੇਸ਼ਾ ਇਸ ਗੱਲ ਨੂੰ ਲੈ ਕੇ ਹੈਰਾਨੀ ਹੁੰਦੀ ਰਹੀ ਕਿ ਐਨੀ ਵੱਡੀ ਤ੍ਰਾਸਦੀ ਉੱਤੇ ਕਿਸੇ ਨੇ ਕੋਈ ਫ਼ਿਲਮ ਬਣਾਉਣ ਦੀ ਪਹਿਲ ਕਿਉਂ ਨਹੀਂ ਕੀਤੀ।

ਉਹ ਕਹਿੰਦੇ ਹਨ, ‘‘ਰੇਲਵੇ ਦੇ ਕਰਮਚਾਰੀਆਂ ਜ਼ਰੀਏ ਹੀ ਸਹੀ, ਕਿਸੇ ਨੇ ਇਸ ਤ੍ਰਾਸਦੀ ਦੀ ਕਹਾਣੀ ਨੂੰ ਛੂਹਿਆ ਤਾਂ ਸੀ, ਇਹ ਵੱਡੀ ਗੱਲ ਹੈ।’’

ਭੋਪਾਲ

ਉਂਝ ਇਸ ਸੀਰੀਜ਼ ਦੀ ਕਹਾਣੀ ਅਸਲ ਘਟਨਾਵਾਂ ਤੋਂ ਪ੍ਰੇਰਿਤ ਜ਼ਰੂਰ ਹੈ। ਪਰ ਕਹਾਣੀ ਕਾਲਪਨਿਕ ਹੈ ਅਤੇ ਇਸ ਲਈ ਕਈ ਕਿਰਦਾਰ ਵੀ ਕਾਲਪਨਿਕ ਹਨ ਜਿਨ੍ਹਾਂ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਰਹੀ ਹੈ।

ਕਲੀਮ ਵੀ ਉਸ ਸਮੇਂ ‘ਪਲਾਂਟ’ ਵਿੱਚ ਮੌਜੂਦ ਲੋਕਾਂ ਬਾਰੇ ਕੁਝ ਦੱਸਣ ਦੇ ਹਾਲ ਵਿੱਚ ਨਹੀਂ ਹਨ।

ਉਹ ਕਹਿੰਦੇ ਹਨ, ‘‘ਜਦੋਂ ਰੌਲਾ ਪਿਆ, ਅਸੀਂ ਸਾਰੇ ਗੇਟ ਵੱਲ ਭੱਜੇ। ਸਾਡੀਆਂ ਅੱਖਾਂ ਵਿੱਚ ਜਲਨ ਹੋ ਰਹੀ ਸੀ। ਸਾਨੂੰ ਸਾਹ ਲੈਣ ਵਿੱਚ ਦਿੱਕਤ ਹੋ ਰਹੀ ਸੀ। ਸਾਨੂੰ ਪੱਕਾ ਹੋ ਗਿਆ ਸੀ ਕਿ ਇਹ ਗੈਸ ਲੀਕ ਹੈ ਅਤੇ ਹਵਾ ਵਿੱਚ ‘ਮਿਥਾਈਲ ਆਈਸੋਸਾਇਨੇਟ’ ਫ਼ੈਲ ਚੁੱਕੀ ਸੀ।’’

‘‘ਮੈਂ ਭੱਜ ਕੇ ਕਿੰਨੀ ਦੂਰ ਨਿਲ ਗਿਆ ਸੀ, ਉਸ ਸਮੇਂ ਅੰਦਾਜ਼ਾ ਨਹੀਂ ਸੀ। ਮੈਂ ਰੇਲਵੇ ਦੀ ਪੱਟੜੀ ਉੱਤੇ ਪਹੁੰਚ ਗਿਆ ਸੀ ਅਤੇ ਉੱਥੇ ਦੌੜਦਾ ਰਿਹਾ। ਮੈਂ ਬਹੁਤ ਦੂਰ ਨਿਕਲ ਗਿਆ, ਫ਼ਿਰ ਹੋਰ ਭੱਜਣ ਦੀ ਹਿੰਮਤ ਨਹੀਂ ਰਹੀ ਤਾਂ ਉੱਥੇ ਹੀ ਰੁਕਿਆ ਰਿਹਾ।’’

‘‘ਸਵੇਰ ਹੋ ਗਈ ਅਤੇ ਹਵਾ ਵਿੱਚ ਗੈਸ ਦਾ ਅਸਰ ਘੱਟ ਹੋਣ ਲੱਗਿਆ। ਮੈਨੂੰ ਆਪਣੇ ਪਰਿਵਾਰ ਦੀ ਚਿੰਤਾ ਹੋ ਰਹੀ ਸੀ। ਪਰ ਮੈਂ ਘਰ ਜਾਣ ਦੀ ਥਾਂ ਆਪਣੇ ਸਾਥੀਆਂ ਦੀ ਭਾਲ ਵਿੱਚ ਪਲਾਂਟ ਵੱਲ ਚਲਾ ਗਿਆ। ਸਾਬਿਰ ਭਾਈ, ਮਾਤਾ ਪ੍ਰਸਾਦ, ਗੰਗਾ ਰਾਮ ਪ੍ਰਜਾਪਤੀ ਅਤੇ ਅਨਵਰ ਮੀਆਂ ਦਾ ਕੋਈ ਥਹੁ-ਪਤਾ ਨਹੀਂ ਸੀ। ਉਨ੍ਹਾਂ ਨਾਲ ਕਦੇ ਮੇਰੀ ਮੁਲਾਕਾਤ ਨਹੀਂ।’’

‘ਲਾਸ਼ਾਂ ਹੀ ਲਾਸ਼ਾਂ ਦੇਖੀਆਂ’

ਸਾਬਿਰ
ਤਸਵੀਰ ਕੈਪਸ਼ਨ, ਸਾਬਿਰ ‘ਮਿਥਾਈਲ ਆਈਸੋਸਾਇਨੇਟ’ ਦੇ ਪਲਾਂਟ ਵਿੱਚ ਬਤੌਰ ਮਜ਼ਦੂਰ ਕੰਮ ਕਰਦੇ ਸਨ

ਕਲੀਮ ਦੇ ਘਰ ਤੋਂ ਕੁਝ ਕਿਲੋਮੀਟਰ ਦੂਰ ਭੋਪਾਲ ਦੇ ਕਬਾੜਖਾਨੇ ਦੇ ਇਲਾਕੇ ਵਿੱਚ ਸਾਬਿਰ ਨਾਮ ਦੇ ਇੱਕ ਸ਼ਖ਼ਸ ਰਹਿੰਦੇ ਹਨ। ਪਰ ਇਹ ਉਹ ਸਾਬਿਰ ਨਹੀਂ ਹਨ ਜਿਨ੍ਹਾਂ ਦੀ ਗੱਲ ਕਲੀਮ ਕਰ ਰਹੇ ਸਨ।

ਸਾਬਿਰ ‘ਮਿਥਾਈਲ ਆਈਸੋਸਾਇਨੇਟ’ ਦੇ ਪਲਾਂਟ ਵਿੱਚ ਬਤੌਰ ਮਜ਼ਦੂਰ ਕੰਮ ਕਰਦੇ ਸਨ। ਉਹ ਕਹਿੰਦੇ ਹਨ ਕਿ ਲੋੜ ਪੈਣ ਉੱਤੇ ਉਹ ਕਦੇ-ਕਦੇ ਮਸ਼ੀਨ ਵੀ ਚਲਾ ਲੈਂਦੇ ਸਨ।

ਜਿਸ ਵੇਲੇ ਅਸੀਂ ਸਾਬਿਰ ਨੂੰ ਮਿਲਣ ਗਏ ਤਾਂ ਉਹ ਬੇਹੱਦ ਬਿਮਾਰ ਸਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਾਹ ਲੈਣ ਵਿੱਚ ਦਿੱਕਤ ਹੁੰਦੀ ਹੈ ਅਤੇ ਉਨ੍ਹਾਂ ਦੇ ਸਿਰਫ਼ 20 ਫੀਸਦ ਫੇਫੜੇ ਹੀ ਕੰਮ ਕਰਦੇ ਹਨ।

ਹਲੇ ਹਦੀਸ ਮਸਜਿਦ ਦੇ ਸਾਹਮਣੇ ਪਤਲੀ ਜਿਹੀ ਗਲੀ ਵਿੱਚ ਮਕਾਨਾਂ ਦੇ ਝੁਰਮੁਟ ਵਿਚਾਲੇ ਉਨ੍ਹਾਂ ਦਾ ਛੋਟਾ-ਜਿਹਾ ਘਰ ਹੈ, ਜਿੱਥੇ ਘੱਟ ਵਾਟ ਦਾ ਇੱਕ ਬਲਬ ਚੱਲ ਰਿਹਾ ਹੈ। ਘਰ ਦੀਆਂ ਕੰਧਾਂ ਤੋਂ ਪਾਣੀ ਲੀਕ ਹੋ ਰਿਹਾ ਹੈ।

ਖੱਡਿਆਂ ਵਾਲੀ ਸੜਕ ਉੱਤੇ ਨਾਲੀਆਂ ਵਹਿ ਰਹੀਆਂ ਹਨ। ਇਸ ਵਜ੍ਹਾ ਕਰਕੇ ਇਲਾਕੇ ਵਿੱਚ ਬਦਬੂ ਫ਼ੈਲੀ ਹੋਈ ਹੈ।

ਸਾਬਿਰ ਕਹਿੰਦੇ ਹਨ, ‘‘ਉਸ ਦਿਨ ਵੀ ਇੱਕ ਬਦਬੂ ਫ਼ੈਲੀ ਸੀ ਜੋ ਅੱਜ ਤੱਕ ਦਿਲ ਅਤੇ ਦਿਮਾਗ ਤੋਂ ਜਾ ਨਹੀਂ ਪਾ ਰਹੀ। ਹੁਣ ਸਾਨੂੰ ਇਸ ਬਦਬੂ ਵਿੱਚ ਰਹਿਣਾ ਪੈਂਦਾ ਹੈ। ਉਸ ਦਿਨ ਮੈਂ ਡਿਊਟੀ ਖ਼ਤਮ ਕਰਕੇ 6 ਵਜੇ ਘਰ ਆ ਗਿਆ ਸੀ।’’

‘‘ਰਾਤ ਨੂੰ ਰੌਲਾ ਪਿਆ ਅਤੇ ਹਫ਼ੜਾ-ਦਫ਼ੜੀ ਮਚੀ। ਲੋਕ ਇੱਧਰ-ਉਧਰ ਭੱਜ ਰਹੇ ਸਨ। ਪਤਾ ਲੱਗਿਆ ਕਿ ਕਾਰਖ਼ਾਨੇ ਵਿੱਚ ਗੈਸ ਲੀਕ ਹੋਈ ਹੈ। ਮੈਂ ਆਪਣੇ ਸਾਥੀਆਂ ਦੀ ਮਦਦ ਲਈ ਮੂੰਹ ਉੱਤੇ ਕੱਪੜਾ ਬੰਨ੍ਹ ਕੇ ਪਲਾਂਟ ਵੱਲ ਭੱਜਿਆ। ਪਰ ਰਾਹ ਵਿੱਚ ਮੈਂ ਲਾਸ਼ਾਂ ਹੀ ਲਾਸ਼ਾਂ ਦੇਖੀਆਂ।’’

‘‘ਮੈਂ ਪਲਾਂਟ ਅੰਦਰ ਨਹੀਂ ਜਾ ਸਕਿਆ ਅਤੇ ਰਾਹ ਵਿੱਚ ਹੀ ਬੇਹੋਸ਼ ਹੋ ਗਿਆ। ਫ਼ਿਰ ਕਈ ਦਿਨਾਂ ਤੱਕ ਹਸਪਤਾਲ ਰਿਹਾ। ਉਦੋਂ ਤੋਂ ਮੈਨੂੰ ਸਾਹ ਲੈਣ ਵਿੱਚ ਦਿੱਕਤ ਹੋ ਰਹੀ ਹੈ। ਉਹ ਜ਼ਹਿਰੀਲੀ ਗੈਸ ਫੇਫੜਿਆਂ ਨੂੰ ਖ਼ਤਮ ਕਰ ਦਿੰਦੀ ਹੈ।’’

ਸ਼ਾਦਾਬ
ਤਸਵੀਰ ਕੈਪਸ਼ਨ, ਤਤਕਾਲੀ ਸਹਾਇਕ ਸਟੇਸ਼ਨ ਮਾਸਟਰ ਗੁਲਾਮ ਦਸਤਗੀਰ ਦੇ ਪੁੱਤਰ

ਸਾਬਿਰ ਗ਼ੁਰਬਤ ਵਿੱਚ ਜ਼ਿੰਦਗੀ ਗੁਜ਼ਾਰ ਰਹੇ ਹਨ। ਉਨ੍ਹਾਂ ਕੋਲ ਮੋਬਾਈਲ ਫ਼ੋਨ ਵੀ ਨਹੀਂ ਹੈ ਅਤੇ ਟੀਵੀ ਵੀ ਨਹੀਂ। ਇਸ ਲਈ ‘ਨੈੱਟਫ਼ਲਿਕਸ’ ਦੀ ਸੀਰੀਜ਼ – ‘ਦਿ ਰੇਲਵੇਮੈਨ’ ਬਾਰੇ ਉਨ੍ਹਾਂ ਨੂੰ ਕੁਝ ਪਤਾ ਨਹੀਂ ਹੈ।

ਪਰ ਮੁਹੱਲੇ ਦੇ ਜਿਨ੍ਹਾਂ ਲੋਕਾਂ ਨੇ ਇਸ ਨੂੰ ਦੇਖਿਆ ਉਹ ਇਸ ਦੀ ਸ਼ਲਾਘਾ ਕਰ ਰਹੇ ਹਨ।

ਹਾਲਾਂਕਿ ਭੋਪਾਲ ਰੇਲਵੇ ਸਟੇਸ਼ਨ ਦੇ ਤਤਕਾਲੀ ਸਹਾਇਕ ਸਟੇਸ਼ਨ ਮਾਸਟਰ ਗੁਲਾਮ ਦਸਤਗੀਰ ਨੂੰ ਮਰਿਆ ਸਮਝ ਕੇ ਉਨ੍ਹਾਂ ਨੂੰ ਹਸਪਤਾਲ ਦੇ ਮੁਰਦਾ ਘਰ ਵਿੱਚ ਲਿਜਾਇਆ ਗਿਆ ਸੀ ਜਿੱਥੇ ਉਹ ਉੱਠ ਕੇ ਬੈਠ ਗਏ ਸਨ। ਪਰ ਉਨ੍ਹਾਂ ਦੇ ਪੁੱਤਰ ਸ਼ਾਦਾਬ ਅਤੇ ਪਰਿਵਾਰ ਦੇ ਹੋਰ ਮੈਂਬਰ ਇਸ ਤੋਂ ਇਨਕਾਰ ਕਰਦੇ ਹਨ।

ਉਹ ਕਹਿੰਦੇ ਹਨ ਕਿ ਜੇ ਉਨ੍ਹਾਂ ਦੇ ਪਿਤਾ ਉਸ ਦਿਨ ਬਹਾਦਰੀ ਨਾ ਦਿਖਾਉਂਦੇ ਅਤੇ ਸਟੇਸ਼ਨ ਨੂੰ ਛੱਡ ਕੇ ਭੱਜ ਜਾਂਦੇ ਤਾਂ ਪਲੇਟਫਾਰਮ ਉੱਤੇ ਹਜ਼ਾਰਾਂ ਲੋਕਾਂ ਦੀ ਭੀੜ ਲਾਸ਼ਾਂ ਵਿੱਚ ਬਦਲ ਜਾਂਦੀ।

ਉਨ੍ਹਾਂ ਨੇ ਬੌਂਬੇ-ਗੋਰਖ਼ਪੁਰ ਐਸਕਪ੍ਰੈੱਸ ਟ੍ਰੇਨ ਨੂੰ ਵੀ ਭੋਪਾਲ ਸਟੇਸ਼ਨ ਤੋਂ ਫ਼ੌਰਨ ਰਵਾਨਾ ਕਰਵਾਇਆ ਸੀ ਅਤੇ ਸਟੇਸ਼ਨ ਉੱਤੇ ਬੇਹੋਸ਼ ਹੋਕੇ ਡਿੱਗੇ ਲੋਕਾਂ ਨੂੰ ਵੀ ਮਾਲ ਗੱਡੀ ਵਿੱਚ ਲੱਦ ਕੇ ਸੁਰੱਖਿਅਤ ਥਾਂ ਉੱਤੇ ਪਹੁੰਚਾਇਆ ਸੀ।

ਭੋਪਾਲ

ਤਸਵੀਰ ਸਰੋਤ, ARVIND SAHU

ਪਰ ਭੋਪਾਲ ਗਰੁੱਪ ਫ਼ਾਰ ਇਨਫਰਮੇਸ਼ਨ ਐਂਡ ਐਕਸ਼ਨ ਦੀ ਸੰਯੋਜਕ ਰਚਨਾ ਢੀਂਗੜਾ ਕਹਿੰਦੇ ਹਨ, ‘‘ਅਸੀਂ ਭੋਪਾਲ ਗੈਸ ਹਾਦਸੇ ਦੀ ਕਹਾਣੀ ਤਾਕਤਵਰ ਤਰੀਕੇ ਨਾਲ ਦੱਸਣ ਲਈ ‘ਦਿ ਰੇਲਵੇਮੈੱਨ’ ਦੇ ਨਿਰਮਾਤਾਵਾਂ ਅਤੇ ਕਲਾਕਾਰਾਂ ਨੂੰ ਧੰਨਵਾਦ ਕਹਿੰਦੇ ਹਾਂ।’’

‘‘ਇਹ ਅਸਲ ਵਿੱਚ ਖ਼ੁਸ਼ੀ ਦੀ ਗੱਲ ਹੈ ਕਿ ਨਿਰਮਾਤਾਵਾਂ ਨੇ ਆਫ਼ਤ ਦੇ ਪਿੱਛੇ ਕਾਰਪੋਰੇਟ ਸਾਜ਼ਿਸ਼ਾਂ ਅਤੇ ਸਰਕਾਰੀ ਉਦਾਸੀਨਤਾ ਅਤੇ ਉਸ ਦੇ ਲੰਬੇ ਸਮੇਂ ਦੇ ਨਤੀਜਿਆਂ ਨੂੰ ਸਪੱਸ਼ਟਤਾ ਨਾਲ ਉਜਾਗਰ ਕੀਤਾ ਹੈ।’’

‘‘ਸਾਨੂੰ ਉਮੀਦ ਹੈ ਕਿ ਇਸ ਸੀਰੀਜ਼ ਦੀ ਸਫ਼ਲਤਾ ਹੋਰ ਫ਼ਿਲਮ ਨਿਰਮਾਤਾਵਾਂ ਨੂੰ ਭੋਪਾਲ ਵਿੱਚ ਚੱਲ ਰਹੀ ਦੁਨੀਆ ਦੇ ਸਭ ਤੋਂ ਭਿਆਨਕ ਉਦਯੋਗਿਕ ਹਾਦਸੇ ਦੀ ਪੂਰੀ ਕਹਾਣੀ ਦੱਸਣ ਲਈ ਉਤਸ਼ਾਹਿਤ ਕਰੇਗੀ।’’

ਭੋਪਾਲ ਗੈਸ ਹਾਦਸੇ ਦੇ ਪੀੜਤਾਂ ਲਈ ਕੰਮ ਕਰਨ ਵਾਲੇ ਕਈ ਸੰਗਠਨਾਂ ਨੇ ਤ੍ਰਾਸਦੀ ਦੇ 39ਵੇਂ ਸਾਲ ਇਸ ਘੱਲ ਨੂੰ ਲੈ ਕੇ ਸੰਤੋਸ਼ ਜ਼ਾਹਿਰ ਕੀਤਾ ਹੈ ਕਿ ਉਨ੍ਹਾਂ ਦੀਆਂ ਕੋਸ਼ਿਸਾਂ ਨਾਲ ਅਮਰੀਕੀ ਕੰਪਨੀ ‘ਦਿ ਡਾਓ ਕੈਮਿਕਲ ਕੰਪਨੀ’ ਦੇ ਅਧਿਕਾਰੀ ਇਸ ਮਾਮਲੇ ਦੇ ਸਿਲਸਿਲੇ ਵਿੱਚ ਆਖ਼ਰਕਾਰ ਭੋਪਾਲ ਦੀ ਅਦਾਲਤ ਵਿੱਚ ਪੇਸ਼ ਹੋਏ।

ਭੋਪਾਲ

ਭੋਪਾਲ ਗੈਸ ਪੀੜਤ ਮਹਿਲਾ ਸਟੇਸ਼ਨਰੀ ਕਰਮਚਾਰੀ ਸੰਘ ਦੀ ਪ੍ਰਧਾਨ ਰਸ਼ੀਦਾ ਬੀ ਦਾ ਕਹਿਣਾ ਹੈ ਕਿ ‘ਦਿ ਡਾਓ ਕੈਮਿਕਲ ਕੰਪਨੀ’ ਯੂਨੀਅਨ ਕਾਰਬਾਈਡ ਦੀ ਮਾਲਕ ਹੋਣ ਕਾਰਨ ਉਸ ਦੀਆਂ ਅਪਰਾਧਿਕ ਜ਼ਿੰਮੇਵਾਰੀਆਂ ਲਈ ਵੀ ਜ਼ਿੰਮੇਵਾਰ ਹੈ।

ਦੂਜੇ ਪਾਸੇ ਗੈਸ ਪੀੜਤ ਨਿਰਾਸ਼੍ਰਿਤ ਪੈਨਸ਼ਨਭੋਗੀ ਸੰਘਰਸ਼ ਮੋਰਚਾ ਦੇ ਪ੍ਰਧਾਨ ਬਾਲਕ੍ਰਿਸ਼ਣ ਨਾਮਦੇਵ ਕਹਿੰਦੇ ਹਨ ਕਿ ਤਕਨੀਕੀ ਤੌਰ ਉੱਤੇ ਯੂਨੀਅਨ ਕਾਰਬਾਈਡ ਕੰਪਨੀ ਪਿਛਲੇ 31 ਸਾਲਾਂ ਤੋਂ ਅਦਾਲਤ ਤੋਂ ਫ਼ਰਾਰ ਰਹੀ ਹੈ।

ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਭੇਜ ਕੇ ਅਪੀਲ ਕੀਤੀ ਹੈ ਕਿ ਜਾਂਚ ਏਜੰਸੀਆਂ ‘ਡਾਓ ਕੈਮਿਕਲ’ ’ਤੇ ‘ਤੇਜ਼ ਮੁਕੱਦਮਾ’ ਕਰਨ ਤਾਂ ਜੋ ਲਗਭਗ ਚਾਰ ਦਹਾਕਿਆਂ ਤੋਂ ਇਤਜ਼ਾਰ ਕਰ ਰਹੇ ਭੋਪਾਲ ਦੇ ਲੋਕਾਂ ਨੂੰ ਇਨਸਾਫ਼ ਮਿਲ ਸਕੇ।

ਇਸ ਭਿਆਨਕ ਉਦਯੋਗਿਕ ਹਾਦਸੇ ਵਿੱਚ 25,000 ਲੋਕ ਮਾਰੇ ਗਏ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)