ਲੁਧਿਆਣਾ ਗੈਸ ਲੀਕ: ਮੁੱਢਲੀ ਰਿਪੋਰਟ ਵਿੱਚ ਜ਼ਹਿਰੀਲੀ ਗੈਸ ਬਣਨ ਦਾ ਕੀ ਕਾਰਨ ਨਜ਼ਰ ਆਇਆ

ਐੱਨਡੀਆਰਐੱਫ਼ ਦੇ ਅਧਿਕਾਰੀ ਡੀਐੱਲ ਜਾਖ਼ੜ ਨੇ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਜਿਸ ਗੈਸ ਨਾਲ ਮੌਤਾਂ ਹੋਈਆਂ ਹਨ, ਉਹ ਹਾਈਡ੍ਰੋਜਨ ਸਲ਼ਫਾਈਡ ਸੀ।
ਪਰ ਸੈਪਲਿੰਗ ਤੋਂ ਬਾਅਦ ਪਤਾ ਲੱਗਿਆ ਹੈ ਕਿ ਪੀੜਤ ਇਲਾਕੇ ਵਿੱਚ ਜ਼ਹਿਰੀਲੀ ਗੈਸ ਹੁਣ ਜ਼ੀਰੋ ਹੋ ਚੁੱਕੀ ਹੈ।
ਜਾਖੜ ਮੁਤਾਬਕ, ''ਗੈਸ ਨੂੰ ਖ਼ਤਮ ਕਰਨ ਲਈ ਸੀਵਰ ਲਾਇਨ ਵਿੱਚ ਕਾਸਟਿਕ ਸੋਡਾ ਪਾਇਆ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਲਗਾਤਾਰ ਸੈਂਪਲ ਲੈ ਕੇ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਮੇਂ ਸਮੇਂ ਉੱਤੇ ਜ਼ਹਿਰੀਲੀ ਗੈਸ ਦੀ ਕਿੰਨੀ ਮਾਤਰਾ ਮੌਜੂਦ ਹੈ।''
ਜਾਖੜ ਨੇ ਦੱਸਿਆ ਕਿ ਐੱਨਡੀਆਰਐੱਫ਼ ਦਾ ਕੰਮ ਸਿਰਫ਼ ਰਾਹਤ ਕਾਰਜ ਹੈ, ਇਹ ਗੈਸ ਕਿਵੇਂ ਬਣੀ ਇਸ ਬਾਰੇ ਤਾਂ ਉਹ ਨਹੀਂ ਦੱਸ ਸਕਦੇ ਪਰ ਉਹ ਇੰਨਾ ਜਰੂਰ ਦੱਸ ਸਕਦੇ ਹਨ ਕਿ ਗਰਾਊਂਡ ਉੱਤੇ ਇਸ ਗੈਸ ਦੀ ਮਾਤਰਾ ਹੁਣ ਜ਼ੀਰੋ ਹੋ ਚੁੱਕੀ ਹੈ।
ਉਨ੍ਹਾਂ ਕਿਹਾ ਦੁਪਹਿਰ ਸਮੇਂ ਆਖ਼ਰੀ ਟੈਸਟ ਕੀਤਾ ਜਾ ਰਿਹਾ ਹੈ ਅਤੇ ਹੁਣ ਇਹ ਥਾਂ ਪੂਰੀ ਤਰ੍ਹਾਂ ਸੁਰੱਖਿਅਤ ਹੈ।
ਲੁਧਿਆਣਾ ਵਿੱਚ ਐਤਵਾਰ ਨੂੰ ਹੋਏ ਗੈਸ ਲੀਕ ਹਾਦਸੇ ਵਿੱਚ 11 ਲੋਕਾਂ ਦੀ ਮੌਤ ਹੋ ਗਈ ਹੈ ਅਤੇ 4 ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਇਹ ਹਾਦਸਾ 30 ਅਪ੍ਰੈਲ ਦੀ ਸਵੇਰ ਨੂੰ ਵਾਪਰਿਆ ਸੀ ਅਤੇ ਕੁਝ ਹੀ ਸਮੇਂ ਵਿੱਚ ਜਾਂਚ ਅਤੇ ਰਾਹਤ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਸਨ।
ਜਾਂਚ ਅਜੇ ਵੀ ਜਾਰੀ ਹੈ ਤੇ ਇਸ ਦੇ ਨਾਲ ਹੀ ਕਈ ਸਵਾਲ ਵੀ ਖੜ੍ਹੇ ਹੋ ਰਹੇ ਹਨ ਕਿ ਕਿਹੜੀ ਗੈਸ ਇੰਨੀ ਜ਼ਹਿਰੀ ਸੀ, ਜਿਸ ਨੇ 11 ਜਾਨਾਂ ਲੈ ਲਈਆਂ ਤੇ ਆਖ਼ਰ ਉਹ ਘਰਾਂ ਤੱਕ ਪਹੁੰਚੀ ਕਿਵੇਂ।
ਬੀਬੀਸੀ ਸਹਿਯੋਗੀ ਗੁਰਮਿੰਦਰ ਸਿੰਘ ਗਰੇਵਾਲ ਨੇ ਅਜਿਹੇ ਹੀ ਕੁਝ ਸਵਾਲਾਂ ਦੇ ਜਵਾਬ ਪੁਲਿਸ ਅਧਿਕਾਰੀਆਂ ਅਤੇ ਜਾਂਚ ਟੀਮਾਂ ਕੋਲੋਂ ਜਾਣਨ ਦੀ ਕੋਸ਼ਿਸ਼ ਕੀਤੀ ਹੈ।
ਗੈਸ ਬਣੀ ਕਿਵੇਂ ਤੇ ਕੀ ਹੈ ਸਰੋਤ

ਤਸਵੀਰ ਸਰੋਤ, GURMINDER GREWAL/BBC
ਐਨਡੀਆਰਐਫ ਟੀਮ ਦੇ ਇੱਕ ਹੋਰ ਮੈਂਬਰ ਦੇਵ ਰਾਜ ਨੇ ਦੱਸਿਆ, ''ਅਜੇ ਤੱਕ ਸਿਰਫ ਇਹੀ ਪਤਾ ਲੱਗ ਸਕਿਆ ਹੈ ਕਿ ਇੱਥੇ ਹਾਈਡ੍ਰੋਜਨ ਸਲਫਾਈਡ ਗੈਸ ਹੈ। ਚੰਡੀਗੜ੍ਹ ਦੀ ਵੀ ਇੱਕ ਟੀਮ ਸੈਂਪਲ ਲੈ ਕੇ ਗਈ ਹੈ ਪਰ ਇਹ ਬਾਅਦ ਵਿੱਚ ਹੀ ਪਤਾ ਲੱਗ ਸਕੇਗਾ ਕਿ ਕਿਹੜੀ ਗੈਸ ਲੀਕ ਹੋਈ ਹੈ ਜਿਸ ਨਾਲ ਜ਼ਹਿਰੀਲੀ ਗੈਸ ਬਣੀ ਅਤੇ ਜਿਸ ਨਾਲ ਇੰਨੀਆਂ ਮੌਤਾਂ ਹੋਈਆਂ ਹਨ।''
ਉਨ੍ਹਾਂ ਦੱਸਿਆ ਕਿ ਗੈਸ ਕਿਵੇਂ ਬਣੀ ਹੋ ਸਕਦੀ ਹੈ ਅਤੇ ਇਸ ਦਾ ਸਰੋਤ ਕੀ ਹੋਵੇਗਾ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।
ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੱਧੂ ਨੇ ਕਿਹਾ ਹੈ ਸੈਪਲਿੰਗ ਦੀ ਮੁੱਢਲੀ ਰਿਪੋਰਟ ਵਿੱਚ ਪਤਾ ਲੱਗਿਆ ਕਿ ਸੀਵਰ ਵਿੱਚ ਇਲੈਟ੍ਰੋਰਪੇਲਟਿੰਗ ਦੀ ਰਹਿੰਦ-ਖੂੰਹਦ ਪਈ ਹੈ, ਜਿਸ ਕਾਰਨ ਇਹ ਗੈਸ ਬਣੀ ਹੈ।
ਭਾਵੇਂ ਕਿ ਅਜੇ ਤੱਕ ਇਹ ਸਾਫ਼ ਨਹੀਂ ਹੋਇਆ ਹੈ ਕਿ ਇਸ ਦਾ ਸਰੋਤ ਕਿਹੜੀ ਫੈਕਟਰੀ ਜਾਂ ਨਿਕਾਸੀ ਹੈ।
ਪਰ ਇਸ ਜਾਂਚ ਨੂੰ ਅੱਗੇ ਵਧਾਉਣ ਲਈ ਪੰਜਾਬ ਪ੍ਰਦੂਸ਼ਣ ਬੋਰਡ ਦਾ ਸਹਿਯੋਗ ਲਿਆ ਜਾ ਰਿਹਾ ਹੈ।
ਮਨਦੀਪ ਸਿੱਧੂ ਨੇ ਕਿਹਾ ਕਿ ਜਾਂਚ ਤੋਂ ਬਾਅਦ ਜੋ ਵੀ ਦੋਸ਼ੀ ਪਾਇਆ ਗਿਆ, ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਪ੍ਰਦੂਸ਼ਣ ਕੰਟਰੋਲ ਬੋਰਡ ਨੇ ਜੇਕਰ ਲੋੜੀਂਦਾ ਸਹਿਯੋਗ ਨਾਲ ਦਿੱਤਾ ਤਾਂ ਸਬੰਧਤ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕਦੀ ਹੈ। ਇਹ 11 ਮੌਤਾਂ ਦਾ ਹੀ ਮਸਲਾ ਨਹੀਂ ਹੈ, ਇਹ ਪੂਰੇ ਇਲਾਕੇ ਦੀਆਂ ਜ਼ਿੰਦਗੀਆਂ ਦਾ ਮਸਲਾ ਹੈ।
ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਨੇ ਵੀ ਛਾਪੇਮਾਰੀ ਸ਼ੁਰੂ ਕੀਤੀ ਗਈ ਹੈ ਅਤੇ ਫੈਕਟਰੀਆਂ ਦੇ ਸੈਂਪਲ ਭਰੇ ਜਾ ਰਹੇ ਹਨ।
ਘਰਾਂ ਤੱਕ ਕਿਵੇਂ ਪਹੁੰਚੀ ਗੈਸ

ਤਸਵੀਰ ਸਰੋਤ, GURMINDER GREWAL/BBC
ਗੈਸ ਘਰਾਂ ਤੱਕ ਕਿਵੇਂ ਪਹੁੰਚੀ ਸਵਾਲ ਦੇ ਜਵਾਬ ਵਿੱਚ ਦੇਵ ਰਾਜ ਨੇ ਦੱਸਿਆ ਕਿ ''ਹਾਦਸੇ ਵਾਲੀ ਥਾਂ ਲਾਗੇ ਇੱਕ ਸੀਵਰੇਜ ਦੀ ਪਾਈਪ ਲਾਈਨ ਹੈ, ਜਿਨ੍ਹਾਂ ਦੋ ਘਰਾਂ ਵਿੱਚ ਮੌਤਾਂ ਹੋਈਆਂ ਹਨ, ਉਨ੍ਹਾਂ ਘਰਾਂ ਦਾ ਇਸ ਸੀਵਰੇਜ ਨਾਲ ਕੁਨੈਕਸ਼ਨ ਹੈ।''
ਉਨ੍ਹਾਂ ਦੱਸਿਆ ਕਿ ਐੱਨਡੀਆਰਐਫ ਟੀਮ ਕੋਲ ਗੈਸ ਦੀ ਪਛਾਣ ਕਰਨ ਵਾਲੇ ਯੰਤਰ ਹਨ ਅਤੇ ਉਨ੍ਹਾਂ ਰਾਹੀਂ ਜਾਂਚਣ 'ਤੇ ਘਰਾਂ ਕੋਲ ਗੈਸ ਦੀ ਮੌਜੂਦਗੀ ਵਧੇਰੇ ਮਿਲੀ ਹੈ।
ਉਨ੍ਹਾਂ ਕਿਹਾ ਕਿ ਇਸੇ ਅਧਾਰ 'ਤੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਇੱਥੋਂ ਹੀ ਗੈਸ ਉਨ੍ਹਾਂ ਦੇ ਘਰਾਂ 'ਚ ਗਈ ਹੋਏ ਕਿਉਂ ਉਨ੍ਹਾਂ ਘਰਾਂ 'ਚ ਕੋਈ ਖਿੜਕੀ ਆਦਿ ਵੀ ਨਹੀਂ ਹੈ।
ਜਿਨ੍ਹਾਂ ਤਿੰਨ ਘਰਾਂ ਵਿੱਚ ਮੌਤਾਂ ਹੋਈਆਂ ਹਨ, ਉਹ ਨਾਲ ਨਾਲ ਹੀ ਲੱਗਦੇ ਹਨ ਇਨ੍ਹਾਂ ਅੱਗੇ ਤਿੰਨ ਮੇਨ ਹੋਲ ਦੇ

ਕਿਹੋ ਜਿਹਾ ਹੈ ਪੀੜਤ ਇਲਾਕਾ
- ਗਿਆਸਪੁਰਾ ਕਦੇ ਪਿੰਡ ਹੁੰਦਾ ਸੀ, ਜੋ ਹੁਣ ਲੁਧਿਆਣਾ ਦਾ ਵਾਰਡ ਨੂੰ 29 ਬਣ ਗਿਆ ਹੈ
- ਵਿਧਾਇਕ ਮਨਵਿੰਦਰ ਗਿਆਸਪੁਰਾ ਮਤਾਬਕ ਇੱਕ ਕਿਲੋਮੀਟਰ ਦੇ ਘੇਰੇ ਵਿੱਚ 25-26 ਹਜ਼ਾਰ ਵਸੋਂ ਹੈ
- 1990-91 ਤੋਂ ਇੱਥੇ ਸਨਅਤ ਵਿਕਸਤ ਹੋਈ ਅਤੇ ਇੱਥੇ ਗੈਰ ਯੋਜਨਾਬੱਧ ਸ਼ਹਿਰੀਕਰਨ ਹੋਇਆ
- ਸਨਅਤੀ ਖੇਤਰ ਹੋਣ ਕਾਰਨ ਇੱਥੇ ਬਹੁਤੀ ਵਸੋਂ ਪਰਵਾਸੀ ਮਜ਼ਦੂਰਾਂ ਦੀ ਹੈ
- 11 ਜਣੇ ਜਿਨ੍ਹਾਂ ਦੀ ਮੌਤ ਹੋਈ ਉਨ੍ਹਾਂ ਵਿੱਚੋਂ 5 ਇੱਕੋ ਪਰਵਾਸੀ ਪਰਿਵਾਰ ਦੇ ਸਨ
- ਮਜ਼ਦੂਰਾਂ ਦੀ ਕਾਫੀ ਵਸੋਂ ਕਰਕੇ ਛੋਟੇ-ਛੋਟੇ ਘਰ ਅਤੇ ਦੁਕਾਨਾਂ ਹਨ
- ਪ੍ਰਸਾਸ਼ਨ ਮੁਤਾਬਕ ਹਾਈਡ੍ਰੋਜਨ ਸਲਫਾਇਡ ਗੈਸ ਲੀਕ ਹੋਣ ਨਾਲ ਮੌਤਾਂ ਹੋਈਆਂ ਹਨ
- ਇਹ ਗੈਸ ਸੀਵਰ ਦੀ ਮੀਥੇਨ ਗੈਸ ਨਾਲ ਕੋਈ ਰਸਾਇਣ ਮਿਲਣ ਨਾਲ ਬਣੀ ਹੋ ਸਕਦੀ ਹੈ
- ਮਾਹਰਾਂ ਦੀ ਸਲਾਹ ਮੁਤਾਬਕ ਕਾਸਟਿਕ ਸੌਡਾ ਪਾ ਕੇ ਇਸ ਗੈਸ ਨੂੰ ਖਤਮ ਕੀਤਾ ਜਾ ਰਿਹਾ ਹੈ

ਕਿਵੇਂ ਬਣੀ ਜ਼ਹਿਰੀਲੀ ਗੈਸ

ਖੰਨਾ ਦੇ ਐਡੀਸ਼ਨਲ ਡਿਪਟੀ ਕਮਿਸ਼ਨ ਅਮਰਜੀਤ ਬੈਂਸ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਗੈਸ ਕਿਵੇਂ ਬਣੀ ਇਸ ਦਾ ਪਤਾ ਨਹੀਂ ਲੱਗ ਸਕਿਆ ਕਿਉਂਕਿ ਸੀਵਰ ਦੇ ਵਿੱਚ ਇਹ ਗੈਸ ਕੁਦਰਤੀ ਤਰੀਕੇ ਨਾਲ ਵੀ ਇਹ ਬਣਦੀ ਹੈ।
ਉਨ੍ਹਾਂ ਕਿਹਾ ਕਿ ਪਰ ਇਹ ਚੀਜ਼ ਜ਼ਰੂਰ ਦੇਖਣ ਵਾਲੀ ਹੈ ਕਿ ਗੈਸ ਜ਼ਿਆਦਾ ਮਾਤਰਾ 'ਚ ਕਿਵੇਂ ਬਣੀ।
ਉਨ੍ਹਾਂ ਕਿਹਾ ਕਿ ਇਹ ਸਾਫ਼ ਹੈ ਕਿ ਇਹ ਗੈਸ ਹਾਈਡ੍ਰੋਜਨ ਸਲਫਾਇਡ ਸੀ। ਜੋ ਕਿ ਨਿਊਰੋ ਟੌਕਸਿਕ (ਦਿਮਾਗ ਉੱਤੇ ਅਸਰਦਾਰ) ਸੀ , ਅਜਿਹੇ ਹੀ ਲੱਛਣ ਪੀੜਤਾਂ ਵਿੱਚ ਦਿਖੇ ਹਨ।
ਜਿਵੇਂ ਨੱਕ ਅਤੇ ਕੰਨ ਵਿੱਚੋਂ ਖੂਨ ਆਉਣਾ ਅਤੇ ਚਿਹਰੇ ਪੀਲ਼ੇ ਲੈ ਜਾਣੇ ਆਦਿ।
ਡੀਸੀ ਮੁਤਾਬਕ ਅਜਿਹਾ ਪ੍ਰਭਾਵ ਮਿਲ ਰਿਹਾ ਹੈ ਕਿ ਸੀਵਰ ਵਿੱਚ ਪੈਦਾ ਹੋਣ ਵਾਲੀ ਮੀਥੇਨ ਗੈਸ ਨਾਲ ਕੋਈ ਰਸਾਇਣ ਮਿਲ ਗਿਆ ਹੈ ਅਤੇ ਉਨ੍ਹਾਂ ਦੇ ਰਿਐਕਸ਼ਨ ਨਾਲ ਇਹ ਗੈਸ ਹੋਂਦ ਵਿੱਚ ਆਈ ਹੋਵੇਗੀ।
ਪਰ ਪੱਕਾ ਪਤਾ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ।

ਕੀ ਅਜੇ ਵੀ ਬਣ ਰਹੀ ਹੈ ਗੈਸ
ਏਡੀਸੀ ਅਮਰਜੀਤ ਬੈਂਸ ਮੁਤਾਬਕ, ਮਾਹਰਾਂ ਨੇ ਉਨ੍ਹਾਂ ਨੂੰ ਸੁਝਾਅ ਦਿੱਤਾ ਹੈ ਕਿ ਸੀਵਰੇਜ ਦੇ ਹਰੇਕ ਮੈਨਹੋਲ ਵਿੱਚ ਕਾਸਟਿਕ ਸੋਢਾ ਪਾਇਆ ਜਾਵੇ, ਜੋ ਕਿ ਹਾਈਡ੍ਰੋਜਨ ਸਲਫਾਈਡ ਦੇ ਅਸਰ ਨੂੰ ਘਟਾਉਂਦਾ ਹੈ ਅਤੇ ਟੀਮ ਨੇ ਪੂਰੀ ਲਾਈਨ ਵਿੱਚ ਸੋਢਾ ਪਾ ਦਿੱਤਾ ਹੈ।
ਉਨ੍ਹਾਂ ਕਿਹਾ, ''ਅਸੀਂ ਪੂਰੀ ਰਾਤ ਇੱਕ-ਇੱਕ ਘੰਟੇ ਬਾਅਦ ਦੋਬਾਰਾ ਰੀਡਿੰਗ ਲੈ ਰਹੇ ਹਾਂ ਕਿ ਗੈਸ ਦੁਬਾਰਾ ਤਾਂ ਨਹੀਂ ਬਣ ਰਹੀ। ਕਿਉਂਕਿ ਜੇ ਕੁਦਰਤੀ ਤਰੀਕੇ ਨਾਲ ਬਣੀ ਹੈ ਤਾਂ ਦੁਬਾਰਾ ਵੀ ਬਣ ਸਕਦੀ ਹੈ, ਸਾਨੂੰ ਧਿਆਨ ਰੱਖਣਾ ਪਵੇਗਾ।''
ਉਨ੍ਹਾਂ ਜਾਣਕਾਰੀ ਦਿੱਤੀ ਕਿ ਜਦੋਂ ਤੱਕ ਇਸ ਦੇ ਕਾਰਨਾਂ ਅਤੇ ਸਰੋਤਾਂ ਦਾ ਪਤਾ ਨਹੀਂ ਲੱਗ ਜਾਂਦਾ, ਇਲਾਕਾ ਖਾਲੀ ਹੀ ਰਖਾਂਗੇ ਕਿਉਂਕਿ ਸਾਵਧਾਨ ਰਹਿਣਾ ਬਹੁਤ ਜ਼ਰੂਰੀ ਹੈ।

ਲੁਧਿਆਣਾ ਗੈਸ ਹਾਦਸੇ ਦੇ ਮੁੱਖ ਬਿੰਦੂ
- ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਸੀਵਰੇਜ ਵਿੱਚੋਂ ਗੈਸ ਲੀਕ ਹੋਣ ਕਰਕੇ ਹਾਦਸਾ ਵਾਪਰਿਆ ਹੈ
- ਇਹ ਲੁਧਿਆਣਾ ਦਾ ਵਾਰਡ ਨੰਬਰ 29 ਹੈ, ਜਿੱਥੇ ਗੈਸ ਚੜ੍ਹਨ ਨਾਲ 11 ਲੋਕਾਂ ਦੀ ਮੌਤ ਹੋਈ ਹੈ
- ਗਿਆਸਪੁਰਾ ਨਾਮ ਦਾ ਇਹ ਇਲਾਕਾ ਸੰਘਣੀ ਅਬਾਦੀ ਵਾਲਾ ਹੈ ਜਿੱਥੇ ਕਈ ਪਰਵਾਸੀ ਵੀ ਰਹਿੰਦੇ ਹਨ
- ਐਨਡੀਆਰਐੱਫ ਦੀ ਟੀਮ ਮੌਕੇ ਉੱਪਰ ਹੈ ਤੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ
- ਕਰੀਬ ਇੱਕ ਕਿਲੋਮੀਟਰ ਦੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ, ਇਲਾਕੇ ਵਿੱਚ ਦੁਕਾਨਾਂ ਨੂੰ ਬੰਦ ਕਰਵਾ ਦਿੱਤਾ ਗਿਆ ਹੈ
- ਗਿਆਸਪੁਰਾ ਦੇ ਲੋਕਾਂ ਨੂੰ ਮਾਸਕ ਪਾ ਕੇ ਰੱਖਣ ਲਈ ਹਦਾਇਤਾਂ ਦਿੱਤੀਆਂ ਗਈਆਂ ਹਨ
- ਪੰਜਾਬ ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ

ਚਸ਼ਮਦੀਦਾਂ ਨੇ ਕੀ ਦੇਖਿਆ?

ਤਸਵੀਰ ਸਰੋਤ, GURMINDER GREWAL/BBC
ਸ਼ਿਵਮ ਸਿੰਘ ਘਟਨਾ ਵਾਲੀ ਥਾਂ ਨੇੜੇ ਹੀ ਰਹਿੰਦੇ ਹਨ। ਉਹ ਦੱਸਦੇ ਹਨ ਕਿ ਜਦੋਂ ਬਦਬੂ ਆਉਣ ਲੱਗੀ ਤਾਂ ਉਹਨਾਂ ਨੇ ਬਾਹਰ ਆ ਕੇ ਦੇਖਿਆ।
ਸ਼ਿਵਮ ਸਿੰਘ ਕਹਿੰਦੇ ਹਨ, “ਮੈਂ ਸੋਚਿਆਂ ਕਿ ਕੱਲ੍ਹ ਬਾਰਿਸ਼ ਹੋਈ ਸੀ, ਇਸ ਲਈ ਬਦਬੂ ਆ ਰਹੀ ਹੋਣੀ ਹੈ। ਪਰ ਫਿਰ ਬਦਬੂ ਵੱਧ ਗਈ ਤਾਂ ਮੈਂ ਦੂਰ ਹੋ ਕੇ ਦੇਖਿਆ, ਬੰਦੇ ਡਿੱਗੇ ਹੋਏ ਸਨ। ਗੈਸ ਦੀ ਸਮੈੱਲ ਬਹੁਤ ਤੇਜ਼ ਸੀ। ਇਸ ਦੌਰਾਨ ਇੱਕ ਬਿੱਲੀ ਵੀ ਮਰ ਗਈ।”
ਉਹ ਦੱਸਦੇ ਹਨ, “ਸੜਕ ਉੱਪਰ ਪਏ ਲੋਕਾਂ ਦੀ ਵਾਇਰਲ ਹੋਈ ਵੀਡੀਓ ਮੈਂ ਬਣਾਈ ਸੀ। ਇਹ ਕਰੀਬ ਸਵਾ ਸੱਤ ਵਜੇ ਦਾ ਸਮਾਂ ਸੀ। ਬੰਦੇ ਡਿੱਗੇ ਹੋਏ ਸਨ ਅਤੇ ਕੋਈ ਵੀ ਉਹਨਾਂ ਨੂੰ ਦੇਖ ਨਹੀਂ ਰਿਹਾ ਸੀ। ਅੱਜ ਐਤਵਾਰ ਕਰਕੇ ਭੀੜ ਘੱਟ ਸੀ ਪਰ ਉਂਝ ਫੈਕਟਰੀਆਂ ਵਾਲਾ ਇਲਾਕਾ ਹੋਣ ਕਰਕੇ ਇੱਥੇ ਰੋਜ਼ ਭੀੜ ਹੁੰਦੀ ਹੈ।”
ਇੱਕ ਹੋਰ ਨੌਜਵਾਨ ਅਰਵਿੰਦ ਚੌਬੇ ਨੇ ਦੱਸਿਆ, “ਮੈਂ ਸਵੇਰੇ-ਸਵੇਰੇ ਕ੍ਰਿਕਟ ਖੇਡਣ ਜਾ ਰਿਹਾ ਸੀ। ਸਾਨੂੰ ਲੱਗਾ ਕਿ ਇਹ ਗੈਸ ਲੀਕ ਦਾ ਮਾਮਲਾ ਹੈ ਤਾਂ ਮੈਂ ਆਪਣਾ ਮੂੰਹ ਢੱਕ ਲਿਆ ਅਤੇ ਉਸ ਥਾਂ ਤੋਂ ਦੂਰ ਚਲਾ ਗਿਆ।”
ਅਰਵਿੰਦ ਕਹਿੰਦੇ ਹਨ, “ਮੈਂ ਥੋੜ੍ਹਾ ਅੱਗੇ ਜਾ ਕੇ ਪੁਲਿਸ ਪਾਰਟੀ ਅਤੇ ਐਂਬੂਲੈਂਸ ਨੂੰ ਫੋਨ ਕੀਤਾ। ਕਰੀਬ 10 ਮਿੰਟ ਵਿੱਚ ਪੁਲਿਸ ਆ ਗਈ ਅਤੇ 15 ਕੁ ਮਿੰਟ ਬਾਅਦ ਐਂਬੂਲੈਂਸ ਆ ਗਈ ਸੀ। ਫਿਰ ਪੁਲਿਸ ਲੋਕਾਂ ਨੂੰ ਕਾਬੂ ਕਰਨ ਵਿੱਚ ਲੱਗ ਗਈ। ਦੇਖਣ ਵਾਲੇ ਲੋਕਾਂ ਵਿੱਚੋਂ ਵੀ ਕਈ ਗੈਸ ਦੇ ਪ੍ਰਭਾਵ ਵਿੱਚ ਆ ਗਏ।
ਕਿਵੇਂ ਅਤੇ ਕਿੱਥੇ ਵਾਪਰਿਆ ਹਾਦਸਾ

ਤਸਵੀਰ ਸਰੋਤ, GURMINDER GREWAL/BBC
ਗੈਸ ਲੀਕ ਹੋਣ ਦੀ ਇਹ ਘਟਨਾ ਲੁਧਿਆਣਾ ਸ਼ਹਿਰ ਦੇ ਗਿਆਸਪੁਰਾ ਇਲਾਕੇ ਵਿੱਚ ਵਾਪਰੀ ਹੈ।
ਇਹ ਸ਼ਹਿਰ ਦੇ ਬਿਲਕੁਲ ਅੰਦਰ ਸੰਘਣੀ ਵਸੋਂ ਵਾਲਾ ਇਲਾਕਾ ਹੈ ਪਰ ਇਸ ਇਲਾਕੇ ਵਿੱਚ ਫੈਕਟਰੀਆਂ ਵੀ ਹਨ।
30 ਅਪ੍ਰੈਲ ਦੀ ਸਵੇਰੇ ਅਚਾਨਕ ਇੱਕ ਦੁੱਧ ਦੀ ਦੁਕਾਨ ਨੇੜੇ ਗੈਸ ਫੈਲਣ ਕਾਰਨ ਲੋਕਾਂ ਦੇ ਬੇਹੋਸ਼ ਹੋਣ ਅਤੇ ਮਾਰੇ ਜਾਣ ਦੀਆਂ ਰਿਪੋਰਟ ਆਉਣ ਲੱਗੀਆਂ।
ਮੌਕੇ ਉੱਤੇ ਤੁਰੰਤ ਰਾਹਤ ਟੀਮਾਂ ਪਹੁੰਚੀਆਂ ਅਤੇ ਇਲਾਕਾ ਖਾਲੀ ਕਰਵਾਇਆ ਗਿਆ।
ਇਸ ਹਾਦਸੇ ਵਿੱਚ 11 ਲੋਕਾਂ ਦੀ ਜਾਨ ਚਲੀ ਗਈ ਹੈ ਜਦਕਿ 4 ਜ਼ੇਰੇ ਇਲਾਜ ਹਨ।
ਬਾਅਦ ਵਿੱਚ ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹ ਜ਼ਹਿਰੀ ਗੈਸ ਸੀਵਰੇਜ ਤੋਂ ਫੈਲੀ ਹੈ ਅਤੇ ਇਸ ਸਭਦੀ ਅਜੇ ਹੋਰ ਜਾਂਚ ਜਾਰੀ ਹੈ।













