ਲੁਧਿਆਣਾ ਹਾਦਸਾ: ਸਿਹਤ ਮੰਤਰੀ ਨੇ ਕਿਹਾ ਸੀਵਰੇਜ ਤੋਂ ਗੈਸ ਨਿਕਲਣ ਕਾਰਨ ਹੋਇਆ ਹਾਦਸਾ, ਹੁਣ ਤੱਕ ਕੀ ਕੁਝ ਪਤਾ ਲੱਗਾ

ਲੁਧਿਆਣਾ ਗੈਸ ਹਾਦਸਾ
ਤਸਵੀਰ ਕੈਪਸ਼ਨ, ਮਰਨ ਵਾਲੇ 11 ਲੋਕਾਂ ਵਿੱਚ ਤਿੰਨ ਬੱਚੇ ਅਤੇ ਚਾਰ ਔਰਤਾਂ ਸ਼ਾਮਿਲ ਹਨ
    • ਲੇਖਕ, ਗੁਰਮਿੰਦਰ ਸਿੰਘ ਗਰੇਵਾਲ
    • ਰੋਲ, ਬੀਬੀਸੀ ਸਹਿਯੋਗੀ

ਲੁਧਿਆਣਾ 'ਚ ਗੈਸ ਲੀਕ ਹੋਣ ਕਾਰਨ ਹੁਣ ਤੱਕ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ ਹੈ ਅਤੇ 4 ਲੋਕ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।

ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸੀਵਰੇਜ ਵਿੱਚੋਂ ਗੈਸ ਨਿਕਲਣ ਕਾਰਨ ਹਾਦਸਾ ਹੋਇਆ ਹੈ।

ਇਲਾਕੇ ਨੂੰ ਫਿਲਹਾਲ ਸੀਲ ਕਰ ਦਿੱਤਾ ਗਿਆ ਹੈ। ਐਨਡੀਆਰਐਫ ਅਤੇ ਪੁਲਿਸ ਦੀਆਂ ਹੋਰ ਟੀਮਾਂ ਮੌਕੇ ਉੱਤੇ ਮੌਜੂਦ ਹਨ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਦੁਰਘਟਨਾ ਉੱਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਆਓ, 6 ਨੁਕਤਿਆਂ ਰਾਹੀਂ ਸਮਝੀਏ ਕਿ ਹਾਦਸਾ ਕਿਵੇਂ ਵਾਪਰਿਆ ਤੇ ਪ੍ਰਸ਼ਾਸਨ ਕੀ ਕਰ ਰਿਹਾ

ਲੁਧਿਆਣਾ ਗੈਸ ਹਾਦਸਾ
ਤਸਵੀਰ ਕੈਪਸ਼ਨ, ਗਿਆਸਪੁਰਾ ਇਲਾਕਾ ਸੀਲ ਕਰ ਦਿੱਤਾ ਗਿਆ ਹੈ
ਲੁਧਿਆਣਾ ਗੈਸ ਹਾਦਸਾ

ਕਿੱਥੇ ਵਾਪਰਿਆ ਹਾਦਸਾ

ਗੈਸ ਲੀਕ ਹੋਣ ਦੀ ਇਹ ਘਟਨਾ ਲੁਧਿਆਣਾ ਸ਼ਹਿਰ ਦੇ ਗਿਆਸਪੁਰਾ ਇਲਾਕੇ ਵਿੱਚ ਵਾਪਰੀ ਹੈ।

ਇਹ ਸ਼ਹਿਰ ਦੇ ਬਿਲਕੁਲ ਅੰਦਰ ਸੰਘਣੀ ਵਸੋਂ ਵਾਲਾ ਇਲਾਕਾ ਹੈ ਪਰ ਇਸ ਇਲਾਕੇ ਵਿੱਚ ਫੈਕਟਰੀਆਂ ਵੀ ਹਨ।

30 ਅਪ੍ਰੈਲ ਦੀ ਸਵੇਰੇ ਅਚਾਨਕ ਇੱਕ ਦੁੱਧ ਦੀ ਦੁਕਾਨ ਨੇੜੇ ਗੈਸ ਫੈਲਣ ਕਾਰਨ ਲੋਕਾਂ ਦੇ ਬੇਹੋਸ਼ ਹੋਣ ਅਤੇ ਮਾਰੇ ਜਾਣ ਦੀਆਂ ਰਿਪੋਰਟ ਆਉਣ ਲੱਗੀਆਂ।

ਵੀਡੀਓ ਕੈਪਸ਼ਨ, 'ਮੇਰੇ ਵਿਆਹ ਦੀ ਵਰ੍ਹੇਗੰਢ ਵਾਲੇ ਦਿਨ ਭੈਣ ਦੀ ਮੌਤ ਦੀ ਖ਼ਬਰ ਆ ਗਈ'
ਲਾਈਨ

ਲੁਧਿਆਣਾ ਗੈਸ ਹਾਦਸੇ ਦੇ ਮੁੱਖ ਬਿੰਦੂ

  • ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਸੀਵਰੇਜ ਵਿੱਚੋਂ ਗੈਸ ਲੀਕ ਹੋਣ ਕਰਕੇ ਹਾਦਸਾ ਵਾਪਰਿਆ ਹੈ
  • ਇਹ ਲੁਧਿਆਣਾ ਦਾ ਵਾਰਡ ਨੰਬਰ 29 ਹੈ, ਜਿੱਥੇ ਗੈਸ ਚੜ੍ਹਨ ਨਾਲ 11 ਲੋਕਾਂ ਦੀ ਮੌਤ ਹੋਈ ਹੈ।
  • ਗਿਆਸਪੁਰਾ ਨਾਮ ਦਾ ਇਹ ਇਲਾਕਾ ਸੰਘਣੀ ਅਬਾਦੀ ਵਾਲਾ ਹੈ ਜਿੱਥੇ ਕਈ ਪਰਵਾਸੀ ਵੀ ਰਹਿੰਦੇ ਹਨ।
  • ਐਨਡੀਆਰਐੱਫ ਦੀ ਟੀਮ ਮੌਕੇ ਉੱਪਰ ਹੈ ਤੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ।
  • ਕਰੀਬ ਇੱਕ ਕਿਲੋਮੀਟਰ ਦੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ, ਇਲਾਕੇ ਵਿੱਚ ਦੁਕਾਨਾਂ ਨੂੰ ਬੰਦ ਕਰਵਾ ਦਿੱਤਾ ਗਿਆ ਹੈ।
  • ਗਿਆਸਪੁਰਾ ਦੇ ਲੋਕਾਂ ਨੂੰ ਮਾਸਕ ਪਾ ਕੇ ਰੱਖਣ ਲਈ ਹਦਾਇਤਾਂ ਦਿੱਤੀਆਂ ਗਈਆਂ ਹਨ
ਲਾਈਨ

ਹੁਣ ਤੱਕ ਕਿੰਨਾ ਜਾਨੀ ਨੁਕਸਾਨ

ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ
ਤਸਵੀਰ ਕੈਪਸ਼ਨ, ਲੁਧਿਆਣਾ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਮੀਡੀਆ ਨਾਲ ਗੱਲ ਕਰਦੇ ਹੋਏ।
ਲੁਧਿਆਣਾ ਗੈਸ ਲੀਕ

ਗੈਸ ਲੀਕ ਮਾਮਲੇ ਬਾਰੇ ਪ੍ਰਸ਼ਾਸਨ ਨੇ ਕੀ ਕਿਹਾ?

ਡੀਜੀਪੀ (ਲਾਅ ਐਂਡ ਆਰਡਰ) ਅਰਪਿਤ ਸ਼ੁਕਲਾ ਨੇ ਕਿਹਾ, “ਹੁਣ ਤੱਕ ਦੀ ਜਾਣਕਾਰੀ ਮੁਤਾਬਕ ਇਹ ਇੱਕ ਅਜਿਹੀ ਗੈਸ ਹੈ ਜੋ ਦੋ ਕੰਪਾਉਡ ਦੇ ਮਿਲਣ ਨਾਲ ਬਣੀ ਹੈ। ਸੀਵਰੇਜ ਨਾਲੇ ਵਿੱਚ ਅਜਿਹੀ ਚੀਜ਼ ਪਾਈ ਗਈ ਜਿਸ ਨਾਲ ਇਹ ਗੈਸ ਪੈਦਾ ਹੋਈ।”

ਉਨ੍ਹਾਂ ਕਿਹਾ, “ਜਿਸ ਥਾਂ ਤੇ ਇਹ ਘਟਨਾ ਘਟੀ ਉੱਥੇ ਨਾਲੇ ਵਿੱਚ ਸੁਰਾਖ ਸੀ, ਇਸ ਕਾਰਨ ਏਥੇ ਜਿਆਦਾ ਪ੍ਰਭਾਵ ਪਿਆ।”

“ਪੁਲਿਸ ਵੱਲੋਂ ਆਈਪੀਸੀ ਦੀ ਧਾਰਾ 304 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜਿਵੇਂ ਹੀ ਇਸ ਮਾਮਲੇ ਦੇ ਦੋਸ਼ੀਆਂ ਦਾ ਪਤਾ ਲੱਗਦਾ ਹੈ, ਉਹਨਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ਵਿੱਚ ਨਿਆਇਕ ਜਾਂਚ ਦੇ ਹੁਕਮ ਦਿੱਤੇ ਗਏ ਹਨ।”

ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਕਿਹਾ, “ਜੋ ਗੈਸ ਪਾਈ ਗਈ ਹੈ ਉਹ ਹਾਈਡਰੋਜਨ ਸਲਫਾਇਡ ਹੈ। ਜੋ ਸੀਵਰੇਜ ਵਿੱਚ ਮੀਥੇਨ ਗੈਸ ਹੁੰਦੀ ਹੈ, ਉਸ ਨਾਲ ਕੁਝ ਮਿਲ ਕੇ ਹਾਈਡਰੋਜਨ ਸਲਫਾਇਡ ਬਣੀ। ਇਹ ਇੱਕ ਭਿਆਨਕ ਗੈਸ ਹੁੰਦੀ ਹੈ।”

ਸੁਰਭੀ ਮਲਿਕ ਨੇ ਦੱਸਿਆ, “ਜੋ ਕੈਮੀਕਲ ਪਾਇਆ ਗਿਆ ਹੈ ਉਹ ਕੀ ਹੈ ਇਸ ਲਈ ਐਨਡੀਆਰਐੱਫ਼ ਨੇ ਸੈਂਪਲ ਲੈ ਕੇ ਪ੍ਰਦੂਸ਼ਨ ਕੰਟਰੋਲ ਬੋਰਡ ਨੂੰ ਦੇ ਦਿੱਤੇ ਗਏ ਹਨ ਤਾਂ ਜੋ ਉਹ ਸੈਂਪਲ ਦੀ ਚੈਕਿੰਗ ਕਰਵਾ ਸਕਣ। ਇਹ ਜਾਂਚ ਵਿੱਚ ਵੀ ਸਹਾਇਕ ਹੋਵੇਗਾ ਕਿ ਕਿੱਥੇ ਕੀ ਪਿਆ ਸੀ।”

 ਲੁਧਿਆਣਾ

ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਗੈਸ ਨੇ ਫੇਫੜਿਆਂ 'ਤੇ ਕੋਈ ਪ੍ਰਭਾਵ ਨਹੀਂ ਪਾਇਆ ਬਲਕਿ ਦਿਮਾਗ 'ਤੇ ਅਸਰ ਕੀਤਾ ਹੈ।

ਇਸ ਕਾਰਨ ਕਈਆਂ ਦੇ ਕੰਨਾਂ ਅਤੇ ਅੱਖਾਂ ਵਿੱਚੋਂ ਖੂਨ ਆਇਆ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਚਾਰ ਜਣੇ ਗੰਭੀਰ ਹਨ ਪਰ ਖ਼ਤਰੇ ਤੋਂ ਬਾਹਰ ਹਨ।

ਉਨ੍ਹਾਂ ਦੱਸਿਆ ਹੈ ਕਿ ਡਰੋਨ ਨਾਲ ਵੀ ਇਲਾਕੇ ਦੀ ਛਾਣ-ਬੀਣ ਕੀਤੀ ਜਾ ਰਹੀ ਹੈ, ਜਿਸ ਦੌਰਾਨ ਇੱਕ ਘਰ ਵਿੱਚ ਇੱਕ ਕੁੱਤਾ ਤੇ ਬਿੱਲੀ ਵੀ ਪ੍ਰਭਾਵਿਤ ਮਿਲੇ ਹਨ।

ਪੀੜਤਾਂ ਨੇ ਕੀ ਦੱਸਿਆ?

ਲੁਧਿਆਣਾ ਗੈਸ ਹਾਦਸਾ

ਇੱਕ ਮਹਿਲਾ ਨੇ ਖ਼ਬਰ ਏਜੰਸੀ ਏਐਨਆਈ ਨਾਲ ਗੱਲ ਕਰਦਿਆਂ ਕਿਹਾ ਕਿ 'ਮੇਰਾ ਪਰਿਵਾਰ ਅੰਦਰ ਹੈ ਤੇ ਮੇਰਾ ਪੁੱਤਰ ਬਾਹਰ ਲਾਸ਼ਾਂ ਚੁੱਕ-ਚੁੱਕ ਕੇ ਗੱਡੀ 'ਚ ਰੱਖ ਰਿਹਾ ਹੈ, ਮੈਂ ਕੀ ਕਹਾਂ।''

ਹਾਦਸੇ ਵਾਲੇ ਇਲਾਕੇ ਦੇ ਵਸਨੀਕ ਡਾਕਟਰ ਸ਼ੰਭੂ ਨਰਾਇਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ 5 ਪਰਿਵਾਰਕ ਮੈਂਬਰ ਬੇਹੋਸ਼ ਹਨ।

ਇੱਕ ਹੋਰ ਵਿਅਕਤੀ ਅੰਜਨ ਕੁਮਾਰ ਨੇ ਮੀਡੀਆ ਨਾਲ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਚਾਚੇ ਦਾ ਸਾਰਾ ਪਰਿਵਾਰ ਬੇਹੋਸ਼ ਹੈ।

ਉਨ੍ਹਾਂ ਦੱਸਿਆ, 'ਮੇਰੇ ਚਾਚੇ ਦਾ ਸਾਰਾ ਪਰਿਵਾਰ ਬੇਹੋਸ਼ ਪਿਆ ਹੈ। ਉਨ੍ਹਾਂ ਵਿੱਚੋਂ 2 ਦਾ ਸਰੀਰ ਤਾਂ ਅਜੇ ਗਰਮ ਹੈ ਪਰ ਬਾਕੀ ਤਿੰਨ ਦਾ ਸਰੀਰ ਪੂਰੀ ਤਰ੍ਹਾਂ ਨੀਲਾ ਪੈ ਚੁੱਕਿਆ ਹੈ।''

ਉਨ੍ਹਾਂ ਮ੍ਰਿਤਕਾਂ ਬਾਰੇ ਗੱਲ ਕਰਦਿਆਂ ਕਿਹਾ ਕਿ 'ਮੈਂ ਸਿਰਫ਼ ਆਪਣੇ ਚਾਚੇ ਬਾਰੇ ਜਾਣਦਾ ਹਾਂ, ਹੋਰ ਨਹੀਂ ਪਤਾ। ਮੇਰੀ ਛੋਟੀ ਭੈਣ ਦੀ ਵੀ ਮੌਤ ਹੋ ਗਈ ਹੈ।''

ਉਨ੍ਹਾਂ ਕਿਹਾ ਕਿ ਗੈਸ ਬਹੁਤ ਜ਼ਹਿਰੀਲੀ ਹੈ, 'ਤੁਸੀਂ ਸਾਹ ਵੀ ਨਹੀਂ ਲੈ ਸਕਦੇ।''

ਭਗਵੰਤ ਮਾਨ

ਮੈਂ ਹੈਰਾਨ ਹਾਂ ਕਿ ਕਿਹੜੀ ਗੈਸ ਹੈ ਜਿਸ ਨਾਲ ਤੁਰੰਤ ਮੌਤਾਂ ਹੋ ਗਈਆਂ: ਸਿਹਤ ਮੰਤਰੀ

ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ

ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਦੱਸਿਆ ਕਿ ਮਰਨ ਵਾਲੇ 11 ਲੋਕਾਂ ਵਿੱਚ ਤਿੰਨ ਬੱਚੇ ਅਤੇ ਚਾਰ ਔਰਤਾਂ ਸ਼ਾਮਿਲ ਹਨ।

ਉਹਨਾਂ ਕਿਹਾ ਕਿ ਚਾਰ ਮਰੀਜਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਕਿਹਾ, “ਮੈਂ ਖੁਦ ਇੱਕ ਡਾਕਟਰ ਹੋਣ ਵੱਜੋਂ ਹੈਰਾਨ ਹਾਂ ਕਿ ਅਜਿਹੀ ਕਿਹੜੀ ਗੈਸ ਹੈ ਜਿਸ ਨਾਲ ਏਨੀਆਂ ਜਿਆਦਾ ਮੌਤਾਂ ਹੋ ਗਈਆ ਹਨ। ਜੋ ਸੀਵਰੇਜ ਦੀ ਗੈਸ ਹੁੰਦੀ ਹੈ, ਉਸ ਨਾਲ ਜ਼ਮੀਨ ਉਪਰ ਮੌਤ ਨਹੀਂ ਹੁੰਦੀ। ਅਸੀਂ ਦੇਖਦੇ ਹਾਂ ਕਿ ਜਿਸ ਨਾਲ ਤੁਰੰਤ ਮੌਤਾਂ ਹੋ ਗਈਆਂ, ਉਹ ਕਿਹੜੀ ਗੈਸ ਹੈ?”

ਉਨ੍ਹਾਂ ਦੱਸਿਆ, “ਜਿੰਨਾਂ ਲੋਕਾਂ ਦੀ ਮੌਤ ਹੋ ਗਈ ਹੈ, ਉਹਨਾਂ ਦੇ ਪਰਿਵਾਰ ਲਈ 2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਦਿੱਤਾ ਜਾ ਰਹੇ ਹਨ।”

ਲੁਧਿਆਣਾ ਗੈਸ ਹਾਦਸਾ

ਕਿਵੇਂ ਲੀਕ ਹੋਈ ਗੈਸ

ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਬੀਬੀਸੀ ਨਾਲ ਗੱਲ ਕਰਦਿਆਂ ਦੱਸਿਆ ਕਿ ਸੀਵਰੇਜ ਦੇ ਢੱਕਣ ਕੋਲੋਂ ਗੈਸ ਚੜ੍ਹੀ ਹੈ ਅਤੇ ਉੱਥੇ ਹੀ ਮੌਤਾਂ ਹੋਈਆਂ ਹਨ।

ਉਨ੍ਹਾਂ ਕਿਹਾ ਕਿ ''ਲੋਕ ਕਿਆਸ ਲਗਾ ਰਹੇ ਹਨ ਕਿ ਇੱਥੇ ਇੱਕ ਆਦਤ ਹੈ ਕਿ ਕੈਮੀਕਲ ਨੂੰ ਸਿਰਵੇਜ 'ਚ ਪਾ ਦਿੱਤਾ ਜਾਂਦਾ ਹੈ। ਉਹ ਸੀਵਰ ਦੀਆਂ ਗੈਸਾਂ ਨਾਲ ਰਲ਼ ਕੇ ਕੋਈ ਜਾਨਲੇਵਾ ਮਿਸ਼ਰਣ ਬਣ ਗਿਆ ਹੈ।''

ਉਨ੍ਹਾਂ ਇਸ ਗੱਲ 'ਤੇ ਦੁੱਖ ਪ੍ਰਗਟਾਇਆ ਕਿ 'ਮੁਢਲੇ ਤੌਰ 'ਤੇ ਇਹ ਮਨੁੱਖੀ ਗਲਤੀ ਦੱਸੀ ਜਾ ਰਹੀ ਹੈ, ਜਿਸ ਕਾਰਨ 11 ਜਾਨਾਂ ਚਲੀਆਂ ਗਈਆਂ।'

ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਦੱਸਿਆ, ''ਪਹਿਲੀ ਨਜ਼ਰੇ ਇੰਝ ਲੱਗ ਰਿਹਾ ਹੈ ਕਿ ਇਹ ਗੈਸ ਕੌਨਟੈਮੀਨੇਸ਼ਨ (ਗੈਸਾਂ ਦਾ ਆਪਸ 'ਚ ਮਿਲ ਕੇ ਜ਼ਹਿਰੀਲੇ ਹੋਣਾ) ਦਾ ਮਾਮਲਾ ਹੋ ਸਕਦਾ ਹੈ। ਜਿੱਥੇ ਲਾਸ਼ਾਂ ਮਿਲੀਆਂ ਸਨ ਉਹ ਸਾਰਾ ਇਲਾਕਾ ਐਨਡੀਆਰਐਫ ਵੱਲੋਂ ਸੀਲ ਕਰ ਦਿੱਤਾ ਗਿਆ ਹੈ, ਦੇਖ ਲਿਆ ਗਿਆ ਹੈ।''

ਉਨ੍ਹਾਂ ਕਿਹਾ, ''ਅਸੀਂ ਹੁਣ ਸੀਵਰੇਜ ਤੋਂ ਨਮੂਨੇ ਲੈ ਰਹੇ ਹਾਂ, ਹੋ ਸਕਦਾ ਹੈ ਕਿ ਸੀਵਰੇਜ 'ਚ ਕੋਈ ਕੈਮੀਕਲ ਮੀਥੇਨ ਗੈਸ ਦੇ ਨਾਲ ਪ੍ਰਕਿਰਿਆ (ਰੀਐਕਟ) ਕਰ ਗਿਆ ਹੋਵੇ। ਇਨ੍ਹਾਂ ਨਮੂਨਿਆਂ ਨੂੰ ਜਾਂਚ ਲਈ ਭੇਜਿਆ ਜਾਵੇਗਾ।''

ਲੁਧਿਆਣਾ ਵਿੱਚ ਗੈਸ ਲੀਕ

ਤਸਵੀਰ ਸਰੋਤ, ANI

ਪ੍ਰਸ਼ਾਸਨ ਕੀ ਕਰ ਰਿਹਾ ਹੈ?

ਲੁਧਿਆਣਾ ਗੈਸ ਹਾਦਸਾ

ਪੱਛਮੀ ਲੁਧਿਆਣਾ ਦੇ ਐਸਡੀਐਮ ਸਵਾਤੀ ਨੇ ਦੱਸਿਆ ਕਿ ''ਬੇਸ਼ਕ, ਇਹ ਗੈਸ ਲੀਕ ਦਾ ਮਾਮਲਾ ਹੈ। ਐਨਡੀਆਰਐਫ ਦੀ ਟੀਮ ਮੌਕੇ 'ਤੇ ਮੌਜੂਦ ਹੈ ਤਾਂ ਜੋ ਰਾਹਤ ਆਪ੍ਰੇਸ਼ਨ ਚਲਾ ਕੇ ਫਸੇ ਹੋਏ ਲੋਕਾਂ ਨੂੰ ਕੱਢਿਆ ਜਾ ਸਕੇ।''

ਪੁਲਿਸ ਅਧਿਕਾਰੀ ਸਮੀਰ ਵਰਮਾ ਨੇ ਦੱਸਿਆ ਕਿ ''ਇਲਾਕੇ ਨੂੰ ਤੁਰੰਤ ਸੀਲ ਕੀਤਾ ਜਾ ਰਿਹਾ ਹੈ ਅਤੇ ਐਨਡੀਆਰਐਫ਼ (ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ) ਦੀ ਟੀਮ ਬੁਲਾ ਲਈ ਗਈ ਹੈ।''

ਐਂਬੂਲੈਂਸ ਅਤੇ ਡਾਕਟਰਾਂ ਦੀਆਂ ਟੀਮਾਂ ਵੀ ਮੌਕੇ ਉੱਤੇ ਪਹੁੰਚ ਗਈਆਂ ਹਨ।

ਮੌਕੇ 'ਤੇ ਪਹੁੰਚੇ ਬਚਾਅ ਕਰਮੀਆਂ ਵਿੱਚੋਂ ਇੱਕ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ''ਰੈਸਕਿਊ ਆਪ੍ਰੇਸ਼ਨ ਸ਼ੁਰੂ ਹੋ ਗਿਆ ਹੈ, ਪਹਿਲਾਂ ਅਸੀਂ ਇਹ ਪਤਾ ਲਗਾਵਾਂਗੇ ਕਿ ਕਿਹੜੀ ਗੈਸ ਲੀਕ ਹੋਈ ਹੈ ਤੇ ਉੱਥੇ ਕਿੰਨੇ ਲੋਕ ਫਸੇ ਹੋਏ ਹਨ।''

ਆਪ ਐਮਐਲਏ ਰਜਿੰਦਰ ਪਾਲ ਛੀਨਾ ਵੀ ਮੌਕੇ 'ਤੇ ਮੌਜੂਦ ਹਨ। ਉਨ੍ਹਾਂ ਦੱਸਿਆ ਕਿ ਇੱਕ ਕਿਲੋਮੀਟਰ ਤੱਕ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ।

ਪੁਲਿਸ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ ਅਨੁਸਾਰ, ਸੀਵਰੇਜ ਤੋਂ ਵੀ ਨਮੂਨੇ ਲਏ ਜਾ ਰਹੇ ਹਨ ਤਾਂ ਜੋ ਅਸਲ ਕਾਰਨਾਂ ਦਾ ਪਤਾ ਲੱਗ ਸਕੇ।

ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਐਨਡੀਆਰਐਫ ਕੋਲ ਇੱਕ ਖਾਸ ਉਪਕਰਨ ਹੈ ਜਿਸ ਨਾਲ 6 ਤਰ੍ਹਾਂ ਦੀਆਂ ਗੈਸਾਂ ਦਾ ਪਤਾ ਲਗਾਇਆ ਜਾ ਸਕਦਾ ਹੈ, ਉਹ ਲੈ ਕੇ ਆਂਦਾ ਜਾ ਰਿਹਾ ਹੈ।

ਲਾਈਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ)