ਅਮਰੀਕਾ 'ਚ ਖਾਲਿਸਤਾਨੀ ਸਿੱਖ ਆਗੂ ਕਤਲ ਸਾਜਿਸ਼ ਮਾਮਲੇ ਵਿੱਚ ਇਲਜ਼ਾਮਾਂ ਦੀ ਪੁਲੰਦਾਂ ਤਿਆਰ ਕਰਨ ਵਾਲਾ ਡੇਮੀਅਨ ਵਿਲੀਅਮਜ਼ ਕੌਣ ਹੈ

ਤਸਵੀਰ ਸਰੋਤ, Getty Images
- ਲੇਖਕ, ਦਿਲਨਵਾਜ਼ ਪਾਸ਼ਾ
- ਰੋਲ, ਬੀਬੀਸੀ ਪੱਤਰਕਾਰ
ਅਮਰੀਕਾ ਵਿੱਚ ਇੱਕ ਸਿੱਖ ਵੱਖਵਾਦੀ ਆਗੂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਇਲਜ਼ਾਮ ਵਿੱਚ ਭਾਰਤੀ ਨਾਗਰਿਕ ਨਿਖਿਲ ਗੁਪਤਾ ਖ਼ਿਲਾਫ਼ ਮੁਕੱਦਮਾ ਸ਼ੁਰੂ ਹੋਇਆ ਹੈ।
ਭਾਰਤੀ ਤੇ ਅੰਤਰਰਾਸ਼ਟਰੀ ਮੀਡੀਆ ਰਿਪੋਰਟਾਂ ਮੁਤਾਬਕ ਨਿਸ਼ਾਨੇ ਉੱਤੇ ‘ਸਿਖ਼ਸ ਫ਼ਾਰ ਜਸਟਿਸ’ ਦੇ ਗੁਰਪਤਵੰਤ ਸਿੰਘ ਪੰਨੂ ਸਨ। ਇਸ ਜਥੇਬੰਦੀ ਉੱਤੇ ਭਾਰਤ ਵਿੱਚ ਪਾਬੰਦੀ ਹੈ ਅਤੇ ਪੰਨੂ ਨੂੰ ਭਾਰਤ ਵਿੱਚ ‘ਅੱਤਵਾਦੀ’ ਐਲਾਨਿਆ ਗਿਆ ਹੈ।
ਇਸ ਮੁਕੱਦਮੇ ਨੇ ਭਾਰਤ ਤੇ ਅਮਰੀਕਾ ਦੇ ਡਿਪਲੋਮੈਟਿਕ ਰਿਸ਼ਤਿਆਂ ਨੂੰ ਵੀ ਸੰਵੇਦਨਸ਼ੀਲ ਕਰ ਦਿੱਤਾ ਹੈ।
ਰਿਪੋਰਟਾਂ ਮੁਤਾਬਕ ਅਮਰੀਕਾ ਨੇ ਭਾਰਤ ਨੂੰ ਇਸ ‘ਸਾਜ਼ਿਸ਼’ ਤੋਂ ਜਾਣੂ ਕਰਵਾਇਆ ਸੀ ਅਤੇ ਆਪਣੀ ਨਾਰਾਜ਼ਗੀ ਜਤਾਈ ਸੀ। ਦੂਜੇ ਪਾਸੇ ਭਾਰਤ ਦਾ ਕਹਿਣਾ ਹੈ ਕਿ ਇਸ ਘਟਨਾ ਦੀ ਜਾਂਚ ਲਈ ਕਮੇਟੀ ਬਣਾ ਦਿੱਤੀ ਗਈ ਹੈ।
ਭਾਰਤੀ ਨਾਗਰਿਕ ਨਿਖਿਲ ਗੁਪਤਾ ਖ਼ਿਲਾਫ਼ ਅਮਰੀਕੀ ਅਦਾਲਤ ਵਿੱਚ ਇਹ ਇਲਜ਼ਾਮ ਅਮਰੀਕੀ ਅਟਾਰਨੀ ਡੇਮੀਅਨ ਵਿਲਿਅਮਜ਼ ਨੇ ਦਾਇਰ ਕੀਤਾ ਹੈ।

ਤਸਵੀਰ ਸਰੋਤ, DEPARTMENT OF JUSTICE
42 ਸਾਲ ਦੇ ਡੇਮੀਅਨ ਅਮਰੀਕਾ ਦੇ ਸਰਕਾਰੀ ਵਕੀਲ ਹਨ ਅਤੇ ਇਹ ਮੁਕੱਦਮਾ ਨਿਊ ਯਾਰਕ ਦੇ ਡਿਸਟ੍ਰਿਕਟ ਕੋਰਟ ਵਿੱਚ ਦਾਇਰ ਕੀਤਾ ਗਿਆ ਹੈ। ਡੇਮੀਅਨ ਵਿਲਿਅਮਜ਼ ਨੂੰ ਨਿਊ ਯਾਰਕ ਦੇ ਸਾਊਥ ਡਿਸਟ੍ਰਿਕਟ ਇਲਾਕੇ ਦਾ ਸਭ ਤੋਂ ਤਾਕਤਵਰ ਕਾਨੂੰਨੀ ਅਧਿਕਾਰੀ ਮੰਨਿਆ ਜਾਂਦਾ ਹੈ।
ਇਲਜ਼ਾਮ ਵਿੱਚ ਇੱਕ ਭਾਰਤੀ ਅਧਿਕਾਰੀ ਦਾ ਵੀ ਜ਼ਿਕਰ ਹੈ ਜਿਸ ਨੇ ਕਥਿਤ ਤੌਰ ’ਤੇ ਨਿਖਿਲ ਗੁਪਤਾ ਨੂੰ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ‘ਸੁਪਾਰੀ ਦਿੱਤੀ ਸੀ।’
ਹਾਲਾਂਕਿ ਭਾਰਤੀ ਅਧਿਕਾਰੀ ਦਾ ਨਾਮ ਇਲਜ਼ਾਮ ਪੱਤਰ ਵਿੱਚ ਨਹੀਂ ਹੈ ਅਤੇ ਭਾਰਤ ਦਾ ਕਹਿਣਾ ਹੈ ਕਿ ਇਸ ‘ਮੁਕੱਦਮੇ ਵਿੱਚ ਕਿਸੇ ਭਾਰਤੀ ਅਧਿਕਾਰੀ ਨੂੰ ਮੁਲਜ਼ਮ ਨਹੀਂ ਬਣਾਇਆ ਗਿਆ ਹੈ।’
ਸਫ਼ੇਦਪੋਸ਼ ਲੋਕਾਂ ਖ਼ਿਲਾਫ਼ ਕਾਰਵਾਈ ਨਾਲ ਮਿਲੀ ਚਰਚਾ

ਤਸਵੀਰ ਸਰੋਤ, Getty Images
ਇਹ ਇਲਜ਼ਾਮ ਦਾਇਰ ਕਰਨ ਵਾਲੇ ਸਰਕਾਰੀ ਵਕੀਲ ਡੇਮੀਅਨ ਵਿਲਿਅਮਜ਼ ਨਿਊ ਯਾਰਕ ਵਿੱਚ ਚਰਚਿਤ ਨਾਮ ਹਨ ਅਤੇ ਕਈ ਹਾਈ ਪ੍ਰੋਫ਼ਾਈਲ ਇਲਜ਼ਾਮ ਪੱਤਰ ਦਾਇਰ ਕਰ ਚੁੱਕੇ ਹਨ।
ਡੇਮੀਅਨ ਵਿਲਿਅਮਜ਼ ਨੂੰ ਸਾਲ 2021 ਵਿੱਚ ਡਿਸਟ੍ਰਿਕਟ ਆਫ਼ ਨਿਊ ਯਾਰਕ ਲਈ ਅਟਾਰਨੀ ਯਾਨੀ ਸਰਕਾਰੀ ਵਕੀਲ ਨਿਯੁਕਤ ਕੀਤਾ ਗਿਆ ਸੀ।
ਉਹ ‘ਸਫ਼ੇਦਪੋਸ਼’ ਲੋਕਾਂ ਖ਼ਿਲਾਫ਼ ਕਾਰਵਾਈਆਂ ਨਾਲ ਮਸ਼ਹੂਰ ਹੋਏ।
ਹਾਲ ਹੀ ਵਿੱਚ ਡੇਮੀਅਨ ਵਿਲਿਅਮਜ਼ ਨੇ ਕ੍ਰਿਪਟੋ ਕਰੰਸੀ ਐਕਸਚੇਂਜ ਐਫ਼ਟੀਐਕਸ ਦੇ ਸੰਸਥਾਪਕ ਸੈਮ ਬੈਂਕਮੈਨ ਫ੍ਰਾਇਡ ਦੇ ਖ਼ਿਲਾਫ਼ ਜਾਂਚ ਕੀਤੀ। ਇਹ ਜਾਂਚ ਅਮਰੀਕਾ ਦੇ ਮੀਡੀਆ ਦੀਆਂ ਸੁਰਖ਼ੀਆਂ ਵਿੱਚ ਰਹੀ ਅਤੇ ਡੇਮੀਅਨ ਦੀ ਵੀ ਕਾਫ਼ੀ ਚਰਚਾ ਹੋਈ।
ਸੈਮ ਉੱਤੇ ਸੱਤ ਇਲਜ਼ਾਮ ਤੈਅ ਕੀਤੇ ਗਏ ਹਨ। ਸਰਕਾਰੀ ਵਕੀਲ ਸਾਰੇ ਸੱਤਾਂ ਅਪਰਾਧੀਆਂ ਵਿੱਚ ਮੁਲਜ਼ਮ ਦਾ ਇਲਜ਼ਾਮ ਸਾਬਤ ਕਰਨ ਵਿੱਚ ਸਫ਼ਲ ਰਹੇ। ਇਸ ਲਈ ਵਿਲਿਅਮਜ਼ ਦੀ ਕਾਫ਼ੀ ਤਾਰੀਫ਼ ਹੋਈ।

ਤਸਵੀਰ ਸਰੋਤ, Getty Images
ਇਸ ਮੁਕੱਦਮੇ ਵਿੱਚ ਸਫ਼ਲਤਾ ਹਾਸਲ ਕਰਨ ਤੋਂ ਬਾਅਦ ਡੇਮੀਅਨ ਵਿਲਿਅਮਜ਼ ਨੇ ਕਿਹਾ ਸੀ, ‘‘ਜਦੋਂ ਮੈਂ ਅਮਰੀਕਾ ਦਾ ਅਟਾਰਨੀ ਬਣਿਆ ਸੀ, ਉਦੋਂ ਮੈਂ ਵਾਅਦਾ ਕੀਤਾ ਸੀ ਕਿ ਅਸੀਂ ਆਪਣੇ ਵਿੱਤੀ ਬਾਜ਼ਾਰ ਤੋਂ ਭ੍ਰਿਸ਼ਟਾਚਾਰ ਨੂੰ ਹਟਾਉਣ ਲਈ ਅਣਥੱਕ ਕੋਸ਼ਿਸ਼ ਕਰਾਂਗੇ। ਅਣਥੱਕ ਕੋਸ਼ਿਸ਼ਾਂ ਅਜਿਹੀਆਂ ਹੀ ਹੁੰਦੀਆਂ ਹਨ, ਇਹ ਕੇਸ ਬਿਜਲੀ ਦੀ ਰਫ਼ਤਾਰ ਨਾਲ ਅੱਗੇ ਵਧਿਆ। ਇਹ ਕੋਈ ਸੰਜੋਗ ਨਹੀਂ ਸੀ, ਅਸੀਂ ਅਜਿਹਾ ਤੈਅ ਕੀਤਾ ਸੀ।’’
‘‘ਇਹ ਮੁਕੱਦਮਾ ਹਰ ਉਸ ਠੱਗ ਲਈ ਚਿਤਾਵਨੀ ਵੀ ਹੈ ਕਿ ਉਹ ਕਾਨੂੰਨ ਦੀ ਪਹੁੰਚ ਤੋਂ ਦੂਰ ਨਹੀਂ ਹਨ। ਜੇ ਉਹ ਸਮਝਦੇ ਹਨ ਕਿ ਉਨ੍ਹਾਂ ਦੇ ਅਪਰਾਧ ਐਨੇ ਉਲਝਨਾਂ ਵਾਲੇ ਹਨ ਕਿ ਅਸੀਂ ਫੜ੍ਹ ਨਹੀਂ ਸਕਾਂਗੇ, ਜਾਂ ਉਹ ਐਨੇ ਤਾਕਤਵਰ ਹਨ ਕਿ ਅਸੀਂ ਉਨ੍ਹਾਂ ਉੱਤੇ ਮੁਕੱਦਮਾ ਨਹੀਂ ਚਲਾ ਸਕਾਂਗੇ, ਜਾਂ ਉਹ ਇਹ ਸਮਝਦੇ ਹਨ ਕਿ ਉਹ ਐਨੇ ਚਲਾਕ ਹਨ ਕਿ ਫੜ੍ਹੇ ਜਾਣ ਉੱਤੇ ਵੀ ਬਾਹਰ ਨਿਕਲਣ ਦਾ ਰਾਸਤਾ ਕੱਢ ਲੈਣਗੇ, ਤਾਂ ਉਹ ਗ਼ਲਤ ਹਨ।’’
ਡੇਮੀਅਨ ਵਿਲਿਅਮਜ਼ ਨੇ ਹਾਰਵਰਡ ਯੂਨੀਵਰਸਿਟੀ ਅਤੇ ਯੇਲ ਲਾਅ ਸਕੂਲ ਤੋਂ ਪੜ੍ਹਾਈ ਕੀਤੀ ਹੈ। ਉਨ੍ਹਾਂ ਨੇ ਹਾਰਵਰਡ ਤੋਂ ਅਰਥਸ਼ਾਸਤਰ ਵਿੱਚ ਗ੍ਰੈਜੁਏਸ਼ਨ ਕੀਤੀ ਹੈ ਤੇ ਕੈਂਬਰਿਜ ਯੂਨੀਵਰਸਿਟੀ ਤੋਂ ਅੰਤਰਰਾਸ਼ਟਰੀ ਸੰਬੰਧਾਂ ਵਿੱਚ ਮਾਸਟਰ ਡਿਗਰੀ ਹਾਸਲ ਕੀਤੀ ਹੈ।
ਕ੍ਰਿਪਟੋ ਕਰੰਸੀ ਖ਼ੇਤਰ ਵਿੱਚ ਸੈਮ ਬੈਂਕਮੈਨ ਤੋਂ ਇਲਾਵਾ ਉਨ੍ਹਾਂ ਨੇ ਕਈ ਹੋਰ ਲੋਕਾਂ ਉੱਤੇ ਕਾਰਵਾਈਆਂ ਕੀਤੀਆਂ।
ਉਨ੍ਹਾਂ ਨੇ ਏਲੇਕਸ ਮੈਸ਼ਿੰਸਕੀ ਉੱਤੇ ਵੀ ਕਾਰਵਾਈ ਕੀਤੀ। ਏਲੇਕਸ ਹੁਣ ਦਿਵਾਲੀਆ ਹੋ ਚੁੱਕੇ ਕ੍ਰਿਪਟੋ ਪਲੇਟਫ਼ਾਰਮ ਸੇਲੇਸਿਸ ਦੇ ਸੰਸਥਾਪਕ ਹਨ। ਯੇਲ ਵਿੱਚ ਵਿਦਿਆਰਥੀ ਰਹਿੰਦਿਆਂ ਦਿ ਯੇਲ ਲਾਅ ਜਰਨਲ ਦੇ ਸੰਪਾਦਕ ਵੀ ਰਹੇ।
ਡੇਮੀਅਨ ਵਿਲਿਅਮਜ਼ ਨੂੰ ਨਿਊ ਯਾਰਕ ਸਾਊਥ ਡਿਸਟ੍ਰਿਕਟ ਦਾ ਸਭ ਤੋਂ ਤਾਕਤਵਰ ਕਾਨੂੰਨੀ ਅਧਿਕਾਰੀ ਮੰਨਿਆ ਜਾਂਦਾ ਹੈ। ਉਹ ਸਾਊਥ ਡਿਸਟ੍ਰਿਕਟ ਦੀ ਕਾਨੂੰਨੀ ਟੀਮ ਦੇ 233 ਸਾਲ ਦੇ ਇਤਿਹਾਸ ਵਿੱਚ ਇਸ ਦੀ ਅਗਵਾਈ ਕਰਨ ਵਾਲੇ ਪਹਿਲੇ ਕਾਲੇ ਵਿਅਕਤੀ ਹਨ।
450 ਲੋਕਾਂ ਦੀ ਟੀਮ ਦੇ ਲੀਡਰ

ਤਸਵੀਰ ਸਰੋਤ, Getty Images
ਡੇਮੀਅਨ ਵਿਲਿਅਮਜ਼ ਦਾ ਪਰਿਵਾਰ ਜਮੈਕਾ ਤੋਂ 1970 ਦੇ ਦਹਾਕੇ ਵਿੱਚ ਅਮਰੀਕਾ ਆਇਆ ਸੀ। ਉਨ੍ਹਾਂ ਦਾ ਪਾਲਣ ਪੋਸ਼ਣ ਅਟਲਾਂਟਾ ਵਿੱਚ ਹੋਇਆ।
ਉਨ੍ਹਾਂ ਦੇ ਮਾਪੇ ਵਿਦਿਆਰਥੀ ਜੀਵਨ ਦੌਰਾਨ ਵਾਸ਼ਿੰਗਟਨ ਦੀ ਹਾਰਵਰਡ ਯੂਨੀਵਰਸਿਟੀ ਵਿੱਚ ਮਿਲੇ ਸਨ। ਉਨ੍ਹਾਂ ਦੇ ਪਿਤਾ ਮੈਡੀਸਨ ਅਤੇ ਮਾਂ ਨਰਸਿੰਗ ਦੀ ਪੜ੍ਹਾਈ ਕਰ ਰਹੇ ਸਨ।
ਅਮਰੀਕਾ ਦੇ ਨਿਆਂ ਵਿਭਾਗ ਦੀ ਵੈੱਬਸਾਈਟ ਉੱਤੇ ਨਸ਼ਰ ਜਾਣਕਾਰੀ ਵਿੱਚ ਡੇਮੀਅਨ ਵਿਲਿਅਮਜ਼ ਬਾਰੇ ਲਿਖਿਆ ਗਿਆ ਹੈ, ‘‘ਅਮਰੀਕਾ ਦੇ ਅਟਾਰਨੀ ਦੇ ਰੂਪ ਵਿੱਚ ਵਿਲਿਅਮਜ਼ ਸਾਰੇ ਸੰਘੀ ਅਪਰਾਧਾਂ ਦੀ ਜਾਂਚ, ਸਰਕਾਰੀ ਅਤੇ ਉਨ੍ਹਾਂ ਸਾਰੇ ਨਾਗਰਿਕ ਮਾਮਲਿਆਂ ਦੇ ਮੁਕੱਦਮਿਆਂ ਦੀ ਨਿਗਰਾਨੀ ਕਰਦੇ ਹਨ ਜਿੰਨ੍ਹਾਂ ਵਿੱਚ ਅਮਰੀਕਾ ਦਾ ਹਿੱਤ ਹੈ। ਉਹ ਲਗਭਗ 450 ਵਕੀਲਾਂ, ਵਿਸ਼ੇਸ਼ ਏਜੰਟਾਂ, ਪੈਰਾ ਲੀਗਲ ਅਤੇ ਹੋਰ ਸਹਾਇਕ ਪੇਸ਼ੇਵਰਾਂ ਦੇ ਕਰਮਚਾਰੀਆਂ ਦੀ ਟੀਮ ਦੀ ਅਗਵਾਈ ਕਰਦੇ ਹਨ।’’
‘‘ਵਿਲਿਅਮਜ਼ ਅਟਾਰਨੀ ਜਨਰਲ ਦੀ ਸਲਾਹਕਾਰ ਕਮੇਟੀ (ਏਜੀਸੀ) ਦੇ ਪ੍ਰਧਾਨ ਦੇ ਰੂਪ ਵਿੱਚ ਵੀ ਕੰਮ ਕਰਦੇ ਹਨ, ਜੋ ਅਮਰੀਕਾ ਦੇ ਅਟਾਰਨੀ ਦਾ ਇੱਕ ਚੁਣਿੰਦਾ ਸਮੂਹ ਹੈ। ਇਹ ਸਮੂਹ ਨੀਤੀ, ਪ੍ਰਕਿਰਿਆ ਅਤੇ ਪ੍ਰਬੰਧਨ ਦੇ ਮਾਮਲਿਆਂ ਉੱਤੇ ਅਟਾਰਨੀ ਜਨਰਲ ਨੂੰ ਸਲਾਹ ਦਿੰਦਾ ਹੈ।’’
ਅਮਰੀਕਾ ਦੇ ਨਿਊ ਰਿਪਬਲਿਕ ਮੈਗਜ਼ੀਨ ਮੁਤਾਬਕ ਡੇਮੀਅਨ ਵਿਲਿਅਮਜ਼ ਨੇ ਕਰੀਅਰ ਦੀ ਸ਼ੁਰੂਆਤ ਵਿੱਚ ਹੀ ਰਾਜਨੀਤਿਕ ਸਬੰਧ ਬਣਾਏ। ਉਨ੍ਹਾਂ ਨੇ 2004 ਵਿੱਚ ਜੌਨ ਕੈਰੀ ਦੀ ਚੋਣ ਮੁਹਿੰਮ ਦੌਰਾਨ ਫ਼ੀਲਡ ਆਰਗੇਨਾਈਜ਼ਰ ਦਾ ਕੰਮ ਕੀਤਾ। 2006 ਵਿੱਚ ਹੇਰਡਲ ਫ਼ੋਰਡ ਜੂਨੀਅਰ ਦੇ ਅਭਿਆਨ ਦੌਰਾਨ ਵੀ ਉਨ੍ਹਾਂ ਨੇ ਕੰਮ ਕੀਤਾ।
ਸਰਕਾਰੀ ਵਕੀਲ ਨਿਯੁਕਤ ਕੀਤੇ ਜਾਣ ਤੋਂ ਬਾਅਦ ਡੇਮੀਅਨ ਵਿਲਿਅਮਜ਼ ਨੇ ਨਿਊ ਯਾਰਕ ਟਾਈਮਜ਼ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਸੀ, ‘‘ਮੈਂ ਇਸ ਕੰਮ ਵਿੱਚ ਆਇਆ ਕਿਉਂਕਿ ਮੈਨੂੰ ਗੁੰਡੇ ਪਸੰਦ ਨਹੀਂ ਹਨ। ਜੇ ਤੁਸੀਂ ਕਦੇ ਵੀ ਕੁਝ ਬੁਰਾ ਹੁੰਦੇ ਦੇਖਦੇ ਹੋ ਤਾਂ ਤੁਸੀਂ ਉਸ ਨੂੰ ਰੋਕਣ ਲਈ ਕੁਝ ਕਰਨ ਲਈ ਮਜਬੂਰ ਹੋ ਜਾਂਦੇ ਹੋ।’ְ’
ਡੇਮੀਅਨ ਵਿਲਿਅਮਜ਼ ਨੇ ਇਹ ਗੱਲ ਉਸ ਦੌਰ ਨੂੰ ਯਾਦ ਕਰਦਿਆਂ ਕਹੀ ਸੀ ਜਦੋਂ ਲਗਭਗ ਇੱਕ ਦਹਾਕੇ ਪਹਿਲਾਂ ਨੌਜਵਾਨ ਸਰਕਾਰੀ ਵਕੀਲ ਦੇ ਰੂਪ ਵਿੱਚ ਉਨ੍ਹਾਂ ਨੇ ਡਰੱਗ ਤਸਕਰ ਗੈਂਗ ਖ਼ਿਲਾਫ਼ ਕੰਮ ਕੀਤਾ ਸੀ।
ਸਰਕਾਰੀ ਵਕੀਲ ਬਣਨ ਤੋਂ ਬਾਅਦ ਉਨ੍ਹਾਂ ਨੇ ਸਾਊਥ ਡਿਸਟ੍ਰਿਕਟ ਵਿੱਚ ਸੰਗਠਿਤ ਅਪਰਾਧ ਅਤੇ ਗੈਂਗਾਂ ਵਿੱਚ ਸ਼ਾਮਲ ਲੋਕਾਂ ਖ਼ਿਲਾਫ਼ ਕਾਰਵਾਈਆਂ ਦਾ ਵੀ ਐਲਾਨ ਕੀਤਾ ਸੀ।
ਨਿਊ ਯਾਰਕ ਟਾਈਮਜ਼ ਦੇ ਇੰਟਰਵਿਊ ਵਿੱਚ ਡੇਮੀਅਨ ਵਿਲਿਅਮਜ਼ ਨੇ ਕਿਹਾ ਸੀ, ‘‘ਮੈਂ ਅਸਲ ਵਿੱਚ ਇਹ ਮੰਨਦਾ ਹਾਂ ਕਿ ਸੁਰੱਖਿਆ ਇੱਕ ਨਾਗਰਿਕ ਅਧਿਕਾਰ ਹੈ। ਸੁਰੱਖਿਅਤ ਰਹਿਣਾ ਅਤੇ ਸ਼ਾਂਤੀ ਵਿੱਚ ਰਹਿਣਾ ਇੱਕ ਆਜ਼ਾਦੀ ਹੈ। ਮੈਨੂੰ ਲਗਦਾ ਹੈ ਕਿ ਸਾਰੇ ਨਾਗਰਿਕ ਅਧਿਕਾਰਾਂ ਵਾਂਗ, ਜੇ ਤੁਸੀਂ ਸੁਰੱਖਿਆ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਨੂੰ ਲਾਗੂ ਕਰਨਾ ਪਵੇਗਾ।’’












