ਪੰਜਾਬ ਕਿੰਗਜ਼ ਦੀ ਕਮਾਨ ਪੰਜਾਬੀਆਂ ਨੂੰ ਸੌਂਪਣ ਪਿੱਛੇ ਕੋਚ ਰਿਕੀ ਪੌਂਟਿੰਗ ਦੀ ਕੀ ਸੋਚ ਸੀ

ਤਸਵੀਰ ਸਰੋਤ, Getty Images
- ਲੇਖਕ, ਰਾਜਵੀਰ ਕੌਰ ਗਿੱਲ
- ਰੋਲ, ਬੀਬੀਸੀ ਪੱਤਰਕਾਰ
ਫਿਲਮ ‘ਚਕ ਦੇ ਇੰਡੀਆ’ ਵਿੱਚ ਜਿਵੇਂ ਕਬੀਰ ਖ਼ਾਨ ਦਾ ਕਿਰਦਾਰ ਨਿਭਾਉਂਦੇ ਹੋਏ ਸ਼ਾਹਰੁਖ ਖ਼ਾਨ ਨੇ ਇੱਕ ਕਮਜ਼ੋਰ ਟੀਮ ਨੂੰ ਖੜ੍ਹਾ ਕਰਕੇ ਜਿੱਤ ਤੱਕ ਪਹੁੰਚਾਇਆ ਸੀ, ਕੁਝ ਹੱਦ ਤੱਕ ਉਸੇ ਭੂਮਿਕਾ ਵਿੱਚ ਪੰਜਾਬ ਕਿੰਗਜ਼ ਦੇ ਕੋਚ ਤੇ ਸਾਬਕਾ ਆਸਟ੍ਰੇਲੀਆ ਕਪਤਾਨ ਰਿਕੀ ਪੌਂਟਿੰਗ ਨਜ਼ਰ ਆ ਰਹੇ ਹਨ।
ਖ਼ੈਰ ਉਹ ਫਿਲਮ ਸੀ ਤੇ ਰਿਕੀ ਪੌਂਟਿੰਗ ਹਕੀਕਤ ਵਿੱਚ ਆਈਪੀਐੱਲ ਦੀ ਟੀਮ ਪੰਜਾਬ ਕਿੰਗਜ਼ ਕੇ ਕਪਤਾਨ ਹਨ।
ਬੀਤੇ ਵਰ੍ਹੇ ਸਤੰਬਰ ਮਹੀਨੇ ਜਦੋਂ ਰਿਕੀ ਪੌਂਟਿੰਗ ਨੂੰ ਪੰਜਾਬ ਕਿੰਗਜ਼ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਤਾਂ ਸ਼ਾਇਦ ਖੇਡ ਮਾਹਰਾਂ ਨੇ ਵੀ ਨਹੀਂ ਸੋਚਿਆ ਸੀ ਕਿ ਇਹ ਚੋਣ ਟੀਮ ਦੀ ਰੂਪ-ਰੇਖਾ ਤੋਂ ਲੈ ਕੇ ਉਸ ਦੇ ਆਈਪੀਐੱਲ ਵਿੱਚ ਪ੍ਰਦਰਸ਼ਨ ਤੱਕ ਸਭ ਕੁਝ ਨਾਟਕੀ ਢੰਗ ਨਾਲ ਬਦਲ ਦੇਵੇਗੀ।
ਪੰਜਾਬ ਨੇ 2008 ਤੋਂ ਲੈ ਕੇ 2024 ਤੱਕ ਦੇ ਆਈਪੀਐੱਲ ਦੇ ਇਤਿਹਾਸ ਵਿੱਚ ਮਹਿਜ਼ ਇੱਕ ਵਾਰ 2014 ਵਿੱਚ ਫ਼ਾਈਨਲ ਵਿੱਚ ਜਗ੍ਹਾ ਬਣਾਈ ਸੀ। ਇਸੇ ਟੀਮ ਨੇ ਰਿਕੀ ਪੌਟਿੰਗ ਦੀ ਕੋਚਿੰਗ ਤੇ ਸ਼੍ਰੇਅਸ ਅਈਅਰ ਦੀ ਕਪਤਾਨੀ ਵਿੱਚ ਲੀਗ ਸਟੇਜ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਤੇ ਕੁਆਲੀਫਾਇਰ ਨੂੰ ਪਾਰ ਕਰਕੇ ਫਾਈਨਲ ਤੱਕ ਪਹੁੰਚੀ।
ਜ਼ਿਕਰਯੋਗ ਹੈ ਕਿ 2014 ਪੰਜਾਬ ਕਿੰਗਜ਼ ਦੀ ਟੀਮ ਜੌਰਜ ਬੈਲੇ ਕਪਤਾਨੀ ਹੇਠ ਫ਼ਾਈਨਲ ਤਾਂ ਖੇਡੀ ਪਰ ਜਿੱਤ ਨਾ ਸਕੀ। ਇਹ ਟੀਮ ਕੋਲਕਤਾ ਨਾਈਟ ਰਾਈਡਰਜ਼ ਤੋਂ 3 ਵਿਕਟਾਂ ਨਾਲ ਹਾਰ ਗਈ ਸੀ।
ਜਾਣਦੇ ਹਾਂ ਕਿ ਰਿਕੀ ਪੌਂਟਿੰਗ ਦੀ ਕੋਚਿੰਗ ਨੇ ਆਖਰ ਕੀ ਬਦਲਿਆ ਜਿਸ ਕਾਰਨ ਟੀਮ ਵਿੱਚ ਇੰਨੇ ਵੱਡੇ ਬਦਲਾਅ ਹੋਏ।
ਪੰਜਾਬ ਕਿੰਗਜ਼ ਦਾ ਕੋਚ ਲੱਗਣਾ

ਤਸਵੀਰ ਸਰੋਤ, Getty Images
ਆਸਟ੍ਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਨੂੰ ਇੰਡੀਅਨ ਪ੍ਰੀਮੀਅਰ ਲੀਗ ਦੀ ਟੀਮ ਦਿੱਲੀ ਕੈਪੀਟਲਜ਼ ਛੱਡਣ ਤੋਂ ਬਾਅਦ ਪੰਜਾਬ ਕਿੰਗਜ਼ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਸੀ।
ਪੌਂਟਿੰਗ ਹੁਣ ਤੱਕ ਦੇ ਸਭ ਤੋਂ ਮਹਾਨ ਬੱਲੇਬਾਜ਼ਾਂ ਵਿੱਚੋਂ ਇੱਕ ਹਨ। ਰਿਕੀ ਪੌਂਟਿੰਗ ਨੇ 2024 ਦੇ ਆਈਪੀਐੱਲ ਤੋਂ ਬਾਅਦ ਦਿੱਲੀ ਕੈਪੀਟਲਜ਼ ਨੂੰ ਜਦੋਂ ਛੱਡਿਆ ਸੀ ਉਸ ਸਮੇਂ ਟੀਮ ਆਈਪੀਐੱਲ ਵਿੱਚ ਛੇਵੇਂ ਸਥਾਨ 'ਤੇ ਰਹੀ ਸੀ।
ਇੱਕ ਕੋਚ ਵਜੋਂ ਉਨ੍ਹਾਂ ਦਾ ਕਰੀਅਰ ਬਹੁਤਾ ਟਰੈਕ 'ਤੇ ਨਜ਼ਰ ਨਹੀਂ ਆ ਰਿਹਾ ਸੀ।
ਦਿੱਲੀ ਕੈਪੀਟਲਜ਼ ਪੌਂਟਿੰਗ ਦੇ ਮੁੱਖ ਕੋਚ ਹੁੰਦਿਆਂ ਤਿੰਨ ਵਾਰ ਪਲੇ-ਆਫ਼ ਤੱਕ ਪਹੁੰਚੀ ਪਰ ਬਾਅਦ ਦੇ ਤਿੰਨ ਸੀਜ਼ਨਾਂ ਵਿੱਚੋਂ ਕਿਸੇ ਵਿੱਚ ਵੀ ਅਜਿਹਾ ਕਰਨ ਵਿੱਚ ਅਸਫ਼ਲ ਰਹੀ ਸੀ।
ਪੌਂਟਿੰਗ ਤੋਂ ਪਹਿਲਾਂ ਪੰਜਾਬ ਕਿੰਗਜ਼ 5 ਵਾਰ ਹੀ ਪਲੇਆਫ਼ ਤੱਕ ਪਹੁੰਚ ਚੁੱਕੀ ਸੀ।
ਪੰਜਾਬ ਕਿੰਗਜ਼ ਸਾਲ 2024 ਦੇ ਆਈਪੀਐੱਲ ਵਿੱਚ ਟੀਮ ਨੌਂਵੇ ਸਥਾਨ 'ਤੇ ਰਹੀ ਅਤੇ ਪਲੇਆਫ ਤੱਕ ਨਹੀਂ ਪਹੁੰਚ ਸਕਦੀ ਸੀ। ਟੀਮ ਨੂੰ ਪੌਂਟਿੰਗ ਤੋਂ ਆਸਾਂ ਸਨ।
ਰਿਕੀ ਪੌਂਟਿੰਗ ਨੇ ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਸੀ,"ਇੱਕ ਵਾਰ ਜਦੋਂ ਮੈਨੂੰ ਕੰਮ ਮਿਲਿਆ ਤਾਂ ਮੈਂ ਇਹ ਯਕੀਨੀ ਬਣਾਉਣਾ ਚਾਹੁੰਦਾ ਸੀ ਕਿ ਇਹ ਟੀਮ ਅਤੇ ਇਸ ਦੀ ਰੂਪ ਰੇਖਾ ਪੂਰੀ ਤਰ੍ਹਾਂ ਅਲੱਗ ਹੋਵੇ, ਅਸੀਂ ਨਿਲਾਮੀ ਦੌਰਾਨ ਵੀ ਥੋੜ੍ਹਾ ਵੱਖਰਾ ਰਾਹ ਅਪਣਾਇਆ।”
ਪੌਂਟਿੰਗ ਨੇ ਪੰਜਾਬ ਕਿੰਗਜ਼ ਦੀ ਸੋਚ ਨੂੰ ਕਿਵੇਂ ਬਦਲਿਆ

ਤਸਵੀਰ ਸਰੋਤ, Getty Images
ਪੌਂਟਿੰਗ ਦੀ ਪੰਜਾਬ ਕਿੰਗਜ਼ ਵਿੱਚ ਭੂਮਿਕਾ ਟੀਮ ਦੀ ਚੋਣ ਤੋਂ ਲੈ ਕੇ ਇਸ ਦੇ ਖਿਡਾਰੀਆਂ ਦੀਆਂ ਭੂਮਿਕਾਵਾਂ ਨਿਰਧਾਰਿਤ ਕਰਨ ਤੱਕ ਰਹੀ।
ਪੋਂਟਿੰਗ ਨੇ ਜਦੋਂ ਸ਼੍ਰੇਅਸ ਅਈਅਰ ਨੇ ਆਈਪੀਐੱਲ ਦੀ ਕਪਤਾਨੀ ਸੰਭਾਲੀ ਤਾਂ ਕਿਹਾ ਸੀ ਕਿ, ਪੰਜਾਬ ਕਿੰਗਜ਼ ਦੀ ਕਿਸਮਤ ਮਜ਼ਬੂਤੀ ਨਾਲ ਬਦਲਣ ਦੀ ਆਸ ਹੈ।
ਉਨ੍ਹਾਂ ਕਿਹਾ ਸੀ, "ਮੈਂ ਟੀਮ ਦੀ ਰਣਨੀਤੀ ਬਦਲਣੀ ਚਾਹੁੰਦਾ ਹਾਂ। ਟੀਮ ਵਿੱਚ ਨੌਜਵਾਨ ਖਿਡਾਰੀਆਂ ਨੂੰ ਥਾਂ ਦੇਣ ਨੂੰ ਤਰਜੀਹ ਦਿੱਤੀ ਜਾਵੇਗੀ।"
ਖਿਡਾਰੀਆਂ ਦੀ ਨਿਲਾਮੀ ਦੌਰਾਨ ਉਨ੍ਹਾਂ ਕਿਹਾ ਸੀ,"ਮੈਂ ਸ਼ੁਰੂਆਤ ਤੋਂ ਹੀ ਬਦਲਾਅ ਚਾਹੁੰਦਾ ਸੀ ਇਸੇ ਲਈ ਨਿਲਾਮੀ ਦੌਰਾਨ ਸ਼੍ਰੇਅਸ ਅਈਅਰ, ਅਰਸ਼ਦੀਪ ਸਿੰਘ ਅਤੇ ਵਰਗੇ ਖਿਡਾਰੀਆਂ ਦੀ ਚੋਣ ਕੀਤੀ।"
ਦਿ ਹਿੰਦੂ ਦੀ ਖ਼ਬਰ ਮੁਤਾਬਕ ਪੰਜਾਬ ਕਿੰਗਜ਼ ਵੱਲੋਂ ਰਿਕੀ ਪੌਂਟਿੰਗ ਦੇ ਹਵਾਲੇ ਨਾਲ ਕਿਹਾ ਸੀ, "ਇਸ ਟੀਮ ਦਾ ਸਮੁੱਚਾ ਦ੍ਰਿਸ਼ਟੀਕੋਣ ਆਈਪੀਐੱਲ ਜਿੱਤਣਾ ਹੈ।"
"ਜਦੋਂ ਮੈਂ ਧਰਮਸ਼ਾਲਾ ਵਿੱਚ ਕੈਂਪ ਵਿੱਚ ਸ਼ਾਮਲ ਹੋਇਆ ਸੀ ਤਾਂ ਮੈਂ ਪਹਿਲੇ ਦਿਨ ਹੀ ਖਿਡਾਰੀਆਂ ਨੂੰ ਕਿਹਾ ਸੀ ਕਿ ਅਸੀਂ ਹੁਣ ਤੱਕ ਦੀ ਸਭ ਤੋਂ ਬਿਹਤਰੀਨ ਖੇਡਣ ਵਾਲੀ ਪੰਜਾਬ ਕਿੰਗਜ਼ ਟੀਮ ਬਣਾਉਣ ਜਾ ਰਹੇ ਹਾਂ ਅਤੇ ਬਣਾਵਾਂਗੇ।"
"ਇਹ ਉਹ ਸਫ਼ਰ ਹੈ ਜਿਸ 'ਤੇ ਅਸੀਂ ਚੱਲ ਰਹੇ ਹਾਂ ਅਤੇ ਇਹ ਰਾਤੋ-ਰਾਤ ਨਹੀਂ ਹੁੰਦਾ। ਤੁਹਾਨੂੰ ਇਹ ਰਵੱਈਆ ਸਿਰਜਣਾ ਪਵੇਗਾ।"
ਕੰਮੈਂਟੇਟਰ ਅਤੇ ਕ੍ਰਿਕਟ ਮਾਹਰ ਸਰਨਦੀਪ ਸਿੰਘ ਕਹਿੰਦੇ ਹਨ, "ਪੌਂਟਿੰਗ ਨੇ ਟੀਮ ਦਾ ਮਨੋਬਲ ਬਹੁਤ ਵਧਾਇਆ। ਉਨ੍ਹਾਂ ਟੀਮ ਨੂੰ ਸਿਖਾਇਆ ਕਿ ਆਪਣੇ ਆਪ ਨੂੰ ਜੇਤੂ ਹੀ ਸਮਝਣ। ਟੀਮ ਨੂੰ ਇੱਕ ਕਰਕੇ ਰੱਖਿਆ। ਇੱਕ ਟੀਮ ਵੱਜੋਂ ਖੇਡਣ ਅਤੇ ਜਿੱਤਣ ਦੀ ਅਹਿਮੀਅਤ ਸਿਖਾਈ।"
"ਪੌਂਟਿੰਗ ਦੀ ਮਨ ਤੋਂ ਜਿੱਤ ਮਹਿਸੂਸ ਕਰਨ ਵਾਲਾ ਖਿਡਾਰੀ ਹੈ। ਉਸ ਨੇ ਆਪਣੀ ਕਪਤਾਨੀ ਵਿੱਚ ਆਸਟ੍ਰੇਲੀਆ ਨੂੰ ਤਿੰਨ ਵਾਰ ਵਰਲਡ ਕੱਪ ਜਿੱਤਾਇਆ ਸੀ। ਇਹ ਹੀ ਜੈਤੂ ਭਾਵਨਾ ਪੌਂਟਿੰਗ ਨੇ ਪੰਜਾਬ ਕਿੰਗਜ਼ ਦੀ ਟੀਮ ਵਿੱਚ ਭਰੀ।"
ਸਰਨਦੀਪ ਕਹਿੰਦੇ ਹਨ ਕਿ ਰਿਕੀ ਪੌਂਟਿੰਗ ਨੇ ਟੀਮ ਵਿੱਚ ਜ਼ਿਆਦਾ ਪੰਜਾਬ ਖਿਡਾਰੀਆਂ ਦੀ ਚੋਣ ਕੀਤੀ ਤਾਂ ਜੋ ਉਹ ਟੀਮ ਦੇ ਨਾਮ 'ਪੰਜਾਬ ਕਿੰਗਜ਼' ਦੀ ਜਿੱਤ ਲਈ ਜੀਅ-ਜਾਨ ਲਾਉਣ।
ਬੀਬੀਸੀ ਪੱਤਰਕਾਰ ਹਰਪਿੰਦਰ ਸਿੰਘ ਟੌਹੜਾ ਨਾਲ ਗੱਲ ਕਰਦਿਆਂ ਭਾਰਤ ਦੇ ਸਾਬਕਾ ਕ੍ਰਿਕਟਰ ਅਤੇ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਨੇ ਪੰਜਾਬ ਕਿੰਗਸ ਦੇ ਕੋਚ ਰਿਕੀ ਪੌਂਟਿੰਗ ਦੀ ਤਾਰੀਫ਼ ਕੀਤੀ ਹੈ।
ਯੋਗਰਾਜ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਇੱਕ ਪਰਿਵਾਰ ਦਾ ਮੁਖੀ ਪਰਿਵਾਰ ਨੂੰ ਚਲਾਉਂਦਾ ਹੈ ਉਸੇ ਤਰ੍ਹਾਂ ਪੌਂਟਿੰਗ ਵੀ ਟੀਮ ਨੂੰ ਚਲਾ ਰਹੇ ਹਨ ਪੰਜਾਬ ਕਿੰਗਸ ਦੀ ਸਭ ਤੋਂ ਵੱਡੀ ਕਾਮਯਾਬੀ ਦਾ ਰਾਜ਼ ਵੀ ਇਹੀ ਹੈ।
ਯੋਗਰਾਜ ਸਿੰਘ ਨੇ ਕਿਹਾ ਰਿਕੀ ਪੌਂਟਿੰਗ ਦੇ ਵਿੱਚ ਹਰ ਉਹ ਲੀਡਰਸ਼ਿਪ ਕੁਆਲਿਟੀ ਹੈ ਜੋ ਕਿਸੇ ਕੋਚ ਦੇ ਵਿੱਚ ਹੋਣੀ ਚਾਹੀਦੀ ਹੈ।
ਯੋਗਰਾਜ ਸਿੰਘ ਕਹਿੰਦੇ ਹਨ ਕ੍ਰਿਕਟ ਇੱਕ ਸਿਰਫ ਚੌਕੇ ਛੱਕਿਆਂ ਦੀ ਖੇਡ ਨਹੀਂ ਹੈ ਕ੍ਰਿਕਟ ਦਿਮਾਗ ਨਾਲ ਵੀ ਖੇਡੀ ਜਾਂਦੀ ਹੈ। ਇਹ ਗੁਣ ਰਿਕੀ ਪੋਂਟਿੰਗ ਵਿੱਚ ਹਨ। ਕ੍ਰਿਕਟ ਨੂੰ ਪੌਂਟਿੰਗ ਬਾਰੀਕੀ ਨਾਲ ਸਮਝਦੇ ਹਨ।
ਸ਼ੇਅਸ ਅਈਅਰ 'ਤੇ ਭਰੋਸਾ

ਤਸਵੀਰ ਸਰੋਤ, Getty Images
ਦਿੱਲੀ ਕੈਪੀਟਲਜ਼ ਜਦੋਂ ਪਹਿਲੀ ਵਾਰ ਆਈਪੀਐੱਲ ਫ਼ਾਈਨਲ ਤੱਕ ਗਈ ਉਸ ਸਮੇਂ ਉਸ ਦੀ ਕਪਤਾਨੀ ਸ਼੍ਰੇਅਸ ਅਈਅਰ ਕਰ ਰਹੇ ਸਨ।
ਕ੍ਰਿਕਟ ਮਾਹਰ ਸਰਨਦੀਪ ਸਿੰਘ ਕਹਿੰਦੇ ਹਨ, "ਰਿਕੀ ਪੌਂਟਿੰਗ ਚਾਹੁੰਦੇ ਸਨ ਕਿ ਸ਼੍ਰੇਅਸ ਅਈਅਰ ਨੂੰ ਪੰਜਾਬ ਕਿੰਗਜ਼ ਦਾ ਕਪਤਾਨ ਬਣਾਇਆ ਜਾਵੇ। ਦੋਵਾਂ ਦੀ ਆਪਸੀ ਜੁਗਲਬੰਦੀ ਬਹੁਤ ਚੰਗੀ ਹੈ। ਦੋਵੇਂ ਕੈਪੀਟਲਜ਼ ਵਿੱਚ ਇਕੱਠੇ ਸਨ।"
"ਪੌਂਟਿੰਗ ਅਈਅਰ ਦੀ ਸਮਰੱਥਾ ਤੋਂ ਵਾਕਫ਼ ਸਨ ਅਤੇ ਜਾਣਦੇ ਸਨ ਕਿ ਇੱਕ ਕਪਤਾਨ ਵਜੋਂ ਉਹ ਕਿਸ ਪੱਧਰ ਦੀ ਭੂਮਿਕਾ ਨਿਭਾ ਸਕਦੇ ਹਨ।"
ਸ਼੍ਰੇਅਸ ਨੇ ਆਪਣਾ ਜਲਵਾ ਦਿਖਾਇਆ ਵੀ ਅਤੇ ਕਈ ਰਿਕਾਰਡ ਵੀ ਆਪਣੇ ਨਾਮ ਕੀਤੇ। ਇਸ ਵਾਰ ਉਨ੍ਹਾਂ ਨੇ ਆਈਪੀਐੱਲ ਪਲੇਆਫ ਵਿੱਚ ਕਿਸੇ ਵੀ ਭਾਰਤੀ ਕਪਤਾਨ ਵੱਲੋਂ ਖੇਡੀ ਸਭ ਤੋਂ ਵੱਡੀ ਪਾਰੀ ਖੇਡੀ ਸੀ।
ਰਿਕੀ ਨੇ ਅਨਕੈਪਡ ਖਿਡਾਰੀਆਂ 'ਤੇ ਜਤਾਇਆ ਭਰੋਸਾ

ਤਸਵੀਰ ਸਰੋਤ, Getty Images
ਅਨਕੈਪਡ ਖਿਡਾਰੀ ਜੋ ਹਾਲੇ ਤੱਕ ਕੌਮਾਂਤਰੀ ਪੱਧਰ 'ਤੇ ਕ੍ਰਿਕਟ ਨਾ ਖੇਡੇ ਹੋਣ, ਨੇ ਪੰਜਾਬ ਕਿੰਗਜ਼ ਵਿੱਚ ਅਹਿਮ ਭੂਮਿਕਾ ਨਿਭਾਈ।
ਸਰਨਦੀਪ ਸਿੰਘ ਕਹਿੰਦੇ ਹਨ ਕਿ ਪੌਂਟਿੰਗ ਨੇ ਚਾਰ ਅਨਕੈਪਡ ਖਿਡਾਰੀਆਂ ਨੂੰ ਥਾਂ ਦਿੱਤੀ। ਜਦੋਂ ਕਿ ਬੀਤੇ ਸਮਿਆਂ ਵਿੱਚ ਇਹ ਚਲਣ ਰਿਹਾ ਹੈ ਕਿ ਵਿਦੇਸ਼ਾਂ ਤੋਂ ਆਏ ਕੋਚ ਅਜਿਹੇ ਖਿਡਾਰੀਆਂ ਨੂੰ ਤਰਜ਼ੀਹ ਨਹੀਂ ਦਿੰਦੇ।
"ਪ੍ਰਿਆਂਸ਼ ਆਰਿਆ ਦੀ ਚੋਣ ਵੀ ਅਜਿਹੀ ਹੈ ਕਿ ਜਿਸ ਨੂੰ ਉਨ੍ਹਾਂ ਨੂੰ ਨਾ ਸਿਰਫ਼ ਟੀਮ ਵਿੱਚ ਜਗ੍ਹਾ ਦਿੱਤੀ ਗਈ ਬਲਕਿ ਕਪਤਾਨ ਅਤੇ ਟੀਮ ਨੂੰ ਕਿਹਾ ਗਿਆ ਕਿ ਉਸ ਨੂੰ ਆਜ਼ਾਦੀ ਨਾਲ ਆਪਣੀ ਖੇਡ ਦਾ ਪ੍ਰਦਰਸ਼ਨ ਕਰਨ ਦਿੱਤਾ ਜਾਵੇ।"
ਸਰਨਦੀਪ ਕਹਿੰਦੇ ਹਨ ਕਿ ਘਰੇਲੂ ਪਿੱਚ ਦਾ ਇਹ ਫ਼ਾਇਦਾ ਹੁੰਦਾ ਕੇ ਜੇ ਖਿਡਾਰੀ ਆਪਣੇ ਅੰਦਾਜ਼ ਨਾਲ ਆਪਣੀ ਫ਼ਾਰਮ ਵਿੱਚ ਖੇਡਣ ਤਾਂ ਉਹ ਆਸ ਨਾਲੋਂ ਵੀ ਬਿਹਤਰ ਪ੍ਰਦਰਸ਼ਨ ਕਰ ਸਕਦੇ ਹਨ।
"ਪ੍ਰਭਸਿਮਰਨ, ਨਿਹਾਲ ਵਡੇਰਾ ਅਤੇ ਹਰਪ੍ਰੀਤ ਸਿੰਘ ਬਰਾੜ ਵਰਗੇ ਖਿਡਾਰੀਆਂ ਨੂੰ ਉਨ੍ਹਾਂ ਨੇ ਖੇਡਣ ਲਈ ਉਤਸ਼ਾਹਿਤ ਕੀਤਾ ਅਤੇ ਟੀਮ ਨੂੰ ਵੀ ਉਨ੍ਹਾਂ ਨੂੰ ਖੁੱਲ੍ਹੇ ਦਿਲ ਨਾਲ ਸਵਿਕਾਰਨ ਲਈ ਪ੍ਰੇਰਿਤ ਕੀਤਾ।"
ਇਸ ਤੋਂ ਇਲਾਵਾ ਅਰਸ਼ਦੀਪ ਸਿੰਘ ਵਰਗੇ ਖਿਡਾਰੀਆਂ ਨੂੰ ਟੀਮ ਦਾ ਹਿੱਸਾ ਬਣਾਉਣ ਨੇ ਵੀ ਪੰਜਾਬ ਕਿੰਗਜ਼ ਦੀ ਕਾਮਯਾਬੀ ਦੀ ਤਾਬੀਰ ਲਿਖਣ ਵਿੱਚ ਅਹਿਮ ਭੂਮਿਕਾ ਨਿਭਾਈ।
ਰਿਕੀ ਪੌਂਟਿੰਗ ਸਾਹਮਣੇ ਸੀ ਚੁਣੌਤੀ

ਤਸਵੀਰ ਸਰੋਤ, Getty Images
ਭਾਰਤ ਦੇ ਸਾਬਕਾ ਕ੍ਰਿਕਟਰ ਅਤੁਲ ਵਾਸਨ ਪੰਜਾਬ ਕਿੰਗਜ਼ ਦੇ ਚੰਗੇ ਪ੍ਰਦਰਸ਼ਨ ਦਾ ਸਾਰਾ ਸਿਹਰਾ ਕੋਚ ਰਿਕੀ ਪੌਂਟਿੰਗ ਨੂੰ ਨਹੀਂ ਦਿੰਦੇ।
ਬੀਬੀਸੀ ਪੱਤਰਕਾਰ ਹਰਪਿੰਦਰ ਸਿੰਘ ਟੌਹੜਾ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ,"ਪੌਂਟਿੰਗ ਤਾਂ ਆਈਪੀਐੱਲ ਦੇ ਪਿਛਲੇ ਕਈ ਸੀਜ਼ਨ ਤੋਂ ਵੱਖ ਵੱਖ ਟੀਮਾਂ ਨੂੰ ਕੋਚਿੰਗ ਦੇ ਚੁੱਕੇ ਹਨ ਪਰ ਉਨ੍ਹਾਂ ਦੀ ਕੋਚਿੰਗ ਸਦਕਾ ਹਰ ਟੀਮ ਨੇ ਚੰਗਾ ਪ੍ਰਦਰਸ਼ਨ ਨਹੀਂ ਕੀਤਾ।"
"ਇਸ ਵਾਰ ਪੰਜਾਬ ਕਿੰਗਜ਼ ਦੇ ਚੰਗੇ ਪ੍ਰਦਰਸ਼ਨ ਲਈ ਕੋਚ ਦੀ ਥਾਂ ਟੀਮ ਦੀ ਮਿਹਨਤ ਨੂੰ ਚੰਗਾ ਮੰਨਿਆ ਜਾਣਾ ਚਾਹੀਦਾ ਹੈ।"
ਦੂਜੇ ਪਾਸੇ ਸਰਨਦੀਪ ਸਿੰਘ ਕਹਿੰਦੇ ਹਨ ਅਸਲ ਵਿੱਚ ਤਾਂ ਪੌਂਟਿੰਗ ਲਈ ਵੀ ਇਹ ਚੈਲੇਂਜ ਵਾਲੀ ਸਥਿਤੀ ਸੀ। ਉਨ੍ਹਾਂ ਦੀ ਕੋਚਿੰਗ ਵਿੱਚ ਦਿੱਲੀ ਕੈਪੀਟਲਜ਼ ਨੇ ਪਿਛਲੇ ਤਿੰਨ ਸੀਜ਼ਨ ਚੰਗਾ ਪ੍ਰਦਰਸ਼ਨ ਨਹੀਂ ਸੀ ਕੀਤਾ। ਪਰ ਹੁਣ ਉਨ੍ਹਾਂ ਨੇ ਇਸ ਨੂੰ ਚੁਣੌਤੀ ਵਜੋਂ ਲਿਆ ਅਤੇ ਪੰਜਾਬ ਕਿੰਗਜ਼ ਦੀ ਟੀਮ ਨੂੰ ਫਾਈਨਲ ਤੱਕ ਪਹੁੰਚਾਇਆ।
ਰਿਕੀ ਪੌਂਟਿੰਗ ਦਾ ਕ੍ਰਿਕਟ ਸਫ਼ਰ

ਤਸਵੀਰ ਸਰੋਤ, Getty Images
ਪੌਂਟਿੰਗ ਨੇ ਕ੍ਰਿਕਟ ਵਿੱਚ ਜਲਵੇ ਬਹੁਤ ਛੋਟੀ ਉਮਰ ਤੋਂ ਦਿਖਾਉਣੇ ਸ਼ੁਰੂ ਕੀਤੇ।
ਰਿਕੀ ਪੌਂਟਿੰਗ ਬਾਰੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਦੀ ਕਿਸਮਤ ਵਿੱਚ ਹਮੇਸ਼ਾ ਵੱਡੀਆਂ ਚੀਜ਼ਾਂ ਰਹੀਆਂ ਹਨ। ਉਨ੍ਹਾਂ ਨੇ ਇੱਕ ਜੂਨੀਅਰ ਕ੍ਰਿਕਟ ਮੁਕਾਬਲੇ ਵਿੱਚ ਇੱਕ ਹਫ਼ਤੇ ਵਿੱਚ ਚਾਰ ਸੈਂਕੜੇ ਲਗਾਉਣ ਤੋਂ ਬਾਅਦ 12 ਸਾਲ ਦੀ ਉਮਰ ਵਿੱਚ ਇੱਕ ਬੱਲੇ ਦੇ ਸਪਾਂਸਰਸ਼ਿਪ ਸੌਦੇ 'ਤੇ ਦਸਤਖਤ ਕੀਤੇ ਸਨ।
ਮਹਾਨ ਵਿਕਟਕੀਪਰ ਰੋਡਨੀ ਮਾਰਸ਼ ਨੇ ਬਾਅਦ ਵਿੱਚ ਉਨ੍ਹਾਂ ਨੂੰ ਹੁਣ ਤੱਕ ਦਾ ਸਭ ਤੋਂ ਵਧੀਆ ਅੱਲੜ੍ਹ ਬੱਲੇਬਾਜ਼ ਕਰਾਰ ਦਿੱਤਾ ਸੀ।
ਪੋਂਟਿੰਗ ਨੇ 1995 ਵਿੱਚ ਸ਼੍ਰੀਲੰਕਾ ਵਿਰੁੱਧ ਪਰਥ ਵਿੱਚ ਸਿਰਫ਼ 20 ਸਾਲ ਦੀ ਉਮਰ ਵਿੱਚ ਆਪਣੇ ਟੈਸਟ ਡੈਬਿਊ ਵਿੱਚ 96 ਦੌੜਾਂ ਬਣਾਈਆਂ ਸਨ।
ਉਨ੍ਹਾਂ ਨਾਲ ਕਈ ਵਾਰ ਵਿਵਾਦ ਵੀ ਜੁੜੇ 1999 ਦੇ ਸ਼ੁਰੂ ਵਿੱਚ, ਪੌਂਟਿੰਗ ਨੂੰ ਇੱਕ ਨਾਈਟ ਕਲੱਬ ਵਿੱਚ ਹੋਏ ਝਗੜੇ ਤੋਂ ਬਾਅਦ ਤਿੰਨ ਮੈਚਾਂ ਲਈ ਮੁਅੱਤਲ ਕਰ ਦਿੱਤਾ ਗਿਆ ਸੀ, ਇਸ ਝਗੜੇ ਵਿੱਚ ਉਨ੍ਹਾਂ ਦੀ ਅੱਖ 'ਤੇ ਸੱਟ ਲੱਗੀ ਸੀ।
ਉਨ੍ਹਾਂ ਨੇ ਆਪਣੀਆਂ ਮੈਦਾਨ ਤੋਂ ਬਾਹਰ ਦੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਅਤੇ ਜਲਦੀ ਹੀ ਉਸ ਸਾਲ ਦੇ ਅੰਤ ਵਿੱਚ ਇੰਗਲੈਂਡ ਵਿੱਚ ਵਿਸ਼ਵ ਕੱਪ ਜਿੱਤਣ ਵਾਲੀ ਟੀਮ ਦਾ ਹਿੱਸਾ ਬਣੇ।
ਜਿੱਥੇ ਸ਼ੇਨ ਵਾਰਨ, ਗਲੇਨ ਮੈਕਗ੍ਰਾਥ ਅਤੇ ਐਡਮ ਗਿਲਕ੍ਰਿਸਟ ਵਰਗੇ ਖਿਡਾਰੀ ਅਕਸਰ ਸੁਰਖੀਆਂ ਵਿੱਚ ਰਹਿੰਦੇ ਸਨ, ਉੱਥੇ ਹੀ ਪੌਂਟਿੰਗ, ਆਸਟ੍ਰੇਲੀਆਈ ਟੀਮ ਦਾ ਅਹਿਮ ਹਿੱਸਾ ਰਹੇ ਜਿਸ ਨੇ ਇੱਕ ਦਹਾਕੇ ਤੱਕ ਯਾਨੀ ਸਭ ਤੋਂ ਲੰਬੇ ਸਮੇਂ ਤੱਕ ਵਿਸ਼ਵ ਕ੍ਰਿਕਟ 'ਤੇ ਦਬਦਬਾ ਬਣਾਣੀ ਰੱਕਿਆ।
ਪੰਜਾਬ ਕਿੰਗਜ਼ ਦਾ ਫ਼ਾਈਨਲ ਤੱਕ ਦਾ ਸਫ਼ਰ

ਤਸਵੀਰ ਸਰੋਤ, Getty Images
ਸਰਨਦੀਪ ਸਿੰਘ ਕਹਿੰਦੇ ਹਨ ਕਿ ਪੌਂਟਿੰਗ ਦੀ ਕੋਚਿੰਗ ਵਿੱਚ ਆਸਟ੍ਰੇਲੀਅਨ ਤਰੀਕੇ ਦੀ ਖੇਡ ਦੀ ਝਲਕ ਪੈਂਦੀ ਹੈ। ਆਸਟ੍ਰੇਲੀਆ ਦੀ ਟੀਮ ਸ਼ੁਰੂਆਤ ਤੋਂ ਹੀ ਹਮਲਾਵਰ ਤਰੀਕੇ ਨਾਲ ਅਤੇ ਜੈਤੂ ਮਾਨਸਿਕਤਾ ਨਾਲ ਖੇਡਦੀ ਹੈ।
ਇਸ ਵਾਰ ਪੰਜਾਬ ਕਿੰਗਜ਼ ਵੀ ਆਈਪੀਐੱਲ 2025 ਵਿੱਚ ਇਸੇ ਤਰ੍ਹਾਂ ਮੈਦਾਨ ਵਿੱਚ ਨਿਤਰੀ ਸੀ।
ਪੰਜਾਬ ਕਿੰਗਜ਼ ਨੇ ਆਈਪੀਐੱਲ 2025 ਵਿੱਚ ਸ਼ਾਨਦਾਰ ਪਰਫੌਰਮੈਂਸ ਦਿੱਤੀ ਹੈ ਤੇ ਪੁਆਈਂਟਸ ਟੇਬਲ ’ਤੇ ਟਾਪ ਕੀਤਾ ਹੈ।
ਜਦੋਂ ਪੰਜਾਬ ਦੀ ਟੀਮ ਨੂੰ ਆਪਣੇ ਕਪਤਾਨ ਦੇ ਬੱਲੇ ਤੋਂ ਸਭ ਤੋਂ ਵੱਧ ਲੋੜ ਸੀ, ਉਦੋਂ ਸ਼੍ਰੇਅਸ ਦਾ ਬੱਲਾ ਚੱਲਿਆ ਅਤੇ ਅਜਿਹਾ ਚੱਲਿਆ ਕਿ ਕਮਾਲ ਕਰ ਦਿੱਤਾ।
ਸ਼੍ਰੇਅਸ ਅਈਅਰ ਨੇ ਮੁੰਬਈ ਖਿਲਾਫ ਦਮਦਾਰ ਛੱਕੇ ਮਾਰੇ, ਬੁਮਰਾਹ ਨੂੰ ਸੰਭਲਣ ਨਹੀਂ ਦਿੱਤਾ ਪਰ ਉਨ੍ਹਾਂ ਦੇ ਯਾਰਕਰ ਨੂੰ ਚੰਗੀ ਤਰ੍ਹਾਂ ਸੰਭਾਲਿਆ ਅਤੇ 11 ਸਾਲਾਂ ਬਾਅਦ ਪੰਜਾਬ ਨੂੰ ਫਾਈਨਲ ਦੀ ਟਿਕਟ ਦਿਵਾਈ।
ਸ਼੍ਰੇਅਸ ਨੇ 212.80 ਦੇ ਸਟ੍ਰਾਈਕ ਰੇਟ ਨਾਲ 41 ਗੇਂਦਾਂ 'ਤੇ ਅਜੇਤੂ 87 ਦੌੜਾਂ ਬਣਾਈਆਂ, ਜਿਸ ਕਾਰਨ ਪੰਜਾਬ ਨੇ 6 ਗੇਂਦਾਂ ਬਾਕੀ ਰਹਿੰਦਿਆਂ ਹੀ 204 ਦੌੜਾਂ ਦਾ ਟੀਚਾ ਹਾਸਲ ਕਰ ਲਿਆ।
ਬੁੱਧਵਾਰ ਨੂੰ, ਸ਼੍ਰੇਅਸ ਦੇ ਸ਼ਾਟ ਸਿਲੈਕਸ਼ਨ ਦੀ ਭਾਰੀ ਆਲੋਚਨਾ ਹੋਈ ਸੀ ਪਰ ਐਤਵਾਰ ਨੂੰ ਉਨ੍ਹਾਂ ਨੇ ਬਹੁਤ ਹੀ ਸਟਾਈਲਿਸ਼ ਢੰਗ ਨਾਲ ਬੱਲੇਬਾਜ਼ੀ ਕੀਤੀ, ਅੱਠ ਵੱਡੇ ਛੱਕੇ ਅਤੇ ਪੰਜ ਚੌਕੇ ਮਾਰੇ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












