ਆਈਪੀਐੱਲ: ਪੰਜਾਬ ਕਿੰਗਜ਼ ਸਾਹਮਣੇ ਫਾਈਨਲ ਤੱਕ ਪਹੁੰਚਣ ਦੇ ਰਾਹ ਵਿੱਚ ਇਹ ਹਨ 5 ਚੁਣੌਤੀਆਂ

ਤਸਵੀਰ ਸਰੋਤ, Getty Images
- ਲੇਖਕ, ਬਰਿੰਦਰ ਸਿੰਘ
- ਰੋਲ, ਬੀਬੀਸੀ ਪੱਤਰਕਾਰ
'ਲੜਾਈ ਹਾਰੇ ਹਾਂ ਪਰ ਜੰਗ ਨਹੀਂ ਹਾਰੇ'
ਇਹ ਬੋਲ ਆਈਪੀਐੱਲ-2025 ਦੇ ਸੀਜ਼ਨ ਦਾ ਪਹਿਲਾ ਕੁਆਲੀਫਾਇਰ ਮੁਕਾਬਲਾ ਰਾਇਲ ਚੈਲੇਂਜਰਜ਼ ਬੰਗਲੁਰੂ ਤੋਂ ਹਾਰਨ ਮਗਰੋਂ ਪੰਜਾਬ ਕਿੰਗਜ਼ ਦੇ ਕਪਤਾਨ ਸ਼੍ਰੇਅਸ ਅਈਅਰ ਦੇ ਸਨ।
ਮੈਚ ਤੋਂ ਬਾਅਦ ਸ਼੍ਰੇਅਸ ਅਈਅਰ ਨੇ ਹਾਰ ਨੂੰ ਸਵਿਕਾਰ ਕਰਦਿਆਂ ਕਿਹਾ ਸੀ, "ਇਹ ਦਿਨ ਭੁੱਲਣ ਲਾਇਕ ਨਹੀਂ ਹੈ। ਅਸੀਂ ਸ਼ੁਰੂਆਤ ਵਿੱਚ ਹੀ ਵਿਕਟਾਂ ਗੁਆ ਦਿੱਤੀਆਂ। ਅਸੀਂ ਇਸ ਉਪਰ ਕੰਮ ਕਰਾਂਗੇ। ਲੜਾਈ ਹਾਰੇ ਹਾਂ ਪਰ ਜੰਗ ਨਹੀਂ ਹਾਰੇ।"
ਪੰਜਾਬ ਦੀ ਟੀਮ ਇਸ ਸੀਜ਼ਨ ਵਿੱਚ ਪੁਆਇੰਟ ਟੇਬਲ 'ਤੇ ਨੰਬਰ ਇੱਕ 'ਤੇ ਰਹੀ ਹੈ। ਪਹਿਲਾ ਕੁਲਾਈਫਾਇਰ ਹਾਰਨ ਤੋਂ ਬਾਅਦ ਹੁਣ ਪੰਜਾਬ ਕਿੰਗਜ਼ ਦਾ ਦੂਜਾ ਕੁਲਾਈਫਾਇਰ ਮੁਕਾਬਲਾ ਐਤਵਾਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਮੁੰਬਈ ਇੰਡੀਅਨਜ਼ ਦੇ ਨਾਲ ਹੈ।
ਪੰਜਾਬ ਕਿੰਗਜ਼ ਫਾਈਨਲ ਵਿੱਚ ਪਹੁੰਚਣ ਤੋਂ ਸਿਰਫ਼ ਇੱਕ ਕਦਮ ਦੂਰ ਹੈ। ਪਰ ਉਸ ਦੇ ਅੱਗੇ ਕੁਝ ਚੁਣੌਤੀਆਂ ਜ਼ਰੂਰ ਹਨ, ਜਿਨ੍ਹਾਂ ਨੂੰ ਪਾਰ ਕਰਕੇ ਖਿਤਾਬ ਨੂੰ ਪਾਉਣਾ ਸੰਭਵ ਹੈ।
ਇਸ ਰਿਪੋਰਟ ਵਿੱਚ ਇਨ੍ਹਾਂ ਚੁਣੌਤੀਆਂ ਉੱਤੇ ਅਤੇ ਪੰਜਾਬ ਦੀ ਟਰਾਫ਼ੀ ਉਪਰ ਦਾਅਵੇਦਾਰੀ ਬਾਰੇ ਗੱਲ ਕਰਾਂਗੇ।
1.ਪੰਜਾਬ ਦੇ ਬੱਲੇਬਾਜ਼ਾਂ ਲਈ ਵਿਕਟਾਂ ਸੰਭਾਲਣ ਦੀ ਲੋੜ

ਤਸਵੀਰ ਸਰੋਤ, Getty Images
ਪੰਜਾਬ ਕਿੰਗਜ਼ ਦੀ ਟੀਮ ਵਿੱਚ ਜ਼ਿਆਦਾਤਰ ਨਵੇਂ ਭਾਰਤੀ ਖਿਡਾਰੀ ਹਨ, ਜਿਨ੍ਹਾਂ ਦਾ ਪ੍ਰਦਰਸ਼ਨ ਹੁਣ ਤੱਕ ਬਹੁਤ ਸ਼ਾਨਦਾਰ ਰਿਹਾ ਹੈ। ।
ਪੰਜਾਬ ਦਾ ਦੂਜਾ ਕੁਆਲੀਫਾਇਰ ਮੁੰਬਈ ਇੰਡੀਅਨਜ਼ ਨਾਲ ਹੈ, ਜਿਸ ਨੂੰ ਉਹ ਲੀਗ ਦੇ ਆਪਣੇ ਆਖ਼ਰੀ ਮੈਚ ਵਿੱਚ ਹਰਾ ਚੁੱਕੀ ਹੈ।
ਪਰ ਪਹਿਲੇ ਕੁਆਲੀਫਾਇਰ ਦੀ ਕਰਾਰੀ ਹਾਰ ਤੋਂ ਬਾਅਦ ਉੱਭਰ ਕੇ ਸਾਹਮਣੇ ਆਉਣਾ ਬਹੁਤ ਅਹਿਮ ਹੈ।
ਆਰਸੀਬੀ ਤੋਂ ਮਿਲੀ ਕਰਾਰੀ ਹਾਰ ਤੋਂ ਬਾਅਦ ਪੰਜਾਬ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਕਿਹਾ ਸੀ ਕਿ ਉਹ ਵਿਕਟ ਨੂੰ ਪੜ੍ਹਨ ਦੇ ਮਾਮਲੇ ਵਿੱਚ ਅਸਫ਼ਲ ਹੋਏ ਹਨ ਅਤੇ ਇਸ ਉਪਰ ਉਹ ਕੰਮ ਕਰਨਗੇ।
ਸਾਬਕਾ ਕ੍ਰਿਕਟਰ ਸਰਨਦੀਪ ਸਿੰਘ ਨੇ ਬੀਬੀਸੀ ਨਾਲ ਖਾਸ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਨੌਜਵਾਨ ਖਿਡਾਰੀਆਂ ਨੇ ਮੁੰਬਈ ਨਾਲ ਆਪਣੇ ਪਿਛਲੇ ਮੈਚ ਵਿੱਚ ਚੰਗੀ ਬੱਲੇਬਾਜ਼ੀ ਕੀਤੀ ਹੈ।
ਉਹ ਕਹਿੰਦੇ ਹਨ, "ਪੰਜਾਬ ਦੀ ਬੱਲੇਬਾਜ਼ੀ ਸ਼ਾਨਦਾਰ ਹੈ। ਆਰਸੀਬੀ ਨਾਲ ਪਿਛਲਾ ਮੈਚ ਬੇਸ਼ੱਕ ਕੁਝ ਖਾਸ ਨਹੀਂ ਸੀ ਪਰ ਓਪਨਰ ਪ੍ਰਭਸਿਮਰਨ ਤੇ ਪ੍ਰਿਆਂਸ਼ ਆਰਿਆ ਦੋਵੇਂ ਪੰਜਾਬ ਲਈ ਖਾਸ ਹਨ, ਜੇ ਇਨ੍ਹਾਂ 'ਚੋਂ ਕੋਈ 45 ਤੋਂ ਜ਼ਿਆਦਾ ਦੌੜਾਂ ਬਣਾਉਂਦਾ ਤਾਂ ਟੀਮ ਮਜ਼ਬੂਤੀ ਵੱਲ ਜਾਂਦੀ ਹੈ। ਪਰ ਜੇ ਜਲਦ ਆਊਟ ਹੋ ਜਾਂਦੇ ਹਨ ਤਾਂ ਸਾਰੀ ਟੀਮ ਥਿੜਕ ਜਾਂਦੀ ਹੈ ਤੇ ਅਸੀਂ ਹਾਰਦੇ ਹਾਂ।"
"ਆਰਸੀਬੀ ਨੂੰ ਪੰਜਾਬ ਹਰਾ ਚੁੱਕੀ ਹੈ ਤੇ ਉਸ ਦੇ ਮੁਕਾਬਲੇ ਪੰਜਾਬ ਚੰਗੀ ਟੀਮ ਹੈ ਪਰ ਬੱਲੇਬਾਜ਼ਾਂ ਨੇ ਖਰਾਬ ਸ਼ਾਟ ਅਤੇ ਲਾਪਰਵਾਹੀ ਨਾਲ ਖੇਡਦਿਆਂ ਮੁਕਾਬਲਾ ਦੂਜੀ ਟੀਮ ਦੀ ਝੋਲੀ ਪਾ ਦਿੱਤਾ। ਪੰਜਾਬ ਦੇ ਬੱਲੇਬਾਜ਼ਾਂ ਲਈ ਇਹ ਬਹੁਤ ਵੱਡਾ ਮੁਕਾਬਲਾ ਹੈ, ਇਥੇ ਉਨ੍ਹਾਂ ਨੂੰ ਵਿਕਟਾਂ ਸੰਭਾਲ ਕੇ ਖੇਡਣਾ ਪਵੇਗਾ ਅਤੇ ਸਾਂਝੇਦਾਰੀ ਨੂੰ ਲੰਬਾ ਲੈ ਕੇ ਜਾਣਾ ਪਵੇਗਾ। ਓਪਨਰਾਂ ਵਿੱਚੋਂ ਇੱਕ ਨੂੰ ਕਰੀਬ 12 ਤੋਂ 15 ਓਵਰਾਂ ਤੱਕ ਖੇਡਣਾ ਚਾਹੀਦਾ ਤਾਂ ਹੀ 200 ਤੋਂ ਪਾਰ ਸਕੋਰ ਹੋ ਸਕੇਗਾ।"

ਉਹ ਕਹਿੰਦੇ ਹਨ, "ਮਿਡਲ ਆਰਡਰ ਵਿੱਚ ਅਈਅਰ ਤੇ ਇੰਗਲਿਸ ਨੂੰ ਪਾਰੀ ਸੰਭਾਲ ਕੇ ਖੇਡਣੀ ਪਵੇਗੀ ਅਤੇ ਨਿਹਾਲ ਵਡੇਰਾ ਤੇ ਸ਼ਸ਼ਾਂਕ ਨੂੰ ਸ਼ਾਨਦਾਰ ਫਿਨਿਸ਼ ਕਰਨਾ ਚਾਹੀਦਾ।"
ਸਾਬਕਾ ਕ੍ਰਿਕਟਰ ਅਤੇ ਆਈਪੀਐੱਲ ਸੀਜ਼ਨ 2025 ਦੇ ਕੰਮੈਂਟੈਟਰ ਰਾਹੁਲ ਸ਼ਰਮਾ ਨੇ ਵੀ ਬੀਬੀਸੀ ਨਾਲ ਇਸ ਸਬੰਧੀ ਖਾਸ ਗੱਲਬਾਤ ਕੀਤੀ ਹੈ।
ਉਹ ਕਹਿੰਦੇ ਹਨ, "ਟੀ20 ਗੇਮ ਵਿੱਚ ਦਿਨ ਦੀ ਗੱਲ ਹੁੰਦੀ ਹੈ। ਗੱਲਾਂ ਸੀ ਕਿ ਪੰਜਾਬ ਦੀ ਟੀਮ ਟੌਪ 2 ਵਿੱਚ ਆਵੇਗੀ ਜਾਂ ਨਹੀਂ, ਮੁੰਬਈ ਨੂੰ ਹਰਾ ਸਕੇਗੀ ਜਾਂ ਨਹੀਂ ਪਰ ਪੰਜਾਬ ਦੀ ਟੀਮ ਮਜ਼ਬੂਤ ਬਣ ਕੇ ਉਭਰੀ ਤੇ ਟੇਬਲ 'ਤੇ ਟੌਪ ਕੀਤਾ।"
ਉਹ ਅੱਗੇ ਕਹਿੰਦੇ ਹਨ, "ਪਾਵਰ ਪਲੇਅ ਦਾ ਇਮਪੈਕਟ ਪਾਉਣਾ ਟੀ20 ਵਿੱਚ ਬਹੁਤ ਅਹਿਮ ਹੈ, ਜੇ ਤੁਸੀਂ ਇਥੇ ਗੇਮ ਵਿੱਚ ਪਿੱਛੇ ਰਹਿ ਗਏ ਫਿਰ ਮੁਕਾਬਲੇ ਵਿੱਚ ਵਾਪਸੀ ਕਰਨਾ ਮੁਸ਼ਕਲ ਹੈ। ਪੰਜਾਬ ਦੀ ਟੀਮ ਨੂੰ ਪਾਵਰ ਪਲੇਅ ਵਿੱਚ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ। ਜੇ ਤੁਸੀਂ ਬੱਲੇਬਾਜ਼ੀ ਕਰਦੇ ਹੋਏ ਤਾਂ ਸਟਾਰਟਿੰਗ ਘੱਟੋ-ਘੱਟ 50 ਦੌੜਾਂ ਨਾਲ ਦੇਣੀ ਪੈਣੀ ਹੈ ਤੇ ਜਦੋਂ ਗੇਂਦਬਾਜ਼ੀ ਕਰਦੇ ਹੋ ਤਾਂ ਘੱਟੋ-ਘੱਟ ਦੋ ਵਿਕਟਾਂ ਕੱਢਣੀਆਂ ਜ਼ਰੂਰੀ ਹੋਣਗੀਆਂ।"
2. ਬੁਮਰਾਹ ਦੇ 'ਵਾਰ'

ਤਸਵੀਰ ਸਰੋਤ, Getty Images
ਜਸਪ੍ਰੀਤ ਬੁਮਰਾਹ ਦੀ ਮੁੰਬਈ ਟੀਮ ਨੂੰ ਜਦੋਂ-ਜਦੋਂ ਜ਼ਰੂਰਤ ਪੈਂਦੀ ਹੈ, ਉਹ ਟੀਮ ਦੀਆਂ ਉਮੀਦਾਂ 'ਤੇ ਖਰੇ ਉਤਰਦੇ ਹਨ। ਐਲੀਮੀਨੇਟਰ ਮੁਕਾਬਲੇ ਵਿੱਚ ਵੀ ਅਜਿਹਾ ਹੀ ਹੋਇਆ। ਉਹ 14ਵਾਂ ਓਵਰ ਜਦੋਂ ਪਾਉਣ ਉਤਰੇ ਤਾਂ ਪੂਰਾ ਮੈਚ ਹੀ ਪਲਟ ਦਿੱਤਾ।
ਬੁਮਰਾਹ ਨੇ 14ਵੇਂ ਦੀ ਚੌਥੀ ਬਾਲ 'ਤੇ ਵਾਸ਼ਿੰਗਟਨ ਸੁੰਦਰ ਨੂੰ ਯਾਰਕਰ 'ਤੇ ਕਲੀਨ ਬੋਲਡ ਕੀਤਾ। ਮੈਚ ਤੋਂ ਬਾਅਦ ਮੁੰਬਈ ਟੀਮ ਦੇ ਕਪਤਾਨ ਹਾਰਦਿਕ ਪਾਂਡਿਆ ਨੇ ਵੀ ਕਿਹਾ ਸੀ ਕਿ ਬੁਮਰਾਹ ਤੋਂ ਬਾਲਿੰਗ ਕਰਵਾਉਣ ਦਾ ਫ਼ੈਸਲਾ ਕਰਨਾ ਬਹੁਤ ਅਸਾਨ ਹੈ, ਜਦੋਂ ਵੀ ਲੱਗੇ ਮੈਚ ਹੱਥ 'ਚੋਂ ਬਾਹਰ ਜਾ ਰਿਹਾ ਹੋਵੇ ਤਾਂ ਬੁਮਰਾਹ ਨੂੰ ਗੇਂਦ ਦੇ ਦਿਓ।
ਰਾਹੁਲ ਸ਼ਰਮਾ ਕਹਿੰਦੇ ਹਨ, "ਪੰਜਾਬ ਨੇ ਪਹਿਲਾਂ ਵੀ ਮੁੰਬਈ ਨੂੰ ਹਰਾਇਆ, ਜੇ ਤੁਸੀਂ ਬੁਮਰਾਹ ਦੇ ਚਾਰ ਓਵਰ ਖੇਡ ਜਾਓ ਤਾਂ ਖਤਰਾ ਟਲ ਜਾਂਦਾ ਤੇ ਤੁਸੀਂ ਮੁੰਬਈ ਨੂੰ ਹਰਾ ਸਕਦੇ ਹੋ। ਬੁਮਰਾਹ ਦੇ ਓਵਰਾਂ ਵਿੱਚ ਵਿਕਟਾਂ ਉਪਰ ਕੰਮ ਕਰਨ ਦੀ ਲੋੜ ਹੈ, ਇਸ ਦੇ ਓਵਰ ਵਿੱਚ ਵਿਕਟ ਨਾ ਗੁਆਈ ਜਾਵੇ ਤੇ ਸੰਭਲ ਕੇ ਖੇਡਣਾ ਪਵੇਗਾ।"
"ਪੰਜਾਬ ਦੇ ਨੌਜਵਾਨ ਖਿਡਾਰੀਆਂ ਨੇ ਹੁਣ ਤੱਕ ਦੁਨੀਆਂ ਦੇ ਟੌਪ ਦੇ ਗੇਂਦਬਾਜ਼ਾਂ ਖ਼ਿਲਾਫ਼ ਸ਼ਾਨਦਾਰ ਬੱਲੇਬਾਜ਼ੀ ਕੀਤੀ ਹੈ ਪਰ ਉਨ੍ਹਾਂ ਨੂੰ ਬੁਮਰਾਹ ਦੇ ਖ਼ਿਲਾਫ਼ ਰਣਨੀਤੀ ਨਾਲ ਖੇਡਣਾ ਪਵੇਗਾ।"
ਸਰਨਦੀਪ ਸਿੰਘ ਵੀ ਰਾਹੁਲ ਸ਼ਰਮਾ ਦੀ ਇਸ ਗੱਲ ਨਾਲ ਸਹਿਮਤੀ ਪ੍ਰਗਟਾਉਂਦੇ ਹੋਏ ਕਹਿੰਦੇ ਹਨ, "ਮੁੰਬਈ ਦਾ ਇੱਕੋ ਗੇਂਦਬਾਜ਼ ਪੰਜਾਬ ਦੇ ਖਿਡਾਰੀਆਂ ਨੂੰ ਪਰੇਸ਼ਾਨ ਕਰ ਸਕਦਾ ਹੈ, ਉਹ ਹੈ ਜਸਪ੍ਰੀਤ ਬੁਮਰਾਹ। ਪੰਜਾਬ ਦੇ ਖਿਡਾਰੀ ਸਿਰਫ਼ ਬੁਮਰਾਹ ਨੂੰ ਬਚਾਅ ਕੇ ਖੇਡਣ ਬਾਕੀਆਂ ਨੂੰ ਜੰਮ ਕੇ ਸ਼ਾਟ ਲਾਉਣ।"
"ਬੁਮਰਾਹ ਦੀ ਖਾਸੀਅਤ ਇਹ ਹੈ ਕਿ ਉਹ ਪਹਿਲਾਂ ਵਾਲੇ ਓਵਰਾਂ ਵਿੱਚ ਵਿਕਟ ਕੱਢਦਾ ਹੈ ਤੇ ਬਾਅਦ ਵਿੱਚ ਅਖੀਰ ਵਾਲੇ ਓਵਰਾਂ ਵਿੱਚ ਦੌੜਾਂ ਰੋਕਦਾ। ਮੁੰਬਈ ਨੂੰ ਮੈਚ ਜਿਤਾਉਣ ਵਾਲਾ ਗੇਂਦਬਾਜ਼ ਸਿਰਫ ਬੁਮਰਾਹ ਜੋ ਮੈਚ ਪਲਟ ਸਕਦਾ, ਜਿਸ ਨੂੰ ਸੰਭਲ ਕੇ ਖੇਡਣ ਦੀ ਜ਼ਰੂਰਤ ਹੈ।"
3. ਪੰਜਾਬ ਦੀ ਗੇਂਦਬਾਜ਼ੀ ਤੇ ਅਰਸ਼ਦੀਪ ਦੀ ਫਾਰਮ

ਤਸਵੀਰ ਸਰੋਤ, Getty Images
ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਤੋਂ ਬਾਅਦ ਜੇ ਕਿਸੇ ਖਿਡਾਰੀ ਦੀ ਗੱਲ ਹੁੰਦੀ ਹੈ ਤਾਂ ਉਹ ਗੇਂਦਬਾਜ਼ ਅਰਸ਼ਦੀਪ ਸਿੰਘ ਹਨ।
ਆਈਪੀਐੱਲ ਦੇ ਇਸ ਸੀਜ਼ਨ ਵਿੱਚ ਚੰਗੀ ਸ਼ੁਰੂਆਤ ਨਾਲ ਉਤਰੇ ਅਰਸ਼ਦੀਪ ਦੀ ਹਾਲੀਆ ਫਾਰਮ ਦੇਖੀ ਜਾਵੇ ਤਾਂ ਉਹ ਐਵਰੇਜ ਰਹੀ ਹੈ।
ਰਾਹੁਲ ਸ਼ਰਮਾ ਕਹਿੰਦੇ ਹਨ, "ਅਰਸ਼ਦੀਪ ਨੇ ਆਪਣੀ ਗੇਂਦਬਾਜ਼ੀ ਉਪਰ ਬਹੁਤ ਕੰਮ ਕੀਤਾ। ਉਹ ਬਹੁਤ ਸਿਆਣਾ ਖਿਡਾਰੀ ਹੈ, ਜਿਸ ਨੇ ਹੁਣ ਤੱਕ ਚੰਗੀ ਗੇਂਦਬਾਜ਼ੀ ਕੀਤੀ ਹੈ। ਟੀਮ ਦੇ ਮੁੱਖ ਗੇਂਦਬਾਜ਼ ਹੋਣ ਕਾਰਨ ਇੱਕ ਦਬਾਅ ਰਹਿੰਦਾ ਹੈ ਪਰ ਅਰਸ਼ਦੀਮ ਦਿਮਾਗ ਤੋਂ ਕਾਫੀ ਮਜ਼ਬੂਤ ਹੈ ਤੇ ਉਸ ਨੂੰ ਇਸ 'ਚੋਂ ਨਿਕਲਣਾ ਆਉਂਦਾ। ਮੁੰਬਈ ਵਾਲੇ ਮੈਚ ਵਿੱਚ ਵੀ ਅਰਸ਼ ਨੇ ਚੰਗੀ ਵਾਪਸੀ ਕੀਤੀ ਸੀ।"
"ਹਰਪ੍ਰੀਤ ਬਰਾੜ ਚੰਗਾ ਗੇਂਦਬਾਜ਼ ਹੈ ਪਰ ਉਹ ਆਪਣੇ ਸਿਰ 'ਤੇ ਮੈਚ ਜਿਤਾਉਣ ਦੀ ਕਾਬਲੀਅਤ ਨਹੀਂ ਰੱਖਦਾ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬਰਾੜ ਨੇ ਇਸ ਸਾਲ ਬਹੁਤ ਬਿਹਤਰ ਗੇਂਦਬਾਜ਼ੀ ਕੀਤੀ ਹੈ।"
ਚਾਹਲ ਬਾਰੇ ਉਹ ਕਹਿੰਦੇ ਹਨ ਕਿ ਉਸ ਦੇ ਪ੍ਰਦਰਸ਼ਨ ਨਾਲ ਟੀਮ ਬਹੁਤ ਨਿਰਾਸ਼ ਹੋਈ ਹੈ ਕਿਉਂਕਿ ਚਾਹਲ ਤੋਂ ਟੀਮ ਨੂੰ ਬਹੁਤ ਉਮੀਦਾਂ ਸਨ ਪਰ ਉਹ ਖਰੇ ਨਹੀਂ ਉਤਰ ਸਕੇ।
"ਚਾਹਲ ਆਈਪੀਐੱਲ ਇਤਿਹਾਸ ਦੇ ਸ਼ਾਨਦਾਰ ਗੇਂਦਬਾਜ਼ ਹਨ ਪਰ ਇਹ ਸੀਜ਼ਨ ਉਨ੍ਹਾਂ ਦਾ ਨਹੀਂ ਰਿਹਾ ਤੇ ਉਨ੍ਹਾਂ ਦੇ ਬਦਲ ਵਿੱਚ ਵੀ ਟੀਮ ਕੋਲ ਕੋਈ ਗੇਂਦਬਾਜ਼ ਨਹੀਂ ਹੈ। ਟੀਮ ਕੋਲ ਦੋ ਚੰਗੇ ਸਪਿਨਰ ਚਾਹੀਦੇ ਸੀ ਪਰ ਹੁਣ ਉਸ ਨੂੰ ਸਿਰਫ਼ ਬਰਾੜ ਨਾਲ ਹੀ ਖੇਡਣਾ ਪੈ ਰਿਹਾ, ਜੋ ਕਿ ਇੱਕ ਕਮਜ਼ੋਰ ਹਿੱਸਾ ਹੈ। ਮੈਨੂੰ ਨਹੀਂ ਲੱਗਦਾ ਕਿ ਚਾਹਲ ਨੂੰ ਟੀਮ ਵਿੱਚ ਵਾਪਸੀ ਦਾ ਮੌਕਾ ਮਿਲੇਗਾ।"

ਸਰਨਦੀਪ ਸਿੰਘ ਕਹਿੰਦੇ ਹਨ ਕਿ ਹੁਣ ਤੱਕ ਪੰਜਾਬ ਦੀ ਟੀਮ ਬੱਲੇਬਾਜ਼ੀ ਦੇ ਸਿਰ 'ਤੇ ਜਿੱਤਦੀ ਆਈ ਹੈ, ਜਿਸ ਨੂੰ ਆਪਣੀ ਗੇਂਦਬਾਜ਼ੀ ਉਪਰ ਕੰਮ ਕਰਨ ਦੀ ਲੋੜ ਹੋਵੇਗੀ।
ਉਹ ਕਹਿੰਦੇ ਹਨ, "ਗੇਂਦਬਾਜ਼ਾਂ ਲਈ ਵੀ ਇਹ ਮੁਕਾਬਲਾ ਬਹੁਤ ਅਹਿਮ ਹੈ ਕਿਉਂਕਿ ਜੇ ਇਥੇ ਗਲਤੀ ਕੀਤੀ ਤਾਂ ਹੁਣ ਤੱਕ ਦੀ ਸਾਰੀ ਮਿਹਨਤ ਖ਼ਰਾਬ ਜਾਵੇਗੀ ਤੇ ਫਾਈਨਲ ਦਾ ਰਾਹ ਬੰਦ ਹੋ ਜਾਣਾ।"
ਯੁਜ਼ਵਿੰਦਰ ਚਾਹਲ ਬਾਰੇ ਉਹ ਕਹਿੰਦੇ ਹਨ, "ਜਿਸ ਹਿਸਾਬ ਨਾਲ ਚਾਹਲ ਨੂੰ ਇੰਨੇ ਕਰੋੜ ਦਾ ਦਾਅ ਲਗਾ ਕੇ ਖਰੀਦਿਆਂ ਸੀ, ਉਨ੍ਹਾਂ ਨੇ ਉਸ ਤਰ੍ਹਾਂ ਦੀ ਖੇਡ ਨਹੀਂ ਖੇਡੀ। ਚਾਹਲ ਆਈਪੀਐੱਲ ਫਾਰਮੈੱਟ ਦੇ ਸਭ ਤੋਂ ਸ਼ਾਨਦਾਰ ਗੇਂਦਬਾਜ਼ ਹਨ ਪਰ ਪੰਜਾਬ ਲਈ ਉਨ੍ਹਾਂ ਦੀ ਗੇਂਦਬਾਜ਼ੀ ਕੋਈ ਖਾਸ ਕਮਾਲ ਨਹੀਂ ਦਿਖਾ ਸਕੀ।"
"ਮੁੰਬਈ ਵਾਲੇ ਸਪਿਨਰ ਗੇਂਦਬਾਜ਼ਾਂ ਖ਼ਿਲਾਫ਼ ਜ਼ਿਆਦਾ ਚੰਗਾ ਖੇਡਦੇ ਹਨ ਤੇ ਇਸ ਲਈ ਪੰਜਾਬ ਕੋਲ ਜੇ ਹਰਪ੍ਰੀਤ ਬਰਾੜ ਦੇ ਰੂਪ ਵਿੱਚ ਇੱਕ ਹੀ ਸਪਿਨਰ ਖਿਡਾਰੀ ਹੈ ਤਾਂ ਪੰਜਾਬ ਫਿਰ ਵੀ ਤੇਜ਼ ਗੇਂਦਬਾਜ਼ਾਂ ਨਾਲ ਚੰਗਾ ਪ੍ਰਦਰਸ਼ਨ ਕਰ ਸਕਦੇ ਹਨ।"
4. ਅਨਕੈਪਡ ਖਿਡਾਰੀਆਂ ਅੱਗੇ ਦਿੱਗਜ?

ਪੰਜਾਬ ਦੇ ਨੌਜਵਾਨ ਖਿਡਾਰੀਆਂ ਸਾਹਮਣੇ ਤਜਰਬੇਕਾਰ ਤੇ ਦਿੱਗਜ ਖਿਡਾਰੀਆਂ ਦੀ ਟੀਮ ਹੈ, ਜੋ ਐਲੀਮਨੇਟਰ ਮੁਕਾਬਲੇ ਵਿੱਚ ਗੁਜਰਾਤ ਟਾਈਟਨਜ਼ ਨੂੰ ਹਰਾ ਕੇ ਦੂਜੇ ਕੁਆਲੀਫਾਇਰ ਵਿੱਚ ਮਜ਼ਬੂਤ ਬਣ ਕੇ ਆਈ ਹੈ।
ਰਾਹੁਲ ਸ਼ਰਮਾ ਕਹਿੰਦੇ ਹਨ, "ਪੰਜਾਬ ਦੀ ਟੀਮ ਕੋਲ ਸਟਰੈਂਥ ਹੈ, ਚਾਹੇ ਉਹ ਗੇਂਦਬਾਜ਼ੀ ਵਿੱਚ ਹੋਵੇ ਤੇ ਚਾਹੇ ਬੱਲੇਬਾਜ਼ੀ ਵਿੱਚ। ਜਦੋਂ ਟੀਮ ਦੇ ਓਪਨਰ ਪਾਵਰ ਪਲੇਅ ਵਿੱਚ ਚੰਗਾ ਸਟਾਰਟ ਦਿੰਦੇ ਹਨ ਤਾਂ ਇਸ ਵਰਗੀ ਕੋਈ ਟੀਮ ਨਹੀਂ ਪਰ ਇਹ ਟੀਮ ਨੌਜਵਾਨਾਂ ਦੀ ਟੀਮ ਹੈ ਤੇ ਵੱਡੇ ਮੁਕਾਬਲੇ ਵਿੱਚ ਵਿਰੋਧੀਆਂ ਨੂੰ ਟਾਕਰਾ ਦੇਣਾ ਵੱਡੀ ਚੁਣੌਤੀ ਹੁੰਦਾ। ਮੁੰਬਈ ਕੋਲ ਦਬਾਅ ਦੇ ਮੌਕੇ ਵਿੱਚ ਵੀ ਖੇਡਣ ਵਾਲੇ ਤਜਰਬੇਕਾਰ ਖਿਡਾਰੀ ਹਨ, ਜਿਸ ਦੀ ਪੰਜਾਬ ਕੋਲ ਘਾਟ ਹੈ।"
ਉਹ ਅੱਗੇ ਕਹਿੰਦੇ ਹਨ, "ਹੁਣ ਗੱਲ ਸਾਰੀ ਰਣਨੀਤੀ ਉਪਰ ਖੜ੍ਹੀ ਹੈ ਕਿ ਕਪਤਾਨ ਕਿਹੜੀ ਰਣਨੀਤੀ ਨਾਲ ਮੈਦਾਨ ਵਿੱਚ ਉਤਰਦੇ ਹਨ। ਪੰਜਾਬ ਦੀ ਟੀਮ ਬਹੁਤ ਮਜ਼ਬੂਤ ਹੈ, ਸਾਰੇ ਨੌਜਵਾਨ ਮੁੰਡੇ ਹਨ ਤੇ ਜਿੱਤਣਾ ਜਾਣਦੇ ਹਨ। ਉਨ੍ਹਾਂ ਦੀ ਟੈਗ ਲਾਈਨ ਵੀ ਉਹੀ ਹੈ ਕਿ ਬਸ ਜਿੱਤਣਾ ਹੈ ਤੇ ਉਹ ਉਸ ਉਪਰ ਹੀ ਚੱਲਦੇ ਹਨ। "
ਰਾਹੁਲ ਸ਼ਰਮਾ ਇਹ ਵੀ ਕਹਿੰਦੇ ਹਨ ਕਿ ਪੰਜਾਬ ਕੋਲ ਦੋ ਦਿਨ ਦਾ ਅਰਾਮ ਕਰਨ ਦਾ ਮੌਕਾ ਸੀ ਤੇ ਦੂਜੇ ਪਾਸੇ ਮੁੰਬਈ ਦੇ ਖਿਡਾਰੀ ਮੈਚ ਖੇਡ ਕੇ ਥੱਕੇ ਹੋਏ ਹਨ ਤੇ ਸਫ਼ਰ ਕਰ ਕੇ ਅਹਿਮਦਾਬਾਦ ਪਹੁੰਚੇ ਹਨ। ਇਸ ਨਾਲ ਪੰਜਾਬ ਨੂੰ ਫ਼ਾਇਦਾ ਮਿਲ ਸਕਦਾ ਹੈ।
ਸਰਨਦੀਪ ਸਿੰਘ ਵੀ ਕਹਿੰਦੇ ਹਨ ਕਿ ਮੁੰਬਈ ਆਪਣਾ ਪਿਛਲਾ ਮੈਚ ਬਹੁਤ ਔਖਾ ਜਿੱਤੀ ਹੈ ਤੇ ਉਨ੍ਹਾਂ ਦਾ ਇੱਕ ਗੇਂਦਬਾਜ਼ ਜ਼ਖਮੀ ਵੀ ਹੋਇਆ ਤੇ ਬਾਕੀ ਟੀਮ ਵੀ ਥੱਕੀ ਹੋਈ ਹੈ। ਉਹ ਮੈਚ ਤੋਂ ਇੱਕ ਦਿਨ ਪਹਿਲਾਂ ਹੀ ਅਹਿਮਦਾਬਾਦ ਪਹੁੰਚ ਰਹੇ ਹਨ, ਜਦਕਿ ਪੰਜਾਬ ਦੀ ਟੀਮ ਪਹਿਲਾਂ ਤੋਂ ਉਥੇ ਮੌਜੂਦ ਹੈ ਤੇ ਖਿਡਾਰੀ ਦੋ ਦਿਨਾਂ ਤੋਂ ਅਰਾਮ ਕਰ ਰਹੇ ਹਨ।
ਉਹ ਕਹਿੰਦੇ ਹਨ ਕਿ ਪੰਜਾਬ ਨੂੰ ਇਸ ਨਾਲ ਬਹੁਤ ਫਾਇਦਾ ਮਿਲੇਗਾ ਕਿ ਪੰਜਾਬ ਦੇ ਖਿਡਾਰੀ ਚੰਗੇ ਨੌਜਵਾਨ ਤੇ ਫਿੱਟ ਹਨ।
ਸਰਨਦੀਪ ਕਹਿੰਦੇ ਹਨ ਕਿ ਮੁੰਬਈ ਕੋਲ ਪੰਜਾਬ ਨਾਲੋਂ ਵੱਧ ਤਜਰਬੇਕਾਰ ਖਿਡਾਰੀ ਹਨ ਪਰ ਪੰਜਾਬ ਦੇ ਨੌਜਵਾਨ ਖਿਡਾਰੀਆਂ ਵਿੱਚ ਨਵਾਂ ਜੋਸ਼ ਹੈ, ਜੋ ਜਿੱਤ ਲਈ ਲੜ ਰਹੇ ਹਨ।
ਦੂਜੇ ਪਾਸੇ ਮੁੰਬਈ ਦੇ ਖਿਡਾਰੀ ਚਾਹੇ ਰੋਹਿਤ ਸ਼ਰਮਾ ਹਨ, ਉਹ ਪੂਰੀ ਤਰ੍ਹਾਂ ਫਿੱਟ ਨਹੀਂ ਹਨ ਤੇ ਉਨ੍ਹਾਂ ਦਾ ਪ੍ਰਦਰਸ਼ਨ ਵੀ ਪਿਛਲੇ ਮੈਚ ਨੂੰ ਛੱਡ ਕੇ ਹੁਣ ਤੱਕ ਬਹੁਤਾ ਖਾਸ ਨਹੀਂ ਰਿਹਾ।
5. ਮੁੰਬਈ ਦੀ ਬੱਲੇਬਾਜ਼ੀ ਬਣ ਸਕਦੀ ਹੈ ਚੁਣੌਤੀ?

ਤਸਵੀਰ ਸਰੋਤ, Getty Images
ਰਾਹੁਲ ਸ਼ਰਮਾ ਦਾ ਕਹਿਣਾ ਹੈ ਕਿ ਮੁੰਬਈ ਨੂੰ ਬੇਸ਼ੱਕ ਪੰਜਾਬ ਪਹਿਲਾਂ ਹਰਾ ਚੁੱਕੀ ਹੈ ਪਰ ਉਸ ਵਰਗੀ ਟੀਮ ਦੂਜਾ ਮੌਕਾ ਘੱਟ ਹੀ ਦਿੰਦੀ ਹੈ।
ਉਹ ਕਹਿੰਦੇ ਹਨ, "ਮੁੰਬਈ ਨੇ ਲਗਾਤਾਰ ਜਿੱਤਾਂ ਦਰਜ ਕਰਦਿਆਂ ਆਪਣੀ ਸਪੀਡ ਫੜ ਲਈ ਹੈ ਪਰ ਮੁੰਬਈ ਪੰਜਾਬ ਦੀ ਟੀਮ ਨੂੰ ਵੀ ਹਲਕੇ ਵਿੱਚ ਨਹੀਂ ਲੈ ਸਕਦੀ। "
ਸਰਨਦੀਪ ਸਿੰਘ ਕਹਿੰਦੇ ਹਨ, "ਅਰਸ਼ਦੀਪ ਨੂੰ ਆਪਣੇ ਪਹਿਲੇ ਓਵਰਾਂ ਵਿੱਚ ਹੀ ਵਿਕਟਾਂ ਲੈਣੀਆਂ ਪੈਣਗੀਆਂ। ਜੇ ਤੁਸੀਂ ਸਮੇਂ ਨਾਲ ਰੋਹਿਤ ਸ਼ਰਮਾ ਤੇ ਜੌਨੀ ਬੇਅਰਸਟੋ ਨੂੰ ਆਊਟ ਨਹੀਂ ਕੀਤਾ ਤਾਂ ਪੰਜਾਬ ਦੀ ਟੀਮ ਲਈ ਮੁਸ਼ਕਲ ਹੋ ਜਾਵੇਗੀ। ਹੁਣ ਅਰਸ਼ਦੀਪ ਬਨਾਮ ਰੋਹਿਤ ਸ਼ਰਮਾ ਤੇ ਜੌਨੀ ਬੇਅਰਸਟੋ ਦਾ ਟਾਕਰਾ ਹੋਵੇਗਾ, ਜਿਸ ਵਿੱਚ ਅਰਸ਼ਦੀਪ ਨੂੰ ਆਪਣਾ ਕਮਾਲ ਦਿਖਾਉਣਾ ਪਵੇਗਾ। "
ਰਾਹੁਲ ਕਹਿੰਦੇ ਹਨ, "ਪੰਜਾਬ ਦੀ ਟੀਮ ਦਾ ਆਪਣੇ ਹੋਮ ਗਰਾਊਂਡ ਵਿੱਚ ਪ੍ਰਦਰਸ਼ਨ ਖ਼ਰਾਬ ਹੀ ਰਿਹਾ ਹੈ ਪਰ ਅਹਿਮਦਾਬਾਦ ਵਿੱਚ ਮੈਨੂੰ ਲੱਗਦਾ ਕਿ ਟੀਮ ਵਾਪਸੀ ਕਰ ਲਵੇਗੀ। ਜੇ ਕਪਤਾਨ ਅਈਅਰ ਦੀ ਗੱਲ ਕਰੀਏ ਤਾਂ ਉਹ ਚੰਗੇ ਕਪਤਾਨ ਹਨ ਤੇ ਉਨ੍ਹਾਂ ਨੇ ਆਪਣੀਆਂ ਗਲਤੀਆਂ ਤੇ ਹਾਰ ਨੂੰ ਸਵਿਕਾਰ ਕੀਤਾ ਹੈ ਤੇ ਉਹ ਵਾਪਸੀ ਜ਼ਰੂਰ ਕਰਨਗੇ।"
"ਪੰਜਾਬ ਨੂੰ ਪਹਿਲਾਂ ਗੇਂਦਬਾਜ਼ੀ ਕਰ ਕੇ ਮੁੰਬਈ ਦੇ ਬੱਲੇਬਾਜ਼ਾਂ ਨੂੰ ਘੱਟ ਸਕੋਰ ਉਪਰ ਰੋਕਣਾ ਪਵੇਗਾ। ਇਸ ਤੋਂ ਪਹਿਲਾਂ ਵੀ ਪੰਜਾਬ ਜੈਪੁਰ ਵਿੱਚ ਮੁੰਬਈ ਖ਼ਿਲਾਫ਼ ਇਹ ਕਰ ਚੁੱਕੀ ਹੈ।"
(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)












