ਆਈਪੀਐੱਲ: ਪੰਜਾਬ ਕਿੰਗਜ਼ ਦੀ ਕਿਹੜੀ ਰਣਨੀਤੀ ਤੇ ਕਿਹੜੇ 'ਨਵੇਂ ਮੁੰਡਿਆਂ' ਕਾਰਨ ਟੀਮ ਪਹੁੰਚੀ ਕੁਆਲੀਫਾਇਰ ਦੌਰ 'ਚ

ਤਸਵੀਰ ਸਰੋਤ, Getty Images
- ਲੇਖਕ, ਬਰਿੰਦਰ ਸਿੰਘ
- ਰੋਲ, ਬੀਬੀਸੀ ਪੱਤਰਕਾਰ
"ਪੰਜਾਬ ਕਿੰਗਜ਼ ਇਸ ਵਾਰ ਟੌਪ-2 ਵਿੱਚ ਰਹਿ ਕੇ ਪੁਆਇੰਟ ਟੇਬਲ ਵਿੱਚ ਪਹਿਲੇ ਸਥਾਨ ਨਾਲ ਫਿਨਿਸ਼ ਕਰੇਗੀ, ਇਹ ਮੈਂ ਇਸ ਲਈ ਨਹੀਂ ਕਹਿ ਰਿਹਾ ਕੇ ਮੈਂ ਪੰਜਾਬ ਦੀ ਟੀਮ ਦਾ ਖਿਡਾਰੀ ਹਾਂ ਪਰ ਪੰਜਾਬ ਇਸ ਵਾਰ ਟੌਪ ਕਰੇਗੀ।"
ਸ਼ੁਭਾਨਕਰ ਮਿਸ਼ਰਾ ਨਾਲ ਪੌਡਕਾਸਟ ਦੌਰਾਨ ਪੰਜਾਬ ਕਿੰਗਜ਼ ਦੇ ਖਿਡਾਰੀ ਸ਼ਸ਼ਾਂਕ ਸਿੰਘ ਦੇ ਕਾਨਫੀਡੈਂਸ ਨਾਲ ਭਰੀ ਇਹ ਗੱਲ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਕੀਤੀ ਸੀ।
ਇਹ ਗੱਲ ਉਦੋਂ ਸੱਚ ਹੋ ਗਈ ਜਦੋਂ ਜੈਪੁਰ ਦੇ ਸਵਾਈ ਮਾਨ ਸਿੰਘ ਸਟੇਡੀਅਮ ਵਿੱਚ ਬੀਤੀ ਸ਼ਾਮ ਪੰਜਾਬ ਕਿੰਗਜ਼ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਟ੍ਰੇਂਟ ਬੋਲਟ ਵੱਲੋਂ ਕਰਵਾਏ ਜਾ ਰਹੇ 19ਵੇਂ ਓਵਰ ਦੀ ਤੀਜੀ ਗੇਂਦ ਨੂੰ ਬਾਊਂਡਰੀ ਪਾਰ ਕਰਵਾਈ ਤਾਂ ਸਟੇਡੀਅਮ ਦੇ ਗਲਿਆਰਿਆਂ ਵਿੱਚ ਪੰਜਾਬ-ਪੰਜਾਬ ਦੀ ਗੂੰਜ ਉੱਠੀ।
ਆਈਪੀਐੱਲ-2025 ਦੇ ਸੀਜ਼ਨ ਦਾ ਮੁੰਬਈ ਇੰਡੀਅਨਜ਼ ਬਨਾਮ ਪੰਜਾਬ ਕਿੰਗਜ਼ ਦਾ ਇਹ ਮੈਚ ਦੋਵੇਂ ਟੀਮਾਂ ਲਈ ਬਹੁਤ ਅਹਿਮ ਸੀ, ਜਿਸ ਨੂੰ ਪੰਜਾਬ ਨੇ ਸੱਤ ਵਿਕਟਾਂ ਨਾਲ ਜਿੱਤਿਆ।
ਇਸ ਜਿੱਤ ਨਾਲ ਪੰਜਾਬ ਦੀ ਟੀਮ ਜਿੱਥੇ ਪੁਆਇੰਟ ਟੇਬਲ ਵਿੱਚ ਸਿਖਰਲੇ ਸਥਾਨ ਉਪਰ ਪਹੁੰਚ ਗਈ ਹੈ, ਉੱਥੇ ਹੀ ਉਹ ਕੁਆਲੀਫਾਇਰ ਵਿੱਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ ਹੈ।
ਮੁੱਲਾਂਪੁਰ ਸਟੇਡੀਅਮ ਵਿੱਚ 29 ਮਈ ਨੂੰ ਪਹਿਲਾਂ ਕੁਲਾਈਫਾਇਰ ਮੈਚ ਖੇਡਿਆ ਜਾਵੇਗਾ। ਇਹ ਮੈਚ ਪੰਜਾਬ ਕਿੰਗਜ਼ ਅਤੇ ਬੈਂਗਲੌਰ ਵਿਚਾਲੇ ਖੇਡਿਆ ਜਾਣਾ ਹੈ।
ਹੁਣ ਤੱਕ ਆਈਪੀਐੱਲ ਦਾ ਇਹ ਸੀਜ਼ਨ ਪੰਜਾਬ ਕਿੰਗਜ਼ ਦੇ ਨਾਮ ਮੰਨਿਆ ਜਾ ਰਿਹਾ ਹੈ, ਜਿਸ ਨੇ 11 ਸਾਲਾਂ ਬਾਅਦ ਕਪਤਾਨ ਸ਼੍ਰੇਅਸ ਅਈਅਰ ਦੀ ਅਗਵਾਈ ਹੇਠ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਲੇਆਫ ਵਿੱਚ ਥਾਂ ਬਣਾਈ ਹੈ।
2025 ਦੇ ਇਸ ਸੀਜ਼ਨ ਵਿੱਚ ਪੰਜਾਬ ਦੀ ਟੀਮ ਨੇ ਅਜਿਹਾ ਕੀ ਕਮਾਲ ਕੀਤਾ ਜਿਸ ਨਾਲ ਉਹ ਸਿਖਰਾਂ ਉੱਤੇ ਪਹੁੰਚ ਗਈ, ਇਸ ਰਿਪੋਰਟ ਵਿੱਚ ਇਹ ਸਭ ਜਾਣਨ ਦੀ ਕੋਸ਼ਿਸ਼ ਕਰਦੇ ਹਾਂ।
ਅਹਿਮ ਮੁਕਾਬਲੇ 'ਚ ਮੁੰਬਈ ਨੂੰ ਕਿਸ ਤਰ੍ਹਾਂ ਦਿੱਤੀ ਮਾਤ

ਤਸਵੀਰ ਸਰੋਤ, Getty Images
ਪੰਜਾਬ ਕਿੰਗਜ਼ ਦੇ ਕਪਤਾਨ ਨੇ ਲੀਗ ਮੁਕਾਬਲੇ ਦੇ ਆਖਰੀ ਮੈਚ ਵਿੱਚ ਆਪਣੀ ਰਣਨੀਤੀ ਨੂੰ ਬਦਲਦਿਆਂ ਸਭ ਨੂੰ ਹੈਰਾਨ ਕੀਤਾ ਹੈ।
ਇਸ ਸੀਜ਼ਨ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਪੰਜਾਬ ਕਿੰਗਜ਼ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਟੌਸ ਜਿੱਤੀ ਹੋਵੇ ਤੇ ਪਹਿਲਾਂ ਫਿਲਡਿੰਗ ਦੀ ਚੋਣ ਕੀਤੀ ਹੋਵੇ।
ਬੀਤੇ ਦਿਨ ਜੈਪੁਰ ਵਿੱਚ ਮੁੰਬਈ ਵਿਰੁੱਧ ਖੇਡੇ ਗਏ ਮੈਚ ਵਿੱਚ ਕੁਝ ਅਜਿਹਾ ਹੀ ਹੋਇਆ ਜਦੋਂ ਅਈਅਰ ਨੇ ਟੌਸ ਜਿੱਤ ਕੇ ਮੁੰਬਈ ਦੇ ਕਪਤਾਨ ਹਾਰਦਿਕ ਪਾਂਡਿਆ ਨੂੰ ਬੱਲੇਬਾਜ਼ੀ ਕਰਨ ਲਈ ਕਿਹਾ।
ਮੁੰਬਈ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ ਸੱਤ ਵਿਕਟਾਂ ਗੁਆ ਕੇ ਪੰਜਾਬ ਦੀ ਟੀਮ ਨੂੰ 184 ਦੌੜਾਂ ਦਾ ਟਾਰਗੇਟ ਦਿੱਤਾ।
ਹਾਲਾਂਕਿ ਮੁੰਬਈ ਦੀ ਟੀਮ 19 ਓਵਰ ਤੱਕ 181 ਦੌੜਾਂ 'ਤੇ ਸੀ ਪਰ ਅਖੀਰਲੇ 20ਵੇਂ ਓਵਰ ਵਿੱਚ ਅਰਸ਼ਦੀਪ ਸਿੰਘ ਨੇ ਆਪਣੀ ਯਾਰਕਰ ਗੇਂਦਾਂ ਨਾਲ ਬੱਲੇਬਾਜ਼ਾਂ ਦੀ ਮੁਸ਼ਕਲ ਵਧਾ ਦਿੱਤੀ ਅਤੇ ਸਿਰਫ ਤਿੰਨ ਰਨ ਹੀ ਦਿੱਤੇ ਤੇ ਦੋ ਵਿਕਟਾਂ ਵੀ ਹਾਸਲ ਕੀਤੀਆਂ।
184 ਦਾ ਟੀਚਾ ਪੂਰਾ ਕਰਨ ਲਈ ਮੈਦਾਨ ਵਿੱਚ ਉਤਰੇ ਪੰਜਾਬ ਦੇ ਬੱਲੇਬਾਜ਼ਾਂ ਨੇ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ।
ਹੁਣ ਤੱਕ ਫਾਰਮ ਵਿੱਚ ਰਹੇ ਪ੍ਰਭਸਿਮਰਨ ਇਸ ਮੁਕਾਬਲੇ ਵਿੱਚ ਬੇਸ਼ੱਕ ਕੁਝ ਖਾਸ ਕਮਾਲ ਨਹੀਂ ਕਰ ਸਕੇ ਪਰ ਪ੍ਰਿਆਂਸ਼ ਆਰਿਆ ਤੇ ਜੌਸ਼ ਇੰਗਲਿਸ ਦੀ ਸਾਂਝੇਦਾਰੀ ਨੇ ਪੰਜਾਬ ਦੀ ਜਿੱਤ ਕਾਫੀ ਹੱਦ ਤੱਕ ਤੈਅ ਕਰ ਦਿੱਤੀ ਸੀ।

ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪ੍ਰਿਆਂਸ਼ ਆਰਿਆ ਨੇ 35 ਗੇਂਦਾਂ ਵਿੱਚ 62 ਅਤੇ ਜੌਸ਼ ਇੰਗਲਿਸ ਨੇ 42 ਵਿੱਚ 73 ਦੌੜਾਂ ਦਾ ਯੋਗਦਾਨ ਪਾ ਕੇ 109 ਰਨ ਜੋੜੇ। ਜੌਸ਼ ਇੰਗਲਿਸ ਦੇ ਇਸ ਪ੍ਰਦਰਸ਼ਨ ਕਰਕੇ ਹੀ ਉਨ੍ਹਾਂ ਨੂੰ ਮੈਨ ਆਫ ਦਾ ਮੈਚ ਵੀ ਐਲਾਨਿਆ ਗਿਆ।
ਇਸ ਤੋਂ ਬਾਅਦ ਕਪਤਾਨ ਸ਼੍ਰੇਅਸ ਅਈਅਰ ਨੇ 19ਵੇਂ ਓਵਰ ਦੀ ਤੀਜੀ ਗੇਂਦ 'ਤੇ ਸਿਕਸ ਮਾਰ ਕੇ ਜਿੱਤ ਦਾ ਝੰਡਾ ਗੱਡਿਆ।
ਸਾਬਕਾ ਕ੍ਰਿਕਟਰ ਅਤੇ ਮੌਜੂਦਾ ਆਈਪੀਐੱਲ ਸੀਜ਼ਨ ਵਿੱਚ ਕਾਮੈਂਟੇਟਰ ਸਰਨਦੀਪ ਸਿੰਘ ਨੇ ਬੀਬੀਸੀ ਨਾਲ ਆਈਪੀਐੱਲ ਸਬੰਧੀ ਖਾਸ ਗੱਲਬਾਤ ਕੀਤੀ ਹੈ।
ਉਨ੍ਹਾਂ ਕਿਹਾ, "ਪੰਜਾਬ ਟੀਮ ਦੇ ਦੇਸੀ ਮੁੰਡਿਆਂ ਨੇ ਮੁੰਬਈ ਵਰਗੀ ਧਾਕੜ ਟੀਮ ਨੂੰ ਹਰਾ ਕੇ ਆਪਣੀ ਖੇਡ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਹੈ। ਪੰਜਾਬ ਵਿੱਚ ਸਾਰੇ ਨਵੇਂ ਖਿਡਾਰੀ ਸੀ, ਜੋ ਕਿ ਅਨਕੈਪਡ ਸੀ ਤੇ ਉਨ੍ਹਾਂ ਦੇ ਸਾਹਮਣੇ ਮੁੰਬਈ ਜਿਸ ਦੀ ਦੁਨੀਆ ਦੀ ਸਭ ਤੋਂ ਵੱਧ ਅਟੈਕਿੰਗ ਗੇਂਦਬਾਜ਼ੀ ਸੀ, ਜਿਨ੍ਹਾਂ ਵਿੱਚ ਜਸਪ੍ਰੀਤ ਬੁਮਰਾਹ, ਟ੍ਰੇਂਟ ਬੋਲਟ, ਮਿਚਲ ਸੈਂਟਨਰ ਵਰਗੇ ਗੇਂਦਬਾਜ਼ ਸੀ ਪਰ ਪੰਜਾਬ ਦੇ ਬੱਲੇਬਾਜ਼ਾਂ ਨੇ ਉਨ੍ਹਾਂ ਨੂੰ ਹਰਾਇਆ।"
ਸਭ ਤੋਂ ਘੱਟ ਦੌੜਾਂ ਬਣਾ ਕੇ ਜਿੱਤਣ ਵਾਲੀ ਇਕਲੌਤੀ ਟੀਮ

ਤਸਵੀਰ ਸਰੋਤ, Getty Images
ਪੰਜਾਬ ਕਿੰਗਜ਼ ਦੇ ਖਿਡਾਰੀਆਂ ਨੇ ਇਸ ਵਾਰ ਦੇ ਸੀਜ਼ਨ ਵਿੱਚ ਕਈ ਯਾਦਗਾਰਾਂ ਪਾਰੀਆਂ ਖੇਡੀਆਂ ਹਨ।
11 ਸਾਲ ਬਾਅਦ ਇੱਕ ਨਵੇਂ ਸਵਰੂਪ ਵਿੱਚ ਨਿੱਤਰੀ ਪੰਜਾਬ ਕਿੰਗਜ਼ ਦੀ ਟੀਮ ਨੇ ਹੁਣ ਤੱਕ ਦੇ ਟੂਰਨਾਮੈਂਟ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਜਿੱਥੇ ਵਿਰੋਧੀਆਂ ਟੀਮਾਂ ਨੂੰ ਹੈਰਾਨ ਕੀਤਾ, ਉੱਥੇ ਹੀ ਸਭ ਨੂੰ ਇਹ ਵੀ ਦਿਖਾ ਦਿੱਤਾ ਕਿ ਕਿਵੇਂ ਵੱਡੇ ਖਿਡਾਰੀਆਂ ਤੋਂ ਬਿਨਾਂ ਵੀ ਜਿੱਤਾਂ ਦਰਜ ਕੀਤੀਆਂ ਜਾ ਸਕਦੀਆਂ ਹਨ।
ਪੰਜਾਬ ਦੀ ਟੀਮ ਵਿੱਚ ਪ੍ਰਭਸਿਮਰਨ, ਪ੍ਰਿਆਂਸ਼ ਆਰਿਆ, ਨਿਹਾਲ ਵਢੇਰਾ, ਸ਼ਸ਼ਾਂਕ ਸਿੰਘ, ਹਰਪ੍ਰੀਤ ਬਰਾੜ ਵਰਗੇ ਅਨਕੈਪਡ ਖਿਡਾਰੀ ਹਨ, ਜਿਨ੍ਹਾਂ ਨੇ ਵਿਰੋਧੀਆਂ ਖਿਲਾਫ਼ ਹੈਰਾਨੀਜਨਕ ਪ੍ਰਦਰਸ਼ਨ ਕਰਕੇ ਆਪਣੀ ਖੇਡ ਦਾ ਲੋਹਾ ਮੰਨਵਾਇਆ।
ਉੱਥੇ ਹੀ ਪੰਜਾਬ ਦੀ ਹੀ ਇਕਲੌਤੀ ਟੀਮ ਹੈ, ਜਿਸ ਨੇ ਇਸ ਸੀਜ਼ਨ ਵਿੱਚ ਸਭ ਤੋਂ ਘੱਟ ਦੌੜਾਂ ਬਣਾ ਕੇ ਵਿਰੋਧੀ ਟੀਮ ਨੂੰ ਡਿਫੈਂਡ ਕਰਦਿਆਂ ਜਿੱਤ ਦਰਜ ਕੀਤੀ ਹੈ।
ਮੁੱਲਾਂਪੁਰ ਦੇ ਸਟੇਡੀਅਮ ਵਿੱਚ 15 ਅਪਰੈਲ ਨੂੰ ਕੌਲਕਾਤਾ ਨਾਈਟ ਰਾਡੀਅਰਜ਼ ਖ਼ਿਲਾਫ਼ ਖੇਡੇ ਗਏ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜਾਬ ਕਿੰਗਜ਼ 15 ਓਵਰਾਂ ਵਿੱਚ 111 ਦੌੜਾਂ 'ਤੇ ਹੀ ਢੇਰ ਹੋ ਗਈ ਸੀ।
ਇਸ ਬਾਅਦ ਬੱਲੇਬਾਜ਼ੀ ਕਰਨ ਉਤਰੀ ਕੌਲਕਾਤਾ ਦੀ ਟੀਮ ਪੰਜਾਬ ਦੇ ਗੇਂਦਬਾਜ਼ਾਂ ਅੱਗੇ 'ਗੋਡੇ ਟੇਕ' ਗਈ।
ਸ਼੍ਰੇਅਸ ਅਈਅਰ ਤੇ ਪੋਂਟਿੰਗ ਦੀ ਜੋੜੀ ਦਾ ਕਮਾਲ

ਤਸਵੀਰ ਸਰੋਤ, Getty Images
ਸ਼੍ਰੇਅਸ ਅਈਅਰ ਪਿਛਲੇ ਸੀਜ਼ਨ ਦੀ ਜੇਤੂ ਕੋਲਕਾਤਾ ਨਾਈਟ ਰਾਈਡਰਜ਼ ਦੇ ਕਪਤਾਨ ਰਹਿ ਚੁੱਕੇ ਹਨ। ਕੋਲਕਾਤਾ ਦੇ ਸਿਰ ਖਿਤਾਬ ਸਜਾਉਣ ਦਾ ਸਿਹਰਾ ਵੀ ਸ਼੍ਰੇਅਸ ਅਈਅਰ ਦੇ ਸਿਰ ਹੀ ਬੰਨ੍ਹਿਆ ਗਿਆ ਸੀ।
ਹੁਣ ਉਹ ਪੰਜਾਬ ਕਿੰਗਜ਼ ਦੇ ਕਪਤਾਨ ਹਨ। ਆਸਟ੍ਰੇਲੀਆ ਦੇ ਸਾਬਕਾ ਕਪਤਾਨ ਅਤੇ ਪੰਜਾਬ ਕਿੰਗਜ਼ ਦੇ ਕੋਚ ਰਿੱਕੀ ਪੋਂਟਿੰਗ ਨੇ ਬੋਲੀ ਦੌਰਾਨ 27 ਕਰੋੜ ਰੁਪਏ ਦਾ ਦਾਅ ਲਗਾ ਕੇ ਸ਼੍ਰੇਅਸ ਅਈਅਰ 'ਤੇ ਵਿਸ਼ਵਾਸ ਜਤਾਇਆ ਸੀ।
ਇਨ੍ਹਾਂ ਦੋਵਾਂ ਦੀ ਜੋੜੀ ਦੂਜੀ ਵਾਰ ਆਈਪੀਐੱਲ ਵਿੱਚ ਇਕੱਠੇ ਮੈਦਾਨ ਵਿੱਚ ਹੈ।
ਇਸ ਵਾਰ ਦੇ ਸੀਜ਼ਨ ਵਿੱਚ ਪੰਜਾਬ ਦੇ ਸ਼ਾਨਦਾਰ ਪ੍ਰਦਰਸ਼ਨ ਪਿੱਛੇ ਸ਼੍ਰੇਅਸ ਅਈਅਰ ਤੇ ਪੋਂਟਿੰਗ ਦੀ ਰਣਨੀਤੀ ਦਾ ਹੀ ਕਮਾਲ ਹੈ ਜਿਨ੍ਹਾਂ ਨੇ ਆਪਣੇ ਭਾਰਤੀ ਖਿਡਾਰੀਆਂ ਉਪਰ ਭਰੋਸਾ ਜਤਾਇਆ।
ਸ਼੍ਰੇਅਸ ਅਈਅਰ ਇਹ ਕਹਿ ਵੀ ਚੁੱਕੇ ਹਨ ਕਿ ਇਹ ਆਈਪੀਐੱਲ ਭਾਰਤ ਦਾ ਟੂਰਨਾਮੈਂਟ ਹੈ। ਉਨ੍ਹਾਂ ਦੇ ਕਹਿਣ ਦਾ ਮਤਲਬ ਸੀ ਕਿ ਵਿਦੇਸ਼ੀ ਖਿਡਾਰੀਆਂ ਤੋਂ ਇਲਾਵਾ ਭਾਰਤੀ ਖਿਡਾਰੀ ਕਮਾਲ ਕਰ ਰਹੇ ਹਨ ਤੇ ਅੱਗੇ ਵੀ ਉਨ੍ਹਾਂ ਦਾ ਪ੍ਰਦਰਸ਼ਨ ਇਹੀ ਰਹੇਗਾ।
ਪ੍ਰਿਆਂਸ਼ ਆਰਿਆ ਪੰਜਾਬ ਦੇ ਉਨ੍ਹਾਂ ਬੱਲੇਬਾਜ਼ਾਂ ਵਿੱਚੋਂ ਇੱਕ ਹਨ, ਜੋ ਲਗਾਤਾਰ ਇਸ ਟੀਮ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਕਿਹਾ ਸੀ ਕਿ ਕਪਤਾਨ ਸ਼੍ਰੇਅਸ ਅਈਅਰ ਹਰ ਵਾਰ ਉਨ੍ਹਾਂ ਨੂੰ ਖੁੱਲ੍ਹ ਕੇ ਖੇਡਣ ਦਾ ਹੌਸਲਾ ਦਿੰਦੇ ਹਨ ਤੇ ਉਨ੍ਹਾਂ ਦੇ ਵਿਸ਼ਵਾਸ ਕਾਰਨ ਹੀ ਉਹ ਇਸ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ।
ਸ਼੍ਰੇਅਸ ਅਈਅਰ ਦੇ ਸ਼ਾਂਤ ਸੁਭਾਅ ਕਾਰਨ ਵੀ ਉਨ੍ਹਾਂ ਦੀ ਕਾਫੀ ਸ਼ਲਾਘਾ ਕੀਤੀ ਜਾਂਦੀ ਰਹੀ ਹੈ ਕਿ ਕਿਵੇਂ ਉਹ ਮੁਸ਼ਕਲ ਹਾਲਾਤ ਵਿੱਚ ਵੀ ਆਪਣੀ ਟੀਮ ਨੂੰ ਜੋੜ ਕੇ ਰੱਖਦੇ ਹਨ ਤੇ ਚੰਗੀ ਫਿਨਿਸ਼ਿੰਗ ਕਰਦੇ ਹਨ।
ਅਈਅਰ ਦੀ ਰਣਨੀਤੀ ਹੁਣ ਤੱਕ ਇਸ ਟੂਰਨਾਮੈਂਟ ਵਿੱਚ ਚਰਚਾ ਦਾ ਵਿਸ਼ਾ ਰਹੀ ਹੈ ਕਿ ਕਿਵੇਂ ਉਨ੍ਹਾਂ ਨੇ ਹਰ ਮੁਕਾਬਲੇ ਵਿੱਚ ਨਵੇਂ ਖਿਡਾਰੀਆਂ ਨੂੰ ਮੌਕਾ ਦੇ ਕੇ ਦਿੱਗਜ ਟੀਮਾਂ ਨੂੰ ਚਿੰਤਾ ਵਿੱਚ ਪਾ ਦਿੱਤਾ।
ਸਰਨਦੀਪ ਸਿੰਘ ਕਹਿੰਦੇ ਹਨ, "ਪੰਜਾਬ ਜੇ ਅੱਜ ਪੁਆਇੰਟ ਟੇਬਲ 'ਤੇ ਨੰਬਰ ਇੱਕ 'ਤੇ ਪਹੁੰਚੀ ਹੈ ਤਾਂ ਉਸ ਪਿੱਛੇ ਸ਼੍ਰੇਅਸ ਅਈਅਰ ਦਾ ਦਿਮਾਗ ਹੈ। ਅਈਅਰ ਤੇ ਪੋਂਟਿੰਗ ਦੀ ਜੋੜੀ ਕਮਾਲ ਹੈ। ਇਨ੍ਹਾਂ ਦੋਵੇਂ ਨੇ ਪੂਰੀ ਟੀਮ ਨੂੰ ਜੋੜ ਕੇ ਰੱਖਿਆ ਹੈ। ਨਹੀਂ ਅੱਗੇ ਇਸ ਤਰ੍ਹਾਂ ਹੁੰਦਾ ਸੀ ਕਿ ਪੰਜਾਬ ਦੀ ਟੀਮ ਦੇ ਖਿਡਾਰੀ ਵਿਖਰੇ-ਵਿਖਰੇ ਖੇਡਦੇ ਸਨ, ਜਿਸ ਕਰਕੇ ਪ੍ਰਦਰਸ਼ਨ ਮਾੜਾ ਹੁੰਦਾ ਸੀ ਪਰ ਇਸ ਵਾਰ ਕਹਾਣੀ ਹੋਰ ਹੈ।"
"ਹੁਣ ਟੀਮ ਇਕਜੁੱਟ ਹੋ ਕੇ ਲੜ ਰਹੀ ਹੈ ਤੇ ਜਿੱਤ ਰਹੀ ਹੈ। ਕੱਲ੍ਹ ਰਾਤ ਵੀ ਅਸੀਂ ਦੇਖਿਆ ਕਿ ਟੌਪ ਦੀ ਟੀਮ (ਮੁੰਬਈ) ਨੂੰ ਪੰਜਾਬ ਦੇ ਖਿਡਾਰੀਆਂ ਨੇ ਕਿਵੇਂ ਹਰਾਇਆ।"
ਅਨਕੈਪਡ ਖਿਡਾਰੀ ਪੰਜਾਬ ਟੀਮ ਦੀ 'ਜਾਨ'

ਤਸਵੀਰ ਸਰੋਤ, Getty Images
ਪੰਜਾਬ ਕਿੰਗਜ਼ ਦੀ ਟੀਮ ਭਾਰਤ ਦੇ ਅਨਕੈਪਡ ਖਿਡਾਰੀਆਂ ਨਾਲ ਭਰਪੂਰ ਹੈ।
ਇਸ ਟੀਮ ਵਿੱਚ ਸ਼੍ਰੇਅਸ ਅਈਅਰ, ਯੁਜ਼ਵਿੰਦਰ ਚਾਹਲ ਤੇ ਅਰਸ਼ਦੀਪ ਸਿੰਘ ਨੂੰ ਛੱਡ ਕੇ, ਪ੍ਰਭਸਿਮਰਨ ਸਿੰਘ, ਨਿਹਾਲ ਵਢੇਰਾ, ਸ਼ਸ਼ਾਂਕ ਸਿੰਘ, ਪ੍ਰਿਆਂਸ਼ ਆਰਿਆ, ਹਰਪ੍ਰੀਤ ਬਰਾੜ, ਵਿਸ਼ਾਂਕ ਵਿਜੈਕੁਮਾਰ ਵਰਗੇ ਅਨਕੈਪਡ ਖਿਡਾਰੀ ਹਨ।
ਇਥੇ ਅਨਕੈਪਡ ਖਿਡਾਰੀਆਂ ਬਾਰੇ ਵੀ ਜਾਣ ਲੈਂਦੇ ਹਾਂ ਕਿ ਅਨਕੈਪਡ ਖਿਡਾਰੀ ਕਿਸ ਨੂੰ ਕਿਹਾ ਜਾਂਦਾ ਹੈ।
ਆਈਪੀਐੱਲ ਵਿੱਚ ਜਿਨ੍ਹਾਂ ਭਾਰਤੀ ਕ੍ਰਿਕਟਰਾਂ ਨੇ ਪਿਛਲੇ ਪੰਜ ਸਾਲਾਂ ਵਿੱਚ ਭਾਰਤ ਲਈ ਅੰਤਰਰਾਸ਼ਟਰੀ ਕ੍ਰਿਕਟ ਨਹੀਂ ਖੇਡਿਆ ਹੈ ਜਾਂ ਜਿਨ੍ਹਾਂ ਕੋਲ ਬੀਸੀਸੀਆਈ ਦਾ ਸੈਂਟਰਲ ਕਾਂਟਰੈਕਟ ਨਹੀਂ ਹੈ, ਉਨ੍ਹਾਂ ਨੂੰ ਅਨਕੈਪਡ ਖਿਡਾਰੀ ਕਿਹਾ ਜਾਂਦਾ ਹੈ।
ਅਈਅਰ ਦਾ ਅਨਕੈਪਡ ਖਿਡਾਰੀਆਂ ਬਾਰੇ ਕਹਿਣਾ, "ਨੌਜਵਾਨ ਖਿਡਾਰੀ ਨਿਡਰ ਹਨ। ਨੈੱਟਸ 'ਤੇ ਸਾਰਿਆਂ ਦਾ ਮਾਪਦੰਡਾਂ ਉਪਰ ਖਰੇ ਉਤਰਨ ਤੋਂ ਬਾਅਦ ਹੀ ਉਨ੍ਹਾਂ ਨੂੰ ਟੀਮ ਵਿੱਚ ਥਾਂ ਦਿੱਤੀ ਗਈ ਹੈ, ਹੁਣ ਉਨ੍ਹਾਂ ਦੀ ਤਿਆਰੀ ਮੈਦਾਨ 'ਤੇ ਦਿਖ ਰਹੀ ਹੈ।"
ਕੋਚ ਪੋਂਟਿੰਗ ਦਾ ਕਹਿਣਾ ਹੈ, "ਇਸ ਟੂਰਨਾਮੈਂਟ ਵਿੱਚ ਅਸੀਂ ਨੌਜਵਾਨ ਖਿਡਾਰੀਆਂ ਨੂੰ ਨਿਡਰ ਹੋ ਕੇ ਵੱਡੇ ਸ਼ਾਟਸ ਲਗਾਉਂਦੇ ਹੋਏ ਦੇਖ ਰਹੇ ਹਾਂ। ਪ੍ਰਭਸਿਮਰਨ ਕੇਵਲ 23-24 ਸਾਲ ਦੇ ਹਨ ਅਤੇ ਕਰੀਬ 500 ਦੌੜਾਂ ਬਣਾ ਚੁੱਕੇ ਹਨ। ਉਥੇ ਹੀ ਪ੍ਰਿਆਂਸ਼ ਨੇ ਚਾਰ-ਪੰਜ ਮੈਚਾਂ ਵਿੱਚ ਜੋ ਹੁਨਰ ਦਿਖਾਇਆ ਹੈ, ਤੁਸੀਂ ਇਸ ਵਿੱਚ ਇਨਕਾਰ ਨਹੀਂ ਕਰ ਸਕਦੇ ਕਿ ਉਹ ਇਸ ਟੂਰਨਾਮੈਂਟ ਦੀ ਇੱਕ ਖੋਜ ਹਨ।"
ਪੰਜਾਬ ਟੀਮ ਦੇ ਓਪਨਰ ਪ੍ਰਭਸਿਮਰਨ ਤੇ ਪ੍ਰਿਆਂਸ਼ ਅਨਕੈਪਡ ਹਨ, ਜੋ ਹੁਣ ਤੱਕ ਦਿੱਗਜ ਗੇਂਦਬਾਜ਼ਾਂ ਨੂੰ ਧੂੜ ਚੁਕਾਉਂਦੇ ਰਹੇ ਹਨ।
ਸਰਨਦੀਪ ਦਾ ਕਹਿਣਾ ਹੈ, "ਪੰਜਾਬ ਦੇ ਪ੍ਰਭਸਿਮਰਨ, ਪ੍ਰਿਆਂਸ਼ ਤੇ ਨਿਹਾਲ ਦਾ ਪ੍ਰਦਰਸ਼ਨ ਹੁਣ ਤੱਕ ਬਹੁਤ ਵਧੀਆ ਰਿਹਾ ਹੈ ਪਰ ਮੈਂ ਹਰਪ੍ਰੀਤ ਬਰਾੜ ਨੂੰ ਲੈ ਕੇ ਇੱਕ ਗੱਲ ਕਹਾਂਗਾ ਕਿ ਉਸ ਨੂੰ ਸ਼ੁਰੂ ਤੋਂ ਹੀ ਟੂਰਨਾਮੈਂਟ ਵਿੱਚ ਰੱਖਣਾ ਚਾਹੀਦਾ ਸੀ। ਬਰਾੜ ਦੀ ਗੇਂਦਬਾਜ਼ੀ ਸ਼ਾਨਦਾਰ ਹੈ, ਉਸ ਨੂੰ ਟੀਮ ਵਿੱਚ ਲੈਣ ਦਾ ਫ਼ੈਸਲਾ ਬਹੁਤ ਦੇਰੀ ਨਾਲ ਲਿਆ ਗਿਆ ਕਿਉਂਕਿ ਹੁਣ ਤੱਕ ਦੇ ਮੈਚਾਂ ਵਿੱਚ ਉਸ ਨੇ ਆਪਣੀ ਖੇਡ ਨਾਲ ਦਿਖਾਇਆ ਕਿ ਉਹ ਵਿਕਟਾਂ ਲੈਣ ਦੇ ਕਾਬਲ ਹੈ।"
ਪੰਜਾਬ ਦੀ ਟੀਮ ਲਈ ਟਰਾਫੀ ਤੱਕ ਦਾ ਸਫ਼ਰ

ਤਸਵੀਰ ਸਰੋਤ, Getty Images
ਹੋਰਾਂ ਟੀਮਾਂ ਵਾਂਗ ਪੰਜਾਬ ਦੀ ਟੀਮ ਦੇ ਵਿਦੇਸ਼ੀ ਖਿਡਾਰੀਆਂ ਦਾ ਵੀ ਟੂਰਨਾਮੈਂਟ ਵਿੱਚ ਅੱਗੇ ਖੇਡਣਾ ਮੁਸ਼ਕਲ ਜਾਪਦਾ ਹੈ। ਮਾਰਕ ਜਾਨਸਨ ਤੇ ਜੌਸ਼ ਇੰਗਲਿਸ ਸ਼ਾਇਦ ਅੱਗੇ ਦੇ ਮੈਚ ਪੰਜਾਬ ਵੱਲੋਂ ਨਾ ਖੇਡਣ।
ਮਾਰਕ ਜੌਨਸਨ ਪੰਜਾਬ ਲਈ ਹੁਣ ਤੱਕ ਚੰਗੀ ਗੇਂਦਬਾਜ਼ੀ ਕਰਦੇ ਆਏ ਹਨ ਅਤੇ ਜੌਸ਼ ਇੰਗਲਿਸ ਵੱਲੋਂ ਮੁੰਬਈ ਖ਼ਿਲਾਫ਼ ਪਿਛਲੇ ਮੈਚ ਵਿੱਚ 73 ਦੌੜਾਂ ਬਣਾਈਆਂ ਗਈਆਂ ਹਨ।
ਸਰਨਦੀਪ ਦਾ ਮੰਨਣਾ ਕਿ ਵਿਦੇਸ਼ੀ ਖਿਡਾਰੀਆਂ ਦੇ ਜਾਣ ਨਾਲ ਵੈਸੇ ਤਾਂ ਪੰਜਾਬ ਦੀ ਟੀਮ ਨੂੰ ਬਹੁਤਾ ਫਰਕ ਨਹੀਂ ਪੈਣਾ ਪਰ ਇੰਗਲਿਸ ਚੰਗਾ ਬੱਲੇਬਾਜ਼ ਹੈ, ਜਿਸ ਨੇ ਪਿਛਲੇ ਮੈਚ ਵਿੱਚ ਚੰਗੀਆਂ ਦੌੜਾਂ ਬਣਾਈਆਂ ਹਨ।
ਉਹ ਕਹਿੰਦੇ ਹਨ, "ਪੰਜਾਬ ਦੀ ਟੀਮ ਬੱਲੇਬਾਜ਼ੀ ਤੇ ਗੇਂਦਬਾਜ਼ੀ ਵਿੱਚ ਪਰਫੈਕਟ ਹੈ। ਵਿਦੇਸ਼ੀਆਂ ਨਾਲੋਂ ਭਾਰਤੀ ਖਿਡਾਰੀ ਚੰਗੀ ਫਾਰਮ ਵਿੱਚ ਹਨ। ਜੋ ਖਿਡਾਰੀ ਜਿਸ ਸਥਾਨ ਉਪਰ ਖੇਡ ਰਹੇ ਹਨ, ਇਹ ਇਸੇ ਤਰ੍ਹਾਂ ਰਹਿਣ ਇਨ੍ਹਾਂ ਨਾਲ ਕੋਈ ਛੇੜਛਾੜ ਨਾ ਕੀਤੀ ਜਾਵੇ ਤਾਂ ਆਈਪੀਐੱਲ ਦਾ ਖਿਤਾਬ ਪੰਜਾਬ ਤੋਂ ਦੂਰ ਨਹੀਂ ਹੈ।"
ਅੱਜ ਸ਼ਾਮ ਨੂੰ ਆਰਸੀਬੀ ਦਾ ਮੁਕਾਬਲਾ ਲਖਨਊ ਨਾਲ ਹੈ ਤੇ ਜੇ ਆਰਸੀਬੀ ਜਿੱਤਦੀ ਹੈ ਤਾਂ ਉਹ ਵੀ ਟੌਪ-2 ਵਿੱਚ ਆ ਜਾਵੇਗੀ ਤੇ ਕੁਆਲੀਫਾਇਰ ਮੈਚ ਪੰਜਾਬ ਤੇ ਬੰਗਲੁਰੂ ਵਿਚਾਲੇ ਹੋਵੇਗਾ।
ਇਹ ਦੋਵੇਂ ਟੀਮਾਂ ਇੱਕ-ਇੱਕ ਵਾਰ ਇੱਕ-ਦੂਜੇ ਨੂੰ ਹਰਾ ਚੁੱਕੀਆਂ ਹਨ।
ਸਰਨਦੀਪ ਸਿੰਘ ਇਸ ਬਾਰੇ ਕਹਿੰਦੇ ਹਨ, "ਬੇਸ਼ੱਕ ਪੰਜਾਬ ਤੇ ਆਰਸੀਬੀ ਦਾ ਮੁਕਾਬਲਾ ਤਕੜਾ ਹੋਵੇਗਾ ਪਰ ਪੰਜਾਬ ਦਾ ਪਾਸਾ ਇਸ ਵਾਰ ਭਾਰੀ ਹੈ। ਆਰਸੀਬੀ ਵਿਰਾਟ ਕੋਹਲੀ 'ਤੇ ਬਹੁਤ ਨਿਰਭਰ ਹੈ ਪਰ ਦੂਜੇ ਪਾਸੇ ਪੰਜਾਬ ਦੀ ਕਹਾਣੀ ਵੱਖਰੀ ਹੈ। ਪੰਜਾਬ ਦੇ ਸਾਰੇ ਖਿਡਾਰੀ ਇਕਜੁੱਟ ਹੋ ਕੇ ਚੰਗਾ ਪ੍ਰਦਰਸ਼ਨ ਕਰ ਰਹੇ ਹਨ ਤਾਂ ਇਸ ਲਈ ਪੰਜਾਬ ਦੀ ਟੀਮ ਇਸ ਵਾਰ ਸਭ ਤੋਂ ਖਤਰਨਾਕ ਟੀਮ ਉਭਰ ਕੇ ਸਾਹਮਣੇ ਆਈ ਹੈ।"
ਜੇ ਬੰਗਲੁਰੂ ਦੀ ਟੀਮ ਅੱਜ ਦਾ ਮੁਕਾਬਲਾ ਲਖਨਊ ਤੋਂ ਹਾਰ ਜਾਂਦੀ ਹੈ ਤਾਂ ਗੁਜਰਾਤ ਟੌਪ-2 ਵਿੱਚ ਬਣੀ ਰਹੇਗੀ।
ਗੁਜਰਾਤ ਨਾਲ ਕੁਆਲੀਫਾਇਰ ਦੇ ਮੁਕਾਬਲੇ ਬਾਰੇ ਸਰਨਦੀਪ ਕਹਿੰਦੇ ਹਨ,"ਜੀਟੀ ਸਿਰਫ ਸੁਭਮਨ ਗਿੱਲ ਤੇ ਸਾਈ ਸੁਦਰਸ਼ਨ ਉਪਰ ਖੜ੍ਹੀ ਹੈ ਕਿਉਂਕਿ ਉਨ੍ਹਾਂ ਦਾ ਇੱਕ ਚੰਗਾ ਖਿਡਾਰੀ ਜੋਸ਼ ਬਟਲਰ ਵੀ ਮੌਜੂਦ ਨਹੀਂ ਹੈ। ਜੇ ਇਨ੍ਹਾਂ ਦੀ ਜੋੜੀ ਢਹਿੰਦੀ ਹੈ ਤਾਂ ਪੰਜਾਬ ਲਈ ਗੁਜਰਾਤ ਤੋਂ ਜਿੱਤਣਾ ਬਹੁਤ ਅਸਾਨ ਹੋ ਜਾਵੇਗਾ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












