ਪੰਚਕੂਲਾ ਵਿੱਚ ਇੱਕੋ ਪਰਿਵਾਰ ਦੇ 7 ਜੀਆਂ ਦੀ ਮੌਤ ਬਾਰੇ ਪੁਲਿਸ ਨੇ ਹੁਣ ਤੱਕ ਕੀ ਦੱਸਿਆ, ਰਿਸ਼ਤੇਦਾਰ ਕੀ ਕਹਿ ਰਹੇ

ਹਰਿਆਣਾ ਦੇ ਪੰਚਕੂਲਾ ਤੋਂ ਇੱਕ ਪਰਿਵਾਰ ਦੇ 7 ਜੀਆਂ ਦੇ ਮੌਤ ਦੀ ਖ਼ਬਰ ਹੈ। ਪੁਲਿਸ ਮੁਤਾਬਕ ਇੱਕ ਕਾਰ ਵਿੱਚ ਇਹ ਪਰਿਵਾਰ ਸਵਾਰ ਸੀ।
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਪੰਚਕੂਲਾ ਜ਼ਿਲ੍ਹੇ ਦੇ ਸੈਕਟਰ 27 ਵਿੱਚ ਇਹ ਕਾਰ ਖੜ੍ਹੀ ਸੀ।
ਇਹ ਲੋਕ ਰਿਹਾਇਸ਼ੀ ਇਲਾਕੇ ਵਿੱਚ ਇੱਕ ਘਰ ਦੇ ਬਾਹਰ ਸੜਕ ਕਿਨਾਰੇ ਖੜੀ ਇੱਕ ਬੰਦ ਕਾਰ ਵਿੱਚ ਸਵਾਰ ਸਨ।
ਮ੍ਰਿਤਕਾਂ ਦੀ ਪਛਾਣ ਦੇਹਰਾਦੂਨ ਵਾਸੀ 42 ਸਾਲਾ ਪ੍ਰਵੀਨ ਕੁਮਾਰ, ਉਨ੍ਹਾਂ ਦੇ ਮਾਤਾ-ਪਿਤਾ, ਪਤਨੀ, 2 ਧੀਆਂ ਅਤੇ ਇੱਕ ਪੁੱਤ ਵਜੋਂ ਹੋਈ ਹੈ।
ਪੰਚਕੂਲਾ ਦੇ ਡਿਪਟੀ ਕਮਿਸ਼ਨਰ ਆਫ਼ ਪੁਲਿਸ (ਡੀਸੀਪੀ) ਹਿਮਾਦਰੀ ਕੌਸ਼ਿਕ ਅਤੇ ਡੀਸੀਪੀ ਕਾਨੂੰਨ ਅਤੇ ਵਿਵਸਥਾ ਅਮਿਤ ਦਹੀਆ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਫੋਰੈਂਸਿਕ ਟੀਮ ਮੌਕੇ 'ਤੇ ਪਹੁੰਚੀ ਅਤੇ ਜਾਂਚ ਲਈ ਨਮੂਨੇ ਇਕੱਠੇ ਕੀਤੇ।
ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦੇਹਾਂ ਪੰਚਕੂਲਾ ਦੇ ਨਿੱਜੀ ਹਸਪਤਾਲਾਂ ਦੇ ਮੁਰਦਾਘਰ ਵਿੱਚ ਰੱਖੀਆਂ ਗਈਆਂ ਹਨ।

ਪੁਲਿਸ ਜਾਂਚ ਵਿੱਚ ਹੁਣ ਤੱਕ ਕੀ ਪਤਾ ਲੱਗਿਆ?
ਡੀਸੀਪੀ ਕ੍ਰਾਈਮ ਅਮਿਤ ਦਹੀਆ ਨੇ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਿਹਾ, "ਸੋਮਵਾਰ ਰਾਤ 10 ਵਜੇ ਦੇ ਕਰੀਬ ਸਾਨੂੰ ਇੱਕ ਕਾਰ ਦੇ ਅੰਦਰ 7 ਮ੍ਰਿਤਕ ਦੇਹਾਂ ਮਿਲਣ ਦੀ ਖਬਰ ਮਿਲੀ। ਜਿਨ੍ਹਾਂ ਵਿੱਚੋਂ ਇੱਕ ਵਿਅਕਤੀ ਜ਼ਿੰਦਾ ਸੀ ਪਰ ਬਾਅਦ ਵਿੱਚ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ।"
"ਫੋਰੈਂਸਿਕ ਟੀਮ ਵੱਲੋਂ ਕਰਵਾਈ ਜਾਂਚ ਵਿੱਚ ਸਾਨੂੰ ਘਟਨਾ ਸਥਾਨ ਤੋਂ ਦੋ ਸੁਸਾਈਡ ਨੋਟ ਬਰਾਮਦ ਹੋਏ ਹਨ। ਇੱਕ ਡੈਸ਼ ਬੋਰਡ ਵਿੱਚ ਅਤੇ ਦੂਜਾ ਨੋਟ ਬੈਗ ਵਿੱਚੋਂ ਮਿਲਿਆ ਹੈ। ਮੁੱਢਲੀ ਜਾਂਚ ਵਿੱਚ ਇਹ ਕੇਸ ਖ਼ੁਦਕੁਸ਼ੀ ਦਾ ਲੱਗ ਰਿਹਾ ਹੈ।"
ਡੀਸੀਪੀ ਨੇ ਮ੍ਰਿਤਕ ਪਰਿਵਾਰ ਦੇ ਹਰਿਆਣਾ ਨਾਲ ਸੰਬੰਧਿਤ ਹੋਣ ਬਾਰੇ ਜਵਾਬ ਨਾ ਦਿੰਦਿਆਂ ਕਿਹਾ, "ਮ੍ਰਿਤਕ ਪਰਿਵਾਰ ਦੇਹਰਾਦੂਨ ਨਾਲ ਸੰਬੰਧਿਤ ਹੈ, ਇੱਕ ਟੀਮ ਸਾਡੀ ਦੇਹਰਾਦੂਨ ਵਿੱਚ ਜਾਂਚ ਕਰ ਰਹੀ ਹੈ।"
"ਪੋਸਟਰਮਾਰਟਮ ਕਰਵਾ ਕੇ ਸੱਤ-ਅੱਠ ਐਂਗਲਾਂ ਤੋਂ ਜਾਂਚ ਕੀਤੀ ਜਾ ਰਹੀ ਹੈ। ਜਿਸ ਦੇ ਵਿੱਚ ਮੁੱਖ ਕਾਰਨ ਵਿੱਤੀ ਮੰਨਿਆ ਜਾ ਰਿਹਾ ਹੈ। ਬੈਂਕ ਡਿਟੇਲ, ਸੀਸੀਟੀਵੀ ਅਤੇ ਸੋਸ਼ਲ ਮੀਡੀਆ ਅਕਾਊਂਟ ਖੰਗਾਲੇ ਜਾ ਰਹੇ ਹਨ। ਬੈਂਕਾਂ ਨੂੰ ਵੀ ਪਰਿਵਾਰ ਦੇ ਖਾਤਿਆਂ ਦੀ ਡਿਟੇਲ ਦੇਣ ਲਈ ਕਿਹਾ ਜਾਵੇਗਾ।"
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੱਡੀ ਵਿੱਚੋਂ ਮ੍ਰਿਤਕਾਂ ਵੱਲੋਂ ਉਲਟੀਆਂ ਵੀ ਕੀਤੀਆਂ ਗਈਆਂ ਸਨ, ਜਿਸਦੀ ਜਾਂਚ ਹੋ ਰਹੀ ਹੈ। ਸੁਸਾਈਡ ਨੋਟ ਦੀ ਲਿਖਾਈ ਦੀ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਨੂੰ ਮਿਲੀ ਸੀਸੀਟੀਵੀ ਵਿੱਚ ਮ੍ਰਿਤਕ ਪਰਿਵਾਰ ਦੀ ਕਾਰ ਸੋਮਵਾਰ ਰਾਤ ਪੌਣੇ ਸੱਤ ਵਜੇ ਸੈਕਟਰ 27 ਵਿੱਚ ਗੱਡੀ ਖੜ੍ਹੀ ਦਿਖਾਈ ਦੇ ਰਹੀ ਹੈ।
ਅਮਿਤ ਦਹੀਆ ਮੁਤਾਬਕ ਸੁਸਾਈਡ ਨੋਟ ਵਿੱਚ ਕਰਜ਼ੇ ਦਾ ਜ਼ਿਕਰ ਕੀਤਾ ਗਿਆ ਹੈ ਪਰ ਫਿਲਹਾਲ ਹੋਰ ਐਂਗਲਾਂ ਦੀ ਜਾਂਚ ਵੀ ਹੋ ਰਹੀ ਹੈ।
ਮ੍ਰਿਤਕ ਪ੍ਰਵੀਨ ਮਿੱਤਲ ਦਾ ਵਿਆਹ ਪਿੰਜੌਰ ਹੋਇਆ ਸੀ, ਉਹ ਕਾਰੋਬਾਰ ਦੇ ਸਿਲਸਿਲੇ ਵਿੱਚ ਦੇਹਰਾਦੂਨ ਗਿਆ ਸੀ। ਹੁਣ ਉਨ੍ਹਾਂ ਦੇ ਬੱਚੇ ਚੰਡੀਗੜ੍ਹ ਵਿੱਚ ਪੜ੍ਹ ਰਹੇ ਸਨ।

ਦੇਹਰਾਦੂਨ ਪੁਲਿਸ ਨੇ ਕੀ ਕਿਹਾ
ਇਸ ਮਾਮਲੇ ਵਿੱਚ, ਦੇਹਰਾਦੂਨ ਪੁਲਿਸ ਨੇ ਕਿਹਾ ਹੈ ਕਿ ਇਹ ਪਰਿਵਾਰ ਕੁਝ ਮਹੀਨੇ ਪਹਿਲਾਂ ਦੇਹਰਾਦੂਨ ਵਿੱਚ ਰਹਿ ਰਿਹਾ ਸੀ।
ਦੇਹਰਾਦੂਨ ਪੁਲਿਸ ਨੇ ਕਿਹਾ, "ਹਰਿਆਣਾ ਦੇ ਪੰਚਕੂਲਾ ਵਿੱਚ ਇੱਕੋ ਪਰਿਵਾਰ ਦੇ ਸੱਤ ਮੈਂਬਰਾਂ ਦੀ ਖੁਦਕੁਸ਼ੀ ਬਾਰੇ ਜਾਣਕਾਰੀ ਮਿਲੀ ਸੀ।"
ਪੁਲਿਸ ਨੇ ਕਿਹਾ, "ਇਸ ਪਰਿਵਾਰ ਬਾਰੇ ਪਤਾ ਲੱਗਾ ਹੈ ਕਿ ਮ੍ਰਿਤਕ ਪ੍ਰਵੀਨ ਮਿੱਤਲ ਦਾ ਪਰਿਵਾਰ ਲਗਭਗ 8-9 ਮਹੀਨੇ ਪਹਿਲਾਂ ਤੱਕ ਦੇਹਰਾਦੂਨ ਦੇ ਕੋਲਾਗੜ੍ਹ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਇਹ ਪਰਿਵਾਰ ਇਸ ਸਮੇਂ ਦੇਹਰਾਦੂਨ ਵਿੱਚ ਨਹੀਂ ਰਹਿ ਰਿਹਾ ਸੀ।"
ਪੁਲਿਸ ਅਨੁਸਾਰ ਪੰਚਕੂਲਾ ਵਿੱਚ ਘਟਨਾ ਵਾਲੀ ਥਾਂ ਤੋਂ ਮਿਲੀ ਕਾਰ ਦੇਹਰਾਦੂਨ ਦੇ ਗੰਭੀਰ ਸਿੰਘ ਨੇਗੀ ਦੇ ਨਾਮ 'ਤੇ ਰਜਿਸਟਰਡ ਹੈ।
ਪੁਲਿਸ ਨੇ ਅੱਗੇ ਕਿਹਾ, "ਗੰਭੀਰ ਸਿੰਘ ਨੇਗੀ ਨੇ ਦੱਸਿਆ ਕਿ ਉਹ ਮ੍ਰਿਤਕ ਪ੍ਰਵੀਨ ਮਿੱਤਲ ਨੂੰ ਐੱਨਜੀਓ ਦੇ ਕੰਮ ਦੇ ਸਿਲਸਿਲੇ ਵਿੱਚ ਮਿਲਿਆ ਸੀ। ਮ੍ਰਿਤਕ ਪਹਿਲਾਂ ਚਾਈਲਡ ਲਾਈਫ ਕੇਅਰ ਮਿਸ਼ਨ ਨਾਮਕ ਇੱਕ ਐੱਨਜੀਓ ਚਲਾਉਂਦਾ ਸੀ। ਇਸ ਦੌਰਾਨ, ਦੋਸਤੀ ਦੇ ਕਾਰਨ, ਗੰਭੀਰ ਨੇਗੀ ਨੇ ਆਪਣੇ ਨਾਮ 'ਤੇ ਕਾਰ ਲਈ ਵਿੱਤ ਦਿੱਤਾ ਸੀ, ਜਿਸ ਨੂੰ ਇਸ ਸਮੇਂ ਮ੍ਰਿਤਕ ਚਲਾ ਰਿਹਾ ਸੀ।"
ਪੁਲਿਸ ਦਾ ਕਹਿਣਾ ਹੈ ਕਿ ਇਸ ਵੇਲੇ ਇਹ ਪਰਿਵਾਰ ਚੰਡੀਗੜ੍ਹ ਵਿੱਚ ਰਹਿ ਰਿਹਾ ਸੀ।
ਰਿਸ਼ਤੇਦਾਰਾਂ ਨੇ ਕੀ ਦੱਸਿਆ?
ਪੰਚਕੂਲਾ ਸੈਕਟਰ 25 ਪੁਲਿਸ ਥਾਣੇ ਵਿੱਚ ਮੌਜੂਦ ਮ੍ਰਿਤਕ ਪ੍ਰਵੀਨ ਮਿੱਤਲ ਦੇ ਰਿਸ਼ਤੇਦਾਰ ਸੰਦੀਪ ਅਗਰਵਾਲ ਨੇ ਬੀਬੀਸੀ ਨੂੰ ਦੱਸਿਆ ਕਿ ਪ੍ਰਵੀਨ ਮਿੱਤਲ ਹਰਿਆਣਾ ਦੇ ਬਰਵਾਲਾ ਪਿੰਡ ਦੇ ਰਹਿਣ ਵਾਲੇ ਹਨ, ਪਰ ਕੁਝ ਸਾਲ ਪਹਿਲਾਂ ਉਹ ਦੇਹਰਾਦੂਨ ਚਲੇ ਗਏ ਸਨ।
ਉਨ੍ਹਾਂ ਨੇ ਕਿਹਾ, "10 ਸਾਲ ਪਹਿਲਾਂ ਪ੍ਰਵੀਨ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਦੇਹਰਾਦੂਨ ਚਲੇ ਗਏ ਸਨ। ਕਰਜ਼ੇ ਦੀ ਪਰੇਸ਼ਾਨੀ ਪਹਿਲਾਂ ਸੀ ਪਰ ਹੁਣ ਕੋਈ ਉਨ੍ਹਾਂ ਨੂੰ ਤੰਗ ਪਰੇਸ਼ਾਨ ਨਹੀਂ ਕਰ ਰਿਹਾ ਸੀ।"
"ਕਰਜ਼ੇ ਦੀ ਪਰੇਸ਼ਾਨੀ 10-15 ਸਾਲ ਪੁਰਾਣੀ ਹੈ। ਜਦੋਂ ਪ੍ਰਵੀਨ ਦੇਹਰਾਦੂਨ ਵਿੱਚ ਸਨ ਤਾਂ ਉਦੋਂ ਵੀ ਕਿਸੇ ਨੂੰ ਨਹੀਂ ਪਤਾ ਸੀ ਕਿ ਉਹ ਦੇਹਰਾਦੂਨ ਵਿੱਚ ਕਿੱਥੇ ਰਹਿ ਰਹੇ ਸਨ।"
ਸੰਦੀਪ ਅਗਰਵਾਲ ਦਾ ਕਹਿਣਾ ਕਿ ਅੱਜ ਤੋਂ ਲਗਭਗ 5 ਦਿਨ ਪਹਿਲਾਂ ਉਨ੍ਹਾਂ ਦੀ ਮ੍ਰਿਤਕ ਪ੍ਰਵੀਨ ਮਿੱਤਲ ਨਾਲ ਗੱਲ ਹੋਈ ਸੀ ਤਾਂ ਉਨ੍ਹਾਂ ਨੇ ਦੱਸਿਆ ਸੀ ਕਿ ਉਹ ਹੁਣ ਪੰਚਕੂਲਾ ਵਿੱਚ ਹੀ ਰਹਿ ਰਹੇ ਹਨ ਤੇ ਟੈਕਸੀ ਚਲਾਉਣ ਦਾ ਕੰਮ ਕਰ ਰਹੇ ਹਨ।
ਸੰਦੀਪ ਮੁਤਾਬਕ, "ਮ੍ਰਿਤਕ ਪ੍ਰਵੀਨ ਮਿੱਤਲ ਦੀ ਬੱਦੀ ਵਿੱਚ ਇੱਕ ਲੋਹੇ ਦੀ ਫੈਕਟਰੀ ਸੀ। ਕਾਰੋਬਾਰ ਚਲਾਉਣ ਲਈ ਉਹ ਇਕ ਤੋਂ ਬਾਅਦ ਇੱਕ ਲੋਨ ਲੈ ਰਹੇ ਸਨ ਜੋ ਲਗਾਤਾਰ ਵੱਧਦਾ ਗਿਆ।"

ਚਸ਼ਮਦੀਦ ਨੇ ਕੀ ਦੱਸਿਆ
ਪੁਨੀਤ ਰਾਣਾ ਉਸੇ ਇਲਾਕੇ ਵਿੱਚ ਰਹਿੰਦੇ ਹਨ ਜਿੱਥੇ ਇਹ ਕਾਰ ਮਿਲੀ ਹੈ।
ਪੁਨੀਤ ਰਾਣਾ ਨੇ ਕਿਹਾ, "ਇਹ ਘਟਨਾ ਸਾਡੇ ਘਰ ਦੇ ਪਿਛਲੇ ਪਾਸੇ ਹੋਈ। ਸਾਡੀ ਗੱਡੀ ਦੇ ਪਿੱਛੇ ਇੱਕ ਉਤਰਾਖੰਡ ਦੇ ਨੰਬਰ ਦੀ ਗੱਡੀ ਖੜੀ ਸੀ। ਜਿਸ ਨੂੰ ਅਸੀਂ ਉੱਥੋਂ ਹਟਾਉਣ ਲਈ ਕਿਹਾ।"
"ਗੱਡੀ ਵਿੱਚ ਡਰਾਈਵਰ, ਇੱਕ ਬਜ਼ੁਰਗ ਔਰਤ ਅਤੇ ਇੱਕ ਬੱਚਾ ਮੂਹਰਲੀਆਂ ਸੀਟਾਂ ਉੱਤੇ ਬੈਠੇ ਸਨ, ਉਨ੍ਹਾਂ ਕਿਹਾ ਕਿ ਇੱਥੇ ਇੱਕ ਸਤਸੰਗ ਸੁਣਨ ਆਏ ਸਨ, ਪਰ ਹੋਟਲ ਨਾ ਮਿਲਣ ਕਾਰਨ ਰਾਤ ਨੂੰ ਗੱਡੀ ਵਿੱਚ ਹੀ ਸੌਂ ਰਹੇ ਹਨ।"
ਪੁਨੀਤ ਦਾ ਕਹਿਣਾ ਹੈ ਕਿ ਉਹ ਥੋੜ੍ਹੀ ਦੇਰ ਬਾਅਦ ਮੁੜ ਕਾਰ ਕੋਲ ਗਏ ਜਿੱਥੇ ਉਹ ਲੋਕ ਕੁਝ ਸ਼ੱਕੀ ਸਥਿਤੀ ਵਿੱਚ ਨਜ਼ਰ ਆਏ।
ਉਨ੍ਹਾਂ ਕਿਹਾ, "ਟੌਰਚ ਨਾਲ ਜਦੋਂ ਅਸੀਂ ਗੱਡੀ ਵਿੱਚ ਦੇਖਿਆ ਤਾਂ ਸਾਰਿਆਂ ਨੇ ਉਲਟੀ ਕੀਤੀ ਹੋਈ ਸੀ। ਮੈਂ ਕਿਹਾ ਕਿ ਕੋਈ ਹੋਰ ਦਿੱਕਤ ਹੈ ਅਤੇ ਮੈਂ ਇੱਕ ਵਿਅਕਤੀ ਜੋ ਜਿਉਂਦਾ ਸੀ ਉਸ ਨੂੰ ਬਾਹਰ ਆਉਣ ਲਈ ਕਿਹਾ।"
"ਜਿਉਂਦੇ ਵਿਅਕਤੀ ਨੇ ਦੱਸਿਆ ਕਿ ਸਾਡੇ ਉੱਪਰ ਕਰਜ਼ਾ ਸੀ। ਗੱਲ ਕਰਦਿਆਂ ਹੀ ਉਹ ਹੇਠਾਂ ਡਿੱਗ ਗਏ।"
ਪੁਨੀਤ ਕਹਿੰਦੇ ਹਨ ਕਿ ਪੁਲਿਸ ਦੋ ਮਿੰਟਾਂ ਵਿੱਚ ਹੀ ਘਟਨਾ ਵਾਲੀ ਥਾਂ ਉੱਤੇ ਆ ਗਈ ਸੀ ਪਰ ਐਂਬੂਲੈਂਸ ਆਉਣ ਵਿੱਚ ਸਮਾਂ ਲੱਗਿਆ।
ਅਹਿਮ ਜਾਣਕਾਰੀ
ਮਾਨਸਿਕ ਬੀਮਾਰੀਆ ਦਾ ਇਲਾਜ ਦਵਾਈ ਅਤੇ ਥੈਰਿਪੀ ਦੇ ਰਾਹੀਂ ਸੰਭਵ ਹੈ।
ਇਸ ਲਈ ਤੁਹਾਨੂੰ ਕਿਸੇ ਮਨੋਚਕਿਤਸਕ ਦੀ ਮਦਦ ਲੈਣੀ ਚਾਹੀਦੀ ਹੈ। ਜੇ ਤੁਹਾਡੇ ਵਿੱਚ ਜਾਂ ਤੁਹਾਡੇ ਕਿਸੇ ਨਜ਼ਦੀਕੀ ਵਿੱਚ ਕਿਸੇ ਤਰ੍ਹਾਂ ਦੀ ਮਾਨਸਿਕ ਤਕਲੀਫ਼ ਦੇ ਲੱਛਣ ਹਨ ਤਾਂ ਇਨ੍ਹਾਂ ਹੈਲਪਲਾਈਨ ਨੰਬਰਾਂ ਉੱਪਰ ਫ਼ੋਨ ਕਰ ਕੇ ਮਦਦ ਹਾਸਲ ਕੀਤੀ ਜਾ ਸਕਦੀ ਹੈ।
ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ-1800-599-0019
ਇੰਸਟੀਚਿਊਟ ਆਫ਼ ਹਿਊਮਨ ਬਿਹੇਰਵੀਅਰ ਐਂਡ ਅਲਾਈਡ ਸਾਇੰਸਿਜ਼- 9868396824, 9868396841, 011-22574820
ਨੈਸ਼ਨਲ ਇੰਸਟੀਚਿਊਟ ਆਫ਼ ਮੈਂਟਲ ਹੈਲਥ ਐਂਡ ਨਿਊਰੋ ਸਾਇੰਸਿਜ਼- 080 - 26995000
ਵਿਦਿਆਸਾਗਰ ਇੰਸਟੀਚਿਊਟ ਆਫ਼ ਮੈਂਟਲ ਹੈਲਥ ਐਂਡ ਅਲਾਈਡ ਸਾਇੰਸਿਜ਼- 011 2980 2980
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












