ਆਈਪੀਐੱਲ: ਪੰਜਾਬ ਕਿੰਗਜ਼ ਜਦੋਂ ਹਾਰਦੀ ਹੈ ਤਾਂ ਪ੍ਰਿਟੀ ਜ਼ਿੰਟਾ ਦੀ ਪ੍ਰਤੀਕਿਰਿਆ ਕੀ ਹੁੰਦੀ ਹੈ, ਕਦੇ ਟੀਮ ਦਾ ਹਿੱਸਾ ਰਹੇ ਖਿਡਾਰੀਆਂ ਤੋਂ ਸੁਣੋ

ਤਸਵੀਰ ਸਰੋਤ, Getty Images
- ਲੇਖਕ, ਅਨੁਰੀਤ ਭਾਰਦਵਾਜ
- ਰੋਲ, ਬੀਬੀਸੀ ਸਹਿਯੋਗੀ
ਆਈਪੀਐੱਲ 2025 ਵਿੱਚ ਪਹਿਲੇ ਪਲੇਅਆਫ਼ ਮੈਚ ਵਿੱਚ ਜਿਸ ਵੇਲੇ ਪੰਜਾਬ ਕਿੰਗਜ਼ ਆਪਣੀ ਹਾਰ ਦੀ ਕਹਾਣੀ ਲਿਖ ਰਹੀ ਸੀ, ਦਰਸ਼ਕ ਲਾਬੀ 'ਚ ਬੈਠੇ ਪ੍ਰਿਟੀ ਜ਼ਿੰਟਾ ਨਿਰਾਸ਼ਾ ਨਾਲ ਭਰੇ ਨਜ਼ਰ ਆ ਰਹੇ ਸਨ।
ਉਨ੍ਹਾਂ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵੀ ਖੂਬ ਚਰਚਾ 'ਚ ਆਈਆਂ ਤੇ ਦੇਸ਼ ਦੇ ਕਈ ਵੱਡੇ ਮੀਡੀਆ ਅਦਾਰਿਆਂ ਨੇ ਉਨ੍ਹਾਂ ਤਸਵੀਰਾਂ ਨਾਲ ਹੀ ਪੰਜਾਬ ਕਿੰਗਜ਼ ਦੀ ਹਾਰ ਦੀਆਂ ਸੁਰਖੀਆਂ ਚਲਾਈਆਂ।
ਹਾਲਾਂਕਿ, ਪਲੇਅਆਫ਼ ਮੈਚ ਨੂੰ ਛੱਡ ਦੇਈਏ ਤਾਂ ਬਾਕੀ ਸੀਜ਼ਨ 'ਚ ਪੰਜਾਬ ਕਿੰਗਜ਼ ਦਾ ਪ੍ਰਦਰਸ਼ਨ ਚੰਗਾ ਰਿਹਾ ਹੈ। ਇੱਥੋਂ ਤੱਕ ਕਿ ਟੀਮ ਪੁਆਇੰਟ ਟੇਬਲ ਵਿੱਚ ਸਿਖਰਲੇ ਸਥਾਨ 'ਤੇ ਵੀ ਰਹੀ। ਪਰ ਬੈਂਗਲੁਰੂ ਖ਼ਿਲਾਫ਼ ਖੇਡੇ ਗਏ ਹਾਲੀਆ ਮੈਚ 'ਚ ਪੰਜਾਬ ਟੀਮ ਦੇ ਪ੍ਰਦਰਸ਼ਨ ਨੇ ਨਾ ਸਿਰਫ਼ ਫੈਨਜ਼ ਨੂੰ ਨਿਰਾਸ਼ ਕੀਤਾ ਸਗੋਂ ਟੀਮ ਦੇ ਆਨਰ ਪ੍ਰਿਟੀ ਜ਼ਿੰਟਾ ਵੀ ਬੁਰੀ ਤਰ੍ਹਾਂ ਮਾਯੂਸ ਨਜ਼ਰ ਆਏ।
ਜਿੱਤ ਅਤੇ ਹਾਰ, ਹਰ ਖੇਡ ਦਾ ਹਿੱਸਾ ਹੁੰਦੀ ਹੈ ਅਤੇ ਖਿਡਾਰੀਆਂ ਦੇ ਨਾਲ-ਨਾਲ ਉਨ੍ਹਾਂ ਦੇ ਪ੍ਰਸ਼ੰਸਕ ਤੇ ਸਹਿਯੋਗੀ ਵੀ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਹਨ।
ਪ੍ਰਿਟੀ ਜ਼ਿੰਟਾ ਨੇ ਵੀ ਆਈਪੀਐੱਲ ਦੇ ਪਿਛਲੇ ਕਈ ਸੀਜ਼ਨਾਂ ਵਿੱਚ ਸਪੋਰਟਸ ਸਪੀਰਿਟ ਦੀ ਇਹ ਮਿਸਾਲ ਪੇਸ਼ ਕੀਤੀ ਹੈ।
ਬਾਲੀਵੁੱਡ ਤੋਂ ਆਈਪੀਐੱਲ ਵੱਲ

ਤਸਵੀਰ ਸਰੋਤ, Getty Images
ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਦੇ ਰਹਿਣ ਵਾਲੇ ਪ੍ਰਿਟੀ ਜ਼ਿੰਟਾ ਬਾਲੀਵੁੱਡ ਦਾ ਇੱਕ ਮੰਨਿਆ-ਪ੍ਰਮੰਨਿਆ ਚਿਹਰਾ ਹਨ।
ਉਨ੍ਹਾਂ ਨੇ 'ਵੀਰ ਜ਼ਾਰਾ', 'ਕਲ ਹੋ ਨਾ ਹੋ', ਕੋਈ ਮਿਲ ਗਯਾ', 'ਕਭੀ ਅਲਵਿਦਾ ਨਾ ਕਹਿਨਾ', 'ਕਯਾ ਕੈਹਨਾ', 'ਸਲਾਮ ਨਮਸਤੇ' ਸਣੇ ਕਈ ਬਾਲੀਵੁੱਡ ਫ਼ਿਲਮਾਂ 'ਚ ਕੰਮ ਕੀਤਾ ਹੈ, ਜਿਨ੍ਹਾਂ ਵਿੱਚੋਂ ਕਈ ਸੁਪਰਹਿੱਟ ਰਹੀਆਂ।
ਬੁੱਕ ਮਾਈ ਸ਼ੋਅ ਦੀ ਵੈਬਸਾਈਟ ਮੁਤਾਬਕ, ਪ੍ਰਿਟੀ ਦੀ ਪਹਿਲੀ ਫਿਲਮ 'ਦਿਲ ਸੇ' ਸੀ, ਜਿਸ ਵਿੱਚ ਉਹ ਸ਼ਾਹਰੁਖ ਖਾਨ ਅਤੇ ਮਨੀਸ਼ਾ ਕੋਇਰਾਲਾ ਨਾਲ ਨਜ਼ਰ ਆਏ ਸਨ।
ਨਿੱਜੀ ਜੀਵਨ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਨਾਮ ਕਈ ਹਸਤੀਆਂ ਨਾਲ ਜੁੜਦਾ ਰਿਹਾ ਹੈ ਪਰ ਪ੍ਰਿਟੀ ਨੇ ਖੁਦ ਕਦੇ ਇਨ੍ਹਾਂ ਦੀ ਪੁਸ਼ਟੀ ਨਹੀਂ ਕੀਤੀ।
ਕਾਰੋਬਾਰੀ ਨੇਸ ਵਾਡੀਆ ਨਾਲ ਤਾਂ ਉਨ੍ਹਾਂ ਦਾ ਰਿਸ਼ਤਾ ਖੂਬ ਚਰਚਾ ਵਿੱਚ ਰਿਹਾ, ਹਾਲਾਂਕਿ ਇਹ ਸਬੰਧ ਵੀ ਪੂਰ ਨਹੀਂ ਚੜ੍ਹ ਸਕਿਆ।
ਸਾਲ 2016 'ਚ ਪ੍ਰਿਟੀ ਜ਼ਿੰਟਾ ਨੇ ਅਮਰੀਕਾ ਦੇ ਰਹਿਣ ਵਾਲੇ ਜੇਨੇ ਗੁਡਇਨਫ਼ ਨਾਲ ਵਿਆਹ ਕਰਵਾਇਆ ਸੀ ਅਤੇ ਦੋਵਾਂ ਦੇ ਸੈਰੋਗੇਸੀ ਰਾਹੀਂ ਦੋ ਬੱਚੇ ਵੀ ਹਨ।
ਫ਼ਿਲਮਾਂ ਵਿੱਚ ਚੰਗਾ ਨਾਮ ਕਮਾਉਣ ਤੋਂ ਬਾਅਦ ਸਾਲ 2008 ਵਿੱਚ ਪ੍ਰਿਟੀ ਜ਼ਿੰਟਾ ਕ੍ਰਿਕਟ ਦੀ ਦੁਨੀਆਂ ਵੱਲ ਮੁੜੇ ਅਤੇ ਉਦੋਂ ਤੋਂ ਹੀ ਉਨ੍ਹਾਂ ਅਤੇ ਪੰਜਾਬ ਕਿੰਗਜ਼ ਦਾ ਸਾਥ ਬਣਿਆ ਹੋਇਆ ਹੈ।
ਪ੍ਰਿਟੀ ਜ਼ਿੰਟਾ ਅਤੇ ਪੰਜਾਬ ਕਿੰਗਜ਼ ਦਾ ਲੰਮਾ ਸਾਥ

ਤਸਵੀਰ ਸਰੋਤ, Getty Images
ਇੰਡੀਅਨ ਪ੍ਰੀਮਿਅਰ ਲੀਗ ਦਾ ਪਹਿਲਾ ਸੀਜ਼ਨ ਸਾਲ 2008 'ਚ ਖੇਡਿਆ ਗਿਆ ਸੀ ਅਤੇ ਉਸੇ ਸਮੇਂ ਤੋਂ ਪ੍ਰਿਟੀ ਜ਼ਿੰਟਾ ਵੀ ਆਈਪੀਐੱਲ ਅਤੇ ਪੰਜਾਬ ਦੀ ਟੀਮ, ਦੋਵਾਂ ਨਾਲ ਜੁੜੇ ਹੋਏ ਹਨ।
ਪੰਜਾਬ ਕਿੰਗਜ਼ ਦੀ ਆਨਰਸ਼ਿਪ ਕੇ.ਪੀ.ਐੱਚ. ਡ੍ਰੀਮ ਕ੍ਰਿਕਟ ਪ੍ਰਾਈਵੇਟ ਲਿਮਟਿਡ ਨਾਮ ਦੀ ਇੱਕ ਪ੍ਰਾਈਵੇਟ ਕੰਪਨੀ ਕੋਲ ਹੈ ਅਤੇ ਪ੍ਰਿਟੀ ਜ਼ਿੰਟਾ ਵੀ ਇਸ ਕੰਪਨੀ ਦੇ ਚਾਰ ਨਿਰਦੇਸ਼ਕਾਂ ਵਿੱਚੋਂ ਇੱਕ ਹਨ।
ਇਸ ਤਰ੍ਹਾਂ, ਪ੍ਰਿਟੀ ਜ਼ਿੰਟਾ, ਨੇਸ ਵਾਡੀਆ, ਕਰਣ ਪੌਲ ਅਤੇ ਮੋਹਿਤ ਬੁਮਰਾਹ ਕੋਲ ਪੰਜਾਬ ਕਿੰਗਜ਼ ਟੀਮ ਦੀ ਮਲਕੀਅਤ ਹੈ।
ਪ੍ਰਿਟੀ ਜ਼ਿੰਟਾ ਨੂੰ ਅਕਸਰ ਹੀ ਆਪਣੀ ਟੀਮ ਨੂੰ ਸਪੋਰਟ ਕਰਦੇ ਦੇਖਿਆ ਜਾਂਦਾ ਹੈ। ਹਾਲ ਹੀ ਵਿੱਚ ਜਦੋਂ ਪੰਜਾਬ ਨੇ ਮੁੰਬਈ ਨੂੰ ਹਰਾ ਕੇ ਪਲੇਆਫ਼ ਵਿੱਚ ਥਾਂ ਬਣਾਈ ਤਾਂ ਪ੍ਰਿਟੀ ਦੀਆਂ ਅੱਖਾਂ ਨਮ ਹੋ ਗਈਆਂ ਸਨ ਅਤੇ ਉਹ ਖੁਸ਼ੀ ਨਾਲ ਨੱਚਣ ਲੱਗੇ ਸਨ।
ਹਾਲਾਂਕਿ, ਆਈਪੀਐੱਲ ਦੇ ਪਹਿਲੇ ਸੀਜ਼ਨਸ ਵਿੱਚ ਜਦੋਂ-ਜਦੋਂ ਵੀ ਟੀਮ ਨੂੰ ਨਿਰਾਸ਼ਾ ਮਿਲੀ ਹੈ, ਪ੍ਰਿਟੀ ਉਦੋਂ ਵੀ ਆਪਣੀ ਟੀਮ ਨੂੰ ਹੌਂਸਲਾ ਦਿੰਦੇ ਨਜ਼ਰ ਆਏ ਹਨ।
ਪੰਜਾਬ ਕਿੰਗਜ਼ ਦੇ ਖਿਡਾਰੀਆਂ ਨਾਲ ਪ੍ਰਿਟੀ ਦਾ ਰਿਸ਼ਤਾ ਕਿਹੋ-ਜਿਹਾ

ਤਸਵੀਰ ਸਰੋਤ, Getty Images
ਪ੍ਰਿਟੀ ਜ਼ਿੰਟਾ ਦਾ ਪੰਜਾਬ ਕਿੰਗਜ਼ ਦੀ ਟੀਮ ਨਾਲ ਕਿਹੋ ਜਿਹਾ ਰਿਸ਼ਤਾ ਹੈ, ਇਸ ਬਾਰੇ ਅਸੀਂ ਭਾਰਤ ਦੇ ਸਾਬਕਾ ਕ੍ਰਿਕਟਰ ਗੇਂਦਬਾਜ਼ ਅਤੇ ਅਤੇ ਇਸ ਸੀਜ਼ਨ ਦੇ ਸ਼ੁਰੂਆਤੀ ਮੈਚਾਂ 'ਚ ਦਿੱਲੀ ਕੈਪੀਟਲ ਦੀ ਪਲੇਇੰਗ ਇਲੈਵਨ 'ਚ ਸ਼ਾਮਲ ਰਹੇ ਮੋਹਿਤ ਸ਼ਰਮਾ ਨਾਲ ਗੱਲਬਾਤ ਕੀਤੀ।
ਮੋਹਿਤ ਫਿਲਹਾਲ ਹਰਿਆਣਾ ਲਈ ਕ੍ਰਿਕਟ ਖੇਡਦੇ ਹਨ ਅਤੇ ਆਈਪੀਐੱਲ ਵਿੱਚ ਉਹ ਪੰਜਾਬ ਸਣੇ ਚਾਰ ਟੀਮ ਲਈ ਖੇਡ ਚੁੱਕੇ ਹਨ।
ਮੋਹਿਤ ਦੱਸਦੇ ਹਨ ਕਿ ਉਹ ਤਿੰਨ ਸਾਲ ਪੰਜਾਬ ਦੀ ਟੀਮ ਲਈ ਖੇਡੇ ਹਨ ਅਤੇ ਉਨ੍ਹਾਂ ਦਾ ਟੀਮ ਦੇ ਨਾਲ ਪ੍ਰਿਟੀ ਜ਼ਿੰਟਾ ਨਾਲ ਵੀ ਬਹੁਤ ਚੰਗਾ ਅਨੁਭਵ ਰਿਹਾ।
ਟੀਮ ਦੇ ਮਾਲਕ ਦੇ ਤੌਰ 'ਤੇ ਪ੍ਰਿਟੀ ਕਿਹੋ ਜਿਹੇ ਹਨ, ਇਸ ਬਾਰੇ ਮੋਹਿਤ ਕਹਿੰਦੇ ਹਨ, ''ਉਹ ਤਾਂ ਕਦੇ ਟੀਮ ਦੇ ਆਨਰ ਦੀ ਤਰ੍ਹਾਂ ਵਿਵਹਾਰ ਹੀ ਨਹੀਂ ਕਰਦੇ। ਖਾਸ ਕਰਕੇ ਖਿਡਾਰੀਆਂ ਅੱਗੇ। ਸਗੋਂ ਹੌਸਲਾ ਵਧਾਉਂਦੇ ਰਹਿੰਦੇ ਹਨ।''
''ਇਹ ਨਤੀਜੇ ਬਾਰੇ ਨਹੀਂ ਹੈ, ਸਗੋਂ ਇਸ ਬਾਰੇ ਹੈ ਕਿ ਤੁਸੀਂ ਟੀਮ 'ਚ ਕਿੰਨਾ ਚੰਗਾ ਮਾਹੌਲ ਬਣਾ ਕੇ ਰੱਖਦੇ ਹੋ।''
ਉਨ੍ਹਾਂ ਦੱਸਿਆ, ''ਮੈਂ ਕਿੰਗਜ਼ ਨਾਲ 2018 'ਚ ਖੇਡਿਆ ਸੀ, ਉਸ ਦੇ ਬਾਵਜੂਦ ਉਨ੍ਹਾਂ ਨੂੰ ਮੇਰੇ ਪਰਿਵਾਰ, ਮੇਰੇ ਬੇਟੇ ਬਾਰੇ ਪਤਾ ਹੈ। ਹਾਲ ਹੀ ਵਿੱਚ ਜਦੋਂ ਅਸੀਂ ਮਿਲੇ, ਉਦੋਂ ਵੀ ਉਹ ਬੜੇ ਪਿਆਰ ਨਾਲ ਮਿਲੇ।''
'ਨਿਰਾਸ਼ਾ ਅਤੇ ਪ੍ਰਤੀਕਿਰਿਆ ਦੋ ਵੱਖਰੀਆਂ ਚੀਜ਼ਾਂ'

ਤਸਵੀਰ ਸਰੋਤ, Getty Images
''ਮੈਨੂੰ ਤਿੰਨ ਸਾਲਾਂ 'ਚ ਅਜਿਹਾ ਕਦੇ ਦੇਖਣ ਨੂੰ ਨਹੀਂ ਮਿਲਿਆ ਕਿ ਉਨ੍ਹਾਂ ਨੇ ਮਾੜੇ ਸਮੇਂ 'ਚ ਵੀ ਟੀਮ ਨੂੰ ਹੌਸਲਾ ਨਾ ਦਿੱਤਾ ਹੋਵੇ।''
ਪਲੇਅਆਫ਼ 'ਚ ਪ੍ਰਿਟੀ ਜ਼ਿੰਟਾ ਦੀ ਨਿਰਾਸ਼ਾ ਬਾਰੇ ਉਹ ਕਹਿੰਦੇ ਹਨ, ''ਨਿਰਾਸ਼ਾ ਅਤੇ ਪ੍ਰਤੀਕਿਰਿਆ ਦੋ ਵੱਖਰੀਆਂ ਚੀਜ਼ਾਂ ਹਨ। ਜਦੋਂ ਨਤੀਜੇ ਤੁਹਾਡੇ ਪੱਖ 'ਚ ਨਹੀਂ ਆਉਂਦੇ ਤਾਂ ਨਿਰਾਸ਼ਾ ਤਾਂ ਹੁੰਦੀ ਹੀ ਹੈ। ਖਾਸ ਕਰਕੇ ਜਦੋਂ ਇੰਨੇ ਸਾਲਾਂ ਬਾਅਦ ਤੁਸੀਂ ਇੰਨਾ ਚੰਗਾ ਪ੍ਰਦਰਸ਼ਨ ਕਰ ਰਹੇ ਹੋ ਤਾਂ ਤੁਹਾਡੀਆਂ ਉਮੀਦਾਂ ਇੰਨੀਆਂ ਵੱਡੀਆਂ ਹੋ ਜਾਂਦੀਆਂ ਹਨ ਕਿ ਤੁਸੀਂ ਸਾਰੇ ਨਤੀਜੇ ਆਪਣੇ ਹੀ ਹੱਕ 'ਚ ਚਾਹੁੰਦੇ ਹੋ।''
''ਪਰ ਮੈਨੂੰ ਨਹੀਂ ਲੱਗਦਾ ਕਿ ਪ੍ਰਿਟੀ ਮੈਮ ਨੇ ਕਦੇ ਉਸ ਚੀਜ਼ 'ਤੇ ਪ੍ਰਤੀਕਿਰਿਆ ਦਿੱਤੀ ਹੋਵੇ।''
''ਜਦੋਂ ਅਸੀਂ (ਖਿਡਾਰੀ) ਹਾਰਦੇ ਹਾਂ ਤਾਂ ਸਭ ਤੋਂ ਜ਼ਿਆਦਾ ਦੁਖੀ ਅਸੀਂ ਹੁੰਦੇ ਹਾਂ ਅਤੇ ਪ੍ਰਿਟੀ ਜਾਣਦੇ ਹਨ ਕਿ ਇਹ ਖੇਡ ਹੈ, ਜਿਸ 'ਚ ਜਿੱਤ-ਹਾਰ ਬਣੀ ਰਹਿੰਦੀ ਹੈ।''

ਮੋਹਿਤ ਕਹਿੰਦੇ ਹਨ, ''ਇੱਕ ਖਿਡਾਰੀ 'ਤੇ ਐਕਸਟਰਾ ਪ੍ਰੈਸ਼ਰ ਹੁੰਦਾ ਕਿ ਜਿਸ ਵੇਲੇ ਉਹ ਖੇਡ ਰਿਹਾ ਹੈ, ਉਸ ਦੇ ਪਰਿਵਾਰ ਦਾ ਧਿਆਨ ਰੱਖਿਆ ਜਾਵੇ ਤਾਂ ਜੋ ਉਹ ਫੋਕਸ ਕਰਕੇ ਖੇਡ ਸਕੇ।''
''ਅਤੇ ਟੀਮ ਦੇ ਆਨਰ ਦੇ ਤੌਰ 'ਤੇ ਪ੍ਰਿਟੀ ਇਸ ਗੱਲ ਦਾ ਪੂਰਾ ਧਿਆਨ ਰੱਖਦੇ ਹਨ। ਉਹ ਤੁਹਾਡੇ ਅਤੇ ਪਰਿਵਾਰ ਨਾਲ 1-2 ਘੰਟੇ ਤੱਕ ਗੱਲਾਂ ਕਰਦੇ ਰਹਿੰਦੇ ਹਨ ਅਤੇ ਯਕੀਨੀ ਬਣਾਉਂਦੇ ਹਨ ਕਿ ਖਿਡਾਰੀਆਂ ਦੇ ਪਰਿਵਾਰਾਂ ਦਾ ਪੂਰਾ ਧਿਆਨ ਰੱਖਿਆ ਜਾਵੇ, ਸਾਰੇ ਪਰਿਵਾਰ ਉਨ੍ਹਾਂ ਦੇ ਕੋਲ ਹੀ ਬੈਠਣ।''
'ਫ੍ਰੈਂਚਾਈਜ਼ੀ ਵੱਲੋਂ ਖਿਡਾਰੀਆਂ ਤੇ ਦਬਾਅ ਹੁੰਦਾ ਹੈ ਪਰ ਪ੍ਰਿਟੀ ਅਜਿਹਾ ਬਿਲਕੁਲ ਨਹੀਂ ਕਰਦੇ'

ਤਸਵੀਰ ਸਰੋਤ, Getty Images
ਖਿਡਾਰੀਆਂ ਨਾਲ ਪ੍ਰਿਟੀ ਦੇ ਵਿਵਹਾਰ ਬਾਰੇ ਹੋਰ ਜਾਨਣ ਲਈ ਬੀਬੀਸੀ ਪੱਤਰਕਾਰ ਹਰਪਿੰਦਰ ਸਿੰਘ ਟੋਹੜਾ ਨੇ ਟੀਮ ਦੇ ਸਾਬਕਾ ਖਿਡਾਰੀ ਗੁਰਕੀਰਤ ਮਾਨ ਗੱਲਬਾਤ ਕੀਤੀ।
ਗੁਰਕੀਰਤ ਦੱਸਦੇ ਹਨ ਕਿ ਪ੍ਰਿਟੀ ਦਾ ਵਿਵਹਾਰ ਟੀਮ ਦੇ ਖਿਡਾਰੀਆਂ ਨਾਲ ਦੋਸਤਾਨਾ ਰਹਿੰਦਾ ਹੈ। ਭਾਵੇਂ ਕਿਸੇ ਵੀ ਤਰ੍ਹਾਂ ਦੇ ਹਾਲਾਤ ਹੋਣ ਉਨ੍ਹਾਂ ਨੇ ਕਦੇ ਵੀ ਖਿਡਾਰੀਆਂ ਨਾਲ ਗੁੱਸੇ ਵਿੱਚ ਗੱਲ ਨਹੀਂ ਕੀਤੀ, ਸਗੋਂ ਹਰ ਤਰ੍ਹਾਂ ਦੇ ਹਾਲਾਤਾਂ ਵਿੱਚ ਟੀਮ ਦੇ ਖਿਡਾਰੀਆਂ ਦਾ ਸਾਥ ਦਿੱਤਾ ਹੈ।
ਗੁਰਕੀਰਤ ਮਾਨ ਨੇ ਕਿਹਾ ਕਿ ''ਕਈ ਵਾਰ ਦੇਖਿਆ ਹੈ ਕਿ ਫ੍ਰੈਂਚਾਈਜ਼ੀ ਵੱਲੋਂ ਖਿਡਾਰੀਆਂ 'ਤੇ ਦਬਾਅ ਪਾਇਆ ਜਾਂਦਾ ਹੈ ਪਰ ਪ੍ਰਿਟੀ ਦਾ ਵਿਵਹਾਰ ਅਜਿਹਾ ਬਿਲਕੁਲ ਵੀ ਨਹੀਂ ਹੁੰਦਾ। ਉਨ੍ਹਾਂ ਦੇ ਚਿਹਰੇ 'ਤੇ ਕਦੇ ਵੀ ਗੁੱਸਾ ਨਹੀਂ ਦੇਖਿਆ ਗਿਆ।''
ਗੁਰਕੀਰਤ ਕਹਿੰਦੇ ਹਨ ਕਿ ''ਉਨ੍ਹਾਂ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਭਾਵੇਂ ਭਾਰਤ ਦੇ ਪਲੇਅਰ ਹੋਣ, ਭਾਵੇਂ ਵਿਦੇਸ਼ੀ ਖਿਡਾਰੀ ਹੋਣ ਉਨ੍ਹਾਂ ਨੇ ਕਦੇ ਵੀ ਉਨ੍ਹਾਂ ਵਿੱਚ ਵਿਤਕਰਾ ਨਹੀਂ ਰੱਖਿਆ, ਸਗੋਂ ਹਮੇਸ਼ਾ ਹੀ ਭਾਰਤੀ ਖਿਡਾਰੀਆਂ ਦੀ ਜ਼ਿਆਦਾ ਸਪੋਰਟ ਕਰਦੇ ਰਹਿੰਦੇ ਹਨ ਅਤੇ ਉਹ ਕਹਿੰਦੇ ਹਨ ਕਿ ਭਾਰਤੀ ਖਿਡਾਰੀ ਹੀ ਉਨ੍ਹਾਂ ਨੂੰ ਖਿਤਾਬ ਜਿਤਾਉਣਗੇ।''
ਦੱਸ ਦੇਈਏ ਕਿ ਗੁਰਕੀਰਤ ਮਾਨ ਪੰਜਾਬ ਕਿੰਗਜ਼ ਦੀ 2014 ਵਾਲੀ ਉਸ ਟੀਮ ਦਾ ਹਿੱਸਾ ਸਨ ਜਦੋਂ ਟੀਮ ਰਨਰ ਅਪ ਰਹੀ ਸੀ। 2014 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਪੰਜਾਬ ਕਿੰਗਸ ਨੇ ਪਲੇਅਆਫ ਵਿੱਚ ਥਾਂ ਬਣਾਈ ਹੈ।
ਗੁਰਕੀਰਤ ਮਾਨ ਉਸ ਸਮੇਂ ਦਾ ਕਿੱਸਾ ਸਾਂਝਾ ਕਰਦਿਆਂ ਦੱਸਦੇ ਸਨ ਕਿ ਜਦੋਂ ਟੀਮ ਅਖੀਰ ਵਿੱਚ ਜਾ ਕੇ ਹਾਰ ਗਈ ਸੀ ਉਸ ਤੋਂ ਬਾਅਦ ਵੀ ਪ੍ਰਿਟੀ ਜ਼ਿੰਟਾ ਨੇ ਖਿਡਾਰੀਆਂ ਨੂੰ ਉਤਸ਼ਾਹਿਤ ਕੀਤਾ ਅਤੇ ਉਨ੍ਹਾਂ ਦੇ ਇਹ ਸ਼ਬਦ ਸਨ ਕਿ 'ਕੋਈ ਗੱਲ ਨਹੀਂ ਟੂਰਨਾਮੈਂਟ ਵਿੱਚ ਜਿੱਤ-ਹਾਰ ਹੁੰਦੀ ਰਹਿੰਦੀ ਹੈ। ਹਰ ਖਿਡਾਰੀ ਨੇ ਬਹੁਤ ਵਧੀਆ ਪ੍ਰਦਰਸ਼ਨ ਕਰਕੇ ਦਿਖਾਇਆ, ਅਸੀਂ ਅਗਲੇ ਸੀਜ਼ਨ ਵਿੱਚ ਹੋਰ ਬਿਹਤਰ ਪ੍ਰਦਰਸ਼ਨ ਕਰਾਂਗੇ'।''
'ਖਿਡਾਰੀ ਉਨ੍ਹਾਂ ਨਾਲ ਕਾਫੀ ਸਹਿਜ ਹਨ'

ਤਸਵੀਰ ਸਰੋਤ, @realpreityzinta/X
ਮਸ਼ਹੂਰ ਯੂਟਿਊਬਰ ਅਤੇ ਲੇਖਕ ਜਸਮੀਤ ਸਿੰਘ ਪੰਜਾਬ ਕਿੰਗਜ਼ ਦੀ ਟੀਮ ਲਈ ਪ੍ਰਮੋਸ਼ਨਲ ਵੀਡੀਓ ਬਣਾਉਂਦੇ ਰਹਿੰਦੇ ਹਨ। ਉਨ੍ਹਾਂ ਨੇ ਪ੍ਰਿਟੀ ਜ਼ਿੰਟਾ ਨਾਲ ਵੀ ਦੋ ਵੀਡੀਓ ਬਣਾਏ ਹਨ।
ਪ੍ਰਿਟੀ ਨਾਲ ਕੰਮ ਕਰਨ ਦੇ ਆਪਣੇ ਅਨੁਭਵ ਬਾਰੇ ਉਹ ਕਹਿੰਦੇ ਹਨ ਕਿ ''ਉਨ੍ਹਾਂ ਨਾਲ ਕੰਮ ਕਰਨਾ ਬਹੁਤ ਸੌਖਾ ਹੈ। ਅਸੀਂ ਤਾਂ ਲਾਈਨਾਂ ਲਿਖ ਕੇ ਲੈ ਕੇ ਜਾਂਦੇ ਹਾਂ, ਪਰ ਉਹ ਉਸੇ ਥਾਂ ਬੈਠੇ ਨਵੇਂ ਆਈਡੀਆ ਦੇ ਦਿੰਦੇ ਹਨ। ਸਾਨੂੰ ਤਾਂ ਇੰਝ ਹੀ ਲੱਗਦਾ ਹੈ ਕਿ ਅਸੀਂ ਵੀ ਟੀਮ ਦਾ ਹਿੱਸਾ ਹਾਂ।''
''ਮੈਚ ਤੋਂ ਬਾਅਦ ਉਹ ਅਕਸਰ ਖਿਡਾਰੀਆਂ ਨਾਲ ਗੱਲਬਾਤ ਕਰਦੇ ਹਨ ਅਤੇ ਸਾਰੇ ਖਿਡਾਰੀ ਵੀ ਉਨ੍ਹਾਂ ਨਾਲ ਕਾਫੀ ਸਹਿਜ ਹਨ।''
ਜਸਮੀਤ ਕਹਿੰਦੇ ਹਨ ਕਿ ਚਾਹੇ ਟੀਮ ਪਲੇਅਆਫ਼ 'ਚ ਚੰਗਾ ਪ੍ਰਦਰਸ਼ਨ ਨਹੀਂ ਕਰ ਪਾਈ ਪਰ ਟੀਮ ਅਤੇ ਸਾਰੇ ਆਨਰ ਇਸ ਗੱਲ ਤੋਂ ਬਹੁਤ ਖੁਸ਼ ਹਨ ਕਿ ਇੰਨੇ ਲੰਮੇ ਸਮੇਂ ਬਾਅਦ ਟੀਮ ਪਲੇਅਆਫ਼ 'ਚ ਪਹੁੰਚੀ ਹੈ।
ਪ੍ਰਿਟੀ ਜ਼ਿੰਟਾ, ਆਈਪੀਐੱਲ ਅਤੇ ਵਿਵਾਦ

ਤਸਵੀਰ ਸਰੋਤ, Getty Images
ਹਾਲਾਂਕਿ, ਪ੍ਰਿਟੀ ਨੂੰ ਅਕਸਰ ਇੱਕ ਚੰਗੇ ਟੀਮ ਆਨਰ ਦੇ ਤੌਰ 'ਤੇ ਦੇਖਿਆ ਜਾਂਦਾ ਹੈ ਅਤੇ ਉਹ ਦਰਸ਼ਕਾਂ 'ਚ ਵੀ ਖੂਬ ਪਸੰਦ ਕੀਤੇ ਜਾਂਦੇ ਹਨ ਪਰ ਆਈਪੀਐੱਲ ਵਿੱਚ ਕੁਝ ਮੌਕੇ ਅਜਿਹੇ ਵੀ ਆਏ ਹਨ ਜਦੋਂ ਪ੍ਰਿਟੀ ਵਿਵਾਦਾਂ 'ਚ ਘਿਰ ਗਏ ਸਨ।
ਨੇਸ ਵਾਡੀਆ ਅਤੇ ਪ੍ਰਿਟੀ ਜ਼ਿੰਟਾ ਦੀ ਪ੍ਰੇਮ ਕਹਾਣੀ ਤੇ ਫੇਰ ਟਕਰਾਅ ਕਿਸੇ ਤੋਂ ਲੁਕਿਆ ਨਹੀਂ। ਦੋਵਾਂ ਨੇ ਕੁਝ ਸਾਲਾਂ ਤੱਕ ਇੱਕ-ਦੂਜੇ ਨੂੰ ਡੇਟ ਕੀਤਾ ਅਤੇ ਫਿਰ ਉਨ੍ਹਾਂ ਦੇ ਰਿਸ਼ਤੇ ਵਿਗੜਨ ਲੱਗੇ।
ਇਸੇ ਦੌਰਾਨ ਦੋਵਾਂ ਨੇ ਮਿਲ ਕੇ ਸਾਲ 2008 ਵਿੱਚ ਪੰਜਾਬ ਕਿੰਗਜ਼ ਦੀ ਟੀਮ ਵੀ ਖਰੀਦੀ ਸੀ। ਪਰ ਫਿਰ ਅਗਲੇ ਹੀ ਸਾਲ ਮੀਡੀਆ ਵਿੱਚ ਖ਼ਬਰਾਂ ਆਈਆਂ ਕਿ ਪ੍ਰਿਟੀ ਨੇ ਨੇਸ 'ਤੇ ਇਲਜ਼ਾਮ ਲਗਾਏ ਕਿ ਉਨ੍ਹਾਂ ਨੇ ਕਥਿਤ ਤੌਰ 'ਤੇ ਇੱਕ ਸਮਾਰੋਹ ਵਿੱਚ ਪ੍ਰਿਟੀ ਨਾਲ ਬੁਰਾ ਵਿਵਹਾਰ ਕੀਤਾ। ਜਿਸ ਤੋਂ ਕੁਝ ਸਮਾਂ ਬਾਅਦ ਦੋਵਾਂ ਨੇ ਖੁੱਲ੍ਹ ਕੇ ਆਪਣਾ ਰਿਸ਼ਤਾ ਖਤਮ ਹੋਣ ਦੀ ਗੱਲ ਕਬੂਲੀ ਸੀ।
ਹਾਲ ਹੀ ਵਿੱਚ ਵੀ ਪ੍ਰਿਟੀ ਜ਼ਿੰਟਾ ਨੇ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ ਤੇ ਕੇਪੀਐੱਚ ਡ੍ਰੀਮ ਕ੍ਰਿਕਟ ਪ੍ਰਾਈਵੇਟ ਲਿਮਟਿਡ (ਪੰਜਾਬ ਕਿੰਗਜ਼ ਟੀਮ ਦੀ ਮਾਲਕ ਕੰਪਨੀ) ਦੀ ਅਸਧਾਰਨ ਆਮ ਮੀਟਿੰਗ (ਈਜੀਐਮ) ਨੂੰ ਗੈਰ-ਕਾਨੂੰਨੀ ਅਤੇ ਅਵੈਧ ਐਲਾਨਣ ਦੀ ਮੰਗ ਕੀਤੀ ਹੈ। ਇਸ ਮਾਮਲੇ ਵਿੱਚ ਉਨ੍ਹਾਂ ਨੇ ਕੰਪਨੀ ਦੇ ਸਹਿ-ਮਾਲਕ ਰੋਹਿਤ ਬੁਮਰਾਹ ਅਤੇ ਨੇਸ ਵਾਡੀਆ ਨੂੰ ਅਦਾਲਤ 'ਚ ਖਿੱਚਿਆ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












