ਪੰਜਾਬ ਦਾ ਇਹ ਕਸਬਾ ਪੰਜਾਬੀ ਜੁੱਤੀ ਦਾ ਗੜ੍ਹ ਕਿਵੇਂ ਬਣਿਆ ਤੇ ਇਸ ਦਾ ਪਾਕਿਸਤਾਨ ਦੇ ਕਸੂਰ ਨਾਲ ਕੀ ਸਬੰਧ ਹੈ

ਪੂਜਾ
ਤਸਵੀਰ ਕੈਪਸ਼ਨ, ਬਰੇਟੇ ਦੇ ਇੱਕ ਘਰ ਵਿੱਚ ਜੁੱਤੀ ਤਿਆਰ ਕਰਦੀ ਇੱਕ ਔਰਤ
    • ਲੇਖਕ, ਹਰਮਨਦੀਪ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਬਰੇਟੇ ਵਿੱਚ ਦਿਆਲਪੁਰਾ ਰੋਡ ਉੱਤੇ ਵੱਸੇ ਮੁਹੱਲੇ ਦਾ ਸ਼ਾਇਦ ਹੀ ਕੋਈ ਘਰ ਅਜਿਹਾ ਹੋਵੇਗਾ, ਜਿੱਥੇ ਕੋਈ ਸੁਆਣੀ ਹੱਥ ਵਿੱਚ ਸੂਆ, ਸੂਤ ਦਾ ਧਾਗਾ ਅਤੇ ਚਮੜੇ ਦੇ ਤਲੇ ਫੜੀ ਨਜ਼ਰ ਨਾ ਆਉਂਦੀ ਹੋਵੇ।

ਦਰਅਸਲ ਦਿਆਲਪੁਰਾ ਰੋਡ ਮੁਹੱਲੇ ਦੇ ਨਾਮ ਨਾਲ ਜਾਂਦੇ ਇਸ ਰਿਹਾਇਸ਼ੀ ਏਰੀਏ ਵਿੱਚ ਘਰ ਸਾਂਭਣ ਵਾਲੀ ਲਗਭਗ ਹਰ ਔਰਤ ਪੰਜਾਬੀ ਜੁੱਤੀ ਦੀ ਸਿਲਾਈ ਦਾ ਕੰਮ ਕਰਦੀ ਹੈ। ਉਹ ਜੁੱਤੀ ਦੇ ਤਲੇ ਨੂੰ ਜੁੱਤੀ ਦੇ ਉਪਰਲੇ ਨਾਲ ਸਿਉਂਦੀਆਂ ਹਨ, ਜਿਸ ਮਗਰੋਂ ਪੰਜਾਬੀ ਜੁੱਤੀ ਪੂਰੀ ਤਰ੍ਹਾਂ ਤਿਆਰ ਹੋ ਜਾਂਦੀ ਹੈ।

ਆਪਣੇ ਘਰ ਵਾਲਿਆਂ ਨੂੰ ਦਿਹਾੜੀ ਜਾਂ ਕੰਮ-ਕਾਰਾਂ, ਬੱਚਿਆਂ ਨੂੰ ਸਕੂਲਾਂ ਵੱਲ ਤੋਰ ਕੇ ਅਤੇ ਚੁੱਲ੍ਹਾ ਚੌਂਕਾਂ ਸਾਂਭ ਕੇ ਘਰੇਲੂ ਔਰਤਾਂ ਪੂਰਾ ਦਿਨ ਇਹੀ ਕੰਮ ਕਰਦੀਆਂ ਹਨ।

ਪੰਜਾਬੀ ਜੁੱਤੀ
ਤਸਵੀਰ ਕੈਪਸ਼ਨ, ਬਰੇਟਾ ਪੰਜਾਬੀ ਜੁੱਤੀਆਂ ਦਾ ਹੱਬ ਬਣ ਗਿਆ ਹੈ

ਬੁਢਲਾਡਾ-ਜਾਖ਼ਲ ਰੋਡ ਉੱਤੇ ਵੱਸਿਆ ਬਰੇਟਾ ਇੱਕ ਮਾਨਸਾ ਜ਼ਿਲ੍ਹੇ ਦੀ ਸਬ ਤਹਿਸੀਲ ਹੈ। ਇਹ ਛੋਟਾ ਜਿਹਾ ਸ਼ਹਿਰ ਪੰਜਾਬੀ ਜੁੱਤੀ ਦੇ ਨਿਰਮਾਣ ਲਈ ਜਾਣਿਆ ਜਾਂਦਾ ਹੈ। ਇੱਥੋਂ ਦੇ ਵਸਨੀਕਾਂ ਦਾ ਇਹ ਪਿਤਾ ਪੁਰਖੀ ਕਿੱਤਾ ਹੈ, ਜੋ ਪੀੜ੍ਹੀ ਦਰ ਪੀੜ੍ਹੀ ਚੱਲਿਆ ਆ ਰਿਹਾ ਹੈ।

ਛੋਟੋ ਪੱਧਰ ਉੱਤੇ ਦਰਜਨਾਂ ਪਰਿਵਾਰ ਕਈ ਸਾਲਾਂ ਤੋਂ ਪੰਜਾਬੀ ਜੁੱਤੀਆਂ ਬਣਾਉਣ ਦਾ ਕੰਮ ਕਰਦੇ ਆ ਰਹੇ ਹਨ। ਇਹ ਘਰੇਲੂ ਔਰਤਾਂ ਵਾਸਤੇ ਰੁਜ਼ਗਾਰ ਦਾ ਸਾਧਨ ਬਣਿਆ ਹੋਇਆ ਹੈ।

ਉਨ੍ਹਾਂ ਨੂੰ ਇਸ ਕੰਮ ਵਾਸਤੇ ਘਰ ਤੋਂ ਬਾਹਰ ਨਹੀਂ ਜਾਣਾ ਪੈਂਦਾ ਅਤੇ ਉਹ ਘਰ ਬੈਠੀਆਂ ਹੀ ਆਪਣੇ ਪਰਿਵਾਰ ਨੂੰ ਸਾਂਭਣ ਦੇ ਨਾਲ-ਨਾਲ ਜੁੱਤੀਆਂ ਦੀ ਸਿਲਾਈ ਦਾ ਕੰਮ ਕਰ ਲੈਂਦੀਆਂ ਹਨ।

ਜੁੱਤੀ

ਸੁਆਣੀਆਂ ਦੀ ਜ਼ਿੰਦਗੀ ਵਿੱਚ ਕੀ ਫ਼ਰਕ ਪਿਆ

28 ਸਾਲਾ ਪੂਜਾ ਦੇ ਪਤੀ ਇੱਕ ਯੂਰਪੀਅਨ ਮੁਲਕ ਵਿੱਚ ਮਜ਼ਦੂਰੀ ਕਰਦੇ ਹਨ। ਆਪਣੇ ਪਤੀ ਦੀ ਗ਼ੈਰ-ਮੌਜੂਦਗੀ ਵਿੱਚ ਘਰ, ਪਰਿਵਾਰ ਅਤੇ ਬੱਚਿਆਂ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਪੂਜਾ ਦੇ ਮੋਢਿਆਂ ਉੱਤੇ ਹੈ।

ਘਰ ਦੇ ਖ਼ਰਚਿਆਂ ਵਿੱਚ ਯੋਗਦਾਨ ਦੇਣ ਵਾਸਤੇ ਉਹ ਰੋਜ਼ਾਨਾ ਦੇ ਕੰਮਕਾਜਾਂ ਤੋਂ ਵਹਿਲੀ ਹੋ ਕੇ ਜੁੱਤੀ ਦੀ ਸਿਲਾਈ ਵਿੱਚ ਜੁੱਟ ਜਾਂਦੀ ਹੈ।

ਜੁੱਤੀ
ਤਸਵੀਰ ਕੈਪਸ਼ਨ, ਮਰਦਾਂ ਨਾਲੋਂ ਔਰਤਾਂ ਦੀਆਂ ਜੁੱਤੀਆਂ ਦੀਆਂ ਵਧੇਰੇ ਮੰਗ ਹੈ

ਪੂਜਾ ਕਹਿੰਦੀ ਹੈ, "ਮੇਰੇ ਕੋਲ ਵਹਿਲਾ ਸਮਾਂ ਹੁੰਦਾ ਹੈ। ਇਸ ਲਈ ਮੈਂ ਜੁੱਤੀ ਦੀ ਸਿਲਾਈ ਦਾ ਕੰਮ ਕਰ ਲੈਂਦੀ ਹਾਂ। ਇਸ ਨਾਲ ਬੱਚਿਆਂ ਦੀ ਪੜ੍ਹਾਈ ਅਤੇ ਘਰ ਦੇ ਖ਼ਰਚੇ ਵਿੱਚ ਸਹਿਯੋਗ ਮਿਲ ਜਾਂਦਾ ਹੈ। ਬੱਚੇ ਦੀ ਭਵਿੱਖ ਵਾਸਤੇ ਬੱਚਤ ਵੀ ਹੋ ਜਾਂਦੀ ਹੈ।"

ਉਹ ਇਹ ਵੀ ਕਹਿੰਦੀ ਹੈ ਕਿ ਉਸ ਨੂੰ ਵਿੱਤੀ ਆਜ਼ਾਦੀ ਵੀ ਮਿਲਦੀ ਹੈ।

"ਪੈਸੇ ਮੰਗਣ ਵਾਸਤੇ ਕਿਸੇ ਵੱਲ ਦੇਖਣਾ ਨਹੀਂ ਪੈਂਦਾ। ਖੁਦ ਦੇ ਕਮਾਏ ਪੈਸੇ ਮੈਂ ਖੁਦ ਹੀ ਖਰਚ ਸਕਦੀ ਹਾਂ।"

ਵੀਡੀਓ ਕੈਪਸ਼ਨ, ਪੰਜਾਬੀ ਜੁੱਤੀ ਬਰੇਟਾ ਦਾ ਕੀ ਹੈ ਪਿਛੋਕੜ, ਪੰਜਾਬ ਦੀਆਂ ਕਈ ਔਰਤਾਂ ਦਾ ਇਸ ਨਾਲ ਚੱਲ ਰਿਹਾ ਘਰ

ਇੱਥੋਂ ਦੀ ਹੀ ਰਹਿਣ ਵਾਲੀ ਸੋਨੀ ਕਹਿੰਦੀ ਹੈ, "ਮੈਂ ਪਿਛਲੇ 10-12 ਸਾਲਾਂ ਤੋਂ ਜੁੱਤੀਆਂ ਦੀ ਸਿਲਾਈ ਕਰ ਰਹੀ ਹਾਂ। ਜੁੱਤੀਆਂ ਦੀ ਸਿਲਾਈ ਤੋਂ ਉਹ ਘਰ ਦਾ ਖ਼ਰਚਾ ਕੱਢ ਲੈਂਦੀ ਹੈ। ਘਰ ਬੈਠੇ ਹੀ ਕੰਮ ਮਿਲ ਜਾਂਦਾ। ਬਾਹਰ ਨਹੀਂ ਜਾਣਾ ਪੈਂਦਾ।"

"ਜੇ ਇਹ ਕੰਮ ਨਾ ਹੁੰਦਾ ਤਾਂ ਬਾਹਰ ਮਜ਼ਦੂਰੀ ਕਰਨ ਜਾਣਾ ਪੈਂਦਾ ਅਤੇ ਮਜ਼ਦੂਰੀ ਤਾਂ ਹੋਣੀ ਵੀ ਨਹੀਂ ਸੀ ਕਿਉਂਕਿ ਬੱਚਿਆਂ ਨੂੰ ਸਾਂਭਣ ਪੈਂਦਾ ਹੈ। ਹੁਣ ਮੈਂ ਆਪ ਕਮਾਉਂਦੀ ਹਾਂ ਅਤੇ ਆਪਣੀ ਮਿਹਨਤ ਨਾਲ ਖਾਂਦੀ ਹਾਂ।"

ਪੰਜਾਬੀ ਜੁੱਤੀ
ਤਸਵੀਰ ਕੈਪਸ਼ਨ, ਔਰਤਾਂ ਨੂੰ ਇਸ ਨਾਲ ਆਰਥਿਕ ਆਜ਼ਾਦੀ ਮਿਲ ਜਾਂਦੀ ਹੈ
ਇਹ ਵੀ ਪੜ੍ਹੋ-

ਬਰੇਟੇ ਦਾ ਪਾਕਿਸਤਾਨ ਦੇ ਕਸੂਰ ਨਾਲ ਕੀ ਸਬੰਧ

ਪੰਜਾਬੀ ਜੁੱਤੀ ਦੇ ਨਿਰਮਾਣ ਦਾ ਪੀੜ੍ਹੀ ਦਰ ਪੀੜ੍ਹੀ ਕੰਮ ਕਰਨ ਵਾਲੇ ਪਰਿਵਾਰਾਂ ਮੁਤਾਬਕ ਬਰੇਟੇ ਵਿੱਚ ਬਣਦੀ ਜੁੱਤੀਆਂ ਦੀਆਂ ਜੜ੍ਹਾਂ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਸ਼ਹਿਰ ਕਸੂਰ ਨਾਲ ਹੈ।

ਕਸੂਰ ਸ਼ਹਿਰ ਪੰਜਾਬੀ ਜੁੱਤੀ ਦੀ ਨਿਰਮਾਣ ਵਾਸਤੇ ਪ੍ਰਸਿੱਧ ਹੈ। ਕਈ ਗੀਤਾਂ ਵਿੱਚ ਕਸੂਰ ਦੀ ਪੰਜਾਬੀ ਜੁੱਤੀ ਦੀ ਜ਼ਿਕਰ ਆਉਂਦਾ ਹੈ। ਇਹਨਾਂ ਪਰਿਵਾਰਾਂ ਮੁਤਾਬਕ ਦੇਸ਼ ਦੀ ਵੰਡ ਮਗਰੋਂ ਇਹਨਾਂ ਦੇ ਪੁਰਖੇ ਬਰੇਟੇ ਆ ਕੇ ਵੱਸੇ ਸਨ। ਪਹਿਲਾਂ ਉਹ ਕਸੂਰ ਵਿੱਚ ਪੰਜਾਬੀ ਜੁੱਤੀ ਦਾ ਨਿਰਮਾਣ ਕਰਦੇ ਸੀ ਅਤੇ ਫਿਰ ਉਨ੍ਹਾਂ ਨੇ ਬਰੇਟਾ ਵਿੱਚ ਇਹ ਕੰਮ ਸ਼ੁਰੂ ਕੀਤਾ।

ਬਰੇਟਾ ਦਾ ਵਸਨੀਕ ਤਾਰਾ ਚੰਦ ਦੱਸਦੇ ਹਨ ਕੀ ਉਨ੍ਹਾਂ ਦੇ ਪਿਤਾ, ਪਰਿਵਾਰ ਦੇ ਕਈ ਹੋਰ ਮੈਂਬਰ ਅਤੇ ਕੁਝ ਹੋਰ ਲੋਕ ਕਸੂਰ ਤੋਂ ਬਰੇਟਾ ਆਏ ਸੀ। ਇੱਥੇ ਆ ਕੇ ਉਨ੍ਹਾਂ ਪੰਜਾਬੀ ਜੁੱਤੀ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ।

ਤਾਰਾ ਚੰਦ
ਤਸਵੀਰ ਕੈਪਸ਼ਨ, ਤਾਰਾ ਚੰਦ ਦੱਸਦੇ ਹਨ ਉਨ੍ਹਾਂ ਦੇ ਪਿਤਾ ਪਾਕਿਸਤਾਨ ਦੇ ਕਸੂਰ ਤੋਂ ਆਏ ਸਨ

ਉਹ ਦੱਸਦੇ ਹਨ, "ਸਾਡੇ ਪਰਿਵਾਰ ਰਾਜਸਥਾਨ ਤੋਂ ਕਸੂਰ ਗਿਆ ਸੀ। ਉੱਥੇ ਮੇਰੇ ਪਿਤਾ ਪੰਜਾਬੀ ਜੁੱਤੀ ਦਾ ਕੰਮ ਕਰਦੇ ਸੀ। ਦੇਸ਼ ਦੀ ਵੰਡ ਹੋਣ ਮਗਰੋਂ ਪਹਿਲਾਂ ਉਹ ਅੰਮ੍ਰਿਤਸਰ, ਫਿਰ ਸੰਗਰੂਰ ਅਤੇ ਅਖ਼ੀਰ ਬਰੇਟਾ ਆ ਗਏ। ਇੱਥੇ ਪਹੁੰਚ ਕੇ ਉਨ੍ਹਾਂ ਨੇ ਮਰਦਾਂ ਵਾਸਤੇ ਪੰਜਾਬੀ ਜੁੱਤੀ ਦਾ ਕੰਮ ਸ਼ੁਰੂ ਕੀਤਾ ਸੀ।

ਬਰੇਟੇ ਦੇ ਵਸਨੀਕ ਤਾਰਾ ਚੰਦ ਨੇ ਪੰਜਾਬੀ ਜੁੱਤੀ ਦੇ ਨਿਰਮਾਣ ਦਾ ਕਿੱਤਾ ਆਪਣੇ ਪਿਉ ਤੋਂ ਸਾਂਭਿਆ ਸੀ ਅਤੇ ਹੁਣ ਉਨ੍ਹਾਂ ਦੇ ਪੁੱਤਰ ਸੰਨੀ ਕੁਮਾਰ ਇਸ ਰਵਾਇਤੀ ਨੂੰ ਜਾਰੀ ਰੱਖ ਰਹੇ ਹਨ।

ਸੰਨੀ ਕੁਮਾਰ ਦੱਸਦੇ ਹਰ ਕਿ ਪਹਿਲਾਂ ਉਨ੍ਹਾਂ ਦੇ ਦਾਦਾ ਜੀ ਪੰਜਾਬੀ ਜੁੱਤੀ ਬਣਾਉਣ ਦਾ ਕੰਮ ਕਰਦੇ ਸੀ, ਫਿਰ ਉਨ੍ਹਾਂ ਦੇ ਪਿਤਾ ਕਰਨ ਲੱਗ ਪਏ ਅਤੇ ਅੱਜਕੱਲ੍ਹ ਉਨ੍ਹਾਂ ਨੇ ਕੰਮ ਸਾਂਭਿਆ ਹੋਇਆ ਹੈ।

ਸੰਨੀ ਕੁਮਾਰ

ਔਰਤਾਂ ਵਾਸਤੇ ਰੁਜ਼ਗਾਰ ਦਾ ਸਾਧਨ ਕਿਵੇਂ ਬਣਿਆ

ਸੰਨੀ ਕੁਮਾਰ ਦੱਸਦੇ ਹਨ ਕਿ ਪੰਜਾਬੀ ਜੁੱਤੀ ਪੂਰੀ ਤਰ੍ਹਾਂ ਤਿਆਰ ਹੋਣ ਤੋਂ ਪਹਿਲਾਂ ਕਈ ਪੜਾਵਾਂ ਵਿੱਚੋਂ ਲੰਘਦੀ ਹੈ ਅਤੇ ਤਲੇ ਦੀ ਜੁੱਤੀ ਦੇ ਉਪਰੇ ਹਿੱਸੇ ਨਾਲ ਜੋੜਨ ਵਾਸਤੇ ਸਿਲਾਈ ਵੀ ਉਨ੍ਹਾਂ ਵਿੱਚੋਂ ਇੱਕ ਪੜਾਅ ਹੈ।

ਸੰਨੀ ਕੁਮਾਰ ਦੇ ਪਰਿਵਾਰ ਵਰਗੇ ਹੋਰ ਜਿਹੜੇ ਪਰਿਵਾਰ ਜੁੱਤੀ ਦਾ ਨਿਰਮਾਣ ਕਰਦੇ ਹਨ, ਉਹ ਜੁੱਤੀ ਦੀ ਸਿਲਾਈ ਦਾ ਕੰਮ ਘਰੇਲੂ ਔਰਤਾਂ ਨੂੰ ਦਿੰਦੇ ਹਨ।

ਉਹ ਦੱਸਦੇ ਹਨ, "ਔਰਤਾਂ ਸਿਲਾਈ ਦਾ ਕੰਮ ਕਰਦੀਆਂ ਹਨ। ਔਰਤਾਂ ਜਦੋਂ ਆਪਣਾ ਕੰਮ ਕਰ ਕੇ ਕੁਝ ਘੰਟੇ ਵਹਿਲੀਆਂ ਹੁੰਦੀਆਂ ਹਨ ਤਾਂ ਉਹ ਇਸ ਵਹਿਲੇ ਸਮੇਂ ਵਿੱਚ ਜੁੱਤੀ ਦੀ ਸਿਲਾਈ ਦਾ ਕੰਮ ਕਰਦੀ ਹਨ। ਉਹ ਦਿਨ ਵਿੱਚ ਜਿੰਨੀਆਂ ਜੁੱਤੀਆਂ ਦੀ ਸਿਲਾਈ ਦਾ ਕੰਮ ਕਰਦੀਆਂ ਹਨ, ਉਨ੍ਹਾਂ ਨੂੰ ਉਸ ਮੁਤਾਬਕ ਮਿਹਨਤਾਨਾ ਮਿਲ ਜਾਂਦਾ ਹੈ।"

ਪੰਜਾਬੀ ਜੁੱਤੀ

ਮਰਦਾਨਾ ਪੰਜਾਬੀ ਜੁੱਤੀ ਦੀ ਮੰਗ ਘਟੀ

ਤਾਰਾ ਚੰਦ ਦੱਸਦੇ ਹਨ ਕਿ ਹੁਣ ਉਹ ਜ਼ਿਆਦਾਤਰ ਔਰਤਾਂ ਵਾਸਤੇ ਹੀ ਪੰਜਾਬੀ ਜੁੱਤੀ ਬਣਾਉਂਦੇ ਹਨ। ਮਰਦਾਨਾ ਜੁੱਤੀਆਂ ਉਹ ਬਹੁਤ ਘੱਟ ਗਿਣਤੀ ਵਿੱਚ ਬਣਾਉਂਦੇ ਹਨ।

"ਪਹਿਲਾਂ ਅਸੀਂ ਮਰਦਾਨਾ ਜੁੱਤੀਆਂ ਬਣਾਉਂਦੇ ਸੀ। ਪਰ ਪਿਛਲੇ ਕਈ ਸਾਲਾਂ ਤੋਂ ਅਸੀਂ ਔਰਤਾਂ ਵਾਸਤੇ ਜੁੱਤੀਆਂ ਬਣਾ ਰਹੇ ਹਾਂ।"

ਸੰਨੀ ਕੁਮਾਰ ਕਹਿੰਦੇ ਹਨ, "ਮਰਦ ਸਿਰਫ਼ ਕੁੜਤੇ-ਪਜਾਮੇ ਨਾਲ ਜੁੱਤੀਆਂ ਪਹਿਨਦੇ ਹਨ ਜਦਕਿ ਔਰਤਾਂ ਹਰ ਸੂਟ ਨਾਲ ਜੁੱਤੀ ਪਹਿਨਦੀਆਂ ਹਨ। ਔਰਤਾਂ ਸੂਟ ਦੇ ਰੰਗਾਂ ਮੁਤਾਬਕ ਵੀ ਜੁੱਤੀ ਲੈਂਦੀਆਂ ਹਨ। ਇਸ ਵਾਸਤੇ ਮਰਦਾਨਾ ਜੁੱਤੀ ਦੀ ਮੰਗ ਘੱਟ ਹੈ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)