ਲਾੜੀ ਇੱਕ ਤੇ ਲਾੜੇ ਦੋ: ਹਿਮਾਚਲ ਪ੍ਰਦੇਸ਼ ਵਿੱਚ ਹੋਏ ਇਸ ਵਿਆਹ 'ਤੇ ਕੀ ਉੱਠ ਰਹੇ ਸਵਾਲ

ਪ੍ਰਦੀਪ ਨੇਗੀ (ਖੱਬੇ), ਕਪਿਲ ਨੇਗੀ (ਸੱਜੇ) ਅਤੇ ਸੁਨੀਤਾ ਚੌਹਾਨ

ਤਸਵੀਰ ਸਰੋਤ, ALOK CHAUHAN

ਤਸਵੀਰ ਕੈਪਸ਼ਨ, ਕੁੰਹਾਟ ਪਿੰਡ ਦੀ ਸੁਨੀਤਾ ਚੌਹਾਨ ਨੇ ਦੋ ਸਕੇ ਭਰਾਵਾਂ ਪ੍ਰਦੀਪ ਨੇਗੀ ਅਤੇ ਕਪਿਲ ਨੇਗੀ ਨਾਲ ਇੱਕੋ ਵਿਆਹ ਕੀਤਾ ਹੈ
    • ਲੇਖਕ, ਸੌਰਭ ਚੌਹਾਨ
    • ਰੋਲ, ਸਿਰਮੌਰ ਤੋਂ ਬੀਬੀਸੀ ਸਹਿਯੋਗੀ

ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਦੇ ਸ਼ਿਲਾਈ ਪਿੰਡ ਵਿੱਚ ਹਾਲ ਹੀ 'ਚ ਹੋਏ ਇੱਕ ਵਿਲੱਖਣ ਵਿਆਹ ਨੂੰ ਲੈ ਕੇ ਖਾਸੀ ਚਰਚਾ ਅਤੇ ਬਹਿਸ ਹੋ ਰਹੀ ਹੈ।

ਕੁੰਹਾਟ ਪਿੰਡ ਦੀ ਸੁਨੀਤਾ ਚੌਹਾਨ ਨੇ ਦੋ ਸਕੇ ਭਰਾਵਾਂ ਪ੍ਰਦੀਪ ਨੇਗੀ ਅਤੇ ਕਪਿਲ ਨੇਗੀ ਨਾਲ ਇੱਕੋ ਵਿਆਹ ਕੀਤਾ ਹੈ।

ਇਹ ਵਿਆਹ ਹਾਟੀ ਭਾਈਚਾਰੇ ਦੀ ਪੁਰਾਣੀ ਬਹੁ-ਪਤੀ ਪਰੰਪਰਾ ਦੇ ਤਹਿਤ ਹੋਇਆ ਹੈ, ਜੋ ਕਿ ਇੱਕ ਅਨੁਸੂਚਿਤ ਜਨਜਾਤੀ ਵਜੋਂ ਰਜਿਸਟਰਡ ਹੈ, ਜਿਸ ਨੂੰ ਸਥਾਨਕ ਭਾਸ਼ਾ ਵਿੱਚ 'ਜੋੜੀਦਾਰਾ' ਜਾਂ 'ਜਾਜੜਾ' ਕਿਹਾ ਜਾਂਦਾ ਹੈ।

ਸਿਰਮੌਰ ਦੇ ਟ੍ਰਾਂਸ ਗਿਰੀ ਖੇਤਰ ਵਿੱਚ ਹੋਏ ਇਸ ਵਿਆਹ ਵਿੱਚ ਸੈਂਕੜੇ ਪਿੰਡ ਵਾਸੀ ਅਤੇ ਰਿਸ਼ਤੇਦਾਰ ਸ਼ਾਮਲ ਹੋਏ। ਰਵਾਇਤੀ ਪਕਵਾਨ, ਲੋਕ ਗੀਤ ਅਤੇ ਨਾਚ ਨੇ ਇਸ ਸਮਾਗਮ ਨੂੰ ਹੋਰ ਯਾਦਗਾਰੀ ਬਣਾ ਦਿੱਤਾ।

ਜਿੱਥੇ ਇਹ ਵਿਆਹ ਇੱਕ ਸੱਭਿਆਚਾਰਕ ਪਰੰਪਰਾ ਦੀ ਇੱਕ ਉਦਾਹਰਣ ਹੈ, ਉੱਥੇ ਹੀ ਇਸ ਨੇ ਮੌਜੂਦਾ ਸਮੇਂ ਵਿੱਚ ਕਈ ਸਵਾਲ ਵੀ ਖੜ੍ਹੇ ਕੀਤੇ ਹਨ।

ਬੀਬੀਸੀ ਨੇ ਇਸ ਵਿਆਹ ਬਾਰੇ, ਲਾੜੀ ਅਤੇ ਲਾੜਿਆਂ ਦੇ ਰਿਸ਼ਤੇਦਾਰਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਉਨ੍ਹਾਂ ਨੇ ਕੋਈ ਟਿੱਪਣੀ ਨਹੀਂ ਕੀਤੀ।

ਜੋੜੀਦਾਰਾ ਪ੍ਰਥਾ: ਕਿੰਨੀ ਪੁਰਾਣੀ ਹੈ ਰਿਵਾਇਤ

ਪ੍ਰਦੀਪ ਨੇਗੀ (ਖੱਬੇ), ਕਪਿਲ ਨੇਗੀ (ਸੱਜੇ) ਅਤੇ ਸੁਨੀਤਾ ਚੌਹਾਨ

ਤਸਵੀਰ ਸਰੋਤ, ALOK CHAUHAN

ਤਸਵੀਰ ਕੈਪਸ਼ਨ, ਪ੍ਰਦੀਪ ਨੇਗੀ (ਖੱਬੇ), ਕਪਿਲ ਨੇਗੀ (ਸੱਜੇ) ਅਤੇ ਸੁਨੀਤਾ ਚੌਹਾਨ

ਲਾੜੀ ਦਾ ਪਰਿਵਾਰ ਸਿਰਮੌਰ ਜ਼ਿਲ੍ਹੇ ਦੇ ਕੁੰਹਾਟ ਪਿੰਡ ਦਾ ਰਹਿਣ ਵਾਲਾ ਹੈ, ਜੋ ਕਿ ਲਾੜੇ ਦੇ ਪਿੰਡ ਸ਼ਿਲਾਈ ਤੋਂ ਲਗਭਗ 15 ਕਿਲੋਮੀਟਰ ਦੂਰ ਸਥਿਤ ਹੈ। ਇਹ ਇਲਾਕਾ ਸੂਬੇ ਦੀ ਰਾਜਧਾਨੀ ਸ਼ਿਮਲਾ ਤੋਂ ਲਗਭਗ 130 ਕਿਲੋਮੀਟਰ ਦੂਰ ਹੈ।

ਦੋਵੇਂ ਪਰਿਵਾਰ ਹਾਟੀ ਭਾਈਚਾਰੇ ਨਾਲ ਸਬੰਧਤ ਹਨ। ਇਹ ਭਾਈਚਾਰਾ ਮੂਲ ਰੂਪ ਵਿੱਚ ਸਿਰਮੌਰ ਜ਼ਿਲ੍ਹੇ ਦੇ ਟ੍ਰਾਂਸ ਗਿਰੀ ਖੇਤਰ ਦੇ ਨਾਲ-ਨਾਲ ਉੱਤਰਾਖੰਡ ਦੇ ਜੌਨਸਰ-ਬਾਵਰ ਅਤੇ ਰਵਾਈ-ਜੌਨਪੁਰ ਖੇਤਰਾਂ ਵਿੱਚ ਰਹਿੰਦਾ ਹੈ।

ਇਸ ਭਾਈਚਾਰੇ ਵਿੱਚ ਬਹੁ-ਪਤੀ ਦੀ ਪ੍ਰਥਾ ਲੰਬੇ ਸਮੇਂ ਤੋਂ ਪ੍ਰਚਲਿਤ ਹੈ। ਇਸ ਪ੍ਰਥਾ ਬਾਰੇ ਜਾਣਨ ਵਾਲੇ ਲੋਕਾਂ ਦਾ ਮੰਨਣਾ ਹੈ ਕਿ ਇਸਦਾ ਉਦੇਸ਼ ਪਰਿਵਾਰ ਵਿੱਚ ਆਪਸੀ ਏਕਤਾ ਬਣਾਈ ਰੱਖਣ ਅਤੇ ਜੱਦੀ ਜਾਇਦਾਦ ਦੀ ਵੰਡ ਨੂੰ ਰੋਕਣਾ ਹੈ।

ਇਸ ਪ੍ਰਥਾ ਵਿੱਚ, ਇੱਕ ਮਹਿਲਾ ਦੋ ਜਾਂ ਦੋ ਤੋਂ ਵੱਧ ਭਰਾਵਾਂ ਨਾਲ ਵਿਆਹ ਕਰਦੀ ਹੈ ਅਤੇ ਘਰੇਲੂ ਜ਼ਿੰਮੇਵਾਰੀਆਂ ਆਪਸੀ ਸਹਿਮਤੀ ਨਾਲ ਨਿਭਾਈਆਂ ਜਾਂਦੀਆਂ ਹਨ। ਸਿਰਮੌਰ ਤੋਂ ਇਲਾਵਾ, ਇਹ ਰਿਵਾਇਤ ਸ਼ਿਮਲਾ, ਕਿੰਨੌਰ ਅਤੇ ਲਾਹੌਲ ਸਪਿਤੀ ਦੇ ਕੁਝ ਹਿੱਸਿਆਂ ਵਿੱਚ ਵੀ ਦੇਖੀ ਜਾਂਦੀ ਹੈ।

ਸਥਾਨਕ ਨਿਵਾਸੀ ਕਪਿਲ ਚੌਹਾਨ ਕਹਿੰਦੇ ਹਨ, "ਜੋੜੀਦਾਰਾ ਪ੍ਰਥਾ ਸਾਡੀ ਪਛਾਣ ਹੈ। ਇਹ ਜਾਇਦਾਦ ਦੀ ਵੰਡ ਨੂੰ ਰੋਕਣ, ਦਾਜ ਪ੍ਰਥਾ ਤੋਂ ਬਚਣ, ਭਰਾਵਾਂ ਵਿੱਚ ਏਕਤਾ ਬਣਾਈ ਰੱਖਣ ਅਤੇ ਬੱਚਿਆਂ ਦੀ ਪਰਵਰਿਸ਼ ਕਰਨ ਵਿੱਚ ਮਦਦ ਕਰਦੀ ਹੈ।"

ਉਨ੍ਹਾਂ ਅਨੁਸਾਰ, ਸ਼ਿਲਾਈ ਖੇਤਰ ਦੇ ਲਗਭਗ ਹਰ ਪਿੰਡ ਵਿੱਚ ਚਾਰ ਤੋਂ ਛੇ ਪਰਿਵਾਰ ਇਸ ਪ੍ਰਥਾ ਦੀ ਪਾਲਣਾ ਕਰਦੇ ਹਨ।

ਜਦੋਂ ਕਪਿਲ ਚੌਹਾਨ ਨੂੰ ਹਾਲ ਹੀ ਵਿੱਚ ਹੋਏ ਵਿਆਹ ਬਾਰੇ ਚੱਲ ਰਹੀਆਂ ਚਰਚਾਵਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, "ਮੈਂ ਇਸ ਬਾਰੇ ਲੰਬੇ ਸਮੇਂ ਤੋਂ ਜਾਣੂ ਸੀ। ਇਹ ਅਚਾਨਕ ਨਹੀਂ ਹੋਇਆ। ਇਹ ਇੱਕ ਰਵਾਇਤ ਹੈ। ਇਹ ਸਾਡੇ ਲਈ ਮਾਣ ਦੀ ਗੱਲ ਹੈ ਅਤੇ ਜਿੰਨਾ ਚਿਰ ਲਾੜੀ, ਲਾੜਾ ਅਤੇ ਉਨ੍ਹਾਂ ਦੇ ਪਰਿਵਾਰ ਇਸ ਨਾਲ ਸਹਿਜ ਹਨ, ਦੂਜਿਆਂ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।"

ਉਨ੍ਹਾਂ ਅੱਗੇ ਕਿਹਾ, "ਇਸ ਨੂੰ ਸਵੀਕਾਰ ਕਰਨਾ ਚਾਹੀਦਾ ਹੈ, ਲੋਕ ਲਿਵ-ਇਨ ਰਿਲੇਸ਼ਨਸ਼ਿਪ ਨਾਲ ਵੀ ਤਾਂ ਸਹਿਜ ਹਨ।"

ਵਿਆਹ ਦੀ ਕਹਾਣੀ: ਸਹਿਮਤੀ ਅਤੇ ਸੱਭਿਆਚਾਰਕ ਮਾਣ

ਵਿਆਹ

ਤਸਵੀਰ ਸਰੋਤ, ALOK CHAUHAN

ਤਸਵੀਰ ਕੈਪਸ਼ਨ, ਇਹ ਵਿਆਹ ਹਾਟੀ ਭਾਈਚਾਰੇ ਦੀ ਪੁਰਾਣੀ ਬਹੁ-ਪਤੀ ਪਰੰਪਰਾ ਦੇ ਤਹਿਤ ਹੋਇਆ ਹੈ

12 ਜੁਲਾਈ ਨੂੰ ਸ਼ੁਰੂ ਹੋਏ ਇਸ ਵਿਆਹ ਸਮਾਰੋਹ ਦਾ ਇੱਕ ਪਹਿਲੂ ਇਹ ਵੀ ਹੈ ਕਿ ਲਾੜੀ ਅਤੇ ਉਨ੍ਹਾਂ ਦੇ ਦੋਵੇਂ ਪਤੀ ਪੜ੍ਹੇ-ਲਿਖੇ ਹਨ। ਲਾੜੀ ਸੁਨੀਤਾ ਚੌਹਾਨ ਨੇ ਆਈਟੀਆਈ ਤੋਂ ਪੜ੍ਹਾਈ ਕੀਤੀ ਹੈ। ਪ੍ਰਦੀਪ ਨੇਗੀ ਸੂਬਾ ਸਰਕਾਰ ਦੇ ਜਲ ਸ਼ਕਤੀ ਵਿਭਾਗ ਵਿੱਚ ਕੰਮ ਕਰਦੇ ਹਨ ਅਤੇ ਕਪਿਲ ਨੇਗੀ ਵਿਦੇਸ਼ ਵਿੱਚ ਹੌਸਪੀਟੈਲਿਟੀ ਖੇਤਰ ਵਿੱਚ ਕੰਮ ਕਰਦੇ ਹਨ।

ਸੁਨੀਤਾ ਚੌਹਾਨ ਨੇ ਵਿਆਹ ਬਾਰੇ ਬੀਬੀਸੀ ਹਿੰਦੀ ਨੂੰ ਦੱਸਿਆ, "ਇਹ ਮੇਰਾ ਆਪਣਾ ਫੈਸਲਾ ਸੀ। ਮੈਨੂੰ ਇਹ ਰਿਵਾਇਤ ਪਤਾ ਸੀ। ਮੈਂ ਇਸ ਨੂੰ ਅਪਣਾਇਆ।"

ਪ੍ਰਦੀਪ ਨੇਗੀ ਕਹਿੰਦੇ ਹਨ, "ਸਾਡੀ ਸੰਸਕ੍ਰਿਤੀ ਵਿੱਚ ਇਹ ਵਿਸ਼ਵਾਸ, ਦੇਖਭਾਲ ਅਤੇ ਸਾਂਝੀ ਜ਼ਿੰਮੇਵਾਰੀ ਦਾ ਰਿਸ਼ਤਾ ਹੈ।"

ਕਪਿਲ ਨੇਗੀ ਨੇ ਕਿਹਾ, "ਵਿਦੇਸ਼ ਵਿੱਚ ਰਹਿਣ ਦੇ ਬਾਵਜੂਦ ਮੈਂ ਇਸ ਰਿਸ਼ਤੇ ਪ੍ਰਤੀ ਵਚਨਬੱਧ ਹਾਂ ਅਤੇ ਆਪਣੀ ਪਤਨੀ ਨੂੰ ਸਥਿਰਤਾ ਅਤੇ ਪਿਆਰ ਦੇਣਾ ਚਾਹੁੰਦਾ ਹਾਂ।"

ਇਹ ਵਿਆਹ ਰਵਾਇਤੀ ਰਮਲਸਾਰ ਪੂਜਾ ਵਿਧੀ ਦੇ ਤਹਿਤ ਹੋਇਆ। ਇਸ ਵਿਧੀ ਵਿੱਚ ਫੇਰਿਆਂ ਦੀ ਬਜਾਏ 'ਸਿੰਜ' ਲਗਾਈ ਜਾਂਦੀ ਹੈ। ਸਿੰਜ ਵਿੱਚ ਅੱਗ ਦੇ ਦੁਆਲੇ ਫੇਰੇ ਨਹੀਂ ਲਏ ਜਾਂਦੇ, ਸਗੋਂ ਇਸਦੇ ਸਾਹਮਣੇ ਖੜ੍ਹੇ ਹੋ ਕੇ ਕਸਮਾਂ ਚੁੱਕੀਆਂ ਜਾਂਦੀਆਂ ਹਨ।

ਜੋੜੀਦਾਰਾ ਪ੍ਰਥਾ ਵਿੱਚ ਬਾਰਾਤ ਲਾੜੀ ਵਾਲੇ ਪਾਸਿਓਂ ਲਾੜੇ ਦੇ ਘਰ ਜਾਂਦੀ ਹੈ। ਇਸੇ ਕਾਰਨ ਇਸ ਪ੍ਰਥਾ ਨੂੰ ਹੋਰ ਭਾਰਤੀ ਵਿਆਹ ਦੀਆਂ ਰਿਵਾਇਤਾਂ ਤੋਂ ਵੱਖਰੀ ਮੰਨੀ ਜਾਂਦੀ ਹੈ।

ਵਜੀਬ-ਉਲ-ਅਰਜ਼ ਅਤੇ ਕਾਨੂੰਨੀ ਮਾਨਤਾ

ਵਿਆਹ

ਤਸਵੀਰ ਸਰੋਤ, ALOK CHAUHAN

ਤਸਵੀਰ ਕੈਪਸ਼ਨ, ਲਾੜੀ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਆਪਣਾ ਫੈਸਲਾ ਸੀ

ਹਿਮਾਚਲ ਪ੍ਰਦੇਸ਼ ਵਿੱਚ ਜੋੜੀਦਾਰਾ ਪ੍ਰਥਾ 'ਵਜੀਬ-ਉਲ-ਅਰਜ਼' ਨਾਮ ਦੇ ਬਸਤੀਵਾਦੀ ਯੁੱਗ ਦੇ ਮਾਲੀਆ (ਰੈਵੇਨਿਊ) ਦਸਤਾਵੇਜ਼ ਵਿੱਚ ਦਰਜ ਹੈ। ਇਹ ਦਸਤਾਵੇਜ਼ ਪਿੰਡਾਂ ਦੀਆਂ ਸਮਾਜਿਕ ਅਤੇ ਆਰਥਿਕ ਪ੍ਰਥਾਵਾਂ ਨੂੰ ਦਰਜ ਕਰਦਾ ਹੈ ਅਤੇ ਜੋੜੀਦਾਰਾ ਨੂੰ ਹਾਟੀ ਭਾਈਚਾਰੇ ਦੀ ਇੱਕ ਰਿਵਾਇਤ ਵਜੋਂ ਮਾਨਤਾ ਦਿੰਦਾ ਹੈ।

ਇਸ ਪ੍ਰਥਾ ਦਾ ਉਦੇਸ਼ ਖੇਤੀਬਾੜੀ ਵਾਲੀ ਜ਼ਮੀਨ ਦੀ ਵੰਡ ਨੂੰ ਰੋਕਣਾ ਅਤੇ ਪਰਿਵਾਰ ਨੂੰ ਇੱਕਜੁੱਟ ਰੱਖਣਾ ਦੱਸਿਆ ਗਿਆ ਹੈ।

ਹਿੰਦੂ ਵਿਆਹ ਐਕਟ ਸਿਰਫ਼ ਇੱਕ-ਪਤਨੀ ਵਾਲੇ ਵਿਆਹਾਂ ਨੂੰ ਹੀ ਜਾਇਜ਼ ਮੰਨਦਾ ਹੈ, ਜਿਸ ਕਾਰਨ ਅਜਿਹੇ ਵਿਆਹਾਂ ਦੀ ਕਾਨੂੰਨੀ ਸਥਿਤੀ ਬਾਰੇ ਸਵਾਲ ਉੱਠਦੇ ਹਨ।

ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਵਕੀਲ ਸੁਸ਼ੀਲ ਗੌਤਮ ਕਹਿੰਦੇ ਹਨ, "ਕਿਉਂਕਿ ਦੋਵੇਂ ਵਿਆਹ ਇੱਕੋ ਸਮੇਂ ਕੀਤੇ ਜਾਂਦੇ ਹਨ, ਇਸ ਲਈ ਹਿੰਦੂ ਵਿਆਹ ਐਕਟ 1955 ਦੀ ਧਾਰਾ 5 ਅਤੇ ਭਾਰਤੀ ਨਿਆਂ ਸੰਹਿਤਾ ਬੀਐਨਐਸ ਦੀ ਧਾਰਾ 32 ਲਾਗੂ ਨਹੀਂ ਹੁੰਦੀ।"

ਇਹ ਵੀ ਪੜ੍ਹੋ-

ਇਤਿਹਾਸਕ ਅਤੇ ਸੱਭਿਆਚਾਰਕ ਜੜ੍ਹਾਂ

ਜੋੜੀਦਾਰਾ ਪ੍ਰਥਾ ਦੀਆਂ ਜੜ੍ਹਾਂ ਟ੍ਰਾਂਸ ਗਿਰੀ ਖੇਤਰ ਵਿੱਚ ਡੂੰਘੀਆਂ ਮੰਨੀਆਂ ਜਾਂਦੀਆਂ ਹਨ। ਇਸ ਨੂੰ ਮਹਾਭਾਰਤ ਦੀ ਦ੍ਰੋਪਦੀ ਦੀ ਕਹਾਣੀ ਨਾਲ ਜੋੜਿਆ ਜਾਂਦਾ ਹੈ, ਇਸੇ ਕਰਕੇ ਬਹੁਤ ਸਾਰੇ ਲੋਕ ਇਸ ਨੂੰ 'ਦ੍ਰੋਪਦੀ ਪ੍ਰਥਾ' ਵੀ ਕਹਿੰਦੇ ਹਨ।

ਹਿਮਾਚਲ ਪ੍ਰਦੇਸ਼ ਦੇ ਪਹਿਲੇ ਮੁੱਖ ਮੰਤਰੀ ਡਾਕਟਰ ਵਾਈਐਸ ਪਰਮਾਰ ਨੇ ਆਪਣੀ ਕਿਤਾਬ 'ਪੌਲੀਯੰਡ੍ਰੀ ਇਨ ਦਿ ਹਿਮਾਲਿਆਜ਼' ਵਿੱਚ ਇਸ ਰਿਵਾਇਤ ਦੇ ਸਮਾਜਿਕ ਅਤੇ ਆਰਥਿਕ ਕਾਰਨਾਂ ਦਾ ਵਿਸਥਾਰ ਵਿੱਚ ਜ਼ਿਕਰ ਕੀਤਾ ਹੈ।

ਉਨ੍ਹਾਂ ਦੇ ਅਨੁਸਾਰ, ''ਇਹ ਰਿਵਾਇਤ ਪਹਾੜੀ ਖੇਤਰਾਂ ਦੀਆਂ ਮੁਸ਼ਕਲ ਸਥਿਤੀਆਂ ਵਿੱਚ ਵਿਕਸਤ ਹੋਈ, ਜਿੱਥੇ ਸੀਮਤ ਖੇਤੀਬਾੜੀ ਜ਼ਮੀਨ ਨੂੰ ਇਕੱਠੇ ਰੱਖਣਾ ਜ਼ਰੂਰੀ ਸੀ।''

ਹਾਟੀ ਭਾਈਚਾਰੇ ਨਾਲ ਜੁੜੇ ਵਿਦਵਾਨ ਅਤੇ ਸਮਾਜ ਸੇਵਕ ਅਮੀਚੰਦ ਹਾਟੀ ਕਹਿੰਦੇ ਹਨ, "ਇਸ ਰਿਵਾਇਤ ਨੂੰ ਸਮਾਜਿਕ ਸਵੀਕ੍ਰਿਤੀ ਹੈ ਅਤੇ ਇਸ ਭਾਈਚਾਰੇ ਦੀ ਏਕਤਾ ਅਤੇ ਰਿਵਾਇਤਾਂ ਨੂੰ ਦਰਸਾਉਂਦੀ ਹੈ। ਇਸ ਨੂੰ ਭਾਈਚਾਰਕ ਕਦਰਾਂ-ਕੀਮਤਾਂ ਦੀ ਸੰਭਾਲ ਵਜੋਂ ਦੇਖਿਆ ਜਾਣਾ ਚਾਹੀਦਾ ਹੈ।"

ਕੇਂਦਰੀ ਹਾਟੀ ਕਮੇਟੀ ਦੇ ਜਨਰਲ ਸਕੱਤਰ ਕੁੰਦਨ ਸਿੰਘ ਸ਼ਾਸਤਰੀ ਕਹਿੰਦੇ ਹਨ ਕਿ ਇਹ ਪਰੰਪਰਾ ਬਹੁਤ ਪੁਰਾਣੀ ਹੈ ਅਤੇ ਇਸਦਾ ਉਦੇਸ਼ ਪਰਿਵਾਰ ਦੀ ਏਕਤਾ ਨੂੰ ਬਣਾਈ ਰੱਖਣਾ ਹੈ।

ਸ਼ੁਰੂ ਹੋਈ ਸਮਾਜਿਕ ਬਹਿਸ ਅਤੇ ਆਲੋਚਨਾ

ਵਿਆਹ

ਤਸਵੀਰ ਸਰੋਤ, Mahesh Hariani/Getty Images

ਤਸਵੀਰ ਕੈਪਸ਼ਨ, ਜੋੜੀਦਾਰਾ ਪ੍ਰਥਾ ਦੀਆਂ ਜੜ੍ਹਾਂ ਟ੍ਰਾਂਸ ਗਿਰੀ ਖੇਤਰ ਵਿੱਚ ਡੂੰਘੀਆਂ ਮੰਨੀਆਂ ਜਾਂਦੀਆਂ ਹਨ (ਸੰਕੇਤਕ ਤਸਵੀਰ)

ਇਸ ਵਿਆਹ ਤੋਂ ਬਾਅਦ, ਸਮਾਜਿਕ ਅਤੇ ਨੈਤਿਕ ਬਹਿਸ ਵੀ ਸ਼ੁਰੂ ਹੋ ਗਈ ਹੈ। ਕੁਝ ਲੋਕ ਇਸ ਨੂੰ ਸਹਿਮਤੀ ਅਤੇ ਨਿੱਜੀ ਪਸੰਦ ਦਾ ਮਾਮਲਾ ਮੰਨਦੇ ਹਨ, ਜਦਕਿ ਕਈ ਸੰਗਠਨ ਇਸ ਨੂੰ ਮਹਿਲਾਵਾਂ ਦੇ ਅਧਿਕਾਰਾਂ ਦੇ ਵਿਰੁੱਧ ਕਹਿੰਦੇ ਹਨ।

ਆਲ ਇੰਡੀਆ ਡੈਮੋਕ੍ਰੇਟਿਕ ਵੂਮੈਨ ਐਸੋਸੀਏਸ਼ਨ ਦੀ ਜਨਰਲ ਸਕੱਤਰ ਮਰੀਅਮ ਧਾਵਲੇ ਨੇ ਕਿਹਾ, "ਇਹ ਪ੍ਰਥਾ ਮਹਿਲਾਵਾਂ ਦੇ ਸ਼ੋਸ਼ਣ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਉਨ੍ਹਾਂ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਕਰਦੀ ਹੈ।"

ਹਿਮਾਚਲ ਪ੍ਰਦੇਸ਼ ਵਿੱਚ ਸੀਪੀਆਈਐਮ ਦੇ ਸਾਬਕਾ ਸੂਬਾ ਸਕੱਤਰ ਡਾਕਟਰ ਓਮਕਾਰ ਸ਼ਾਦ ਨੇ ਵੀ ਇਸ ਨੂੰ ਸੰਵਿਧਾਨ ਅਤੇ ਕਾਨੂੰਨ ਦੇ ਵਿਰੁੱਧ ਕਰਾਰ ਦਿੱਤਾ।

ਦੂਜੇ ਪਾਸੇ, ਹਿਮਾਚਲ ਪ੍ਰਦੇਸ਼ ਸਰਕਾਰ ਦੇ ਉਦਯੋਗ ਮੰਤਰੀ ਅਤੇ ਸ਼ਿਲਾਈ ਦੇ ਵਿਧਾਇਕ ਹਰਸ਼ਵਰਧਨ ਚੌਹਾਨ ਕਹਿੰਦੇ ਹਨ, "ਇਹ ਸ਼ਿਲਾਈ ਦੀ ਇੱਕ ਪੁਰਾਣੀ ਰਿਵਾਇਤ ਹੈ। ਪ੍ਰਦੀਪ ਅਤੇ ਕਪਿਲ ਨੇ ਇਸ ਪ੍ਰਥਾ ਨੂੰ ਜ਼ਿੰਦਾ ਰੱਖ ਕੇ ਆਪਣੀ ਸੱਭਿਆਚਾਰਕ ਵਿਰਾਸਤ ਦਾ ਸਤਿਕਾਰ ਕੀਤਾ ਹੈ।"

ਹਾਟੀ ਭਾਈਚਾਰੇ ਦੇ ਵਿਆਹ ਸਬੰਧੀ ਹੋਰ ਰੀਤੀ-ਰਿਵਾਜ਼

ਪ੍ਰਦੀਪ ਨੇਗੀ (ਖੱਬੇ), ਕਪਿਲ ਨੇਗੀ (ਸੱਜੇ) ਅਤੇ ਸੁਨੀਤਾ ਚੌਹਾਨ

ਜੋੜੀਦਾਰਾ ਤੋਂ ਇਲਾਵਾ, ਹਾਟੀ ਭਾਈਚਾਰੇ ਵਿੱਚ ਵਿਆਹ ਸਬੰਧੀ ਚਾਰ ਹੋਰ ਰੀਤੀ-ਰਿਵਾਜ ਵੀ ਪ੍ਰਚਲਿਤ ਹਨ, ਜੋ ਕਿ ਰਿਵਾਇਤੀ ਹਨ।

ਬਾਲ ਵਿਆਹ - ਇਸ ਰਿਵਾਇਤ ਵਿੱਚ ਗਰਭ ਅਵਸਥਾ ਦੌਰਾਨ ਹੀ ਬੱਚੇ ਦਾ ਵਿਆਹ ਤੈਅ ਕਰ ਦਿੱਤਾ ਜਾਂਦਾ ਹੈ। ਹਾਲਾਂਕਿ, ਵਿਆਹ ਬੱਚੇ ਦੇ ਵੱਡੇ ਹੋਣ 'ਤੇ ਉਸਦੀ ਸਹਿਮਤੀ ਤੋਂ ਬਾਅਦ ਹੀ ਕੀਤਾ ਜਾਂਦਾ ਹੈ।

ਜਜਰਾ - ਇਸ ਵਿਆਹ ਵਿੱਚ ਲਾੜੇ ਦਾ ਪੱਖ ਵਿਆਹ ਦਾ ਪ੍ਰਸਤਾਵ ਰੱਖਦਾ ਹੈ ਅਤੇ ਸਹਿਮਤੀ ਮਿਲਣ ਤੋਂ ਬਾਅਦ ਰਸਮਾਂ ਪੂਰੀਆਂ ਕੀਤੀਆਂ ਜਾਂਦੀਆਂ ਹਨ। ਇਸ ਰਿਵਾਇਤ ਵਿੱਚ ਵੀ 'ਸਿੰਜ' ਲਗਾ ਕੇ ਵਿਆਹ ਕੀਤਾ ਜਾਂਦਾ ਹੈ।

ਖਿਤਾਇਓ - ਇਹ ਵਿਆਹ ਉਦੋਂ ਹੁੰਦਾ ਹੈ ਜਦੋਂ ਇੱਕ ਵਿਆਹੁਤਾ ਮਹਿਲਾ ਆਪਣੇ ਸਹੁਰਿਆਂ ਨਾਲ ਆਪਣਾ ਰਿਸ਼ਤਾ ਖਤਮ ਕਰ ਦਿੰਦੀ ਹੈ ਅਤੇ ਦੂਜਾ ਵਿਆਹ ਕਰਵਾਉਂਦੀ ਹੈ।

ਹਾਰ - ਇਹ ਵਿਆਹ ਉਦੋਂ ਮੰਨਿਆ ਜਾਂਦਾ ਹੈ ਜਦੋਂ ਇੱਕ ਮਹਿਲਾ ਪਰਿਵਾਰ ਦੀ ਇੱਛਾ ਦੇ ਵਿਰੁੱਧ ਕਿਸੇ ਵਿਅਕਤੀ ਨਾਲ ਵਿਆਹ ਕਰਦੀ ਹੈ।

ਸਮੇਂ ਨਾਲ ਬਦਲਦੀ ਰਿਵਾਇਤ

ਵਿਆਹ

ਤਸਵੀਰ ਸਰੋਤ, Getty Images/AFP

ਤਸਵੀਰ ਕੈਪਸ਼ਨ, ਜੋੜੀਦਾਰਾ ਤੋਂ ਇਲਾਵਾ, ਹਾਟੀ ਭਾਈਚਾਰੇ ਵਿੱਚ ਵਿਆਹ ਸਬੰਧੀ ਚਾਰ ਹੋਰ ਰੀਤੀ-ਰਿਵਾਜ ਵੀ ਪ੍ਰਚਲਿਤ ਹਨ, ਜੋ ਕਿ ਰਿਵਾਇਤੀ ਹਨ (ਸੰਕੇਤਕ ਤਸਵੀਰ)

ਮਾਹਿਰਾਂ ਦਾ ਕਹਿਣਾ ਹੈ ਕਿ ਜੋੜੀਦਾਰਾ ਪਰੰਪਰਾ ਹੁਣ ਪਹਿਲਾਂ ਨਾਲੋਂ ਬਹੁਤ ਘੱਟ ਹੋ ਗਈ ਹੈ।

ਸਮਾਜਿਕ ਕਾਰਕੁਨ ਰਮੇਸ਼ ਸਿੰਗਟਾ ਕਹਿੰਦੇ ਹਨ, "ਇਹ ਪ੍ਰਥਾ ਹੁਣ ਸਿਰਫ਼ ਕੁਝ ਕੁ ਪਿੰਡਾਂ ਵਿੱਚ ਹੀ ਦੇਖੀ ਜਾਂਦੀ ਹੈ ਅਤੇ ਜ਼ਿਆਦਾਤਰ ਵਿਆਹ ਬਿਨ੍ਹਾਂ ਕਿਸੇ ਰੌਲੇ-ਰੱਪੇ ਦੇ ਹੁੰਦੇ ਹਨ।"

ਹਾਲਾਂਕਿ, ਸੋਸ਼ਲ ਮੀਡੀਆ ਅਤੇ ਹਾਟੀ ਭਾਈਚਾਰੇ ਨੂੰ ਦਿੱਤੇ ਗਏ ਅਨੁਸੂਚਿਤ ਜਨਜਾਤੀ ਦੇ ਦਰਜੇ ਕਾਰਨ ਇਸ ਹਾਲੀਆ ਵਿਆਹ ਨੇ ਬਹੁਤ ਧਿਆਨ ਖਿੱਚਿਆ ਹੈ।

ਹਾਟੀ ਭਾਈਚਾਰੇ ਦੀ ਕੁੱਲ ਆਬਾਦੀ ਬਾਰੇ ਕੋਈ ਅਧਿਕਾਰਤ ਅੰਕੜਾ ਨਹੀਂ ਹੈ। ਪਰ ਜਦੋਂ ਕੇਂਦਰ ਸਰਕਾਰ ਦੇ ਸਾਹਮਣੇ ਭਾਈਚਾਰੇ ਨੂੰ ਅਨੁਸੂਚਿਤ ਜਨਜਾਤੀ ਵਿੱਚ ਸ਼ਾਮਲ ਕਰਨ ਦੀ ਮੰਗ ਰੱਖੀ ਗਈ, ਤਾਂ ਅਨੁਮਾਨਿਤ ਆਬਾਦੀ 2.5 ਤੋਂ 3 ਲੱਖ ਦੇ ਵਿਚਕਾਰ ਦੱਸੀ ਗਈ ਸੀ। ਇਸ ਵਿੱਚ ਸਿਰਮੌਰ ਦੇ ਟ੍ਰਾਂਸ ਗਿਰੀ ਖੇਤਰ ਦੇ ਲਗਭਗ 1.5 ਤੋਂ 2 ਲੱਖ ਲੋਕ ਸ਼ਾਮਲ ਹਨ।

ਹਾਟੀ ਭਾਈਚਾਰਾ

ਸਿਰਮੌਰ ਦਾ ਇਲਾਕਾ

ਤਸਵੀਰ ਸਰੋਤ, ALOK CHAUHAN

ਤਸਵੀਰ ਕੈਪਸ਼ਨ, ਮਾਹਿਰਾਂ ਦਾ ਕਹਿਣਾ ਹੈ ਕਿ ਜੋੜੀਦਾਰਾ ਪਰੰਪਰਾ ਹੁਣ ਪਹਿਲਾਂ ਨਾਲੋਂ ਬਹੁਤ ਘੱਟ ਹੋ ਗਈ ਹੈ

ਸਿਰਮੌਰ ਜ਼ਿਲ੍ਹੇ ਦੀਆਂ 150 ਤੋਂ ਵੱਧ ਗ੍ਰਾਮ ਪੰਚਾਇਤਾਂ ਗਿਰੀਪਾਰ ਖੇਤਰ ਵਿੱਚ ਆਉਂਦੀਆਂ ਹਨ। ਭਾਈਚਾਰੇ ਦੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਸ ਖੇਤਰ ਵਿੱਚ ਕਦੇ ਵੀ ਕੋਈ ਸਥਾਈ ਬਾਜ਼ਾਰ ਨਹੀਂ ਸੀ। ਕਾਰੋਬਾਰ ਲਈ ਲੋਕ ਨੇੜਲੇ ਇਲਾਕਿਆਂ ਤੋਂ ਆ ਕੇ ਅਸਥਾਈ ਹਾਟ ਲਗਾਉਂਦੇ ਸਨ। ਇਸੇ ਕਾਰਨ, ਸਮੇਂ ਦੇ ਨਾਲ-ਨਾਲ ਇਸ ਭਾਈਚਾਰੇ ਨੂੰ ਹਾਟੀ ਕਿਹਾ ਜਾਣ ਲੱਗਾ।

ਸਮਾਜਿਕ ਕਾਰਕੁਨ ਰਮੇਸ਼ ਸਿੰਗਟਾ ਦੇ ਅਨੁਸਾਰ, ਹਾਟੀ ਨਾਮ ਸਥਾਨਕ ਹਾਟ ਬਾਜ਼ਾਰਾਂ ਵਿੱਚ ਘਰੇਲੂ ਉਤਪਾਦ ਵੇਚਣ ਦੀ ਪੁਰਾਣੀ ਰਿਵਾਇਤ ਨਾਲ ਜੁੜਿਆ ਹੋਇਆ ਹੈ। ਉੱਤਰਾਖੰਡ ਵਿੱਚ ਹਾਟੀ ਭਾਈਚਾਰੇ ਨੂੰ ਜੌਨਸਾਰੀ ਭਾਈਚਾਰੇ ਦਾ ਇੱਕ ਹਿੱਸਾ ਮੰਨਿਆ ਜਾਂਦਾ ਹੈ ਅਤੇ ਉਨ੍ਹਾਂ ਦੀਆਂ ਰਿਵਾਇਤਾਂ ਵਿੱਚ ਬਹੁਤ ਸਾਰੀਆਂ ਸਮਾਨਤਾਵਾਂ ਹਨ।

ਕੇਂਦਰ ਸਰਕਾਰ ਨੇ ਹਿਮਾਚਲ ਪ੍ਰਦੇਸ਼ ਦੇ ਹਾਟੀ ਭਾਈਚਾਰੇ ਨੂੰ ਅਨੁਸੂਚਿਤ ਜਨਜਾਤੀ ਦਾ ਦਰਜਾ ਦਿੱਤਾ ਸੀ। ਹਾਲਾਂਕਿ, ਜਨਵਰੀ 2024 ਵਿੱਚ ਹਿਮਾਚਲ ਪ੍ਰਦੇਸ਼ ਹਾਈ ਕੋਰਟ ਨੇ 'ਗਿਰੀਪਾਰ ਅਨੁਸੂਚਿਤ ਜਾਤੀ ਸੁਰੱਖਿਆ ਸਮਿਤੀ' ਦੀ ਇੱਕ ਪਟੀਸ਼ਨ 'ਤੇ ਇਸ ਫੈਸਲੇ 'ਤੇ ਰੋਕ ਲਗਾ ਦਿੱਤੀ।

ਕਮੇਟੀ ਦਾ ਕਹਿਣਾ ਹੈ ਕਿ ਹਾਟੀ ਭਾਈਚਾਰੇ ਨੂੰ ਐਸਟੀ ਦਾ ਦਰਜਾ ਦੇਣ ਨਾਲ ਮੌਜੂਦਾ ਰਾਖਵਾਂਕਰਨ ਪ੍ਰਣਾਲੀ ਪ੍ਰਭਾਵਿਤ ਹੋ ਸਕਦੀ ਹੈ ਅਤੇ ਅਨੁਸੂਚਿਤ ਜਾਤੀਆਂ ਦੇ ਅਧਿਕਾਰ ਪ੍ਰਭਾਵਿਤ ਹੋ ਸਕਦੇ ਹਨ। ਹਾਲਾਂਕਿ ਇਸ ਭਾਈਚਾਰੇ ਨੂੰ ਅਨੁਸੂਚਿਤ ਜਨਜਾਤੀ ਦਾ ਦਰਜਾ ਪ੍ਰਾਪਤ ਹੈ, ਪਰ ਇਸ ਨੂੰ ਇਸਦੀਆਂ ਸਹੂਲਤਾਂ ਨਹੀਂ ਮਿਲ ਰਹੀਆਂ।

ਉੱਤਰਾਖੰਡ (ਉਸ ਸਮੇਂ ਉੱਤਰ ਪ੍ਰਦੇਸ਼) ਦੇ ਹਾਟੀ ਭਾਈਚਾਰੇ ਨੂੰ 1967 ਵਿੱਚ ਹੀ ਅਨੁਸੂਚਿਤ ਜਨਜਾਤੀ ਦਾ ਦਰਜਾ ਮਿਲ ਚੁੱਕਿਆ ਹੈ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)