ਲੁਧਿਆਣਾ: 16 ਸਾਲ ਪਹਿਲਾਂ ਧੀ ਦੇ ਰਿਸ਼ਤੇ ਦਾ ਵਾਅਦਾ ਕੀਤਾ ਪਰ 'ਵਿਆਹ ਨਾ ਕਰਨ' 'ਤੇ ਹੋਇਆ ਕਤਲ, ਕੀ ਹੈ ਮਾਮਲਾ?

ਤਸਵੀਰ ਸਰੋਤ, BBC/Gurdev Singh
- ਲੇਖਕ, ਹਰਮਨਦੀਪ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਲੁਧਿਆਣਾ ਦੇ 62 ਸਾਲਾ ਰਹਿਮਦੀਨ ਨੂੰ 16 ਸਾਲ ਪਹਿਲਾਂ ਆਪਣੀ ਧੀ ਦੇ ਵਿਆਹ ਦਾ ਵਾਅਦਾ ਕਰਨਾ ਇੰਨਾ ਭਾਰੀ ਪੈ ਗਿਆ ਕਿ ਉਨ੍ਹਾਂ ਦਾ 'ਕਤਲ' ਕਰ ਦਿੱਤਾ ਗਿਆ।
ਪੁਲਿਸ ਮੁਤਾਬਕ ਅੱਧਾ ਦਰਜਨ ਤੋਂ ਵੱਧ ਮੁਲਜ਼ਮਾਂ ਨੇ ਉਨ੍ਹਾਂ ਦੇ ਸਦਰਪੁਰਾ ਪਿੰਡ ਵਿੱਚ ਸਥਿਤ ਘਰ ਅੰਦਰ ਜ਼ਬਰਦਸਤੀ ਵੜ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਮਰ ਗਏ।
ਮੁਲਜ਼ਮ ਘਰ ਕਥਿਤ ਤੌਰ ਉੱਤੇ ਉਨ੍ਹਾਂ ਦੀ ਧੀ ਨੂੰ ਅਗਵਾ ਕਰਨ ਦੇ ਉਦੇਸ਼ ਨਾਲ ਦਾਖ਼ਲ ਹੋਏ ਸਨ। ਜਦੋਂ ਬਜ਼ੁਰਗ ਨੇ ਕਥਿਤ ਮੁਲਜ਼ਮਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਗਏ।
ਪੁਲਿਸ ਨੇ ਮੁਲਜ਼ਮਾਂ ਦੀ ਪਛਾਣ ਕਰ ਕੇ ਕੇਸ ਦਰਜ ਕਰ ਲਿਆ ਹੈ। ਇਹ ਕੇਸ ਮ੍ਰਿਤਕ ਰਹਿਮਦੀਨ ਦੇ ਪੁੱਤ ਸ਼ੌਕਤ ਅਲੀ ਦੇ ਬਿਆਨਾਂ ਉੱਤੇ ਦਰਜ ਕੀਤਾ ਗਿਆ ਹੈ।

ਕੀ ਵਾਅਦਾ ਕੀਤਾ ਸੀ?
ਮ੍ਰਿਤਕ ਦੇ 28 ਸਾਲਾ ਪੁੱਤਰ ਸ਼ੌਕਤ ਅਲੀ ਨੇ ਦੱਸਿਆ ਕਿ 16 ਸਾਲ ਪਹਿਲਾਂ ਉਨ੍ਹਾਂ ਦੇ ਪਿਤਾ ਨੇ ਆਪਣੇ ਦੋਸਤ ਸਾਹਦੀਨ ਦੇ ਭਤੀਜੇ ਬਾਘੀ ਨਾਲ ਆਪਣੀ ਧੀ ਦਾ ਵਿਆਹ ਕਰਨ ਦਾ ਵਾਅਦਾ ਕੀਤਾ ਸੀ। ਮਗਰੋਂ ਇਸ ਪਰਿਵਾਰ ਨਾਲ ਉਨ੍ਹਾਂ ਦਾ ਵਿਵਾਦ ਹੋ ਗਿਆ।
ਸ਼ੌਕਤ ਅਲੀ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਉਨ੍ਹਾਂ ਦੇ ਪਿਤਾ ਅਤੇ ਸਾਹਦੀਨ ਵਿੱਚ ਕੋਈ ਮਸਲਾ ਹੋ ਗਿਆ ਸੀ। ਇਸ ਮਗਰੋਂ ਦੂਜੀ ਧਿਰ ਨੇ ਉਨ੍ਹਾਂ ਦੇ ਪਿਤਾ ਖ਼ਿਲਾਫ਼ ਥਾਣਿਆਂ ਵਿੱਚ ਕਈ ਸ਼ਿਕਾਇਤਾਂ ਵੀ ਕੀਤੀਆਂ ਸਨ। ਇਸ ਤੋਂ ਇਲਾਵਾ ਪਿੰਡ ਦੀ ਪੰਚਾਇਤ ਵੀ ਇਕੱਠੀ ਹੋਈ ਸੀ।
ਸ਼ੌਕਲ ਅਲੀ ਦਾ ਕਹਿਣਾ ਹੈ, "ਵਿਵਾਦ ਮਗਰੋਂ ਮੇਰੇ ਪਿਤਾ ਨੇ ਫ਼ੈਸਲਾ ਕੀਤਾ ਕਿ ਉਹ ਇਸ ਪਰਿਵਾਰ ਵਿੱਚ ਮੇਰੀ ਭੈਣ ਦਾ ਵਿਆਹ ਨਹੀਂ ਕਰਨਗੇ। ਇਸ ਕਰਕੇ ਨੌਜਵਾਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਸਾਡੇ ਪਰਿਵਾਰ ਨਾਲ ਰੰਜਿਸ਼ ਰੱਖਦੇ ਸਨ। ਉਨ੍ਹਾਂ ਨੇ ਮੇਰੇ ਪਰਿਵਾਰ ਨੂੰ ਕਈ ਵਾਰੀ ਧਮਕੀ ਵੀ ਦਿੱਤੀ ਸੀ।"
ਸ਼ੌਕਤ ਅਲੀ ਨੇ ਇਲਜ਼ਾਮ ਲਗਾਏ ਕਿ ਇਸੇ ਰੰਜਿਸ਼ ਤਹਿਤ ਉਹਨਾਂ ਦੇ ਪਿਤਾ ਦਾ ਕਤਲ ਕਰ ਦਿੱਤਾ ਗਿਆ।
ਸ਼ੋਕਤ ਅਲੀ ਕਹਿੰਦੇ ਹਨ ਕਿ ਉਹਨਾਂ ਦੀ ਭੈਣ ਦੀ ਉਮਰ 20 ਸਾਲ ਦੀ ਹੈ ਅਤੇ ਕੁਝ ਮਹੀਨੇ ਪਹਿਲਾਂ ਉਸ ਦਾ ਵਿਆਹ ਕਰ ਦਿੱਤਾ ਗਿਆ ਸੀ।
ਸ਼ੌਕਤ ਅਲੀ ਦੱਸਦੇ ਹਨ, "ਮੇਰੀ ਭੈਣ ਦੇ ਵਿਆਹ ਮਗਰੋਂ ਉਨ੍ਹਾਂ ਦੀ ਨਫ਼ਰਤ ਵੱਧ ਗਈ।"
ਵਾਰਦਾਤ ਕਦੋਂ ਅਤੇ ਕਿਵੇਂ ਹੋਈ?
ਸ਼ੌਕਤ ਅਲੀ ਨੇ ਦੱਸਿਆ ਕਿ ਉਹ 8 ਭੈਣ ਦੇ ਭਰਾ ਹਨ। 31 ਜਨਵਰੀ ਨੂੰ ਉਨ੍ਹਾਂ ਦੀ ਮਾਂ, ਪਿਤਾ, ਭੈਣ ਅਤੇ ਛੋਟਾ ਭਰਾ ਇੱਕ ਕਮਰੇ ਵਿੱਚ ਸੁੱਤੇ ਹੋਏ ਸਨ ਜਦਕਿ ਉਹ ਅਤੇ ਬਾਕੀ ਪਰਿਵਾਰ ਦੇ ਮੈਂਬਰ ਨਾਲ ਵਾਲੇ ਕਮਰੇ ਵਿੱਚ ਸੁੱਤੇ ਪਏ ਸਨ।
ਉਨ੍ਹਾਂ ਇਲਜ਼ਾਮ ਲਗਾਇਆ, "31 ਜਨਵਰੀ ਦੀ ਰਾਤ ਨੂੰ ਸ਼ਾਹਦੀਨ, ਬਾਘੀ ਅਤੇ ਹੋਰਨਾਂ ਨੇ ਸਾਡੇ ਕਮਰੇ ਨੂੰ ਲੌਕ ਕਰ ਦਿੱਤਾ ਅਤੇ ਦੂਜੇ ਕਮਰੇ ਵਿੱਚ ਪਈ ਮੇਰੀ ਭੈਣ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ।"
"ਇਸ ਦੌਰਾਨ ਮੇਰੇ ਪਿਤਾ ਦੀ ਅੱਖ ਖੁੱਲ੍ਹ ਗਈ ਅਤੇ ਉਨ੍ਹਾਂ ਨੇ ਮੇਰੀ ਭੈਣ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਇਸ ਕਰ ਕੇ ਮੁਲਜ਼ਮਾਂ ਨੇ ਮੇਰੇ ਪਿਤਾ ਨੂੰ ਤੇਜ਼ਧਾਰ ਹਥਿਆਰਾਂ ਨਾਲ ਜ਼ਖ਼ਮੀ ਕਰ ਦਿੱਤਾ।"
"ਮੇਰਾ ਪਿਤਾ 31 ਜਨਵਰੀ ਦੀ ਰਾਤ ਤੋਂ ਨਜ਼ਦੀਕੀ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ ਅਤੇ ਐਤਵਾਰ ਨੂੰ ਉਨ੍ਹਾਂ ਦੀ ਮੌਤ ਹੋ ਗਈ।"

ਤਸਵੀਰ ਸਰੋਤ, Gurdev Singh
ਮੁਲਜ਼ਮ ਕੌਣ ਹਨ?
ਐੱਫਆਈਆਰ ਮੁਤਾਬਕ 5 ਕਥਿਤ ਮੁਲਜ਼ਮਾਂ ਦੀ ਪਛਾਣ ਹੋ ਗਈ ਹੈ ਅਤੇ ਉਨ੍ਹਾਂ ਉੱਤੇ ਕੇਸ ਦਰਜ ਕੀਤਾ ਗਿਆ ਹੈ ਜਦਕਿ ਬਾਕੀ ਮੁਲਜ਼ਮਾਂ ਦੀ ਅਜੇ ਪਛਾਣ ਨਹੀਂ ਹੋ ਸਕੀ।
ਪੁਲਿਸ ਮੁਤਾਬਕ ਜਿਨ੍ਹਾਂ ਮੁਲਜ਼ਮਾਂ ਦੀ ਪਛਾਣ ਹੋਈ ਹੈ ਉਨ੍ਹਾਂ ਦੇ ਨਾਮ ਸ਼ਾਹਦੀਨ ਉਰਫ਼ ਸਾਹੂਆ, ਉਸ ਦਾ ਪੁੱਤਰ ਸੁਰਮੂਦੀਨ, ਰਾਜਾ, ਉਸ ਦਾ ਭਤੀਜਾ ਮਾਮ ਹੁਸੈਨ ਅਤੇ ਬਾਘੀ ਹਨ। ਇਹ ਸਾਰੇ ਮਾਣਕਵਾਲ ਦੇ ਰਹਿਣ ਵਾਲੇ ਹਨ।
ਸ਼ੌਕਤ ਅਲੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੇ ਪਿਤਾ ਇਲਾਜ ਅਧੀਨ ਸੀ ਤਾਂ ਉਨ੍ਹਾਂ ਨੇ ਮੁਲਜ਼ਮਾਂ ਦੇ ਨਾਮ ਦੱਸੇ ਸਨ। ਇਸ ਤੋਂ ਇਲਾਵਾ ਜਿਸ ਕਮਰੇ ਵਿੱਚ ਮੁਲਜ਼ਮਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ, ਉਨ੍ਹਾਂ ਦੀ ਮਾਂ ਵੀ ਉਸ ਕਮਰੇ ਵਿੱਚ ਹੀ ਸੀ। ਉਨ੍ਹਾਂ ਦੀ ਮਾਂ ਨੇ ਵੀ ਕਈ ਮੁਲਜ਼ਮਾਂ ਨੂੰ ਪਛਾਣ ਲਿਆ ਸੀ।
ਪੁਲਿਸ ਨੇ ਕੀ ਕਾਰਵਾਈ ਕੀਤੀ
ਪੁਲਿਸ ਨੇ ਬੀਐੱਮਐਸ ਐਕਟ ਦੀ ਧਾਰਾ 103, 333, 191 (3) ਅਤੇ 190 ਤਹਿਤ ਥਾਣਾ ਸਿੱਧਵਾਂ ਬੇਟ ਵਿੱਚ ਕੇਸ ਦਰਜ ਕਰ ਲਿਆ ਹੈ।
ਥਾਣੇ ਦੇ ਮੁੱਖੀ ਇੰਸਪੈਕਟਰ ਹੀਰਾ ਸਿੰਘ ਨੇ ਦੱਸਿਆ ਕਿ ਹੁਣ ਤੱਕ ਦੀ ਕਾਰਵਾਈ ਤੋਂ ਇਹੀ ਸਾਹਮਣੇ ਆਇਆ ਹੈ ਕਿ ਕੁੜੀ ਦਾ ਵਿਆਹ ਨਾ ਕੀਤੇ ਜਾਣ ਕਰਕੇ ਇਹ ਘਟਨਾ ਵਾਪਰੀ।
"ਫਿਲਹਾਲ ਕਿਸੇ ਵੀ ਮੁਲਜ਼ਮਾ ਨੂੰ ਫੜ੍ਹਿਆ ਨਹੀਂ ਜਾ ਸਕਿਆ ਹੈ। ਮੁਲਜ਼ਮਾਂ ਦੀ ਭਾਲ ਜਾਰੀ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












