ਡਾਕਟਰ ਨੇ ਪਿਤਾ ਅਤੇ ਧੀ ਦੀਆਂ ਲਾਸ਼ਾਂ ਨੂੰ ਕਈ ਮਹੀਨੇ ਘਰ 'ਚ ਹੀ ਰੱਖਿਆ, ਮਾਮਲਾ ਕਿਵੇਂ ਸਾਹਮਣੇ ਆਇਆ

ਤਸਵੀਰ ਸਰੋਤ, Handout
- ਲੇਖਕ, ਵਿਜਯਾ ਅਰੁਮੁਗਮ
- ਰੋਲ, ਬੀਬੀਸੀ ਪੱਤਰਕਾਰ
ਭਾਰਤ ਦੇ ਤਾਮਿਲ ਨਾਡੂ ਦੇ ਜਿਲ੍ਹੇ ਤਿਰੂਵੱਲੂਰ ਵਿੱਚ ਪੁਲਿਸ ਵੱਲੋਂ ਇੱਕ ਵਿਅਕਤੀ ਅਤੇ ਉਨ੍ਹਾਂ ਦੀ ਧੀ ਦੀ ਮੌਤ ਦੇ ਸਬੰਧ ਵਿੱਚ ਪੇਸ਼ੇ ਵਜੋਂ ਡਾਕਟਰ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲਿਸ ਮੁਤਾਬਕ ਇਸ ਗੱਲ ਦੀ ਸੰਭਾਵਨਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਨੇ ਲਗਭਗ ਪੰਜ ਮਹੀਨਿਆਂ ਤੱਕ ਦੋਵੇਂ ਲਾਸ਼ਾਂ ਨੂੰ ਆਪਣੇ ਘਰ ਵਿੱਚ ਹੀ ਰੱਖਿਆ ਹੋਇਆ ਸੀ। ਪੁਲਿਸ ਮੁਤਾਬਕ ਮਾਮਲੇ ਦੀ ਜਾਂਚ ਜਾਰੀ ਹੈ।
ਵਿਅਕਤੀ ਅਤੇ ਉਨ੍ਹਾਂ ਦੀ ਧੀ ਦੀ ਮੌਤ ਸਮੇਂ ਕੀ ਹੋਇਆ? ਕੀ ਲਾਸ਼ਾਂ ਨੂੰ ਮਹੀਨਿਆਂ ਤੱਕ ਸੁਰੱਖਿਅਤ ਰੱਖਿਆ ਜਾ ਸਕਦਾ ਹੈ?
ਇਸ ਮਾਮਲੇ ਦਾ ਭੇਂਤ ਉਦੋਂ ਖੁੱਲਿਆ ਜਦੋਂ 29 ਜਨਵਰੀ ਨੂੰ ਐਸਬੇਨ ਅਬੇਲ ਨਾਂ ਦੇ ਵਿਅਕਤੀ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ।
ਸ਼ਿਕਾਇਤ ਵਿੱਚ ਕਿਹਾ ਗਿਆ ਸੀ, "ਉਨ੍ਹਾਂ ਦੇ ਰਿਸ਼ਤੇਦਾਰ, 78 ਸਾਲਾ ਸੈਮੂਅਲ ਸ਼ੰਕਰ ਅਤੇ ਉਨ੍ਹਾਂ ਦੀ ਧੀ 37 ਸਾਲਾ ਸਿੰਥੀਆ, ਤਿਰੂਮੁਲਾਈਵਾਲ ਵਿੱਚ ਨਿੱਜੀ ਰਿਹਾਇਸ਼ ਵਿੱਚ ਰਹਿ ਰਹੇ ਸਨ। ਆਪਣੇ ਇਲਾਜ ਲਈ ਸੈਮੂਅਲ ਸ਼ੰਕਰ, ਡਾਕਟਰ ਸੈਮੂਅਲ ਏਬੇਨੇਜ਼ਰ ਦੇ ਘਰ ਵਿੱਚ ਰਹਿ ਰਹੇ ਸਨ। ਹਾਲਾਂਕਿ, ਬਿਆਨ ਵਿੱਚ ਕਿਹਾ ਗਿਆ ਕਿ ਉਹ ਪਿਛਲੇ ਕੁਝ ਮਹੀਨਿਆਂ ਤੋਂ ਉਨ੍ਹਾਂ ਨਾਲ ਸੰਪਰਕ ਨਹੀਂ ਕਰ ਸਕਿਆ ਹੈ।"
ਸ਼ਿਕਾਇਤ ਮਿਲਣ 'ਤੇ, ਪੁਲਿਸ ਇੰਸਪੈਕਟਰ ਜਾਰਜ ਮਿੱਲਰ ਰਿਹਾਇਸ਼ੀ 'ਤੇ ਜਾਂਚ ਲਈ ਪਹੁੰਚੇ, ਜਿੱਥੇ ਪੁਲਿਸ ਨੂੰ ਘਰ ਦੇ ਬੈੱਡਰੂਮ ਵਿੱਚ ਇੱਕ ਆਦਮੀ ਅਤੇ ਔਰਤ ਦੀਆਂ ਲਾਸ਼ਾਂ ਮਿਲੀਆਂ।
ਪੁਲਿਸ ਕਮਿਸ਼ਨਰੇਟ ਦੁਆਰਾ ਜਾਰੀ ਇੱਕ ਪ੍ਰੈਸ ਰਿਲੀਜ਼ ਦੇ ਅਨੁਸਾਰ, ਐਸਬੇਨ ਏਬਲ ਨੇ ਉਨ੍ਹਾਂ ਦੀ ਪਛਾਣ ਕੀਤੀ ਕਿ,"ਉਹ ਮੇਰੇ ਰਿਸ਼ਤੇਦਾਰ ਹਨ।"

'ਪਿਤਾ ਦੀ ਕੁਦਰਤੀ ਮੌਤ - ਧੀ ਨੂੰ ਮਾਰਿਆ ਗਿਆ'

ਤਸਵੀਰ ਸਰੋਤ, Handout
ਪੁਲਿਸ ਨੇ ਦੋਵੇਂ ਲਾਸ਼ਾਂ ਕਿਲਪੌਕ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਭੇਜ ਦਿੱਤੀਆਂ ਹਨ।
ਪੁਲਿਸ ਕਮਿਸ਼ਨਰੇਟ ਵੱਲੋਂ ਪ੍ਰੈਸ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਵੀਰਵਾਰ 30 ਜਨਵਰੀ ਨੂੰ ਕੀਤੇ ਗਏ ਇੱਕ ਪੋਸਟਮਾਰਟਮ ਤੋਂ ਪਤਾ ਲੱਗਾ ਹੈ ਕਿ ਔਰਤ ਦੀ ਮੌਤ ਸਿਰ ਵਿੱਚ ਸੱਟਾਂ ਲੱਗਣ ਕਾਰਨ ਹੋਈ ਹੈ।
ਇਸ ਦੇ ਨਾਲ ਹੀ ਪੋਸਟਮਾਰਟਮ ਦੇ ਨਤੀਜਿਆਂ ਤੋਂ ਪਤਾ ਚੱਲਦਾ ਹੈ ਕਿ ਸੈਮੂਅਲ ਸ਼ੰਕਰ ਦੀ ਮੌਤ ਕੁਦਰਤੀ ਸੀ।
ਇਸ ਸਬੰਧ ਵਿੱਚ, ਪੁਲਿਸ ਵੱਲੋਂ ਡਾਕਟਰ ਸੈਮੂਅਲ ਏਬੇਨੇਜ਼ਰ ਨਾਲ ਕੀਤੀ ਗਈ ਪੁੱਛਗਿੱਛ ਤੋਂ ਕੁਝ ਜਾਣਕਾਰੀ ਸਾਹਮਣੇ ਆਈ ਹੈ।
ਸਿੰਥੀਆ ਨੇ ਪਿਤਾ ਦੇ ਬਿਮਾਰ ਹੋਣ ਅਤੇ ਮੌਤ ਤੋਂ ਬਾਅਦ ਡਾਕਟਰ ਸੈਮੂਅਲ ਏਬੇਨੇਜ਼ਰ ਨਾਲ ਬਹਿਸ ਕੀਤੀ ਸੀ। ਡਾਕਟਰ ਏਬੇਨੇਜ਼ਰ ਨੇ ਪੁਲਿਸ ਜਾਂਚ ਦੌਰਾਨ ਦੱਸਿਆ ਕਿ ਔਰਤ ਦੀ ਮੌਤ ਬਹਿਸ ਦੌਰਾਨ ਧੱਕੇ ਜਾਣ ਕਾਰਨ ਹੋਈ ਸੀ।
ਪੁਲਿਸ ਇੰਸਪੈਕਟਰ ਜਾਰਜ ਮਿਲਰ ਦਾ ਕਹਿਣਾ ਹੈ ਕਿ ਕਤਲ ਪਿਛਲੇ ਸਾਲ 6 ਸਤੰਬਰ 2024 ਨੂੰ ਹੋਇਆ ਸੀ।
ਉਨ੍ਹਾਂ ਨੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ, "ਦੋਵਾਂ ਦੀਆਂ ਲਾਸ਼ਾਂ ਨੂੰ ਚਾਰ ਮਹੀਨਿਆਂ ਤੋਂ ਵੱਧ ਸਮੇਂ ਲਈ ਸੁਰੱਖਿਅਤ ਰੱਖਣ ਲਈ ਵਰਤੇ ਗਏ ਰਸਾਇਣਾਂ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ।"
ਪੁਲਿਸ ਕਮਿਸ਼ਨਰ ਨੇ ਕੀ ਕਿਹਾ?

ਤਸਵੀਰ ਸਰੋਤ, Handout
ਬੀਬੀਸੀ ਨੇ ਪਿਤਾ ਅਤੇ ਧੀ ਦੀ ਮੌਤ ਨਾਲ ਸਬੰਧਤ ਮਾਮਲੇ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਅਵਾਦੀ ਪੁਲਿਸ ਕਮਿਸ਼ਨਰ ਸ਼ੰਕਰ ਨਾਲ ਗੱਲਬਾਤ ਕੀਤੀ।
ਉਨ੍ਹਾਂ ਨੇ ਕਿਹਾ, "ਦੋਵੇਂ ਲਾਸ਼ਾਂ ਸੜੀ ਹੋਈ ਹਾਲਤ ਵਿੱਚ ਮਿਲੀਆਂ। ਇਹ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦੀ ਮੌਤ ਤਿੰਨ ਮਹੀਨਿਆਂ ਪਹਿਲਾ ਹੋਈ ਜਾਂ ਫਿਰ ਚਾਰ ਮਹੀਨੇ। ਹਾਲਾਂਕਿ, ਇਹ ਯਕੀਨੀ ਹੈ ਕਿ ਦੋਵਾਂ ਦੀ ਮੌਤ ਨੂੰ ਕੁਝ ਮਹੀਨੇ ਬੀਤ ਚੁੱਕੇ ਹਨ।"
ਪੁਲਿਸ ਕਮਿਸ਼ਨਰ ਨੇ ਕਿਹਾ ਕਿ ਕਿਉਂਕਿ ਕਤਲ ਦਾ ਮੁਲਜ਼ਮ ਪੇਸ਼ੇ ਵਜੋਂ ਡਾਕਟਰ ਹੈ, ਇਸ ਲਈ ਇਸ ਗੱਲ ਦੀ ਬਹੁਤ ਸੰਭਾਵਨਾ ਹੈ ਕਿ ਲਾਸ਼ ਨੂੰ ਸੁਰੱਖਿਅਤ ਰੱਖਿਆ ਗਿਆ ਸੀ।
ਉਨ੍ਹਾਂ ਨੇ ਅੱਗੇ ਕਿਹਾ, "ਉਨ੍ਹਾਂ ਦੋਵਾਂ ਦੇ ਸਰੀਰਾਂ ਵਿੱਚੋਂ ਕੋਈ ਵੀ ਤੇਜ਼ ਬਦਬੂ ਨਹੀਂ ਆ ਰਹੀ ਸੀ। ਇਸ ਲਈ, ਅਜਿਹਾ ਸੰਭਵ ਹੈ ਕਿ ਲਾਸ਼ਾਂ ਨੂੰ ਸੁਰੱਖਿਅਤ ਰੱਖਣ ਲਈ ਕੁਝ ਡਾਕਟਰੀ ਤਰੀਕਿਆਂ ਦੀ ਵਰਤੋਂ ਕੀਤੀ ਗਈ ਹੋਵੇਗੀ।"
ਪੁਲਿਸ ਕਮਿਸ਼ਨਰ ਸ਼ੰਕਰ ਦੱਸਦੇ ਹਨ, "34 ਸਾਲਾ ਸੈਮੂਅਲ ਏਬੇਨੇਜ਼ਰ, ਅਣਵਿਆਹੇ ਸਨ। ਉਨ੍ਹਾਂ ਨੇ ਆਸਟਰੀਆ ਵਿੱਚ ਮੈਡੀਸਨ ਦੀ ਪੜ੍ਹਾਈ ਕੀਤੀ ਸੀ।"
ਸੈਮੂਅਲ ਏਬੇਨੇਜ਼ਰ ਅਤੇ ਸਿੰਥੀਆ ਸੋਸ਼ਲ ਮੀਡੀਆ ਰਾਹੀਂ ਮਿਲੇ ਸਨ। ਸਿੰਥੀਆ ਪਹਿਲਾ ਹੀ ਆਪਣੇ ਪਤੀ ਤੋਂ ਵੱਖ ਹੋ ਚੁੱਕੇ ਸਨ। ਉਨ੍ਹਾਂ ਨੇ ਆਪਣੇ ਪਿਤਾ ਦੇ ਗੁਰਦੇ ਦੀ ਬਿਮਾਰੀ ਦਾ ਇਲਾਜ ਕਰਵਾਉਣ ਲਈ ਏਬੇਨੇਜ਼ਰ ਦੀ ਮਦਦ ਮੰਗੀ ਸੀ। ਪੁਲਿਸ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ, ਸਿੰਥੀਆ ਆਪਣੇ ਪਿਤਾ ਨਾਲ ਸੈਮੂਅਲ ਏਬੇਨੇਜ਼ਰ ਦੇ ਘਰ ਰਹਿਣ ਲੱਗੇ ਸਨ।
ਜਦੋਂ ਪੁਲਿਸ ਨੇ ਘਰ ਤੋਂ ਲਾਸ਼ਾਂ ਬਰਾਮਦ ਹੋਣ ਤੋਂ ਬਾਅਦ ਡਾਕਟਰ ਸੈਮੂਅਲ ਏਬੇਨੇਜ਼ਰ ਨਾਲ ਸੰਪਰਕ ਕੀਤਾ, ਤਾਂ ਉਨ੍ਹਾਂ ਨੇ ਕਿਹਾ, "ਮੈਂ ਈਸਟ ਕੋਸਟ ਰੋਡ 'ਤੇ ਹਾਂ, ਮੈਂ ਖੁਦ ਆਵਾਂਗਾ।"
"ਪਰ ਜਦੋਂ ਸਾਨੂੰ ਉਨ੍ਹਾਂ ਤੋਂ ਢੁਕਵਾਂ ਜਵਾਬ ਨਹੀਂ ਮਿਲਿਆ, ਤਾਂ ਪੁਲਿਸ ਟੀਮ ਭੇਜੀ ਗਈ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।"
ਪੁਲਿਸ ਕਮਿਸ਼ਨਰ ਕਹਿੰਦੇ ਹਨ, "ਸਿੰਥੀਆ ਦੇ ਪਿਤਾ ਇਲਾਜ ਕਰਵਾ ਰਹੇ ਸਨ। ਉਨ੍ਹਾਂ ਦੀ ਕੁਦਰਤੀ ਤੌਰ 'ਤੇ ਮੌਤ ਹੋ ਗਈ ਸੀ। ਉਸ ਸਮੇਂ ਦੌਰਾਨ ਏਬੇਨੇਜ਼ਰ ਵਿਦੇਸ਼ ਵਿੱਚ ਮੈਡੀਸਨ ਦੀ ਪੜ੍ਹਾਈ ਲਈ ਜਾਣ ਲਈ ਤਿਆਰੀ ਕਰ ਰਹੇ ਸਨ। ਇਸ ਕਾਰਨ ਦੋਵਾਂ ਵਿਚਕਾਰ ਝਗੜਾ ਹੋ ਗਿਆ। ਇਹ ਸੰਭਵ ਹੈ ਕਿ ਏਬੇਨੇਜ਼ਰ ਨੇ ਉਨ੍ਹਾਂ ਨੂੰ ਕੰਧ ਨਾਲ ਧੱਕਾ ਦਿੱਤਾ ਹੋਵੇ। ਸਿੰਥੀਆ ਦੇ ਸਿਰ ਵਿੱਚ ਸੱਟ ਇਸੇ ਕਾਰਨ ਲੱਗੀ ਹੋ ਸਕਦੀ ਹੈ।"
ਕੀ ਲਾਸ਼ਾਂ ਨੂੰ ਮਹੀਨਿਆਂ ਤੱਕ ਸੁਰੱਖਿਅਤ ਰੱਖਿਆ ਜਾ ਸਕਦਾ ਹੈ?

ਤਸਵੀਰ ਸਰੋਤ, Handout
ਪੁਲਿਸ ਕਮਿਸ਼ਨਰ ਸ਼ੰਕਰ ਕਹਿੰਦੇ ਹਨ, "ਦੋਵਾਂ ਲਾਸ਼ਾਂ ਨੂੰ ਸੁਰੱਖਿਅਤ ਰੱਖਣ ਲਈ ਵਰਤੇ ਗਏ ਰਸਾਇਣਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਬਾਰੇ ਵੇਰਵੇ ਉਦੋਂ ਸਾਹਮਣੇ ਆਉਣਗੇ ਜਦੋਂ ਉਨ੍ਹਾਂ ਨੂੰ ਪੁਲਿਸ ਰਿਮਾਂਡ ਵਿੱਚ ਲਿਆ ਜਾਵੇਗਾ।"
ਉਨ੍ਹਾਂ ਨੇ ਅੱਗੇ ਕਿਹਾ, "ਜੇ ਲਾਸ਼ਾਂ ਨੂੰ ਸਹੀ ਢੰਗ ਨਾਲ ਸੁਰੱਖਿਅਤ ਨਹੀਂ ਰੱਖਿਆ ਗਿਆ ਹੁੰਦਾ, ਤਾਂ ਬਦਬੂ ਆਉਣੀ ਚਾਹੀਦੀ ਸੀ ਅਤੇ ਇਹ ਮਾਮਲਾ ਜਲਦੀ ਹੀ ਸਾਹਮਣੇ ਆ ਸਕਦਾ ਸੀ।"
ਸੈਮੂਅਲ ਏਬੇਨੇਜ਼ਰ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਫੋਰੈਂਸਿਕ ਵਿਗਿਆਨੀ ਕੀ ਕਹਿੰਦੇ ਹਨ?

ਤਸਵੀਰ ਸਰੋਤ, Handout
ਕੀ ਚਾਰ ਮਹੀਨਿਆਂ ਤੱਕ ਸਰੀਰ ਨੂੰ ਬਰਕਰਾਰ ਰੱਖਣਾ ਸੰਭਵ ਹੈ?
ਇਸ ਸਵਾਲ ਦਾ ਜਵਾਬ ਲੱਭਣ ਲਈ ਬੀਬੀਸੀ ਨੇ ਕਾਂਚੀਪੁਰਮ ਦੇ ਮੀਨਾਕਸ਼ੀ ਮੈਡੀਕਲ ਕਾਲਜ ਵਿੱਚ ਫੋਰੈਂਸਿਕ ਸਾਇੰਸ ਮੈਡੀਸਨ ਵਿਭਾਗ ਦੇ ਮੁਖੀ ਪ੍ਰੋਫੈਸਰ ਡੇਕਲ ਨਾਲ ਗੱਲ ਕੀਤੀ ਹੈ।
ਉਨ੍ਹਾਂ ਕਿਹਾ, "ਮ੍ਰਿਤਕ ਸਰੀਰ ਨੂੰ ਸੜਨ ਤੋਂ ਬਚਾਉਣ ਦੇ ਦੋ ਤਰੀਕੇ ਹਨ। ਇੱਕ ਸਰੀਰ ਨੂੰ ਫ੍ਰੀਜ਼ ਕਰਕੇ ਰੱਖਣਾ। ਇਸ ਲਈ ਫਰਿੱਜ ਦੀ ਲੋੜ ਹੁੰਦੀ ਹੈ।"
"ਸਰੀਰ ਦੇ ਅੰਗਾਂ ਵਿੱਚ ਇੱਕ ਖਾਸ ਰਸਾਇਣ ਦਾ ਟੀਕਾ ਲਗਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਲੱਤ ਵਿੱਚ ਫੀਮੋਰਲ ਨਾੜੀ ਰਾਹੀਂ ਇੱਕ ਰਸਾਇਣ ਦਾ ਟੀਕਾ ਲਗਾਇਆ ਜਾਂਦਾ ਹੈ, ਤਾਂ ਇਹ ਦਿਲ ਵਿੱਚ ਜਾਵੇਗਾ ਅਤੇ ਸਾਰੇ ਹਿੱਸਿਆਂ ਵਿੱਚ ਫੈਲ ਜਾਵੇਗਾ। ਇਸ ਤਰ੍ਹਾਂ, ਟਿਸ਼ੂ ਦੇ ਖਰਾਬ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ।"
ਡਾ. ਡੇਕਲ ਕਹਿੰਦੇ ਹਨ ਕਿ ਇਨ੍ਹਾਂ ਤਰੀਕਿਆਂ ਨਾਲ ਸਰੀਰ ਨੂੰ ਮਹੀਨਿਆਂ ਤੱਕ ਖਰਾਬ ਕੀਤੇ ਬਿਨਾਂ ਸੁਰੱਖਿਅਤ ਰੱਖਿਆ ਜਾ ਸਕਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












