ਜਦੋਂ ਇੱਕ ਧੀ ਨੇ ਮਾਪਿਆਂ ਦਾ ਕਤਲ ਕਰਕੇ 4 ਸਾਲ ਭੇਤ ਦੱਬੀ ਰੱਖਿਆ, ਆਖਰ ਖੌਫ਼ਨਾਕ ਸਚਾਈ ਕਿਵੇਂ ਸਾਹਮਣੇ ਆਈ

ਵਰਜੀਨੀਆ ਦੀ ਗ੍ਰਿਫ਼ਤਾਰੀ ਦੇ ਸਮੇਂ ਪੁਲਿਸ ਅਧਿਕਾਰੀ ਦੇ ਬੌਡੀਕੈਮ ਤੋਂ ਲਈ ਗਈ ਤਸਵੀਰ

ਤਸਵੀਰ ਸਰੋਤ, Essex Police

ਤਸਵੀਰ ਕੈਪਸ਼ਨ, ਵਰਜੀਨੀਆ ਦੀ ਗ੍ਰਿਫ਼ਤਾਰੀ ਦੇ ਸਮੇਂ ਪੁਲਿਸ ਅਧਿਕਾਰੀ ਦੇ ਬੌਡੀਕੈਮ ਤੋਂ ਲਈ ਗਈ ਤਸਵੀਰ
    • ਲੇਖਕ, ਲਿਊਇਸ ਐਡਮਸ ਅਤੇ ਡੇਬੀ ਟੂਬੇ
    • ਰੋਲ, ਬੀਬੀਸੀ ਪੱਤਰਕਾਰ

ਵਰਜੀਨੀਆ ਮੈਕਲੋ ਨੂੰ ਪਤਾ ਸੀ ਕਿ ਪੁਲਿਸ ਉਸ ਦੇ ਘਰ ਦਾ ਮੂਹਰਲਾ ਦਰਵਾਜ਼ਾ ਤੋੜ ਕੇ ਅੰਦਰ ਕਿਉਂ ਵੜੀ ਹੈ। ਹੈਰਾਨੀ ਤਾਂ ਉਸ ਨੂੰ ਇਸ ਗੱਲ ਦੀ ਸੀ ਕਿ ਪੁਲਿਸ ਨੂੰ ਇਹ ਪਤਾ ਕਰਨ ਵਿੱਚ ਇੰਨੀ ਦੇਰ ਕਿਵੇਂ ਲੱਗ ਗਈ ਕਿ ਉਨ੍ਹਾਂ ਨੇ ਆਪਣੇ ਮਾਪਿਆਂ ਦੀ ਹੱਤਿਆ ਕੀਤੀ ਹੈ।

ਉਸ ਨੇ ਹੱਥਕੜੀਆਂ ਲਾ ਰਹੇ ਪੁਲਿਸ ਵਾਲੇ ਨੂੰ ਬੜੇ ਠਰ੍ਹੰਮੇ ਨਾਲ ਕਿਹਾ, “ਖੁਸ਼ ਹੋ ਜਾਓ ਆਖਰਕਾਰ ਤੁਸੀਂ ਮੁਲਜ਼ਮ ਫੜ ਲਿਆ ਹੈ।”

ਗੁਆਂਢੀਆਂ ਨੂੰ ਲੱਗਦਾ ਸੀ ਕਿ ਜੌਹਨ ਤੇ ਲੋਇਸ ਮੈਕਲੋ ਸਮੁੰਦਰ ਕਿਨਾਰੇ ਆਪਣਾ ਬੁਢਾਪਾ ਜਿਉਣ ਚਲੇ ਗਏ ਹਨ। ਲੇਕਿਨ ਅਸਲ ਵਿੱਚ ਤਾਂ ਉਨ੍ਹਾਂ ਦੀ ਧੀ ਨੇ ਬੇਰਹਿਮੀ ਨਾਲ ਜ਼ਹਿਰ ਦੇ ਕੇ ਮਾਰ ਦਿੱਤਾ ਸੀ ਪਰ ਵਰਜੀਨੀਆ ਨੇ ਅਜਿਹਾ ਕਿਉਂ ਕੀਤਾ?

ਚੇਤਾਵਨੀ: ਇਸ ਕਹਾਣੀ ਦੇ ਵੇਰਵੇ ਤੁਹਾਨੂੰ ਪ੍ਰੇਸ਼ਾਨ ਕਰ ਸਕਦੇ ਹਨ

ਈਸੈਕਸ, ਚੈਮਸਫੋਰਡ ਦੇ ਨੇੜੇ ਗਰੇਟ ਬੈਡੋਅ ਵਿੱਚ ਸਾਲ 2019 ਤੋਂ ਬਾਅਦ ਇਹ ਪਰਿਵਾਰ ਜ਼ਿਆਦਾ ਹੀ ਰਹੱਸਮਈ ਹੁੰਦਾ ਜਾ ਰਿਹਾ ਸੀ। ਘਰ ਦੇ ਅੰਦਰ ਕੀ ਹੋ ਰਿਹਾ ਸੀ, ਇਸਦਾ ਭੇਤ ਬਾਹਰ ਬਹੁਤ ਘੱਟ ਨਿਕਲਦਾ ਸੀ।

ਰਿਸ਼ਤੇਦਾਰਾਂ ਨੂੰ ਦੂਰ ਰਹਿਣ ਲਈ ਕਿਹਾ ਜਾ ਰਿਹਾ ਸੀ ਤੇ ਦੋਸਤਾਂ ਨੂੰ ਦੱਸਿਆ ਜਾ ਰਿਹਾ ਸੀ ਕਿ ਬਜ਼ੁਰਗ ਜੋੜੇ ਈਸੈਕਸ ਦੇ ਸਨਸ਼ਾਈਨ ਤਟ ਉੱਤੇ ਕਲੈਕਟਨ ਏਰੀਏ ਵਿੱਚ ਆਪਣੀ ਰਿਟਾਇਰਡ ਜ਼ਿੰਦਗੀ ਜਿਉਣ ਚਲਿਆ ਗਿਆ ਹੈ।

ਲੇਕਿਨ ਖੌਫ਼ਨਾਕ ਸਚਾਈ ਬਹੁਤ ਮੁਸ਼ਕਿਲ ਸੀ। ਚਾਰ ਸਾਲ ਤੋਂ ਪਹਿਲਾਂ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਕਿ ਘਰ ਦੇ ਬੰਦ ਦਰਵਾਜ਼ਿਆਂ ਪਿੱਛੇ ਕੀ ਹੋਇਆ ਹੈ।

ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਨਵਾਈਟ ਪੋਸਟਰ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਜੌਹਨ ਮੈਕਲੋ ਬਿਜ਼ਨਸ ਸਟੱਡੀਜ਼ ਦੇ ਇੱਕ ਰਿਟਾਇਰਡ ਲੈਕਚਰਾਰ ਸਨ, ਉਨ੍ਹਾਂ ਨੂੰ 70 ਸਾਲ ਦੀ ਉਮਰ ਵਿੱਚ ਬੇਰਹਿਮੀ ਨਾਲ ਜ਼ਹਿਰ ਦੇ ਦਿੱਤੀ ਗਈ ਸੀ। ਉਨ੍ਹਾਂ ਦੀ ਲਾਸ਼ ਨੂੰ ਪਲਾਈ ਅਤੇ ਕੰਬਲਾਂ ਦੀ ਇੱਕ ਜੁਗਾੜੂ ਕਬਰ ਵਿੱਚ ਲਕੋ ਕੇ ਰੱਖਿਆ ਗਿਆ ਸੀ।

ਜਦਕਿ ਉਨ੍ਹਾਂ ਦੀ 71 ਸਾਲਾ ਪਤਨੀ ਲੋਇਸ ਦੀ ਲਾਸ਼ ਨੂੰ ਪੌੜੀਆਂ ਦੇ ਉੱਪਰ ਦਬਕੇ ਵਿੱਚ ਸਲੀਪਿੰਗ ਬੈਗਾਂ ਅਤੇ ਰਜ਼ਾਈਆਂ ਦੇ ਪਿੱਛੇ ਰੱਖਿਆ ਗਿਆ ਸੀ।

ਬਿਰਧ ਮਾਂ ਨੂੰ ਨਾ ਸਿਰ ਹਥੌੜੇ ਅਤੇ ਛੁਰੇ ਮਾਰੇ ਗਏ ਸਗੋਂ ਡਾਕਟਰ ਦੀ ਪਰਚੀ ਉੱਤੇ ਮਿਲਣ ਵਾਲੀਆਂ ਦਵਾਈਆਂ ਨਾਲ, ਉਨ੍ਹਾਂ ਦੀ ਧੀ ਵੱਲੋਂ ਹੀ ਜ਼ਹਿਰ ਵੀ ਦਿੱਤੀ ਗਈ।

ਮੈਕਲੋ ਪਰਿਵਾਰ ਦਾ ਘਰ

ਤਸਵੀਰ ਸਰੋਤ, Lewis Adams/BBC

ਤਸਵੀਰ ਕੈਪਸ਼ਨ, ਮੈਕਲੋ ਪਰਿਵਾਰ ਦਾ ਘਰ ਪੂਰੀ ਤਰ੍ਹਾਂ ਕਜਿਆ ਹੋਇਆ ਹੈ

ਚੈਮਸਫੋਰਡ ਦੀ ਕਰਾਊਨ ਅਦਾਲਤ ਵੱਲੋਂ ਸ਼ੁੱਕਰਵਾਰ ਨੂੰ 36 ਸਾਲਾ ਵਰਜੀਨੀਆ ਮੈਕਲੋ ਨੂੰ ਇਨ੍ਹਾਂ ਕਤਲਾਂ ਲਈ ਘੱਟੋ-ਘੱਟ 36 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।

ਪਿਛਲੇ ਵੀਹ ਸਾਲਾਂ ਤੋਂ ਗੁਆਂਢੀ ਫਿਲ ਸਾਰਜਿਐਂਟ ਨੇ ਦੱਸਿਆ, “ਪਰਦੇ ਹਮੇਸ਼ਾ ਲੱਗੇ ਰਹਿੰਦੇ ਸਨ, ਤੁਸੀਂ ਦੇਖ ਨਹੀਂ ਸੀ ਸਕਦੇ ਕਿ ਘਰ ਵਿੱਚ ਕੋਈ ਹੈ ਵੀ ਜਾਂ ਨਹੀਂ।”

ਉਹ ਪਰਛਾਵਿਆਂ ਵਰਗੇ ਸਨ ਜੋ ਬੜੀ ਤੇਜ਼ੀ ਨਾਲ ਇੱਕ ਤੋਂ ਦੂਜੀ ਛਾਂ ਚਲੇ ਜਾਂਦੇ ਸਨ।

ਹਾਲਾਂਕਿ ਹੁਣ ਸਾਰਜਿਐਂਟ ਜਾਣਦੇ ਹਨ ਕਿ ਉਨ੍ਹਾਂ ਦੇ ਗੁਆਂਢੀਆਂ ਦੇ ਘਰ ਵਿੱਚ ਭੇਤ ਕਿਉਂ ਰੱਖਿਆ ਜਾਂਦਾ ਸੀ।

ਉਹ ਕਹਿੰਦੇ ਹਨ ਕਿ ਮੈਨੂੰ ਇਹ ਕਹਿਣਾ ਵੀ ਮੁਸ਼ਕਿਲ ਲੱਗ ਰਿਹਾ ਹੈ ਕਿ ਵਰਜੀਨੀਆ ਨੇ ਆਪਣੇ ਮਾਪਿਆਂ ਦਾ ਕਤਲ ਕਰ ਦਿੱਤਾ ਹੈ।

“ਉਹ ਬਹੁਤ ਖੁਸ਼ੀ ਨਾਲ ਮਿਲਦੀ ਸੀ। ਉਹ ਮਜ਼ਾਕੀਆ ਸੀ। ਉਹ ਬੜਾ ਮਜ਼ਾਕ ਕਰਦੀ ਸੀ।”

ਵਰਜੀਨੀਆ ਮੈਕਲੋ ਦੇ ਮਾਤਾ ਪਿਤਾ

ਤਸਵੀਰ ਸਰੋਤ, Family handout

ਤਸਵੀਰ ਕੈਪਸ਼ਨ, ਵਰਜੀਨੀਆ ਮੈਕਲੋ ਦੇ ਮਾਤਾ ਪਿਤਾ

‘ਸਨਕੀ’

ਸਤੰਬਰ 2023 ਵਿੱਚ ਈਸੈਕਸ ਪੁਲਿਸ ਨੂੰ ਈਸੈਕਸ ਕਾਊਂਟੀ ਕਾਊਂਸਲ ਦੀ ਸੁਰੱਖਿਆ ਟੀਮ ਤੋਂ ਇੱਕ ਫ਼ੋਨ ਆਇਆ।

ਏਜੀਪੀ ਅਤੇ ਮੈਕਲੋ ਦੰਪਤੀ ਦੇ ਰਜਿਸਟਰਡ ਡਾਕਟਰ ਨੇ ਉਨ੍ਹਾਂ ਬਾਰੇ ਚਿੰਤਾ ਜ਼ਾਹਰ ਕੀਤੀ ਸੀ। ਡਾਕਟਰ ਦਾ ਕਹਿਣਾ ਸੀ ਕਿ ਉਹ ਇਸ ਜੋੜੇ ਨੂੰ ਕਾ਼ਫ਼ੀ ਦੇਰ ਤੋਂ ਮਿਲੇ ਨਹੀਂ ਸਨ।

ਉਨ੍ਹਾਂ ਦੀ ਗੈਰ-ਮੌਜੂਦਗੀ ਬਾਰੇ ਉਨ੍ਹਾਂ ਦੀ ਧੀ ਨੇ ਸਪਸ਼ਟੀਕਰਨ ਦਿੱਤਾ ਸੀ। ਵਰਜੀਨੀਆ ਨੇ ਡਾਕਟਰ ਨੂੰ ਹਰ ਵਾਰ ਵੱਖ-ਵੱਖ ਬਹਾਨੇ ਦੇ ਕੇ ਮੁਲਾਕਾਤ ਰੱਦ ਕਰਵਾ ਦਿੱਤੀ ਸੀ।

ਵਰਜੀਨੀਆ ਦੀ ਸਹੂਲਤ ਨੂੰ ਇਸ ਦੌਰਾਨ ਦੇਸ ਵਿੱਚ ਕੋਰੋਨਾ ਲੌਕਡਾਊਨ ਲੱਗ ਗਿਆ। ਜਿਸ ਕਾਰਨ ਲੰਬਾ ਸਮਾਂ ਲੋਕਾਂ ਨੇ ਇੱਕ-ਦੂਜੇ ਨੂੰ ਦੇਖਿਆ ਨਹੀਂ।

ਲੇਕਿਨ ਜਦੋਂ ਪੁਲਿਸ ਨੇ ਮੈਕਲੋ ਤੋਂ ਪੁੱਛ-ਗਿੱਛ ਕੀਤੀ ਤਾਂ ਇਹ ਸਾਫ਼ ਹੋ ਗਿਆ ਕਿ ਕੋਈ ਕੜੀ ਜੁੜ ਨਹੀਂ ਰਹੀ ਸੀ— ਉਸਦੇ ਮਾਪੇ ਹਮੇਸ਼ਾ ਇਲਾਕੇ ਤੋਂ ਬਾਹਰ ਹੀ ਕਿਉਂ ਰਹਿੰਦੇ ਸਨ?

ਐਲਨ ਥੌਮਸ, ਜਿਨ੍ਹਾਂ ਨੇ ਮੈਕਲੋ ਪਰਿਵਾਰ ਨੂੰ ਟੈਲਵਿਜ਼ਨ ਕਿਰਾਏ ਉੱਤੇ ਦਿੱਤਾ ਸੀ, ਉਨ੍ਹਾਂ ਨੂੰ ਵੀ ਕੁਝ ਸ਼ੱਕ ਹੋਇਆ।

ਵਰਜੀਨੀਆ ਨੇ ਉਨ੍ਹਾਂ ਨੂੰ ਫੋਨ ਕੀਤਾ ਅਤੇ ਅਚਾਨਕ ਕਿਰਾਇਆ-ਨਾਮਾ ਤੋੜ ਦਿੱਤਾ।

ਜਦੋਂ ਥੌਮਸ ਦਾ ਸਟਾਫ਼ ਟੀਵੀ ਚੁੱਕਣ ਘਰ ਪਹੁੰਚਿਆ ਤਾਂ, ਉਨ੍ਹਾਂ ਨੂੰ ਘਰ ਦੇ ਅੰਦਰ ਦਾਖਲ ਨਹੀਂ ਹੋਣ ਦਿੱਤਾ ਗਿਆ ਅਤੇ ਟੀਵੀ ਮੂਹਰੇ ਦਰਵਾਜ਼ੇ ਉੱਤੇ ਤਿਆਰ ਕਰਕੇ ਰੱਖਿਆ ਹੋਇਆ ਸੀ।

ਥੌਮਸ ਨੇ ਦੱਸਿਆ,“ਮੈਨੂੰ ਲੱਗਿਆ ਕਿ ਉਹ ਕੁਝ ਸਨਕੀ ਹੈ ਪਰ ਮੈਂ ਸੋਚਿਆ ਨਹੀਂ ਸੀ ਕਿ ਉਹ ਇੱਕ ਕਾਤਲ ਹੈ।”

‘ਜੋ ਹੋਣ ਜਾ ਰਿਹਾ ਹੈ, ਮੈਂ ਉਸਦੀ ਹੱਕਦਾਰ ਹਾਂ’

ਜਦੋਂ ਪੁਲਿਸ ਨੇ ਘਰ ਉੱਤੇ ਛਾਪਾ ਮਾਰਿਆ ਤਾਂ ਇਹ ਪਹਿਲਾ ਮੌਕਾ ਨਹੀਂ ਸੀ ਜਦੋਂ ਪੁਲਿਸ ਇਸ ਘਰ ਵਿੱਚ ਆਈ ਸੀ।

ਲਾਸ਼ਾਂ ਬਰਾਮਦ ਹੋਣ ਤੋਂ ਕੁਝ ਹਫ਼ਤੇ ਪਹਿਲਾਂ ਮੈਕਲੋ ਨੇ ਪੁਲਿਸ ਅਫ਼ਸਰਾਂ ਨੂੰ ਆਪਣੇ ਉੱਤੇ ਹੋਏ ਹਮਲੇ ਬਾਰੇ ਚਰਚਾ ਕਰਨ ਲਈ ਘਰ ਬੁਲਾਇਆ ਸੀ।

ਇਸ ਘਰ ਦੇ ਅੰਦਰ ਮੈਕਲੋ ਦੰਪਤੀ ਦੀਆਂ ਲਾਸ਼ਾਂ ਚਾਰ ਸਾਲਾਂ ਤੱਕ ਪਈਆਂ ਰਹੀਆਂ

ਤਸਵੀਰ ਸਰੋਤ, Steve Huntley/BBC

ਤਸਵੀਰ ਕੈਪਸ਼ਨ, ਇਸ ਘਰ ਦੇ ਅੰਦਰ ਮੈਕਲੋ ਦੰਪਤੀ ਦੀਆਂ ਲਾਸ਼ਾਂ ਚਾਰ ਸਾਲਾਂ ਤੱਕ ਪਈਆਂ ਰਹੀਆਂ

ਵਰਜੀਨੀਆ ਨੂੰ ਸਿਰਫ਼ ਫੋਨ ਕਰਨ ਵਾਲੇ ਦੇ ਇਰਾਦੇ ਬਾਰੇ ਸ਼ੱਕ ਸੀ। ਲੇਕਿਨ ਹੁਣ ਕਈ ਲੋਕਾਂ ਦਾ ਮੰਨਣਾ ਹੈ ਕਿ ਉਹ ਚਾਲ ਖੇਡ ਕੇ ਦੇਖ ਰਹੀ ਸੀ।

ਆਖਰਕਾਰ, ਹਮਲੇ ਅਤੇ ਇਲਜਾਮਾਂ ਦਾ ਕੋਈ ਨਤੀਜਾ ਨਹੀਂ ਨਿਕਲਿਆ।

ਜਦੋਂ ਪੁਲਿਸ ਸਤੰਬਰ 2023 ਵਿੱਚ ਵਾਪਸ ਆਈ ਤਾਂ ਮੈਕਲੋ ਹੋਰ ਜ਼ਿਆਦਾ ਤਿਆਰ ਸੀ।

ਉਸ ਨੇ ਕਬੂਲ ਕੀਤਾ ਕਿ ਮੈਂ ਜਾਣਦੀ ਸੀ ਕਿ ਇਹ ਦਿਨ ਜ਼ਰੂਰ ਆਵੇਗਾ।

ਸਜ਼ਾ ਦੇ ਪੱਖ ਤੋਂ ਜੋ ਹੋਣ ਜਾ ਰਿਹਾ ਹੈ ਮੈਂ ਉਸਦੀ ਹੱਕਦਾਰ ਹਾਂ। ਕਿਉਂਕਿ ਇਹੀ ਸਹੀ ਹੈ ਅਤੇ ਇਸੇ ਨਾਲ ਮੈਨੂੰ ਕੁਝ ਸ਼ਾਂਤੀ ਮਿਲੇਗੀ।

ਵਰਜੀਨੀਆ ਦੇ ਘਰੋਂ ਬਰਾਮਦ ਦਸਤਾਵੇਜ਼ਾਂ ਤੋਂ ਸਾਫ਼ ਹੋਇਆ ਕਿ ਉਹ ਆਪਣੇ ਵਿੱਤੀ ਬਲੈਕਹੋਲ ਨੂੰ ਆਪਣੇ ਮਾਪਿਆਂ ਤੋਂ ਛੁਪਾ ਕੇ ਰੱਖਣ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਸੀ।

ਮਾਪਿਆਂ ਦੀ ਇੱਜ਼ਤ ਤੇ ਭਰੋਸੇ ਦਾ ਫਾਇਦਾ ਚੁੱਕਦੇ ਹੋਏ, ਉਹ ਬਿਨਾਂ ਕਿਰਾਏ ਦੇ ਰਹਿ ਰਹੀ ਸੀ। ਉਹ ਉਨ੍ਹਾਂ ਦਾ ਪੈਸਾ ਖ਼ਰਚ ਕਰ ਰਹੀ ਸੀ, ਉਨ੍ਹਾਂ ਦੇ ਕਰੈਡਿਟ ਕਾਰਡਾਂ ਉੱਤੇ ਵੱਡੇ-ਵੱਡੇ ਬਿਲ ਇਕੱਠੇ ਹੋ ਰਹੇ ਸਨ।

ਝੂਠੀਆਂ ਚਿੱਠੀਆਂ ਦੱਸ ਰਹੀਆਂ ਸਨ ਕਿ ਉਹ ਆਪਣੇ ਮਾਪਿਆਂ ਨੂੰ ਯਕੀਨ ਦਵਾ ਰਹੀ ਸੀ ਕਿ ਉਨ੍ਹਾਂ ਦਾ ਪੈਸਾ ਠੱਗਿਆ ਗਿਆ ਹੈ ਜਦਕਿ ਉਹ ਪੈਸਾ ਤਾਂ ਉਨ੍ਹਾਂ ਦੀ ਧੀ ਹੀ “ਬਰਬਾਦ” ਕਰ ਰਹੀ ਸੀ।

ਜੌਹਨ ਦੀ ਲਾਸ਼ ਕੰਬਲਾਂ ਅਤੇ ਪੇਂਟਿੰਗਾਂ ਦੇ ਜੁਗਾੜੂ ਕਬਰ ਵਿੱਚ ਲਕੋ ਕੇ ਰੱਖੀ ਗਈ

ਤਸਵੀਰ ਸਰੋਤ, Essex Police

ਤਸਵੀਰ ਕੈਪਸ਼ਨ, ਜੌਹਨ ਦੀ ਲਾਸ਼ ਕੰਬਲਾਂ ਅਤੇ ਪੇਂਟਿੰਗਾਂ ਦੇ ਜੁਗਾੜੂ ਕਬਰ ਵਿੱਚ ਲਕੋ ਕੇ ਰੱਖੀ ਗਈ

ਮਾਪਿਆਂ ਲਈ ਉਹ ਇੱਕ ਪੜ੍ਹੀ ਲਿਖੀ, ਢੁਕਵੀਂ ਨੌਕਰੀ ਉੱਤੇ ਲੱਗੀ ਹੋਈ ਸੀ ਅਤੇ ਇੱਕ ਕਲਾਕਾਰ ਬਣਨ ਲਈ ਸਖ਼ਤ ਮਿਹਨਤ ਕਰ ਰਹੀ ਸੀ। ਉਸਦਾ ਦਾਅਵਾ ਸੀ ਕਿ ਕਲਾਕਾਰ ਬਣਕੇ ਉਸਦਾ ਭਵਿੱਖ ਮਾਪਿਆਂ ਲਈ ਚੰਗੇ ਵਿੱਤੀ ਲਾਭ ਲੈ ਕੇ ਆਵੇਗਾ।

ਜਦਕਿ ਅਸਲੀਅਤ ਵਿੱਚ ਤਾਂ ਉਹ ਆਪਣੇ ਮਾਪਿਆਂ ਨੂੰ ਬੇਵਕੂਫ਼ ਬਣਾ ਕੇ ਉਨ੍ਹਾਂ ਦੀ ਦਿਆਲਤਾ ਦਾ ਲਾਹਾ ਚੁੱਕ ਰਹੀ ਸੀ।

ਆਪਣੇ ਮਾਪਿਆਂ ਦਾ ਕਤਲ ਕਰਕੇ ਮੈਕਲੋ ਨੂੰ ਕਰੀਬ 1,49, 697 ਪੌਂਡ ਦਾ ਫਾਇਦਾ ਹੋਇਆ। ਇਹ ਫਾਇਦਾ ਉਸ ਨੂੰ ਉਨ੍ਹਾਂ ਦੀਆਂ ਪੈਨਸ਼ਨਾਂ, ਜਾਇਦਾਦ ਵੇਚ ਕੇ ਅਤੇ ਕਰੈਡਿਟ ਕਾਰਡ ਦੀ ਵਰਤੋਂ ਕਰਕੇ ਹੋਇਆ।

ਅਦਾਲਤ ਨੂੰ ਸੁਣਵਾਈ ਦੌਰਾਨ ਪਤਾ ਲੱਗਿਆ ਕਿ ਵਰਜੀਨੀਆ ਨੇ 2019 ਤੋਂ 2023 ਦਰਮਿਆਨ 21,000 ਪੌਂਡ ਆਨਲਾਈਨ ਜੂਏ ਵਿੱਚ ਖਰਚ ਕੀਤੇ ਸਨ।

ਉਸਦੇ ਝੂਠ ਅਤੇ ਫੜੇ ਜਾਣ ਦੇ ਡਰ ਦਾ ਨਤੀਜਾ ਇਹ ਨਿਕਲਿਆ ਕਿ ਉਸ ਨੇ ਆਪਣੇ ਮਾਪਿਆਂ ਦਾ ਕਤਲ ਕਰ ਦਿੱਤਾ।

ਪੌਲ ਹੇਸਟਿੰਗਸ, ਉਨ੍ਹਾਂ ਦੇ ਘਰ ਦੇ ਨੇੜੇ ਹੀ ਸ਼ੌਪਿੰਗ ਸੈਂਟਰ ਵਿੱਚ ਸਬਜ਼ੀਆਂ ਵੇਚਦੇ ਸਨ। ਉਸ ਨੇ ਵੀ ਗੈਰ-ਹਾਜ਼ਰੀ ਨੂੰ ਨੋਟਿਸ ਕੀਤਾ ਸੀ।

ਉਸ ਨੂੰ ਵਰਜੀਨੀਆ ਨੇ ਦੱਸਿਆ ਸੀ ਕਿ ਉਸਦੇ ਮਾਪੇ ਜੋ ਪੌਲ ਤੋਂ ਸਬਜ਼ੀਆਂ ਖ਼ਰੀਦਦੇ ਸਨ ਹੁਣ ਗਰੇਟ ਬੈਡੋਅ ਵਿੱਚ ਨਹੀਂ ਰਹੇ।

ਵਰਜੀਨੀਆ ਮੈਕਲੋ

ਤਸਵੀਰ ਸਰੋਤ, Essex Police

ਤਸਵੀਰ ਕੈਪਸ਼ਨ, ਵਰਜੀਨੀਆ ਮੈਕਲੋ ਹੁਣ ਘੱਟੋ-ਘੱਟ 36 ਸਾਲ ਜੇਲ੍ਹ ਵਿੱਚ ਬਿਤਾਏਗੀ

ਪੌਲ ਨੇ ਕਿਹਾ ਕਿ ਵਰਜੀਨੀਆ ਦੀ ਫਿਤਰਤ ਇਸ ਤਰ੍ਹਾਂ ਦੀ ਸੀ ਕਿ ਉਹ ਬਿਨਾਂ ਕੋਈ ਸ਼ੱਕ ਪੈਦਾ ਕੀਤੇ ਕੁਝ ਵੀ ਕਹਿ ਦਿੰਦੀ ਸੀ।

ਪੌਲ ਹੇਸਟਿੰਗਸ ਨੇ ਦੱਸਿਆ, “ਉਹ ਦੁਕਾਨ ‘ਤੇ ਆਈ ਤੇ ਕਹਿੰਦੀ ਕਿ ਪੁਲਿਸ ਮੇਰੇ ਪਿੱਛੇ ਹੈ, ਉਨ੍ਹਾਂ ਨੂੰ ਲਗਦਾ ਹੈ ਕਿ ਮੈਂ ਆਪਣੇ ਮਾਤਾ-ਪਿਤਾ ਨੂੰ ਮਾਰ ਦਿੱਤਾ ਹੈ।”

"ਮੈਨੂੰ ਇਹ ਕੁਝ ਅਜੀਬ ਲੱਗਿਆ, ਲੇਕਿਨ ਮੈਂ ਇਸ ਬਾਰੇ ਬਹੁਤਾ ਨੀ ਸੋਚਿਆ ਕਿ ਇਹ ਤਾਂ ਉਸਦੀ ਫਿਤਰਤ ਹੈ।"

ਪੌਲ ਨੇ ਦੱਸਿਆ ਕਈ ਵਾਰ ਤਾਂ ਵਰਜੀਨੀਆ ਉਨ੍ਹਾਂ ਦੀ ਦੁਕਾਨ ਉੱਤੇ ਦਿਨ ਵਿੱਚ ਚਾਰ-ਚਾਰ ਵਾਰ ਵੀ ਆ ਜਾਂਦੀ ਅਤੇ ਅਗਲੇ ਦੋ ਹਫ਼ਤੇ ਗਾਇਬ ਰਹਿੰਦੀ ਸੀ।

ਡੇਬੀ ਪੋਲਾਰਡ ਨੇ ਕਿਹਾ ਕਿਹਾ ਵਰਜੀਨੀਆ ਉਸਦੀ ਦੁਕਾਨ ਉੱਤੇ ਆਉਂਦੀ ਅਤੇ ਉਨ੍ਹਾਂ ਨੂੰ ਬਹੁਤ ਸਾਰੇ ਖਾਣੇ ਅਤੇ ਤੋਹਫ਼ੇ ਦੇ ਕੇ ਜਾਂਦੀ।

“ਮੈਨੂੰ ਪਤਾ ਸੀ ਕਿ ਕੁਝ ਅਜੀਬ ਹੈ ਪਰ ਮੈਂ ਕਦੇ ਨਹੀਂ ਸੋਚਿਆ ਕਿ ਉਹ ਵਾਕਈ ਅਜਿਹਾ ਕਰ ਸਕਦੀ ਸੀ ਜੋ ਉਸ ਨੇ ਵਾਕਈ ਕੀਤਾ।”

ਪੌਲ ਅਤੇ ਡੇਬੀ ਨੇ ਇਹ ਵੀ ਦੱਸਿਆ ਕਿ ਇੱਕ ਵਾਰ ਵਰਜੀਨੀਆ ਨੇ ਗਰਭਵਤੀ ਹੋਣ ਦਾ ਢੋਂਗ ਵੀ ਕੀਤਾ ਸੀ। ਇਸ ਲਈ ਉਸਨੇ ਆਪਣੇ ਕੱਪੜਿਆਂ ਦੇ ਥੱਲੇ ਢਿੱਡ ਵੀ ਕੱਢ ਲਿਆ ਸੀ।

ਈਸੈਕਸ ਪੁਲਿਸ ਦੇ ਡਿਪਟੀ ਸੁਪਰੀਟੈਂਡੈਂਟ ਰੌਬ ਕਿਰਬੀ

ਤਸਵੀਰ ਸਰੋਤ, Stuart Woodward/BBC

ਤਸਵੀਰ ਕੈਪਸ਼ਨ, ਈਸੈਕਸ ਪੁਲਿਸ ਦੇ ਡਿਪਟੀ ਸੁਪਰੀਟੈਂਡੈਂਟ ਰੌਬ ਕਿਰਬੀ

ਸਾਰੀ ਸੁਣਵਾਈ ਦੇ ਦੌਰਾਨ ਵਰਜੀਨੀਆ ਭਾਵਹੀਣ ਨਜ਼ਰਾਂ ਦੇ ਨਾਲ ਫਰਸ਼ ਵੱਲ ਦੇਖਦੀ ਰਹੀ।

ਉਹ ਸਿਰਫ਼ ਪੁਲਿਸ ਨੂੰ ਦਿੱਤੇ ਆਪਣੇ ਇਕਬਾਲੀਆ ਬਿਆਨ ਨੂੰ ਸੁਣ ਕੇ ਰੋਈ ਸੀ।

ਉਸ ਨੇ ਪੁਲਿਸ ਨੂੰ ਦੱਸਿਆ ਸੀ, “ਉਹ ਬਹੁਤ ਮਾਸੂਮ ਲੱਗ ਰਹੀ ਸੀ, ਉਹ ਸਿਰਫ਼ ਰੇਡੀਓ ਸੁਣ ਰਹੀ ਸੀ।”

“ਮੈਂ ਉੱਥੇ ਤਿੰਨ ਵਾਰ ਇਰਾਦਾ ਪੱਕਾ ਕਰਨ ਗਈ, ਲੇਕਿਨ ਮੈਂ ਜਾਣਦੀ ਸੀ ਕਿ ਮੈਨੂੰ ਇਹ ਕਰਨਾ ਹੀ ਪਏਗਾ ਤੇ ਮੈਂ ਝਿਜਕ ਨਹੀਂ ਸਕਦੀ।”

“ਉਹ ਬੇਯਕੀਨੀ ਵਿੱਚ ਮੇਰੇ ਵੱਲ ਦੇਖ ਰਹੀ ਸੀ।”

ਈਸੈਕਸ ਪੁਲਿਸ ਦੇ ਡਿਪਟੀ ਸੁਪਰੀਟੈਂਡੈਂਟ ਰੌਬ ਕਿਰਬੀ ਨੇ ਕਿਹਾ ਕਿ ਅਦਾਲਤ ਵਿੱਚ ਉਸ ਨੇ ਜੋ ਸ਼ਾਂਤਚਿਤ ਵਤੀਰਾ ਰੱਖਿਆ ਉਹ ਉਨ੍ਹਾਂ “ਧਿਆਨਪੂਰਬਕ ਅਤੇ ਤਫ਼ਸੀਲੀ” ਕਾਤਲਾਂ ਦਾ ਆਮ ਹੁੰਦਾ ਹੈ, ਜੋ ਕਿ ਉਹ ਹੈ।

ਉਨ੍ਹਾਂ ਨੇ ਕਿਹਾ ਕਿ, “ਪੂਰੀ ਜਾਂਚ ਦੇ ਦੌਰਾਨ, ਉਸ ਨੇ ਧੋਖੇ ਦੇ ਉਨ੍ਹਾਂ ਪੱਧਰਾਂ ਬਾਰੇ ਖੁਲਾਸੇ ਕੀਤੇ ਜਿਨ੍ਹਾਂ ਵਿੱਚ ਉਹ ਸ਼ਾਮਲ ਰਹੀ ਸੀ।”

“ਇਹ ਇੱਕ ਹੌਲਨਾਕ ਮਾਮਲਾ ਸੀ।”

“ਮੈਕਲੋ ਨੇ ਆਪਣੀ ਜ਼ਿੰਦਗੀ ਦੇ ਲਗਭਗ ਹਰ ਪਹਿਲੂ ਬਾਰੇ ਝੂਠ ਬੋਲਿਆ। ਉਸ ਨੇ ਆਪਣੇ ਹਰੇਕ ਨਜ਼ਦੀਕੀ ਨੂੰ ਧੋਖਾ ਦਿੱਤਾ ਅਤੇ ਸਪਸ਼ਟ ਰੂਪ ਵਿੱਚ ਆਪਣੇ ਮਾਪਿਆਂ ਦੇ ਸਮਾਜਿਕ ਮਾਣ ਸਨਮਾਨ ਦਾ ਲਾਹਾ ਚੁੱਕਿਆ।”

“ਉਹ ਵਰਗਲਾਉਣ ਵਿੱਚ ਮਾਹਰ ਹੈ, ਜਿਸ ਨੇ ਬੇ ਰਹਿਮੀ ਨਾਲ ਬਿਨਾਂ ਉਨ੍ਹਾਂ ਬਾਰੇ ਅਤੇ ਇਸ ਘਾਟੇ ਤੋਂ ਪ੍ਰਭਾਵਿਤ ਹੋਣ ਵਾਲੇ ਕਿਸੇ ਵੀ ਵਿਅਕਤੀ ਬਾਰੇ ਸੋਚੇ ਬਿਨਾ ਉਨ੍ਹਾਂ ਨੂੰ ਮਾਰਨ ਦਾ ਫੈਸਲਾ ਕੀਤਾ।”

(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)