ਇਸ ਇਲਾਕੇ ਵਿੱਚ ਕੁੜੀਆਂ ਨੂੰ ਵਿਆਹ ਤੋੜਨ ਲਈ ਲੱਖਾਂ ਰੁਪਏ ਕਿਉਂ ਦੇਣੇ ਪੈਂਦੇ ਹਨ

- ਲੇਖਕ, ਵਿਸ਼ਣੂਕਾਂਤ ਤਿਵਾਰੀ
- ਰੋਲ, ਬੀਬੀਸੀ ਪੱਤਰਕਾਰ
“ਸਾਡੇ ਖੇਤਰ ਵਿੱਚ ਬਚਪਨ ਵਿੱਚ ਕੁੜੀ ਮੰਗ ਦਿੱਤੀ ਜਾਂਦੀ ਹੈ ਅਤੇ ਫਿਰ ਕੁੜੀਆਂ ਦੇ ਸਾਰੇ ਫ਼ੈਸਲੇ ਸਹੁਰੇ ਵਾਲੇ ਹੀ ਲੈਂਦੇ ਹਨ… ਜੇਕਰ ਕੁੜੀ ਇਸ ਰਿਸ਼ਤੇ ਤੋਂ ਬਾਹਰ ਆਉਣਾ ਚਾਹੇ ਤਾਂ ਰਿਸ਼ਤਾ ਤੋੜਨ ਦੇ ਬਦਲੇ ਪੈਸੇ ਦੀ ਮੰਗ ਕੀਤੀ ਜਾਂਦੀ ਹੈ। ਮੇਰੇ ਸਹੁਰਿਆਂ ਨੇ ਮੇਰੇ ਤੋਂ 18 ਲੱਖ ਰੁਪਏ ਮੰਗੇ।"
ਇਹ ਕਹਿਣਾ ਹੈ ਮੱਧ ਪ੍ਰਦੇਸ਼ ਦੇ ਰਾਜਗੜ੍ਹ ਜ਼ਿਲ੍ਹੇ ਦੀ ਕੌਸ਼ੱਲਿਆ ਦਾ ਅਤੇ ਉਹ ਗੱਲ ਕਰ ਰਹੀ ਹੈ ਪੀੜ੍ਹੀਆਂ ਤੋਂ ਚੱਲਦੀ ਆ ਰਹੀ ਪਰੰਪਰਾ ਦੀ, ਜਿਸ ਨੂੰ 'ਝਗੜਾ ਨਾਤਰਾ' ਪ੍ਰਥਾ ਕਿਹਾ ਜਾਂਦਾ ਹੈ।
ਪਿੰਡ ਪਗਾਰੀਆ ਦੀ ਰਹਿਣ ਵਾਲੀ ਕੌਸ਼ੱਲਿਆ ਦੀ 2 ਸਾਲ ਦੀ ਉਮਰ 'ਚ ਨਾਤਰਾ ਪਰੰਪਰਾ ਦੇ ਤਹਿਤ ਮੰਗਣੀ ਹੋਈ ਸੀ ਅਤੇ ਵਿਆਹ 2021 'ਚ 22 ਸਾਲ ਦੀ ਉਮਰ 'ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਇੱਕ ਕਿਸਾਨ ਹਨ।
ਕੌਸ਼ੱਲਿਆ ਆਖਦੀ ਹੈ, "ਇਨ੍ਹਾਂ ਤਿੰਨ ਸਾਲਾਂ ਵਿੱਚ ਮੈਂ ਹਿੰਸਾ ਦਾ ਦੌਰ ਦੇਖਿਆ। ਮੇਰੇ ਤੋਂ ਪੰਜ ਲੱਖ ਰੁਪਏ ਅਤੇ ਇੱਕ ਮੋਟਰਸਾਈਕਲ ਦੀ ਮੰਗ ਕੀਤੀ ਗਈ। ਪਰ ਜਦੋਂ ਮੈਂ ਇਹ ਬਰਦਾਸ਼ਤ ਨਾ ਕਰ ਸਕੀ ਤਾਂ ਮੈਂ ਆਪਣੇ ਪੇਕੇ ਆ ਗਈ।"

ਕੌਸ਼ੱਲਿਆ ਨੇ ਆਪਣੀ ਹੱਡਬੀਤੀ ਦੱਸੀ
ਸਮਾਜਿਕ ਦਬਾਅ ਅਤੇ ਰਿਸ਼ਤਾ ਟੁੱਟਣ ਦੇ ਡਰੋਂ ਕੌਸ਼ੱਲਿਆ ਦਾ ਪਰਿਵਾਰ ਨਹੀਂ ਚਾਹੁੰਦਾ ਸੀ ਕਿ ਮਾਮਲਾ ਅੱਗੇ ਵਧੇ ਅਤੇ ਸ਼ੁਰੂਆਤ ਵਿੱਚ ਉਨ੍ਹਾਂ ਨੇ ਕੌਸ਼ੱਲਿਆ ਨੂੰ ਸਮਝਾ ਕੇ ਕਈ ਵਾਰ ਸਹੁਰੇ ਵਾਪਸ ਭੇਜ ਦਿੱਤਾ।
ਉਹ ਕਹਿੰਦੀ ਹੈ, "ਮੈਂ ਅੱਗੇ ਪੜ੍ਹਨਾ ਚਾਹੁੰਦੀ ਸੀ, ਨੌਕਰੀ ਕਰਨਾ ਚਾਹੁੰਦੀ ਸੀ ਅਤੇ ਵਿਆਹ ਤੋੜਨ ਲਈ ਮੇਰੇ ਤੋਂ 18 ਲੱਖ ਰੁਪਏ ਮੰਗੇ ਗਏ ਸਨ।"
ਪਰ ਜਦੋਂ ਉਹ ਸਾਲ 2023 ਵਿੱਚ ਆਪਣੇ ਪੇਕੇ ਆਈ ਤਾਂ ਉਸ ਨੇ ਫ਼ੈਸਲਾ ਕਰ ਲਿਆ ਸੀ ਕਿ ਉਹ ਆਪਣੇ ਸਹੁਰੇ ਘਰ ਵਾਪਸ ਨਹੀਂ ਜਾਵੇਗੀ।
ਹਾਲਾਂਕਿ, ਪਰਿਵਾਰ ਨੇ ਉਸ ਨੂੰ ਦੁਬਾਰਾ ਮਨਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਉਹ ਜਾਣਦੇ ਸਨ ਕਿ ਉਸਦੇ ਸਹੁਰਿਆਂ ਦੀ ਮੰਗ ਪੂਰੀ ਕਰਨੀ ਸੌਖੀ ਨਹੀਂ ਹੈ।
ਇਹ ਮਾਮਲਾ ਪੰਚਾਇਤ ਤੱਕ ਪਹੁੰਚਿਆ ਅਤੇ ਫ਼ੈਸਲਾ ਹੋਇਆ ਕਿ ਜੇਕਰ ਕੌਸ਼ੱਲਿਆ ਵਿਆਹ ਤੋੜਨਾ ਚਾਹੁੰਦੀ ਹੈ ਤਾਂ ਉਸ ਨੂੰ 18 ਲੱਖ ਰੁਪਏ ਦੇਣੇ ਪੈਣਗੇ।
ਕੌਸ਼ੱਲਿਆ ਸੋਂਦੀਆ ਭਾਈਚਾਰੇ ਤੋਂ ਆਉਂਦੀ ਹੈ ਅਤੇ ਇਹ ਇੱਕ ਪਿਛੜੀ ਜਾਤੀ ਹੈ। ਇਸ ਭਾਈਚਾਰੇ ਦੇ ਲੋਕ ਪੁਲਿਸ ਜਾਂ ਕਾਨੂੰਨ ਦਾ ਸਹਾਰਾ ਲੈਣ ਦੀ ਬਜਾਏ ਪੰਚਾਇਤਾਂ ਨਾਲ ਆਪਣੇ ਮਾਮਲੇ ਨਿਪਟਾਉਣ ਨੂੰ ਤਰਜੀਹ ਦਿੰਦੇ ਹਨ।

ਤਸਵੀਰ ਸਰੋਤ, KAUSHALYA
ਵਿਕਾਸ ਪੱਖੋਂ ਪਿਛੜੇ ਪਿੰਡ
ਪਗਾਰੀਆ ਪਿੰਡ ਵਿਕਾਸ ਪੱਖੋਂ ਪੱਛੜਿਆ ਜਾਪਦਾ ਹੈ। ਪਿੰਡ ਵਿੱਚ ਦਾਖ਼ਲ ਹੁੰਦੇ ਹੀ ਇੱਥੋਂ ਦੀ ਮੁੱਖ ਸੜਕ ਟੁੱਟੀ ਨਜ਼ਰ ਆਉਣ ਲੱਗਦੀ ਹੈ। ਕਈ ਥਾਵਾਂ 'ਤੇ ਕੱਚੀਆਂ ਸੜਕਾਂ ਨਜ਼ਰ ਆ ਜਾਂਦੀਆਂ ਹਨ। ਇੱਥੇ ਜ਼ਿਆਦਾਤਰ ਔਰਤਾਂ ਘੁੰਡ ਕੱਢਦੀਆਂ ਹਨ।
ਨੈਸ਼ਨਲ ਫੈਮਿਲੀ ਹੈਲਥ ਸਰਵੇ-5 (ਐੱਨਐੱਫਐੱਚਐੱਸ-5) ਅਨੁਸਾਰ ਰਾਜਗੜ੍ਹ ਜ਼ਿਲ੍ਹੇ ਦੀਆਂ 52 ਫ਼ੀਸਦੀ ਔਰਤਾਂ ਅਨਪੜ੍ਹ ਹਨ ਅਤੇ 20-24 ਸਾਲ ਦੀ ਉਮਰ ਵਰਗ ਦੀਆਂ ਕੁੱਲ ਕੁੜੀਆਂ ਵਿੱਚੋਂ 46 ਫ਼ੀਸਦੀ ਅਜਿਹੀਆਂ ਹਨ ਜਿਨ੍ਹਾਂ ਦਾ ਵਿਆਹ 18 ਸਾਲ ਤੋਂ ਪਹਿਲਾਂ ਹੋ ਗਿਆ ਹੈ ਯਾਨੀ ਉਨ੍ਹਾਂ ਦਾ ਬਾਲ ਵਿਆਹ ਹੋਇਆ ਹੈ।
2011 ਦੀ ਜਨਗਣਨਾ ਅਨੁਸਾਰ ਰਾਜਗੜ੍ਹ ਦੀ ਕੁੱਲ ਆਬਾਦੀ 15.45 ਲੱਖ ਹੈ ਅਤੇ ਇੱਥੇ 7.55 ਲੱਖ ਤੋਂ ਵੱਧ ਔਰਤਾਂ ਹਨ।
ਮੱਧ ਪ੍ਰਦੇਸ਼ ਵਿੱਚ ਰਾਜਗੜ੍ਹ ਤੋਂ ਇਲਾਵਾ ਜੇਕਰ ਮਾਲਵਾ, ਗੁਣਾ ਸਣੇ ਰਾਜਸਥਾਨ ਦੇ ਝਾਲਾਵਾੜ ਤੋਂ ਲੈ ਕੇ ਚਿਤੌੜਗੜ੍ਹ ਅਜਿਹੇ ਇਲਾਕੇ ਹਨ ਜਿੱਥੇ ਨਾਤਰਾ ਪਰੰਪਰਾ ਅੱਜ ਵੀ ਜਾਰੀ ਹੈ।

ਕੀ ਹੈ ਇਹ ਪਰੰਪਰਾ
ਜਾਣਕਾਰ ਦੱਸਦੇ ਹਨ ਕਿ ਇਨ੍ਹਾਂ ਖੇਤਰਾਂ ਵਿੱਚ ਇਹ ਪ੍ਰਥਾ ਪਿਛਲੇ 100 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਚੱਲੀ ਆ ਰਹੀ ਹੈ।
ਸੀਮਾ ਸਿੰਘ 1989 ਤੋਂ ਰਾਜਗੜ੍ਹ ਦੇ ਪੀਜੀ ਕਾਲਜ ਵਿੱਚ ਸਮਾਜ ਸ਼ਾਸਤਰ ਪੜ੍ਹਾ ਰਹੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ 'ਝਗੜਾ ਨਾਤਰਾ' ਦੀ ਪ੍ਰਥਾ ਦਾ ਕੋਈ ਲਿਖਤੀ ਇਤਿਹਾਸ ਨਹੀਂ ਹੈ ਪਰ ਇਹ ਸਦੀਆਂ ਪੁਰਾਣੀ ਪ੍ਰਥਾ ਹੈ ਅਤੇ ਵਿਧਵਾ ਔਰਤਾਂ ਅਤੇ ਕੁਆਰੀਆਂ ਔਰਤਾਂ ਅਤੇ ਮਰਦਾਂ ਨਾਲ ਰਹਿਣ ਦੀ ਪਰੰਪਰਾ ਸੀ ਤਾਂ ਜੋ ਉਨ੍ਹਾਂ ਨੂੰ ਵੀ ਸਮਾਜਿਕ ਤੌਰ 'ਤੇ ਵਧੀਆ ਜੀਵਨ ਬਤੀਤ ਕਰਨ ਦਾ ਹੱਕ ਮਿਲ ਸਕੇ।
ਉਹ ਦੱਸਦੇ ਹਨ ਕਿ ਇਸ ਪ੍ਰਥਾ ਬਾਰੇ ਕਈ ਬਜ਼ੁਰਗਾਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਸੀ ਅਤੇ ਪਹਿਲਾਂ ਇਸ ਦਾ ਨਾਂ ਨਾਤਾ ਪ੍ਰਥਾ ਸੀ।
ਉਨ੍ਹਾਂ ਅਨੁਸਾਰ, “ਇਸ ਪਰੰਪਰਾ ਦੇ ਤਹਿਤ, ਵਿਧਵਾ ਔਰਤਾਂ ਨੂੰ ਮੁੜ ਸਮਾਜਿਕ ਜੀਵਨ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਦਾ ਸੀ। ਹਾਲਾਂਕਿ, ਸਮੇਂ ਦੇ ਨਾਲ ਇਸ ਦਾ ਸਰੂਪ ਬਦਲਦਾ ਗਿਆ ਅਤੇ ਅੱਜ ਇਹ ਔਰਤਾਂ ਦੀ ਇੱਕ ਤਰ੍ਹਾਂ ਦੀ ਸੌਦੇਬਾਜ਼ੀ ਵਿੱਚ ਬਦਲ ਗਿਆ ਹੈ।"
"ਇਸ ਵਿੱਚ ਬੱਚੀਆਂ ਦਾ ਬਚਪਨ ਵਿੱਚ ਵਿਆਹ ਜਾਂ ਮੰਗਣੀ ਕਰ ਦਿੱਤੀ ਜਾਂਦੀ ਹੈ ਅਤੇ ਜਦੋਂ ਅੱਗੇ ਜਾ ਕੇ ਰਿਸ਼ਤੇ ਵਿੱਚ ਦਰਾਰ ਆਉਂਦੀ ਹੈ ਤਾਂ ਕੁੜੀਆਂ ਤੋਂ ਪੈਸੇ ਮੰਗੇ ਜਾਂਦੇ ਹਨ। ਪੈਸੇ ਦੀ ਮੰਗ ਨੂੰ ʻਝਗੜਾʼ ਮੰਗਣਾ ਕਹਿੰਦੇ ਹਨ।"

ਅਜਿਹੇ ਮਾਮਲਿਆਂ ਵਿੱਚ ਪੰਚਾਇਤ ਦੀ ਭੂਮਿਕਾ ਬਾਰੇ ਸੀਮਾ ਸਿੰਘ ਦਾ ਕਹਿਣਾ ਹੈ, “ਪੰਚਾਇਤਾਂ ਤੱਕ ਕੇਸ ਉਦੋਂ ਪਹੁੰਚਦੇ ਹਨ ਜਦੋਂ ਕੁੜੀ ਜਾਂ ਤਾਂ ਵਿਰੋਧ ਕਰਦੀ ਹੈ ਜਾਂ ਕੁੜੀ ਵਾਲਾ ਪੱਖ ਪੈਸੇ ਦੇਣ ਵਿੱਚ ਅਸਮਰੱਥ ਹੁੰਦਾ ਹੈ ਕਿਉਂਕਿ ਮੁੰਡੇ ਦਾ ਪੱਖ ਹਮੇਸ਼ਾ ਹੀ ਜ਼ਿਆਦਾ ਪੈਸੇ ਮੰਗਦਾ ਹੈ।"
"ਆਪਣੇ ਹੀ ਭਾਈਚਾਰੇ ਦੇ ਲੋਕ ਪੰਚਾਇਤ ਵਿੱਚ ਬੈਠ ਕੇ ਫ਼ੈਸਲਾ ਕਰਦੇ ਹਨ ਕਿ ਕੁੜੀ ਦੀ ਆਜ਼ਾਦੀ ਦੇ ਬਦਲੇ ਮੁੰਡੇ ਨੂੰ ਕਿੰਨੇ ਪੈਸੇ ਦੇਣੇ ਪੈਣਗੇ।”
ਸਥਾਨਕ ਪੱਤਰਕਾਰ ਅਤੇ ਸਮਾਜਿਕ ਕਾਰਕੁਨ ਭਾਨੂ ਠਾਕੁਰ ਦਾ ਕਹਿਣਾ ਹੈ, "ਸਥਾਨਕ ਲੋਕਾਂ ਵਿੱਚ ਇਸ ਪ੍ਰਥਾ ਦਾ ਪ੍ਰਭਾਵ ਇੰਨਾ ਜ਼ਿਆਦਾ ਹੈ ਕਿ ਇਸ ਮੰਗਣੀ ਨੂੰ ਕੋਰਟ ਮੈਰਿਜ ਨਾਲੋਂ ਜ਼ਿਆਦਾ ਪੱਕਾ ਮੰਨਿਆ ਜਾਂਦਾ ਹੈ।"
ਪਿਛਲੇ ਤਿੰਨ ਸਾਲਾਂ ਵਿੱਚ ਇਕੱਲੇ ਰਾਜਗੜ੍ਹ ਜ਼ਿਲ੍ਹੇ ਵਿੱਚ ‘ਝਗੜਾ ਨਾਤਰਾ’ ਪ੍ਰਥਾ ਦੇ 500 ਤੋਂ ਵੱਧ ਕੇਸ ਦਰਜ ਕੀਤੇ ਗਏ ਹਨ।
ਹਾਲਾਂਕਿ, ਭਾਨੂ ਠਾਕੁਰ ਦਾ ਕਹਿਣਾ ਹੈ ਕਿ ਇਹ ਸਿਰਫ਼ ਉਹ ਮਾਮਲੇ ਹਨ ਜੋ ਰਿਪੋਰਟ ਕੀਤੇ ਗਏ ਹਨ। ਕਈ ਅਜਿਹੇ ਮਾਮਲੇ ਹਨ ਜਿਨ੍ਹਾਂ ਦੀ ਰਿਪੋਰਟ ਨਹੀਂ ਹੋਈ, ਇਸ ਲਈ ਉਨ੍ਹਾਂ ਦੀ ਗਿਣਤੀ ਵੱਧ ਹੋ ਸਕਦੀ ਹੈ।

ਤਿੰਨ ਸਾਲਾਂ ਵਿੱਚ 500 ਕੇਸ ਦਰਜ
ਅਸੀਂ ਕੌਸ਼ੱਲਿਆ ਦੇ ਮਾਮਲੇ 'ਤੇ ਰਾਜਗੜ੍ਹ ਦੇ ਐੱਸਪੀ ਆਦਿਤਿਆ ਮਿਸ਼ਰਾ ਨਾਲ ਗੱਲ ਕੀਤੀ।
ਐੱਸਪੀ ਆਦਿਤਿਆ ਮਿਸ਼ਰਾ ਦਾ ਕਹਿਣਾ ਹੈ, "ਇਹ ਪੂਰੀ ਤਰ੍ਹਾਂ ਗ਼ੈਰ-ਕਾਨੂੰਨੀ ਅਤੇ ਗ਼ੈਰ-ਸੰਵਿਧਾਨਕ ਪ੍ਰਥਾ ਹੈ, ਜਿਸ ਕਾਰਨ ਅੱਜ ਵੀ ਇੱਥੇ ਲੋਕ ਰੀਤੀ-ਰਿਵਾਜਾਂ ਦੇ ਨਾਂ 'ਤੇ ਔਰਤਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਤੋਂ ਵਾਂਝੇ ਕਰਨ ਦੀ ਕੋਸ਼ਿਸ਼ ਕਰਦੇ ਹਨ।"
ਪੁਲਿਸ ਸੁਪਰਡੈਂਟ ਆਦਿਤਿਆ ਮਿਸ਼ਰਾ ਦਾ ਕਹਿਣਾ ਹੈ, "ਅਜਿਹੇ ਕਈ ਮਾਮਲੇ ਹਨ ਜਿੱਥੇ ਜ਼ਿਆਦਾਤਰ ਬਚਪਨ ਵਿੱਚ ਹੀ ਬੱਚਿਆਂ ਦੀ ਮੰਗਣੀ ਕਰ ਦਿੱਤੀ ਜਾਂਦੀ ਹੈ ਅਤੇ ਬਾਅਦ ਵਿੱਚ ਰਿਸ਼ਤਾ ਟੁੱਟਣ ʼਤੇ ਕੁੜੀ ਨੂੰ ਮੁੰਡੇ ਅਤੇ ਉਸਦੇ ਪਰਿਵਾਰ ਨੂੰ ਲੱਖਾਂ ਰੁਪਏ ਦੇਣੇ ਪੈਂਦੇ ਹਨ।"
ਉਨ੍ਹਾਂ ਦਾ ਕਹਿਣਾ ਹੈ, "ਇਹ ਔਰਤਾਂ ਦੀ ਆਜ਼ਾਦੀ ਨੂੰ ਦਬਾਉਣ ਦੀ ਕੋਸ਼ਿਸ਼ ਹੈ ਅਤੇ ਸਮਾਜ ਦੇ ਲੋਕ ਇਸ ਨੂੰ ਬਿਲਕੁਲ ਸਹੀ ਮੰਨਦੇ ਹਨ।
ਉਨ੍ਹਾਂ ਅਨੁਸਾਰ, "ਲੰਘੇ ਤਿੰਨ ਸਾਲਾਂ ਵਿੱਚ ਕਰੀਬ 500 ਮਾਮਲੇ ਦਰਜ ਕੀਤੇ ਗਏ ਹਨ ਅਤੇ ਮੈਂ ਇਸ ਨੂੰ ਇੱਕ ਸਕਾਰਾਤਮਕ ਪਹਿਲੂ ਵਜੋਂ ਦੇਖਦਾ ਹਾਂ ਕਿਉਂਕਿ ਇੰਨੇ ਸਾਲਾ ਬਾਅਦ ਹੁਣ ਘੱਟੋ-ਘੱਟ ਪੀੜਤਾਂ ਦੇ ਮਨ ਵਿੱਚ ਇਸ ਨੂੰ ਲੈ ਕੇ ਇੰਨੀ ਹਿੰਮਤ ਜਾਗੀ ਹੈ ਕਿ ਉਹ ਆ ਕੇ ਸ਼ਿਕਾਇਤ ਕਰਨ ਅਤੇ ਕਾਨੂੰਨ ਦੀ ਮਦਦ ਲੈਣ।"
ਸੀਮਾ ਸਿੰਘ ਦਾ ਕਹਿਣਾ ਹੈ, ""ਇਸ ਨੂੰ 'ਕੁੜੀਆਂ ਦੀ ਸੌਦੇਬਾਜ਼ੀ' ਕਹਿਣਾ ਚਾਹੀਦਾ ਹੈ ਕਿਉਂਕਿ ਇਸ ਰਵਾਇਤ ਤਹਿਤ ਜਦੋਂ ਮੁੰਡੇ ਵਾਲੇ ਪੈਸੇ ਦੀ ਮੰਗ ਕਰਦੇ ਹਨ ਤਾਂ ਕੁੜੀ ਦੇ ਪਰਿਵਾਰ ਵਾਲੇ ਕਈ ਮੁੰਡਿਆਂ ਨਾਲ ਗੱਲ ਕਰਨ ਤੋਂ ਬਾਅਦ ਇੱਕ ਮੁੰਡੇ ਕੋਲ ਭੇਜ ਦਿੰਦੇ ਹਨ ਜੋ ਸਭ ਤੋਂ ਜ਼ਿਆਦਾ ਪੈਸੇ ਦੇਣ ਨੂੰ ਰਾਜ਼ੀ ਹੁੰਦਾ ਹੈ।"
"ਇਸੇ ਪੈਸੇ ਨਾਲ ਕੁੜੀ ਵਾਲੇ ਮੁੰਡੇ ਵਾਲਿਆਂ ਨੂੰ ਮੰਗ ਅਨੁਸਾਰ ਪੈਸੇ ਦਿੰਦੇ ਹਨ।"

ਮੰਗੀਬਾਈ ਦੀ ਹੱਡਬੀਤੀ
ਰਾਜਗੜ੍ਹ ਤੋਂ 20 ਕਿਲੋਮੀਟਰ ਦੂਰ ਕੋਡਕਿਆ ਪਿੰਡ ਦੀ ਰਹਿਣ ਵਾਲੀ ਮੰਗੀਬਾਈ ਦੀ ਕਹਾਣੀ ਵੀ ਕੌਸ਼ੱਲਿਆ ਨਾਲ ਮਿਲਦੀ-ਜੁਲਦੀ ਹੈ।
ਹੱਡਬੀਤੀ ਸੁਣਾਉਣ ਵੇਲੇ ਮੰਗੀਬਾਈ ਭਾਵੁਕ ਹੋ ਗਈ।
ਉਹ ਕਹਿੰਦੀ ਹੈ, “ਉੱਥੇ ਮੈਨੂੰ ਨਾ ਤਾਂ ਖਾਣਾ ਮਿਲਦਾ ਸੀ ਅਤੇ ਨਾ ਹੀ ਸੌਣ ਲਈ ਬਿਸਤਰਾ। ਜਦੋਂ ਮੈਂ ਆਪਣੇ ਪਤੀ ਨੂੰ ਸ਼ਰਾਬ ਪੀਣ ਤੋਂ ਮਨ੍ਹਾਂ ਕਰਦੀ ਸੀ ਤਾਂ ਮਾਰ ਖਾਣੀ ਪੈਂਦੀ ਸੀ।"
"ਉੱਥੇ ਮੇਰੀ ਜ਼ਿੰਦਗੀ ਬਰਬਾਦ ਸੀ। ਅਸੀਂ ਬਹੁਤ ਗਰੀਬ ਹਾਂ। ਮੇਰੇ ਸੁਪਨੇ ਵੱਡੇ ਨਹੀਂ ਸਨ, ਮੈਂ ਸਿਰਫ਼ ਖੁਸ਼ਹਾਲ ਜ਼ਿੰਦਗੀ ਚਾਹੁੰਦੀ ਸੀ ਪਰ ਮੈਨੂੰ ਉਹ ਵੀ ਨਸੀਬ ਨਹੀਂ ਹੋਇਆ।"
ਮੰਗੀਬਾਈ ਦਾ ਕਹਿਣਾ ਹੈ ਕਿ ਜਦੋਂ ਉਸ ਨੇ ਰਿਸ਼ਤਾ ਖ਼ਤਮ ਕਰਨਾ ਚਾਹਿਆ ਤਾਂ ਉਸ ਤੋਂ 5 ਲੱਖ ਰੁਪਏ ਮੰਗੇ ਗਏ। ਜਦੋਂ ਮਾਮਲਾ ਪੰਚਾਇਤ ਤੱਕ ਪਹੁੰਚਿਆ ਤਾਂ ਮੰਗੀਬਾਈ ਦੇ ਖ਼ਿਲਾਫ਼ ਗਿਆ।
ਜਨਵਰੀ 2023 ਵਿੱਚ ਮੰਗੀਬਾਈ ਨੇ ਰਾਜਗੜ੍ਹ ਦੇ ਖਿਲਚੀਪੁਰ ਥਾਣੇ ਵਿੱਚ ਆਪਣੇ ਪਤੀ, ਸਹੁਰੇ ਅਤੇ ਜੀਜਾ ਖ਼ਿਲਾਫ਼ ਕੁੱਟਮਾਰ ਕਰਨ ਅਤੇ ਪੈਸਿਆਂ ਦੀ ਮੰਗ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਸੀ।
ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਮੰਗੀਬਾਈ ਦੇ ਪਤੀ ਕਮਲ ਸਿੰਘ, ਜੇਠ ਮੰਗੀਲਾਲ ਅਤੇ ਉਸ ਦੇ ਸਹੁਰੇ ਕੰਵਰਲਾਲ ਵਾਸੀ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 498 ਏ (ਔਰਤਾਂ ਦੇ ਨਾਲ ਪਤੀ ਜਾਂ ਉਸ ਦੇ ਰਿਸ਼ਤੇਦਾਰਾਂ ਵੱਲੋਂ ਕੀਤੀ ਵਾਲੀ ਕਰੂਰਤਾ ਨਾਲ ਜੁੜੀ ਧਾਰਾ) ਤਹਿਤ ਕੇਸ ਦਰਜ ਕੀਤਾ ਗਿਆ ਸੀ।"
"ਫਿਲਹਾਲ ਮੰਗੀਬਾਈ ਦਾ ਪਤੀ ਅਤੇ ਸਹੁਰੇ ਪਰਿਵਾਰ ਦੇ ਹੋਰ ਮੈਂਬਰ ਜ਼ਮਾਨਤ 'ਤੇ ਹਨ।"
ਮੰਗੀਬਾਈ ਇਸ ਸਮੇਂ ਆਪਣੇ ਮਾਤਾ-ਪਿਤਾ ਨਾਲ ਰਹਿੰਦੀ ਹੈ।

ਮੰਗੀਬਾਈ ਦੇ ਪਿਤਾ ਅਤੇ ਉਸਦੇ ਦੋ ਭਰਾ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਚਲਾਉਂਦੇ ਹਨ।
ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ 'ਝਗੜੇ' ਦੀ ਰਕਮ ਦੇਣ ਲਈ 5 ਲੱਖ ਰੁਪਏ ਨਹੀਂ ਹਨ ਅਤੇ ਜਦੋਂ ਤੱਕ ਉਹ ਪੈਸੇ ਨਹੀਂ ਦੇ ਦਿੰਦੇ, ਉਹ ਆਪਣੀ ਧੀ ਦਾ ਵਿਆਹ ਕਿਤੇ ਹੋਰ ਨਹੀਂ ਕਰਵਾ ਸਕਦੇ।
ਇਸ ਦੌਰਾਨ ਮੰਗੀਬਾਈ ਦੇ ਪਤੀ ਕਮਲੇਸ਼ ਨੇ ਦੂਜਾ ਵਿਆਹ ਕਰਵਾ ਲਿਆ ਹੈ। ਉਹ ਪੇਸ਼ੇ ਤੋਂ ਦਿਹਾੜੀਦਾਰ ਮਜ਼ਦੂਰ ਹੈ।
ਬੀਬੀਸੀ ਨਾਲ ਗੱਲ ਕਰਦਿਆਂ ਹੋਇਆ ਕਮਲੇਸ਼ ਨੇ ਕਿਹਾ, "ਮੈਂ ਮੰਗੀਬਾਈ ਦੇ ਪਿਤਾ ਨੂੰ ਕਰੀਬ ਤਿੰਨ ਲੱਖ ਰੁਪਏ ਦਿੱਤੇ ਹਨ ਅਤੇ ਇਹ ਰਕਮ ਛੇ ਮਹੀਨੇ ਪਹਿਲਾਂ ਦਿੱਤੀ ਗਈ ਸੀ।"
"ਵਿਆਹ ਸਮੇਂ ਮੇਰੇ ਪਰਿਵਾਰ ਨੇ ਮੰਗੀਬਾਈ ਨੂੰ ਇੱਕ ਤੋਲਾ ਸੋਨਾ, ਇੱਕ ਕਿੱਲੋ ਚਾਂਦੀ ਦੇ ਗਹਿਣੇ ਦਿੱਤੇ ਸਨ। ਅਸੀਂ ਸਿਰਫ਼ ਆਪਣਾ ਸਮਾਨ ਅਤੇ ਜੋ ਰਕਮ ਦਿੱਤੀ ਸੀ ਉਹ ਵਾਪਸ ਮੰਗ ਰਹੇ ਹਾਂ ਅਤੇ ਉਸ ਨੂੰ ਲੈ ਕੇ ਰਹਾਂਗੇ।"
ਜਦੋਂ ਅਸੀਂ ਪੁੱਛਿਆ ਕਿ ਇਹ ਪੈਸੇ ਕਿਉਂ ਦਿੱਤੇ ਗਏ ਤਾਂ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ।
ਉੱਥੇ ਹੀ ਮੰਗੀਬਾਈ ਦਾ ਇਲਜ਼ਾਮ ਹੈ ਕਿ ਕਮਲੇਸ਼ ਦੂਜੀ ਵਾਰ ਵਿਆਹ ਕਰਨ ਦੇ ਬਾਵਜੂਦ ਉਸ ਤੋਂ ਪੈਸੇ ਦੀ ਮੰਗ ਕਰ ਰਿਹਾ ਹੈ।
ਪੰਚਾਇਤ ਫ਼ੈਸਲਾ ਕਰਦੀ ਹੈ

ਤਸਵੀਰ ਸਰੋਤ, KAUSHALYA
ਇਸ ਦੇ ਨਾਲ ਹੀ ਅਜਿਹੀ ਪੰਚਾਇਤ 'ਚ ਬੈਠ ਕੇ ਫ਼ੈਸਲੇ ਲੈਣ ਵਾਲੇ 70 ਸਾਲਾ ਪਵਨ ਕੁਮਾਰ (ਬਦਲਿਆ ਹੋਇਆ ਨਾਂ) ਦਾ ਕਹਿਣਾ ਹੈ ਕਿ ਸਦੀਆਂ ਤੋਂ ਚੱਲੀ ਆ ਰਹੀ ਇਸ ਰਵਾਇਤ 'ਚ ਦੇਖਿਆ ਗਿਆ ਹੈ ਕਿ ਫ਼ੈਸਲਾ ਮੁੰਡੇ ਦੇ ਹੱਕ ਵਿੱਚ ਜਾਂਦਾ ਹੈ।
ਪਵਨ ਕੁਮਾਰ ਦਾ ਕਹਿਣਾ ਹੈ, “ਸਾਡੇ ਇੱਥੇ ਇਨ੍ਹਾਂ ਮਾਮਲਿਆਂ ਵਿੱਚ ਪੰਚਾਇਤਾਂ ਦਾ ਹੀ ਫ਼ੈਸਲਾ ਅੰਤਿਮ ਹੁੰਦਾ ਹੈ। ਮੈਂ ਕਈ ਪੰਚਾਇਤਾਂ ਵਿੱਚ ਬੈਠ ਕੇ 60,000 ਰੁਪਏ ਤੋਂ ਲੈ ਕੇ 8 ਲੱਖ ਰੁਪਏ ਤੱਕ ਦਾ ਝਗੜਾ ਦਾ ਨਿਪਟਾਰਾ ਕੀਤਾ ਹੈ।"
ਉਨ੍ਹਾਂ ਨੇ ਕਿਹਾ, "ਅਕਸਰ ਬਚਪਨ 'ਚ ਰਿਸ਼ਤੇ ਤੈਅ ਕੀਤੇ ਜਾਣ ਕਾਰਨ ਕੁੜੀਆਂ ਅੱਗੇ ਜਾ ਕੇ ਰਿਸ਼ਤੇ ਤੋੜ ਦਿੰਦੀਆਂ ਹਨ। ਕੁਝ ਮਾਮਲਿਆਂ ਵਿੱਚ ਮੁੰਡਿਆਂ ਦਾ ਵੀ ਕਸੂਰ ਹੁੰਦਾ ਹੈ।"
"ਇਸ ਲਈ ਅਜਿਹੇ ਮਾਮਲਿਆਂ ਵਿੱਚ ਅਸੀਂ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕੁੜੀਆਂ ਵਾਲਿਆਂ ਨੂੰ ਘੱਟ ਤੋਂ ਘੱਟ ਰਕਮ ਅਦਾ ਕਰਨੀ ਪਵੇ। ਪਰ 90 ਫੀਸਦੀ ਕੇਸਾਂ ਵਿੱਚ ਕੁੜੀ ਵਾਲਿਆਂ ਨੂੰ ਹੀ ਪੈਸੇ ਦੇਣੇ ਪੈਂਦੇ ਹਨ।"

ਕੀ ਕਹਿੰਦੇ ਹਨ ਸਮਾਜ ਸੇਵੀ?
ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਇਸ ਪ੍ਰਥਾ ਦੇ ਖ਼ਿਲਾਫ਼ ਕੰਮ ਕਰ ਰਹੀ ਸਮਾਜਿਕ ਕਾਰਕੁਨ ਮੋਨਾ ਸੁਸਤਾਨੀ ਦਾ ਕਹਿਣਾ ਹੈ ਕਿ ਇਹ ਪ੍ਰਥਾ ਔਰਤ ਵਿਰੋਧੀ ਹੈ ਅਤੇ ਪਿੱਤਰਵਾਦੀ ਸੋਚ ਨੂੰ ਉਤਸ਼ਾਹਿਤ ਕਰਦੀ ਹੈ।
ਉਹ ਕਹਿੰਦੇ ਹਨ, "ਮੇਰਾ ਵਿਆਹ ਇੱਕ ਸਿਆਸੀ ਪਰਿਵਾਰ ਵਿੱਚ ਹੋਇਆ ਹੈ ਅਤੇ ਜਦੋਂ ਮੈਂ 1989 ਵਿੱਚ ਵਿਆਹ ਕਰ ਕੇ ਆਈ ਤਾਂ ਇਸ ਪ੍ਰਥਾ ਨੂੰ ਦੇਖ ਕੇ ਦੰਗ ਰਹਿ ਗਈ ਸੀ। ਮੈਂ ਇਸ ਪ੍ਰਥਾ ਦੇ ਖ਼ਿਲਾਫ਼ ਆਵਾਜ਼ ਉਠਾਉਣ ਦਾ ਮਨ ਬਣਾ ਲਿਆ ਸੀ।"
ਉਨ੍ਹਾਂ ਦੀ ਸੰਸਥਾ ਕੋਸ਼ਿਸ਼ ਕਰਦੀ ਹੈ ਕਿ ‘ਝਗੜਾ ਨਾਤਰਾ’ ਪ੍ਰਥਾ ਤਹਿਤ ਆਏ ਕੇਸਾਂ ਵਿੱਚ ਦਖਲ ਦੇਵੇ ਤਾਂ ਜੋ ਕੁੜੀਆਂ ’ਤੇ ਆਰਥਿਕ ਬੋਝ ਨਾ ਪਵੇ। ਉਨ੍ਹਾਂ ਨੇ ਕਈ ਮਾਮਲਿਆਂ ਵਿੱਚ ਸਫ਼ਲਤਾ ਵੀ ਹਾਸਲ ਕੀਤੀ ਹੈ।
ਮੋਨਾ ਸੁਸਤਾਨੀ ਦਾ ਕਹਿਣਾ ਹੈ ਕਿ ਇਕੱਲੇ ਪਿਛਲੇ 5 ਸਾਲਾਂ 'ਚ ਉਨ੍ਹਾਂ ਦੀ ਸੰਸਥਾ ਨੇ 237 ਦੇ ਕਰੀਬ ਕੁੜੀਆਂ ਨੂੰ ਇਸ ਪ੍ਰਥਾ ਤੋਂ ਮੁਕਤ ਕਰਵਾਇਆ ਹੈ ਅਤੇ ਇਨ੍ਹਾਂ 'ਚੋਂ ਜ਼ਿਆਦਾਤਰ ਕੁੜੀਆਂ ਨੂੰ ਇੱਕ ਰੁਪਿਆ ਵੀ ਨਹੀਂ ਦੇਣਾ ਪਿਆ।
ਮੋਨਾ ਸੁਸਤਾਨੀ ਕਹਿੰਦੇ ਹਨ, "ਇਹ ਬਹੁਤ ਮੁਸ਼ਕਲ ਹੈ, ਕਈ ਵਾਰ ਦੀ ਗੱਲਬਾਤ, ਪਰਿਵਾਰ 'ਤੇ ਸਿਆਸੀ ਅਤੇ ਪੁਲਿਸ ਦੇ ਦਬਾਅ ਦੇ ਨਾਲ, ਅਸੀਂ ਸਿਰਫ਼ 5 ਸਾਲਾਂ ਵਿੱਚ 237 ਕੁੜੀਆਂ ਨੂੰ ਬਿਨਾਂ ਕਿਸੇ ਪੈਸੇ ਦੇ ਇਸ ਪ੍ਰਥਾ ਤੋਂ ਮੁਕਤ ਕਰਵਾਇਆ ਹੈ।"
"ਜਿਨ੍ਹਾਂ ਵਿੱਚੋਂ ਕਈਆਂ ਦਾ ਅੱਜ ਦੂਜਾ ਵਿਆਹ ਹੋ ਗਿਆ ਹੈ ਅਤੇ ਉਹ ਪਹਿਲਾਂ ਨਾਲੋਂ ਬਿਹਤਰ ਸਥਿਤੀ ਵਿੱਚ ਹਨ।"

ਕੁਰੀਤੀ ਨਾਲ ਲੜ ਕੇ ਬਣਾਇਆ ਰਾਹ
ਉੱਥੇ ਹੀ ਇਸ ਕੁਪ੍ਰਥਾ ਨੂੰ ਜੜ੍ਹ ਤੋਂ ਮਿਟਾਉਣ ਲਈ ਰਾਮਕਲਾ ਬੀਤੇ 6 ਸਾਲਾਂ ਤੋਂ ਕੰਮ ਕਰ ਰਹੀ ਹੈ।
ਉਹ ਖ਼ੁਦ ਇਸ ਪ੍ਰਥਾ ਤੋਂ ਬਚੀ ਹੋਈ ਹੈ ਅਤੇ ਕਹਿੰਦੀ ਹੈ ਕਿ ਜਦੋਂ ਉਹ ਪਿੱਛੇ ਮੁੜ ਕੇ ਦੇਖਦੀ ਹੈ ਤਾਂ ਉਨ੍ਹਾਂ ਨੂੰ ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਲੱਗਦਾ।
ਇਸ ਪ੍ਰਥਾ ਕਾਰਨ ਰਾਮਕਲਾ ਨੂੰ ਆਪਣਾ ਘਰ ਤੱਕ ਛੱਡਣਾ ਪਿਆ। ਉਹ ਇਸ ਸਮੇਂ ਪੋਸਟ ਗ੍ਰੈਜੂਏਸ਼ਨ ਕਰ ਰਹੇ ਹਨ ਅਤੇ ਇਸ ਪ੍ਰਥਾ ਦੇ ਵਿਰੁੱਧ ਕੁੜੀਆਂ ਅਤੇ ਔਰਤਾਂ ਦੀ ਮਦਦ ਕਰ ਰਹੀ ਹੈ।
ਰਾਮਕਲਾ ਦੱਸਦੇ ਹਨ, "ਸਾਡੇ ਲਈ ਕੁੜੀਆਂ ਨੂੰ ਛੁੜਾਉਣਾ ਕਾਫੀ ਔਖਾ ਹੈ। ਕੁੜੀਆਂ ʼਤੇ ਝਗੜੇ ਵਜੋਂ ਪੈਸੇ ਦੇਣ ਦਾ ਸਮਾਜਿਕ ਦਬਾਅ ਬਹੁਤ ਜ਼ਿਆਦਾ ਹੁੰਦਾ ਹੈ, ਅਜਿਹੇ ਵਿੱਚ ਸਾਡੇ ਕੋਲ ਜਦੋਂ ਵੀ ਕੋਈ ਮਾਮਲਾ ਆਉਂਦਾ ਹੈ ਅਸੀਂ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਕਿ ਇਹ ਮਾਮਲੇ ਪੁਲਿਸ ਤੱਕ ਪਹੁੰਚੇ।"
"ਕਈ ਮਾਮਲਿਆਂ ਵਿੱਚ ਅਸੀਂ ਮੁੰਡੇ ਅਤੇ ਉਸ ਦੇ ਪਰਿਵਾਰ ਵਾਲਿਆਂ ਨਾਲ ਗੱਲਬਾਤ ਕਰਦੇ ਹਨ। ਜੇਕਰ ਉਹ ਲੋਕ ਸਮਝਦੇ ਹਨ ਤਾਂ ਠੀਕ ਵਰਨਾ ਫਿਰ ਕਾਨੂੰਨ ਦਾ ਸਹਾਰਾ ਲੈ ਕੇ ਕੁੜੀ ਦੀ ਮਦਦ ਕਰਦੇ ਹਾਂ।"
ਹਾਲਾਂਕਿ, ਰਾਮਕਲਾ , ਮੋਨਾ ਸੁਸਤਾਨੀ ਅਤੇ ਹੋਰ ਲੋਕ ਵੱਖ-ਵੱਖ ਤਰੀਕਿਆਂ ਨਾਲ ਇਸ ਕੁਪ੍ਰਥਾ ਵਿੱਚ ਫਸੀਆਂ ਕੁੜੀਆਂ ਦੀ ਸਹਾਇਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਕੌਸ਼ੱਲਿਆ ਅਤੇ ਮੰਗੀਬਾਈ ਵਰਗੀਆਂ ਇੱਥੇ ਹਜ਼ਾਰਾਂ ਹਨ ਜੋ ਆਪਣੀ ਜ਼ਿੰਦਗੀ ਅਤੇ ਉਸ ਦੀ ਆਜ਼ਾਦੀ ਲਈ ਲੱਕਾਂ ਰੁਪਏ ਚੁਕਾਉਣ ਨੂੰ ਮਜਬੂਰ ਕੀਤਾ ਜਾ ਰਿਹਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












