ਕੀ ਏਆਈ ਤਕਨੀਕ ਮਨੁੱਖਤਾ ਨੂੰ ਇਸ ਤਰ੍ਹਾਂ ਤਬਾਹ ਕਰ ਦੇਵੇਗੀ, ਇੱਕ ਕਲਪਨਾ ਨੇ ਖੜ੍ਹੇ ਕੀਤੇ ਕਈ ਸਵਾਲ

ਇੱਕ ਖੋਜ ਪੱਤਰ ਵਿੱਚ ਸੰਭਾਵਿਤ ਭਵਿੱਖਬਾਣੀ (ਕਲਪਨਾ ਕਰਦੇ ਹੋਏ) ਕੀਤੀ ਗਈ ਹੈ ਕਿ 2027 ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਵਿਗੜ ਜਾਵੇਗੀ (ਇੱਕ ਪ੍ਰਕਾਰ ਨਾਲ ਵੱਸੋਂ ਬਾਹਰ ਹੋ ਜਾਵੇਗੀ) ਅਤੇ ਇੱਕ ਦਹਾਕੇ ਦੇ ਅੰਦਰ ਮਨੁੱਖਤਾ ਨੂੰ ਵਿਨਾਸ਼ ਵੱਲ ਲੈ ਜਾਵੇਗੀ। ਖੋਜ ਪੱਤਰ ਦੀ ਇਸ ਭਵਿੱਖਬਾਣੀ ਨਾਲ ਤਕਨੀਕੀ ਦੁਨੀਆਂ ਵਿੱਚ ਹਲਚਲ ਮਚ ਗਈ ਹੈ।
ਜ਼ਿਕਰ ਕੀਤੇ ਗਏ ਇਸ ਵਿਸ਼ੇ ਨੂੰ ਏਆਈ2027 ਨਾਮ ਦਿੱਤਾ ਗਿਆ ਹੈ, ਜਿਸ ਨੂੰ ਪ੍ਰਭਾਵਸ਼ਾਲੀ ਏਆਈ ਮਾਹਰਾਂ ਦੇ ਇੱਕ ਸਮੂਹ ਦੁਆਰਾ ਪ੍ਰਕਾਸ਼ਤ ਕੀਤਾ ਗਿਆ ਸੀ। ਇਸ ਦੇ ਪ੍ਰਕਾਸ਼ਿਤ ਹੋਣ ਤੋਂ ਬਾਅਦ ਇਸ ਬਾਰੇ ਬਹੁਤ ਸਾਰੇ ਵੀਡੀਓ ਵੀ ਵਾਇਰਲ ਹੋ ਰਹੇ ਹਨ ਅਤੇ ਲੋਕਾਂ ਅਜਿਹੀ ਸੰਭਾਵਨਾ 'ਤੇ ਬਹਿਸ ਕਰ ਰਹੇ ਹਨ।
ਬੀਬੀਸੀ ਨੇ ਸਪਸ਼ਟ ਭਵਿੱਖਬਾਣੀ ਨੂੰ ਦਰਸਾਉਣ ਲਈ ਮੁੱਖ ਧਾਰਾ ਦੇ ਜਨਰੇਟਿਵ ਏਆਈ ਟੂਲਸ ਦੀ ਵਰਤੋਂ ਕਰਕੇ ਕਲਪਨਾ ਕੀਤੇ ਗਏ ਦ੍ਰਿਸ਼ਾਂ ਨੂੰ ਦੁਬਾਰਾ ਬਣਾਇਆ ਹੈ ਅਤੇ ਮਾਹਰਾਂ ਨਾਲ ਪੇਪਰ ਦੇ ਪ੍ਰਭਾਵ ਬਾਰੇ ਗੱਲ ਕੀਤੀ ਹੈ।
ਕਲਪਨਾ ਵਿੱਚ ਕੀ ਹੁੰਦਾ ਹੈ?
ਪੇਪਰ ਭਵਿੱਖਬਾਣੀ ਕਰਦਾ ਹੈ ਕਿ 2027 ਵਿੱਚ ਓਪਨਬ੍ਰੇਨ ਨਾਮਕ ਇੱਕ ਕਾਲਪਨਿਕ ਅਮਰੀਕੀ ਤਕਨੀਕੀ ਦਿੱਗਜ ਇੱਕ ਏਆਈ ਬਣਾਉਂਦਾ ਹੈ ਜੋ ਏਜੀਆਈ (ਆਰਟੀਫੀਸ਼ੀਅਲ ਜਨਰਲ ਇੰਟੈਲੀਜੈਂਸ) ਤੱਕ ਪਹੁੰਚ ਜਾਂਦਾ ਹੈ - ਇਹ ਉਹ ਸਥਿਤੀ ਹੈ ਜਦੋਂ ਏਆਈ ਅਜਿਹੇ ਪੱਧਰ 'ਤੇ ਪਹੁੰਚ ਜਾਂਦਾ ਹੈ ਕਿ ਉਹ ਸਾਰੇ ਕੰਮ ਮਨੁੱਖੀ ਬੁੱਧੀ ਵਾਂਗ ਜਾਂ ਮਨੁੱਖਾਂ ਨਾਲੋਂ ਵੀ ਬਿਹਤਰ ਕਰ ਸਕਦਾ ਹੈ।
ਕੰਪਨੀ ਜਨਤਕ ਪ੍ਰੈਸ ਕਾਨਫਰੰਸਾਂ ਕਰਦੇ ਹੋਏ ਇਸਦਾ ਜਸ਼ਨ ਮਨਾਉਂਦੀ ਹੈ ਅਤੇ ਜਿਵੇਂ-ਜਿਵੇਂ ਲੋਕ ਇਸ ਏਆਈ ਤੂਲ ਨੂੰ ਅਪਣਾਉਂਦੇ ਜਾਂਦੇ ਹਨ, ਕੰਪਨੀ ਦਾ ਮੁਨਾਫ਼ਾ ਵਧਦਾ ਜਾਂਦਾ ਹੈ।

ਪਰ ਪੇਪਰ ਭਵਿੱਖਬਾਣੀ ਕਰਦਾ ਹੈ ਕਿ ਅੰਦਰੂਨੀ ਸੁਰੱਖਿਆ ਟੀਮਾਂ ਨੂੰ ਇਸ ਗੱਲ ਦੇ ਸੰਕੇਤ ਮਿਲਣਗੇ ਕਿ ਏਆਈ ਉਨ੍ਹਾਂ ਨੈਤਿਕ ਗੱਲਾਂ ਅਤੇ ਕਦਰਾਂ-ਕੀਮਤਾਂ ਵਿੱਚ ਘੱਟ ਦਿਲਚਸਪੀ ਲੈ ਰਿਹਾ ਹੈ, ਜਿਨ੍ਹਾਂ ਦੀ ਪਾਲਣਾ ਕਰਨ ਲਈ ਉਸਨੂੰ ਪ੍ਰੋਗਰਾਮ ਕੀਤਾ ਗਿਆ ਹੈ।
ਇਸ ਪਰੀਦ੍ਰਿਸ਼ ਦੀ ਕਲਪਨਾ ਹੈ ਕਿ ਕੰਪਨੀ ਇਸਨੂੰ ਲਗਾਮ ਲਗਾਉਣ ਵਾਲੀਆਂ ਚੇਤਾਵਨੀਆਂ ਨੂੰ ਨਜ਼ਰਅੰਦਾਜ਼ ਕਰਦੀ ਹੈ।
ਇਸੇ ਕਾਲਪਨਿਕ ਸਮਾਂ-ਰੇਖਾ ਵਿੱਚ, ਚੀਨ ਦਾ ਮੋਹਰੀ ਏਆਈ ਸਮੂਹ, ਡੀਪਸੈਂਟ, ਓਪਨਬ੍ਰੇਨ ਤੋਂ ਮਹਿਜ਼ ਕੁਝ ਮਹੀਨੇ ਪਿੱਛੇ ਹੈ।
ਅਮਰੀਕੀ ਸਰਕਾਰ ਹੋਰ ਵੀ ਸਮਾਰਟ ਏਆਈ ਵਿਕਸਤ ਕਰਨ ਦੀ ਦੌੜ ਵਿੱਚ ਹਾਰਨਾ ਨਹੀਂ ਚਾਹੁੰਦੀ, ਇਸ ਲਈ ਵਿਕਾਸ ਅਤੇ ਨਿਵੇਸ਼ ਜਾਰੀ ਹੈ ਅਤੇ ਮੁਕਾਬਲਾ ਵੀ।
ਕਲਪਨਾ ਕੀਤੀ ਗਈ ਹੈ ਕਿ 2027 ਦੇ ਅਖੀਰ ਵਿੱਚ, ਏਆਈ ਸੁਪਰ-ਇੰਟੈਲੀਜੈਂਟ ਬਣ ਜਾਵੇਗਾ - ਜੋ ਕਿ ਇਸਨੂੰ ਤਿਆਰ ਕਰਨ ਵਾਲਿਆਂ ਦੇ ਆਪਣੇ ਗਿਆਨ ਅਤੇ ਗਤੀ ਤੋਂ ਕਿਤੇ ਅੱਗੇ ਨਿਕਲ ਜਾਵੇਗਾ। ਇਹ ਕਦੇ ਵੀ ਸਿੱਖਣਾ ਬੰਦ ਨਹੀਂ ਕਰਦਾ ਅਤੇ ਆਪਣੀ ਖੁਦ ਦੀ ਤੇਜ਼ ਕੰਪਿਊਟਰ ਭਾਸ਼ਾ ਬਣਾਉਂਦਾ ਹੈ, ਜਿਸਨੂੰ ਇਸਦੇ ਪਿਛਲੇ ਏਆਈ ਸੰਸਕਰਣ ਵੀ ਨਹੀਂ ਸਮਝ ਸਕਣਗੇ।
ਚੀਨ ਨਾਲ ਮੁਕਾਬਲਾ, ਕੰਪਨੀ ਅਤੇ ਅਮਰੀਕੀ ਸਰਕਾਰ ਨੂੰ ਅਖੌਤੀ 'ਗਲਤ-ਅਲਾਈਨਮੈਂਟ' ਬਾਰੇ ਹੋਰ ਚੇਤਾਵਨੀਆਂ ਨੂੰ ਨਜ਼ਰਅੰਦਾਜ਼ ਕਰਨ ਲਈ ਪ੍ਰੇਰਿਤ ਕਰਦੀ ਹੈ - 'ਗਲਤ-ਅਲਾਈਨਮੈਂਟ' ਸ਼ਬਦ ਉਦੋਂ ਵਰਤਿਆ ਜਾਂਦਾ ਹੈ ਜਦੋਂ ਇੱਕ ਮਸ਼ੀਨ ਦੀਆਂ ਤਰਜੀਹਾਂ ਮਨੁੱਖਤਾ ਦੀਆਂ ਤਰਜੀਹਾਂ ਦੇ ਅਨੁਸਾਰ ਨਹੀਂ ਹੁੰਦੀਆਂ।
ਕਲਪਨਾ ਕੀਤੀ ਗਈ ਭਵਿੱਖਬਾਣੀ ਮੁਤਾਬਕ, 2029 ਵਿੱਚ ਚੀਨ ਅਤੇ ਅਮਰੀਕਾ ਵਿਚਕਾਰ ਤਣਾਅ ਸੰਭਾਵੀ ਯੁੱਧ ਦੇ ਬਿੰਦੂ ਤੱਕ ਪਹੁੰਚ ਜਾਂਦਾ ਹੈ, ਕਿਉਂਕਿ ਹਰੇਕ ਦੇਸ਼ ਦੇ ਵਿਰੋਧੀ ਏਆਈ ਭਿਆਨਕ ਨਵੇਂ ਆਟੋਨੋਮਸ ਹਥਿਆਰ ਵਿਕਸਤ ਕਰਨਗੇ।

ਪਰ ਖੋਜਕਰਤਾ ਕਲਪਨਾ ਕਰਦੇ ਹਨ ਕਿ ਦੋਵਾਂ ਦੇਸ਼ਾਂ ਦੇ ਏਆਈ ਵਿਚਕਾਰ ਇੱਕ ਸਮਝੌਤਾ ਹੋ ਜਾਂਦਾ ਹੈ ਅਤੇ ਦੋਵੇਂ ਮਨੁੱਖਤਾ ਦੇ ਭਲੇ ਲਈ ਰਲੇਵੇਂ ਲਈ ਸਹਿਮਤ ਹੁੰਦੇ ਹਨ, ਜਿਸ ਕਾਰਨ ਸ਼ਾਂਤੀ ਸਥਾਪਿਤ ਹੁੰਦੀ ਹੈ।
ਸਾਲਾਂ ਤੱਕ ਸਭ ਕੁਝ ਠੀਕ ਚੱਲਦਾ ਹੈ, ਦੁਨੀਆਂ ਇੱਕ ਵਿਸ਼ਾਲ ਰੋਬੋਟ ਕਾਰਜਬਲ ਚਲਾਉਣ ਵਾਲੇ ਸੁਪਰ ਇੰਟੈਲੀਜੈਂਟ ਏਆਈ ਦੇ ਅਸਲ ਲਾਭਾਂ ਨੂੰ ਸਮਝਣ ਲੱਗਦੀ ਹੈ। ਕਲਪਨਾ ਦੇ ਅਨੁਸਾਰ, ਜ਼ਿਆਦਾਤਰ ਬਿਮਾਰੀਆਂ ਦੇ ਇਲਾਜ ਖੋਜੇ ਲਏ ਜਾਂਦੇ ਹਨ, ਜਲਵਾਯੂ ਤਬਦੀਲੀ ਉਲਟ ਜਾਂਦੀ ਹੈ ਅਤੇ ਗਰੀਬੀ ਖਤਮ ਹੋ ਜਾਂਦੀ ਹੈ।
ਪਰ ਅਖੀਰ, 2030 ਦੇ ਦਹਾਕੇ ਦੇ ਮੱਧ ਵਿੱਚ ਏਆਈ ਜਿਸ ਤਰ੍ਹਾਂ ਨਾਲ ਵਿਕਾਸ ਚਾਹੁੰਦਾ ਹੈ, ਮਨੁੱਖਤਾ ਏਆਈ ਦੀਆਂ ਉਨ੍ਹਾਂ ਇੱਛਾਵਾਂ ਵਿੱਚ ਇੱਕ ਰੁਕਾਵਟ ਬਣ ਜਾਂਦੀ ਹੈ। ਖੋਜਕਰਤਾਵਾਂ ਦਾ ਮੰਨਣਾ ਹੈ ਕਿ ਇਸ ਸਮੇਂ ਏਆਈ ਮਨੁੱਖਾਂ ਨੂੰ ਅਦਿੱਖ ਜੈਵਿਕ ਹਥਿਆਰਾਂ ਨਾਲ ਮਾਰ ਦੇਵੇਗੀ।
ਏਆਈ2027 ਬਾਰੇ ਲੋਕ ਕੀ ਕਹਿ ਰਹੇ ਹਨ?

ਹਾਲਾਂਕਿ ਕੁਝ ਲੋਕ ਏਆਈ2027 ਨੂੰ ਵਿਗਿਆਨ ਗਲਪ ਦੀ ਰਚਨਾ ਵਜੋਂ ਖਾਰਜ ਕਰ ਰਹੇ ਹਨ, ਏਆਈ2027 ਦੇ ਲੇਖਕ ਬਹੁਤ ਸਤਿਕਾਰਤ ਹਨ ਅਤੇ ਗੈਰ-ਮੁਨਾਫ਼ਾ ਏਆਈ ਫਿਊਚਰਜ਼ ਪ੍ਰੋਜੈਕਟ ਬਣਾਉਂਦੇ ਹਨ। ਇਸ ਨੂੰ ਏਆਈ ਦੇ ਪ੍ਰਭਾਵ ਦੀ ਭਵਿੱਖਬਾਣੀ ਕਰਨ ਲਈ ਸਥਾਪਤ ਕੀਤਾ ਗਿਆ ਸੀ।
ਏਆਈ2027 ਦੇ ਮੁੱਖ ਲੇਖਕ ਡੈਨੀਅਲ ਕੋਕੋਟਾਜਲੋ ਨੂੰ ਪਿਛਲੇ ਸਮੇਂ ਵਿੱਚ ਏਆਈ ਵਿਕਾਸ ਵਿੱਚ ਅਹਿਮ ਪਲਾਂ ਦੀ ਸਹੀ ਭਵਿੱਖਬਾਣੀ ਕਰਨ ਦਾ ਸਿਹਰਾ ਦਿੱਤਾ ਗਿਆ ਹੈ।
ਏਆਈ2027 ਦੇ ਸਭ ਤੋਂ ਪ੍ਰਮੁੱਖ ਆਲੋਚਕਾਂ ਵਿੱਚੋਂ ਇੱਕ ਅਮਰੀਕੀ ਕੋਗਨੇਟਿਵ ਵਿਗਿਆਨੀ ਅਤੇ ਲੇਖਕ ਗੈਰੀ ਮਾਰਕਸ ਹਨ।
ਉਹ ਕਹਿੰਦੇ ਹਨ ਕਿ ਇਹ ਦ੍ਰਿਸ਼ ਅਸੰਭਵ ਨਹੀਂ ਹੈ ਪਰ ਇਸਦੇ ਨੇੜਲੇ ਭਵਿੱਖ ਵਿੱਚ ਵਾਪਰਨ ਦੀ ਸੰਭਾਵਨਾ ਬਹੁਤ ਘੱਟ ਹੈ।
"ਦਸਤਾਵੇਜ਼ ਦੀ ਖ਼ੂਬਸੂਰਤੀ ਇਹ ਹੈ ਕਿ ਇਹ ਉਸ ਸਮੱਗਰੀ ਬਾਰੇ ਸਪੱਸ਼ਟਾ ਨਾਲ ਦਰਸਾਉਂਦਾ ਹੈ ਜਿਹੜੀ ਲੋਕਾਂ ਦੀ ਸੋਚ ਨੂੰ ਭੜਕਾਉਂਦੀ ਹੈ ਅਤੇ ਇਹ ਇੱਕ ਚੰਗੀ ਗੱਲ ਹੈ ਪਰ ਮੈਂ ਇਸਨੂੰ ਗੰਭੀਰਤਾ ਨਾਲ ਨਹੀਂ ਲਵਾਂਗਾ ਕਿਉਂਕਿ ਇਹ ਇੱਕ ਸੰਭਾਵਿਤ ਨਤੀਜਾ ਹੈ।"
ਮਾਰਕਸ ਕਹਿੰਦੇ ਹਨ ਕਿ ਏਆਈ ਦੇ ਅਸਲ ਖ਼ਤਰੇ ਨੌਕਰੀਆਂ 'ਤੇ ਪ੍ਰਭਾਵ ਨਾਲੋਂ ਕਿਤੇ ਗੰਭੀਰ ਮੁੱਦਿਆਂ ਨਾਲ ਜੁੜੇ ਹੋਏ ਹਨ।
"ਮੈਨੂੰ ਲੱਗਦਾ ਹੈ ਕਿ ਇਹ ਗੱਲ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਏਆਈ ਨਾਲ ਬਹੁਤ ਸਾਰੀਆਂ ਵੱਖਰੀਆਂ ਚੀਜ਼ਾਂ ਗ਼ਲਤ ਹੋ ਸਕਦੀਆਂ ਹਨ। ਕੀ ਅਸੀਂ ਨਿਯਮਾਂ ਅਤੇ ਕੌਮਾਂਤਰੀ ਸੰਧੀਆਂ ਦੇ ਆਲੇ-ਦੁਆਲੇ ਸਹੀ ਕੰਮ ਕਰ ਰਹੇ ਹਾਂ?"
ਉਹ ਅਤੇ ਹੋਰ ਆਲੋਚਕ ਇਹ ਵੀ ਕਹਿੰਦੇ ਹਨ ਕਿ ਇਹ ਦਸਤਾਵੇਜ਼ ਇਹ ਦੱਸਣ ਵਿੱਚ ਅਸਫ਼ਲ ਰਹਿੰਦਾ ਹੈ ਕਿ ਏਆਈ ਬੁੱਧੀ ਅਤੇ ਯੋਗਤਾਵਾਂ ਵਿੱਚ ਇੰਨੇ ਵੱਡੇ ਦਾਅਵੇ ਕਿਵੇਂ ਕਰਦਾ ਹੈ।
ਉਹ ਡਰਾਈਵਰ ਰਹਿਤ ਕਾਰਾਂ ਦੀ ਹੌਲੀ ਅਤੇ ਅਕਸਰ ਜ਼ਿਆਦਾ ਪ੍ਰਚਾਰਿਤ ਤਕਨਾਲੋਜੀ ਵੱਲ ਇਸ਼ਾਰਾ ਕਰਦੇ ਹਨ।
ਕੀ ਚੀਨ ਵਿੱਚ ਏਆਈ2027 'ਤੇ ਬਹਿਸ ਹੋ ਰਹੀ ਹੈ?

ਕਿੰਗਜ਼ ਕਾਲਜ ਲੰਡਨ ਵਿੱਚ ਅਰਥ ਸ਼ਾਸਤਰ ਅਤੇ ਨਵੀਨਤਾ ਦੇ ਐਸੋਸੀਏਟ ਪ੍ਰੋਫੈਸਰ ਡਾਕਟਰ ਯੁੰਡਨ ਗੋਂਗ ਚੀਨੀ ਤਕਨਾਲੋਜੀ ਵਿੱਚ ਮਾਹਰ ਹਨ।
ਉਨ੍ਹਾਂ ਮੁਤਾਬਕ ਚੀਨ ਵਿੱਚ ਇਸ ਪੇਪਰ ਦਾ ਬਹੁਤ ਘੱਟ ਪ੍ਰਭਾਵ ਪਿਆ ਜਾਪਦਾ ਹੈ।
ਉਨ੍ਹਾਂ ਕਿਹਾ, "ਏਆਈ2027 ਬਾਰੇ ਜ਼ਿਆਦਾਤਰ ਚਰਚਾ ਗ਼ੈਰ-ਰਸਮੀ ਫੋਰਮਾਂ ਜਾਂ ਨਿੱਜੀ ਬਲੌਗਜ਼ 'ਤੇ ਹੁੰਦੀ ਲੱਗਦੀ ਹੈ ਜੋ ਇਸਨੂੰ ਅਰਧ-ਵਿਗਿਆਨ ਗਲਪ ਵਜੋਂ ਦੇਖ ਰਹੇ ਹਨ। ਇਸਨੇ ਅਸਲ ਵਿੱਚ ਓਨੀ ਵਿਆਪਕ ਬਹਿਸ ਜਾਂ ਨੀਤੀਗਤ ਧਿਆਨ ਨਹੀਂ ਦਿੱਤਾ ਜਿਵੇਂ ਅਸੀਂ ਅਮਰੀਕਾ ਵਿੱਚ ਦੇਖਦੇ ਹਾਂ।"
ਡਾਕਟਰ ਗੋਂਗ ਚੀਨ ਅਤੇ ਅਮਰੀਕਾ ਵਿਚਕਾਰ ਏਆਈ ਸਰਵਉੱਚਤਾ ਦੀ ਦੌੜ 'ਤੇ ਦ੍ਰਿਸ਼ਟੀਕੋਣ ਵਿੱਚਲੇ ਫ਼ਰਕ ਵੱਲ ਵੀ ਇਸ਼ਾਰਾ ਕਰਦੇ ਹਨ।
ਇਸ ਹਫ਼ਤੇ ਸ਼ੰਘਾਈ ਵਿੱਚ ਵਿਸ਼ਵ ਏਆਈ ਕਾਨਫਰੰਸ ਵਿੱਚ ਚੀਨੀ ਪ੍ਰਧਾਨ ਮੰਤਰੀ ਲੀ ਕਿਆਂਗ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ 'ਤੇ ਵਿਸ਼ਵਵਿਆਪੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਕੰਮ ਕਰਨ ਵਾਲੇ ਦੇਸ਼ਾਂ ਦੇ ਦ੍ਰਿਸ਼ਟੀਕੋਣ ਬਾਰੇ ਕੁਝ ਖੁਲਾਸੇ ਕੀਤੇ।
ਚੀਨੀ ਆਗੂ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਚੀਨ ਤਕਨਾਲੋਜੀ ਦੇ ਤਾਲਮੇਲ ਅਤੇ ਨਿਯਮਤ ਕਰਨ ਵਿੱਚ ਮਦਦ ਕਰੇ।
ਇਹ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਆਪਣਾ ਏਆਈ ਐਕਸ਼ਨ ਪਲਾਨ ਪ੍ਰਕਾਸ਼ਿਤ ਕਰਨ ਤੋਂ ਕੁਝ ਦਿਨ ਬਾਅਦ ਆਇਆ ਹੈ ਜਿਸਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਅਮਰੀਕਾ ਏਆਈ 'ਤੇ ਆਪਣਾ 'ਦਬਦਬਾ' ਰੱਖੇ।
ਰਾਸ਼ਟਰਪਤੀ ਟਰੰਪ ਨੇ ਦਸਤਾਵੇਜ਼ ਵਿੱਚ ਕਿਹਾ, "ਸੰਯੁਕਤ ਰਾਜ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਲਈ ਜ਼ਰੂਰੀ ਹੈ ਕਿ ਉਹ ਬਿਨ੍ਹਾਂ ਕਿਸੇ ਸਵਾਲ ਦੇ ਅਤੇ ਚੁਣੌਤੀ ਦੇ ਵਿਸ਼ਵਵਿਆਪੀ ਤਕਨੀਕੀ ਦਬਦਬੇ ਨੂੰ ਹਾਸਿਲ ਕਰੇ ਅਤੇ ਇਸਨੂੰ ਬਣਾਈ ਰੱਖੇ।"
ਇਹ ਕਾਰਜ ਯੋਜਨਾ ਅਮਰੀਕਾ ਵਿੱਚ ਏਆਈ ਨੂੰ ਅੱਗੇ ਵਧਾਉਣ ਲਈ 'ਲਾਲ ਫ਼ੀਤਾਸ਼ਾਹੀ ਅਤੇ ਔਖੇ ਨਿਯਮਾਂ ਨੂੰ ਹਟਾਉਣ' ਦਾ ਮਕਸਦ ਰੱਖਦੀ ਹੈ।
ਇਹ ਸ਼ਬਦ ਏਆਈ 2027 ਦੇ ਪਲਾਟ ਦੀ ਭਿਆਨਕਤਾ ਨਾਲ ਪਾਲਣਾ ਕਰਦੇ ਹਨ ਕਿਉਂਕਿ ਇਸ ਦ੍ਰਿਸ਼ ਵਿੱਚ ਅਮਰੀਕੀ ਸਿਆਸਤਦਾਨ ਮਸ਼ੀਨਾਂ ਦਾ ਕੰਟਰੋਲ ਗੁਆਉਣ ਦੇ ਕਿਸੇ ਵੀ ਜੋਖਮ ਤੋਂ ਪਹਿਲਾਂ ਏਆਈ ਦੀ ਦੌੜ ਜਿੱਤਣ ਨੂੰ ਪਹਿਲ ਦਿੰਦੇ ਹਨ।
ਏਆਈ ਉਦਯੋਗ ਏਆਈ2027 ਬਾਰੇ ਕੀ ਕਹਿ ਰਿਹਾ ਹੈ?

ਇਸ ਪੇਪਰ ਨੂੰ ਵੱਡੀਆਂ ਏਆਈ ਕੰਪਨੀਆਂ ਜੋ ਹਰ ਸਮੇਂ ਸਮਾਰਟ ਮਾਡਲ ਜਾਰੀ ਕਰਨ ਲਈ ਇੱਕ ਦੂਜੇ ਦੇ ਵਿਰੁੱਧ ਮੁਕਾਬਲਾ ਕਰ ਰਹੀਆਂ ਹਨ ਦੇ ਸੀਈਓਜ਼ ਵੱਲੋਂ ਵੱਡੇ ਪੱਧਰ 'ਤੇ ਅਣਦੇਖਾ ਕੀਤਾ ਜਾ ਰਿਹਾ ਹੈ ਜਾਂ ਟਾਲਿਆ ਜਾ ਰਿਹਾ ਹੈ
ਇਨ੍ਹਾਂ ਤਕਨੀਕੀ ਦਿੱਗਜਾਂ ਵੱਲੋਂ ਪੇਸ਼ ਕੀਤੇ ਗਏ ਸਾਡੇ ਏਆਈ ਭਵਿੱਖ ਦਾ ਦ੍ਰਿਸ਼ਟੀਕੋਣ ਏਆਈ 2027 ਤੋਂ ਬਹੁਤ ਵੱਖਰਾ ਹੈ।
ਚੈਟਜੀਪੀਟੀ ਦੇ ਨਿਰਮਾਤਾ ਸੈਮ ਆਲਟਮੈਨ ਨੇ ਹਾਲ ਹੀ ਵਿੱਚ ਕਿਹਾ ਹੈ, "ਮਨੁੱਖਤਾ ਡਿਜੀਟਲ ਸੁਪਰਇੰਟੈਲੀਜੈਂਸ ਬਣਾਉਣ ਦੇ ਨੇੜੇ ਹੈ ਜੋ ਇੱਕ ਜੈਂਟਲ ਕ੍ਰਾਂਤੀ ਦੀ ਸ਼ੁਰੂਆਤ ਕਰੇਗੀ ਅਤੇ ਮਨੁੱਖਾਂ ਲਈ ਬਿਨ੍ਹਾਂ ਕਿਸੇ ਜੋਖਮ ਦੇ ਇੱਕ ਤਕਨੀਕੀ ਯੂਟੋਪੀਆ ਲਿਆਏਗੀ।
ਦਿਲਚਸਪ ਗੱਲ ਇਹ ਹੈ ਕਿ ਉਹ ਵੀ ਮੰਨਦਾ ਹੈ ਕਿ ਇੱਕ 'ਅਲਾਈਨਮੈਂਟ ਸਮੱਸਿਆ' ਹੈ ਜਿਸ ਨੂੰ ਦੂਰ ਕਰਨਾ ਜ਼ਰੂਰੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਸੁਪਰ ਇੰਟੈਲੀਜੈਂਟ ਮਸ਼ੀਨਾਂ ਮਨੁੱਖਤਾ ਦੀਆਂ ਸ਼ੁਭਕਾਮਨਾਵਾਂ ਅਨੁਸਾਰ ਇਕਸਾਰ ਹਨ।
ਅਗਲੇ ਦਸ ਸਾਲਾਂ ਵਿੱਚ ਹਾਲਾਤ ਭਾਵੇਂ ਜਿਹੜੀ ਵੀ ਕਰਵਟ ਲੈਣ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇੱਕ ਤੋਂ ਇੱਕ ਵੱਧ ਸਮਾਰਟ ਮਸ਼ੀਨਾਂ ਬਣਾਉਣ ਦੀ ਦੌੜ ਜਾਰੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












