'ਨਾ ਸਾਨੂੰ ਲੀੜੇ ਮਿਲੇ, ਨਾ ਲਾਸ਼ ਤੇ ਨਾ ਹੀ ਫੁੱਲ'... 1993 ਦਾ ਉਹ ਫਰਜ਼ੀ ਮੁਕਾਬਲਾ, ਜਿਸ ਵਿੱਚ 5 ਪੁਲਿਸ ਵਾਲੇ ਦੋਸ਼ੀ ਕਰਾਰ

ਪੀੜਤ ਔਰਤਾਂ

ਤਸਵੀਰ ਸਰੋਤ, Ravinder Singh Robin/BBC

ਤਸਵੀਰ ਕੈਪਸ਼ਨ, ਸੀਬੀਆਈ ਅਦਾਲਤ ਨੇ ਪੰਜ ਪੁਲਿਸ ਅਧਿਕਾਰੀਆਂ ਨੂੰ ਫਰਜ਼ੀ ਮੁਕਾਬਲੇ ਦੇ ਮਾਮਲੇ ’ਚ ਦੋਸ਼ ਠਹਿਰਾਇਆ
    • ਲੇਖਕ, ਰਵਿੰਦਰ ਸਿੰਘ ਰੌਬਿਨ
    • ਰੋਲ, ਬੀਬੀਸੀ ਸਹਿਯੋਗੀ
  • ਪੜ੍ਹਨ ਦਾ ਸਮਾਂ: 6 ਮਿੰਟ

''ਉਹ ਘਰੋਂ ਲੈ ਗਏ ਤੇ ਮੁੜ ਕੇ ਪਤੀ ਵਾਪਸ ਨਹੀਂ ਆਇਆ... ਨਾ ਸਾਨੂੰ ਲੀੜੇ ਮਿਲੇ ਨਾ ਲਾਸ਼ ਤੇ ਨਾਲ ਫੁੱਲ।''

''ਮੇਰੇ ਪਤੀ ਨੂੰ ਮਾਰ ਦਿੱਤਾ, ਨਾ ਸਾਨੂੰ ਲਾਸ਼ ਦਿੱਤੀ ਤੇ ਨਾ ਫੁੱਲ ਦਿੱਤੇ। ਬਹੁਤ ਔਖਾ ਸਮਾਂ ਦੇਖਿਆ, ਦਿਹਾੜੀਆਂ ਕਰਕੇ ਬੱਚੇ ਪਾਲੇ ਨੇ। ਹੁਣ ਸਾਨੂੰ 32 ਸਾਲਾਂ ਬਾਅਦ ਨਿਆਂ ਮਿਲਿਆ।''

ਇਹ ਸ਼ਬਦ ਉਨ੍ਹਾਂ ਔਰਤਾਂ ਦੇ ਹਨ, ਜਿਨ੍ਹਾਂ ਦੇ ਪਤੀਆਂ ਨੂੰ 32 ਸਾਲ ਪਹਿਲਾਂ ਪੁਲਿਸ ਘਰੋਂ ਤਾਂ ਲੈ ਗਈ ਪਰ ਉਹ ਵਾਪਸ ਕਦੇ ਨਹੀਂ ਪਰਤੇ।

ਤਰਨਤਾਰਨ ਜ਼ਿਲ੍ਹੇ ਦੇ ਪਿੰਡ ਰਾਣੀ ਵਲਾਹ ਦੀਆਂ ਇਨ੍ਹਾਂ ਦੋ ਔਰਤਾਂ ਨੂੰ ਆਖਿਰਕਾਰ 32 ਸਾਲਾਂ ਬਾਅਦ ਇਨਸਾਫ ਮਿਲਿਆ ਹੈ।

ਮੁਹਾਲੀ ਦੀ ਸੀਬੀਆਈ ਅਦਾਲਤ ਨੇ ਕਈ ਸੇਵਾਮੁਕਤ ਪੁਲਿਸ ਅਧਿਕਾਰੀਆਂ ਨੂੰ ਇਨ੍ਹਾਂ ਔਰਤਾਂ ਦੇ ਪਤੀਆਂ ਸਣੇ 7 ਸਥਾਨਕ ਪੁਰਸ਼ਾਂ ਦੀ ਗੈਰ-ਕਾਨੂੰਨੀ ਹਿਰਾਸਤ, ਤਸ਼ੱਦਦ ਅਤੇ ਫਰਜ਼ੀ ਮੁਕਾਬਲੇ ਵਿੱਚ ਕਤਲਾਂ 'ਚ ਉਨ੍ਹਾਂ ਦੀ ਭੂਮਿਕਾ ਲਈ ਦੋਸ਼ੀ ਠਹਿਰਾਇਆ।

ਪੀੜਤ ਪਰਿਵਾਰਾਂ ਦੇ ਵਕੀਲ ਨੇ ਕੀ ਦੱਸਿਆ

ਪੀੜਤ ਪਰਿਵਾਰਾਂ ਦੇ ਵਕੀਲ ਸਰਬਜੀਤ ਸਿੰਘ ਵੇਰਕਾ ਨੇ ਦੱਸਿਆ ਕਿ ਜਾਂਚ ਪੂਰੀ ਕਰਨ ਤੋਂ ਬਾਅਦ, ਸੀਬੀਆਈ ਨੇ ਸਾਲ 2002 ਵਿੱਚ ਭੁਪਿੰਦਰਜੀਤ ਸਿੰਘ ਡੀਐਸਪੀ ਗੋਇੰਦਵਾਲ, ਇੰਸਪੈਕਟਰ ਗੁਰਦੇਵ ਸਿੰਘ ਐਸਐਚਓ ਸਰਹਾਲੀ, ਐਸਆਈ ਗਿਆਨ ਚੰਦ, ਏਐਸਆਈ ਦਵਿੰਦਰ ਸਿੰਘ, ਏਐਸਆਈ ਗੁਲਬਰਗ ਸਿੰਘ, ਇੰਸਪੈਕਟਰ ਸੂਬਾ ਸਿੰਘ ਐਸਐਚਓ, ਪੀਐਸ ਵੇਰੋਵਾਲ, ਏਐਸਆਈ ਜਗੀਰ ਸਿੰਘ, ਏਐਸਆਈ ਰਘੂਬੀਰ ਸਿੰਘ, ਐਚਸੀ ਮੋਹਿੰਦਰ ਸਿੰਘ, ਐਚਸੀ ਅਰੂਰ ਸਿੰਘ ਵਿਰੁੱਧ ਚਾਰਜਸ਼ੀਟ ਪੇਸ਼ ਕੀਤੀ ਸੀ।

ਉਨ੍ਹਾਂ ਦੱਸਿਆ, ਪਰ 2010 ਤੋਂ 21 ਦੌਰਾਨ ਇਸ ਕੇਸ ਦੀ ਸੁਣਵਾਈ 'ਤੇ ਰੋਕ ਲੱਗੀ ਰਹੀ ਅਤੇ ਇਸ ਸਮੇਂ ਦੌਰਾਨ ਪੰਜ ਮੁਲਜ਼ਮਾਂ ਦੀ ਮੌਤ ਹੋ ਗਈ।

ਵੇਰਕਾ ਨੇ ਇਹ ਵੀ ਦੱਸਿਆ ਕਿ ਸੀਬੀਆਈ ਨੇ ਇਸ ਮਾਮਲੇ ਵਿੱਚ 67 ਗਵਾਹਾਂ ਦਾ ਹਵਾਲਾ ਦਿੱਤਾ ਸੀ ਪਰ ਮਾਮਲੇ ਵਿੱਚ ਦੇਰੀ ਨਾਲ ਚੱਲ ਰਹੀ ਸੁਣਵਾਈ ਦੌਰਾਨ 36 ਗਵਾਹਾਂ ਦੀ ਵੀ ਮੌਤ ਹੋ ਗਈ ਅਤੇ ਸਿਰਫ਼ 28 ਗਵਾਹਾਂ ਨੇ ਹੀ ਗਵਾਹੀ ਦਿੱਤੀ।

ਉਨ੍ਹਾਂ ਕਿਹਾ ਕਿ ਆਖਿਰ ਅੱਜ ਪੰਜ ਮੁਲਜ਼ਮਾਂ ਭੁਪਿੰਦਰਜੀਤ, ਦਵਿੰਦਰ, ਸੂਬਾ, ਗੁਲਬਰਗ ਅਤੇ ਰਘਬੀਰ ਸਿੰਘ ਨੂੰ ਧਾਰਾ 120 ਬੀ, 120-ਬੀ ਆਰ/ਡਬਲਯੂ 302 ਆਈਪੀਸੀ, 120 ਬੀ ਆਰ/ਡਬਲਯੂ 201 ਆਈਪੀਸੀ ਅਤੇ 120 ਬੀ ਆਰ/ਡਬਲਯੂ 218 ਆਈਪੀਸੀ ਦੇ ਤਹਿਤ ਅਪਰਾਧ ਲਈ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਹਿਰਾਸਤ 'ਚ ਲੈ ਕੇ ਜੇਲ੍ਹ ਭੇਜ ਦਿੱਤਾ ਗਿਆ ਹੈ। ਦੋਸ਼ੀਆਂ ਨੂੰ ਸਜ਼ਾ ਸੋਮਵਾਰ ਨੂੰ ਸੁਣਾਈ ਜਾਵੇਗੀ।

ਕੀ ਹੈ ਪੂਰਾ ਮਾਮਲਾ

ਸ਼ਿੰਦਰ ਕੌਰ

ਤਸਵੀਰ ਸਰੋਤ, Ravinder Singh Robin/BBC

ਤਸਵੀਰ ਕੈਪਸ਼ਨ, ਸ਼ਿੰਦਰ ਕੌਰ ਦੱਸਦੇ ਹਨ ਕਿ ਪੁਲਿਸ ਨੇ ਉਨ੍ਹਾਂ 'ਤੇ ਵੀ ਤਸ਼ੱਦਦ ਢਾਹਿਆ

ਸੁਪਰੀਮ ਕੋਰਟ ਦੇ ਹੁਕਮਾਂ ਉੱਤੇ ਇਹ ਮਾਮਲਾ 1996 ਵਿੱਚ ਸੀਬੀਆਈ ਨੂੰ ਸੌਂਪ ਦਿੱਤਾ ਗਿਆ ਸੀ, ਜਾਂਚ ਵਿੱਚ ਪਾਇਆ ਗਿਆ ਕਿ ਤਿੰਨ ਸਪੈਸ਼ਲ ਪੁਲਿਸ ਅਫਸਰਾਂ (ਐੱਸਪੀਓ) ਸਣੇ 7 ਨੌਜਵਾਨਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਹਿਰਾਸਤ ਵਿੱਚ ਲਿਆ ਗਿਆ ਸੀ ਅਤੇ ਫਿਰ ਕਤਲ ਕਰਕੇ ਲਾਸ਼ਾਂ ਨੂੰ ਅਣਪਛਾਤੀਆਂ ਦੱਸ ਕੇ ਟਿਕਾਣੇ ਲਗਾ ਦਿੱਤੀਆਂ ਗਈਆਂ ਸਨ।

ਇਸ ਕੇਸ ਵਿੱਚ 10 ਪੁਲਿਸ ਮੁਲਾਜ਼ਮਾਂ ਨੂੰ ਮੁਲਜ਼ਮ ਬਣਾਇਆ ਗਿਆ ਸੀ। ਇਨ੍ਹਾਂ ਵਿੱਚੋਂ ਪੰਜ ਦੀ ਟਰਾਇਲ ਦੌਰਾਨ ਮੌਤ ਹੋ ਗਈ।

ਸੀਬੀਆਈ ਦੀ ਅਦਾਲਤ ਨੇ ਹੁਣ ਤਰਨਤਾਰਨ ਵਿੱਚ 1993 'ਚ ਹੋਏ ਫਰਜ਼ੀ ਐਨਕਾਊਂਟਰ ਨਾਲ ਜੁੜੇ ਮਾਮਲੇ ਵਿੱਚ ਸਾਬਕਾ ਐੱਸਐੱਸਪੀ ਅਤੇ ਡੀਐੱਸਪੀ ਸਣੇ ਪੰਜ ਲੋਕਾਂ ਨੂੰ ਦੋਸ਼ੀ ਠਹਿਰਾਇਆ। ਸੋਮਵਾਰ ਨੂੰ ਇਨ੍ਹਾਂ ਨੂੰ ਸਜ਼ਾ ਸੁਣਾਈ ਜਾਵੇਗੀ।

ਦੋਸ਼ੀ ਕਰਾਰ ਦਿੱਤੇ ਗਏ ਅਧਿਕਾਰੀਆਂ ਵਿੱਚ ਸੇਵਾਮੁਕਤ ਐੱਸਐੱਸਪੀ ਭੁਪਿੰਦਰਜੀਤ ਸਿੰਘ, ਸੇਵਾਮੁਕਤ ਇੰਸਪੈਕਟਰ ਸੂਬਾ ਸਿੰਘ, ਸੇਵਾਮੁਕਤ ਡੀਐੱਸਪੀ ਦਵਿੰਦਰ ਸਿੰਘ ਅਤੇ ਸੇਵਾਮੁਕਤ ਏਐੱਸਆਈ ਰਘੁਬੀਰ ਸਿੰਘ ਅਤੇ ਸੇਵਾਮੁਕਤ ਏਐੱਸਆਈ ਗੁਲਬਰਗ ਸਿੰਘ ਸ਼ਾਮਲ ਹਨ।

'ਪੁਲਿਸ ਨੇ ਮੇਰਾ ਪਤੀ ਮਾਰਿਆ ਤੇ ਮੇਰੇ ਬਿਜਲੀ ਲਾਈ'

ਸ਼ਿੰਦਰ ਕੌਰ

ਤਸਵੀਰ ਸਰੋਤ, Ravinder Singh Robin/BBC

ਤਸਵੀਰ ਕੈਪਸ਼ਨ, ਸ਼ਿੰਦਰ ਕੌਰ ਆਪਣੇ ਬੱਚਿਆਂ ਨੂੰ ਪਾਲਣ ਲਈ ਪਿੰਡ ਛੱਡ ਕੇ ਹਰੀਕੇ ਪੱਤਣ ਆ ਕੇ ਰਹਿਣ ਲੱਗ ਗਏ ਸਨ

ਇਹ ਮਾਮਲਾ ਸਾਲ 1993 ਦਾ ਹੈ, ਜਦੋਂ ਪੁਲਿਸ ਤਰਨਤਾਰਨ ਦੇ ਪਿੰਡ ਰਾਣੀ ਵਲਾਹ ਤੋਂ ਸ਼ਿੰਦਰ ਕੌਰ ਦੇ ਪਤੀ ਬਲਕਾਰ ਸਿੰਘ ਨੂੰ ਚੁੱਕ ਕੇ ਲੈ ਗਈ ਅਤੇ ਉਹ ਫਿਰ ਕਦੇ ਵਾਪਸ ਘਰ ਨਹੀਂ ਆਏ।

ਸ਼ਿੰਦਰ ਕੌਰ ਦੇ ਪਤੀ ਬਲਕਾਰ ਸਿੰਘ ਵੀ ਉਸ ਸਮੇਂ ਪੁਲਿਸ ਵਿੱਚ ਮੁਲਾਜ਼ਮ (ਐੱਸਪੀਓ) ਸਨ।

ਸ਼ਿੰਦਰ ਕੌਰ ਆਪਣੇ ਬੱਚਿਆਂ ਨੂੰ ਪਾਲਣ ਲਈ ਪਿੰਡ ਛੱਡ ਕੇ ਹਰੀਕੇ ਪੱਤਣ ਆ ਕੇ ਰਹਿਣ ਲੱਗ ਗਏ ਸਨ। ਇੱਥੇ ਉਹ ਦੋ ਕਮਰਿਆਂ ਦੇ ਘਰ ਵਿੱਚ ਰਹਿੰਦੇ ਹਨ।

ਉਸ ਦੌਰ ਨੂੰ ਯਾਦ ਕਰਦੇ ਹੋਏ ਉਹ ਦੱਸਦੇ ਹਨ ਕਿ ਕਿਵੇਂ ਉਸ ਸਮੇਂ ਪੁਲਿਸ ਉਨ੍ਹਾਂ ਨੂੰ ਵੀ ਬੱਚਿਆਂ ਸਣੇ ਲੈ ਗਈ ਸੀ।

ਸ਼ਿੰਦਰ ਕੌਰ ਦੱਸਦੇ ਹਨ, "ਪੁਲਿਸ ਮੈਨੂੰ ਮੇਰੇ ਬੱਚਿਆਂ ਸਣੇ ਲੈ ਗਈ ਸੀ ਤੇ ਫਿਰ ਮੇਰੇ ਪਤੀ ਪੇਸ਼ ਹੋਏ। ਪੁਲਿਸ ਨੇ ਤਰਨ ਤਾਰਨ ਵਿੱਚ ਉਨ੍ਹਾਂ ਨੂੰ ਮਾਰ ਦਿੱਤਾ ਸੀ। ਅਸੀਂ ਜਦੋਂ ਮੇਰੇ ਪਤੀ ਨੂੰ ਲੈ ਗਏ ਤਾਂ ਸਹਿਰਾਲੀ ਥਾਣੇ 'ਚੋਂ ਬਾਹਰ ਆਏ ਪੰਜ ਪੁਲਿਸ ਅਫਸਰਾਂ ਨੇ ਸਾਨੂੰ ਕਿਹਾ ਕਿ ਅਸੀਂ ਉਸ ਨੂੰ ਮਾਰ ਦਿੱਤਾ। ਫਿਰ ਨਾ ਸਾਨੂੰ ਲਾਸ਼ ਦਿੱਤੀ ਤੇ ਨਾ ਫੁੱਲ ਦਿੱਤੇ।"

"ਅਸੀਂ ਕੁਝ ਦਿਨ ਬਾਅਦ ਤਰਨ ਤਾਰਨ ਥਾਣੇ ਵੀ ਗਏ ਤਾਂ ਉਥੇ ਸਾਨੂੰ ਕਿਹਾ ਗਿਆ ਕਿ ਅਸੀਂ ਤਾਂ ਉਨ੍ਹਾਂ ਦੇ ਫੁੱਲ ਵੀ ਪਾ ਦਿੱਤੇ ਹੁਣ ਤੁਹਾਨੂੰ ਕੁਝ ਨਹੀਂ ਮਿਲਣਾ। ਪੁਲਿਸ ਨੇ ਅੱਤਵਾਦੀ ਕਹਿ ਕਿ ਇਲਜ਼ਾਮ ਲਗਾਇਆ ਪਰ ਉਹ ਅੱਤਵਾਦੀ ਨਹੀਂ ਸੀ। ਪੁਲਿਸ ਨੇ ਉਨ੍ਹਾਂ ਦੀ ਬਹੁਤ ਕੁੱਟਮਾਰ ਕੀਤੀ ਸੀ ਤੇ ਸਾਨੂੰ ਨੇੜੇ ਵੀ ਨਹੀਂ ਜਾਣ ਦਿੱਤਾ ਗਿਆ ਸੀ।"

ਸ਼ਿੰਦਰ ਕੌਰ ਦੱਸਦੇ ਹਨ ਕਿ ਪੁਲਿਸ ਨੇ ਉਨ੍ਹਾਂ 'ਤੇ ਵੀ ਤਸ਼ੱਦਦ ਢਾਹਿਆ।

ਉਹ ਦੱਸਦੇ ਹਨ, "ਪੁਲਿਸ ਸਾਨੂੰ ਵੀ ਲੈ ਗਈ ਸੀ। ਪੁਲਿਸ ਮੇਰੀਆਂ ਬਾਹਾਂ 'ਤੇ ਬਿਜਲੀ ਲਾਉਂਦੀ ਰਹੀ ਹੈ। ਪੂਰੇ ਦੋ ਦਿਨ ਉਨ੍ਹਾਂ ਨੇ ਮੇਰੇ ਬੱਤੀਆਂ ਲਗਾਈਆਂ ਪਰ ਸਾਡੇ ਕੋਲ ਦੱਸਣ ਨੂੰ ਕੁਝ ਹੈ ਹੀ ਨਹੀਂ ਸੀ।"

'ਦਿਹਾੜੀਆਂ ਕਰਕੇ ਬੱਚੇ ਵੱਡੇ ਕੀਤੇ'

ਨਰਿੰਦਰ ਕੌਰ

ਤਸਵੀਰ ਸਰੋਤ, Ravinder Singh Robin/BBC

ਤਸਵੀਰ ਕੈਪਸ਼ਨ, ਨਰਿੰਦਰ ਕੌਰ ਦੱਸਦੇ ਹਨ ਕਿ ਉਨ੍ਹਾਂ ਉੱਤੇ ਕੇਸ ਵਾਪਸ ਲੈਣ ਦਾ ਦਬਾਅ ਵੀ ਪਾਇਆ ਗਿਆ ਸੀ

1993 ਵਿੱਚ ਜਦੋਂ ਇਹ ਤਸ਼ੱਦਦ ਹੋਈ ਤਾਂ ਸ਼ਿੰਦਰ ਕੌਰ ਦੇ ਛੋਟੇ-ਛੋਟੇ ਬੱਚੇ ਸਨ।

ਉਹ ਦੱਸਦੇ ਹਨ ਕਿ ਕਿਵੇਂ ਉਨ੍ਹਾਂ ਨੇ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕੀਤਾ।

ਸ਼ਿੰਦਰ ਕੌਰ ਕਹਿੰਦੇ ਹਨ, "ਮੇਰੇ ਬੱਚੇ ਉਸ ਸਮੇਂ ਨਿੱਕੇ-ਨਿੱਕੇ ਸਨ। ਮੈਂ ਦਿਹਾੜੀਆਂ ਕਰ-ਕਰ ਉਨ੍ਹਾਂ ਦਾ ਪਾਲਣ ਪੋਸ਼ਣ ਕੀਤਾ।"

"ਅਸੀਂ ਇਨਸਾਫ ਲਈ ਚੰਡੀਗੜ੍ਹ ਵੀ ਬਹੁਤ ਵਾਰ ਗਏ। ਅਸੀਂ ਚੰਡੀਗੜ੍ਹ ਕੇਸ ਲਾਇਆ ਸੀ। ਉਥੇ ਗੁਰਦੁਆਰਿਆਂ ਵਿੱਚ ਰਾਤਾਂ ਕੱਟੀਆਂ ਪਰ ਸਾਡੀ ਗਰੀਬਾਂ ਦੀ ਕਿਸੇ ਨੇ ਨਹੀਂ ਸੁਣੀ ਫਿਰ ਅਸੀਂ ਚੁੱਪ ਕਰਕੇ ਬੈਠ ਗਏ। ਮੈਂ ਬਹੁਤ ਔਖਾ ਸਮਾਂ ਕੱਟਿਆ।''

''ਮੈਂ ਹੁਣ ਚਾਹੁੰਦੀ ਹਾਂ ਕਿ ਮੇਰੇ ਬੱਚਿਆਂ ਨੂੰ ਨੌਕਰੀ ਮਿਲੇ ਤੇ ਮੈਨੂੰ ਪੈਨਸ਼ਨ ਲੱਗ ਜਾਵੇ ਤਾਂ ਜੋ ਸਾਡੇ ਦਿਨ ਚੰਗੇ ਕੱਟੇ ਜਾਣ। ਹੁਣ ਸਾਨੂੰ 32 ਸਾਲ ਬਾਅਦ ਨਿਆਂ ਮਿਲਿਆ ਹੈ।"

ਪਿੰਡ ਛੱਡ ਕੇ ਹਰੀਕੇ ਪੱਤਣ ਆਉਣ ਬਾਰੇ ਸ਼ਿੰਦਰ ਕੌਰ ਕਹਿੰਦੇ ਹਨ ਕਿ ਬੱਚੇ ਵੀ ਪਾਲਣੇ ਸੀ ਤੇ ਉਥੇ ਕੋਈ ਕੰਮਕਾਰ ਨਹੀਂ ਸੀ। ਇਥੇ ਸ਼ਹਿਰ ਹੋਣ ਕਰਕੇ ਅਸੀਂ ਕੰਮਕਾਰ ਕਰਕੇ ਗੁਜ਼ਾਰਾ ਕੀਤਾ।

'ਪਤੀ ਨੂੰ ਘਰੋਂ ਲੈ ਗਏ ਤੇ ਮੈਂ ਗਰਭਵਤੀ ਸੀ'

ਸ਼ਿੰਦਰ ਸਿੰਘ ਦਾ ਪਰਿਵਾਰ

ਤਸਵੀਰ ਸਰੋਤ, Ravinder Singh Robin/BBC

ਤਸਵੀਰ ਕੈਪਸ਼ਨ, ਨਰਿੰਦਰ ਕੌਰ ਕਹਿੰਦੇ ਹਨ ਕਿ ਉਨ੍ਹਾਂ ਦੇ ਬੱਚੇ ਨੂੰ ਨੌਕਰੀ ਮਿਲੇ ਅਤੇ ਉਨ੍ਹਾਂ ਨੂੰ ਪੈਨਸ਼ਨ ਲੱਗ ਜਾਵੇ

1993 ਵਿੱਚ ਪੁਲਿਸ ਮੁਕਾਬਲੇ 'ਚ ਮਰਨ ਵਾਲਿਆਂ ਵਿੱਚ ਨਰਿੰਦਰ ਕੌਰ ਦੇ ਪਤੀ ਸ਼ਿੰਦਰ ਸਿੰਘ ਵੀ ਸਨ।

ਉਸ ਵੇਲੇ ਸ਼ਿੰਦਰ ਸਿੰਘ ਵੀ ਪੁਲਿਸ ਵਿੱਚ ਮੁਲਾਜ਼ਮ (ਐੱਸਪੀਓ) ਸਨ।

ਨਰਿੰਦਰ ਕੌਰ ਦੱਸਦੇ ਹਨ, "ਪੁਲਿਸ ਘਰ ਆਈ ਤੇ ਤਲਾਸ਼ੀ ਲੈ ਕੇ ਆਪਣੇ ਨਾਲ ਲੈ ਗਈ। ਫਿਰ ਉਹ ਕਦੇ ਵਾਪਸ ਘਰ ਨਹੀਂ ਪਰਤੇ। ਸਾਨੂੰ ਅਖਬਾਰ ਤੋਂ ਪਤਾ ਲੱਗਿਆ ਕਿ ਉਨ੍ਹਾਂ ਨੂੰ ਮਾਰ ਦਿੱਤਾ ਗਿਆ। ਨਾ ਸਾਨੂੰ ਉਨ੍ਹਾਂ ਦੀ ਚੱਪਲ ਮਿਲੀ ਨਾ ਲੀੜੇ, ਨਾ ਲਾਸ਼ ਤੇ ਨਾ ਫੁੱਲ।"

"ਜਦੋਂ ਮੇਰੇ ਪਤੀ ਨੂੰ ਲੈ ਕੇ ਗਏ, ਉਦੋਂ ਮੇਰੇ ਬੱਚਾ ਹੋਣ ਵਾਲਾ ਸੀ। ਕਦੇ ਮੈਂ ਸਮਾਂ ਪੇਕੇ ਕੱਟਦੀ ਅਤੇ ਕਦੇ ਸਹੁਰੇ ਵਾਲੇ ਲੈ ਆਉਂਦੇ।"

ਨਰਿੰਦਰ ਕੌਰ ਦੱਸਦੇ ਹਨ ਕਿ ਉਨ੍ਹਾਂ ਉੱਤੇ ਕੇਸ ਵਾਪਸ ਲੈਣ ਦਾ ਦਬਾਅ ਵੀ ਪਾਇਆ ਗਿਆ ਸੀ ਤੇ ਪੈਸਿਆਂ ਦੀ ਵੀ ਆਫਰ ਕੀਤੀ ਗਈ ਸੀ ਪਰ ਉਨ੍ਹਾਂ ਨੇ ਕੁਝ ਵੀ ਲੈਣ ਤੋਂ ਮਨ੍ਹਾਂ ਕਰ ਦਿੱਤਾ ਤੇ ਕੇਸ ਲੜਿਆ।

ਉਹ ਦੱਸਦੇ ਹਨ ਕਿ ਉਨ੍ਹਾਂ ਨੂੰ ਉਮੀਦ ਸੀ ਕਿ ਉਨ੍ਹਾਂ ਨੂੰ ਇਨਸਾਫ ਮਿਲੇਗਾ।

ਸਰਕਾਰ ਕੋਲੋਂ ਮੰਗ ਕਰਦੇ ਹੋਏ ਨਰਿੰਦਰ ਕੌਰ ਕਹਿੰਦੇ ਹਨ ਕਿ ਉਨ੍ਹਾਂ ਦੇ ਬੱਚੇ ਨੂੰ ਨੌਕਰੀ ਮਿਲੇ ਅਤੇ ਉਨ੍ਹਾਂ ਨੂੰ ਪੈਨਸ਼ਨ ਲੱਗ ਜਾਵੇ।

ਸ਼ਿੰਦਰ ਸਿੰਘ ਦੇ ਭਰਾ ਹੀਰਾ ਸਿੰਘ ਕਹਿੰਦੇ ਹਨ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਹੋਵੇ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)