ਫਲਾਈਟ 'ਚ ਇੱਕ ਬਿਮਾਰ ਸ਼ਖਸ ਨੂੰ ਥੱਪੜ ਮਾਰਨ ਦਾ ਕੀ ਹੈ ਮਾਮਲਾ, ਜਿਸ ਮਗਰੋਂ ਸੋਸ਼ਲ ਮੀਡੀਆ 'ਤੇ ਭੜਕੇ ਲੋਕ

ਵੀਡੀਓ

ਤਸਵੀਰ ਸਰੋਤ, Social Media

ਤਸਵੀਰ ਕੈਪਸ਼ਨ, ਵੀਡੀਓ ਵਿੱਚ ਇੱਕ ਸ਼ਖਸ ਨੂੰ ਇੱਕ ਯਾਤਰੀ ਥੱਪੜ ਮਾਰਦਾ ਦਿਖ ਰਿਹਾ ਹੈ

ਮੁੰਬਈ ਤੋਂ ਕੋਲਕੱਤਾ ਜਾ ਰਹੀ ਇੰਡੀਗੋ ਏਅਰਲਾਈਨਜ਼ ਦੀ ਇੱਕ ਫਲਾਈਟ ਵਿੱਚ ਸਫ਼ਰ ਕਰ ਰਹੇ ਇੱਕ ਸ਼ਖਸ ਨੂੰ ਥੱਪੜ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਸੋਸ਼ਲ ਮੀਡੀਆ 'ਤੇ ਇਸ ਘਟਨਾ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਇੱਕ ਸ਼ਖਸ ਨੂੰ ਇੱਕ ਸਹਿਯਾਤਰੀ ਥੱਪੜ ਮਾਰਦਾ ਦੇਖਿਆ ਜਾ ਰਿਹਾ ਹੈ।

ਜਿਸ ਵਿਅਕਤੀ ਦੇ ਨਾਲ ਹਿੰਸਾ ਹੋਈ ਹੈ, ਉਨ੍ਹਾਂ ਦੀ ਪਛਾਣ ਅਸਾਮ ਦੇ ਕਛਾਰ ਜ਼ਿਲ੍ਹੇ ਦੇ ਕਾਟਿਗੋਰਾ ਵਿਧਾਨ ਸਭਾ ਦੇ ਲਾਥਿਮਾਰਾ ਪਿੰਡ ਦੇ 32 ਸਾਲਾ ਹੁਸੈਨ ਅਹਿਮਦ ਮਜੂਮਦਾਰ ਦੇ ਰੂਪ ਵਿੱਚ ਹੋਈ ਹੈ।

ਇਹ ਘਟਨਾ ਵੀਰਵਾਰ 31 ਜੁਲਾਈ ਨੂੰ ਇੰਡੀਗੋ ਦੀ ਫਲਾਈਟ ਨੰਬਰ 6E138 ਵਿੱਚ ਹੋਈ, ਜੋ ਮੁੰਬਈ ਤੋਂ ਕੋਲਕੱਤਾ ਜਾ ਰਹੀ ਸੀ। ਇਸ ਮਾਮਲੇ 'ਤੇ ਸੋਸ਼ਲ ਮੀਡੀਆ ਯੂਜ਼ਰਸ ਦੀਆਂ ਤਿੱਖੀ ਪ੍ਰਤੀਕਿਰਿਆਵਾਂ ਅਤੇ ਆਲੋਚਨਾਵਾਂ ਦੇਖਣ ਨੂੰ ਮਿਲ ਰਹੀਆਂ ਹਨ।

ਸਿਲਚਰ ਵਿੱਚ ਬੀਬੀਸੀ ਦੇ ਸਹਿਯੋਗੀ ਪੱਤਰਕਾਰ ਵਿਸ਼ਵਕਲਿਆਣ ਪੁਰਕਾਯਸਥ ਨੇ ਹੁਸੈਨ ਮਜੂਮਦਾਰ ਦੇ ਪਿਤਾ ਅਬਦੁਲ ਮੰਨਨ ਮਜੂਮਦਾਰ ਨਾਲ ਗੱਲ ਕੀਤੀ ਹੈ। ਅਬਦੁਲ ਮੰਨਨ ਮਜੂਮਦਾਰ ਨੇ ਵਾਇਰਲ ਵੀਡੀਓ ਵਿੱਚ ਪੀੜਤ ਦੀ ਪਛਾਣ ਆਪਣੇ ਪੁੱਤਰ ਵਜੋਂ ਕੀਤੀ ਹੈ।

ਮੀਡੀਆ ਰਿਪੋਰਟਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਿਸ ਸ਼ਖਸ ਨੂੰ ਥੱਪੜ ਮਾਰਿਆ ਗਿਆ, ਉਨ੍ਹਾਂ ਦੀ ਤਬੀਅਤ ਖਰਾਬ ਹੋ ਗਈ ਸੀ ਅਤੇ ਕੈਬਿਨ ਕਰੂ ਉਨ੍ਹਾਂ ਦੀ ਮਦਦ ਕਰ ਰਿਹਾ ਸੀ, ਉਦੋਂ ਹੀ ਇੱਕ ਦੂਜੇ ਯਾਤਰੀ ਨੇ ਅਚਾਨਕ ਉਨ੍ਹਾਂ ਨੂੰ ਥੱਪੜ ਮਾਰ ਦਿੱਤਾ।

ਇਹ ਵੀ ਪੜ੍ਹੋ-

ਵੀਡੀਓ ਵਿੱਚ ਕੀ ਦਿਖ ਰਿਹਾ ਹੈ?

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਵੀਡੀਓ ਵਿੱਚ ਥੱਪੜ ਤੋਂ ਬਾਅਦ ਸ਼ਖਸ ਪਰੇਸ਼ਾਨ ਦਿਖ ਰਿਹਾ ਹੈ ਅਤੇ ਰੋ ਰਿਹਾ ਹੈ, ਜਦੋਂਕਿ ਇੱਕ ਹੋਰ ਯਾਤਰੀ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, "ਤੁਸੀਂ ਉਸ ਨੂੰ ਕਿਉਂ ਮਾਰਿਆ? ਤੁਹਾਨੂੰ ਕਿਸੇ ਨੂੰ ਮਾਰਨ ਦਾ ਕੋਈ ਹੱਕ ਨਹੀਂ ਹੈ।"

ਵੀਡੀਓ ਵਿੱਚ ਦੋ ਕੈਬਿਨ ਕਰੂ ਮੈਂਬਰਜ਼ ਪੀੜਤ ਦੀ ਮਦਦ ਕਰਦੇ ਅਤੇ ਉਨ੍ਹਾਂ ਨੂੰ ਜਹਾਜ਼ ਤੋਂ ਬਾਹਰ ਕੱਢਣ ਵਿੱਚ ਮਦਦ ਕਰਦੇ ਨਜ਼ਰ ਆ ਰਹੇ ਹਨ।

ਇਸ ਸਮੇਂ ਕਿਨਾਰੇ ਦੀ ਸੀਟ 'ਤੇ ਬੈਠੇ ਇੱਕ ਯਾਤਰੀ ਨੇ ਅਚਾਨਕ ਉਨ੍ਹਾਂ ਨੂੰ ਜ਼ੋਰ ਨਾਲ ਥੱਪੜ ਮਾਰ ਦਿੱਤਾ। ਇਸ 'ਤੇ ਫਲਾਇਟ ਅਟੇਂਡੈਂਟ ਨੇ ਕਿਹਾ, "ਸਰ, ਪਲੀਜ਼ ਅਜਿਹਾ ਨਾ ਕਰੋ।"

ਇੰਡੀਗੋ ਏਅਰਲਾਇਨਜ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇੰਡੀਗੋ ਏਅਰਲਾਈਨਜ਼ ਨੇ ਇਸ ਮਾਮਲੇ 'ਤੇ ਬਿਆਨ ਵੀ ਜਾਰੀ ਕੀਤਾ ਹੈ

ਵੀਡੀਓ ਰਿਕਾਰਡ ਕਰ ਰਹੇ ਵਿਅਕਤੀ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਰਿਹਾ ਹੈ, " ਤੁਸੀਂ ਉਸ ਨੂੰ ਕਿਉਂ ਮਾਰਿਆ?"

ਇਸ 'ਤੇ ਥੱਪੜ ਮਾਰਨ ਵਾਲੇ ਸ਼ਖਸ ਨੇ ਜਵਾਬ ਦਿੱਤਾ, "ਉਸ ਦੀ ਵਜ੍ਹਾ ਨਾਲ ਸਾਨੂੰ ਪ੍ਰੇਸ਼ਾਨੀ ਹੋ ਰਹੀ ਸੀ।"

ਜਹਾਜ਼ ਵਿੱਚ ਬੈਠੇ ਇੱਕ ਹੋਰ ਪੈਸੰਜਰ ਨੇ ਕਿਹਾ, "ਹਾਂ, ਪ੍ਰੇਸ਼ਾਨੀ ਹੋ ਰਹੀ ਸੀ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਉਸ ਨੂੰ ਮਾਰੋਗੇ।"

ਸ਼ਖਸ ਨੇ ਫਿਰ ਕਰੂ ਨੂੰ ਉਸ ਵਿਅਕਤੀ ਦੇ ਲਈ ਪਾਣੀ ਲਿਆਉਣ ਲਈ ਕਿਹਾ। ਵੀਡੀਓ ਬਣਾਉਣ ਵਾਲਾ ਯਾਤਰੀ ਬੋਲਿਆ, "ਉਸ ਨੂੰ ਪੈਨਿਕ ਅਟੈਕ ਆਇਆ ਹੈ। ਪਲੀਜ਼ ਉਸ ਨੂੰ ਪਾਣੀ ਲਿਆਓ।"

ਹਿੰਦੁਸਤਾਨ ਟਾਈਮਜ਼ ਅਖਬਾਰ ਦੀ ਰਿਪੋਰਟ ਦੇ ਮੁਤਾਬਕ ਕੋਲਕਾਤਾ ਵਿੱਚ ਜਹਾਜ਼ ਦੇ ਉਤਰਨ ਤੋਂ ਬਾਅਦ ਮੁਲਜ਼ਮ ਨੂੰ ਹਵਾਈ ਅੱਡੇ 'ਤੇ ਸੁਰੱਖਿਆ ਮੁਲਾਜ਼ਮਾਂ ਦੇ ਹਵਾਲੇ ਕਰ ਦਿੱਤਾ ਗਿਆ ਸੀ।

ਸੀਆਈਐੱਸਐੱਫ ਨੇ ਅੱਗੇ ਦੀ ਜਾਂਚ ਲਈ ਉਸ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ।

ਇੰਡੀਗੋ ਏਅਰਲਾਈਨਜ਼ ਨੇ ਐਕਸ 'ਤੇ ਲਿਖਿਆ ਹੈ ਕਿ ਥੱਪੜ ਮਾਰਨ ਵਾਲੇ ਸ਼ਖਸ ਨੂੰ ਕੋਲਕਾਤਾ ਵਿੱਚ ਲੈਂਡ ਕਰਨ ਦੇ ਤੁਰੰਤ ਬਾਅਦ ਹੀ ਅਧਿਕਾਰੀਆਂ ਨੂੰ ਸੌਂਪ ਦਿੱਤਾ ਗਿਆ।

ਏਅਰਲਾਈਨਜ਼ ਨੇ ਥੱਪੜ ਮਾਰਦੇ ਦਿਖ ਰਹੇ ਸ਼ਖਸ ਨੂੰ 'ਹੰਗਾਮਾ ਕਰਨ ਵਾਲਾ' ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਨਿਰਧਾਰਿਤ ਪ੍ਰੋਟੋਕਾਲ ਦੇ ਤਹਿਤ ਸਬੰਧਤ ਹਵਾਬਾਜ਼ੀ ਸੁਰੱਖਿਆ ਏਜੰਸੀਆਂ ਨੂੰ ਇਸ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ।

ਪਰ 'ਇੰਡੀਅਨ ਐਕਸਪ੍ਰੈਸ' ਨੇ ਵਿਧਾਨਨਗਰ ਪੁਲਿਸ ਦੇ ਇੱਕ ਸੀਨੀਅਰ ਅਫਸਰ ਦੇ ਹਵਾਲੇ ਨਾਲ ਖਬਰ ਦਿੱਤੀ ਹੈ ਕਿ ਜਿਸ ਯਾਤਰੀ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ, ਉਸ ਨੂੰ ਬਾਅਦ ਵਿੱਚ ਛੱਡ ਦਿੱਤਾ ਗਿਆ।

ਇੰਡੀਗੋ

ਤਸਵੀਰ ਸਰੋਤ, Getty Images

ਘਟਨਾ ਤੋਂ ਬਾਅਦ ਹੁਸੈਨ ਲਾਪਤਾ, ਪਰਿਵਾਰ ਵਾਲਿਆਂ ਨੇ ਕੀ ਦੱਸਿਆ?

ਘਟਨਾ ਤੋਂ ਬਾਅਦ ਹੁਸੈਨ ਲਾਪਤਾ ਹਨ, ਜਿਸ ਨਾਲ ਉਨ੍ਹਾਂ ਦਾ ਪਰਿਵਾਰ ਸਦਮੇ ਅਤੇ ਚਿੰਤਾ ਵਿੱਚ ਹੈ। ਉਨ੍ਹਾਂ ਦੇ ਪਰਿਵਾਰ ਨੇ ਸਿਲਚਰ ਵਿੱਚ ਬੀਬੀਸੀ ਦੇ ਸਹਿਯੋਗੀ ਪੱਤਰਕਾਰ ਵਿਸ਼ਵਕਲਿਆਣ ਪੁਰਕਾਯਸਥ ਨੂੰ ਕਿਹਾ, "ਅਸੀਂ ਵੀਡੀਓ ਦੇਖਿਆ, ਪਰ ਉਸ ਤੋਂ ਬਾਅਦ ਕੀ ਹੋਇਆ, ਸਾਨੂੰ ਕੁਝ ਨਹੀਂ ਪਤਾ। ਜਦੋਂ ਉਹ ਘਰ ਪਰਤੇਗਾ, ਉਦੋਂ ਹੀ ਸੱਚਾਈ ਸਾਹਮਣੇ ਆਵੇਗੀ।"

ਪਰਿਵਾਰ ਨੇ ਦੱਸਿਆ ਕਿ ਹੁਸੈਨ ਮੁੰਬਈ ਦੇ ਇੱਕ ਹੋਟਲ ਵਿੱਚ ਕੰਮ ਕਰਦਾ ਹੈ ਅਤੇ ਪਿਛਲੇ ਸੱਤ ਸਾਲਾਂ ਤੋਂ ਉੱਥੇ ਹੀ ਰਹਿ ਰਿਹਾ ਹੈ।

ਉਨ੍ਹਾਂ ਦੇ ਪਿਤਾ ਅਬਦੁਲ ਮੰਨਾਨ ਮਜੂਮਦਾਰ ਨੇ ਦੱਸਿਆ, "ਇਹ ਮੁੰਬਈ ਤੋਂ ਸਿਲਚਰ ਦੀ ਸ਼ਾਇਦ ਉਨ੍ਹਾਂ ਦੀ ਪੰਜਵੀਂ ਯਾਤਰਾ ਸੀ ਪਰ ਜੋ ਕੁਝ ਕੱਲ੍ਹ ਹੋਇਆ, ਉਸ ਤਰ੍ਹਾਂ ਦਾ ਪਹਿਲਾਂ ਕਦੇ ਨਹੀਂ ਹੋਇਆ ਸੀ।"

ਅਬਦੁਲ ਮੰਨਾਨ ਨੇ ਕਿਹਾ ਕਿ ਉਨ੍ਹਾਂ ਨੇ ਹੁਸੈਨ ਦੇ ਨਾਲ ਕੁੱਟਮਾਰ ਦਾ ਇੱਕ ਵਾਇਰਲ ਵੀਡੀਓ ਦੇਖਿਆ ਅਤੇ ਫਿਰ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦਾ ਮੋਬਾਈਲ ਬੰਦ ਸੀ।

ਉਨ੍ਹਾਂ ਨੇ ਕਿਹਾ, "ਮੁੰਬਈ ਤੋਂ ਜਾਣ ਤੋਂ ਪਹਿਲਾਂ ਉਨ੍ਹਾਂ ਨੇ ਸਾਨੂੰ ਕਿਸੇ ਹੋਰ ਨੰਬਰ ਤੋਂ ਫ਼ੋਨ ਕੀਤਾ ਅਤੇ ਦੱਸਿਆ ਕਿ ਉਸਦਾ ਫ਼ੋਨ ਗੁਆਚ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਘਰ ਪਹੁੰਚ ਕੇ ਇੱਕ ਨਵਾਂ ਫ਼ੋਨ ਖਰੀਦੇਗਾ।"

ਪਰਿਵਾਰਕ ਮੈਂਬਰਾਂ ਨੇ ਕਿਹਾ, "ਸਾਨੂੰ ਸਵੇਰੇ ਇੱਕ ਵੀਡੀਓ ਮਿਲਿਆ ਜਿਸ ਵਿੱਚ ਇੱਕ ਸਹਿ-ਯਾਤਰੀ ਹੁਸੈਨ ਨੂੰ ਥੱਪੜ ਮਾਰ ਰਿਹਾ ਸੀ। ਅਸੀਂ ਤੁਰੰਤ ਹਵਾਈ ਅੱਡੇ ਵੱਲ ਭੱਜੇ। ਅਸੀਂ ਉਸਦੇ ਉਤਰਨ ਦੀ ਉਮੀਦ ਕਰ ਰਹੇ ਸੀ ਪਰ ਉਹ ਨਹੀਂ ਆਇਆ।"

ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਇੰਡੀਗੋ ਏਅਰਲਾਈਨਜ਼ ਅਤੇ ਹਵਾਈ ਅੱਡਾ ਪ੍ਰਸ਼ਾਸਨ ਨੇ ਉਸਦੀ ਹਾਲਤ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਦਿੱਤੀ।

ਪਰਿਵਾਰ ਦੇ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਹਵਾਈ ਅੱਡੇ 'ਤੇ ਕੋਈ ਮਦਦ ਨਹੀਂ ਮਿਲੀ। ਇੱਕ ਰਿਸ਼ਤੇਦਾਰ ਨੇ ਕਿਹਾ, "ਅਸੀਂ ਹਵਾਈ ਅੱਡੇ ਦੇ ਅਹਾਤੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਸਾਨੂੰ ਇਜਾਜ਼ਤ ਨਹੀਂ ਦਿੱਤੀ ਗਈ।"

ਅਸਾਮ ਪੁਲਿਸ ਨੇ ਕੀ ਦੱਸਿਆ

ਪੁਲਿਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਸਾਮ ਪੁਲਿਸ ਨੇ ਦੱਸਿਆ ਕਿ ਉਹ ਇਸ ਘਟਨਾ ਤੋਂ ਬਾਅਦ ਲਾਪਤਾ ਹੁਸੈਨ ਦੀ ਭਾਲ ਕਰ ਰਹੀ ਹੈ। (ਸੰਕੇਤਕ ਤਸਵੀਰ)

ਅਸਾਮ ਦੇ ਕਛਾਰ ਜ਼ਿਲ੍ਹੇ ਦੇ ਸੀਨੀਅਰ ਪੁਲਿਸ ਸੁਪਰੀਡੈਂਟ (ਐੱਸਐੱਸਪੀ) ਨੁਮਲ ਮਹੱਤਾ ਨੇ ਕਿਹਾ ਕਿ ਉਹ ਕੋਲਕਾਤਾ ਪੁਲਿਸ ਦੇ ਸੰਪਰਕ ਵਿੱਚ ਹੈ ਅਤੇ ਉਨ੍ਹਾਂ ਦੇ ਅਨੁਸਾਰ, ਹੁਸੈਨ ਨੂੰ 31 ਜੁਲਾਈ ਨੂੰ ਉਸ ਯਾਤਰੀ ਦੇ ਨਾਲ ਸੁਲਾਹ ਤੋਂ ਬਾਅਦ ਕੋਲਕਾਤਾ ਏਅਰਪੋਰਟ ਤੋਂ ਜਾਣ ਦਿੱਤਾ ਗਿਆ ਸੀ, ਜਿਸ ਨੇ ਉਨ੍ਹਾਂ ਨੂੰ ਫਲਾਇਟ ਵਿੱਚ ਥੱਪੜ ਮਾਰਿਆ ਸੀ।

ਮਹੱਤਾ ਨੇ ਕਿਹਾ, "ਸੀਆਈਐੱਸਐੱਫ ਅਧਿਕਾਰੀਆਂ ਨੇ ਹੁਸੈਨ ਅਤੇ ਹਮਲਾਵਰ ਦੇ ਵਿੱਚ ਬੈਠਕ ਕਰਵਾਈ। ਦੋਵਾਂ ਪੱਖਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਉਨ੍ਹਾਂ ਨੂੰ ਜਾਣ ਦਿੱਤਾ ਗਿਆ। ਹੁਸੈਨ ਨੂੰ ਅਗਲੇ ਦਿਨ ਸਵੇਰੇ ਕੋਲਕਾਤਾ ਤੋਂ ਸਿਲਚਰ ਜਾਣ ਵਾਲੀ ਫਲਾਇਟ ਫੜਨੀ ਸੀ ਪਰ ਉਹ ਸ਼ਾਇਦ ਫਲਾਇਟ ਨਹੀਂ ਫੜ ਪਾਏ ਸਨ।"

ਉਨ੍ਹਾਂ ਨੇ ਦੱਸਿਆ ਕਿ ਹੁਸੈਨ ਨੇ ਸ਼ਨਿੱਚਰਵਾਰ ਨੂੰ ਕੋਈ ਫਲਾਇਟ ਨਹੀਂ ਲਈ ਅਤੇ ਨਾ ਹੀ ਆਪਣੇ ਪਰਿਵਾਰ ਨਾਲ ਸੰਪਰਕ ਕੀਤਾ।

ਮਹੱਤਾ ਨੇ ਕਿਹਾ, "ਪਰਿਵਾਰ ਦੇ ਅਨੁਸਾਰ, ਉਸਦਾ ਮੋਬਾਈਲ ਫੋਨ ਮੁੰਬਈ ਵਿੱਚ ਗੁੰਮ ਹੋ ਗਿਆ ਸੀ, ਜਿਸ ਕਾਰਨ ਉਹ ਉਸ ਨਾਲ ਸੰਪਰਕ ਕਰਨ ਵਿੱਚ ਅਸਮਰੱਥ ਹਨ। ਸਾਡਾ ਮੰਨਣਾ ਹੈ ਕਿ ਉਹ ਕਿਸੇ ਹੋਰ ਤਰੀਕੇ ਨਾਲ ਸਿਲਚਰ ਵਾਪਸ ਜਾਣ ਦੀ ਕੋਸ਼ਿਸ਼ ਕਰ ਰਿਹਾ ਹੈ।"

ਉਨ੍ਹਾਂ ਨੇ ਬੀਬੀਸੀ ਦੇ ਸਹਿਯੋਗੀ ਪੱਤਰਕਾਰ ਨੂੰ ਦੱਸਿਆ ਕਿ ਪੁਲਿਸ ਹੁਸੈਨ ਦੀ ਭਾਲ ਕਰ ਰਹੀ ਹੈ ਅਤੇ ਉਸਦੇ ਪਰਿਵਾਰ ਦੇ ਸੰਪਰਕ ਵਿੱਚ ਹੈ। ਪਰ ਪਰਿਵਾਰ ਨੇ ਅਜੇ ਤੱਕ ਕੋਈ ਰਸਮੀ ਲਾਪਤਾ ਦੀ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ।

ਹਾਲਾਂਕਿ ਪਰਿਵਾਰ ਵਾਲਿਆਂ ਨੇ ਕਿਹਾ ਸੀ ਕਿ ਉਹ ਸਥਾਨਕ ਪੁਲਿਸ ਦੇ ਕੋਲ ਗਏ ਅਤੇ ਉਧਰਬੋਂਦ ਥਾਣੇ ਵਿੱਚ ਲਾਪਤਾ ਦੀ ਸ਼ਿਕਾਇਤ ਦਰਜ ਕਰਵਾਈ ਸੀ।

ਸੋਸ਼ਲ ਮੀਡੀਆ 'ਤੇ ਭੜਕੇ ਲੋਕ

ਸੋਸ਼ਲ ਮੀਡੀਆ

ਤਸਵੀਰ ਸਰੋਤ, x

ਤਸਵੀਰ ਕੈਪਸ਼ਨ, ਸੋਸ਼ਲ ਮੀਡੀਆ ’ਤੇ ਇਸ ਘਟਨਾ ਦੀ ਬਹੁਤ ਆਲੋਚਨਾ ਹੋ ਰਹੀ ਹੈ

ਇਸ ਘਟਨਾ 'ਤੇ ਸੋਸ਼ਲ ਮੀਡੀਆ 'ਤੇ ਬਹੁਤ ਸਾਰੀਆਂ ਪ੍ਰਤੀਕਿਰਿਆਵਾਂ ਆਈਆਂ ਹਨ।

ਵਕੀਲ ਸੰਜੇ ਹੇਗੜੇ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਲਿਖਿਆ, "ਇੰਡੀਗੋ ਨੇ ਕਮਜ਼ੋਰ ਅਤੇ ਢਿੱਲੀ ਪ੍ਰਤੀਕਿਰਿਆ ਦਿੱਤੀ ਹੈ। ਕੀ ਉਸ ਸ਼ਖਸ ਨੂੰ ਨੋ-ਫਲਾਈ ਲਿਸਟ ਵਿੱਚ ਪਾਇਆ ਗਿਆ, ਜਿਸ ਨੇ ਥੱਪੜ ਮਾਰਿਆ। ਕੀ ਇੰਡੀਗੋ ਨੇ ਜਹਾਜ਼ ਲੈਂਡ ਕਰਨ ਤੋਂ ਬਾਅਦ ਪੁਲਿਸ ਅਤੇ ਸਬੰਧਤ ਅਧਿਕਾਰੀਆਂ ਨਾਲ ਆਪਣੀ ਸ਼ਿਕਾਇਤ ਨੂੰ ਅੱਗੇ ਵਧਾਇਆ। ਜੇ ਯਾਤਰੀ ਨੂੰ ਸੀਆਈਐੱਸਐੱਫ ਨੂੰ ਸੌਂਪਿਆ ਗਿਆ ਤਾਂ ਉਸ 'ਤੇ ਕਾਨੂੰਨ ਦੇ ਤਹਿਤ ਕੀ ਇਲਜ਼ਾਮ ਲਗਾਏ ਗਏ।"

ਉੱਥੇ ਹੀ ਫੈਕਟ ਚੈਕਰ ਅਤੇ ਆਲਟ ਨਿਊਜ਼ ਦੇ ਸਹਿ-ਸੰਸਥਾਪਕ ਮੁਹੰਮਦ ਜ਼ੁਬੈਰ ਨੇ ਦਿ ਹਿੰਦੂ ਅਖਬਾਰ ਦੀ ਹਵਾਬਾਜ਼ੀ ਪੱਤਰਕਾਰ ਜਾਗ੍ਰਿਤੀ ਚੰਦਰਾ ਦੇ ਹਵਾਲੇ ਨਾਲ ਐਕਸ 'ਤੇ ਲਿਖਿਆ ਕਿ ਇੱਕ ਯਾਤਰੀ ਉਡਾਣ ਵਿੱਚ ਬੇਚੈਨ ਸੀ ਅਤੇ ਜਹਾਜ਼ ਤੋਂ ਉਤਰਨਾ ਚਾਹੁੰਦਾ ਸੀ, ਫਿਰ ਇੱਕ ਸਹਿ-ਯਾਤਰੀ ਨੇ ਉਸਨੂੰ ਥੱਪੜ ਮਾਰ ਦਿੱਤਾ, ਦੋਵੇਂ ਆਦਮੀ ਇੱਕੋ ਧਾਰਮਿਕ ਭਾਈਚਾਰੇ ਨਾਲ ਸਬੰਧਤ ਹਨ।

ਸ਼ਿਵਰਾਜ ਯਾਦਵ ਨਾਮ ਦੇ ਇੱਕ ਯੂਜ਼ਰ ਨੇ ਲਿਖਿਆ, "ਇੰਡੀਗੋ ਫਲਾਇਟ ਦਾ ਵੀਡੀਓ ਦੇਖ ਕੇ ਹੈਰਾਨ ਹਾਂ। ਇੱਕ ਬਿਮਾਰ ਮੁਸਲਿਮ ਯਾਤਰੀ ਨੂੰ ਏਅਰ ਹੋਸਟਸ ਸਹਾਰਾ ਦੇ ਕੇ ਲੈ ਜਾ ਰਹੀ ਸੀ ਇੰਨੇ ਵਿੱਚ ਇੱਕ ਵਿਅਕਤੀ ਨੇ ਥੱਪੜ ਮਾਰ ਦਿੱਤਾ। ਹੁਣ ਸਮਝ ਵਿੱਚ ਇਹ ਨਹੀਂ ਆ ਰਿਹਾ ਹੈ ਕਿ ਥੱਪੜ ਸਿਰਫ ਦਾੜੀ ਟੋਪੀ ਦੇਖ ਕੇ ਮਾਰਿਆ ਜਾਂ ਫਿਰ ਕੋਈ ਵਿਵਾਦ ਹੋਇਆ ਸੀ? ਸੱਚਾਈ ਆਉਣ ਦਾ ਇੰਤਜ਼ਾਰ ਰਹੇਗਾ ਪਰ ਇਹ ਗਲਤ ਹੈ।"

ਡਾ. ਸ਼ੀਤਲ ਯਾਦਵ ਨਾਮ ਦੇ ਇੱਕ ਯੂਜ਼ਰ ਨੇ ਲਿਖਿਆ, "ਇੰਡੀਗੋ ਦੀ ਫਲਾਇਟ ਵਿੱਚ ਜੋ ਕੁਝ ਵੀ ਹੋਇਆ ਉਹ ਬੇਹੱਦ ਸ਼ਰਮਨਾਕ ਹੈ ਧਰਮ ਦੇ ਆਧਾਰ 'ਤੇ ਭੇਦਭਾਵ ਗਲਤ ਹੈ। ਇਸਲਾਮੋਫੋਬੀਆ ਹੁਣ ਅਸਲ ਵਿੱਚ ਇੱਕ ਚਿੰਤਾ ਦਾ ਵਿਸ਼ਾ ਹੈ।"

ਇੱਕ ਯੂਜ਼ਰ ਨੇ ਲਿਖਿਆ, "ਇਸ ਘਟਨਾ ਦਾ ਕੋਈ ਫਿਰਕੂ ਪਹਿਲੂ ਨਹੀਂ ਹੈ ਕਿਉਂਕਿ ਪੀੜਤ ਅਤੇ ਹਮਲਾਵਰ ਦੋਵੇਂ ਇੱਕੋ ਭਾਈਚਾਰੇ ਨਾਲ ਸਬੰਧਤ ਹਨ। ਕਾਂਗਰਸ ਦਾ ਆਈਟੀ ਸੈੱਲ ਹਿੰਦੂ ਭਾਈਚਾਰੇ ਨੂੰ ਬਦਨਾਮ ਕਰਨ ਲਈ ਇਸ ਘਟਨਾ ਨੂੰ ਫਿਰਕੂ ਪਹਿਲੂ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)