ਪੰਜਾਬੀ ਨੌਜਵਾਨ ਨੂੰ ਬੈਂਗਲੁਰੂ 'ਚ ਔਰਤਾਂ ਦੀ ਬਿਨਾਂ ਇਜਾਜ਼ਤ ਵੀਡੀਓਜ਼ ਬਣਾਉਣ ਲਈ ਗ੍ਰਿਫ਼ਤਾਰ ਕੀਤਾ, ਇਸ ਬਾਰੇ ਕਾਨੂੰਨ ਕੀ ਕਹਿੰਦਾ

ਤਸਵੀਰ ਸਰੋਤ, Getty Images
- ਲੇਖਕ, ਇਮਰਾਨ ਕੁਰੈਸ਼ੀ
- ਰੋਲ, ਬੀਬੀਸੀ ਪੱਤਰਕਾਰ
ਕਰਨਾਟਕ ਪੁਲਿਸ ਨੇ ਗੁਰਦੀਪ ਸਿੰਘ ਨਾਮ ਦੇ ਇੱਕ ਨੌਜਵਾਨ ਨੂੰ ਬੈਂਗਲੁਰੂ ਦੀਆਂ ਭੀੜ-ਭੜੱਕੇ ਵਾਲੀਆਂ ਸੜਕਾਂ 'ਤੇ ਔਰਤਾਂ ਦੀ ਸਹਿਮਤੀ ਤੋਂ ਬਿਨ੍ਹਾਂ ਉਨ੍ਹਾਂ ਦੀਆਂ ਵੀਡੀਓ ਬਣਾਉਣ ਅਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਕਰਨ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਨੇ ਜੂਨ ਵਿੱਚ ਹੀ ਮਾਮਲੇ ਦਾ ਨੋਟਿਸ ਲਿਆ ਅਤੇ ਕੇਸ ਦਰਜ ਕੀਤਾ ਸੀ। ਇਹ ਮਾਮਲਾ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਗਈਆਂ ਕੁੜੀਆਂ ਦੀਆਂ ਕਈ ਵੀਡੀਓਜ਼ ਅਤੇ ਤਸਵੀਰਾਂ ਦੇ ਆਧਾਰ 'ਤੇ ਦਰਜ ਕੀਤਾ ਗਿਆ ਸੀ।
ਇੱਕ ਨੌਜਵਾਨ ਔਰਤ ਨੇ ਇੱਕ ਪੋਸਟ ਵਿੱਚ ਪੁਲਿਸ ਨੂੰ ਟੈਗ ਕਰਦੇ ਹੋਏ ਕਿਹਾ ਕਿ ਉਸਦੀ ਵੀਡੀਓ ਉਸਦੀ ਸਹਿਮਤੀ ਤੋਂ ਬਿਨ੍ਹਾਂ 'ਬਹੁਤ ਹੀ ਅਣਉਚਿਤ ਤਰੀਕੇ ਨਾਲ ਸ਼ੂਟ ਕੀਤੀ ਗਈ' ਸੀ, ਜਿਸ ਤੋਂ ਬਾਅਦ ਉਸਨੂੰ 'ਅਸ਼ਲੀਲ ਮੈਸੇਜ' ਮਿਲਣੇ ਸ਼ੁਰੂ ਹੋ ਗਏ।
ਇਹ ਬੈਂਗਲੁਰੂ ਵਿੱਚ ਔਰਤਾਂ ਦੀ ਸਹਿਮਤੀ ਤੋਂ ਬਿਨ੍ਹਾਂ ਵੀਡੀਓ ਪੋਸਟ ਕਰਨ ਦਾ ਪਹਿਲਾ ਮਾਮਲਾ ਨਹੀਂ ਹੈ।
ਸਿਰਫ਼ ਛੇ ਹਫ਼ਤੇ ਪਹਿਲਾਂ, ਇੱਕ ਨਿੱਜੀ ਕੰਪਨੀ ਦੇ ਇੱਕ ਅਕਾਉਂਟੈਂਟ ਨੂੰ ਪੁਲਿਸ ਨੇ ਬੈਂਗਲੁਰੂ ਮੈਟਰੋ ਵਿੱਚ ਸਫ਼ਰ ਕਰਨ ਵਾਲੀਆਂ ਨੌਜਵਾਨ ਔਰਤਾਂ ਦੀਆਂ ਤਸਵੀਰਾਂ ਕਲਿੱਕ ਕਰਨ ਅਤੇ ਉਨ੍ਹਾਂ ਨੂੰ @ਮੈਟਰੋਕਲਿਕਸ ਨਾਮ ਦੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਪੋਸਟ ਕਰਨ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਸੀ।
ਦੋਵਾਂ ਮਾਮਲਿਆਂ ਵਿੱਚ ਵੀਡੀਓ ਬਣਾਉਣ ਦਾ ਤਰੀਕਾ ਇੱਕੋ ਜਿਹਾ ਸੀ।
ਪੁਲਿਸ ਨੇ ਕੀ ਕਿਹਾ?

ਤਸਵੀਰ ਸਰੋਤ, BANGALORE POLICE
ਬੈਂਗਲੁਰੂ ਦੇ ਡਿਪਟੀ ਕਮਿਸ਼ਨਰ ਆਫ਼ ਪੁਲਿਸ (ਦੱਖਣੀ) ਲੋਕੇਸ਼ ਜਗਲਾਸਰ ਨੇ ਬੀਬੀਸੀ ਹਿੰਦੀ ਨੂੰ ਦੱਸਿਆ, "ਵੀਡੀਓਜ਼ ਸਲੋਅ ਮੋਸ਼ਨ ਵਿੱਚ ਫ਼ਿਲਮਾਏ ਗਏ ਸਨ। ਇਹ ਵੀਡੀਓਜ਼ ਸ਼ਾਮ ਨੂੰ ਸੜਕ 'ਤੇ ਘੁੰਮ ਰਹੀਆਂ ਔਰਤਾਂ ਦੇ ਸਨ, ਜੋ ਸ਼ਾਇਦ ਕਿਸੇ ਨਾ ਕਿਸੇ ਪਾਰਟੀ 'ਤੇ ਜਾਣ ਲਈ ਤਿਆਰ ਹੋਈਆਂ ਸਨ।"
"ਦੋਵਾਂ ਮਾਮਲਿਆਂ ਵਿੱਚ ਬਣਾਏ ਗਏ ਵੀਡੀਓਜ਼ ਵਿੱਚ ਕੋਈ ਫ਼ਰਕ ਨਹੀਂ ਸੀ।"
ਗਲੋਬਲ ਕੰਸਰਨਜ਼ ਇੰਡੀਆ ਦੀ ਮਹਿਲਾ ਕਾਰਕੁਨ ਬ੍ਰਿੰਦਾ ਅਡਿਗੇ ਨੇ ਦੋਵਾਂ ਮਾਮਲਿਆਂ ਨੂੰ 'ਪਿਤਰਸੱਤਾ ਸਮਾਜ ਦੀ ਔਰਤ ਵਿਰੋਧੀ ਸੋਚ ਵਾਲੀ ਇੱਕ ਬਿਮਾਰ, ਵਿਗੜੀ ਹੋਈ ਮਾਨਸਿਕਤਾ' ਦੇ ਪ੍ਰਗਟਾਵੇ ਵਜੋਂ ਦਰਸਾਇਆ।
ਪੁਲਿਸ ਮੁਤਾਬਕ ਜਦੋਂ ਲੜਕੀ ਨੇ ਵੀਡੀਓ ਪੋਸਟ ਕਰਨ ਵਾਲੇ ਵਿਅਕਤੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਨੂੰ ਕੋਈ ਜਵਾਬ ਨਹੀਂ ਮਿਲਿਆ।
ਕੁੜੀ ਨੇ ਕਿਹਾ, "ਮੈਂ ਕਈ ਅਕਾਊਂਟਸ ਜ਼ਰੀਏ ਇਸਦੀ ਰਿਪੋਰਟ ਕਰਨ ਦੀ ਕੋਸ਼ਿਸ਼ ਕੀਤੀ, ਪਰ ਪਤਾ ਲੱਗਿਆ ਕਿ ਪੋਸਟ ਕਮਿਊਨਿਟੀ ਦਿਸ਼ਾ-ਨਿਰਦੇਸ਼ਾਂ ਦੇ ਮੁਤਾਬਕ ਸੀ। ਮੈਨੂੰ ਇਹ ਵੀ ਨਹੀਂ ਪਤਾ ਕਿ ਉਹ ਦਿਸ਼ਾ-ਨਿਰਦੇਸ਼ ਕੀ ਹਨ।"
ਲੜਕੀ ਦੀਆਂ ਮੁਸੀਬਤਾਂ ਹੋਰ ਵੀ ਵੱਧ ਗਈਆਂ ਜਦੋਂ ਉਨ੍ਹਾਂ ਅਕਾਊਂਟ 'ਤੇ ਵਿਊਜ਼ ਹਰ ਮਿੰਟ ਵੱਧ ਰਹੇ ਸਨ। ਲੋਕ ਇੰਟਰਨੈੱਟ 'ਤੇ ਉਨ੍ਹਾਂ ਦਾ ਅਕਾਊਂਟ ਲੱਭ ਰਹੇ ਸਨ।
ਉਨ੍ਹਾਂ ਨੇ ਕਿਹਾ, "ਮੈਨੂੰ ਅਸ਼ਲੀਲ ਮੈਸੇਜ ਮਿਲਣੇ ਸ਼ੁਰੂ ਹੋ ਗਏ।"
ਲੜਕੀ ਨੇ ਇਹ ਵੀ ਕਿਹਾ ਕਿ ਅਜਿਹੀਆਂ ਬਹੁਤ ਸਾਰੀਆਂ ਔਰਤਾਂ ਹਨ ਜਿਨ੍ਹਾਂ ਨੂੰ ਸ਼ਾਇਦ ਇਹ ਵੀ ਨਹੀਂ ਪਤਾ ਕਿ ਉਨ੍ਹਾਂ ਦੀਆਂ ਵੀਡੀਓ ਗੁਪਤ ਰੂਪ ਵਿੱਚ ਬਣਾਈਆਂ ਗਈਆਂ ਹਨ।
ਉਨ੍ਹਾਂ ਕਿਹਾ, "ਉਸ ਖਾਤੇ ਦੇ 10 ਹਜ਼ਾਰ ਫਾਲੋਅਰ ਹਨ। ਇਹ ਚਲਣ ਸੋਸ਼ਲ ਮੀਡੀਆ 'ਤੇ ਆਮ ਗੱਲ ਨਹੀਂ ਹੋਣਾ ਚਾਹੀਦਾ। ਸਾਨੂੰ ਆਪਣੀ ਆਵਾਜ਼ ਉਠਾਉਣੀ ਚਾਹੀਦੀ ਹੈ।"
ਲੁਕੇ-ਛਿਪੇ ਵੀਡੀਓ

ਤਸਵੀਰ ਸਰੋਤ, Getty Images
@ਇੰਡੀਅਨਵਾਕ (@IndianWalk) ਨਾਮ ਦੇ ਇਸ ਪੇਜ 'ਤੇ ਸੜਕ 'ਤੇ ਚੱਲ ਰਹੀਆਂ ਔਰਤਾਂ ਦੀਆਂ ਬਹੁਤ ਸਾਰੀਆਂ ਵੀਡੀਓ ਹਨ ਜਿਨ੍ਹਾਂ ਨੂੰ (ਔਰਤਾਂ ਨੂੰ) ਇਹ ਵੀ ਨਹੀਂ ਪਤਾ ਕਿ ਉਨ੍ਹਾਂ ਦੀ ਰਿਕਾਰਡਿੰਗ ਕੀਤੀ ਜਾ ਰਹੀ ਹੈ।
@ ਇੰਡੀਅਨਵਾਕ ਅਕਾਊਂਟ, ਜਿਸਦੇ 11,000 ਤੋਂ ਵੱਧ ਫਾਲੋਅਰ ਹਨ, 'ਸਟ੍ਰੀਟ ਫੈਸ਼ਨ' ਦੀਆਂ ਤਸਵੀਰਾਂ ਜਾਂ ਵੀਡੀਓਜ਼ ਦਿਖਾਉਣ ਦਾ ਦਾਅਵਾ ਕਰਦਾ ਹੈ। ਇਸ ਅਕਾਊਂਟ 'ਤੇ ਬੈਂਗਲੁਰੂ ਦੀ ਬੇਹੱਦ ਭੀੜ-ਭੜੱਕੇ ਵਾਲੀ ਚਰਚ ਸਟ੍ਰੀਟ ਅਤੇ ਬ੍ਰਿਗੇਡ ਰੋਡ 'ਤੇ ਸ਼ੂਟ ਕੀਤੇ ਗਏ ਵੀਡੀਓ ਪੋਸਟ ਕੀਤੇ ਜਾਂਦੇ ਹਨ।
ਕਈ ਵੀਡੀਓ ਅਜਿਹੇ ਵੀ ਸਨ ਜਿਨ੍ਹਾਂ ਵਿੱਚ ਔਰਤਾਂ ਹੈਰਾਨ ਦਿਖਾਈ ਦਿੱਤੀਆਂ ਜਦੋਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਦੀਆਂ ਗਤੀਵਿਧੀਆਂ ਕੈਮਰੇ ਵਿੱਚ ਰਿਕਾਰਡ ਹੋ ਰਹੀਆਂ ਹਨ।
ਮਈ 2025 ਵਿੱਚ ਬੈਂਗਲੁਰੂ ਮੈਟਰੋ ਵਿੱਚ ਰਿਕਾਰਡ ਕੀਤੀਆਂ ਗਈਆਂ ਔਰਤਾਂ ਦੀਆਂ ਵੀਡੀਓ ਵੀ ਇਸੇ ਤਰ੍ਹਾਂ ਦੀਆਂ ਸਨ।

ਉਨ੍ਹਾਂ ਦਾ ਸਿਰਲੇਖ ਸੀ: "ਸਾਡੀ ਮੈਟਰੋ ਵਿੱਚ ਸੁੰਦਰ ਕੁੜੀਆਂ ਲੱਭਣਾ।"
ਉਹ ਪੇਜ ਦਿਗੰਤ ਚਲਾ ਰਹੇ ਸਨ। ਦਿਗੰਤ 27 ਸਾਲਾ ਦੇ ਕਰਨਾਟਕ ਦੇ ਹਸਨ ਦੇ ਰਹਿਣ ਵਾਲੇ ਸਨ ਅਤੇ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਦੇ ਸਨ। ਉਹ ਸੋਸ਼ਲ ਮੀਡੀਆ ਪਲੇਟਫਾਰਮ 'ਤੇ 'ਮੈਟਰੋ_ਚਿਕਸ' ਨਾਮ ਦਾ ਇੱਕ ਗੁਮਨਾਮ ਖਾਤਾ ਚਲਾਉਂਦੇ ਸਨ।
ਗ੍ਰਿਫ਼ਤਾਰੀ ਸਮੇਂ, ਦਿਗੰਤ ਦੇ ਅਕਾਊਂਟ 'ਤੇ 13 ਵੀਡੀਓ ਅਪਲੋਡ ਕੀਤੇ ਗਏ ਸਨ। ਇਨ੍ਹਾਂ ਵੀਡੀਓਜ਼ ਨੂੰ 5900 ਤੋਂ ਵੱਧ ਵਾਰ ਦੇਖਿਆ ਗਿਆ ਸੀ। ਦਿਗੰਤ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੇ ਸਾਰੇ ਵੀਡੀਓ ਖ਼ੁਦ ਰਿਕਾਰਡ ਕੀਤੇ ਸਨ।
ਉਸ 'ਤੇ ਭਾਰਤੀ ਨਿਆਂ ਸੰਹਿਤਾ ਦੀ ਧਾਰਾ 77 ਅਤੇ 78 (ਪਿੱਛਾ ਕਰਨਾ) ਅਤੇ ਸੂਚਨਾ ਤਕਨਾਲੋਜੀ ਐਕਟ, 2000 ਦੀ ਧਾਰਾ 67 (ਇਲੈਕਟ੍ਰਾਨਿਕ ਰੂਪ ਵਿੱਚ ਅਸ਼ਲੀਲ ਸਮੱਗਰੀ ਪ੍ਰਕਾਸ਼ਿਤ ਕਰਨਾ ਜਾਂ ਪ੍ਰਸਾਰਿਤ ਕਰਨਾ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਗੁਰਦੀਪ ਸਿੰਘ ਵਿਰੁੱਧ ਵੀ ਇਹੀ ਧਾਰਾਵਾਂ ਲਗਾਈਆਂ ਗਈਆਂ ਹਨ।
ਪੁਲਿਸ ਅਧਿਕਾਰੀ ਨੇ ਕਿਹਾ, "ਦਿੰਗਤ ਇਸ ਸਮੇਂ ਜ਼ਮਾਨਤ 'ਤੇ ਹੈ।"
ਕਾਨੂੰਨ ਕੀ ਕਹਿੰਦਾ ਹੈ?

ਤਸਵੀਰ ਸਰੋਤ, Getty Images
ਬ੍ਰਿੰਦਾ ਅਡਿਗੇ ਇਸ ਗੱਲ ਨਾਲ ਪੂਰੀ ਤਰ੍ਹਾਂ ਅਸਹਿਮਤ ਹਨ ਕਿ ਇਹ ਵੀਡੀਓ ਔਰਤਾਂ ਦੇ ਕੱਪੜਿਆਂ ਕਾਰਨ ਬਣਾਏ ਗਏ ਹਨ।
ਉਹ ਕਹਿੰਦੇ ਹਨ, "ਇਹ ਬਿਲਕੁਲ ਗ਼ਲਤ ਹੈ, ਕਿਉਂਕਿ ਜੇ ਇਹ ਸੱਚ ਹੁੰਦਾ ਤਾਂ ਬੱਚਿਆਂ ਨਾਲ ਬਦਸਲੂਕੀ ਜਾਂ ਔਰਤਾਂ ਨਾਲ ਜਿਨਸੀ ਸ਼ੋਸ਼ਣ ਕਿਉਂ ਹੁੰਦਾ? ਇਸਦਾ ਪਹਿਰਾਵੇ ਜਾਂ ਕੱਪੜਿਆਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।"
ਉਹ ਕਹਿੰਦੇ ਹਨ ਕਿ ਵੀਡੀਓ ਸਿਰਫ਼ ਘੱਟ ਕੱਪੜੇ ਪਾਉਣ ਵਾਲੀਆਂ ਔਰਤਾਂ ਦੇ ਹੀ ਨਹੀਂ ਬਣਾਏ ਜਾਂਦੇ। ਪੂਰੇ ਕੱਪੜੇ ਪਾਉਣ ਵਾਲੀਆਂ ਔਰਤਾਂ ਨੂੰ ਵੀ ਨਹੀਂ ਬਖਸ਼ਿਆ ਜਾਂਦਾ। ਬੁਰਕੇ ਪਹਿਨਣ ਵਾਲੀਆਂ ਔਰਤਾਂ ਵੀ ਇਸ ਤੋਂ ਬਚੀਆਂ ਨਹੀਂ ਰਹਿੰਦੀਆਂ।
ਗੁਰਦੀਪ ਸਿੰਘ ਦੇ ਮਾਮਲੇ ਬਾਰੇ ਗੱਲ ਕਰਦਿਆਂ, ਬ੍ਰਿੰਦਾ ਅਡਿਗੇ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਇਸਦਾ ਕੱਪੜਿਆਂ ਨਾਲ ਘੱਟ ਸਬੰਧ ਹੈ ਜਿੰਨਾ ਕਿ ਇੱਕ ਬੇਰੁਜ਼ਗਾਰ ਵਿਅਕਤੀ ਜੋ ਪੈਸੇ ਕਮਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਨਾਲ ਹੈ।"
"ਸਾਨੂੰ ਪਤਾ ਹੈ ਕਿ ਇਹ ਤਸਵੀਰਾਂ ਡਾਰਕ ਵੈੱਬ 'ਤੇ ਬਹੁਤ ਮਹਿੰਗੀਆਂ ਵਿਕਦੀਆਂ ਹਨ।"
ਹਾਲਾਂਕਿ, ਪੁਲਿਸ ਨੂੰ ਅਜੇ ਤੱਕ ਇਸ ਮਾਮਲੇ ਦੇ ਡਾਰਕ ਵੈੱਬ ਨਾਲ ਸਬੰਧ ਬਾਰੇ ਕੋਈ ਸਬੂਤ ਨਹੀਂ ਮਿਲੇ ਹਨ।
ਅਡਿਗੇ ਦਾ ਕਹਿਣਾ ਹੈ ਕਿ ਮੌਜੂਦਾ ਸਾਈਬਰ ਅਪਰਾਧ ਕਾਨੂੰਨ ਸਖ਼ਤ ਨਹੀਂ ਹਨ ਕਿਉਂਕਿ ਪਹਿਲੀ ਵਾਰ ਅਪਰਾਧ ਕਰਨ ਵਾਲੇ ਲਈ ਸਜ਼ਾ ਬਹੁਤ ਘੱਟ ਹੈ।
ਉਨ੍ਹਾਂ ਕਿਹਾ, "ਪਹਿਲੇ ਅਪਰਾਧ ਦੀ ਸਜ਼ਾ ਸਿਰਫ਼ ਇੱਕ ਤੋਂ ਤਿੰਨ ਸਾਲ ਹੈ। ਤਾਂ ਕੀ ਸਾਨੂੰ ਅਪਰਾਧੀ ਨੂੰ ਢੁਕਵੀਂ ਸਜ਼ਾ ਦੇਣ ਲਈ ਦੂਜੀ ਵਾਰ ਅਪਰਾਧ ਹੋਣ ਤੱਕ ਦੀ ਉਡੀਕ ਕਰਨੀ ਪਵੇਗੀ?"
ਅਲਟਰਨੇਟਿਵ ਲਾਅ ਫ਼ੋਰਮ (ਏਐੱਲਐੱਫ) ਦੇ ਵਕੀਲ ਪੂਰਨਾ ਰਵੀਸ਼ੰਕਰ ਨੇ ਬੀਬੀਸੀ ਹਿੰਦੀ ਨੂੰ ਦੱਸਿਆ, "ਸਮੱਸਿਆ ਸਿਸਟਮ ਵਿੱਚ ਹੈ, ਜੋ ਅਜਿਹੀ ਹਿੰਸਾ ਨੂੰ ਗੰਭੀਰਤਾ ਨਾਲ ਨਹੀਂ ਲੈਂਦਾ।"
"ਸਿਸਟਮ ਦੀ ਉਦਾਸੀਨਤਾ ਅਜਿਹੇ ਅਪਰਾਧਾਂ ਨੂੰ ਜਾਰੀ ਰੱਖਣ ਦਾ ਰਾਹ ਦਿੰਦੀ ਹੈ। ਅਸੀਂ ਜਾਣਦੇ ਹਾਂ ਕਿ 'ਮੈਟਰੋ ਕਲਿੱਕਸ' ਮਾਮਲੇ ਵਿੱਚ, ਪੁਲਿਸ ਨੇ ਬਹੁਤ ਜਲਦੀ ਕਾਰਵਾਈ ਕੀਤੀ। ਜਨਤਕ ਰੋਸ ਕਾਰਨ ਅਕਾਉਂਟ ਫ਼ੌਰਨ ਬੰਦ ਕਰ ਦਿੱਤਾ ਗਿਆ।"
ਇੱਕ ਹੋਰ ਨੌਜਵਾਨ ਵਕੀਲ ਪ੍ਰਜਵਲ ਆਰਾਧਿਆ ਨੇ ਬੀਬੀਸੀ ਹਿੰਦੀ ਨੂੰ ਦੱਸਿਆ, "ਸਾਡੇ ਸਿਸਟਮ ਵਿੱਚ ਮਾਨਸਿਕ ਪਰੇਸ਼ਾਨੀ ਦਿੱਤੇ ਜਾਣ ਸਬੰਧੀ ਮਾਮਲਾ ਦਰਜ ਕਰਨ ਦੀ ਰਵਾਇਤ ਨਹੀਂ ਹੈ। ਡਾਰਕ ਵੈੱਬ ਨੂੰ ਰੋਕਣ ਲਈ ਕੋਈ ਸਪੱਸ਼ਟ ਕਾਨੂੰਨ ਨਹੀਂ ਹੈ।"
"ਲੋਕ ਕਹਿੰਦੇ ਹਨ ਕਿ ਸਮੇਂ ਦੇ ਨਾਲ ਸਭ ਕੁਝ ਭੁੱਲ ਜਾਵੇਗਾ, ਪਰ ਕਿਸੇ ਨੂੰ ਇਹ ਅਹਿਸਾਸ ਨਹੀਂ ਹੈ ਕਿ ਇੰਟਰਨੈੱਟ ਕਦੇ ਵੀ ਕੁਝ ਨਹੀਂ ਭੁੱਲਦਾ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












