'ਹੁਣ ਨਾ ਮਾਂ ਮਜ਼ਦੂਰੀ ਕਰਨ ਜਾਵੇਗੀ ਤੇ ਨਾ ਮੇਰੇ ਪਿਓ ਨੂੰ ਰੁਜ਼ਗਾਰ ਭਾਲ਼ਣਾ ਪਵੇਗਾ', ਯੂਜੀਸੀ ਨੈੱਟ ਪਾਸ ਕਰਨ ਵਾਲੀਆਂ ਤਿੰਨ ਸਕੀਆਂ ਭੈਣਾਂ ਦੇ ਸੰਘਰਸ਼ ਦੀ ਕਹਾਣੀ

ਤਸਵੀਰ ਸਰੋਤ, Surinder Maan/BBC
- ਲੇਖਕ, ਸੁਰਿੰਦਰ ਸਿੰਘ ਮਾਨ
- ਰੋਲ, ਬੀਬੀਸੀ ਪੰਜਾਬੀ ਲਈ
"ਹੁਣ ਮੇਰੀ ਮਾਂ ਖੇਤਾਂ ਵਿੱਚ ਮਜ਼ਦੂਰੀ ਕਰਨ ਨਹੀਂ ਜਾਵੇਗੀ। ਨਾ ਹੀ ਮੇਰਾ ਪਿਓ ਰੁਜ਼ਗਾਰ ਦੀ ਭਾਲ ਵਿੱਚ ਘਰੋਂ ਬੇਘਰ ਹੋਵੇਗਾ।"
"ਅਸੀਂ ਤਿੰਨਾਂ ਭੈਣਾਂ ਨੇ ਇਹੀ ਟੀਚਾ ਮਿੱਥਿਆ ਸੀ ਕਿ ਮਾਂ-ਪਿਓ ਨੂੰ ਗਰੀਬੀ ਵਿੱਚੋਂ ਕੱਢਣਾ ਹੈ।"
ਇਹ ਸ਼ਬਦ ਬੇਅੰਤ ਕੌਰ ਦੇ ਹਨ ਹਨ ਜੋ ਮਾਨਸਾ ਜ਼ਿਲ੍ਹੇ ਅਧੀਨ ਪੈਂਦੇ ਕਸਬੇ ਬੁਢਲਾਡਾ ਦੇ ਕਲਾਣਾ ਰੋਡ ਦੇ ਰਹਿਣ ਵਾਲੇ ਹਨ।
ਬੇਅੰਤ ਕੌਰ ਉਨਾਂ ਤਿੰਨ ਸਕੀਆਂ ਭੈਣਾਂ ਵਿੱਚੋਂ ਇੱਕ ਹਨ, ਜਿਨ੍ਹਾਂ ਨੇ ਹਾਲ ਹੀ ਵਿੱਚ ਯੂਜੀਸੀ ਨੈੱਟ ਦਾ ਟੈਸਟ ਪਾਸ ਕੀਤਾ ਹੈ।
ਬੇਅੰਤ ਕੌਰ, ਹਰਦੀਪ ਕੌਰ ਅਤੇ ਰਿੰਪੀ ਕੌਰ ਤਿੰਨੇ ਸਕੀਆਂ ਭੈਣਾਂ ਹਨ। ਇਨਾਂ ਨੇ ਕੰਪਿਊਟਰ ਸਾਇੰਸ, ਹਿਸਟਰੀ ਅਤੇ ਪੰਜਾਬੀ ਵਿਸ਼ਿਆਂ ਵਿੱਚ ਇਹ ਪ੍ਰੀਖਿਆ ਪਾਸ ਕੀਤੀ ਹੈ।
ਮਜ਼ਦੂਰ ਪਰਿਵਾਰ ਨਾਲ ਸਬੰਧਿਤ ਇਨ੍ਹਾਂ ਤਿੰਨ ਧੀਆਂ ਨੇ ਇੱਕੋ ਸਾਲ ਵਿੱਚ ਇਕੱਠਿਆਂ ਹੀ ਯੂਜੀਸੀ ਨੈੱਟ ਟੈਸਟ ਕਲੀਅਰ ਕਰ ਲਿਆ ਹੈ ਅਤੇ ਇਸੇ ਕਰਨ ਇਹ ਪਰਿਵਾਰ ਕਾਫ਼ੀ ਚਰਚਾ ਵਿੱਚ ਹੈ।
'ਬਿਨਾਂ ਟਿਊਸ਼ਨ ਦੇ ਘਰ 'ਚ ਹੀ 17-17 ਘੰਟੇ ਪੜ੍ਹਦੀਆਂ ਸਨ'

ਤਸਵੀਰ ਸਰੋਤ, Surinder Maan/BBC
ਬੇਅੰਤ ਕੌਰ ਆਪਣੀ ਗੱਲ ਨੂੰ ਜਾਰੀ ਰੱਖਦੇ ਹੋਏ ਕਹਿੰਦੇ ਹਨ, "ਮੇਰੀ ਮਾਂ ਮੈਨੂੰ ਹਮੇਸ਼ਾ ਹੀ ਇੱਕ ਗੱਲ ਕਹਿੰਦੀ ਸੀ ਕਿ ਸਾਡੀ ਜ਼ਿੰਦਗੀ ਤਾਂ ਗਰੀਬੀ ਵਿੱਚ ਗੁਜ਼ਰ ਗਈ ਪਰ ਤੁਸੀਂ ਜ਼ਰੂਰ ਕੁਝ ਬਣ ਕੇ ਦਿਖਾਓ।"
"ਇਹ ਸ਼ਬਦ ਸਾਡੇ ਤਿੰਨਾਂ ਭੈਣਾਂ ਦੇ ਦਿਲਾਂ ਵਿੱਚ ਘਰ ਕਰ ਗਏ ਸਨ। ਮੇਰੀ ਵੱਡੀ ਭੈਣ ਰਿੰਪੀ ਕੌਰ ਦੀ ਪ੍ਰੇਰਣਾ ਨਾਲ ਅਸੀਂ ਦ੍ਰਿੜ ਇਰਾਦਾ ਕਰ ਲਿਆ ਕਿ ਹਰ ਹਾਲਤ ਯੂਜੀਸੀ ਦਾ ਟੈਸਟ ਪਾਸ ਕਰਨਾ ਹੈ।"
ਇਹ ਤਿੰਨੇ ਭੈਣਾਂ ਇੱਕ ਸੁਰ ਹੁੰਦੀਆਂ ਕਹਿੰਦੀਆਂ ਹਨ ਕਿ ਉਨ੍ਹਾਂ ਦੇ ਮਾਤਾ-ਪਿਤਾ ਨੇ ਘਰ ਵਿੱਚ ਭਾਰੀ ਗਰੀਬੀ ਦੇ ਬਾਵਜੂਦ ਕਦੇ ਵੀ ਪੜ੍ਹਨ-ਲਿਖਣ ਵਾਲੀ ਸਮੱਗਰੀ ਦੀ ਘਾਟ ਨਹੀਂ ਆਉਣ ਦਿੱਤੀ।
ਬੇਅੰਤ ਕੌਰ ਦੇ ਵੱਡੇ ਭੈਣ ਰਿੰਪੀ ਕੌਰ ਨੂੰ ਦੇ ਦਿਲ ਵਿੱਚ ਇਸ ਗੱਲ ਦਾ ਮਲਾਲ ਹੈ ਕਿ ਪਿਛਲੀ ਵਾਰ ਪੇਪਰ ਲੀਕ ਹੋਣ ਕਾਰਨ ਉਨ੍ਹਾਂ ਦਾ ਯੂਜੀਸੀ ਟੈਸਟ ਰਹਿ ਗਿਆ ਸੀ।
ਉਹ ਕਹਿੰਦੇ ਹਨ, "ਅਸਲ ਵਿੱਚ ਸਾਡੀ ਇਸ ਸਫ਼ਲਤਾ ਵਿੱਚ ਸਾਨੂੰ ਸਭ ਤੋਂ ਵੱਧ ਸਹਿਯੋਗ ਸਾਡੇ ਮਾਤਾ-ਪਿਤਾ ਦਾ ਹੀ ਮਿਲਿਆ।"
"ਅਸੀਂ ਤਿੰਨੇ ਭੈਣਾਂ ਬਿਨਾਂ ਕਿਸੇ ਟਿਊਸ਼ਨ ਦੇ ਘਰ ਵਿੱਚ ਹੀ 17-17 ਘੰਟੇ ਪੜ੍ਹਦੀਆਂ ਸੀ।"
"ਅਸਲ ਵਿੱਚ ਜਦੋਂ ਮੇਰੀ ਮਾਂ ਖੇਤਾਂ ਵਿੱਚ ਮਜ਼ਦੂਰੀ ਕਰਨ ਜਾਂਦੀ ਸੀ ਤਾਂ ਮੈਂ ਸੋਚਦੀ ਹੁੰਦੀ ਸੀ ਕਿ ਅਸੀਂ ਤਿੰਨੇ ਭੈਣਾਂ ਹੀ ਪੜ੍ਹਾਈ ਕਰਕੇ ਇਸ ਘਰ ਦੇ ਭਾਗ ਬਦਲ ਸਕਦੀਆਂ ਹਾਂ।"
"ਆਖ਼ਰਕਾਰ ਸਾਡੀ ਮਿਹਨਤ ਰੰਗ ਲਿਆਈ। ਪਰਮਾਤਮਾ ਨੇ ਸਾਡੀ ਅਰਜੋਈ ਸੁਣੀ ਅਤੇ ਅੱਜ ਅਸੀਂ ਤਿੰਨੇ ਭੈਣਾਂ ਯੂਜੀਸੀ ਨੈੱਟ ਦਾ ਟੈਸਟ ਕਲੀਅਰ ਕਰ ਚੁੱਕੀਆਂ ਹਾਂ।"
ਇਹ ਤਿੰਨੇ ਭੈਣਾਂ ਆਪਣੇ ਮਾਤਾ-ਪਿਤਾ ਨਾਲ ਇੱਕ ਛੋਟੇ ਜਿਹੇ ਘਰ ਦੇ ਇੱਕ ਕਮਰੇ ਵਿੱਚ ਰਹਿੰਦੀਆਂ ਹਨ।
'ਇੱਕ ਦਮ ਹੀ ਕਿਤਾਬਾਂ-ਕਾਪੀਆਂ 'ਤੇ ਖ਼ਰਚੇ ਹਜ਼ਾਰਾਂ ਰੁਪਏ ਭੁੱਲ ਗਏ'

ਤਸਵੀਰ ਸਰੋਤ, Surinder Maan/BBC
ਮਨਜੀਤ ਕੌਰ ਆਪਣੀਆਂ ਬੇਟੀਆਂ ਦੀ ਸਫ਼ਲਤਾ ਉੱਪਰ ਕਾਫੀ ਖੁਸ਼ ਹਨ।
ਉਹ ਕਹਿੰਦੇ ਹਨ, "ਘਰ ਦੇ ਹਰ ਖੂੰਜੇ ਵਿੱਚ ਪਈਆਂ ਅਣਗਿਣਤ ਕਿਤਾਬਾਂ ਦੇਖ ਕੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਨ੍ਹਾਂ ਤਿੰਨਾਂ ਭੈਣਾਂ ਨੇ ਆਪਣੇ ਆਪ ਨੂੰ ਕਾਮਯਾਬ ਕਰਨ ਲਈ ਕਿੰਨੀ ਮਿਹਨਤ ਕੀਤੀ ਹੋਵੇਗੀ।"
"ਮੇਰੇ ਪਤੀ ਗ੍ਰੰਥੀ ਹਨ। ਉਨਾਂ ਦੀ ਆਮਦਨ ਕਾਫ਼ੀ ਸੀਮਤ ਹੈ। ਮੈਂ ਇੱਕ ਖੇਤ ਮਜ਼ਦੂਰ ਹਾਂ, ਕਿੰਨੀ ਕੁ ਕਮਾਈ ਹੁੰਦੀ ਹੋਵੇਗੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ।"
"ਪਰ ਇਸ ਸਭ ਕੁਝ ਦੇ ਬਾਵਜੂਦ ਮੈਂ ਆਪਣੀਆਂ ਤਿੰਨਾਂ ਧੀਆਂ ਨੂੰ ਕਿਤਾਬਾਂ-ਕਾਪੀਆਂ ਦੀ ਕਦੇ ਵੀ ਕਮੀ ਨਹੀਂ ਆਉਣ ਦਿੱਤੀ ਸੀ।"
"ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਸਾਡੇ ਘਰ ਦੇ ਇੱਕ ਨਿੱਕੇ ਜਿਹੇ ਕਮਰੇ ਵਿੱਚ ਕਦੇ ਕੋਈ ਵੱਡੀ ਸ਼ਖਸ਼ੀਅਤ ਆਵੇਗੀ।"
"ਪਰ ਮੈਂ ਅੱਜ ਬਹੁਤ ਖੁਸ਼ ਹਾਂ ਕਿ ਮੇਰੀਆਂ ਧੀਆਂ ਦੀ ਕਾਮਯਾਬੀ ਤੋਂ ਬਾਅਦ ਅਨੇਕਾਂ ਲੋਕ ਮੇਰੇ ਘਰ ਆ ਕੇ ਵਧਾਈਆਂ ਦੇ ਰਹੇ ਹਨ।"

ਇਨ੍ਹਾਂ ਕੁੜੀਆਂ ਦੇ ਪਿਤਾ ਬਿੱਕਰ ਸਿੰਘ ਆਪਣੀਆਂ ਧੀਆਂ ਦੀ ਕਾਮਯਾਬੀ ਬਾਰੇ ਗੱਲ ਕਰਦਿਆਂ ਭਾਵੁਕ ਹੋ ਗਏ।
ਉਹ ਕਹਿੰਦੇ ਹਨ, "ਉਸ ਦਿਨ ਮੈਂ ਜ਼ਿਲ੍ਹਾ ਮੋਗਾ ਅਧੀਨ ਪੈਂਦੇ ਪਿੰਡ ਕਿਸ਼ਨਪੁਰਾ ਕਲਾਂ ਵਿੱਚ ਪਾਠ ਕਰਨ ਲਈ ਗਿਆ ਹੋਇਆ ਸੀ। ਜਦੋਂ ਮੈਨੂੰ ਫ਼ੋਨ 'ਤੇ ਦੱਸਿਆ ਗਿਆ ਕਿ ਮੇਰੀਆਂ ਤਿੰਨੇ ਧੀਆਂ ਪਾਸ ਹੋ ਗਈਆਂ ਹਨ।"
"ਮੇਰੀ ਖੁਸ਼ੀ ਦਾ ਤਾਂ ਕੋਈ ਟਿਕਾਣਾ ਹੀ ਨਹੀਂ ਰਿਹਾ। ਮੇਰੇ ਮਨ ਨੂੰ ਇਸ ਗੱਲ ਦਾ ਕਾਫ਼ੀ ਆਸਰਾ ਮਿਲਿਆ ਕਿ ਆਖ਼ਰਕਾਰ ਮੇਰੀਆਂ ਧੀਆਂ ਨੇ ਸਾਡੇ ਪਰਿਵਾਰ ਦਾ ਨਾਂ ਰੌਸ਼ਨ ਕਰ ਦਿੱਤਾ ਹੈ।"
"ਮੈਨੂੰ ਇੱਕ ਦਮ ਹੀ ਉਨ੍ਹਾਂ ਦੀਆਂ ਕਿਤਾਬਾਂ-ਕਾਪੀਆਂ ਉੱਪਰ ਖ਼ਰਚ ਕੀਤੇ ਹਜ਼ਾਰਾਂ ਰੁਪਏ ਭੁੱਲ ਗਏ।"
"ਮੇਰੇ ਦਿਮਾਗ ਤੋਂ ਇਸ ਗੱਲ ਦਾ ਵੀ ਬੋਝ ਲਹਿ ਗਿਆ ਕਿ ਜਿਹੜਾ ਕਰਜ਼ਾ ਮੈਂ ਆਪਣੀਆਂ ਧੀਆਂ ਨੂੰ ਪੜ੍ਹਾਉਣ ਲਈ ਚੁੱਕਿਆ ਸੀ, ਉਹ ਹੁਣ ਜਲਦ ਹੀ ਉਤਰ ਜਾਵੇਗਾ।"
ਹੁਣ ਤਿੰਨੇ ਭੈਣਾਂ ਪੀਐੱਚਡੀ ਕਰਨਾ ਚਾਹੁੰਦੀਆਂ ਹਨ

ਤਸਵੀਰ ਸਰੋਤ, Surinder Maan/BBC
ਆਪਣੇ ਭਵਿੱਖ ਬਾਰੇ ਗੱਲ ਕਰਦਿਆਂ ਰਿੰਪੀ ਕੌਰ, ਹਰਦੀਪ ਕੌਰ ਅਤੇ ਬੇਅੰਤ ਕੌਰ ਕਹਿੰਦਿਆਂ ਹਨ ਕਿ ਉਹ ਹੁਣ ਪੀਐੱਚਡੀ ਕਰਨ ਦੀਆਂ ਇੱਛੁਕ ਹਨ।
ਜਿਵੇਂ ਹੀ ਇਨ੍ਹਾਂ ਕੁੜੀਆਂ ਨੇ ਆਪਣੀ ਸਿੱਖਿਆ ਸਬੰਧੀ ਅਗਲੀ ਰਣਨੀਤੀ ਬਾਰੇ ਗੱਲ ਕੀਤੀ ਤਾਂ ਬਿੱਕਰ ਸਿੰਘ ਭਾਵੁਕ ਹੋ ਉੱਠੇ।
ਉਨਾਂ ਤੁਰੰਤ ਕਿਹਾ, "ਪੁੱਤ ਹੋਰ ਦੱਬ ਕੇ ਪੜ੍ਹਾਈ ਕਰੋ। ਮੈਂ ਹੋਰ ਕਰਜ਼ਾ ਚੁੱਕ ਲਵਾਂਗਾ। ਪੜ੍ਹਾਈ ਵਿੱਚ ਕਿਸੇ ਕਿਸਮ ਦੀ ਕਸਰ ਨਹੀਂ ਰਹਿਣੀ ਚਾਹੀਦੀ।"
ਮੱਖਣ ਸਿੰਘ ਬੁਡਲਾਡਾ ਸ਼ਹਿਰ ਵਿੱਚ ਇੱਕ ਸਮਾਜ ਸੇਵੀ ਵਜੋਂ ਜਾਣੇ ਜਾਂਦੇ ਹਨ। ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਉੱਚ ਸਿੱਖਿਆ ਪ੍ਰਾਪਤ ਸ਼ਖਸ਼ੀਅਤ ਹਨ।
ਉਨ੍ਹਾਂ ਕਿਹਾ, "ਕਿਤਾਬਾਂ ਲਈ ਪੈਸੇ ਦਾ ਪ੍ਰਬੰਧ ਤਾਂ ਕੁੜੀਆਂ ਦੇ ਮਾਪਿਆਂ ਨੇ ਹੀ ਕੀਤਾ ਹੈ। ਪਰ ਉਨ੍ਹਾਂ ਨੂੰ ਪੜ੍ਹਾਈ ਲਈ ਅੱਗੇ ਸੇਧ ਦੇਣ ਨੂੰ ਮੈਂ ਟੀਚਾ ਹੀ ਬਣਾ ਲਿਆ ਸੀ।"
"ਅਸਲ ਵਿੱਚ ਇਸ ਦਾ ਮੁੱਖ ਕਾਰਨ ਕੁੜੀਆਂ ਦੀ ਪੜ੍ਹਾਈ ਪ੍ਰਤੀ ਲਗਨ ਸੀ। ਇਨ੍ਹਾਂ ਤਿੰਨੇ ਕੁੜੀਆਂ ਨੇ ਬੀਏ ਦਾ ਇਮਤਿਹਾਨ ਪਹਿਲੇ ਦਰਜੇ ਵਿੱਚ ਪਾਸ ਕੀਤਾ ਸੀ।"
"ਜਦੋਂ ਉਹ ਬੀਏ ਵਿੱਚੋਂ ਯੂਨੀਵਰਸਿਟੀ ਵਿੱਚੋਂ ਅੱਵਲ ਰਹੀਆਂ ਸਨ ਤਾਂ ਮੈਂ ਉਸੇ ਵੇਲੇ ਸੋਚ ਲਿਆ ਸੀ ਕਿ ਇਹ ਲੜਕੀਆਂ ਇੱਕ ਦਿਨ ਜ਼ਰੂਰ ਕਾਮਯਾਬ ਹੋਣਗੀਆਂ।"

ਤਸਵੀਰ ਸਰੋਤ, Surinder Maan/BBC
ਲੜਕੀਆਂ ਦੇ ਪਿਤਾ ਬਿੱਕਰ ਸਿੰਘ ਨੇ ਦੱਸਿਆ ਕਿ ਉਹ ਖੁਦ ਤਾਂ ਬਹੁਤੇ ਪੜ੍ਹੇ-ਲਿਖੇ ਨਹੀਂ ਹਨ ਪਰ ਉਨ੍ਹਾਂ ਦੀਆਂ ਧੀਆਂ ਨੂੰ ਪੜ੍ਹਾਈ ਸਬੰਧੀ ਜਾਗਰੂਕ ਕਰਨ ਵਿੱਚ ਮੱਖਣ ਸਿੰਘ ਦੀ ਅਹਿਮ ਭੂਮਿਕਾ ਹੈ।
ਰਿੰਪੀ ਕੌਰ, ਹਰਦੀਪ ਕੌਰ ਅਤੇ ਬੇਅੰਤ ਕੌਰ ਦੀ ਸਫ਼ਲਤਾ ਤੋਂ ਬਾਅਦ ਉਨ੍ਹਾਂ ਦੇ ਘਰ ਵਿੱਚ ਉਨ੍ਹਾਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਇਕੱਠ ਹੈ।
ਇਨ੍ਹਾਂ ਕੁੜੀਆਂ ਨੇ ਇੱਛਾ ਜ਼ਾਹਰ ਕੀਤੀ ਹੈ ਕਿ ਉਹ ਮੁੱਢਲੇ ਪੜਾਅ ਵਿੱਚ ਅਸਿਸਟੈਂਟ ਪ੍ਰੋਫੈਸਰ ਲੱਗ ਕੇ ਆਪਣੇ ਘਰ ਦੀ ਆਰਥਿਕ ਹਾਲਤ ਸੁਧਾਰਨ ਲਈ ਤੱਤਪਰ ਰਹਿਣਗੀਆਂ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ













