ਵਿਖਾਸੀ: ਖਾਲਸਾ ਪੰਥ ਦੀ ਸਿਰਜਨਾ ਨਾਲ ਗੁਰੂ ਗੋਬਿੰਦ ਸਿੰਘ ਨੇ ਗੁਰੂ ਨਾਨਕ ਦੇ ਸਫ਼ਰ ਨੂੰ ਸਿਖ਼ਰ ਦਿੱਤਾ ਸੀ

ਤਸਵੀਰ ਸਰੋਤ, Getty Images
- ਲੇਖਕ, ਜਗਰੂਪ ਸਿੰਘ ਸੇਖੋਂ
- ਰੋਲ, ਪ੍ਰੋਫੈਸਰ (ਰਿਟਾ.) ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ
300 ਸਾਲ ਤੋਂ ਵੀ ਵੱਧ ਸਮਾਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਨਾਲ ਆਧੁਨਿਕ ਸਮਾਜ ਦੀ ਨੀਂਹ ਰੱਖਦੇ ਹੋਏ ਜਾਤ-ਪਾਤ ਦੇ ਭੇਦਭਾਵ ਨੂੰ ਖ਼ਤਮ ਕਰ ਦਿੱਤਾ ਸੀ।
ਗੁਰੂ ਗੋਬਿੰਦ ਸਿੰਘ ਜੀ ਵੱਲੋਂ 1699 'ਚ ਸਿਰਜਿਆ ਖਾਲਸਾ ਉਸ ਯਾਤਰਾ ਦਾ ਸਿਖ਼ਰ ਸੀ ਜੋ 15ਵੀਂ ਸਦੀ ਦੇ ਅੰਤ ਵਿੱਚ ਗੁਰੂ ਨਾਨਕ ਦੇਵ ਜੀ ਵੱਲੋਂ ਸ਼ੁਰੂ ਕੀਤੀ ਗਈ ਸੀ।
ਇਹ ਯਾਤਰਾ ਨੈਤਿਕ ਰਹਿਤ ਮਰਯਾਦਾ ਜਾਂ ਪ੍ਰਣਾਲੀ ਦੇ ਉਪਦੇਸ਼, ਪ੍ਰਚਾਰ ਅਤੇ ਅਭਿਆਸ ਨਾਲ ਸ਼ੁਰੂ ਹੋਈ ਸੀ।
ਭਾਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਿੱਖਾਂ ਦੇ ਪਹਿਲੇ ਗੁਰੂ ਮੰਨਿਆ ਜਾਂਦਾ ਹੈ, ਪਰ ਬਾਕੀ ਧਰਮਾਂ ਦੇ ਲੋਕਾਂ ਵੱਲੋਂ ਵੀ ਉਨ੍ਹਾਂ ਦਾ ਬਰਾਬਰ ਸਤਿਕਾਰ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ 'ਤੇ ਲੋਕ ਤੁਰਦੇ ਹਨ।
ਉਨ੍ਹਾਂ ਦੇ ਫਲਸਫੇ ਨੇ ਬਰਾਬਰੀ, ਸੁਤੰਤਰਤਾ, ਭਾਈਚਾਰੇ, ਸਦਭਾਵਨਾ ਦੇ ਆਧਾਰ ’ਤੇ ਇੱਕ ਆਦਰਸ਼ ਸਮਾਜ ਦੀ ਨੀਂਹ ਰੱਖੀ।
ਇਨ੍ਹਾਂ ਕਦਰਾਂ-ਕੀਮਤਾਂ ਦਾ ਉਨ੍ਹਾਂ ਨੇ ਖੁਦ ਆਪਣੇ ਜੀਵਨ ਕਾਲ ਦੌਰਾਨ ਅਭਿਆਸ ਕੀਤਾ।

ਤਸਵੀਰ ਸਰੋਤ, Getty Images
ਗੁਰੂ ਨਾਨਕ ਦਾ ਫ਼ਲਸਫ਼ਾ
ਗੁਰੂ ਨਾਨਕ ਦੇਵ ਜੀ ਦਾ ਫਲਸਫਾ ਬਾਅਦ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸਾਹਮਣੇ ਆਇਆ।
ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਦੇਵ ਵਰਗੇ ਹੀ ਵਿਚਾਰਾਂ ਦੇ ਧਾਰਨੀ ਸੰਤਾਂ ਦੇ ਵਿਚਾਰਾਂ ਨੂੰ ਬਿਨਾਂ ਜਾਤ ਅਤੇ ਧਰਮ ਦੇ ਵਿਤਕਰੇ ਦੇ ਸ਼ਾਮਲ ਕੀਤਾ ਗਿਆ।
15ਵੀਂ ਸਦੀ ਦੇ ਅੰਤ ਅਤੇ 16ਵੀਂ ਸਦੀ ਦੀ ਸ਼ੁਰੂਆਤ ਵਿੱਚ ਮੌਜੂਦਾ ਸ਼ਾਸਕਾਂ ਵਿਰੁੱਧ ਆਵਾਜ਼ ਉਠਾਉਣਾ ਜੋਖ਼ਮ ਅਤੇ ਚੁਣੌਤੀਪੂਰਨ ਕਾਰਜ ਸੀ।
ਅਜਿਹੇ ਵਿੱਚ ਸ਼ੋਸ਼ਣ, ਵਿਤਕਰੇ, ਭੇਦਭਾਵ ਅਤੇ ਗਰੀਬੀ ਦੀ ਬੁਨਿਆਦ ’ਤੇ ਉਸਰੇ ਸਮਾਜਿਕ ਢਾਂਚੇ ਨੂੰ ਚੁਣੌਤੀ ਦੇਣਾ ਜ਼ੋਖਮ ਭਰਿਆ ਸੀ।
ਅਜਿਹੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਤਕਾਲੀ ਸ਼ਾਸਕਾਂ ਅਤੇ ਸਮਾਜ ਵਿਚਲੇ ਸ਼ਕਤੀਸ਼ਾਲੀ ਢਾਂਚੇ ਦੇ ਖਿਲਾਫ਼ ਆਵਾਜ਼ ਉਠਾਈ ਅਤੇ ਲੋਕਾਂ ਦੁਆਰਾ ਸੰਵਾਦ ਅਤੇ ਵਿਰੋਧ ਦੀ ਇੱਕ ਨਵੀਂ ਪ੍ਰਕਿਰਿਆ ਸ਼ੁਰੂ ਕੀਤੀ।
ਉਸ ਸਮੇਂ ਦੇ ਸ਼ਾਸਕ ਆਪਣੇ ਆਪ ਨੂੰ ‘ਰਾਜ ਸੱਤਾ’ ਸਮਝਦੇ ਸਨ ਅਤੇ ‘ਰੱਬ ਦੇ ਨੁਮਾਇੰਦੇ’ ਮੰਨਦੇ ਸਨ। ਕਿਸੇ ਨੂੰ ਵੀ ਹਾਕਮਾਂ ਅਤੇ ਰੱਬ ਨੂੰ ਚੁਣੌਤੀ ਦੇਣ ਦਾ ਅਧਿਕਾਰ ਨਹੀਂ ਸੀ।

ਇਹ ਵੀ ਪੜ੍ਹੋ:

ਲੋਕ ਸੰਘਰਸ਼ ਇੱਕ ਵਿਰਾਸਤ ਬਣਿਆ

ਤਸਵੀਰ ਸਰੋਤ, Getty Images
ਉਸ ਵੇਲੇ ਗੁਰੂ ਨਾਨਕ ਦੇਵ ਨੇ ਨਿਰਦੋਸ਼ ਲੋਕਾਂ ’ਤੇ ਕੀਤੇ ਅੱਤਿਆਚਾਰਾਂ ’ਤੇ ਬਾਬਰ ਨੂੰ ਵੰਗਾਰਿਆ ਸੀ।
ਉਨ੍ਹਾਂ ਨੇ ਬਾਬਰ ਨੂੰ ਇਹ ਕਹਿੰਦੇ ਹੋਏ ਫਟਕਾਰ ਲਗਾਈ ਕਿ ਉਹ ਮਜ਼ਲੂਮ ਅਤੇ ਬੇਸਹਾਰਾ ਲੋਕਾਂ ’ਤੇ ਵਧੀਕੀਆਂ ਕਰ ਰਿਹਾ ਹੈ।
ਉਨ੍ਹਾਂ ਦੁਆਰਾ ਦਰਸਾਏ ਗਏ ਇਸ ਮਾਰਗ ਨੂੰ ਉਨ੍ਹਾਂ ਦੇ ਨੌਂ ਉੱਤਰਾਧਿਕਾਰੀਆਂ ਨੇ ਦੇਸ ਵਿੱਚ ਆਪਣੇ ਸਮੇਂ ਵਿੱਚ ਪ੍ਰਚੱਲਿਤ ਸਥਿਤੀਆਂ ਦੇ ਅਨੁਸਾਰ ਅਪਣਾਇਆ।
ਇਸ ਪ੍ਰਕਿਰਿਆ ਨੇ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਨੂੰ ਸਮੁੱਚੇ ਤੌਰ 'ਤੇ ਸਿੱਖਾਂ ਲਈ ਇੱਕ ਜੀਵਨ ਪੰਧ ਦੇ ਰੂਪ ਵਿੱਚ ਸਥਾਪਿਤ ਕੀਤਾ।
ਅੱਤਿਆਚਾਰੀ ਢਾਂਚਿਆਂ ਦੇ ਖਿਲਾਫ਼ ਹੇਠਲੇ ਪੱਧਰ ਉੱਤੇ ਯਾਨੀ ਜਨਤਕ ਵਿਰੋਧ ਦਾ ਤਰੀਕਾ, ਆਮ ਲੋਕਾਂ ਅਤੇ ਪੈਰੋਕਾਰਾਂ ਲਈ ਇੱਕ ਵਿਰਾਸਤ ਬਣ ਗਿਆ।
ਇਸ ਵਿਰਾਸਤ ਦੀ ਗੂੰਜ ਸਾਡੇ ਸਮਿਆਂ ਵਿੱਚ ਵੀ ਸੁਣੀ ਜਾ ਸਕਦੀ ਹੈ।
ਜਦੋਂ ਹਾਲ ਹੀ ਵਿੱਚ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਲੱਖਾਂ ਕਿਸਾਨਾਂ ਨੇ ਇੱਕ ਸਾਲ ਤੋਂ ਵੱਧ ਸਮੇਂ ਤੱਕ ਅੰਦੋਲਨ ਕੀਤਾ, ਸਮਾਜਿਕ ਤੌਰ ’ਤੇ ਇਹ ਵਿਰੋਧ ਵੀ ਉਸੇ ਵਿਰਾਸਤ ਦੀ ਗੂੰਜ ਸੀ।
ਗੁਰੂ ਗੋਬਿੰਦ ਸਿੰਘ ਵੱਲੋਂ ਖਾਲਸੇ ਦੀ ਸਿਰਜਣਾ

ਤਸਵੀਰ ਸਰੋਤ, Getty Images
‘ਅੰਮ੍ਰਿਤ ਸੰਚਾਰ’ ਰਾਹੀਂ ਖਾਲਸੇ ਦੀ ਸਿਰਜਨਾ ਇੱਕ ਬਹੁਤ ਹੀ ਚੁਣੌਤੀਪੂਰਨ ਹਾਲਾਤ ਨਾਲ ਨਜਿੱਠਣ ਲਈ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਵਿਲੱਖਣ ਪਹਿਲ ਸੀ।
ਇਹ ਇੱਕ ਦੋਧਾਰੀ ਹਥਿਆਰ ਦੇ ਰੂਪ ਵਿੱਚ ਉੱਭਰਿਆ। ਇਸ ਨੇ ਸਭ ਤੋਂ ਪਹਿਲਾਂ ਸਮਾਜ ਦੇ ਦੱਬੇ-ਕੁਚਲੇ ਵਰਗਾਂ ਵਿੱਚ ਸਨਮਾਨ ਦੀ ਨਵੀਂ ਭਾਵਨਾ ਦਾ ਸੰਚਾਰ ਕਰਕੇ ਨਿੱਘਰੀ ਸਮਾਜਿਕ ਵਿਵਸਥਾ ਦਾ ਪੁਨਰਗਠਨ ਕੀਤਾ ਅਤੇ ਦੂਸਰਾ, ਉਨ੍ਹਾਂ ਨੂੰ ਸਮਾਜ ਦੀਆਂ ਬੇਇਨਸਾਫ਼ੀਆਂ ਅਤੇ ਵਧੀਕੀਆਂ ਵਿਰੁੱਧ ਲੜਨ ਲਈ ਤਿਆਰ ਕੀਤਾ।
ਗੁਰੂ ਸਾਹਿਬ ਦੀ ਇਸ ਪਹਿਲਕਦਮੀ ਨੂੰ ਸਮਾਜ ਦੇ ਸਾਰੇ ਵਰਗਾਂ ਖਾਸ ਕਰਕੇ ਦੱਬੇ ਕੁਚਲੇ ਹੇਠਲੇ ਵਰਗਾਂ ਤੋਂ ਭਰਵਾਂ ਹੁੰਗਾਰਾ ਮਿਲਿਆ।
ਇਸ ਲਈ ਖਾਲਸੇ ਦੀ ਸਿਰਜਨਾ, ਇੱਕ ਅਰਥ ਵਿੱਚ ਸਿੱਖ ਗੁਰੂਆਂ ਦੇ 200 ਸਾਲਾਂ ਤੋਂ ਵੱਧ ਨਿਰੰਤਰ ਯਤਨਾਂ ਦੀ ਉਪਜ ਸੀ।

ਤਸਵੀਰ ਸਰੋਤ, Getty Images
ਗੁਰੂ ਗੋਬਿੰਦ ਸਿੰਘ ਜੀ ਨੇ ਇਸ ਪ੍ਰਕਾਰ ਸਿੱਖ ਲਹਿਰ ਨੂੰ ਸਿਖਰ 'ਤੇ ਪਹੁੰਚਾ ਦਿੱਤਾ।
ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵਿਸਾਖੀ ਵਾਲੇ ਦਿਨ ਸ੍ਰੀ ਅਨੰਦਪੁਰ ਸਾਹਿਬ ਵਿਚ ਪੰਜ ਪਿਆਰਿਆਂ (ਗੁਰੂ ਦੇ ਪਿਆਰਿਆਂ) ਨੂੰ 'ਅੰਮ੍ਰਿਤ' ਛਕਾ ਕੇ ਖਾਲਸੇ ਦਾ ਰੂਪ ਦਿੱਤਾ।
ਇਨ੍ਹਾਂ ਪੰਜ ਪਿਆਰਿਆਂ ਵਿੱਚ ਸ਼ਾਮਲ ਸਨ...
- ਸਿਆਲਕੋਟ (ਹੁਣ ਪਾਕਿਸਤਾਨ ਵਿੱਚ) ਤੋਂ ਦਯਾ ਰਾਮ
- ਦਵਾਰਕਾ ਤੋਂ ਮੋਹਕਮ ਚੰਦ
- ਬਿਦਰ (ਕਰਨਾਟਕ) ਤੋਂ ਸਾਹਿਬ ਚੰਦ
- ਹਸਤਿਨਾਪੁਰ ਤੋਂ ਧਰਮ ਦਾਸ
- ਜਗਨਨਾਥ ਪੁਰੀ (ਉੜੀਸਾ) ਤੋਂ ਹਿੰਮਤ ਚੰਦ
ਇਨ੍ਹਾਂ ਨੂੰ ਗੁਰੂ ਸਾਹਿਬ ਨੇ ਪੰਜ ਪਿਆਰੇ ਕਹਿ ਕੇ ਸਤਿਕਾਰ ਦਿੱਤਾ ਅਤੇ ਆਪਣੇ ਵਰਗਾ ਸਰੂਪ ਬਖ਼ਸ਼ਿਆ।
ਅੰਮ੍ਰਿਤ ਛਕਣ ਲਈ ਤੈਅ ਮਰਿਯਾਦਾ ਦੀ ਪਾਲਣਾ ਕਰਕੇ ਇਹ ਪੰਜ ਪਿਆਰੇ ਖਾਲਸੇ ਦੇ ਰੂਪ ਵਿਚ ਸਭ ਤੋਂ ਪਹਿਲਾਂ ਸਮਾਜ ਦੇ ਸਾਹਮਣੇ ਆਏ।
ਖਾਲਸਾ ਸਿਰਜਨਾ ਨੇ ਵੰਡੇ ਹੋਏ ਸਮਾਜ ਵਿੱਚ ਬਰਾਬਰੀ ਅਤੇ ਸਮਾਜਿਕ ਏਕੀਕਰਨ ਦੀ ਇੱਕ ਨਵੀਂ ਪ੍ਰਕਿਰਿਆ ਸ਼ੁਰੂ ਕੀਤੀ।
ਇਸ ਦਾ ਉਦੇਸ਼ ਜਾਤਾਂ- ਪਾਤਾਂ ਅਤੇ ਭਾਈਚਾਰਿਆਂ ਦੇ ਭੇਦਭਾਵ, ਵਖਰੇਵਿਆਂ ਅਤੇ ਸ਼ੋਸ਼ਣ ਨੂੰ ਖਤਮ ਕਰਨਾ ਸੀ।
ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਹੀ ਝਟਕੇ ਵਿੱਚ ਮੌਜੂਦਾ ਸਮਾਜ ਅਤੇ ਉਸ ਦੇ ਫਲਸਫੇ ਵਿੱਚ ਪ੍ਰਚੱਲਿਤ ਜਾਤ-ਪਾਤ, ਰੀਤੀ-ਰਿਵਾਜਾਂ, ਕਰਮ ਕਾਂਡਾਂ, ਅੰਧ-ਵਿਸ਼ਵਾਸ ਨੂੰ ਖ਼ਤਮ ਕਰ ਦਿੱਤਾ।
ਇਸ ਨੂੰ ਸਮਾਜ ਵਿੱਚ ਇਨਕਲਾਬੀ ਤਬਦੀਲੀ ਦੀ ਸ਼ੁਰੂਆਤ ਦੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ।
ਜਿਸ ਨੇ ਇੱਕ ਨਵੀਂ ਸੋਚ ਪ੍ਰਕਿਰਿਆ, ਸਮਾਜਿਕ ਰਿਸ਼ਤਿਆਂ, ਆਪਣੇਪਣ ਦੀ ਭਾਵਨਾ ਅਤੇ ਸਨਮਾਨ ਦੀ ਸ਼ੁਰੂਆਤ ਕੀਤੀ।
ਜਿਸ ਵਿੱਚ ਕੋਈ ਵੀ ਉੱਚਾ ਜਾਂ ਨੀਵਾਂ ਨਹੀਂ ਹੈ ਅਤੇ ਸਾਰੇ 'ਇੱਕ ਸਰਬ ਸ਼ਕਤੀਮਾਨ (ਰੱਬ)' ਦੀ ਰਚਨਾ ਹਨ।
ਗੁਰੂ ਗੋਬਿੰਦ ਸਿੰਘ ਤੇ ਪੰਜ ਪਿਆਰੇ

ਤਸਵੀਰ ਸਰੋਤ, Getty Images
ਗੁਰੂ-ਚੇਲੇ ਦੇ ਰਿਸ਼ਤੇ ਨੂੰ ਨਵਾਂ ਰੂਪ ਦੇਣ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਅਤੇ ਖੁਦ ਉਨ੍ਹਾਂ ਨੂੰ ਪੰਜ ਪਿਆਰਿਆਂ ਦੇ ਰੂਪ ਵਿੱਚ ਖਾਲਸੇ ਵਿੱਚ ਸ਼ਾਮਲ ਕੀਤਾ।
ਬਾਅਦ ਵਿੱਚ ਗੁਰੂ ਸਾਹਿਬ ਨੇ ਖੁਦ ਉਨ੍ਹਾਂ ਤੋਂ ਅੰਮ੍ਰਿਤ ਛਕਿਆ ਅਤੇ ਸਪੱਸ਼ਟ ਸੰਦੇਸ਼ ਦਿੱਤਾ ਕਿ ਆਖ਼ਿਰ ਸਰਵਉੱਚ ਸ਼ਕਤੀ ਪੰਜ ਪਿਆਰਿਆਂ ਕੋਲ ਹੈ।
ਇਸ ਦਾ ਸਪੱਸ਼ਟ ਸੰਦੇਸ਼ ਇਹ ਸੀ ਕਿ ਆਖ਼ਰ ਸਰਬਉੱਚ ਸ਼ਕਤੀ ਪੰਜ ਪਿਆਰਿਆਂ ਜਾਂ ਪੰਥ ਕੋਲ ਹੈ।
ਅੰਮ੍ਰਿਤ ਛਕਣ ਤੋਂ ਬਾਅਦ ਸੰਗਤ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਇੱਕ ਆਦਰਸ਼ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਪ੍ਰਣਾਲੀ ਦੀ ਨੀਂਹ ਰੱਖੀ।
ਗੁਰੂ ਗੋਬਿੰਦ ਸਿੰਘ ਜੀ ਦਾ ਪੰਜ ਪਿਆਰਿਆਂ ਨੂੰ ਇਹ ਸੰਦੇਸ਼ ਹੈ ਕਿ ਉਨ੍ਹਾਂ ਨੂੰ ਖਾਲਸਾ ਦੇ ਰੂਪ ਵਿੱਚ ਆਪਣੇ ਪਿਛਲੇ ਪਰਿਵਾਰਕ ਮੂਲ, ਧਰਮ, ਕਰਮ ਕਾਂਡ, ਕਿੱਤੇ ਆਦਿ ਤੋਂ ਸੰਪੂਰਨ ਤੌਰ ’ਤੇ ਮੁਕਤ ਕੀਤਾ ਗਿਆ ਹੈ।
ਉਨ੍ਹਾਂ ਨੇ ਹੁਣ ਸਮਾਜ ਵਿੱਚ ਬਰਾਬਰੀ ਵਾਲੀਆਂ ਮਨੁੱਖੀ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨਾ ਹੈ।
ਉਨ੍ਹਾਂ ਨੂੰ ਇੱਕ ਪ੍ਰਮਾਤਮਾ ਵਿੱਚ ਵਿਸ਼ਵਾਸ ਦੇ ਨਾਲ ‘ਸਿੰਘ’ ਦਾ ਸਾਂਝਾ ਖਿਤਾਬ ਦੇਣਾ, ਦੇਸ਼ ਵਿੱਚ ਸਮਾਜ ਅਤੇ ਵੱਖ-ਵੱਖ ਵਰਗਾਂ ਵਿਚਕਾਰ ਏਕਤਾ ਲਿਆਉਣ ਦੀ ਇੱਕ ਪ੍ਰਕਿਰਿਆ ਸੀ।
ਹਿੰਦੂਆਂ ਵਿੱਚ ਪ੍ਰਚੱਲਿਤ ਧਾਰਮਿਕ ਰੀਤੀ-ਰਿਵਾਜਾਂ ਅਤੇ ਕਰਮ ਕਾਂਡਾਂ, ਵਿਸ਼ਵਾਸਾਂ ਅਤੇ ਅੰਧ-ਵਿਸ਼ਵਾਸਾਂ ਨੂੰ ਤਿਆਗਣ ਦੀ ਉਨ੍ਹਾਂ ਦੀ ਸਿੱਖਿਆ ਨੇ ਉਨ੍ਹਾਂ ਨੂੰ ਇੱਕ ਭਾਈਚਾਰਕ ਸਾਂਝ ਵਿੱਚ ਬੰਨ੍ਹ ਦਿੱਤਾ।
ਉਨ੍ਹਾਂ ਦਾ ਇੱਕ ਉਦੇਸ਼ ਪ੍ਰਤੀ ਸਮਰਪਣ ਅਤੇ ਵਚਨਬੱਧਤਾ ਦੀ ਭਾਵਨਾ ਪੰਜ ਕਕਾਰਾਂ ਯਾਨੀ ਕੇਸ, ਕੰਘਾ, ਕੜਾ, ਕਛਹਿਰਾ, ਕਿਰਪਾਨ - ਸ਼ੁੱਧਤਾ ਅਤੇ ਚੁਨੌਤੀਪੂਰਨ ਭਾਵਨਾ ਦੇ ਪ੍ਰਤੀਕ ਦੇ ਰੂਪ ਵਿੱਚ ਪ੍ਰਗਟ ਹੋਈ ਸੀ।
ਇਹ ਨਾ ਸਿਰਫ਼ ਪੈਰੋਕਾਰਾਂ ਲਈ ਰਹਿਤ ਮਰਯਾਦਾ ਸੀ, ਸਗੋਂ ਉਨ੍ਹਾਂ ਨੂੰ ਪੰਥ ਦੀ ਅਗਵਾਈ ਕਰਨ ਲਈ ਨਵੀਂ ਭੂਮਿਕਾ ਅਤੇ ਪਛਾਣ ਬਾਰੇ ਸੁਚੇਤ ਕਰਦੀ ਸੀ।
ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਸਰੀਰਕ ਸ਼ਕਤੀ ਵੀ ਤੁਹਾਡੇ ਲਈ ਓਨੀ ਹੀ ਪਵਿੱਤਰ ਹੈ, ਜਿੰਨੀ ਕਿ ਤੁਹਾਡੀ ਅਧਿਆਤਮਕ ਸੰਵੇਦਨਸ਼ੀਲਤਾ।
ਖਾਲਸੇ ਦੀਆਂ ਵਿਸ਼ੇਸ਼ਤਾਵਾਂ

ਤਸਵੀਰ ਸਰੋਤ, Getty Images
ਗੁਰੂ ਜੀ ਦੇ ਉਪਦੇਸ਼ ਅਤੇ ਅਭਿਆਸਾਂ ਦਾ ਨਿਚੋੜ ਇਹ ਸੀ ਕਿ ਉਨ੍ਹਾਂ ਦੇ ਪੈਰੋਕਾਰ ਨੂੰ ਜਾਤ, ਰੰਗ, ਧਰਮ ਦੇ ਭੇਦਭਾਵ ਤੋਂ ਬਿਨਾਂ ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਇੱਕ ਪੁਲ ਦਾ ਕਾਰਜ ਕਰਨਗੇ ਅਤੇ ਦੱਬੇ-ਕੁਚਲੇ ਲੋਕਾਂ ਦੀ ਸੇਵਾ ਕਰਨਗੇ।
ਉਨ੍ਹਾਂ ਨੂੰ ਗਰੀਬਾਂ ਅਤੇ ਬੇਸਹਾਰਾ ਲੋਕਾਂ ਦੀ ਰੱਖਿਆ ਕਰਨ ਦਾ ਹੁਕਮ ਵੀ ਦਿੱਤਾ ਗਿਆ ਅਤੇ ਇਹ ਖਾਲਸਾ ਦੇ ਪੈਰੋਕਾਰਾਂ ਦੇ ਜੀਵਨ ਦਾ ਇੱਕ ਜ਼ਰੂਰੀ ਹਿੱਸਾ ਬਣ ਗਿਆ।
ਦੂਜੇ ਪਾਸੇ ਖਾਲਸੇ ਦੀ ਭਾਈਚਾਰਕ ਸਾਂਝ ਦੇ ਧੁਰੇ ਵਿੱਚ ਜਾਤ ਬਰਾਬਰੀ ਕਾਇਮ ਰਹੀ।
ਖਾਲਸੇ ਦੀਆਂ ਤਿੰਨ ਅਲੱਗ ਅਲੱਗ ਵਿਸ਼ੇਸ਼ਤਾਵਾਂ ਹਨ, ਸਰੀਰਕ ਤੌਰ 'ਤੇ ਵੱਖਰੇ, ਮਾਨਸਿਕ ਤੌਰ ’ਤੇ ਸੁਚੇਤ ਅਤੇ ਅਧਿਆਤਮਿਕ ਤੌਰ ’ਤੇ ਗਿਆਨਵਾਨ।
ਖਾਲਸੇ ਵਿੱਚ ਭਾਈਚਾਰਕ ਸਾਂਝ ਦੀ ਭਾਵਨਾ ਸੀ, ਜੋ ਮਨੁੱਖਤਾ ਦੀ ਸੇਵਾ ਵਿੱਚ ਵਰਤੀ ਜਾਂਦੀ। ਖਾਲਸਾ ਕਮਜ਼ੋਰਾਂ ਅਤੇ ਵਿਹੂਣਿਆਂ ਦੇ ਹੱਕਾਂ ਦੀ ਰਾਖੀ ਲਈ ਸਮਾਜਿਕ ਲੋੜਾਂ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਹੁੰਦਾ ਹੈ।
ਖਾਲਸਾ, ਪੰਥ ਦੀਆਂ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਲਈ ਇੱਕ ਸਿਪਾਹੀ ਦੇ ਰੂਪ ਵਿੱਚ ਵਿਅਕਤੀ ਜਾਂ ਰਾਜ ਦੇ ਅੱਤਿਆਚਾਰ ਅਤੇ ਜ਼ੁਲਮ ਦਾ ਵਿਰੋਧ ਕਰਨ ਅਤੇ ਉਸ ਨੂੰ ਰੋਕਣ ਲਈ ਵਚਨਬੱਧ ਹੈ।
ਆਜ਼ਾਦ ਭਾਰਤ ਤੋਂ ਪਹਿਲਾਂ ਅਤੇ ਬਾਅਦ ਦੇ ਭਾਰਤ ਵਿੱਚ ਇਸ ਗੱਲ ਨੂੰ ਸਾਬਤ ਕਰਨ ਲਈ ਸਾਡੇ ਕੋਲ ਬਹੁਤ ਸਾਰੀਆਂ ਮਿਸਾਲਾਂ ਹਨ।
ਖਾਲਸਾ ਕਿਸੇ ਯੋਗ ਮਕਸਦ ਲਈ ਮਰਨ ਤੋਂ ਨਹੀਂ ਡਰਦਾ ਅਤੇ ਇਤਿਹਾਸ ਇਸ ਦਾ ਗਵਾਹ ਹੈ।
‘ਰਾਜ ਕਰੇਗਾ ਖਾਲਸਾ’ ਸ਼ਬਦ ਦਾ ਅਰਥ ਹੈ ਕੇਵਲ ਖਾਲਸ ਹੀ ਰਾਜ ਕਰੇਗਾ।













