ਐੱਸਜੀਪੀਸੀ ਦੇ ਇਤਰਾਜ਼ ਵਿਚਾਲੇ ਮਨਾਇਆ ਗਿਆ ਵੀਰ ਬਾਲ ਦਿਵਸ; ‘ਸਾਹਿਬਜ਼ਾਦਿਆਂ ਬਾਰੇ ਦੁਨੀਆਂ ਨੂੰ ਦੱਸਣ ਦੀ ਲੋੜ’

ਤਸਵੀਰ ਸਰੋਤ, ANI
ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰੀ ਦੇ ਬੇਮਿਸਾਲ ਹੌਸਲੇ ਅਤੇ ਕੁਰਬਾਨੀ ਨੂੰ ਯਾਦ ਕਰਦਿਆਂ, ਭਾਰਤ ਸਰਕਾਰ 26 ਦਸੰਬਰ ਨੂੰ ਦਿੱਲੀ ਸਣੇ ਦੇਸ-ਵਿਦੇਸ਼ ਵਿਚ ‘ਵੀਰ ਬਾਲ ਦਿਵਸ’ ਮਨਾ ਰਹੀ ਹੈ।
ਇਸੇ ਦਿਨ ਨੂੰ ਮਨਾਉਣ ਲਈ ਦਿੱਲੀ ਵਿੱਚ ਆਯੋਜਿਤ ਇੱਕ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਪਹੁੰਚੇ।
ਇਸ ਮੌਕੇ 300 ਕੀਰਤਨੀਆਂ ਵੱਲੋਂ ਪੇਸ਼ ਕੀਤੇ ਜਾਣ ਵਾਲੇ ‘ਸ਼ਬਦ ਕੀਰਤਨ’ ਵੀ ਕੀਤੇ ਗਏ।
ਪ੍ਰਧਾਨ ਮੰਤਰੀ ਨੇ ਕਰੀਬ 300 ਬੱਚਿਆਂ ਦੇ ਮਾਰਚ ਪਾਸਟ ਨੂੰ ਵੀ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਇਸ ਮੌਕੇ ਸੱਭਿਆਚਾਰਕ ਮੰਤਰਾਲੇ ਵਲੋਂ ਵਿਸ਼ੇਸ਼ ਡਿਜੀਟਲ ਪ੍ਰਦਰਸ਼ਨੀ ਵੀ ਲਾਈ ਗਈ।
'ਸਾਹਿਬਜ਼ਾਦਿਆਂ ਦੀ ਕੁਰਬਾਨੀ ਬਾਰੇ ਨਵੀਂ ਪੀੜ੍ਹੀ ਨੂੰ ਦੱਸਣ ਦੀ ਜ਼ਰੂਰਤ'
'ਵੀਰ ਬਾਲ ਦਿਵਸ' ਸਮਾਗਮ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਬਾਰੇ ਅੱਜ ਦੀ ਪੀੜ੍ਹੀ ਨੂੰ ਦੱਸਣ ਦੀ ਜ਼ਰੂਰਤ ਹੈ।
ਉਨ੍ਹਾਂ ਕਿਹਾ ਕਿ ''ਅੱਜ ਪਹਿਲਾ ਬਲੀਦਾਨ ਦਿਵਸ ਮਨਾਇਆ ਜਾ ਰਿਹਾ ਹੈ।''
ਜਿਸ ਦਿਨ ਤੇ ਜਿਸ ਬਲੀਦਾਨ ਨੂੰ ਅਸੀਂ ਪੀੜ੍ਹੀਆਂ ਤੋਂ ਯਾਦ ਕਰਦੇ ਆਏ ਹਾਂ, ਉਸ ਨੂੰ ਲੈ ਕੇ ਅੱਜ ਇਹ ਇੱਕ ਨਵੀਂ ਸ਼ੁਰੂਆਤ ਹੋਈ ਹੈ।

ਤਸਵੀਰ ਸਰੋਤ, ANI
ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਰਹੇ।
ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਦਾ ਇਸ ਦਿਨ ਨੂੰ ਕੌਮੀ ਦਿਵਸ ਵਜੋਂ ਮਨਾਉਣ ਲਈ ਧੰਨਵਾਦ ਕੀਤਾ।
ਇਸ ਦੇ ਨਾਲ ਹੀ ਉਨ੍ਹਾਂ ਜੀ20 ਦੇ ਦੋ ਸਮਾਗਮਾਂ ਲਈ ਅੰਮ੍ਰਿਤਸਰ ਦੀ ਚੋਣ ਸਬੰਧੀ ਵੀ ਪ੍ਰਧਾਨ ਮੰਤਰੀ ਨੂੰ ਧੰਨਵਾਦ ਕੀਤਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਤਰਾਜ਼

ਤਸਵੀਰ ਸਰੋਤ, GOI
ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਕ ਵਾਰ ਫਿਰ ਵੀਰ ਬਾਲ ਦਿਵਸ ਦੇ ਨਾਮ ਨੂੰ ਲੈ ਕੇ ਇਤਰਾਜ਼ ਪ੍ਰਗਟ ਕੀਤਾ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ 25 ਦਸੰਬਰ ਸ਼ਾਮ ਨੂੰ ਮੀਡੀਆ ਨੂੰ ਕਿਹਾ, “ਮੋਦੀ ਸਰਕਾਰ ਨੇ 26 ਦਸੰਬਰ ਨੂੰ ਵੀਰ ਬਾਲ ਦਿਵਸ ਮਨਾਉਣ ਦੇ ਐਲਾਨ ਕੀਤੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੱਤਰਾਂ ਰਾਹੀਂ ਇਸ ਨਾਮ ਉਪਰ ਇਤਰਾਜ਼ ਜਤਾਇਆ ਹੈ।”
“ਕਮੇਟੀ ਨੇ ਕਿਹਾ ਸੀ ਕਿ ਜੇਕਰ ‘ਵੀਰ ਬਾਲ ਦਿਵਸ’ ਦਾ ਨਾਂ ਲਿਆਂ ਜਾਂਦਾ ਹੈ ਤਾਂ ਸਾਹਿਬਜ਼ਾਦਿਆਂ ਦਾ ਨਾਮ ਅਤੇ ਬਲੀਦਾਨ ਦਾ ਜਿਕਰ ਨਹੀਂ ਆਉਂਦਾ। ਇਸ ਸ਼ਬਦ ਨਾਲ ਸਾਹਿਬਜ਼ਾਦਿਆਂ ਅਤੇ ਸ਼ਹਾਦਤ ਸ਼ਬਦ ਜੋੜਨ ਦੀ ਮੰਗ ਕੀਤੀ ਗਈ ਸੀ। ਸਰਕਾਰ ਨੇ ਅਜਿਹਾ ਕਰਨ ਦੇ ਸੰਕੇਤ ਵੀ ਦਿੱਤੇ ਸੀ ਪਰ ਇਸ ਤਰ੍ਹਾਂ ਕੀਤਾ ਨਹੀਂ ਗਿਆ।”
ਗਰੇਵਾਲ ਨੇ ਕਿਹਾ, "ਸ਼੍ਰੋਮਣੀ ਕਮੇਟੀ ਨੇ ਆਪਣਾ ਇਤਰਾਜ਼ ਜ਼ਾਹਰ ਕੀਤਾ ਹੈ ਪਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਜੋ ਇਸ ਸਮੇਂ ਭਾਜਪਾ ਨਾਲ ਚੱਲ ਰਹੇ ਹਨ, ਉਹਨਾਂ ਨੇ ਸਭ ਕੁਝ ਜਾਣਦੇ ਹੋਏ ਵੀ ਇਸ ਮੁੱਦੇ 'ਤੇ ਕੋਈ ਸਟੈਂਡ ਨਹੀਂ ਲਿਆ ਇਹ ਬਹੁਤ ਦੁੱਖ ਦੀ ਗੱਲ ਹੈ।"
ਪਿਛਲੇ ਸਾਲ ਕੇਂਦਰ ਸਰਕਾਰ ਨੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ‘ਵੀਰ ਬਾਲ ਦਿਵਸ’ ਐਲਾਨ ਦਿੱਤਾ ਸੀ।
ਇਸ ਤੋਂ ਬਾਅਦ ਕੁਝ ਵਿਵਾਦ ਸ਼ੁਰੂ ਹੋ ਗਿਆ ਸੀ।
ਕੁਝ ਸਿੱਖ ਵਿਦਵਾਨਾਂ ਨੇ ਇਸ ਨੂੰ ਸਿੱਖ ਧਰਮ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲਅੰਦਾਜ਼ੀ ਕਰਾਰ ਦਿੱਤਾ ਅਤੇ ਇਸ ਫੈਸਲੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ।
ਪਰ ਕਈ ਧਾਰਮਿਕ ਅਤੇ ਸਿਆਸੀ ਆਗੂਆਂ ਨੇ ਪ੍ਰਧਾਨ ਮੰਤਰੀ ਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਪ੍ਰਧਾਨ ਮੰਤਰੀ ਨੇ ਕੀ ਐਲਾਨ ਕੀਤਾ ਸੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 9 ਜਨਵਰੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਨ ਲਈ 26 ਦਸੰਬਰ ਨੂੰ ‘ਵੀਰ ਬਾਲ ਦਿਵਸ’ ਐਲਾਨਿਆ ਸੀ।
ਇੱਕ ਟਵੀਟ ਰਾਹੀਂ ਇਹ ਜਾਣਕਾਰੀ ਸਾਂਝੀ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਲਿਖਿਆ ਸੀ, "ਮੈਨੂੰ ਇਹ ਐਲਾਨ ਕਰਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ ਕਿ ਇਸ ਸਾਲ ਤੋਂ 26 ਦਸੰਬਰ ਨੂੰ ਇਹ 'ਵੀਰ ਬਾਲ ਦਿਵਸ' ਵਜੋਂ ਮਨਾਇਆ ਜਾਵੇਗਾ। ਇਹ ਸਾਹਿਬਜ਼ਾਦਿਆਂ ਦੀ ਦਲੇਰੀ ਅਤੇ ਨਿਆਂ ਪ੍ਰਤੀ ਉਨ੍ਹਾਂ ਦੀ ਸ਼ਰਧਾ ਨੂੰ ਢੁਕਵੀਂ ਸ਼ਰਧਾਂਜਲੀ ਹੈ।"
ਉਨ੍ਹਾਂ ਲਿਖਿਆ, "ਵੀਰ ਬਾਲ ਦਿਵਸ ਉਸੇ ਦਿਨ ਮਨਾਇਆ ਜਾਵੇਗਾ, ਜਿਸ ਦਿਨ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਫਤਹਿ ਸਿੰਘ ਜੀ ਨੇ ਸ਼ਹਾਦਤ ਦਿੱਤੀ ਸੀ। ਇਨ੍ਹਾਂ ਦੋਵਾਂ ਮਹਾਂਪੁਰਖਾਂ ਨੇ ਧਰਮ ਦੇ ਮਹਾਨ ਸਿਧਾਂਤਾਂ ਤੋਂ ਭਟਕਣ ਦੀ ਬਜਾਏ ਮੌਤ ਨੂੰ ਤਰਜੀਹ ਦਿੱਤੀ।"

ਇਹ ਵੀ ਪੜ੍ਹੋ:


'ਇਸ ਨੂੰ ਪੰਥ ਪ੍ਰਵਾਨਿਤ ਨਹੀਂ ਸਮਝਿਆ ਜਾ ਸਕਦਾ'
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਐਲਾਨ 'ਤੇ ਆਪਣੀ ਪ੍ਰਤੀਕ੍ਰਿਆ ਦਿੰਦਿਆਂ ਕਿਹਾ ਸੀ, “ਪ੍ਰਧਾਨ ਮੰਤਰੀ ਦੀਆਂ ਭਾਵਨਾਵਾਂ ਦੀ ਅਸੀਂ ਕਦਰ ਕਰਦੇ ਹਾਂ, ਪਰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਬਾਲ ਸੰਗਿਆ ਨਾਲ ਜੋੜ ਕੇ, ਵੀਰ ਬਾਲ ਦਿਵਸ ਤੱਕ ਸੀਮਤ ਰੱਖਣਾ ਸ਼ਹਾਦਤਾਂ ਦੀ ਭਾਵਨਾ ਤੇ ਸਿੱਖ ਰਵਾਇਤਾਂ ਦੇ ਮੇਚ ਨਹੀਂ ਹੈ।”
ਉਨ੍ਹਾਂ ਕਿਹਾ ਸੀ ਕਿ ਸਿੱਖ ਇਤਿਹਾਸ, ਸਿਧਾਤਾਂ ਅਤੇ ਪਰੰਪਰਾਵਾਂ ਦੇ ਮੱਦੇਨਜ਼ਰ ਦਸਵੇਂ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਕੁਰਬਾਨੀਆਂ ਵੱਡੇ ਯੋਧਿਆਂ ਵਰਗੀਆਂ ਹਨ ਅਤੇ ਉਨ੍ਹਾਂ ਨੂੰ ਸੰਬੋਧਨ ਸਮੇਂ ਬਾਬਾ ਸ਼ਬਦ ਨਾਲ ਸਤਿਕਾਰ ਦਿੱਤਾ ਜਾਂਦਾ ਹੈ।

'ਮੋਦੀ ਸਰਕਾਰ ਨੇ ਇਸਨੂੰ ਬੱਚਿਆਂ ਦੀ ਖੇਡ ਸਮਝ ਲਿਆ ਹੈ'
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕਿਰਨਜੋਤ ਕੌਰ ਨੇ ਦਿਨ ਦਾ ਨਾਮ ਰੱਖਣ ਦੀ ਥਾਂ ਸ਼ਹੀਦੀ ਨੂੰ ਸਕੂਲਾਂ ਦੇ ਪਾਠਕ੍ਰਮ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ ਸੀ।
ਪ੍ਰਧਾਨ ਮੰਤਰੀ ਦੇ ਇਸ ਐਲਾਨ ਬਾਰੇ ਉਨ੍ਹਾਂ ਕਿਹਾ ਸੀ, ''ਗੈਰ ਸਿੱਖ ਸਰਕਾਰ ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਛੁਟਿਆਂਦੇ ਹੋਏ, ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਨੂੰ ''ਵੀਰ ਬਾਲ ਦਿਵਸ'' ਦਾ ਨਾਮ ਦਿੱਤਾ ਹੈ, ਮੋਦੀ ਸਰਕਾਰ ਨੇ ਇਸ ਨੂੰ ਬੱਚਿਆਂ ਦੀ ਖੇਡ ਸਮਝ ਲਿਆ ਹੈ!''
''ਛੋਟੇ ਸਾਹਿਬਜ਼ਾਦਿਆਂ ਲਈ ਪੰਥਕ ਸ਼ਬਦਾਵਲੀ ਬਾਬਾ ਹੈ ਅਤੇ ਪੰਥਕ ਸ਼ਬਦਾਵਲੀ ਨਾਲ ਛੇੜਛਾੜ ਕਰਨ ਦਾ ਕਿਸੇ ਗੈਰ ਸਿੱਖ ਨੂੰ ਹੱਕ ਨਹੀਂ।''
'ਇਸ ਫ਼ੈਸਲੇ ਨੂੰ ਇੱਥੇ ਹੀ ਅਪ੍ਰਵਾਨ ਕੀਤਾ ਜਾਵੇ'
ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਵੀ ਇਸ ਐਲਾਨ 'ਤੇ ਨਰਾਜ਼ਗੀ ਜਤਾਈ ਗਈ ਸੀ ਅਤੇ ਕਿਹਾ ਗਿਆ ਸੀ ਕਿ ਸਟੇਟ ਨੂੰ ਸਿੱਖਾਂ ਦੇ ਧਾਰਮਿਕ ਮਾਮਲਿਆਂ ਦੇ ਵਿੱਚ ਦਖਲਅੰਦਾਜ਼ੀ ਕਰਨ ਦਾ ਕੋਈ ਹੱਕ ਨਹੀਂ।
ਦਲ ਖਾਲਸਾ ਅਨੁਸਾਰ, ਪ੍ਰਧਾਨ ਮੰਤਰੀ ਦਾ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ 'ਵੀਰ ਬਾਲ ਦਿਵਸ' ਵਜੋਂ ਮਨਾਉਣ ਦਾ ਆਪ-ਮੁਹਾਰੇ ਫੈਸਲਾ ਗਲਤ ਪਿਰਤ ਨੂੰ ਤੋਰੇਗਾ, ਇਸ ਫ਼ੈਸਲੇ ਨੂੰ ਇੱਥੇ ਹੀ ਅਪ੍ਰਵਾਨ ਕੀਤਾ ਜਾਵੇ।

ਤਸਵੀਰ ਸਰੋਤ, HARNAM SINGH KHALSA
'ਪ੍ਰਧਾਨ ਮੰਤਰੀ ਦੇ ਇਸ ਕਦਮ ਨਾਲ ਕੌਮ ਦਾ ਸਿਰ ਉੱਚਾ ਹੋਇਆ ਹੈ'
ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਖ਼ਾਲਸਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਾਹਿਬਜ਼ਾਦਿਆਂ ਦੀ ਹਿੰਮਤ ਤੇ ਹੌਂਸਲੇ ਨੂੰ ਢੁਕਵੀਂ ਸ਼ਰਧਾਂਜਲੀ ਵਜੋਂ ਦੇਸ਼ ਭਰ 'ਚ 26 ਦਸੰਬਰ ਨੂੰ ਸਰਕਾਰੀ ਛੁੱਟੀ ਐਲਾਨਦਿਆਂ 'ਵੀਰ ਬਾਲ ਦਿਵਸ' ਵਜੋਂ ਮਨਾਉਣ ਦੇ ਲਏ ਗਏ ਫੈਸਲੇ ਦੀ ਸ਼ਲਾਘਾ ਕੀਤੀ ਸੀ ।
ਉਨ੍ਹਾਂ ਨੇ ਇਸ ਦੇ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਵੀ ਕੀਤਾ ਸੀ।
ਉਨ੍ਹਾਂ ਕਿਹਾ ਸੀ, ਪ੍ਰਧਾਨ ਮੰਤਰੀ ਨੇ ਇਸ ਵੱਡੇ ਫ਼ੈਸਲੇ ਰਾਹੀਂ ਆਪਣਾ ਫਰਜ ਨਿਭਾਉਂਦਿਆਂ ਚਾਰ ਸਾਹਿਬਜ਼ਾਦਿਆਂ ਵੱਲੋਂ ਹਿੰਦੂ ਧਰਮ ਦੀ ਰੱਖਿਆ ਅਤੇ ਗੁਰਸਿੱਖੀ ਖ਼ਾਤਰ ਜ਼ਾਲਮਾਂ ਦੀ ਈਨ ਨਾ ਮੰਨਣ, ਮਾਤਾ ਗੁਜਰੀ ਕੌਰ ਜੀ ਅਤੇ ਸਿੱਖ ਪੰਥ ਦੀ ਇਤਿਹਾਸਕ ਭੂਮਿਕਾ ਪ੍ਰਤੀ ਵਿਸ਼ਵ ਨੂੰ ਜਾਣੂ ਕਰਾਉਣ ਦਾ ਵੱਡਾ ਉਪਰਾਲਾ ਕੀਤਾ ਗਿਆ ਹੈ।

ਤਸਵੀਰ ਸਰੋਤ, Getty Images
'ਫੈਸਲਾ ਸਵਾਗਤਯੋਗ ਪਰ ਨਾਮਕਰਨ ਉਚਿਤ ਨਹੀਂ'
ਸ਼੍ਰੋਮਣੀ ਅਕਾਲੀ ਦਲ (ਦਿੱਲੀ) ਨੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਦੀ ਸ਼ਹੀਦੀ ਨੂੰ ਸਰਕਾਰੀ ਤੌਰ 'ਤੇ ਮਾਨਤਾ ਦਿੱਤੇ ਜਾਣ ਦਾ ਸਵਾਗਤ ਕੀਤਾ ਸੀ, ਪਰ ਮੋਦੀ ਸਰਕਾਰ ਨੂੰ ਮਹਾਨ ਸ਼ਹੀਦੀ ਦਿਹਾੜੇ ਨੂੰ 'ਵੀਰ ਬਾਲ ਦਿਵਸ' ਦਾ ਨਾਂਅ ਨਾ ਦੇਣ ਦੀ ਵੀ ਅਪੀਲ ਕੀਤੀ ਸੀ।
ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਮੁਖੀ ਪਰਮਜੀਤ ਸਿੰਘ ਸਰਨਾ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਸੀ ਕਿ ਇਸ ਨੂੰ ਜਾਂ ਤਾਂ ਸਾਹਿਬਜ਼ਾਦੇ ਦਿਵਸ ਜਾਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਦਿਵਸ ਕਿਹਾ ਜਾਣਾ ਚਾਹੀਦਾ ਹੈ ਤਾਂ ਜੋ ਦੇਸ ਪੱਧਰ 'ਤੇ ਉਨ੍ਹਾਂ ਦੀ ਬੇਮਿਸਾਲ ਸ਼ਹੀਦੀ ਦਾ ਸਨਮਾਨ ਕੀਤਾ ਜਾ ਸਕੇ।

ਸਿਰਸਾ ਵੱਲੋਂ ਪੀਐੱਮ ਦਾ ਧੰਨਵਾਦ
ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਪ੍ਰਧਾਨ ਮੰਤਰੀ ਦੇ ਇਸ ਐਲਾਨ ਦਾ ਸਵਾਗਤ ਕਰਦਿਆਂ ਕਿਹਾ ਸੀ ਕਿ ਅੱਜ ਦੇਸ਼ ਅਤੇ ਦੁਨੀਆ ਨੂੰ ਉਹ ਇਤਿਹਾਸ ਪਤਾ ਲੱਗੇਗਾ।
ਉਨ੍ਹਾਂ ਕਿਹਾ ਸੀ ਕਿ ਪ੍ਰਧਾਨ ਮੰਤਰੀ ਦਾ ਇਹ ਐਲਾਨ ਕਿ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਹੋ ਕੇ ''ਵੀਰ ਬਾਲ ਦਿਵਸ'' ਮਨਾਇਆ ਜਾਵੇਗਾ ਪੂਰੇ ਦੇਸ਼ ਦੇ ਅੰਦਰ 26 ਦਸੰਬਰ ਨੂੰ।
ਉਨ੍ਹਾਂ ਕਿਹਾ ਸੀ, ਇਹ ਉਹ ਸਾਕਾ ਸੀ ਜਿਹੜਾ ਹਰ ਬੱਚੇ ਤੱਕ ਪਹੁੰਚਣਾ ਚਾਹੀਦਾ ਸੀ ਪਰ ਪਹੁੰਚ ਨਾ ਸਕਿਆ। ਦੇਸ਼ ਅਤੇ ਦੁਨੀਆ ਨੂੰ ਹੁਣ ਪਤਾ ਲੱਗੇਗਾ ਕਿ ਸਾਹਿਬਜ਼ਾਦੇ ਕੌਣ ਸਨ।
'ਇਹ ਇੱਕ ਸ਼ਲਾਘਾਯੋਗ ਕਦਮ ਹੈ'
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਐਲਾਨ ਦਾ ਸਵਾਗਤ ਕਰਦਿਆਂ ਟਵੀਟ ਕਰਕੇ ਲਿਖਿਆ ਸੀ, ''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ 26 ਦਸੰਬਰ ਨੂੰ 'ਵੀਰ ਬਾਲ ਦਿਵਸ' ਵਜੋਂ ਮਨਾਉਣ ਦੇ ਫੈਸਲੇ ਦਾ ਸਵਾਗਤ ਕਰਦਾ ਹਾਂ।''

'ਨਾਮ ਬਦਲਣਾ ਕੋਈ ਵੱਡੀ ਗੱਲ ਨਹੀਂ ਹੋਵੇਗੀ'
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸਟਡੀ ਸੈਂਟਰ ਦੇ ਡਾਇਰੈਕਟਰ ਡਾ. ਅਮਰਜੀਤ ਸਿੰਘ ਨੇ ਕਿਹਾ ਸੀ, “ਭਾਰਤ ਸਰਕਾਰ ਵੱਲੋਂ ਕੀਤੇ ਗਏ ਇਸ ਕੰਮ ਦੀ ਮੈਂ ਸ਼ਲਾਘਾ ਕਰਦਾ ਹਾਂ। ਇਸ ਤਰ੍ਹਾਂ ਦੇ ਐਲਾਨ ਨਾਲ ਸਿੱਖ ਇਤਿਹਾਸ ਦੇ ਬਾਰੇ ਜਾਣਕਾਰੀ ਵਧੇਗੀ, ਜਿਹੜੀ ਕਿ ਇੱਕ ਸੈਕਸ਼ਨ ਤੱਕ ਹੀ ਸੀਮਤ ਸੀ।”
ਉਨ੍ਹਾਂ ਕਿਹਾ ਸੀ , “ਉਸ ਕੁਰਬਾਨੀ ਨੇ ਇਤਿਹਾਸ ਬਦਲ ਦਿੱਤਾ ਸੀ ਅਤੇ ਭਾਰਤ ਸਰਕਾਰ ਜੇ ਉਸ ਨੂੰ ਰਿਕੋਗਨਾਇਜ਼ ਕਰ ਰਹੀ ਹੈ ਤਾਂ ਉਸ ਦਾ ਸੁਆਗਤ ਕਰਨਾ ਬਣਦਾ ਹੈ।”
ਸਾਹਿਬਜ਼ਾਦਿਆਂ ਦੀ ਸ਼ਹਾਦਤ
ਸਿੱਖ ਇਤਿਹਾਸ ਵਿੱਚ ਪੋਹ ਦਾ ਮਹੀਨਾ (ਦਸੰਬਰ ਅੱਧ ਤੋਂ ਸ਼ੁਰੂ) ਬੇਹੱਦ ਉਦਾਸੀਨਤਾ ਭਰਿਆ ਹੁੰਦਾ ਹੈ। ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਵਿਛੋੜਾ, ਚਾਰੇ ਸਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ, ਇਸੇ ਮਹੀਨੇ ਹੀ ਇਹ ਸਭ ਦੁਖਾਂਤ ਵਾਪਰੇ ਸਨ।
17ਵੀਂ ਸਦੀ ਵਿੱਚ ਪੰਜਾਬ ਦੇ ਸਰਹਿੰਦ ਸੂਬੇ ਦੇ ਨਵਾਬ ਵਜੀਰ ਖਾਨ ਨੇ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਫਤਹਿਗੜ੍ਹ ਸਾਹਿਬ ਦੇ ਠੰਢੇ ਬੁਰਜ 'ਚ ਕੈਦ ਕਰ ਦਿੱਤਾ ਗਿਆ ਸੀ।
ਇਸ ਤੋਂ ਬਾਅਦ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਨੂੰ ਕੰਧ ਵਿੱਚ ਜ਼ਿੰਦਾ ਹੀ ਚਿਣਵਾ ਦਿੱਤਾ ਗਿਆ ਸੀ।












