ਮਹੰਤ ਕਰਮਜੀਤ ਸਿੰਘ ਦਾ ਕੀ ਹੈ ਪਿਛੋਕੜ, ਜਿਨ੍ਹਾਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਦਿੱਤਾ ਅਸਤੀਫ਼ਾ

ਤਸਵੀਰ ਸਰੋਤ, BBC/ Kamal Saini
- ਲੇਖਕ, ਕਮਲ ਸੈਣੀ
- ਰੋਲ, ਬੀਬੀਸੀ ਸਹਿਯੋਗੀ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਹੰਤ ਕਰਮਜੀਤ ਸਿੰਘ ਅਤੇ ਜਨਰਲ ਸਕੱਤਰ ਗੁਰਵਿੰਦਰ ਸਿੰਘ ਧਮੀਜਾ ਨੇ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਗੁਰਵਿੰਦਰ ਸਿੰਘ ਧਮੀਜਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਅਸਤੀਫ਼ਾ ਹਰਿਆਣਾ ਦੇ ਵਧੀਕ ਗ੍ਰਹਿ ਸਕੱਤਰ ਟੀਵੀਐੱਨ ਪ੍ਰਸਾਦ ਨੂੰ ਭੇਜ ਦਿੱਤਾ ਹੈ।
ਪਿਛਲੇ ਕਈ ਦਿਨਾਂ ਤੋਂ ਹਰਿਆਣਾ ਦੀ ਕਮੇਟੀ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਵਿਚਾਲੇ ਕਾਫ਼ੀ ਖਿੱਚੋਤਾਣ ਚੱਲ ਰਹੀ ਸੀ ਅਤੇ ਇੱਕ-ਦੂਜੇ ਉੱਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾਏ ਸਨ।
ਹਰਿਆਣਾ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਵੋਟਾਂ ਬਣਨ ਦੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਸਮਝਿਆ ਜਾ ਰਿਹਾ ਹੈ ਕਿ ਅਗਲ ਕੁਝ ਮਹੀਨਿਆਂ ਵਿੱਚ ਇਸ ਦਾ ਚੋਣ ਅਮਲ ਪੂਰਾ ਹੋ ਜਾਵੇਗਾ।
ਕਾਫ਼ੀ ਵਿਵਾਦਾਂ ਅਤੇ ਸੁਪਰੀਮ ਕੋਰਟ ਦੀ ਮਾਨਤਾ ਤੋਂ ਬਾਅਦ ਹੋਂਦ ਵਿੱਚ ਆਈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐਡਹਾਕ) ਦੇ ਨਵੇਂ ਪ੍ਰਧਾਨ ਦੀ ਚੋਣ ਕੁਰੂਕਸ਼ੇਤਰ ਵਿੱਚ ਕਰੀਬ ਇੱਕ ਸਾਲ ਪਹਿਲਾ ਹੋਈ ਸੀ।
ਮਹੰਤ ਕਰਮਜੀਤ ਸਿੰਘ ਯਮੁਨਾਨਗਰ ਨੂੰ ਹਰਿਆਣਾ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ ਸੀ।
ਪਰ ਸੂਬੇ ਦੇ ਸਿੱਖ ਆਗੂਆਂ ਬਲਜੀਤ ਸਿੰਘ ਦਾਦੂਵਾਲ ਅਤੇ ਦਿਦਾਰ ਸਿੰਘ ਨਲਵੀ ਦੇ ਉਨ੍ਹਾਂ ਦੀ ਪ੍ਰਧਾਨਗੀ ਦਾ ਵਿਰੋਧ ਕੀਤਾ ਸੀ।
2022 ਦੇ ਸਤੰਬਰ ਮਹੀਨੇ ਵਿੱਚ ਸੁਪਰੀਮ ਕੋਰਟ ਨੇ ਆਪਣੇ ਇੱਕ ਅਹਿਮ ਫੈਸਲੇ ਵਿਚ ਹਰਿਆਣਾ ਸਿੱਖ ਗੁਰਦੁਆਰਾ (ਮੈਨੇਜਮੈਂਟ) ਐਕਟ 2014 ਨੂੰ ਮਾਨਤਾ ਦਿੱਤੀ ਸੀ।
ਸੁਪਰੀਮ ਕੋਰਟ ਦੇ ਜਸਟਿਸ ਹੇਮੰਤ ਗੁਪਤਾ ਦੀ ਅਗਵਾਈ ਵਾਲੀ ਦੋ ਮੈਂਬਰੀ ਬੈਂਚ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਹ ਦਲੀਲ ਰੱਦ ਕਰ ਦਿੱਤੀ ਸੀ ਕਿ ਹਰਿਆਣਾ ਸਰਕਾਰ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਕੰਟਰੋਲ ਕਰਨਾ ਚਾਹੁੰਦੀ ਹੈ।
ਸੁਪਰੀਮ ਕੋਰਟ ਨੇ ਆਪਣੇ ਫੈਸਲੇ ਵਿਚ ਸ਼੍ਰੋਮਣੀ ਕਮੇਟੀ ਦੀ ਪਟੀਸ਼ਨ ਰੱਦ ਕਰਦਿਆਂ ਹਰਿਆਣਾ ਸਿੱਖ ਗੁਰਦੁਆਰਾ (ਮੈਨੇਜਮੈਂਟ) ਐਕਟ 2014 ਦੀ ਮਾਨਤਾ ਬਹਾਲ ਰੱਖੀ ਸੀ।

ਤਸਵੀਰ ਸਰੋਤ, BBC/ Kamal Saini
ਸੁਪਰੀਮ ਕੋਰਟ ਦੇ ਇਸ ਫੈਸਲੇ ਤੋਂ ਬਾਅਦ, ਹਰਿਆਣਾ ਵਿਚਲੇ ਇਤਿਹਾਸਕ ਸਿੱਖ ਗੁਰਦੁਆਰਿਆਂ ਦੀ ਸਾਂਭ-ਸੰਭਾਲ ਅਤੇ ਪ੍ਰਬੰਧ ਚਲਾਉਣ ਲਈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਾਨੂੰਨੀ ਤੌਰ ਉੱਤੇ ਮਾਨਤਾ ਹਾਸਲ ਹੋ ਗਈ ਸੀ।
ਇਸ ਤੋਂ ਪਹਿਲਾਂ ਸਿੱਖ ਗੁਰਦੁਆਰਾ ਐਕਟ 1925 ਤਹਿਤ ਹੋਂਦ ਵਿਚ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਬ, ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਵਿਚਲੇ ਇਤਿਹਾਸਕ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਦੀ ਸੀ।
ਇਸ ਨਵੀਂ ਕਮੇਟੀ ਵਿੱਚ ਸੀਨੀਅਰ ਵਾਈਸ ਪ੍ਰਧਾਨ ਭੁਪਿੰਦਰ ਸਿੰਘ, ਜੂਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ, ਜਨਰਲ ਸਕੱਤਰ ਗੁਰਵਿੰਦਰ ਸਿੰਘ ਘਸੀਟਾ ਅਤੇ ਜੁਆਇੰਟ ਸਕੱਤਰ ਮੋਹਨ ਸਿੰਘ ਪਾਣੀਪਤ ਨੂੰ ਬਣਾਇਆ ਗਿਆ ਸੀ।

ਤਸਵੀਰ ਸਰੋਤ, BBC/Kamal Saini
ਕੌਣ ਹਨ ਮਹੰਤ ਕਰਮਜੀਤ ਸਿੰਘ?
ਮਹੰਤ ਕਰਮਜੀਤ ਸਿੰਘ ਯਮੁਨਾਨਗਰ- ਜਗਾਧਰੀ ਦੇ ਰਹਿਣ ਵਾਲੇ ਹਨ।
ਉਹ ਸੰਤ ਨੇਚਲ ਸਿੰਘ ਇੰਸਟੀਚਿਉਟ, ਗੁਰੂ ਨਾਨਕ ਗਰਲਜ਼ ਕਾਲਜ ਅਤੇ ਸਕੂਲ ਚਲਾਉਂਦੇ ਹਨ।
ਮਹੰਤ ਕਰਮਜੀਤ ਸਿੰਘ ਸੇਵਾਪੰਥੀ ਅੱਡਣਸ਼ਾਹ ਸੰਸਥਾ ਦੇ 35-40 ਗੁਰਦੁਆਰਿਆਂ ਦੀ ਦੇਸ਼ ਭਰ ਵਿੱਚ ਸੇਵਾ ਨਿਭਾ ਰਹੇ ਹਨ।
ਕਰਮਜੀਤ ਸਿੰਘ ਕਹਿੰਦੇ ਹਨ ਕਿ ਇਸ ਇਲਾਕੇ ਲਈ ਨਵੇਂ ਹਨ ਪਰ ਉਹ 1980 ਤੋਂ ਪੰਥਕ ਗਤੀਵਿਧੀਆਂ ਵਿੱਚ ਸ਼ਾਮਿਲ ਹਨ।
ਮਹੰਤ ਕਰਮਜੀਤ ਸਿੰਘ ਕਮੇਟੀ ਦਾ ਪ੍ਰਧਾਨ ਚੁਣੇ ਜਾਣ ਵੇਲੇ ਕਿਹਾ ਸੀ, “ਕਿਸੇ ਨੇ ਵੀ ਮੇਰੀ ਚੋਣ ਦਾ ਵਿਰੋਧ ਨਹੀਂ ਕੀਤਾ। ਸਿਰਫ਼ ਬਲਜੀਤ ਸਿੰਘ ਦਾਦੂਵਾਲ ਬਾਈਕਾਟ ਕਰਕੇ ਗਏ ਸਨ, ਪਰ ਬਾਕੀ ਸਭ ਬੈਠੇ ਰਹੇ ਅਤੇ ਕਿਹਾ ਕਿ ਇਸ ਬਾਰੇ ਸਾਡੀ ਆਪਸੀ ਸਹਿਮਤੀ ਹੈ।”
ਉਨ੍ਹਾਂ ਕਿਹਾ ਸੀ, “ਮੇਰੀ ਸੇਵਾ ਕਰਨ ਦੀ ਪ੍ਰਾਥਮਿਕਤਾ ਰਹੇਗੀ। ਗੁਰੂ ਦਾ ਪੰਥ ਅਤੇ ਨਿਸ਼ਾਨ ਜਿੰਨਾ ਉੱਚਾ ਚੁੱਕਿਆ ਜਾਵੇ, ਬਸ ਉਹੀ ਹੋਵੇਗਾ। ਰਾਜਨੀਤੀ ਨਹੀਂ ਹੋਵੇਗੀ, ਸਿਰਫ਼ ਸੇਵਾ ਹੋਵੇਗੀ।”

ਮਹੰਤ ਕਰਮਜੀਤ ਸਿੰਘ ਬਾਰੇ ਖ਼ਾਸ ਗੱਲਾਂ
- ਮਹੰਤ ਕਰਮਜੀਤ ਸਿੰਘ ਯਮੁਨਾਨਗਰ ਹਰਿਆਣਾ ਕਮੇਟੀ ਦੇ ਪ੍ਰਧਾਨ ਬਣੇ ਸਨ।
- ਹੁਣ ਉਨ੍ਹਾਂ ਨੇ ਆਪਣੇ ਇਸ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।
- ਮਹੰਤ ਕਰਮਜੀਤ ਸਿੰਘ ਯਮੁਨਾਨਗਰ- ਜਗਾਧਰੀ ਦੇ ਰਹਿਣ ਵਾਲੇ ਹਨ।
- ਬਲਜੀਤ ਸਿੰਘ ਦਾਦੂਵਾਲ ਅਤੇ ਦਿਦਾਰ ਸਿੰਘ ਨਲਵੀ ਨੇ ਉਨ੍ਹਾਂ ਦੀ ਚੋਣ ਦਾ ਵਿਰੋਧ ਜਤਾਇਆ ਸੀ।
- ਹਰਜਿੰਦਰ ਸਿੰਘ ਧਾਮੀ ਨੇ ਚੋਣ ਦੌਰਾਨ ਪੰਥਕ ਪ੍ਰੰਪਰਾਵਾਂ ਦੀ ਉਲੰਘਣਾ ਦਾ ਇਲਜ਼ਾਮ ਲਾਇਆ ਸੀ।


ਬਲਜੀਤ ਸਿੰਘ ਦਾਦੂਵਾਲ ਅਤੇ ਦਿਦਾਰ ਸਿੰਘ ਨਲਵੀ ਨੇ ਕਿਉਂ ਕੀਤਾ ਸੀ ਵਿਰੋਧ?
ਬਲਜੀਤ ਸਿੰਘ ਦਾਦੂਵਾਲ ਨੇ ਪ੍ਰਧਾਨਗੀ ਦੀ ਚੋਣ ਵਾਲੀ ਬੈਠਕ ਦਾ ਬਾਈਕਾਟ ਕੀਤਾ ਅਤੇ ਉਹ ਮੀਟਿੰਗ ਵਿੱਚੋਂ ਬਾਹਰ ਆ ਗਏ ਸਨ।
ਦਾਦੂਵਾਲ ਨੇ ਕਿਹਾ ਸੀ, “ਸਰਕਾਰ ਵੱਲੋਂ ਕਰਮਜੀਤ ਸਿੰਘ ਦਾ ਜੋ ਨਾਮ ਐਲਾਨਿਆ ਗਿਆ ਹੈ, ਮੈਂ ਉਸ ਨਾਲ ਸਹਿਮਤ ਨਹੀਂ ਹਾਂ। ਮੈਂ ਸਾਰੇ ਮੈਂਬਰਾਂ ਨੂੰ ਵਧਾਈ ਦਿੰਦਾ ਹਾਂ ਅਤੇ ਆਸ ਕਰਦਾ ਹਾਂ ਕਿ ਉਹ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਕੰਮ ਕਰਨ। ਮੈਂ ਵੀ ਬਤੌਰ ਮੈਂਬਰ ਕਮੇਟੀ ਲਈ ਕੰਮ ਕਰਦਾ ਰਹਾਂਗਾ।”
ਉਹਨਾਂ ਕਿਹਾ ਸੀ, “ਜਿੰਨ੍ਹਾਂ ਲੋਕਾਂ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਕੁਝ ਵੀ ਨਹੀਂ ਕੀਤਾ, ਜੇਕਰ ਉਹ ਅੱਜ ਪ੍ਰਧਾਨ ਹਨ ਤਾਂ ਉਹ ਜੀਅ ਸਦਕੇ ਕੰਮ ਕਰਨ। ਅਸੀਂ ਬਤੌਰ ਮੈਂਬਰ ਕਮੇਟੀ ਲਈ ਸੇਵਾਵਾਂ ਦਿੰਦੇ ਰਹਾਂਗੇ। ਮੈਂ ਬੈਠਕ ਦਾ ਬਾਈਕਾਟ ਕਰਕੇ ਆਇਆ ਹਾਂ ਅਤੇ ਹੋਰਾਂ ਨੂੰ ਵੀ ਅਪੀਲ ਕੀਤੀ ਸੀ, ਬਾਕੀ ਸਭ ਦੀ ਆਪਣੀ ਮਰਜ਼ੀ ਹੈ।”

ਤਸਵੀਰ ਸਰੋਤ, BBC/Kamal Saini
ਦਿਦਾਰ ਸਿੰਘ ਨਲਵੀ ਨੇ ਕਿਹਾ ਸੀ, “ਮੁੱਖ ਮੰਤਰੀ ਦੀ ਅਪੀਲ ਉਪਰ ਪ੍ਰਧਾਨ ਦੀ ਚੋਣ ਸਰਬਸਹਿਮਤੀ ਨਾਲ ਹੋ ਗਈ। ਚੋਣ ਕਮਿਸ਼ਨ ਨੇ ਨਾ ਕਿਸੇ ਕੋਲੋਂ ਨਾਮ ਮੰਗਿਆ, ਨਾ ਹੀ ਕੋਈ ਫਾਰਮ ਭਰਵਾਇਆ ਅਤੇ ਨਾ ਹੀ ਫਾਰਮ ਦਿੱਤਾ।''
''ਸੀਨੀਅਰ ਵਾਇਸ ਪ੍ਰਧਾਨ ਲਈ ਮੇਰਾ ਨਾਮ ਸਾਹਮਣੇ ਰੱਖਿਆ ਗਿਆ, ਜਿਸ ਨੂੰ ਕੁਝ ਮੈਂਬਰਾਂ ਨੇ ਜੈਕਾਰੇ ਲਾ ਕੇ ਪਾਸ ਕਰ ਦਿੱਤਾ। ਪਰ ਜਦੋਂ ਇੱਕ ਬੰਦੇ ਨੇ ਇੱਕ ਹੋਰ ਨਾਂ ਸਾਹਮਣੇ ਰੱਖਿਆ ਤਾਂ ਚੋਣ ਕਮਿਸ਼ਨ ਦੇ ਬੰਦੇ ਫ਼ਾਰਮ ਲੈ ਕੇ ਆ ਗਏ ਕਿ ਚੋਣ ਹੋਵੇਗੀ।”

ਤਸਵੀਰ ਸਰੋਤ, BBC/Kamal Saini
“ਫ਼ਿਰ ਮੈਂ ਕਿਹਾ ਕਿ ਪਹਿਲਾਂ ਪ੍ਰਧਾਨ ਦੀ ਪੋਸਟ ਦੀ ਵੀ ਚੋਣ ਕਰਵਾਓ। ਅਸੀਂ ਚੋਣ ਲੜਨਾ ਚਾਹਾਂਗੇ। ਅਸੀਂ ਤਾਂ ਮੁੱਖ ਮੰਤਰੀ ਦੀ ਅਪੀਲ ਉਪਰ ਫੁੱਲ ਚੜ੍ਹਾਏ ਹਨ ਕਿ ਸਰਵਸੰਮਤੀ ਨਾਲ ਕੰਮ ਕਰਾਂਗੇ ਅਤੇ ਇਸ ਗੱਲ ਉਪਰ ਅਮਲ ਕਰ ਰਹੇ ਹਾਂ ਪਰ ਚੋਣ ਕਮਿਸ਼ਨ ਇਸ ਗੱਲ ਦੀ ਉਲੰਘਣਾ ਕਰ ਰਿਹਾ ਹੈ।”
“ਜਦੋਂ ਪ੍ਰਧਾਨ ਲਈ ਸਰਵਸੰਮਤੀ ਹੋ ਗਈ ਤਾਂ ਅਸੀਂ ਫਾਰਮ ਕਿਉਂ ਭਰੀਏ? ਮੈਂ ਤਾਂ ਪ੍ਰਧਾਨਗੀ ਲਈ ਲੜਨਾ ਸੀ, ਮੇਰਾ ਮੌਕਾ ਤਾਂ ਇਹਨਾਂ ਨੇ ਲੈ ਲਿਆ। ਸਰਕਾਰ ਦੇ ਇਸ਼ਾਰੇ ਉਪਰ ਚੋਣ ਕਮਿਸ਼ਨ ਕਾਨੂੰਨ ਦੀ ਪਾਲਣਾ ਨਹੀਂ ਕਰ ਰਿਹਾ। ਅਸੀਂ ਇਸ ਨੂੰ ਅਦਾਲਤ ਵਿੱਚ ਚੁਣੌਤੀ ਦੇਵਾਂਗੇ।”
ਐੱਸਜੀਪੀਸੀ ਦਾ ਵਿਰੋਧ
ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਅਨੁਸਾਰ, ਐੱਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਸੀ ਕਿ ਉਹਨਾਂ ਨੇ ਪਹਿਲਾਂ ਤੋਂ ਹੀ ਹਰਿਆਣਾ ਦੀ ਕਮੇਟੀ ਦਾ ਵਿਰੋਧ ਕੀਤਾ ਹੈ।
ਧਾਮੀ ਨੇ ਕਿਹਾ, “ਗੁਰਦੁਆਰਾ ਸਾਹਿਬ ਤੋਂ ਲੈ ਕੇ ਸ਼੍ਰੋਮਣੀ ਕਮੇਟੀ ਅਤੇ ਡੀਐਸਜੀਐਮਸੀ ਦੀ ਚੋਣ ਗੁਰੂਘਰ ਵਿੱਚ ਅਰਦਾਸ ਕਰਕੇ ਕੀਤੀ ਜਾਂਦੀ ਹੈ ਪਰ ਅੱਜ ਇਹ ਪ੍ਰੰਪਰਾ ਖਤਮ ਕਰ ਦਿੱਤੀ ਗਈ ਹੈ। ਇਹ ਚੋਣ ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿੱਚ ਕੀਤੀ ਗਈ। ਇਹ ਪੰਥ ਦੀਆਂ ਮਹਾਨ ਰਵਾਇਤਾਂ ਦੀ ਉਲੰਘਣਾ ਹੈ।”

ਤਸਵੀਰ ਸਰੋਤ, BBC/ Rabinder Robin
“ਇਹ ਸਿੱਖਾਂ ਦੀ ਚੁਣੀ ਹੋਈ ਸੰਸਥਾ ਨਹੀਂ ਬਲਕਿ ਸਰਕਾਰ ਦੀ ਚੁਣੀ ਹੋਈ ਹੈ। ਸੰਤ ਦਾਦੂਵਾਲ ਦੀ ਬਾਈਕਾਟ ਕਰਨਾ ਵੀ ਕਮੇਟੀ ਦੇ ਸਰਕਾਰੀਕਰਨ ਨੂੰ ਦਰਸਾਉਂਦਾ ਹੈ।”
“ਮੈਂ ਹਰਿਆਣਾ ਦੇ ਸਿੱਖਾਂ ਨੂੰ ਬੇਨਤੀ ਕਰਦਾ ਹਾਂ ਕਿ ਆਪਾ ਸਰਕਾਰ ਦੀ ਕਮੇਟੀ ਤੋਂ ਮੁਕਤ ਹੋਈਏ।”
ਹਰਿਆਣਾ ਦੀ ਵੱਖਰੀ ਕਮੇਟੀ ਕਦੋਂ ਬਣੀ
ਹਰਿਆਣਾ ਦੇ ਸਿੱਖਾਂ ਵਲੋਂ ਸੂਬੇ ਦੀ ਵੱਖਰੀ ਕਮੇਟੀ ਦੀ ਮੰਗ ਪਿਛਲੇ ਕਈ ਦਹਾਕਿਆਂ ਤੋਂ ਚਲੀ ਆ ਰਹੀ ਸੀ। ਹਰਿਆਣਾ ਦੇ ਕਈ ਸਿੱਖ ਆਗੂਆਂ ਦਾ ਇਲਜ਼ਾਮ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਦੇ ਸਿੱਖਾਂ ਨਾਲ ਮਤਭੇਦ ਕਰਦੀ ਹੈ।
ਸ਼੍ਰੋਮਣੀ ਕਮੇਟੀ ਦੀ ਸੱਤਾਧਾਰੀ ਧਿਰ ਅਕਾਲੀ ਦਲ ਅਤੇ ਪੰਜਾਬ ਦੇ ਕਈ ਪੰਥਕ ਆਗੂ ਇਨ੍ਹਾਂ ਇਲਜ਼ਾਮਾਂ ਨੂੰ ਰੱਦ ਕਰਦੇ ਰਹੇ ਹਨ, ਉਨ੍ਹਾਂ ਦਾ ਕਹਿਣਾ ਸੀ ਕਿ ਸ਼੍ਰੋਮਣੀ ਕਮੇਟੀ ਨੂੰ ਕਮਜੋਰ ਕਰਨ ਅਤੇ ਸਿੱਖ ਭਾਈਚਾਰੇ ਵਿਚ ਵੰਡੀਆਂ ਪੁਆਉਣ ਦੀ ਸਿਆਸੀ ਸਾਜਿਸ਼ ਤਹਿਤ ਇਹ ਮੰਗ ਕੀਤੀ ਜਾ ਰਹੀ ਹੈ।
ਪਰ ਸੂਬੇ ਦੇ ਸਿੱਖਾਂ ਦੀ ਮੰਗ ਨੂੰ ਲੈ ਕੇ ਤਤਕਾਲੀ ਭੁਪਿੰਦਰ ਸਿੰਘ ਹੁੱਡਾ ਦੀ ਸਰਕਾਰ ਨੇ ਹਰਿਆਣਾ ਦੀ ਵੱਖਰੀ ਕਮੇਟੀ ਕਾਇਮ ਕਰਨ ਲਈ ਕੈਬਨਿਟ ਮੰਤਰੀ ਹਰਮੋਹਿੰਦਰ ਸਿੰਘ ਚੱਠਾ ਅਤੇ ਰਣਦੀਪ ਸਿੰਘ ਸੂਰਜੇਵਾਲਾ ਦੀ ਅਗਵਾਈ ਵਿੱਚ ਦੋ ਕਮੇਟੀਆਂ ਦਾ ਗਠਨ ਕੀਤਾ ਸੀ।
ਇਨ੍ਹਾਂ ਕਮੇਟੀਆਂ ਨੇ ਹਰਿਆਣਾ ਦੇ ਸਿੱਖਾਂ ਨਾਲ ਬੈਠਕਾਂ ਕਰਨ ਤੋਂ ਬਾਅਦ ਸੂਬੇ ਦੀ ਵੱਖਰੀ ਕਮੇਟੀ ਬਣਾਉਣ ਦੀ ਸਿਫਾਰਿਸ਼ ਕੀਤੀ ਸੀ। ਜਿਸ ਤੋਂ ਬਾਅਦ ਹਰਿਆਣਾ ਵਿਧਾਨ ਸਭਾ ਨੇ ਇਸ ਬਾਬਤ ਇੱਕ ਬਿੱਲ ਪਾਸ ਕੀਤਾ।
26 ਜੁਲਾਈ 2014 ਨੂੰ ਹਰਿਆਣਾ ਗੁਰਦੁਆਰਾ ਕਮੇਟੀ ਹੋਂਦ ਵਿੱਚ ਆਈ ਅਤੇ ਜਗਦੀਸ਼ ਸਿੰਘ ਝੀਂਡਾ ਇਸ ਦੇ ਪਹਿਲੇ ਪ੍ਰਧਾਨ ਬਣੇ ਸਨ।
ਬਲਜੀਤ ਸਿੰਘ ਦਾਦੂਵਾਲ ਇਸ ਵੇਲੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਨ।
ਹਰਿਆਣਾ ਦੀ ਵੱਖਰੀ ਕਮੇਟੀ ਬਣਾਏ ਜਾਣ ਖਿਲਾਫ਼ ਸ਼੍ਰੋਮਣੀ ਕਮੇਟੀ ਨੇ ਅਦਾਲਤ ਦਾ ਰੁਖ਼ ਕੀਤਾ ਅਤੇ ਹਰਿਆਣਾ ਸਿੱਖ ਗੁਰਦੁਆਰਾ (ਪ੍ਰਬੰਧਕ) ਐਕਟ 2014 ਨੂੰ ਚੁਣੌਤੀ ਦਿੱਤੀ।
ਜਿਸ ਦੀ ਸੁਣਵਾਈ ਪਿਛਲੇ ਲੰਬੇ ਸਮੇਂ ਤੋਂ ਸੁਪਰੀਮ ਕੋਰਟ ਵਿਚ ਸੁਣਵਾਈ ਅਧੀਨ ਸੀ ਤੇ ਫਿਰ ਕਮੇਟੀ ਦੀ ਮਾਨਤਾ ਨੂੰ ਕੋਰਟ ਨੇ ਸਤੰਬਰ 2022 ਵਿੱਚ ਬਹਾਲ ਕੀਤਾ।












