ਅਮਰੀਕੀ ਅਦਾਲਤ ਨੇ ਮਰੀਨ ਸਿੱਖ ਫੌਜੀਆਂ ਦੀ ਪੱਗ ਤੇ ਦਾਹੜੀ ਰੱਖਣ ਉੱਤੇ ਪਾਬੰਦੀ ਹਟਾਉਣ ਵੇਲੇ ਕੀ ਦਲੀਲ ਦਿੱਤੀ

ਤਸਵੀਰ ਸਰੋਤ, Getty Images
ਅਮਰੀਕਾ ਦੀ ਇੱਕ ਅਦਾਲਤ ਨੇ ਮਰੀਨ ਨੂੰ ਹੁਕਮ ਦਿੱਤਾ ਹੈ ਕਿ ਉਹ ਸਿੱਖ ਰੰਗਰੂਟਾਂ ਨੂੰ ਦਾੜ੍ਹੀ ਰੱਖਣ ਅਤੇ ਪੱਗ ਬੰਨ੍ਹਣ ਦੀ ਖੁੱਲ ਦੇਣ।
ਖ਼ਬਰ ਏਜੰਸੀ ਏਐੱਫ਼ਪੀ ਮੁਤਾਬਕ ਕੋਰਟ ਨੇ ਮਰੀਨ ਦੀ ਦਲੀਲ ਨੂੰ ਰੱਦ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਸੀ ਕਿ ਧਾਰਮਿਕ ਛੋਟਾਂ ਦੇਣ ਨਾਲ ਏਕਤਾ ਘਟੇਗੀ।
ਅਮਰੀਕੀ ਫੌਜ, ਨੇਵੀ, ਏਅਰ ਫੋਰਸ, ਕੋਸਟ ਗਾਰਡ ਅਤੇ ਕਈ ਵਿਦੇਸ਼ੀ ਫੌਜਾਂ ਪਹਿਲਾਂ ਹੀ ਸਿੱਖ ਧਰਮ ਦੀਆਂ ਧਾਰਮਿਕ ਰੀਤਾਂ ਨੂੰ ਥਾਂ ਦਿੰਦੀਆਂ ਹਨ।
ਸਿੱਖ ਧਰਮ ਵਿੱਚ ਮਰਦਾਂ ਨੂੰ ਵਾਲ ਕੱਟਣ ਜਾਂ ਦਾੜ੍ਹੀ ਕੱਟਣ ਦੀ ਮਨਾਹੀ ਹੈ।
ਸਿੱਖ ਆਪਣੇ ਧਾਰਮਿਕ ਵਿਸ਼ਵਾਸ਼ ਮੁਤਾਬਕ ਸਿਰ ਉਪਰ ਦਸਤਾਰ ਸਜਾਉਂਦੇ ਹਨ।
ਅਮਰੀਕਾ ਦੀ ਮਰੀਨ ਕੋਰ ਨੇ ਪਿਛਲੇ ਸਾਲ ਭਰਤੀ ਹੋਣ ਲਈ ਟੈਸਟ ਪਾਸ ਕਰ ਚੁੱਕੇ ਤਿੰਨ ਸਿੱਖਾਂ ਨੂੰ 13 ਹਫਤਿਆਂ ਦੀ ਮੁੱਢਲੀ ਸਿਖਲਾਈ ਦੌਰਾਨ ਪਹਿਰਾਵੇ ਦੇ ਨਿਯਮਾਂ ਵਿੱਚ ਛੋਟ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
ਹਾਲਾਂਕਿ ਇਹ ਤਿੰਨੇ ਆਪਣੀ ਦਾੜ੍ਹੀ ਅਤੇ ਦਸਤਾਰਾਂ ਨੂੰ ਹੋਰ ਕਿਸੇ ਸਮੇਂ ਯਾਨੀ ਕੈਂਪ ਤੋਂ ਬਾਹਰ ਰੱਖ ਸਕਦੇ ਸਨ।
ਅਦਾਲਤ ਨੇ ਕੀ ਕਿਹਾ?

ਤਸਵੀਰ ਸਰੋਤ, Getty Images
ਮਰੀਨ ਲੀਡਰਸ਼ਿਪ ਨੇ ਦਲੀਲ ਨਿਯਮਾਂ ਦਾ ਹਵਾਲਾ ਦਿੰਦਿਆਂ ਕਿਹਾ ਸੀ ਕਿ ਭਰਤੀ ਹੋਣ ਵਾਲਿਆਂ ਨੂੰ ਸਾਂਝੀ ਕੁਰਬਾਨੀ ਲਈ ਮਨੋਵਿਗਿਆਨਿਕ ਤਬਦੀਲੀ ਵਾਸਤੇ ਵਿਅਕਤੀਗਤ ਚੀਜਾਂ ਨੂੰ ਛੱਡਣਾ ਪੈਂਦਾ ਹੈ।
ਵਾਸ਼ਿੰਗਟਨ ਵਿੱਚ ਤਿੰਨ ਜੱਜਾਂ ਦੇ ਬੈਂਚ ਨੇ ਅਸਹਿਮਤ ਹੁੰਦੇ ਹੋਏ ਕਿਹਾ ਕਿ ਮਰੀਨ ਨੇ ਕੋਈ ਦਲੀਲ ਪੇਸ਼ ਨਹੀਂ ਕੀਤੀ ਕਿ ਦਾੜ੍ਹੀ ਅਤੇ ਪਗੜੀ ਸੁਰੱਖਿਆ ਨੂੰ ਪ੍ਰਭਾਵਤ ਕਰਦੀ ਹੈ ਜਾਂ ਸਰੀਰਕ ਤੌਰ 'ਤੇ ਸਿਖਲਾਈ ਵਿਚ ਰੁਕਾਵਟ ਪਾਉਂਦੀ ਹੈ।
ਅਦਾਲਤ ਨੇ ਮੰਨਿਆਂ ਕਿ ਮਰੀਨ ਨੇ ਰੇਜ਼ਰ ਦੇ ਕੱਟਾਂ ਨੂੰ ਛੂਟ ਦਿੱਤੀ, ਚਮੜੀ ਦੀ ਸਮੱਸਿਆ ਵਾਲਿਆਂ ਨੂੰ ਸ਼ੇਵਿੰਗ ਤੋਂ ਛੋਟ ਦਿੱਤੀ ਅਤੇ ਔਰਤਾਂ ਨੂੰ ਆਪਣੇ ਵਾਲਾਂ ਦੇ ਸਟਾਈਲ ਰੱਖਣ ਦੀ ਇਜਾਜ਼ਤ ਦਿੱਤੀ।
ਇਸ ਦੇ ਨਾਲ ਹੀ ਵੱਡੇ ਪੱਧਰ 'ਤੇ ਟੈਟੂ ਬਣਾਉਣ ਦੀ ਇਜਾਜ਼ਤ ਵੀ ਦਿੱਤੀ ਗਈ।
ਇਹ ‘‘ਵਿਅਕਤੀਗਤ ਪਛਾਣ ਦਾ ਸ਼ਾਨਦਾਰ ਪ੍ਰਗਟਾਵਾ ਸੀ।"
ਬਰਾਕ ਓਬਾਮਾ ਦੇ ਰਾਸ਼ਟਰਪਤੀ ਵਜੋਂ ਕਾਰਜਕਾਲ ਦੌਰਾਨ ਨਾਮਜ਼ਦ ਕੀਤੇ ਗਏ ਜੱਜ ਪੈਟਰੀਸ਼ੀਆ ਮਿਲੇਟ ਨੇ ਇਹ ਫੈਸਲਾ ਸੁਣਾਇਆ।
ਜੱਜ ਨੇ ਆਪਣੇ ਫੈਸਲੇ ਵਿਚ ਲਿਖਿਆ, ‘‘ਜੇਕਰ ਭਰਤੀ ਸਿਖਲਾਈ ਦੌਰਾਨ ਯੂਨਿਟ ਦੀ ਏਕਤਾ ਲਈ ਕਿਸੇ ਦੀ ਸਖ਼ਸੀਅਤ ਦੇ ਬਾਹਰੀ ਚਿੰਨ੍ਹਾਂ ਲਈ ਕੋਈ ਲਾਇਨ ਖਿੱਚੀ ਵੀ ਗਈ ਹੈ, ਤਾਂ ਉਸ ਨੂੰ ਉਸੇ ਤਰ੍ਹਾਂ ਚਾਲੂ ਨਹੀਂ ਰੱਖਿਆ ਜਾ ਸਕਦਾ, ਕਿਉਂ ਕਿ ਇਹ ਚਿੰਨ੍ਹ ਸਮਾਜ ਵਿਚ ਪ੍ਰਚੱਲਿਤ ਹਨ ਅਤੇ ਇਹ ਘੱਟ ਗਿਣਤੀਆਂ ਦੀ ਆਸਥਾ ਨਾਲ ਵੀ ਜੁੜਿਆ ਹੋਇਆ ਹੈ।’’
ਅਦਾਲਤ ਨੇ ਦੋ ਰੰਗਰੂਟਾਂ ਮਿਲਾਪ ਸਿੰਘ ਚਾਹਲ ਅਤੇ ਜਸਕੀਰਤ ਸਿੰਘ ਨੂੰ ਆਪਣੇ ਧਾਰਮਿਕ ਵਿਸ਼ਵਾਸ ਦੇ ਚਿੰਨਾਂ ਨਾਲ ਸਿਖਲਾਈ ਸ਼ੁਰੂ ਕਰਨ ਦੀ ਆਗਿਆ ਦੇਣ ਲਈ ਮੁਢਲੇ ਹੁਕਮ ਜਾਰੀ ਕੀਤੇ ਹਨ।
ਅਪੀਲ ਦੀ ਅਦਾਲਤ ਨੇ ਤੀਜੇ ਮੁਦਈ ਆਕਾਸ਼ ਸਿੰਘ ਦੇ ਕੇਸ ਦੀ ਵੀ ਹਮਾਇਤ ਕੀਤੀ ਅਤੇ ਕਿਹਾ ਕਿ ਉਸ ਨੇ ਭਰਤੀ ਸਮੇਂ ਦੇਰ ਕੀਤੀ ਲੱਗਦੀ ਹੈ।
ਸੀਨੀਅਰ ਸਟਾਫ ਅਟਾਰਨੀ, ਗਿਜ਼ੇਲ ਕਲੈਪਰ ਨੇ ਕਿਹਾ ਕਿ, "ਸਾਡੇ ਦੇਸ਼ ਦੀ ਸੇਵਾ ਕਰਨ ਲਈ ਬੁਲਾਏ ਜਾਣ ਵਾਲੇ ਵਫ਼ਾਦਾਰ ਸਿੱਖ ਹੁਣ ਯੂਐਸ ਮਰੀਨ ਕੋਰ ਵਿੱਚ ਸੇਵਾ ਨਿਭਾ ਸਕਣਗੇ।"

ਤਸਵੀਰ ਸਰੋਤ, Getty Images
ਕੀ ਹੈ ਮਾਮਲਾ ?
- ਅਦਾਲਤ ਨੇ ਦੋ ਸਿੱਖਾਂ ਨੂੰ ਪੱਗ ਤੇ ਦਾੜ੍ਹੀ ਨਾਲ ਮਰੀਨ ਦੇ ਬੂਟ ਟ੍ਰੇਨਿੰਗ ਕੈਂਪ ਅੰਦਰ ਜਾਣ ਦੀ ਇਜਾਜ਼ਤ ਦਿੱਤੀ
- ਪਹਿਲਾਂ ਅਮਰੀਕੀ ਮਰੀਨ ਨੇ ਕਿਹਾ ਗਿਆ ਸੀ ਕਿ ਧਾਰਮਿਕ ਛੋਟਾਂ ਦੇਣ ਨਾਲ ਏਕਤਾ ਘਟੇਗੀ।
- ਬੈਂਚ ਨੇ ਕਿਹਾ ਕਿ ਮਰੀਨ ਨੇ ਕੋਈ ਦਲੀਲ ਪੇਸ਼ ਨਹੀਂ ਕੀਤੀ ਕਿ ਦਾੜ੍ਹੀ ਅਤੇ ਪਗੜੀ ਸੁਰੱਖਿਆ ਨੂੰ ਪ੍ਰਭਾਵਤ ਕਰਦੀ ਹੈ।
- ਮਰੀਨ ਦੇ ਨਿਯਮਾਂ ਮੁਤਾਬਕ ਸਿਵਾਏ ਮੁੱਛਾਂ ਦੇ ਬਾਕੀ ਚਿਹਰਾ ਕਲੀਨ-ਸ਼ੇਵ ਹੋਣਾ ਚਾਹੀਦਾ ਹੈ।

ਤਸਵੀਰ ਸਰੋਤ, Getty Images
ਅਪੀਲ ਕਰਨ ਵਾਲੇ ਸਿੱਖ ਨੌਜਵਾਨ ਕੌਣ ਹਨ ?
ਆਕਾਸ਼ ਸਿੰਘ, ਜਸਕੀਰਤ ਸਿੰਘ ਅਤੇ ਮਿਲਾਪ ਸਿੰਘ ਚਾਹਲ ਨਾਮ ਦੇ ਮਰੀਨ ਡਰਾਈਵ ਲਈ ਤਿੰਨ ਸਿੱਖ ਸੰਭਾਵੀ ਉਮੀਦਵਾਰਾਂ ਵੱਲੋਂ ਕੋਲੰਬੀਆ ਦੀ ਅਦਾਲਤ ਵਿੱਚ ਅਪੀਲ ਪਾਈ ਗਈ ਸੀ।
ਸਿੱਖਾਂ ਦੇ ਪੰਜ ਧਾਰਮਿਕ ਚਿੰਨ੍ਹਾਂ ਕੇਸ (ਵਾਲ), ਕੜਾ, ਕਿਰਪਾਨ, ਕਛਹਿਰਾ ਅਤੇ ਕੰਘਾ ਹਨ।
ਪੱਗ ਭਾਵੇਂ ਕਿ ਪੰਜ ਕਕਾਰਾਂ ਵਿੱਚ ਨਹੀਂ ਆਉਂਦੀ ਪਰ ਇਹ ਸਿੱਖ ਪਹਿਰਾਵੇ ਦਾ ਅਨਿੱਖੜਵਾ ਅੰਗ ਹੈ।
ਤਿੰਨਾਂ ਮੁਦਈਆਂ ਨੇ ਸਤੰਬਰ ਵਿੱਚ ਡੀਸੀ ਸਰਕਟ ਲਈ ਯੂਐੱਸ ਕੋਰਟ ਆਫ਼ ਅਪੀਲਜ਼ ਵਿੱਚ ਅਰਜੀ ਦਿੱਤੀ ਸੀ।
ਇਹ ਅਪੀਲ ਉਸੇ ਸਮੇਂ ਕੀਤੀ ਗਈ ਜਦੋਂ ਇੱਕ ਹੇਠਲੀ ਅਦਾਲਤ ਦੇ ਜੱਜ ਨੇ ਉਹਨਾਂ ਦੀ ਬੇਨਤੀ ਨੂੰ ਰੱਦ ਕਰ ਦਿੱਤੀ ਸੀ।
ਅਦਾਲਤੀ ਦਸਤਾਵੇਜ਼ਾਂ ਅਨੁਸਾਰ ਚਾਹਲ ਇਕਲੌਤਾ ਮੁਦਈ ਸੀ ਜੋ ਕੰਘੀ, ਕਛਹਿਰਾ ਅਤੇ ਛੋਟੀ ਕਿਰਪਾਨ ਪਹਿਨਣ ਦਾ ਅਧਿਕਾਰ ਮੰਗਦਾ ਹੈ।

ਤਸਵੀਰ ਸਰੋਤ, Getty Images
ਤਿੰਨੋਂ ਸੰਭਾਵੀ ਰੰਗਰੂਟਾਂ ਨੇ ਬੇਨਤੀ ਕੀਤੀ ਹੈ ਸੀ ਉਹਨਾਂ ਨੂੰ ਆਪਣੇ ਸਿਰ ਦੇ ਵਾਲ ਅਤੇ ਦਾੜ੍ਹੀਆਂ ਨੂੰ ਲੰਬੇ ਛੱਡਣ, ਵਾਲਾਂ ਨੂੰ ਪੱਗ ਨਾਲ ਢੱਕਣ ਅਤੇ ਕੜਾ ਪਹਿਨਣ ਦੀ ਇਜਾਜ਼ਤ ਦਿੱਤੀ ਜਾਵੇ।
ਮੈਰੀਨ ਕੋਰ ਨੇ ਇਸ ਤੋਂ ਪਹਿਲਾਂ ਸਾਰੀਆਂ ਅਪੀਲਾਂ ਨੂੰ ਰੱਦ ਕਰ ਦਿੱਤਾ ਸੀ।
ਇਸ ਲਈ ਤਿੰਨ ਮੁਦਈ ਸਾਲਾਂ ਤੋਂ ਪੂਲੀਜ਼ ਬਣੇ ਹੋਏ ਹਨ।
ਇਹ ਭਰਤੀ ਲਈ ਕਾਗਜ਼ੀ ਕਾਰਵਾਈ 'ਤੇ ਦਸਤਖ਼ਤ ਕਰ ਰਹੇ ਹਨ ਪਰ ਅਜੇ ਤੱਕ ਬੂਟ ਕੈਂਪ ਸ਼ੁਰੂ ਨਹੀਂ ਕਰ ਰਹੇ ਹਨ।

ਤਸਵੀਰ ਸਰੋਤ, Getty Images
ਬੂਟ ਕੈਂਪ ਵੱਖਰਾ
ਮਰੀਨ ਕੋਰ ਨੇ ਕਿਹਾ ਸੀ ਕਿ ਇਹ ਬੂਟ ਕੈਂਪ ਦੇ 13 ਹਫ਼ਤਿਆਂ ਦੇ ਸਮਾਪਤ ਹੋਣ ਤੋਂ ਬਾਅਦ ਵਿਅਕਤੀ ਨੂੰ ਸੀਮਾਵਾਂ ਅੰਦਰ ਧਾਰਮਿਕ ਚਿੰਨ੍ਹ ਪਹਿਨਣ ਦੀ ਇਜਾਜ਼ਤ ਦੇਵੇਗਾ।
ਕੋਰ ਦੇ ਵਕੀਲ ਕਹਿੰਦੇ ਹਨ ਕਿ ਬੂਟ ਕੈਂਪ ਵੱਖਰਾ ਹੈ।
ਉਹ ਕਹਿੰਦੇ ਹਨ ਕਿ ਮਰੀਨ ਕੋਰ ਨੂੰ ਇੱਕ ਸਾਂਝੀ ਸਮੁੰਦਰੀ ਪਛਾਣ ਨੂੰ ਸਥਾਪਿਤ ਕਰਨ ਲਈ ਆਪਣੇ ਭਰਤੀ ਕੀਤੇ ਜਵਾਨਾਂ ਵਿੱਚ ਦਿੱਖ ਦੀ ਇਕਸਾਰਤਾ ਦੀ ਲੋੜ ਹੁੰਦੀ ਹੈ।
ਮਰੀਨ ਦੇ ਮੁੱਛਾਂ ਅਤੇ ਦਾੜੀ ਬਾਰੇ ਨਿਯਮ
- ਮਰੀਨ ਦੇ ਨਿਯਮਾਂ ਮੁਤਾਬਕ ਸਿਵਾਏ ਮੁੱਛਾਂ ਦੇ ਬਾਕੀ ਚਿਹਰਾ ਕਲੀਨ-ਸ਼ੇਵ ਹੋਣਾ ਚਾਹੀਦਾ ਹੈ।
- ਵਿਅਕਤੀਗਤ ਤੌਰ ਉਪਰ ਮੁੱਛਾਂ ਦੇ ਵਾਲ ਪੂਰੀ ਤਰ੍ਹਾਂ ਵਧੇ ਹੋਏ 1/2 ਇੰਚ ਤੋਂ ਵੱਧ ਨਹੀਂ ਹੋਣੇ ਚਾਹੀਦੇ ਹਨ।
- ਮੁੱਛਾਂ, ਭਰਵੱਟਿਆਂ ਅਤੇ ਪਲਕਾਂ ਨੂੰ ਛੱਡ ਕੇ ਚਿਹਰੇ 'ਤੇ ਵਾਲ ਉਦੋਂ ਹੀ ਉਗਾਏ ਜਾ ਸਕਦਾ ਹਨ ਜਦੋਂ ਕਿਸੇ ਮੈਡੀਕਲ ਅਫ਼ਸਰ ਨੇ ਸ਼ੇਵ ਨਾ ਕਰਨ ਲਈ ਕਿਹਾ ਹੋਵੇ।
- ਅਜਿਹਾ ਤਾਂ ਹੀ ਹੁੰਦਾ ਹੈ ਜੇਕਰ ਸ਼ੇਵ ਵਿਅਕਤੀ ਦੀ ਸਿਹਤ ਲਈ ਅਸਥਾਈ ਤੌਰ 'ਤੇ ਹਾਨੀਕਾਰਕ ਹੋਵੇ।
ਇੱਕ ਸਿੱਖ ਕੈਪਟਨ ਨੂੰ ਮਿਲ ਚੁੱਕੀ ਹੈ ਰਿਆਇਤ
ਨਿਊ ਯੌਰਕ ਟਾਈਮਜ਼ ਦੀ ਖ਼ਬਰ ਅਨੁਸਾਰ ਸਾਲ 2021 ਵਿੱਚ ਮਰੀਨ ਕੈਪਟਨ ਸੁਖਬੀਰ ਸਿੰਘ ਤੂਰ ਨੂੰ ਮਰੀਨ ਕੋਰਪਸ ਵਿੱਚ ਪੱਗ ਬੰਨਣ ਦੀ ਇਜਾਜ਼ਤ ਮਿਲੀ ਸੀ। ਇਹ ਇਜਾਜ਼ਤ ਕੁਝ ਹੋਰ ਲੋਕਾਂ ਨੂੰ ਵੀ ਮਿਲੀ ਸੀ।
ਇਹ ਇਜਾਜ਼ਤ ਆਮ ਡਿਊਟੀ ਕਰਨ ਵੇਲੇ ਹੀ ਮਿਲੀ ਸੀ ਪਰ ਕਿਸੇ ਮਿਸ਼ਨ ਉੱਤੇ ਕੰਮ ਕਰਨ ਵੇਲੇ ਜਾਂ ਮਰੀਨ ਦੇ ਕਿਸੇ ਸਮਾਗਮ ਵੇਲੇ ਇਹ ਇਜਾਜ਼ਤ ਨਹੀਂ ਸੀ।












