ਹਾਕੀ ਖਿਡਾਰਨ ਤੇ ਧਾਰਮਿਕ ਗੀਤਾਂ ਤੋਂ ਸ਼ੁਰੂਆਤ ਕਰਨ ਵਾਲੀ ਗਾਇਕਾ ਸਤਵਿੰਦਰ ਬਿੱਟੀ ਨੇ ਸਿਆਸੀ ਹਾਰ ਤੋਂ ਕੀ ਸਿੱਖਿਆ

ਸਤਵਿੰਦਰ ਬਿੱਟੀ
ਤਸਵੀਰ ਕੈਪਸ਼ਨ, ਸਤਵਿੰਦਰ ਬਿੱਟੀ 2017 ਵਿੱਚ ਕਾਂਗਰਸ ਵੱਲੋਂ ਸਾਹਨੇਵਾਲ ਤੋਂ ਵਿਧਾਨ ਸਭਾ ਚੋਣ ਵੀ ਲੜ ਚੁੱਕੇ ਹਨ
    • ਲੇਖਕ, ਨਵਦੀਪ ਕੌਰ ਗਰੇਵਾਲ
    • ਰੋਲ, ਬੀਬੀਸੀ ਸਹਿਯੋਗੀ

ਸਤਵਿੰਦਰ ਬਿੱਟੀ ਨੇ ਪੰਜਾਬੀ ਗਾਇਕੀ ਵਿੱਚ ਚੰਗਾ ਨਾਮਣਾ ਖੱਟਿਆ ਹੈ।

ਬਿੱਟੀ ਉਸ ਵੇਲੇ ਦੀਆਂ ਚੋਣਵੀਆਂ ਗਾਇਕਾਵਾਂ ਵਿੱਚੋਂ ਹਨ, ਜਿਨ੍ਹਾਂ ਦੀ ਗਾਇਕੀ ਦੀ ਸ਼ੁਰੂਆਤ ਆਰਥਿਕ ਮਜਬੂਰੀ ਕਰਕੇ ਨਹੀਂ, ਬਲਕਿ ਸ਼ੌਕ ਕਰਕੇ ਹੋਈ।

ਉਹ ਪੰਜਾਬ ਦੇ ਚੋਟੀ ਦੇ ਕਲਾਕਾਰਾਂ ਵਿੱਚ ਤਾਂ ਸ਼ਾਮਲ ਹੋਏ ਹੀ, ਨਾਲ ਹੀ ਕੌਮੀ ਪੱਧਰ ਦੀ ਹਾਕੀ ਖਿਡਾਰਨ ਵੀ ਰਹੇ ਹਨ।

ਖੇਡਾਂ ਵਿੱਚ ਚੰਗੇ ਪ੍ਰਦਰਸ਼ਨ ਦੇ ਅਧਾਰ ‘ਤੇ ਮਹਿਜ਼ 18-19 ਸਾਲ ਦੀ ਉਮਰ ਵਿੱਚ ਬਿਜਲੀ ਮਹਿਕਮੇ ‘ਚ ਨੌਕਰੀ ਵੀ ਮਿਲੀ।

ਸਤਵਿੰਦਰ ਬਿੱਟੀ 2017 ਵਿੱਚ ਕਾਂਗਰਸ ਵੱਲੋਂ ਸਾਹਨੇਵਾਲ ਤੋਂ ਵਿਧਾਨ ਸਭਾ ਚੋਣ ਵੀ ਲੜ ਚੁੱਕੇ ਹਨ।

ਵੀਡੀਓ ਕੈਪਸ਼ਨ, ਸਤਵਿੰਦਰ ਬਿੱਟੀ ਰਾਤ ਦੇ ਪ੍ਰੋਗਰਾਮ ਕਿਉਂ ਨਹੀਂ ਸੀ ਕਰਦੇ ?

ਹਾਕੀ ਦੀ ਨੈਸ਼ਨਲ ਖਿਡਾਰਨ ਨੇ ਗਾਇਕੀ ਨੂੰ ਕਿਵੇਂ ਚੁਣਿਆ ?

ਸਤਵਿੰਦਰ ਬਿੱਟੀ ਦਾ ਜਨਮ 29 ਨਵੰਬਰ 1975 ਨੂੰ ਹੋਇਆ, ਉਹ ਪਟਿਆਲਾ ਨਾਲ ਸਬੰਧ ਰੱਖਦੇ ਹਨ।

ਉਨ੍ਹਾਂ ਦੀ ਮਾਂ ਦਾ ਨਾਮ ਗੁਰਚਰਨ ਕੌਰ ਹੈ।

ਸਤਵਿੰਦਰ ਬਿੱਟੀ ਦੇ ਪਿਤਾ ਗੁਰਨੈਬ ਸਿੰਘ ਖਹਿਰਾ ਨੌਕਰੀਪੇਸ਼ਾ ਸਨ ਅਤੇ ਗਾਇਕੀ ਤੇ ਖੇਡਾਂ ਵਿੱਚ ਰੁਚੀ ਰੱਖਦੇ ਸਨ। ਬਿੱਟੀ ਦੱਸਦੇ ਹਨ ਕਿ ਉਨ੍ਹਾਂ ਦੇ ਪਿਤਾ ਨੇ ਹੀ ਉਨ੍ਹਾਂ ਨੂੰ ਵਾਰਾਂ ਗਾਉਣੀਆਂ ਸਿਖਾਈਆਂ।

ਛੋਟੀ ਉਮਰ ਦੀ ਬਿੱਟੀ ਨੂੰ ਉਨ੍ਹਾਂ ਦੇ ਪਿਤਾ ਹੀ ਧਾਰਮਿਕ ਗੀਤ ਤਿਆਰ ਕਰਵਾਉਂਦੇ ਸੀ ਅਤੇ ਉਹ ਪਿੰਡ ਜਾਂ ਆਲੇ-ਦੁਆਲੇ ਦੀਆਂ ਹੋਰ ਧਾਰਮਿਕ ਥਾਂਵਾਂ ਦੇ ਪ੍ਰੋਗਰਾਮਾਂ ਦੌਰਾਨ ਗਾਉਂਦੇੇ ਸਨ।

ਸਕੂਲ ਦੇ ਗਾਇਕੀ ਮੁਕਾਬਲਿਆਂ ਵਿੱਚ ਵੀ ਉਹ ਹਿੱਸਾ ਲੈਂਦੇ ਰਹੇ।

ਸਕੂਲ ਦੀ ਇੱਕ ਅਧਿਆਪਕ, ਜੋ ਸਕੂਲ ਵਿੱਚ ਉਨ੍ਹਾਂ ਨੂੰ ਖਿਡਾਉਂਦੇ ਸਨ, ਉਹਨਾਂ ਤੋਂ ਪ੍ਰੇਰਿਤ ਹੋ ਕੇ ਬਿੱਟੀ ਨੇ ਹਾਕੀ ਨੂੰ ਚੁਣਿਆ ਸੀ।

ਹਾਕੀ ਵਿੱਚ ਵੀ ਬਿੱਟੀ ਨੈਸ਼ਨਲ ਪੱਧਰ ਦੀ ਖਿਡਾਰਨ ਰਹੇ ਹਨ, ਉਹ ਕੌਮਾਂਤਰੀ ਪੱਧਰ ‘ਤੇ ਵੀ ਖੇਡਣ ਦੀ ਇੱਛਾ ਰੱਖਦੇ ਸੀ।

ਬਿੱਟੀ ਨੇ ਦੱਸਿਆ ਕਿ ਪੜ੍ਹਾਈ ਵਿੱਚ ਵੀ ਉਨ੍ਹਾਂ ਦੀ ਰੁਚੀ ਰਹੀ ਤੇ ਉਨ੍ਹਾਂ ਨੇ ਬੀ.ਐਸ.ਸੀ(ਨੌਨ-ਮੌਡੀਕਲ) ਨਾਲ ਕੀਤੀ।

ਖੇਡਾਂ ਦੇ ਅਧਾਰ ‘ਤੇ ਏਅਰਇੰਡੀਆ ਅਤੇ ਫਿਰ ਬਿਜਲੀ ਬੋਰਡ ਵਿੱਚ ਨੌਕਰੀਆਂ ਵੀ ਹਾਸਿਲ ਕੀਤੀਆਂ ਸੀ। ਨਾਲ-ਨਾਲ ਗਾਇਕੀ ਵੀ ਚਲਦੀ ਰਹੀ ਅਤੇ 1993 ਵਿੱਚ ਉਨ੍ਹਾਂ ਦੀ ਪਹਿਲੀ ਐਲਬਮ ‘ਪੁਰੇ ਦੀ ਹਵਾ’ ਰਿਲੀਜ਼ ਹੋਈ।

ਸਤਵਿੰਦਰ ਬਿੱਟੀ

ਤਸਵੀਰ ਸਰੋਤ, Insta/ satwinder bitti

ਤਸਵੀਰ ਕੈਪਸ਼ਨ, 1993 ਵਿੱਚ ਸਤਵਿੰਦਰ ਬਿੱਟੀ ਦੀ ਪਹਿਲੀ ਐਲਬਮ ‘ਪੁਰੇ ਦੀ ਹਵਾ’ ਰਿਲੀਜ਼ ਹੋਈ।

ਬਿੱਟੀ ਪੰਜਾਬ ਵਿੱਚ ਵੱਖ-ਵੱਖ ਮੇਲਿਆਂ 'ਤੇ ਵੀ ਗਾਉਂਦੇ ਸਨ ਅਤੇ ਮੁਢਲੀ ਪਛਾਣ ਉਨ੍ਹਾਂ ਨੂੰ ਮੇਲਿਆਂ ਤੋਂ ਮਿਲੀ।

ਬਿੱਟੀ ਦੱਸਦੇ ਹਨ ਕਿ ਉਹ ਪੜ੍ਹਾਈ, ਗਾਇਕੀ ਅਤੇ ਹਾਕੀ ਸਭ ਚੀਜ਼ਾਂ ਨੂੰ ਤਵੱਜੋ ਦਿੰਦੇ ਸੀ, ਪਰ ਹੌਲੀ-ਹੌਲੀ ਗਾਇਕੀ ਵਿੱਚ ਉਨ੍ਹਾਂ ਦੇ ਰੁਝੇਵੇਂ ਇੰਨੇ ਵਧ ਗਏ ਕਿ ਹਾਕੀ ਛੱਡਣੀ ਪਈ।

ਬਿੱਟੀ ਨੇ ਸੰਗੀਤ ਵਿੱਚ ਗ੍ਰੈਜੁਏਸ਼ਨ ਵੀ ਕੀਤੀ ਹੈ, ਉਹ ਸੰਗੀਤ ਵਿੱਚ ਪੋਸਟ ਗ੍ਰੈਜੁਏਸ਼ਨ ਦੀ ਪੜ੍ਹਾਈ ਵੀ ਕਰਨਾ ਚਾਹੁੰਦੇ ਸੀ, ਪਰ ਗਾਇਕੀ ਦੇ ਰੁਝੇਵਿਆਂ ਕਾਰਨ ਉਹ ਐੱਮਏ ਦੇ ਪੇਪਰ ਨਹੀਂ ਦੇ ਸਕੇ।

ਦੁਗਾਣਾ ਕਿਉਂ ਨਹੀਂ ਗਾਇਆ

ਬਿੱਟੀ ਨੇ ਜਦੋਂ ਗਾਇਕੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਤਾਂ ਦੁਗਾਣਾ ਗਾਇਕੀ ਟਰੈਂਡ ਵਿੱਚ ਸੀ।

ਬਿੱਟੀ ਨੇ ਸੋਲੋ ਗਾਇਕਾ ਵਜੋਂ ਖੁਦ ਨੂੰ ਪੇਸ਼ ਕੀਤਾ ਅਤੇ ਉਹ ਦੱਸਦੇ ਹਨ ਕਿ ਉਨ੍ਹਾਂ ਨੇ ਸਟੇਜ ਤੋਂ ਇਲਾਵਾ ਵੈਸੇ ਵੀ ਅੱਜ ਤੱਕ ਕੋਈ ਦੋਗਾਣਾ ਨਹੀਂ ਗਾਇਆ।

ਇੱਕ ਵਾਰ ਬਿੱਟੀ ਨੇ ਕਿਹਾ ਸੀ ਕਿ ਉਸ ਵੇਲੇ ਗਾਇਕੀ ਬਾਰੇ ਇੰਨੀ ਸਮਝ ਆਮ ਲੋਕਾਂ ਵਿੱਚ ਨਾ ਹੋਣ ਕਰਕੇ ਜੋ ਪੁਰਸ਼ ਅਤੇ ਮਹਿਲਾ ਗਾਇਕ ਦੋਗਾਣਾ ਗਾਉਂਦੇ ਸੀ, ਉਨ੍ਹਾਂ ਦਾ ਆਪਸ ਵਿੱਚ ਨਾਮ ਜੁੜ ਜਾਂਦਾ ਸੀ, ਇਸ ਲਈ ਉਹ ਦੋਗਾਣਾ ਨਹੀਂ ਸੀ ਗਾਉਣਾ ਚਾਹੁੰਦੇ।

ਬੀਬੀਸੀ

ਇਸ ਇੰਟਰਵਿਊ ਵਿੱਚ ਬਿੱਟੀ ਦੱਸਦੇ ਹਨ ਕਿ ਜੇ ਉਹ ਦੋਗਾਣਾ ਚੁਣਦੇ ਫਿਰ ਉਨ੍ਹਾਂ ਨੂੰ ਸਾਥੀ ਗਾਇਕ ਦੇ ਮੁਤਾਬਕ ਵੀ ਚੱਲਣਾ ਪੈਣਾ ਸੀ, ਪਰ ਉਹ ਅਜ਼ਾਦੀ ਨਾਲ ਕੰਮ ਕਰਨ ਦੇ ਇਛੁੱਕ ਸੀ, ਇਸ ਲਈ ਸੋਲੋ ਗਾਇਕ ਵਜੋਂ ਹੀ ਖੁਦ ਨੂੰ ਪੇਸ਼ ਕੀਤਾ।

ਉਹ ਕਹਿੰਦੇ ਹਨ, “ਸੋਲੋ ਗਾਇਕ ਵਜੋਂ ਮੈਂ ਆਪਣਾ ਸ਼ੌਕ ਵੀ ਪੂਰਾ ਕੀਤਾ, ਕਿਸੇ ‘ਤੇ ਨਿਰਭਰ ਵੀ ਨਹੀਂ ਰਹੀ। ਉਸ ਵੇਲੇ ਦੋਗਾਣਾ ਗਾਇਕੀ ਭਾਰੂ ਸੀ, ਪਰ ਲੋਕਾਂ ਨੇ ਮੈਨੂੰ ਇਸੇ ਤਰ੍ਹਾਂ ਹੀ ਪਿਆਰ ਦਿੱਤਾ।”

ਸਤਵਿੰਦਰ ਬਿੱਟੀ
ਤਸਵੀਰ ਕੈਪਸ਼ਨ, ਸਤਵਿੰਦਰ ਬਿੱਟੀ 2011 ਵਿੱਚ ਸੜਕ ਹਾਦਸੇ ਦਾ ਸ਼ਿਕਾਰ ਹੋਏ ਜਿਸ ਵਿੱਚ ਉਨ੍ਹਾਂ ਦੇ ਸਿਰ ਅਤੇ ਗਰਦਨ ‘ਤੇ ਗੰਭੀਰ ਸੱਟ ਲੱਗੀ ਸੀ

ਜਦੋਂ ਸਿਰ ਦੇ ਵਾਲ ਕਟਵਾਉਣੇ ਪਏ

ਸਤਵਿੰਦਰ ਬਿੱਟੀ 2011 ਵਿੱਚ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਏ ਜਿਸ ਵਿੱਚ ਉਨ੍ਹਾਂ ਦਾ ਸਿਰ ਅਤੇ ਗਰਦਨ ‘ਤੇ ਗੰਭੀਰ ਸੱਟ ਲੱਗੀ ਸੀ।

ਚੰਡੀਗੜ੍ਹ ਦੇ ਪੀਜੀਆਈ ਵਿੱਚ ਉਨ੍ਹਾਂ ਦਾ ਇਲਾਜ ਹੋਇਆ।

ਉਨ੍ਹਾਂ ਦਾ ਆਪਰੇਸ਼ਨ ਹੋਇਆ ਅਤੇ ਗਰਦਨ ਵਿਚ ਪਲੇਟ ਪਾਉਣੀ ਪਈ। ਦੋ ਮਹੀਨੇ ਤੱਕ ਉਨ੍ਹਾਂ ਦੇ ਪਹਿਲਾਂ ਤੋਂ ਬੁੱਕ ਸਾਰੇ ਪ੍ਰੋਗਰਾਮ ਰੱਦ ਕਰਨੇ ਪਏ, ਕਿਉਂਕਿ ਡਾਕਟਰਾਂ ਨੇ ਬਿੱਟੀ ਨੂੰ ਉਸ ਦੌਰਾਨ ਕਰੀਬ 21 ਦਿਨ ਸਿੱਧਾ ਲੇਟਣ ਦੀ ਸਲਾਹ ਦਿੱਤੀ ਸੀ।

ਹਾਦਸੇ ਤੋਂ ਦੋ-ਤਿੰਨ ਮਹੀਨੇ ਬਾਅਦ ਉਨ੍ਹਾਂ ਨੇ ਕੈਨੇਡਾ ਵਿੱਚ ਮੁੜ ਸਟੇਜ ‘ਤੇ ਪ੍ਰਫੌਰਮ ਕੀਤਾ। ਸਿਰ ‘ਤੇ ਟਾਂਕੇ ਲੱਗਣ ਕਰਕੇ ਉਸ ਵੇਲੇ ਬਿੱਟੀ ਦੇ ਵਾਲਾਂ ਨੂੰ ਕੱਟਣਾ ਪਿਆ ਸੀ।

ਉਹ ਦੱਸਦੇ ਹਨ,”ਪਹਿਲਾਂ ਮੈਂ ਛੋਟੇ-ਛੋਟੇ ਵਾਲਾਂ ਨਾਲ ਹੀ ਸਟੇਜ ‘ਤੇ ਜਾਂਦੀ ਰਹੀ। ਫਿਰ ਕਿਸੇ ਨੇ ਮੈਨੂੰ ਨਕਲੀ ਵਾਲਾਂ ਦੇ ਵਿਗ ਵਰਤਣ ਦੀ ਸਲਾਹ ਦਿੱਤੀ। ਜਦੋਂ ਤੱਕ ਮੇਰੇ ਆਪਣੇ ਵਾਲ ਨਹੀਂ ਵਧੇ, ਦੋ ਸਾਲ ਤੱਕ ਮੈਂ ਵਿਗ ਪਾ ਕੇ ਜਾਂ ਸਿਰ ਉੱਤੇ ਰੁਮਾਲ ਬੰਨ੍ਹ ਕੇ ਸਟੇਜ ‘ਤੇ ਜਾਂਦੀ ਸੀ। ਉਸ ਵੇਲੇ ਵੀ ਮੈਨੂੰ ਪੰਜਾਬੀਆਂ ਨੇ ਓਨਾਂ ਹੀ ਪਿਆਰ ਦਿੱਤਾ। ”

ਉਹ ਦੱਸਦੇ ਹਨ ਕਿ ਇੰਨੇ ਭਿਆਨਕ ਹਾਦਸੇ ਬਾਅਦ ਉਨ੍ਹਾਂ ਦੇ ਰਿਕਵਰ ਹੋਣ ਪਿੱਛੇ ਸੰਗੀਤ ਅਤੇ ਪ੍ਰਮਾਤਮਾ ‘ਤੇ ਵਿਸ਼ਵਾਸ ਹੀ ਉਨ੍ਹਾਂ ਦੀ ਤਾਕਤ ਬਣੇ।

ਸਤਵਿੰਦਰ ਬਿੱਟੀ

ਤਸਵੀਰ ਸਰੋਤ, Insta/ satwinder bitti

ਤਸਵੀਰ ਕੈਪਸ਼ਨ, ਧਾਰਮਿਕ ਗੀਤਾਂ ਨਾਲ ਸਤਵਿੰਦਰ ਬਿੱਟੀ ਨੂੰ ਕਾਫੀ ਮਕਬੂਲੀਅਤ ਮਿਲੀ

ਧਾਰਮਿਕ ਐਲਬਮ ਬਾਰੇ ਕੀ ਕਹਿੰਦੇ ਸੀ ਲੋਕ

ਧਾਰਮਿਕ ਗੀਤਾਂ ਨਾਲ ਸਤਵਿੰਦਰ ਬਿੱਟੀ ਨੂੰ ਕਾਫੀ ਮਕਬੂਲੀਅਤ ਮਿਲੀ।

ਉਨ੍ਹਾਂ ਦੇ ਗਾਏ ‘ਧੰਨ ਤੇਰੀ ਸਿੱਖੀ’, ‘ਦੱਸੀਂ ਕਲਗੀ ਵਾਲਿਆ ਵੇ’ ਜਿਹੇ ਅਨੇਕਾਂ ਧਾਰਮਿਕ ਗੀਤਾਂ ਲੋਕਾਂ ਦੇ ਚੇਤਿਆਂ ਵਿੱਚ ਵਸੇ।

ਇਸ ਬਾਰੇ ਬਿੱਟੀ ਕਹਿੰਦੇ ਹਨ ਕਿ ਉਨ੍ਹਾਂ ਦੀ ਗਾਇਕੀ ਦਾ ਮੂਲ ਧਾਰਮਿਕ ਰਿਹਾ ਹੈ ਕਿਉਂਕਿ ਉਹ ਬਚਪਨ ਵਿੱਚ ਧਾਰਮਿਕ ਗੀਤ ਗਾਉਂਦੇ ਰਹੇ ਹਨ।

ਸਤਵਿੰਦਰ ਬਿੱਟੀ

ਤਸਵੀਰ ਸਰੋਤ, Insta/ satwinder bitti

ਤਸਵੀਰ ਕੈਪਸ਼ਨ, ਬਿੱਟੀ ਕਹਿੰਦੇ ਹਨ ਕਿ ਧਾਰਮਿਕ ਗੀਤਾਂ ਨਾਲ ਉਨ੍ਹਾਂ ਨੂੰ ਬੇਹੱਦ ਮਾਣ-ਸਨਮਾਨ ਮਿਲਿਆ

ਉਹ ਕਹਿੰਦੇ ਹਨ, “ਮੈਂ ਸ਼ਰਧਾ ਭਾਵਨਾ ਨਾਲ ਇੱਕ ਐਲਬਮ ਬਣਾਈ ਸੀ, ਮੈਨੂੰ ਅਹਿਸਾਸ ਨਹੀਂ ਸੀ ਕਿ ਲੋਕ ਇਸ ਨੂੰ ਇੰਨਾਂ ਪਿਆਰ ਦੇਣਗੇ। ਕਈ ਲੋਕ ਕਹਿੰਦੇ ਸੀ ਕਿ ਤੁਸੀਂ ਧਾਰਮਿਕ ਗੀਤ ਦੀ ਵੀਡੀਓ ਕਿਉਂ ਬਣਾ ਰਹੇ ਹੋ, ਇਹ ਤਾਂ ਫੋਟੋਆਂ ਪਾ ਕੇ ਰਿਲੀਜ਼ ਕਰ ਦੇਵਾਂਗੇ। ਪਰ ਮੈਂ ਚਾਹੁੰਦੀ ਸੀ ਕਿ ਇਹ ਗੀਤ ਖਾਸ ਤਰੀਕੇ ਨਾਲ ਪੇਸ਼ ਹੋਣ। ਅਸੀਂ ਪਹਿਲੀ ਧਾਰਮਿਕ ਵੀਡੀਓ ਬਣਾਈ ਸੀ। ”

ਉਨ੍ਹਾਂ ਕਹਿੰਦੇ ਹਨ ਕਿ ਧਾਰਮਿਕ ਗੀਤਾਂ ਨਾਲ ਉਨ੍ਹਾਂ ਨੂੰ ਬੇਹੱਦ ਮਾਣ-ਸਨਮਾਨ ਮਿਲਿਆ।

ਬਿੱਟੀ ਨੇ ਦੱਸਿਆ, “ਮੈਂ ਅਕਸਰ ਸੋਚਦੀ ਸੀ ਕਿ ਮੈਂ ਗਾਇਕੀ ਵਿੱਚ ਨਾਮ ਬਣਾਇਆ ਹੈ, ਪਰ ਕਈ ਲੋਕ ਤਾਂ ਗਾਇਕੀ ਨੂੰ ਚੰਗਾ ਨਹੀਂ ਸਮਝਦੇ। ਰੱਬ ਨੂੰ ਜ਼ਰੂਰ ਕਹਿੰਦੀ ਸੀ ਕਿ ਤੂੰ ਜਾਣਦੈਂ ਕਿ ਮੈਂ ਤਾਂ ਚੰਗਾ ਕੰਮ ਕਰ ਰਹੀ ਹਾਂ, ਲੋਕਾਂ ਨੂੰ ਕੌਣ ਦੱਸੂਗਾ? ਫਿਰ ਪ੍ਰਾਮਤਮਾ ਨੇ ਹੀ ਦੱਸਿਆ। ਇਹ ਟੇਪ ਹਿੱਟ ਹੋਣ ਬਾਅਦ ਜੋ ਇੱਜ਼ਤ ਸਤਿਕਾਰ ਮੈਨੂੰ ਮਿਲਿਆ ਇਹ ਮੇਰੇ ਮਨ ਦੀ ਅਵਾਜ਼ ਸੀ ਜੋ ਮੈਂ ਅਰਦਾਸਾਂ ਕਰਦੀ ਸੀ।”

ਇਹ ਵੀ ਪੜ੍ਹੋ-

ਰਾਤ ਦੇ ਪ੍ਰੋਗਰਾਮ ਕਰਨ ਤੋਂ ਕਿਉਂ ਕੀਤਾ ਕਿਨਾਰਾ

ਸਤਵਿੰਦਰ ਬਿੱਟੀ ਦੱਸਦੇ ਹਨ ਕਿ ਉਹ ਦਿਨ ਵਿੱਚ ਸਿਰਫ਼ ਇੱਕ ਪ੍ਰੋਗਰਾਮ ਹੀ ਕਰਦੇ ਸੀ, ਉਹ ਵੀ ਸਿਰਫ਼ ਦਿਨ ਵੇਲੇ, ਸ਼ਾਮ ਤੋਂ ਬਾਅਦ ਦੇ ਸ਼ੋਅ ਲਈ ਉਹ ਇਨਕਾਰ ਕਰ ਦਿੰਦੇ ਸੀ।

ਬਿੱਟੀ ਦੱਸਦੇ ਹਨ, “ਸਟੇਜ ‘ਤੇ ਗਾਉਣਾ ਲੜਕੀਆਂ ਲਈ ਕਈ ਵਾਰ ਔਖਾ ਹੋ ਜਾਂਦਾ ਹੈ। ਰਾਤ ਦਾ ਮਾਹੌਲ ਹੀ ਕੁਝ ਇਸ ਤਰ੍ਹਾਂ ਦਾ ਬਣ ਜਾਂਦਾ ਹੈ ਕਿ ਮੈਂ ਸੁਰੱਖਿਅਤ ਮਹਿਸੂਸ ਨਹੀਂ ਕਰਦੀ ਸੀ।”

ਫਿਰ ਉਨ੍ਹਾਂ ਨੇ ਪ੍ਰੋਗਰਾਮ ਬੁੱਕ ਕਰਨ ਦੇ ਕੁਝ ਨਿਯਮ ਬਣਾ ਲਏ ਸੀ, ਜਿਨ੍ਹਾਂ ਮੁਤਾਬਕ ਉਹ ਦੱਸਦੇ ਹਨ ਕਿ ਪ੍ਰੋਗਰਾਮ ਕਰਨੇ ਉਨ੍ਹਾਂ ਲਈ ਬਹੁਤ ਅਸਾਨ ਰਹੇ।

ਬਿੱਟੀ ਨੇ ਸਾਨੂੰ ਦੱਸਿਆ, “ਲੋਕ ਵੀ ਪ੍ਰੋਗਰਾਮ ਨੂੰ ਵਧੀਆ ਢੰਗ ਨਾਲ ਮਾਣਦੇ ਸਨ ਅਤੇ ਅਸੀਂ ਵੀ 5-6 ਵਜੇ ਤੱਕ ਵਿਹਲੇ ਹੋ ਜਾਂਦੇ ਸੀ। ਮੈਂ ਕਦੇ ਲਾਲਚ ਨਹੀਂ ਸੀ ਕੀਤਾ। ਜੇ ਇੱਕ ਦਿਨ ਦੇ ਦੋ ਸ਼ੋਅ ਆਉਂਦੇ ਸੀ ਤਾਂ ਅਸੀਂ ਮਨ੍ਹਾ ਕਰ ਦਿੰਦੇ ਸੀ।”

ਉਹ ਦੱਸਦੇ ਹਨ ਕਿ ਇਸ ਦਾ ਇੱਕ ਕਾਰਨ ਇਹ ਵੀ ਸੀ ਕਿ ਉਸ ਵੇਲੇ ਸੜਕਾਂ ਹੁਣ ਦੀ ਤਰ੍ਹਾਂ ਚੰਗੀਆਂ ਨਹੀਂ ਸੀ, ਇੱਕ ਥਾਂ ਤੋਂ ਦੂਜੀ ਥਾਂ ਪਹੁੰਚਣ ਵਿੱਚ ਵੱਧ ਸਮਾਂ ਲਗਦਾ ਸੀ, ਇਸ ਲਈ ਇੱਕ ਦਿਨ ਵਿੱਚ ਦੋ ਪ੍ਰੋਗਰਾਮ ਬੁੱਕ ਕਰਕੇ ਉਹ ਪਰਿਵਾਰ ਦਾ ਫੰਕਸ਼ਨ ਵੀ ਖਰਾਬ ਨਹੀਂ ਸੀ ਕਰਨਾ ਚਾਹੁੰਦੇ।

ਉਹ ਦੱਸਦੇ ਹਨ ਕਿ ਇਸ ਤਰ੍ਹਾਂ ਉਨ੍ਹਾਂ ਦੇ ਕਰੀਅਰ ਵਿੱਚ ਪਰਿਵਾਰਾਂ ਨਾਲ ਅਜਿਹੇ ਰਿਸ਼ਤੇ ਬਣੇ ਹਨ ਕਿ ਜਿਸ ਘਰ ਵਿੱਚ ਵੀਹ ਸਾਲ ਪਹਿਲਾਂ ਪ੍ਰੋਗਰਾਮ ਲਗਾਇਆ, ਇੰਨੇ ਸਾਲ ਬਾਅਦ ਵੀ ਕੋਈ ਫੰਕਸ਼ਨ ਹੋਵੇ ਤਾਂ ਪਰਿਵਾਰ ਉਨ੍ਹਾਂ ਨੂੰ ਸੱਦਦਾ ਹੈ।

ਬਿੱਟੀ ਨੇ ਇਹ ਵੀ ਕਿਹਾ ਕਿ ਜ਼ਿੰਦਗੀ ਤੋਂ ਵੱਡਾ ਕੁਝ ਨਹੀਂ ਹੁੰਦਾ ਅਤੇ ਜਿੱਥੇ ਤੁਸੀਂ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਤੁਹਾਨੂੰ ਨਹੀਂ ਜਾਣਾ ਚਾਹੀਦਾ।

ਮਾਂ ਬਣਨ ਬਾਅਦ ਕਰੀਅਰ ਨੂੰ ਕਿਵੇਂ ਢਾਲਿਆ

ਸਤਵਿੰਦਰ ਬਿੱਟੀ

ਤਸਵੀਰ ਸਰੋਤ, Insta/satwinder bitti

ਤਸਵੀਰ ਕੈਪਸ਼ਨ, ਬਿੱਟੀ ਦੱਸਦੇ ਹਨ ਕਿ ਉਨ੍ਹਾਂ ਨੂੰ ਆਪਣੇ ਪਤੀ ਤੋਂ ਹਮੇਸ਼ਾ ਸਕਰਾਤਮਕਤਾ ਮਿਲਦੀ ਹੈ

ਸਤਵਿੰਦਰ ਬਿੱਟੀ ਦੇ ਪਤੀ ਕੁਲਰਾਜ ਸਿੰਘ ਗਰੇਵਾਲ਼ ਅਮਰੀਕਾ ਵਿੱਚ ਕਾਰੋਬਾਰੀ ਹਨ।

ਬਿੱਟੀ ਦੱਸਦੇ ਹਨ ਕਿ ਉਨ੍ਹਾਂ ਨੂੰ ਆਪਣੇ ਪਤੀ ਤੋਂ ਹਮੇਸ਼ਾ ਸਕਰਾਤਮਕਤਾ ਮਿਲਦੀ ਹੈ।

ਉਹ ਕਹਿੰਦੇ ਹਨ, “ਜੇ ਮੈਂ ਕਿਸੇ ਕੰਮ ਤੋਂ ਡਰਾਂ ਵੀ ਤਾਂ ਉਹ ਹਮੇਸ਼ਾ ਹਿੰਮਤ ਦਿੰਦੇ ਹਨ। ਅਮਰੀਕਾ ਵਿੱਚ ਰਹੇ ਹੋਣ ਕਰਕੇ ਉਹ ਹਰ ਕੰਮ ਦੀ ਇੱਜ਼ਤ ਕਰਦੇ ਹਨ। ਮੈਂ ਇੰਨੀ ਖੁਸ਼ਕਿਮਸਤ ਰਹੀ ਕਿ ਮੈਨੂੰ ਸਹਿਯੋਗ ਮਿਲਦਾ ਰਿਹਾ ਅਤੇ ਵਿਆਹ ਤੋਂ ਬਾਅਦ ਮੇਰੇ ਕਰੀਅਰ ਵਿਚ ਕੋਈ ਬਦਲਾਅ ਨਹੀਂ ਆਇਆ।”

ਉਨ੍ਹਾਂ ਦੇ ਦੋ ਬੱਚੇ ਹਨ, ਇੱਕ ਬੇਟਾ ਅਤੇ ਇੱਕ ਬੇਟੀ। ਬਿੱਟੀ ਦੱਸਦੇ ਹਨ ਕਿ ਬੱਚਿਆਂ ਤੋਂ ਬਾਅਦ ਉਨ੍ਹਾਂ ਦੇ ਕਰੀਅਰ ਵਿੱਚ ਸਿਰਫ਼ ਇਹ ਬਦਲਾਅ ਆਇਆ ਕਿ ਰਫ਼ਤਾਰ ਘੱਟ ਗਈ।

ਉਹ ਕਹਿੰਦੇ ਹਨ ਕਿ ਪਰਿਵਾਰ ਦੇ ਸਾਥ ਕਰਕੇ ਹੀ ਉਹ ਆਪਣੇ ਕਰੀਅਰ ਨੂੰ ਵੀ ਨਾਲ-ਨਾਲ ਲੈ ਕੇ ਚੱਲ ਸਕੇ ਹਨ।

ਉਹ ਕਹਿੰਦੇ ਹਨ, “ਪਰਿਵਾਰ ਦਾ ਸਾਥ ਮਿਲਦਾ ਹੈ, ਪਰ ਬੱਚਿਆਂ ਬਾਰੇ ਵੱਧ ਤਵੱਜੋ ਮਾਂ ਨੂੰ ਹੀ ਦੇਣੀ ਪੈਂਦੀ ਹੈ। ਇਸ ਲਈ ਜਦੋਂ ਵੀ ਮੇਰੇ ਬੱਚਿਆਂ ਨੂੰ ਮੇਰੀ ਲੋੜ ਹੁੰਦੀ ਹੈ, ਮੈਂ ਆਪਣੀ ਰਫ਼ਤਾਰ ਘਟਾ ਲੈਂਦੀ ਹਾਂ।”

ਉਹ ਕਹਿੰਦੇ ਹਨ ਕਿ ਜੇ ਘਰ-ਪਰਿਵਾਰ ਸਹੀ ਚੱਲ ਰਿਹਾ ਹੈ ਤਾਂ ਹੀ ਮੈਂ ਕਲਾਕਾਰ ਵਜੋਂ ਆਪਣਾ ਸੌ ਫੀਸਦੀ ਦੇ ਸਕਦੀ ਹਾਂ।

ਬਿੱਟੀ ਦਾ ਸਿਆਸੀ ਸਫ਼ਰ

ਸਤਵਿੰਦਰ ਬਿੱਟੀ

ਤਸਵੀਰ ਸਰੋਤ, insta/ satwinder bitti

ਤਸਵੀਰ ਕੈਪਸ਼ਨ, ਸਤਵਿੰਦਰ ਬਿੱਟੀ ਸਿਆਸਤ ਵਿੱਚ ਵੀ ਕਿਸਮਤ ਅਜ਼ਮਾ ਚੁੱਕੇ ਹਨ

ਸਤਵਿੰਦਰ ਬਿੱਟੀ ਸਿਆਸਤ ਵਿੱਚ ਵੀ ਕਿਸਮਤ ਅਜ਼ਮਾ ਚੁੱਕੇ ਹਨ, ਉਹ ਸਾਲ 2016 ਵਿੱਚ ਕਾਂਗਰਸ ‘ਚ ਸ਼ਾਮਲ ਹੋਏ ਸੀ। ਉਨ੍ਹਾਂ ਨੇ 2017 ਵਿੱਚ ਕਾਂਗਰਸ ਦੀ ਟਿਕਟ ਤੋਂ ਸਾਹਨੇਵਾਲ ਤੋਂ ਵਿਧਾਨ ਸਭਾ ਚੋਣ ਲੜੀ ਸੀ, ਪਰ ਜਿੱਤ ਨਹੀਂ ਸਕੇ ਸੀ।

ਬਿੱਟੀ ਕਹਿੰਦੇ ਹਨ ਕਿ ਉਨ੍ਹਾਂ ਨੇ ਕਦੇ ਸਿਆਸਤ ਵਿੱਚ ਆਉਣ ਬਾਰੇ ਨਹੀਂ ਸੋਚਿਆ ਸੀ, ਪਰ ਉਨ੍ਹਾਂ ਦਾ ਸਹੁਰਾ ਪਰਿਵਾਰ ਸਮਾਜ ਸੇਵਾ ਤੇ ਸਿਆਸੀ ਖੇਤਰ ਵਿੱਚ ਸਰਗਰਮ ਰਿਹਾ ਹੈ।

ਉਹ ਦੱਸਦੇ ਹਨ, “ਮੇਰੇ ਸਹੁਰਾ ਸਾਹਿਬ ਚੋਣ ਲੜਣਾ ਚਾਹੁੰਦੇ ਸੀ, ਪਰ ਉਸ ਵੇਲੇ ਕੁੜੀਆਂ ਨੂੰ ਮੌਕਾ ਮਿਲਣਾ ਸੀ ਇਸ ਲਈ ਮੈਨੂੰ ਇਸ ਕੰਮ ਲਈ ਚੁਣਿਆ ਗਿਆ। ”

ਬਿੱਟੀ ਨੇ ਕਿਹਾ ਕਿ ਉਸ ਚੋਣ ਵਿੱਚ ਹਾਰ ਕੇ ਵੀ ਉਨ੍ਹਾਂ ਨੇ ਬਹੁਤ ਕੁਝ ਸਿੱਖਿਆ ਹੈ, ਕਿਉਂਕਿ ਸਿਆਸਤ ਦਾ ਖੇਤਰ ਗਾਇਕੀ ਦੇ ਮੁਕਾਬਲੇ ਬਹੁਤ ਔਖਾ ਹੈ।

ਬਿੱਟੀ ਭਵਿੱਖ ਵਿੱਚ ਵੀ ਸਿਆਸਤ ਲਈ ਰਾਹ ਖੁੱਲ੍ਹੇ ਹੋਣ ਦਾ ਦਾਅਵਾ ਕਰਦੇ ਹਨ।

ਸੋਸ਼ਲ ਮੀਡੀਆ ਦੇ ਦੌਰ ਵਿੱਚ ਕਰੀਅਰ ਦੀਆਂ ਚੁਣੌਤੀਆਂ

ਬੀਬੀਸੀ

ਸਤਵਿੰਦਰ ਬਿੱਟੀ ਕਹਿੰਦੇ ਹਨ ਕਿ ਉਹ ਆਪਣੇ ਕੰਮ ਵਿਚ ਇੰਨੇ ਮਸ਼ਰੂਫ਼ ਸਨ ਕਿ ਕਦੇ ਮਹਿਸੂਸ ਹੀ ਨਹੀਂ ਸੀ ਕੀਤਾ ਕਿ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਹੋਣਾ ਚਾਹੀਦਾ ਹੈ।

ਬਿੱਟੀ ਨੇ ਦੱਸਿਆ, “ਮੈਂ ਬਹੁਤ ਲੇਟ ਫੇਸਬੁੱਕ ਤੇ ਇੰਸਟਾਗ੍ਰਾਮ ਅਕਾਊਂਟ ਬਣਾਏ ਹਨ। ਯੂਟਿਊਬ ਚੈਨਲ ਹਾਲੇ ਵੀ ਨਹੀਂ ਬਣਾਇਆ। ਸਾਡੇ ਵੇਲੇ ਸੋਸ਼ਲ ਮੀਡੀਆ ਨਹੀਂ ਸੀ। ਇਹ ਵੀ ਕਾਰਨ ਰਿਹਾ ਕਿ ਮੇਰੀ ਰਫ਼ਤਾਰ ਥੋੜ੍ਹੀ ਘਟ ਗਈ।”

ਉਹ ਕਹਿੰਦੇ ਹਨ ਕਿ ਆਪਣੇ ਹੁਨਰ ਕਰਕੇ ਪਿਛਲੇ ਕੁਝ ਸਮੇਂ ਵਿੱਚ ਪੁਰਾਣੇ ਗਾਇਕ ਮੁੜ ਸਪੌਟਲਾਈਟ ਵਿੱਚ ਆ ਗਏ ਹਨ, ਕਿਉਂਕਿ ਉਹ ਸੋਸ਼ਲ ਮੀਡੀਆ ‘ਤੇ ਐਕਟਿਵ ਹੋ ਗਏ ਹਨ।

ਆਪਣੇ ਬਾਰੇ ਵੀ ਉਹ ਦੱਸਦੇ ਹਨ ਕਿ ਬੇਸ਼ਕ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਨਹੀਂ ਵਰਤਦੇ, ਪਰ ਜਿਨ੍ਹਾਂ ਕੁ ਸਮਾਂ ਦੇ ਪਾ ਰਹੇ ਹਨ, ਉਸ ਮੁਤਾਬਕ ਕੰਮ ਦੀ ਰਫ਼ਤਾਰ ਵਧੀ ਹੈ।

ਸਤਵਿੰਦਰ ਬਿੱਟੀ ਨੇ ਇਹ ਵੀ ਕਿਹਾ, ”ਜਦੋਂ ਅਸੀਂ ਗਾਉਂਦੇ ਸੀ ਤਾਂ ਬਹੁਤ ਥੋੜ੍ਹੇ ਚੈਨਲ ਹੁੰਦੇ ਸੀ, ਉੱਥੇ ਖੁਦ ਲਈ ਜਗ੍ਹਾ ਬਣਾਉਣੀ ਬਹੁਤ ਔਖੀ ਸੀ। ਮੇਰੀ ਪਛਾਣ ਮੇਲਿਆਂ ਵਿੱਚ ਜਾ-ਜਾ ਕੇ ਬਣੀ। ਅੱਜ ਕੱਲ੍ਹ ਜੋ ਸੰਘਰਸ਼ ਕਰ ਰਹੇ ਹਨ ਉਹ ਖੁਸ਼ਕਿਸਮਤ ਹਨ, ਸੋਸ਼ਲ ਮੀਡੀਆ ਕਰਕੇ ਉਨ੍ਹਾਂ ਦੇ ਤਾਂ ਆਪਣੇ ਹੱਥ ਵਿੱਚ ਚੈਨਲ ਹਨ ਜਿਨ੍ਹਾਂ ਜ਼ਰੀਏ ਉਹ ਲੋਕਾਂ ਤੱਕ ਪਹੁੰਚ ਸਕਦੇ ਹਨ। ਜੇ ਤੁਹਾਡੇ ਅੰਦਰ ਹੁਨਰ ਹੈ ਤਾਂ ਤੁਸੀਂ ਜ਼ਰੂਰ ਅੱਗੇ ਆਓਗੇ।”

ਉਹ ਕਹਿੰਦੇ ਹਨ ਕਿ ਉਨ੍ਹਾਂ ਦੀ ਸੋਸ਼ਲ ਮੀਡੀਆ ਬਾਰੇ ਵੀ ਸਮਝ ਵਧੀ ਹੈ ਅਤੇ ਬੱਚਿਆਂ ਪੱਖੋਂ ਵੀ ਉਹ ਕਰੀਅਰ ਨੂੰ ਵੱਧ ਸਮਾਂ ਹੁਣ ਦੇ ਸਕਣਗੇ।

ਬਿੱਟੀ ਕਹਿੰਦੇ ਹਨ ਕਿ ਹੁਣ ਉਹ ਦੁਬਾਰਾ ਨਵੇਂ ਤਰੀਕੇ ਨਾਲ ਬਹੁਤ ਸਾਰੇ ਨਵੇਂ ਗੀਤ ਲਿਆ ਰਹੇ ਹਨ।

ਉਹ ਕਹਿੰਦੇ ਹਨ, “ਮੈਨੂੰ ਲਗਦੈ ਮੇਰੇ ਕੋਲ ਬਹੁਤ ਕੁਝ ਹੈ ਜਿਵੇਂ ਕਿ ਧਾਰਮਿਕ ਇਤਿਹਾਸ, ਲੋਕ ਸਾਹਿਤ, ਮੈਂ ਇਹ ਸਭ ਨੌਜਵਾਨ ਪੀੜ੍ਹੀ ਨੂੰ ਦੇਣਾ ਚਾਹੁੰਦੀ ਹਾਂ।”

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)