'ਮੈਂ ਬੱਚਿਆਂ ਨੂੰ ਬੇਹੋਸ਼ ਹੁੰਦੇ ਦੇਖਿਆ', ਅਦਾਕਾਰ ਤੋਂ ਨੇਤਾ ਬਣੇ ਵਿਜੇ ਦੀ ਚੋਣ ਰੈਲੀ 'ਚ ਭੀੜ ਬੇਕਾਬੂ ਕਿਵੇਂ ਹੋ ਗਈ, 39 ਜਾਨਾਂ ਗਈਆਂ

"ਸਵੇਰ ਤੋਂ ਹੀ ਜੋ ਵੀ ਆਇਆ, ਉਹ ਇੱਥੋਂ ਨਹੀਂ ਗਿਆ। ਮੈਂ ਭੀੜ ਵਿੱਚ ਫਸ ਗਈ ਸੀ, ਪਰ ਕੁਝ ਨੌਜਵਾਨਾਂ ਦੀ ਮਦਦ ਨਾਲ ਬਚ ਨਿਕਲੀ," ਤਾਮਿਲਨਾਡੂ ਦੇ ਕਰੂਰ ਵਿੱਚ ਮਚੀ ਭਗਦੜ ਨੂੰ ਦੁਰਗਾ ਦੇਵੀ ਕੁਝ ਇਸ ਤਰ੍ਹਾਂ ਬਿਆਨ ਕਰਦੇ ਹਨ।
ਇਸ ਭਗਦੜ ਨੂੰ ਅੱਖੀਂ ਦੇਖਣ ਵਾਲੇ ਲਕਸ਼ਮੀ ਕਹਿੰਦੇ ਹਨ, "ਕਿਸੇ ਨੂੰ ਨਾ ਖਾਣਾ ਮਿਲਿਆ ਅਤੇ ਨਾ ਹੀ ਪਾਣੀ। ਮੈਂ ਆਪਣੀਆਂ ਅੱਖਾਂ ਨਾਲ ਬੱਚੇ ਬੇਹੋਸ਼ ਹੁੰਦੇ ਦੇਖੇ ਹਨ।"
ਕਰੂਰ ਵਿੱਚ ਅਦਾਕਾਰ ਤੋਂ ਸਿਆਸਤਦਾਨ ਬਣੇ ਵਿਜੇ ਦੀ ਰੈਲੀ ਵਿੱਚ ਭਗਦੜ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 39 ਹੋ ਗਈ ਹੈ।
ਤਾਮਿਲਨਾਡੂ ਦੇ ਸਿਹਤ ਸਕੱਤਰ ਪੀ. ਸੇਂਥਿਲ ਕੁਮਾਰ ਦੇ ਅਨੁਸਾਰ, ਮ੍ਰਿਤਕਾਂ ਵਿੱਚ 17 ਔਰਤਾਂ, 13 ਪੁਰਸ਼, 4 ਬੱਚੇ ਅਤੇ 5 ਬੱਚੀਆਂ ਸ਼ਾਮਲ ਹਨ।
ਵਧੀਕ ਡੀਜੀਪੀ (ਕਾਨੂੰਨ ਤੇ ਵਿਵਸਥਾ) ਡੇਵਿਡਸਨ ਡੇਵਾਸਿਰਵਥਮ ਨੇ ਕਿਹਾ ਕਿ ਘਟਨਾ ਸਬੰਧੀ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।
ਹਾਲਾਂਕਿ, ਕਰੂਰ ਵਿੱਚ ਰੈਲੀ ਦੀ ਇਜਾਜ਼ਤ ਦੁਪਹਿਰ 12 ਵਜੇ ਦੀ ਲਈ ਗਈ ਸੀ, ਪਰ ਵਿਜੇ ਉੱਥੇ ਸ਼ਾਮ ਨੂੰ ਪਹੁੰਚੇ।
ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਵਿਜੇ ਸ਼ਨੀਵਾਰ ਸ਼ਾਮ ਕਰੂਰ ਵਿੱਚ ਤਾਮਿਲਨਾਡੂ ਵੇਟ੍ਰੀ ਕੜਗਮ ਪਾਰਟੀ ਦੀ ਇੱਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ।
ਬੀਬੀਸੀ ਤਮਿਲ ਨੇ ਉਨ੍ਹਾਂ ਲੋਕਾਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਇਹ ਘਟਨਾ ਆਪਣੀਆਂ ਅੱਖਾਂ ਨਾਲ ਦੇਖੀ ਹੈ।

ਤਸਵੀਰ ਸਰੋਤ, ANI/BBC
ਮੁੱਖ ਮੰਤਰੀ ਐਮ.ਕੇ. ਸਟਾਲਿਨ ਵੱਲੋਂ ਜਾਰੀ ਬਿਆਨ ਵਿੱਚ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਹੈ।
ਅਦਾਕਾਰ ਵਿਜੇ ਨੇ ਸੋਸ਼ਲ ਮੀਡੀਆ ਵੈੱਬਸਾਈਟ ਐਕਸ 'ਤੇ ਪੋਸਟ ਕਰਕੇ ਇਸ ਘਟਨਾ ਪ੍ਰਤੀ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਬਹੁਤ ਦੁੱਖ ਵਿੱਚ ਹਨ।
ਘਟਨਾ ਦੀ ਜਾਂਚ ਲਈ ਸੇਵਾਮੁਕਤ ਹਾਈ ਕੋਰਟ ਜਸਟਿਸ ਅਰੁਣਾ ਜਗਦੀਸਨ ਦੀ ਅਗਵਾਈ ਹੇਠ ਇੱਕ ਮੈਂਬਰੀ ਜਾਂਚ ਕਮਿਸ਼ਨ ਵੀ ਬਣਾਇਆ ਗਿਆ ਹੈ।
ਖਾਣੇ ਤੇ ਪਾਣੀ ਦੀ ਕਿੱਲਤ

ਰੈਲੀ ਦੌਰਾਨ ਮੱਚੀ ਭਗਦੜ ਵਿੱਚੋਂ ਦੁਰਗਾ ਦੇਵੀ ਬਚ ਨਿੱਕਲੇ ਸਨ।
ਉਹ ਦੱਸਦੇ ਹਨ, "ਸਵੇਰ ਸਮੇਂ ਭੀੜ ਕਾਬੂ ਵਿੱਚ ਸੀ ਪਰ ਜਿਵੇਂ ਹੀ ਵਿਜੇ ਦੇ ਆਉਣ ਵਿੱਚ ਦੇਰੀ ਹੋਈ, ਭੀੜ ਵਧਦੀ ਗਈ। ਸ਼ਹਿਰ ਤੋਂ ਬਾਹਰ ਦੇ ਵੀ ਬਹੁਤ ਸਾਰੇ ਲੋਕ ਆਏ ਹੋਏ ਸਨ ਕਿਉਂਕਿ ਇਕ ਰੈਲੀ ਕੱਲ੍ਹ ਵੀ ਹੋ ਚੁੱਕੀ ਸੀ ਅਤੇ ਇਸ ਕਰਕੇ ਸਾਰੀਆਂ ਦੁਕਾਨਾਂ ਤੇ ਖਾਣ-ਪੀਣ ਵਾਲੀਆਂ ਥਾਵਾਂ ਬੰਦ ਸਨ।''
''ਇਸੇ ਕਾਰਨ ਬਾਹਰੋਂ ਆਏ ਲੋਕਾਂ ਨੂੰ ਨਾ ਖਾਣਾ ਮਿਲਿਆ ਅਤੇ ਨਾ ਪਾਣੀ। ਸ਼ਾਮ ਨੂੰ ਭਗਦੜ ਤੋਂ ਪਹਿਲਾਂ ਹੀ ਕਈ ਲੋਕ ਬੇਹੋਸ਼ ਹੋ ਚੁੱਕੇ ਸਨ।"
ਵਿਜੇ ਨੇ ਮ੍ਰਿਤਕਾਂ ਦੇ ਪਰਿਵਾਰਾਂ ਲਈ ਸਹਾਇਤਾ ਰਾਸ਼ੀ ਦਾ ਐਲਾਨ ਕੀਤਾ

ਰੈਲੀ ਵਿੱਚ ਭਗਦੜ ਤੋਂ ਬਾਅਦ ਤਾਮਿਲਨਾਡੂ ਵੇਟਰੀ ਕੜਗਮ (ਟੀਵੀਕੇ) ਦੇ ਪ੍ਰਧਾਨ ਅਤੇ ਅਦਾਕਾਰ ਵਿਜੇ ਨੇ ਐਕਸ 'ਤੇ ਪੋਸਟ ਕਰਕੇ ਆਪਣਾ ਦੁੱਖ ਪ੍ਰਗਟ ਕੀਤਾ।
ਉਨ੍ਹਾਂ ਲਿਖਿਆ, "ਮੇਰਾ ਦਿਲ ਟੁੱਟ ਗਿਆ ਹੈ। ਮੈਂ ਅਸਹਿ ਦਰਦ ਅਤੇ ਦੁੱਖ ਵਿੱਚ ਹਾਂ, ਜਿਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਮੈਂ ਕਰੂਰ ਵਿੱਚ ਆਪਣੀਆਂ ਜਾਨਾਂ ਗੁਆਉਣ ਵਾਲੇ ਆਪਣੇ ਪਿਆਰੇ ਭਰਾਵਾਂ ਅਤੇ ਭੈਣਾਂ ਦੇ ਪਰਿਵਾਰਾਂ ਪ੍ਰਤੀ ਆਪਣੀ ਡੂੰਘੀ ਸੰਵੇਦਨਾ ਅਤੇ ਹਮਦਰਦੀ ਪ੍ਰਗਟ ਕਰਦਾ ਹਾਂ। ਮੈਂ ਹਸਪਤਾਲ ਵਿੱਚ ਇਲਾਜ ਕਰਵਾ ਰਹੇ ਲੋਕਾਂ ਦੀ ਜਲਦੀ ਸਿਹਤਯਾਬੀ ਲਈ ਪ੍ਰਾਰਥਨਾ ਕਰਦਾ ਹਾਂ।"
ਵਿਜੇ ਨੇ ਆਪਣੀ ਰੈਲੀ ਦੌਰਾਨ ਹੋਏ ਹਾਦਸੇ ਵਿੱਚ ਮਾਰੇ ਗਏ ਅਤੇ ਜ਼ਖਮੀ ਲੋਕਾਂ ਦੇ ਪਰਿਵਾਰਾਂ ਲਈ ਵਿੱਤੀ ਸਹਾਇਤਾ ਪੈਕੇਜ ਦਾ ਵੀ ਐਲਾਨ ਕੀਤਾ ਹੈ।
ਵਿਜੇ ਨੇ ਇੰਸਟਾਗ੍ਰਾਮ 'ਤੇ ਪੋਸਟ ਕੀਤਾ ਕਿ ਉਹ ਹਾਦਸੇ ਵਿੱਚ ਆਪਣੇ ਕਿਸੇ ਅਜ਼ੀਜ਼ ਨੂੰ ਗੁਆਉਣ ਵਾਲੇ ਹਰੇਕ ਪਰਿਵਾਰ ਨੂੰ 20 ਲੱਖ ਰੁਪਏ ਦੀ ਸਹਾਇਤਾ ਪ੍ਰਦਾਨ ਕਰਨਗੇ। ਉਨ੍ਹਾਂ ਨੇ ਇਲਾਜ ਅਧੀਨ ਜ਼ਖਮੀਆਂ ਲਈ ਵੀ 2 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਐਲਾਨ ਕੀਤਾ।
ਇਸ ਹਾਦਸੇ 'ਤੇ ਸੰਵੇਦਨਾ ਪ੍ਰਗਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ, "ਇੰਨੇ ਵੱਡੇ ਨੁਕਸਾਨ ਨੂੰ ਦੇਖਦੇ ਹੋਏ ਇਹ ਰਾਸ਼ੀ ਕੋਈ ਮਾਅਨੇ ਨਹੀਂ ਰੱਖਦੀ। ਫਿਰ ਵੀ, ਇਸ ਸਮੇਂ, ਤੁਹਾਡੇ ਪਰਿਵਾਰ ਦਾ ਮੈਂਬਰ ਹੋਣ ਦੇ ਨਾਤੇ ਤੁਹਾਡੇ ਨਾਲ ਖੜ੍ਹਾ ਹੋਣਾ ਮੇਰਾ ਫਰਜ਼ ਹੈ।"
ਮੁੱਖ ਮੰਤਰੀ ਨੇ ਕੀਤਾ ਮੁਆਵਜ਼ੇ ਦਾ ਐਲਾਨ

ਖ਼ਬਰ ਏਜੰਸੀ ਏਐਨਆਈ ਦੇ ਮੁਤਾਬਕ, ਤਮਿਲ ਨਾਡੂ ਦੇ ਮੁੱਖ ਮੰਤਰੀ ਐਮਕੇ ਸਟਾਲਿਨ ਨੇ ਹਾਦਸੇ ਬਾਰੇ ਕਿਹਾ ਕਿ "ਹੁਣ ਤੱਕ 39 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਾਡੇ ਸੂਬੇ ਦੇ ਇਤਿਹਾਸ ਵਿੱਚ, ਕਿਸੇ ਸਿਆਸੀ ਪਾਰਟੀ ਦੁਆਰਾ ਆਯੋਜਿਤ ਕਿਸੇ ਪ੍ਰੋਗਰਾਮ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਨੇ ਕਦੇ ਵੀ ਆਪਣੀਆਂ ਜਾਨਾਂ ਨਹੀਂ ਗਵਾਈਆਂ, ਅਤੇ ਭਵਿੱਖ ਵਿੱਚ ਵੀ ਅਜਿਹੀ ਤ੍ਰਾਸਦੀ ਕਦੇ ਨਹੀਂ ਵਾਪਰਨੀ ਚਾਹੀਦੀ।''
ਉਨ੍ਹਾਂ ਜਾਣਕਾਰੀ ਦਿੱਤੀ, ''ਇਸ ਵੇਲੇ 51 ਲੋਕ ਇੰਟੈਂਸਿਵ ਕੇਅਰ ਯੂਨਿਟ ਵਿੱਚ ਇਲਾਜ ਅਧੀਨ ਹਨ। ਭਰੇ ਦਿਲ ਨਾਲ ਮੈਂ ਉਨ੍ਹਾਂ ਲੋਕਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ ਜਿਨ੍ਹਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ ਹਨ। ਮ੍ਰਿਤਕਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਜ਼ਖਮੀਆਂ ਨੂੰ 1 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਮੈਂ ਇੱਕ ਸੇਵਾਮੁਕਤ ਹਾਈ ਕੋਰਟ ਜੱਜ ਦੀ ਅਗਵਾਈ ਵਿੱਚ ਇੱਕ ਜਾਂਚ ਕਮਿਸ਼ਨ ਬਣਾਉਣ ਦੇ ਹੁਕਮ ਦਿੱਤੇ ਹਨ।"
ਹਾਦਸੇ ਤੋਂ ਬਾਅਦ, ਮੁੱਖ ਮੰਤਰੀ ਸਟਾਲਿਨ ਨੇ ਜ਼ਿਲ੍ਹੇ ਵਿੱਚ ਐਮਰਜੈਂਸੀ ਪ੍ਰੋਟੋਕੋਲ ਲਾਗੂ ਕਰਨ ਦੇ ਆਦੇਸ਼ ਦਿੱਤੇ ਹਨ। ਹਾਲਾਂਕਿ, ਇਹ ਕਿਹਾ ਜਾ ਰਿਹਾ ਹੈ ਕਿ ਮੌਤਾਂ ਦੀ ਗਿਣਤੀ ਵਧ ਸਕਦੀ ਹੈ।
ਰਾਸ਼ਟਰਪਤੀ ਅਤੇ ਪੀਐਮ ਨੇ ਪ੍ਰਗਟਾਇਆ ਦੁੱਖ

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਲਿਖਿਆ, "ਮੈਂ ਪੀੜਤਾਂ ਦੇ ਪਰਿਵਾਰਾਂ ਪ੍ਰਤੀ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕਰਦੀ ਹਾਂ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਲਈ ਪ੍ਰਾਰਥਨਾ ਕਰਦੀ ਹਾਂ।"
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ।
ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਲਿਖਿਆ, "ਮੇਰੀ ਸੰਵੇਦਨਾ ਉਨ੍ਹਾਂ ਪਰਿਵਾਰਾਂ ਨਾਲ ਹੈ ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ। ਮੈਂ ਇਸ ਮੁਸ਼ਕਲ ਸਮੇਂ ਵਿੱਚ ਉਨ੍ਹਾਂ ਲਈ ਤਾਕਤ ਅਤੇ ਸਾਰੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।"
ਤਾਮਿਲਨਾਡੂ ਦੇ ਰਾਜਪਾਲ ਆਰ.ਐਨ. ਰਵੀ ਨੇ ਸੋਸ਼ਲ ਮੀਡੀਆ 'ਤੇ ਲਿਖਿਆ, "ਕਰੂਰ ਵਿੱਚ ਰਾਜਨੀਤਿਕ ਰੈਲੀ ਵਿੱਚ ਬੱਚਿਆਂ ਸਮੇਤ ਮਾਸੂਮ ਲੋਕਾਂ ਦੀ ਮੌਤ ਬਹੁਤ ਦੁਖਦਾਈ ਅਤੇ ਦਰਦਨਾਕ ਹੈ। ਇਸ ਦੁਖਦਾਈ ਸਮੇਂ ਵਿੱਚ ਮੈਂ ਉਨ੍ਹਾਂ ਪਰਿਵਾਰਾਂ ਪ੍ਰਤੀ ਆਪਣੀ ਦਿਲੀ ਹਮਦਰਦੀ ਪ੍ਰਗਟ ਕਰਦਾ ਹਾਂ ਜਿਨ੍ਹਾਂ ਨੇ ਆਪਣਿਆਂ ਨੂੰ ਗੁਆ ਦਿੱਤਾ ਹੈ ਅਤੇ ਜ਼ਖਮੀਆਂ ਦੀ ਜਲਦੀ ਸਿਹਤਯਾਬੀ ਲਈ ਪ੍ਰਾਰਥਨਾ ਕਰਦਾ ਹਾਂ।"
ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਸੋਸ਼ਲ ਮੀਡੀਆ 'ਤੇ ਸਾਰੇ ਕਾਂਗਰਸੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ "ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਅਤੇ ਜ਼ਖਮੀਆਂ ਦਾ ਜਲਦੀ ਇਲਾਜ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰਨ।"
ਮ੍ਰਿਤਕਾਂ ਵਿੱਚ 17 ਔਰਤਾਂ, 13 ਪੁਰਸ਼, 4 ਬੱਚੇ ਤੇ 5 ਬੱਚੀਆਂ ਸ਼ਾਮਲ

ਤਸਵੀਰ ਸਰੋਤ, ANI
ਤਮਿਲ ਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ ਨੇ ਇਸ ਘਟਨਾ ਬਾਰੇ ਐਕਸ 'ਤੇ ਕਿਹਾ ਕਿ ਕਰੂਰ ਤੋਂ ਆ ਰਹੀਆਂ ਖ਼ਬਰਾਂ ਚਿੰਤਾਜਨਕ ਹਨ।
ਉਨ੍ਹਾਂ ਲਿਖਿਆ, "ਮੈਂ ਸਾਬਕਾ ਮੰਤਰੀ ਸੇਂਥਿਲ ਬਾਲਾਜੀ, ਮਾਣਯੋਗ ਸਿਹਤ ਮੰਤਰੀ ਐਮ. ਸੁਬਰਾਮਨੀਅਮ ਅਤੇ ਜ਼ਿਲ੍ਹਾ ਮੈਜਿਸਟ੍ਰੇਟ ਨਾਲ ਸੰਪਰਕ ਕੀਤਾ ਹੈ ਤਾਂ ਜੋ ਭੀੜ ਕਾਰਨ ਬੇਹੋਸ਼ ਹੋ ਗਏ ਅਤੇ ਹਸਪਤਾਲ ਵਿੱਚ ਦਾਖਲ ਹੋਏ ਲੋਕਾਂ ਦਾ ਤੁਰੰਤ ਇਲਾਜ ਹੋ ਸਕੇ।"
ਉਨ੍ਹਾਂ ਇਹ ਵੀ ਕਿਹਾ ਕਿ ਉਹ ਜਨਤਾ ਨੂੰ ਡਾਕਟਰਾਂ ਅਤੇ ਪੁਲਿਸ ਦਾ ਸਹਿਯੋਗ ਕਰਨ ਦੀ ਅਪੀਲ ਕਰਦੇ ਹਨ।
ਪੱਤਰਕਾਰਾਂ ਨਾਲ ਗੱਲ ਕਰਦੇ ਹੋਏ, ਸਿਹਤ ਮੰਤਰੀ ਐਮ. ਸੁਬਰਾਮਨੀਅਮ ਨੇ ਕਿਹਾ, "ਕਰੂਰ ਵਿੱਚ ਵਿਜੇ ਦੀ ਰੈਲੀ ਵਿੱਚ ਭਗਦੜ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਮੁੱਖ ਮੰਤਰੀ ਦੇ ਆਦੇਸ਼ਾਂ 'ਤੇ ਤ੍ਰਿਚੀ ਤੋਂ ਇੱਕ ਮੈਡੀਕਲ ਟੀਮ ਕਰੂਰ ਜਾ ਰਹੀ ਹੈ। ਮੈਂ ਵੀ ਅੱਜ ਰਾਤ ਕਰੂਰ ਜਾ ਰਿਹਾ ਹਾਂ।"

ਤਸਵੀਰ ਸਰੋਤ, senthilbalaji.in
ਬੀਬੀਸੀ ਤਮਿਲ ਦੇ ਅਨੁਸਾਰ, ਭਗਦੜ ਵਿੱਚ ਔਰਤਾਂ ਅਤੇ ਬੱਚਿਆਂ ਸਮੇਤ ਕਈ ਲੋਕ ਬੇਹੋਸ਼ ਹੋ ਗਏ ਅਤੇ ਉਨ੍ਹਾਂ ਨੂੰ ਕਰੂਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਤਾਮਿਲਨਾਡੂ ਦੇ ਵਿਰੋਧੀ ਧਿਰ ਦੇ ਨੇਤਾ ਅਤੇ ਏਆਈਏਡੀਐਮਕੇ ਦੇ ਜਨਰਲ ਸਕੱਤਰ ਕੇ ਪਲਾਨੀਸਵਾਮੀ ਨੇ ਪਹਿਲਾਂ ਐਕਸ 'ਤੇ ਲਿਖਿਆ ਸੀ, "ਕਰੂਰ ਵਿੱਚ ਤਮਿਲ ਨਾਡੂ ਵੇਟਰੀ ਕੜਗਮ ਪਾਰਟੀ ਦੀ ਚੋਣ ਮੀਟਿੰਗ ਵਿੱਚ ਹੋਈ ਹਫੜਾ-ਦਫੜੀ ਦੌਰਾਨ 29 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਅਤੇ ਬਹੁਤ ਸਾਰੇ ਬੇਹੋਸ਼ ਹੋ ਗਏ ਅਤੇ ਹਸਪਤਾਲ ਵਿੱਚ ਭਰਤੀ ਕਰਵਾਏ ਗਏ, ਜਿੱਥੇ ਇਸ ਦੇ ਨੇਤਾ ਵਿਜੇ ਬੋਲ ਰਹੇ ਸਨ।"
ਉਨ੍ਹਾਂ ਲਿਖਿਆ, "ਇਹ ਖ਼ਬਰ ਦੁਖਦਾਈ ਹੈ। ਮੈਂ ਉਨ੍ਹਾਂ ਪਰਿਵਾਰਾਂ ਪ੍ਰਤੀ ਡੂੰਘੀ ਸੰਵੇਦਨਾ ਅਤੇ ਦੁੱਖ ਪ੍ਰਗਟ ਕਰਦਾ ਹਾਂ ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ।"
ਤਮਿਲਨਾਡੂ ਵੇਟੀ ਕੜਗਮ ਦੇ ਨੇਤਾ ਵਿਜੇ 27 ਸਤੰਬਰ ਨੂੰ ਕਰੂਰ ਵਿੱਚ ਚੋਣ ਪ੍ਰਚਾਰ ਕਰ ਰਹੇ ਸਨ। ਮੁਹਿੰਮ ਦੌਰਾਨ ਭੀੜ ਵਿੱਚ ਕਈ ਲੋਕ ਬੇਹੋਸ਼ ਹੋ ਗਏ।
ਰਿਪੋਰਟਾਂ ਅਨੁਸਾਰ, ਪੀੜਤਾਂ ਨੂੰ ਕਰੂਰ ਸਰਕਾਰੀ ਹਸਪਤਾਲ ਤੋਂ ਇਲਾਵਾ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਖ਼ਬਰ ਏਜੰਸੀ ਪੀਟੀਆਈ ਨੇ ਕਿਹਾ ਹੈ ਕਿ ਜਦੋਂ ਵਿਜੇ ਸਭਾ ਨੂੰ ਸੰਬੋਧਨ ਕਰ ਰਹੇ ਸਨ ਉਸ ਵੇਲੇ ਭੀੜ ਵਧਦੀ ਗਈ ਅਤੇ ਬੇਕਾਬੂ ਹੋ ਗਈ। ਇਸ ਦੌਰਾਨ ਕਈ ਲੋਕ ਬੇਹੋਸ਼ ਹੋ ਕੇ ਡਿੱਗ ਪਏ ਜਿਸ ਤੋਂ ਬਾਅਦ ਲੋਕਾਂ ਨੇ ਰੌਲ਼ਾ ਪਾਉਣਾ ਸ਼ੁਰੂ ਕਰ ਦਿੱਤਾ।
ਇਸ ਤੋਂ ਬਾਅਦ ਵਿਜੇ ਨੇ ਆਪਣਾ ਭਾਸ਼ਣ ਰੋਕ ਕੇ ਖ਼ਾਸ ਤੌਰ ਉੱਤੇ ਬਣਾਈ ਗਈ ਪ੍ਰਚਾਰ ਬੱਸ ਦੇ ਉੱਪਰੋਂ ਲੋਕਾਂ ਲਈ ਪਾਣੀ ਦੀਆਂ ਬੋਤਲਾਂ ਸੁੱਟੀਆਂ।
ਏਜੰਸੀ ਦੇ ਅਨੁਸਾਰ ਭਾਰੀ ਭੀੜ ਦੇ ਕਾਰਨ ਐਂਬੁਲੈਂਸ ਨੂੰ ਘਟਨਾ ਵਾਲੀ ਥਾਂ ਤੱਕ ਪਹੁੰਚਣ ਵਿੱਚ ਪ੍ਰੇਸ਼ਾਨੀ ਹੋਈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












