ਬੰਗਲੁਰੂ ਹਾਦਸਾ: ਸਟੇਡੀਅਮ ਵਿੱਚ ਜਸ਼ਨ, ਬਾਹਰ ਭਗਦੜ ਅਤੇ ਪੁਲਿਸ ਦਾ ਲਾਠੀਚਾਰਜ, ਚਸ਼ਮਦੀਦਾਂ ਨੇ ਕੀ-ਕੀ ਦੱਸਿਆ

ਤਸਵੀਰ ਸਰੋਤ, Getty Images
- ਲੇਖਕ, ਇਮਰਾਨ ਕੁਰੈਸ਼ੀ
- ਰੋਲ, ਬੰਗਲੁਰੂ ਤੋਂ ਬੀਬੀਸੀ ਹਿੰਦੀ ਲਈ
ਕੁਝ ਤਾਂ ਪ੍ਰਸ਼ੰਸਕ ਸਨ ਅਤੇ ਕੁਝ 'ਸਿਰਫ਼ ਮੌਜ-ਮਸਤੀ ਲਈ' ਗਏ ਸਨ। ਪਰ ਦੋਵੇਂ ਤਰ੍ਹਾਂ ਦੇ ਲੋਕ ਭਗਦੜ ਦਾ ਸ਼ਿਕਾਰ ਹੋ ਗਏ, ਜਿਸ ਨੇ ਇਸ ਖੁਸ਼ੀ ਦੇ ਮੌਕੇ ਨੂੰ ਨਾ ਸਿਰਫ਼ ਮ੍ਰਿਤਕਾਂ ਦੇ ਪਰਿਵਾਰਾਂ ਲਈ, ਸਗੋਂ ਦੂਜਿਆਂ ਲਈ ਵੀ ਇੱਕ ਭਿਆਨਕ ਅਨੁਭਵ ਵਿੱਚ ਬਦਲ ਕੇ ਰੱਖ ਦਿੱਤਾ।
ਸ਼ਾਮਿਲੀ ਨਾਮ ਦੀ ਇੱਕ ਨੌਜਵਾਨ ਮਹਿਲਾ ਆਪਣੀ ਭੈਣ ਅਤੇ ਦੋਸਤਾਂ ਨਾਲ ਸਿਰਫ਼ ਮੌਜ-ਮਸਤੀ ਲਈ ਉੱਥੇ ਗਏ ਸਨ। ਉਨ੍ਹਾਂ ਕਿਹਾ, "ਮੈਂ ਤਾਂ ਇੱਥੇ ਸਿਰਫ਼ ਮੌਜ-ਮਸਤੀ ਲਈ ਆਈ ਸੀ। ਮੈਂ ਤਾਂ ਪ੍ਰਸ਼ੰਸਕ ਵੀ ਨਹੀਂ ਹਾਂ।"
ਪਰ ਸਿਰਫ਼ ਮਸਤੀ ਦੇ ਉਨ੍ਹਾਂ ਦੇ ਇਸ ਸਫ਼ਰ ਨੇ ਉਨ੍ਹਾਂ ਨੂੰ ਹਸਪਤਾਲ ਪਹੁੰਚਾ ਦਿੱਤਾ। ਉਹ ਹਸਪਤਾਲ ਵਿੱਚ ਰਾਇਲ ਚੈਲੇਂਜਰਜ਼ ਬੰਗਲੁਰੂ ਦੀ ਟੀ-ਸ਼ਰਟ ਪਹਿਨੀ ਹੋਈ ਸੀ ਜਿਸ 'ਤੇ ਵਿਰਾਟ ਅਤੇ 18 ਨੰਬਰ ਲਿਖਿਆ ਹੋਇਆ ਸੀ।

ਤਸਵੀਰ ਸਰੋਤ, Getty Images
ਆਪਣੇ ਹਸਪਤਾਲ ਦੇ ਬਿਸਤਰੇ ਤੋਂ ਉਨ੍ਹਾਂ ਨੇ ਬੀਬੀਸੀ ਹਿੰਦੀ ਨੂੰ ਦੱਸਿਆ, "ਮੈਂ ਆਪਣੀ ਭੈਣ ਅਤੇ ਦੋਸਤਾਂ ਕਹਿੰਦੇ ਰਹੀ ਕਿ ਇੱਥੋਂ ਚੱਲੋ ਕਿਉਂਕਿ ਬਹੁਤ ਧੱਕਾ-ਮੁੱਕੀ ਹੋ ਰਹੀ ਸੀ।''
''ਅਚਾਨਕ ਮੈਨੂੰ ਅਹਿਸਾਸ ਹੋਇਆ ਕਿ ਮੈਂ ਜ਼ਮੀਨ 'ਤੇ ਡਿੱਗੀ ਹੋਈ ਹਾਂ। ਇਸ ਤੋਂ ਬਾਅਦ ਮੈਂ ਲੋਕਾਂ ਦੀ ਭੀੜ ਵਿੱਚ ਕੁਚਲੀ ਗਈ। ਮੈਂ ਸੋਚਿਆ ਕਿ ਹੁਣ ਤਾਂ ਬਸ ਮਰਨ ਲੱਗੀ ਹਾਂ।''
ਸ਼ਾਮਿਲੀ ਦਾ ਮਾਮਲਾ ਉਨ੍ਹਾਂ ਲੋਕਾਂ ਤੋਂ ਕਾਫ਼ੀ ਵੱਖਰਾ ਸੀ, ਜੋ ਸਟੇਡੀਅਮ ਦੇ ਆਲੇ-ਦੁਆਲੇ ਦੇ ਇਲਾਕੇ ਵਿੱਚ ਆਏ ਸਨ, ਕਿਉਂਕਿ ਆਰਸੀਬੀ ਦੀ ਟੀਮ ਨੇ ਕ੍ਰਿਕਟ ਸਟੇਡੀਅਮ ਦੇ ਨੇੜਿਓਂ ਲੰਘਣਾ ਸੀ ਅਤੇ ਫਿਰ ਵਾਪਸ ਆ ਕੇ ਉਸੇ ਸਟੇਡੀਅਮ ਵਿੱਚ ਦਾਖਲ ਹੋਣਾ ਸੀ।
ਇਸੇ ਨੱਕੋ-ਨੱਕ ਭਰੇ ਚਿੰਨਾਸਵਾਮੀ ਸਟੇਡੀਅਮ ਵਿੱਚ ਉਨ੍ਹਾਂ ਦਾ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ ਸੀ।

ਤਸਵੀਰ ਸਰੋਤ, Getty Images
ਚਿੰਨਾਸਵਾਮੀ ਸਟੇਡੀਅਮ ਵਿੱਚ 30 ਤੋਂ 35 ਹਜ਼ਾਰ ਦਰਸ਼ਕਾਂ ਦੀ ਸਮਰੱਥਾ ਹੈ ਪਰ ਪੁਲਿਸ ਦਾ ਅੰਦਾਜ਼ਾ ਸੀ ਕਿ ਭੀੜ ਇੱਕ ਲੱਖ ਤੋਂ ਵੱਧ ਨਹੀਂ ਹੋਵੇਗੀ।
ਹਾਲਾਂਕਿ, ਪੁਲਿਸ ਅਧਿਕਾਰੀਆਂ ਦੇ ਜ਼ਿਆਦਾਤਰ ਅਨੁਮਾਨ ਮੁਤਾਬਕ ਭੀੜ ਇਸ ਤੋਂ ਵੀ ਦੁੱਗਣੀ ਹੋ ਗਈ ਸੀ। ਇੱਕ ਅੰਦਾਜ਼ੇ ਅਨੁਸਾਰ, ਇਹ ਭੀੜ ਤਿੰਨ ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਸੀ।
ਹਾਲਾਂਕਿ, ਸੂਬੇ ਦੇ ਮੁੱਖ ਮੰਤਰੀ ਸਿੱਧਾਰਮਈਆ ਨੇ ਕਿਹਾ ਹੈ ਕਿ ਉੱਥੇ ਦੋ ਲੱਖ ਲੋਕਾਂ ਦੀ ਭੀੜ ਪਹੁੰਚ ਗਈ ਸੀ।
ਇੱਕ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸਟੇਡੀਅਮ ਅਤੇ ਵਿਧਾਨ ਸੌਧ (ਵਿਧਾਨ ਸਭਾ) ਦੇ ਆਲੇ-ਦੁਆਲੇ ਇਕੱਠੀ ਹੋਈ ਭੀੜ 'ਉਨਮਾਦੀ' ਹੋ ਗਈ ਸੀ।
ਵਿਧਾਨ ਸੌਧ ਵਿੱਚ ਰਾਜਪਾਲ ਥਾਵਰਚੰਦ ਗਹਿਲੋਤ, ਮੁੱਖ ਮੰਤਰੀ ਸਿੱਧਾਰਮਈਆ ਅਤੇ ਉਪ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ ਨੇ ਆਈਪੀਐਲ ਜੇਤੂ ਟੀਮ ਆਰਸੀਬੀ ਦੇ ਖਿਡਾਰੀਆਂ ਦਾ ਸਨਮਾਨ ਕੀਤਾ ਸੀ।
ਪੁਲਿਸ ਨੇ ਬੇਕਾਬੂ ਭੀੜ 'ਤੇ ਲਾਠੀਚਾਰਜ ਕੀਤਾ

ਤਸਵੀਰ ਸਰੋਤ, Getty Images
ਸ਼ਾਮਿਲੀ ਨੇ ਦੱਸਿਆ, "ਫਿਰ ਅਚਾਨਕ ਮੈਂ ਬੇਹੋਸ਼ ਹੋ ਗਈ। ਲੋਕਾਂ ਨੇ ਮੇਰੇ ਚਿਹਰੇ 'ਤੇ ਪਾਣੀ ਛਿੜਕਿਆ ਅਤੇ ਮੈਨੂੰ ਹੋਸ਼ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਮੈਂ ਸਟੇਡੀਅਮ ਦੇ ਗੇਟ ਨੰਬਰ ਛੇ ਦੇ ਨੇੜੇ ਫੁੱਟਪਾਥ 'ਤੇ ਬੈਠ ਗਈ। ਪਰ ਮੇਰੇ ਢਿੱਡ ਵਿੱਚ ਅਸਹਿ ਦਰਦ ਸੀ।"
ਸ਼ਾਮਿਲੀ ਨੂੰ ਢਿੱਡ ਵਿੱਚ ਅਸਹਿ ਦਰਦ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ।
ਉਨ੍ਹਾਂ ਕਿਹਾ, "ਡਾਕਟਰਾਂ ਨੇ ਸਕੈਨ ਕਰਨ ਤੋਂ ਬਾਅਦ ਮੈਨੂੰ ਦੱਸਿਆ ਕਿ ਇਹ ਸਿਰਫ਼ ਮਾਸਪੇਸ਼ੀਆਂ ਦਾ ਦਰਦ ਹੈ, ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ। ਪਰ ਮੈਂ ਡਰੀ ਹੋਈ ਹਾਂ।"
ਫਿਲਹਾਲ ਉਨ੍ਹਾਂ ਨੂੰ ਡਾਕਟਰਾਂ ਦੀ ਨਿਗਰਾਨੀ 'ਚ ਰੱਖਿਆ ਗਿਆ ਹੈ।
ਸ਼ਾਮਿਲੀ ਵਾਂਗ ਹੀ ਇੱਕ ਹੋਰ ਨੌਜਵਾਨ ਵੀ ਹਸਪਤਾਲ ਵਿੱਚ ਦਾਖਲ ਹੈ। ਇਹ ਨੌਜਵਾਨ ਬੰਗਲੁਰੂ ਵਿੱਚ ਇੰਜੀਨੀਅਰਿੰਗ ਦਾ ਕੋਰਸ ਕਰ ਰਿਹਾ ਹੈ।
ਹਨੀਫ਼ ਮੁਹੰਮਦ ਨਾਮ ਦੇ ਇਸ ਨੌਜਵਾਨ ਨੇ ਬੀਬੀਸੀ ਹਿੰਦੀ ਨੂੰ ਦੱਸਿਆ, ''ਮੈਂ ਖੜ੍ਹਾ ਭੀੜ ਨੂੰ ਦੇਖ ਰਿਹਾ ਸੀ। ਮੇਰਾ ਸਟੇਡੀਅਮ ਦੇ ਅੰਦਰ ਜਾਣ ਦਾ ਕੋਈ ਇਰਾਦਾ ਨਹੀਂ ਸੀ ਕਿਉਂਕਿ ਮੇਰੇ ਕੋਲ ਕੋਈ ਪਾਸ ਜਾਂ ਟਿਕਟ ਨਹੀਂ ਸੀ। ਪਰ ਫਿਰ ਹਰ ਪਾਸੇ ਭੱਜਦੇ ਹੋਏ ਲੋਕ ਨਜ਼ਰ ਆਏ ਅਤੇ ਪੁਲਿਸ ਨੇ ਲੋਕਾਂ 'ਤੇ ਲਾਠੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ।''
''ਉਹ ਨਾ ਤਾਂ ਜ਼ਮੀਨ 'ਤੇ ਲਾਠੀ ਮਾਰ ਰਹੇ ਸਨ ਅਤੇ ਨਾ ਹੀ ਪੈਰਾਂ 'ਤੇ। ਇੱਕ ਪੁਲਿਸ ਵਾਲੇ ਨੇ ਮੇਰੇ ਸਿਰ 'ਤੇ ਲਾਠੀ ਮਾਰ ਦਿੱਤੀ। ਇਹ ਸਭ ਸਟੇਡੀਅਮ ਦੇ ਮੁੱਖ ਗੇਟ ਦੇ ਸਾਹਮਣੇ ਹੋ ਰਿਹਾ ਸੀ।''
ਹਨੀਫ਼ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਸਿਰ 'ਤੇ ਲਾਠੀ ਲੱਗਣ ਕਾਰਨ ਉਹ ਅੱਗੇ ਨਹੀਂ ਵਧ ਸਕੇ।
ਵਿਜੇਪੁਰਾ ਵਿੱਚ ਰਹਿਣ ਵਾਲੇ ਇਸ ਨੌਜਵਾਨ ਨੇ ਦੱਸਿਆ, ''ਮੈਂ ਪੁਲਿਸ ਵਾਲੇ ਨੂੰ ਮੇਰੇ ਸਿਰ ਵਿੱਚੋਂ ਖੂਨ ਵਗਦਾ ਦਿਖਾਇਆ। ਇਸ ਤੋਂ ਬਾਅਦ ਮੈਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਮੈਨੂੰ ਦੱਸਿਆ ਕਿ ਇਹ ਇੱਕ ਬਾਹਰੀ ਸੱਟ ਹੈ ਪਰ ਮੈਨੂੰ ਕੁਝ ਦਿਨਾਂ ਲਈ ਘਰ ਵਿੱਚ ਹੀ ਆਰਾਮ ਕਰਨ ਲਈ ਕਿਹਾ ਗਿਆ ਹੈ।''

ਤਸਵੀਰ ਸਰੋਤ, Getty Images
ਹਨੀਫ਼ ਵਾਂਗ ਹੀ ਦਿੱਲੀ ਯੂਨੀਵਰਸਿਟੀ ਦੇ ਕਾਮਰਸ ਦੇ ਆਖਰੀ ਸਾਲ ਦੇ ਵਿਦਿਆਰਥੀ ਮਨੋਜ ਵੀ ਉੱਥੋਂ ਲੰਘ ਰਹੇ ਜਲੂਸ ਨੂੰ ਦੇਖਣ ਵਾਸਤੇ ਖੜ੍ਹੇ ਸਨ।
ਉਨ੍ਹਾਂ ਦੱਸਿਆ ਕਿ ਜਿਵੇਂ-ਜਿਵੇਂ ਭੀੜ ਵਧਦੀ ਗਈ, ਧੱਕਾ-ਮੁੱਕੀ ਸ਼ੁਰੂ ਹੋ ਗਈ। ਉਸ ਦੌਰਾਨ, ਸਟੇਡੀਅਮ ਦੇ ਪ੍ਰਵੇਸ਼ ਦੁਆਰ 'ਤੇ ਲਗਾਇਆ ਗਿਆ ਇੱਕ ਪੁਲਿਸ ਬੈਰੀਕੇਡ ਉਨ੍ਹਾਂ ਦੀ ਲੱਤ 'ਤੇ ਡਿੱਗ ਪਿਆ।
ਮਨੋਜ ਨੇ ਦੱਸਿਆ, "ਮੈਂ ਬੈਰੀਕੇਡ ਦੇ ਨੇੜੇ ਸੀ। ਭੀੜ ਕਾਰਨ ਬੈਰੀਕੇਡ ਮੇਰੇ ਸੱਜੇ ਪੈਰ 'ਤੇ ਡਿੱਗ ਪਿਆ।"
ਉਹ ਆਪਣਾ ਪੂਰਾ ਨਾਮ ਨਹੀਂ ਦੱਸ ਰਹੇ ਸਨ ਕਿਉਂਕਿ ਉਹ ਨਹੀਂ ਚਾਹੁੰਦੇ ਸਨ ਕਿ ਉਨ੍ਹਾਂ ਪਰਿਵਾਰ ਨੂੰ ਪਤਾ ਲੱਗੇ ਕਿ ਉਹ ਉੱਥੇ ਗਏ ਸਨ ਅਤੇ ਜ਼ਖਮੀ ਹੋ ਗਏ ਹਨ।
ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨਾਲ ਸੰਪਰਕ ਨਹੀਂ ਕਰ ਸਕੀ ਹੈ ਪੁਲਿਸ

ਤਸਵੀਰ ਸਰੋਤ, Getty Images
ਇਹ ਸਿਰਫ਼ ਨੌਜਵਾਨਾਂ ਦੇ ਜ਼ਖਮੀ ਹੋਣ ਦੀਆਂ ਕੁਝ ਘਟਨਾਵਾਂ ਸਨ।
ਪਰ ਕੋਈ ਨਹੀਂ ਜਾਣਦਾ ਕਿ ਬੁੱਧਵਾਰ ਨੂੰ ਭਗਦੜ ਵਿੱਚ 11 ਲੋਕਾਂ ਦੀ ਮੌਤ ਕਿਸ ਹਾਲਾਤ ਵਿੱਚ ਹੋਈ।
ਉਨ੍ਹਾਂ ਦੀ ਉਮਰ ਨੂੰ ਵੇਖਦਿਆਂ ਇਹ ਲੱਗਦਾ ਹੈ ਕਿ ਇੰਨੀ ਵੱਡੀ ਭੀੜ ਦੇ ਸਮੇਂ ਕੁਝ ਲੋਕਾਂ ਨੂੰ ਖ਼ਤਰੇ ਦਾ ਅਹਿਸਾਸ ਵੀ ਨਹੀਂ ਹੋਇਆ ਹੋਵੇਗਾ।
ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਇੱਕ ਸਰਕਾਰੀ ਡਾਕਟਰ ਨੇ ਬੀਬੀਸੀ ਹਿੰਦੀ ਨੂੰ ਦੱਸਿਆ, "ਸਭ ਤੋਂ ਛੋਟਾ ਬੱਚਾ 13 ਸਾਲ ਦਾ ਸੀ। ਇਹ ਸਮਝਣਾ ਮੁਸ਼ਕਲ ਹੈ ਕਿ ਇੰਨੀ ਭੀੜ ਵਿੱਚ ਇੰਨਾ ਛੋਟਾ ਬੱਚਾ ਕੀ ਕਰ ਰਿਹਾ ਸੀ।''
ਇਸ ਹਸਪਤਾਲ 'ਚ ਲਿਆਏ ਗਏ ਬਾਕੀ ਪੰਜ ਲੋਕ 17, 20, 25, 27 ਅਤੇ 33 ਸਾਲ ਦੇ ਸਨ।
ਹਸਪਤਾਲ ਅਤੇ ਸਥਾਨਕ ਪੁਲਿਸ ਵਾਲੇ ਸਿਰਫ਼ ਇੱਕ ਨੌਜਵਾਨ ਮਹਿਲਾ ਦੇ ਰਿਸ਼ਤੇਦਾਰਾਂ ਅਤੇ ਸਾਥੀਆਂ ਨਾਲ ਹੀ ਸੰਪਰਕ ਕਰ ਸਕੇ ਜਿਸਦੀ ਭਗਦੜ ਵਿੱਚ ਮੌਤ ਹੋ ਗਈ ਸੀ, ਅਤੇ ਬਾਕੀ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਨਹੀਂ ਹੋ ਸਕਿਆ।
ਡਿਊਟੀ 'ਤੇ ਮੌਜੂਦ ਇੱਕ ਪੁਲਿਸ ਵਾਲੇ ਨੇ ਦੱਸਿਆ, "ਮ੍ਰਿਤਕਾਂ ਵਿੱਚੋਂ ਕੋਈ ਵੀ ਬੰਗਲੁਰੂ ਸ਼ਹਿਰ ਤੋਂ ਨਹੀਂ ਸੀ। ਉਨ੍ਹਾਂ ਵਿੱਚੋਂ ਹਰ ਕੋਈ ਕਰਨਾਟਕ ਦੇ ਜਾਂ ਗੁਆਂਢੀ ਸੂਬਿਆਂ ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸੀ।"
ਪੁਲਿਸ ਵਾਲੇ ਨੇ ਦੱਸਿਆ, "ਅਸੀਂ ਉਨ੍ਹਾਂ ਵਿੱਚੋਂ ਦੋ-ਚਾਰ ਦੇ ਰਿਸ਼ਤੇਦਾਰਾਂ ਨਾਲ ਵੀ ਸੰਪਰਕ ਨਹੀਂ ਕਰ ਸਕੇ ਹਾਂ। ਮ੍ਰਿਤਕਾਂ ਦੇ ਫ਼ੋਨ ਜਾਂ ਤਾਂ ਗੁੰਮ ਹੋ ਗਏ ਹਨ ਜਾਂ ਚੋਰੀ ਕਰ ਲਏ ਗਏ ਹਨ।"
ਹਸਪਤਾਲ ਵਿੱਚ ਮੌਜੂਦ ਇੱਕ ਡਾਕਟਰ ਨੇ ਦੱਸਿਆ ਕਿ ਜ਼ਿਆਦਾਤਰ ਮ੍ਰਿਤਕਾਂ ਦੀ ਮੌਤ ਹਸਪਤਾਲ ਲਿਆਉਣ ਤੋਂ ਪਹਿਲਾਂ ਹੀ ਹੋ ਗਈ ਸੀ। ਇਹ ਲੋਕ ਦਮ ਘੁੱਟਣ ਜਾਂ ਪਸਲੀਆਂ ਦੇ ਟੁੱਟਣ ਕਾਰਨ ਮਾਰੇ ਗਏ ਸਨ। ਜਿੱਥੇ ਭਗਦੜ ਮਚੀ ਸੀ, ਉਸ ਥਾਂ ਐਂਬੂਲੈਂਸ ਦਾ ਪਹੁੰਚਣਾ ਵੀ ਮੁਸ਼ਕਲ ਹੋ ਰਿਹਾ ਸੀ ਕਿਉਂਕਿ ਰਸਤੇ ਵਿੱਚ ਭਾਰੀ ਭੀੜ ਲੱਗੀ ਹੋਈ ਸੀ।
'ਭੀੜ ਨੂੰ ਸੰਭਾਲਣ ਲਈ ਕੋਈ ਤਿਆਰੀ ਨਹੀਂ ਸੀ'

ਤਸਵੀਰ ਸਰੋਤ, Getty Images
ਪਰ ਜਦੋਂ ਚਿੰਨਾਸਵਾਮੀ ਸਟੇਡੀਅਮ ਦੇ ਆਲੇ-ਦੁਆਲੇ ਦੀਆਂ ਸੜਕਾਂ 'ਤੇ ਪੂਰੀ ਤਰ੍ਹਾਂ ਹਫੜਾ-ਦਫੜੀ ਸੀ ਅਤੇ ਜਨਜੀਵਨ ਠੱਪ ਹੋ ਗਿਆ ਸੀ, ਤਾਂ ਵਿਧਾਨ ਸੌਧਾ ਦੀਆਂ ਪੌੜੀਆਂ 'ਤੇ ਰਾਜਪਾਲ, ਮੁੱਖ ਮੰਤਰੀ ਅਤੇ ਉਨ੍ਹਾਂ ਦੇ ਕੈਬਨਿਟ ਮੰਤਰੀਆਂ ਦੁਆਰਾ ਸਨਮਾਨਿਤ ਕੀਤੇ ਜਾਣ ਤੋਂ ਬਾਅਦ ਆਰਸੀਬੀ ਟੀਮ ਸਟੇਡੀਅਮ ਵਿੱਚ ਦਾਖਲ ਹੋ ਚੁੱਕੀ ਸੀ।
ਇੱਕ ਨੌਜਵਾਨ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ, "ਉਹ ਜਿੱਤ ਦੀ ਖੁਸ਼ੀ ਵਿੱਚ ਸਟੇਡੀਅਮ ਵਿੱਚ ਚਾਰੇ ਪਾਸੇ ਦੌੜ ਲਗਾ ਰਹੇ ਸਨ। ਸਟੇਡੀਅਮ ਦੇ ਅੰਦਰ ਇਸ ਗੱਲ ਦਾ ਕੋਈ ਸੰਕੇਤ ਨਹੀਂ ਸੀ ਕਿ ਬਾਹਰ ਕੀ ਹੋਇਆ ਹੈ।"
ਮੁੱਖ ਮੰਤਰੀ ਸਿੱਧਾਰਮਈਆ ਨੇ ਕਿਹਾ, "ਖੁਸ਼ੀ ਦਾ ਮੌਕਾ ਦੁੱਖ ਵਿੱਚ ਬਦਲ ਗਿਆ।" ਉਨ੍ਹਾਂ ਨੇ ਪੂਰੀ ਘਟਨਾ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਹਨ।
ਭਗਦੜ ਵਿੱਚ ਜ਼ਖਮੀ ਹੋਏ ਇੱਕ ਵਿਅਕਤੀ ਦੇ ਰਿਸ਼ਤੇਦਾਰ ਨੇ ਪੱਤਰਕਾਰ ਨੂੰ ਦੱਸਿਆ, "ਆਮ ਤੌਰ 'ਤੇ ਅਜਿਹੇ ਸਨਮਾਨ ਸਮਾਰੋਹ ਅਜਿਹੇ ਮਾਹੌਲ ਵਿੱਚ ਕੀਤੇ ਜਾਂਦੇ ਹਨ ਜਿੱਥੇ ਸਥਿਤੀ ਕਾਬੂ ਵਿੱਚ ਹੁੰਦੀ ਹੈ। ਇਹ ਸਟੇਡੀਅਮ ਜਾਂ ਕੋਈ ਹੋਰ ਜਗ੍ਹਾ ਹੋ ਸਕਦੀ ਸੀ। ਪਰ ਸਥਿਤੀ ਨੂੰ ਕਾਬੂ ਵਿੱਚ ਰੱਖਣਾ ਜ਼ਰੂਰੀ ਸੀ। ਪਰ ਇਸ ਘਟਨਾ ਨੂੰ ਦੇਖ ਕੇ ਅਜਿਹਾ ਲੱਗਦਾ ਹੈ ਕਿ ਇੱਥੇ ਅਜਿਹੀ ਕੋਈ ਤਿਆਰੀ ਨਹੀਂ ਸੀ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












