ਆਈਪੀਐੱਲ 2025: ਪੰਜਾਬ ਕਿੰਗਜ਼ ਸ਼੍ਰੇਅਸ ਅਈਅਰ ਦੀ ਕਪਤਾਨੀ ਵਿੱਚ ਟਰਾਫ਼ੀ ਤੋਂ ਕਿਉਂ ਖੁੰਝ ਗਿਆ – 5 ਨੁਕਤਿਆਂ ਵਿੱਚ ਸਮਝੋ

ਵਿਰਾਟ ਕੋਹਲੀ ਅਤੇ ਸ਼੍ਰੇਅਸ ਅਈਅਰ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਵਿਰਾਟ ਕੋਹਲੀ ਅਤੇ ਸ਼੍ਰੇਅਸ ਅਈਅਰ ਮੈਚ ਦੇ ਨਤੀਜੇ ਤੋਂ ਬਾਅਦ ਆਪੋ-ਆਪਣੇ ਹਾਵ-ਭਾਵ ਵਿਅਕਤ ਕਰਦੇ ਹੋਏ
    • ਲੇਖਕ, ਹਰਪਿੰਦਰ ਸਿੰਘ ਟੌਹੜਾ
    • ਰੋਲ, ਬੀਬੀਸੀ ਪੱਤਰਕਾਰ

ਪੰਜਾਬ ਕਿੰਗਜ਼ ਦੀ ਪਾਰੀ ਵਿੱਚ ਜਦੋਂ ਆਰਸੀਬੀ ਅੱਗੇ ਸੰਘਰਸ਼ ਕਰ ਰਹੇ ਪ੍ਰਭਸਿਮਰਨ ਸਿੰਘ ਆਊਟ ਹੋਏ ਤਾਂ ਕਪਤਾਨ ਸ਼੍ਰੇਅਸ ਅਈਅਰ ਮੈਦਾਨ ਵਿੱਚ ਆਏ।

ਇਹ ਉਮੀਦ ਕੀਤੀ ਜਾ ਰਹੀ ਸੀ ਕਿ ਸ਼੍ਰੇਅਸ ਅਈਅਰ ਉਸੇ ਤਰ੍ਹਾਂ ਦੀ ਪਾਰੀ ਖੇਡਣਗੇ ਜਿਸ ਤਰ੍ਹਾਂ ਉਨ੍ਹਾਂ ਨੇ ਮੁੰਬਈ ਖਿਲਾਫ਼ ਖੇਡੀ ਸੀ।

ਪਰ ਇੱਕ ਰਨ ਉੱਤੇ ਜਦੋਂ ਉਹ ਆਊਟ ਹੋਏ ਤਾਂ ਪੰਜਾਬੀਆਂ ਦਾ ਦਿਲ ਹੀ ਟੁੱਟ ਗਿਆ। ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦੇ ਕੋਚ ਜਸਵੰਤ ਰਾਇ ਮੁਤਾਬਕ ਇਹ ਮੈਚ ਦਾ ਸਭ ਤੋਂ ਵੱਡਾ ਟਰਨਿੰਗ ਪੁਆਈਂਟ ਸੀ।

ਦਰਅਸਲ ਆਈਪੀਐੱਲ ਦੇ 18ਵੇਂ ਸੀਜ਼ਨ ਵਿੱਚ ਪੰਜਾਬ ਕਿੰਗਜ਼ ਨੂੰ ਫਾਈਨਲ ਮੁਕਾਬਲੇ ਵਿੱਚ ਰਾਇਲ ਚੈਲੰਜਰਸ ਬੈਂਗਲੁਰੂ ਹੱਥੋਂ 6 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਪੰਜਾਬ ਦੀ ਟੀਮ 11 ਸਾਲ ਬਾਅਦ ਆਈਪੀਐੱਲ ਦੇ ਫਾਈਨਲ ਵਿੱਚ ਪਹੁੰਚੀ ਸੀ, ਪਰ ਖਿਤਾਬ ਜਿੱਤਣ ਵਿੱਚ ਨਾਕਾਮ ਰਹੀ।

ਇੱਕ ਪਾਸੇ ਜਿੱਥੇ ਆਰਸੀਬੀ ਨੇ 18 ਸਾਲਾਂ ਵਿੱਚ ਪਹਿਲੀ ਵਾਰ ਆਈਪੀਐੱਲ ਟਰਾਫ਼ੀ ਆਪਣੇ ਨਾਮ ਕੀਤੀ ਉੱਥੇ ਹੀ ਪੰਜਾਬ ਨੂੰ ਪਹਿਲੀ ਆਈਪੀਐੱਲ ਟਰਾਫੀ ਜਿੱਤਣ ਲਈ ਇੱਕ ਹੋਰ ਸਾਲ ਦਾ ਇੰਤਜ਼ਾਰ ਕਰਨਾ ਪਵੇਗਾ।

ਪੰਜਾਬ ਕਿੰਗਜ਼ ਦੀ ਹਾਰ ਦੇ ਕਿਹੜੇ ਉਹ ਕਾਰਨ ਰਹੇ ਜਿਨ੍ਹਾਂ ਕਾਰਨ ਆਈਪੀਐੱਲ ਦੀ ਟਰਾਫੀ ਹੱਥ ਵਿੱਚ ਆਉਂਦੀ ਆਉਂਦੀ ਖੁੱਸ ਗਈ। ਇਸ ਰਿਪੋਰਟ ਵਿੱਚ ਉਨ੍ਹਾਂ ਕੁਝ ਬਿੰਦੂਆਂ ਬਾਰੇ ਗੱਲ ਕਰਾਂਗੇ।

ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡੇ ਗਏ ਫਾਈਨਲ ਮੁਕਾਬਲੇ ਵਿੱਚ ਪੰਜਾਬ ਕਿੰਗਜ਼ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ।

ਆਰਸੀਬੀ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜਾਬ ਸਾਹਮਣੇ 191 ਦੌੜਾਂ ਦਾ ਟੀਚਾ ਰੱਖਿਆ। ਇਸ ਟੀਚੇ ਦਾ ਪਿੱਛਾ ਕਰਦਿਆਂ ਪੰਜਾਬ ਦੀ ਟੀਮ 184 ਦੌੜਾਂ ਹੀ ਬਣਾ ਸਕੀ ਅਤੇ ਮਹਿਜ਼ 6 ਦੌੜਾਂ ਨਾਲ ਮੈਚ ਹੱਥੋਂ ਗਵਾ ਬੈਠੀ।

ਕਰੁਨਾਲ ਪਾਂਡਿਆ ਨੇ ਪੰਜਾਬ ਨੂੰ ਰੋਕਿਆ

ਸ਼੍ਰੇਅਸ ਅਈਅਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸ਼੍ਰੇਅਸ ਅਈਅਰ ਪਿਛਲੇ ਸਾਲ ਕੇਕੇਆਰ ਦੇ ਕਪਤਾਨ ਵਜੋਂ ਚੈਂਪੀਅਨ ਬਣੇ ਸਨ।

ਅਰਸ਼ਦੀਪ ਸਿੰਘ ਦੇ ਕੋਚ ਰਹੇ ਜਸਵੰਤ ਰਾਏ ਪੰਜਾਬ ਕਿੰਗਜ਼ ਦੀ ਹਾਰ ਦਾ ਕਾਰਨ ਟੀਮ ਦੀ ਬੱਲੇਬਾਜ਼ੀ ਦਾ ਬਿਖਰਨਾ ਮੰਨਦੇ ਹਨ।

ਜਸਵੰਤ ਰਾਏ ਕਹਿੰਦੇ ਹਨ ਕਿ ਪੰਜਾਬ ਨੇ ਚੰਗਾ ਪ੍ਰਦਰਸ਼ਨ ਕੀਤਾ ਪਰ ਪੰਜਾਬ ਕੇਵਲ 6 ਦੌੜਾਂ ਨਾਲ ਹੀ ਪਿਛੜ ਗਿਆ। ਜਦਕਿ ਦੋਵੇਂ ਟੀਮਾਂ ਬਰਾਬਰ ਦੀਆਂ ਸਨ।

ਜਸਵੰਤ ਰਾਏ ਕਹਿੰਦੇ ਹਨ, "ਪੰਜਾਬ ਨੂੰ ਸਟਾਰਟ ਚੰਗਾ ਮਿਲਿਆ ਸੀ। ਪਰ ਵਿਚਾਲੇ ਦੋ ਵਿਕਟਾਂ ਜਲਦੀ ਡਿੱਗਣ ਕਾਰਨ ਟੀਮ ਨੂੰ ਧੱਕਾ ਲੱਗਿਆ।"

ਜਸਵੰਤ ਰਾਏ ਕਹਿੰਦੇ ਹਨ ਕਿ ਪਹਿਲਾਂ ਸ਼੍ਰੇਅਸ ਦਾ ਵਿਕਟ ਜਲਦੀ ਡਿੱਗਿਆ ਉਨ੍ਹਾਂ ਤੋਂ ਬਾਅਦ ਚੰਗਾ ਖੇਡ ਰਹੇ ਜੋਸ਼ ਇੰਗਲਿਸ ਵੀ ਆਊਟ ਹੋ ਗਏ। ਜਿਸ ਸਮੇਂ ਇੰਗਲਿਸ ਆਊਟ ਹੋਏ ਉਦੋਂ ਟੀਮ ਦਾ ਸਕੋਰ 12.1 ਓਵਰਾਂ ਵਿੱਚ 98 ਸੀ।

ਜ਼ਿਕਰਯੋਗ ਹੈ ਕਿ ਆਰਸੀਬੀ ਵੱਲੋਂ ਸਪਿਨਰ ਕਰੁਨਾਲ ਪਾਂਡਿਆ ਨੇ ਫਾਈਨਲ ਵਿੱਚ ਸ਼ਾਨਦਾਰ ਗੇਂਦਬਾਜ਼ੀ ਕੀਤੀ।

ਪਾਂਡਿਆ ਨੇ 4 ਓਵਰਾਂ ਵਿੱਚ ਮਹਿਜ਼ 17 ਦੌੜਾਂ ਦਿੱਤੀਆਂ। ਉਨ੍ਹਾਂ ਨੇ ਮਹੱਤਵਪੂਰਨ ਦੋ ਵਿਕਟਾਂ ਵੀ ਹਾਸਲ ਕੀਤੀਆਂ।

ਜਸਵੰਤ ਰਾਏ ਕਹਿੰਦੇ ਹਨ, "ਸਭ ਤੋਂ ਖ਼ਾਸ ਗੱਲ ਕਿ ਕਰੁਨਾਲ ਪਾਂਡਿਆ ਨੇ 24 ਗੇਂਦਾਂ ਜੋ ਉਨ੍ਹਾਂ ਵੱਲੋਂ ਸੁੱਟੀਆਂ ਗਈਆਂ ਉਨ੍ਹਾਂ 'ਚੋਂ 12 ਡਾਟ ਕੀਤੀਆਂ ਸਨ। ਇਹ ਡਾਟ ਗੇਂਦਾਂ ਵੀ ਆਰਸੀਬੀ ਦੀ ਜਿੱਤ ਦਾ ਅੰਤ ਵਿੱਚ ਇੱਕ ਕਾਰਨ ਬਣੀਆਂ।"

"ਕਰੁਨਾਲ ਨੇ ਕਰੀਜ਼ ਤੇ ਲੰਬਾ ਸਮਾਂ ਬਿਤਾ ਚੁੱਕੇ ਦੋ ਬੱਲੇਬਾਜ਼ਾਂ ਨੂੰ ਪਵੇਲੀਅਨ ਭੇਜਿਆ। ਪਹਿਲਾ ਵਿਕਟ ਸਲਾਮੀ ਬੱਲੇਬਾਜ਼ ਪ੍ਰਭਸਿਮਰਨ ਅਤੇ ਦੂਜਾ ਜੋਸ਼ ਇੰਗਲਿਸ ਦਾ ਲਿਆ।"

ਇਸੇ ਲਾਜਵਾਬ ਗੇਂਦਬਾਜ਼ੀ ਸਦਕਾ ਕਰੁਨਾਲ ਪਾਂਡਿਆ ਨੂੰ ਮੈਨ ਆਫ ਦਾ ਮੈਚ ਵੀ ਚੁਣਿਆ ਗਿਆ।

ਜਸਵੰਤ ਰਾਏ ਕਹਿੰਦੇ ਹਨ ਕਿ ਜਿਸ ਤਰ੍ਹਾਂ ਕਰੁਨਾਲ ਨੇ 4 ਓਵਰ ਦਾ ਸਪੈੱਲ ਕੀਤਾ ਇਹ ਮੈਚ ਦਾ ਅਹਿਮ ਮੋੜ ਰਿਹਾ।

ਉਹ ਕਹਿੰਦੇ ਹਨ ਕਰੁਨਾਲ ਪਾਂਡਿਆ ਨੇ ਵਿਕਟਾਂ ਵੀ ਲਈਆਂ, ਸਕੋਰ ਵੀ ਨਹੀਂ ਦਿੱਤੇ, ਇਸੇ ਕਾਰਨ ਆਰਸੀਬੀ ਦੀ ਗੇਂਦਬਾਜ਼ੀ ਚੰਗੀ ਰਹੀ।

"ਮੈਚ ਤੋਂ ਬਾਅਦ ਸ਼੍ਰੇਅਸ ਅਈਅਰ ਨੇ ਕਰੁਣਾਲ ਪੰਡਯਾ ਦੀ ਗੇਂਦਬਾਜ਼ੀ ਦਾ ਜ਼ਿਕਰ ਕਰਦਿਆਂ ਪ੍ਰਸ਼ੰਸਾ ਕੀਤੀ।"

"ਅਈਅਰ ਨੇ ਕਿਹਾ ਕਰੁਣਾਲ ਕੋਲ ਬਹੁਤ ਤਜਰਬਾ ਹੈ ਅਤੇ ਮੇਰਾ ਮੰਨਣਾ ਹੈ ਕਿ ਉਸਦਾ ਚਾਰ ਓਵਰਾਂ ਦਾ ਸਪੈੱਲ ਟਰਨਿੰਗ ਪੁਆਇੰਟ ਸੀ।"

ਅਈਅਰ ਦੇ ਆਊਟ ਦਾ ਨੁਕਸਾਨ

ਕਪਤਾਨ ਸ਼੍ਰੇਅਸ ਅਈਅਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਦੋਂ ਕਪਤਾਨ ਸ਼੍ਰੇਅਸ ਅਈਅਰ ਆਊਟ ਹੋਏ ਉਸ ਸਮੇਂ ਪੰਜਾਬ ਦਾ ਸਕੋਰ 79 ਦੌੜਾਂ 'ਤੇ ਤਿੰਨ ਵਿਕਟਾਂ ਸੀ।

ਪੰਜਾਬ ਨੇ ਪਹਿਲੇ 9 ਓਵਰਾਂ ਤੱਕ ਮਹਿਜ਼ ਦੋ ਵਿਕਟ ਗਵਾਏ ਸਨ। ਇਸ ਸਮੇਂ ਤੱਕ ਟੀਮ ਚੰਗੀ ਲੈਅ ਵਿੱਚ ਵੀ ਲੱਗ ਰਹੀ ਸੀ। ਪਰ 10ਵੇਂ ਓਵਰ ਦੀ ਚੌਥੀ ਗੇਂਦ 'ਤੇ ਆਰਸੀਬੀ ਦੇ ਤੇਜ਼ ਗੇਂਦਬਾਜ਼ ਰੋਮਾਰੀਓ ਸ਼ੇਪਹੇਰਡ ਨੇ ਕਪਤਾਨ ਸ਼੍ਰੇਅਸ ਅਈਅਰ ਨੂੰ ਆਊਟ ਕਰ ਦਿੱਤਾ।

ਜਿਸ ਸਮੇਂ ਅਈਅਰ ਆਊਟ ਹੋਏ ਉਸ ਸਮੇਂ ਪੰਜਾਬ ਦਾ ਸਕੋਰ 79 ਦੌੜਾਂ 'ਤੇ ਤਿੰਨ ਵਿਕਟਾਂ ਸੀ।

ਪੰਜਾਬ ਦੀ ਹਾਰ ਦਾ ਕਾਰਨ ਟੀਮ ਦੇ ਕਪਤਾਨ ਅਤੇ ਆਪਣੀ ਟੀਮ ਵੱਲੋਂ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਸ਼੍ਰੇਅਸ ਅਈਅਰ ਦਾ ਜਲਦੀ ਆਊਟ ਹੋਣਾ ਵੀ ਰਿਹਾ।

ਮੁੰਬਈ ਦੇ ਖ਼ਿਲਾਫ਼ ਕੁਆਲੀਫਾਇਰ 2 ਵਿੱਚ ਸ਼੍ਰੇਅਸ ਆਈਅਰ ਨੇ ਚੰਗਾ ਪ੍ਰਦਰਸ਼ਨ ਕੀਤਾ ਸੀ ਅਤੇ ਉਨ੍ਹਾਂ ਨੇ ਨਾਬਾਦ 87 ਦੌੜਾਂ ਦੀ ਪਾਰੀ ਖੇਡੀ ਸੀ।

ਇਹ ਵੀ ਪੜ੍ਹੋ-

ਆਰਸੀਬੀ ਦੇ ਖ਼ਿਲਾਫ਼ ਅਈਅਰ ਕੇਵਲ ਇੱਕ ਰਨ ਹੀ ਬਣਾ ਕੇ ਆਊਟ ਹੋ ਗਏ।

ਅਈਅਰ ਦੇ ਆਊਟ ਹੋਣ ਬਾਅਦ ਬਾਕੀ ਬੱਲੇਬਾਜ਼ ਦਬਾਅ ਨਹੀਂ ਝੱਲ ਸਕੇ ਅਤੇ ਇੱਕ ਤੋਂ ਬਾਅਦ ਇੱਕ ਵਿਕਟ ਡਿੱਗਦਾ ਰਿਹਾ।

ਅਰਸ਼ਦੀਪ ਸਿੰਘ ਦੇ ਕੋਚ ਰਹੇ ਜਸਵੰਤ ਰਾਏ ਵੀ ਮੰਨਦੇ ਹਨ ਕਿ ਸ਼੍ਰੇਅਸ ਅਈਅਰ ਦਾ ਜਲਦ ਆਊਟ ਹੋਣਾ ਸਭ ਤੋਂ ਵੱਡਾ ਮੈਚ ਦਾ ਟਰਨਿੰਗ ਪੁਆਇੰਟ ਰਿਹਾ।

ਜਸਵੰਤ ਰਾਏ ਨੇ ਕਿਹਾ,"ਜੇਕਰ ਸ਼੍ਰੇਅਸ ਜਲਦੀ ਆਊਟ ਨਾ ਹੁੰਦੇ ਤੇ ਉਨ੍ਹਾਂ ਕਰੁਨਾਲ ਪਾਂਡਿਆ ਨੂੰ ਚੰਗਾ ਖੇਡਣਾ ਸੀ ਅਤੇ ਉਨ੍ਹਾਂ ਖ਼ਿਲਾਫ਼ ਅਟੈਕ ਵੀ ਕਰਦੇ ਕਿਉਂ ਕਿ ਸ਼੍ਰੇਅਸ ਸਪਿਨ ਨੂੰ ਚੰਗਾ ਖੇਡਣ ਵਾਲੇ ਬੱਲੇਬਾਜ਼ ਹੈ।"

ਕਰੁਨਾਲ ਪਾਂਡਿਆ ਤੋਂ ਇਲਾਵਾ ਆਰਸੀਬੀ ਵੱਲੋਂ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਵੀ ਚੰਗੀ ਗੇਂਦਬਾਜ਼ੀ ਕੀਤੀ।

ਉਨ੍ਹਾਂ ਨੇ ਵੀ 4 ਓਵਰਾਂ ਵਿੱਚ 38 ਦੌੜਾਂ ਦੇ ਕੇ ਦੋ ਅਹਿਮ ਵਿਕਟ ਲਏ। ਭੁਵਨੇਸ਼ਵਰ ਨੇ ਇਹ ਦੋਵੇਂ ਵਿਕਟਾਂ ਇੱਕੋ ਓਵਰ ਵਿੱਚ ਹਾਸਿਲ ਕੀਤੀਆਂ।

ਭੁਵਨੇਸ਼ਵਰ ਨੇ ਪਹਿਲਾਂ ਨੇਹਾਲ ਵਡੇਰਾ ਨੂੰ ਆਊਟ ਕੀਤਾ, ਉਸ ਤੋਂ ਬਾਅਦ ਮਾਰਕਸ ਸਟੋਇਨਸ ਦਾ ਵਿਕਟ ਲਿਆ। ਇਹ ਦੋਵੇਂ ਬੱਲੇਬਾਜ਼ ਪੰਜਾਬ ਨੂੰ ਕਈ ਵਾਰ ਮੁਸੀਬਤ ਚੋਂ ਬਾਹਰ ਕੱਢ ਚੁੱਕੇ ਹਨ।

ਆਰਸੀਬੀ ਦੀ ਫੀਲਡਿੰਗ ਸ਼ਾਨਦਾਰ ਰਹੀ

ਆਰਸੀਬੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਰਸੀਬੀ ਮੈਚ ਜਿੱਤਣ ਤੋਂ ਬਾਅਦ ਜਸ਼ਨ ਦੇ ਰੋਹ ਵਿੱਚ

ਜਸਵੰਤ ਰਾਏ ਆਰਸੀਬੀ ਦੀ ਫੀਲਡਿੰਗ ਦੀ ਤਾਰੀਫ਼ ਕਰਦੇ ਹਨ।

ਉਹ ਕਹਿੰਦੇ ਹਨ,"ਆਰਸੀਬੀ ਦੀ ਫੀਲਡਿੰਗ ਵੀ ਫਾਈਨਲ ਮੁਕਾਬਲੇ ਵਿੱਚ ਕਮਾਲ ਦੀ ਰਹੀ। ਜਿਸ ਤਰ੍ਹਾਂ ਬਾਊਂਡਰੀ 'ਤੇ ਫਿਲ ਸਾਲਟ ਨੇ ਪਰਿਆਂਸ਼ ਆਰਿਆ ਦਾ ਕੈਚ ਫੜਿਆ, ਉਹ ਵੀ ਇੱਕ ਮੈਚ ਦਾ ਟਰਨਿੰਗ ਪੁਆਇੰਟ ਮੰਨਿਆ ਜਾ ਸਕਦਾ।"

"ਪ੍ਰਿਆਂਸ਼ ਆਰਿਆ ਤੇਜ਼ਤਰਾਰ ਬੱਲੇਬਾਜ਼ੀ ਕਰਨ ਲਈ ਜਾਣੇ ਜਾਂਦੇ ਹਨ ਅਤੇ ਉਹ 19 ਗੇਂਦਾਂ ਖੇਡ ਕੇ 24 ਦੌੜਾਂ ਬਣਾ ਵੀ ਚੁੱਕੇ ਸਨ।"

"ਇਸ ਕੈਚ ਸਦਕਾ ਹੀ ਪੰਜਾਬ ਨੂੰ ਪਹਿਲਾ ਝਟਕਾ ਲੱਗਿਆ ਸੀ। ਇਸ ਤੋਂ ਬਾਅਦ ਲਿਵਿੰਗਸਟਾਨ ਨੇ ਕਰੁਨਾਲ ਪਾਂਡਿਆ ਦੀ ਗੇਂਦ ’ਤੇ ਬਾਊਂਡਰੀ 'ਤੇ ਹੀ ਜੋਸ਼ ਇੰਗਲਿਸ ਦਾ ਕੈਚ ਕੀਤਾ। ਇਹ ਕੈਚ ਵੀ ਮੁਸ਼ਕਿਲ ਸੀ। ਕਿਉਂਕਿ ਦਬਾਅ ਵਾਲੇ ਮੁਕਾਬਲੇ ਵਿੱਚ ਬਾਊਂਡਰੀ 'ਤੇ ਕੈਚ ਕਰਨਾ ਕਾਫੀ ਔਖਾ ਵੀ ਹੁੰਦਾ ਹੈ।"

ਕੀ ਹੌਲੀ ਬੱਲੇਬਾਜ਼ੀ ਕਰਨਾ ਵੀ ਟੀਮ 'ਤੇ ਭਾਰੂ ਪਿਆ?

ਪੰਜਾਬ ਕਿੰਗਜ਼ ਦੇ ਗੇਂਦਬਾਜ਼ ਅਰਸ਼ਦੀਪ ਸਿੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੰਜਾਬ ਕਿੰਗਜ਼ ਦੇ ਗੇਂਦਬਾਜ਼ ਅਰਸ਼ਦੀਪ ਸਿੰਘ

ਫਾਈਨਲ ਵਿੱਚ ਪੰਜਾਬ ਦੀ ਟੀਮ 191 ਦੌੜਾਂ ਦੇ ਟੀਚੇ ਪਿੱਛਾ ਕਰ ਰਹੀ ਸੀ।

ਆਈਪੀਐੱਲ ਵਿੱਚ ਤੇਜ਼ ਬੱਲੇਬਾਜ਼ੀ ਕਰਨ ਲਈ ਜਾਣੇ ਜਾਂਦੇ ਪੰਜਾਬ ਦੇ ਓਪਨਰ ਪ੍ਰਭਸਿਮਰਨ ਨੇ 22 ਗੇਂਦਾਂ ਵਿੱਚ ਸਿਰਫ਼ 26 ਦੌੜਾਂ ਹੀ ਬਣਾਈਆਂ।

ਜਦੋਂਕਿ ਮਿਡਲ ਆਰਡਰ ਵਿੱਚ ਨੇਹਾਲ ਵਡੇਰਾ ਨੇ 18 ਗੇਂਦਾਂ ਵਿੱਚ ਸਿਰਫ਼ 15 ਦੌੜਾਂ ਦਾ ਯੋਗਦਾਨ ਦਿੱਤਾ।

ਦੋਵੇਂ ਮਿਲਕੇ 40 ਗੇਂਦਾਂ ਵਿੱਚ ਸਿਰਫ਼ 41 ਦੌੜਾਂ ਹੀ ਬਣਾ ਸਕੇ। ਇਸ ਦਾ ਇੱਕ ਕਾਰਨ ਆਰਸੀਬੀ ਦੀ ਚੰਗੀ ਗੇਂਦਬਾਜ਼ੀ ਵੀ ਕਹੀ ਜਾ ਸਕਦੀ ਹੈ।

ਜਸਵੰਤ ਰਾਏ ਕਹਿੰਦੇ ਹਨ ਕਿ ਆਰਸੀਬੀ ਦੇ ਗੇਂਦਬਾਜ਼ਾਂ ਨੇ ਪੰਜਾਬ ਦੇ ਬੱਲੇਬਾਜ਼ਾਂ 'ਤੇ ਦਬਾਅ ਬਣਾ ਕੇ ਰੱਖਿਆ ਅਤੇ ਉਹ ਇਸੇ ਦਬਾਅ ਵਿੱਚੋਂ ਬਾਅਰ ਆਉਣ 'ਚ ਅਸਫ਼ਲ ਵੀ ਸਾਬਤ ਹੋਏ।

"ਇਸੇ ਦਬਾਅ ਨੂੰ ਘੱਟ ਕਰਨ ਲਈ ਜੋਸ਼ ਇੰਗਲਿਸ ਨੇ ਆਪਣਾ ਵਿਕਟ ਗਵਾਇਆ। ਕਿਉਂਕਿ ਸ਼੍ਰੇਅਸ ਅਈਅਰ ਦੇ ਆਊਟ ਹੋਣ ਬਾਅਦ ਟੀਮ ਦਬਾਅ ਵਿੱਚ ਨਜ਼ਰ ਆ ਰਹੀ ਸੀ।"

"ਇਸ ਦਬਾਅ ਦਾ ਅਸਰ ਇੰਗਲਿਸ ਦੀ ਬੱਲੇਬਾਜ਼ੀ 'ਤੇ ਵੀ ਝਲਕ ਰਿਹਾ ਸੀ। ਉਨ੍ਹਾਂ ਨੇ ਤੇਜ਼ ਦੌੜਾਂ ਬਣਾਉਣ ਦੇ ਚੱਕਰ ਵਿੱਚ ਹਵਾਈ ਸ਼ਾਟ ਖੇਡਿਆ ਅਤੇ ਲਾਂਗ ਆਨ 'ਤੇ ਕੈਚ ਆਊਟ ਹੋ ਗਏ।"

ਕਈ ਖਿਡਾਰੀਆਂ ਦਾ ਪਹਿਲਾ ਫਾਈਨਲ ਸੀ

ਆਈਪੀਐੱਲ 2025 ਦੇ ਸੀਜ਼ਨ ਵਿੱਚ ਅਨਕੈਪਡ ਖਿਡਾਰੀ (ਜਿਨ੍ਹਾਂ ਨੇ ਕੌਮਾਂਤਰੀ ਕ੍ਰਿਕਟ ਨਹੀਂ ਖੇਡਿਆ) ਪੰਜਾਬ ਕਿੰਗਜ਼ ਦੀ ਜਾਨ ਸਨ। ਉਨ੍ਹਾਂ ਨੇ ਪੂਰੇ ਟੂਰਨਾਮੈਂਟ ਵਿੱਚ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਪ੍ਰਭਸਿਮਰਨ ਸਿੰਘ, ਪ੍ਰਿਆਂਸ਼ ਆਰਿਆ, ਨੇਹਾਲ ਵਡੇਰਾ, ਹਰਪ੍ਰੀਤ ਬਰਾੜ ਨੇ ਟੀਮ ਦੀਆਂ ਜਿੱਤਾਂ ਵਿੱਚ ਅਹਿਮ ਯੋਗਦਾਨ ਪਾਇਆ।

ਪਰ ਇਨ੍ਹਾਂ ਖਿਡਾਰੀਆਂ ਵਿੱਚੋਂ ਕਿਸੇ ਨੇ ਫਾਈਨਲ ਮੈਚ ਨਹੀਂ ਖੇਡਿਆ ਸੀ। ਪੰਜਾਬ ਕਿੰਗਜ਼ ਦੇ ਇਹ ਨੌਜਵਾਨ ਖਿਡਾਰੀ ਦਬਾਅ ਵਿੱਚ ਨਜ਼ਰ ਆਏ। ਉਹ ਆਰਸੀਬੀ ਦੀ ਗੇਂਦਬਾਜ਼ਾਂ ਵੱਲੋਂ ਕੀਤੇ ਹਮਲਿਆਂ ਦਾ ਜਵਾਬ ਨਹੀਂ ਦੇ ਪਾ ਰਹੇ ਸੀ।

ਮੈਚ ਤੋਂ ਬਾਅਦ ਭਾਵੇਂ ਪੰਜਾਬ ਕਿੰਗਜ਼ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਇਨ੍ਹਾਂ ਖਿਡਾਰੀਆਂ ਦੀ ਹੌਸਲਾਅਫਜ਼ਾਈ ਕੀਤੀ।

ਉਨ੍ਹਾਂ ਕਿਹਾ, "ਮੈਨੂੰ ਇਸ ਟੀਮ ਵਿੱਚ ਸ਼ਾਮਿਲ ਹਰ ਨੌਜਵਾਨ ਖਿਡਾਰੀ ਉੱਤੇ ਮਾਣ ਹੈ। ਬਹੁਤ ਖਿਡਾਰੀ ਹਨ ਜੋ ਆਪਣਾ ਪਹਿਲਾ ਸੀਜ਼ਨ ਖੇਡ ਰਹੇ ਹਨ, ਅਸੀਂ ਉਨ੍ਹਾਂ ਤੋਂ ਬਿਨਾਂ ਇੱਥੇ ਨਹੀਂ ਹੁੰਦੇ, ਉਨ੍ਹਾਂ ਨੂੰ ਵਧਾਈ। ਅਸੀਂ ਇੱਥੇ ਰਹਿਣਾ ਹੈ ਅਤੇ ਅਗਲੇ ਸਾਲ ਟਰਾਫ਼ੀ ਜਿੱਤਣੀ ਹੈ। ਉਮੀਦ ਹੈ ਕਿ ਅਗਲੇ ਸੀਜ਼ਨ ਵਿੱਚ ਇੱਥੇ ਹੋਵਾਂਗੇ ਅਤੇ ਕੁਝ ਚੰਗੀ ਕ੍ਰਿਕਟ ਖੇਡਾਂਗੇ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)