ਪੰਜਾਬ ਦੇ ਉਹ ਗਾਇਕ ਜੋ ਛੇਤੀ ਵਿਛੋੜਾ ਦੇ ਗਏ, 'ਜੋ ਜਲਦੀ ਚਲੇ ਗਏ, ਉਨ੍ਹਾਂ ਨੇ ਅਜੇ ਬਹੁਤ ਸਮਾਂ ਹੋਰ ਗਾਉਣਾ ਸੀ, ਵੱਡੀਆਂ ਛਾਲਾਂ ਲਾਉਣੀਆਂ ਸਨ'

ਤਿੰਨ ਮਰਹੂਮ ਗਾਇਕਾਂ ਦੀਆਂ ਤਸਵੀਰਾਂ

ਤਸਵੀਰ ਸਰੋਤ, BBC/rajvirjawandaofficial/Insta/Sidhu Moose Wala/FB

ਤਸਵੀਰ ਕੈਪਸ਼ਨ, ਰਾਜਵੀਰ ਜਵੰਦਾ ਦਾ ਇਲਾਜ ਦੌਰਾਨ 8 ਅਕਤੂਬਰ 2025 ਨੂੰ ਦੇਹਾਂਤ ਹੋ ਗਿਆ
    • ਲੇਖਕ, ਹਰਪਿੰਦਰ ਸਿੰਘ ਟੌਹੜਾ
    • ਰੋਲ, ਬੀਬੀਸੀ ਪੱਤਰਕਾਰ

"ਪੰਜਾਬ ਦੇ ਜਿੰਨੇ ਵੀ ਗਾਇਕ ਛੋਟੀ ਉਮਰ ਵਿੱਚ ਇਸ ਫਾਨੀ ਸੰਸਾਰ ਨੂੰ ਛੱਡ ਕੇ ਗਏ ਉਨ੍ਹਾਂ ਦੀ ਮੌਤ ਨਾਲ ਪੰਜਾਬੀ ਸੰਗੀਤ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ"। ਇਹ ਸ਼ਬਦ ਹਨ ਪੰਜਾਬ ਦੇ ਪ੍ਰਸਿੱਧ ਗੀਤਕਾਰ ਸ਼ਮਸ਼ੇਰ ਸੰਧੂ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਕਹੇ।

ਸ਼ਮਸ਼ੇਰ ਸੰਧੂ ਉਨ੍ਹਾਂ ਗਾਇਕਾਂ ਬਾਰੇ ਗੱਲਬਾਤ ਕਰ ਰਹੇ ਸਨ, ਜਿਨ੍ਹਾਂ ਦੀ ਮੌਤ ਘੱਟ ਉਮਰ ਵਿੱਚ ਹੋ ਗਈ।

ਦਰਅਸਲ ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਇਲਾਜ ਦੌਰਾਨ 8 ਅਕਤੂਬਰ ਨੂੰ ਦੇਹਾਂਤ ਹੋ ਗਿਆ। ਰਾਜਵੀਰ ਜਵੰਦਾ ਨੇ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਮ ਤੋੜਿਆ। ਰਾਜਵੀਰ ਜਵੰਦਾ 27 ਸਤੰਬਰ ਨੂੰ ਹਿਮਾਚਲ ਪ੍ਰਦੇਸ਼ ਦੇ ਬੱਦੀ ਨੇੜੇ ਇੱਕ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ।

ਜਿਸ ਵੇਲੇ ਇਹ ਹਾਦਸਾ ਵਾਪਰਿਆ ਰਾਜਵੀਰ ਮੋਟਰਸਾਈਕਲ 'ਤੇ ਸਨ, ਜਿਸ ਮਗਰੋਂ ਉਨ੍ਹਾਂ ਨੂੰ 27 ਸਤੰਬਰ ਤੋਂ ਫੋਰਟਿਸ ਹਸਪਤਾਲ ਵਿੱਚ ਵੈਂਟੀਲੇਟਰ ਤੇ ਰੱਖਿਆ ਗਿਆ ਸੀ। ਰਾਜਵੀਰ ਜਵੰਦਾ 35 ਸਾਲ ਦੇ ਸਨ, ਉਨ੍ਹਾਂ ਦਾ ਜਨਮ ਸਾਲ 1990 ਵਿੱਚ ਲੁਧਿਆਣਾ ਦੇ ਪਿੰਡ ਪੋਨਾ ਵਿੱਚ ਹੋਇਆ ਸੀ।

ਰਾਜਵੀਰ ਜਵੰਦਾ

ਤਸਵੀਰ ਸਰੋਤ, rajvirjawandaofficial/Insta

ਤਸਵੀਰ ਕੈਪਸ਼ਨ, ਰਾਜਵੀਰ ਜਵੰਦਾ ਦੇ ਗੀਤ ਕੰਗਣੀ, ਸਰਦਾਰੀ, ਜੰਮੇ ਨਾਲ ਦੇ, ਕਲੀ ਜਾਵੰਦੇ ਦੀ ਕਾਫੀ ਮਸ਼ਹੂਰ ਹੋਏ ਹਨ

ਰਾਜਵੀਰ ਜਵੰਦਾ ਨੇ ਗਾਇਕੀ ਦੇ ਸਫ਼ਰ ਦੌਰਾਨ ਕਈ ਹਿੱਟ ਗੀਤ ਗਾ ਚੁੱਕੇ ਹਨ। ਉਨ੍ਹਾਂ ਦੇ ਗੀਤ ਜਿਵੇਂ ਕਿ ਜੋਗੀਆ, ਕੰਗਣੀ, ਸਰਦਾਰੀ, ਜੰਮੇ ਨਾਲ ਦੇ, ਕਲੀ ਜਾਵੰਦੇ ਦੀ, ਧੀਆਂ, ਮਾਵਾਂ ਕਾਫੀ ਮਸ਼ਹੂਰ ਹੋਏ ਹਨ। ਰਾਜਵੀਰ ਜਵੰਦਾ ਨੇ ਗਾਇਕੀ ਦੀ ਦੁਨੀਆਂ ਵਿੱਚ ਆਪਣੀ ਵਿਲੱਖਣ ਪਛਾਣ ਬਣਾਈ।

ਲੋਕ ਗੀਤ-ਸੰਗੀਤ ਉਨ੍ਹਾਂ ਦੀ ਪਹਿਲੀ ਪਸੰਦ ਅਤੇ ਉਨ੍ਹਾਂ ਦੀ ਅਵਾਜ਼ ਦੀ ਖਾਸੀਅਤ ਵੀ ਰਹੀ। ਉਨ੍ਹਾਂ ਦੇ ਪਹਿਰਾਵੇ ਦੀ ਵੀ ਕਾਫੀ ਚਰਚਾ ਹੁੰਦੀ ਰਹੀ ਹੈ। ਕਈ ਸਾਥੀ ਕਲਾਕਾਰ ਰਾਜਵੀਰ ਜਵੰਦਾ ਦੀ ਪੰਜਾਬੀ ਸੱਭਿਆਚਾਰ ਨਾਲ ਜੁੜੇ ਰਹਿਣ ਦੀ ਖਾਸੀਅਤ ਦੀ ਵੀ ਚਰਚਾ ਕਰਦੇ ਰਹੇ ਹਨ।

ਕਈ ਪੰਜਾਬੀ ਗਾਇਕਾਂ ਦੀ ਛੋਟੀ ਉਮਰ 'ਚ ਹੋਈ ਮੌਤ

ਰਾਜਵੀਰ ਜਵੰਦਾ

ਤਸਵੀਰ ਸਰੋਤ, rajvirjawandaofficial/Insta

ਤਸਵੀਰ ਕੈਪਸ਼ਨ, ਰਾਜਵੀਰ ਜਵੰਦਾ ਦਾ ਇਲਾਜ ਦੌਰਾਨ 8 ਅਕਤੂਬਰ 2025 ਨੂੰ ਦੇਹਾਂਤ ਹੋ ਗਿਆ

ਰਾਜਵੀਰ ਜਵੰਦਾ ਦੀ ਤਰ੍ਹਾਂ ਪੰਜਾਬ ਦੇ ਕਈ ਹੋਰ ਗਾਇਕ ਵੀ ਹਨ ਜੋ ਵੱਖ-ਵੱਖ ਕਾਰਨਾਂ ਕਰਕੇ ਛੋਟੀ ਉਮਰ ਵਿੱਚ ਹੀ ਇਸ ਦੁਨੀਆਂ ਤੋਂ ਚਲੇ ਗਏ।

ਪੰਜਾਬ ਦੇ ਕਈ ਅਜਿਹੇ ਨਾਮੀ ਕਲਾਕਰ ਹੋਏ ਹਨ, ਜਿਨ੍ਹਾਂ ਦੀ ਮੌਤ ਕਿਸੇ ਨਾ ਕਿਸੇ ਕਾਰਨ ਛੋਟੀ ਉਮਰ ਵਿੱਚ ਹੀ ਹੋ ਗਈ ਪਰ ਅੱਜ ਵੀ ਉਨ੍ਹਾਂ ਦੇ ਸਰੋਤੇ ਉਨ੍ਹਾਂ ਵੱਲੋਂ ਗਾਏ ਗੀਤਾਂ ਨੂੰ ਸੁਣਦੇ ਹਨ।

ਸਿੱਧੂ ਮੂਸੇਵਾਲਾ

ਸਿੱਧੂ ਮੂਸੇਵਾਲਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਿੱਧੂ ਮੂਸੇਵਾਲਾ 28 ਸਾਲ ਦੇ ਸਨ ਜਦੋਂ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ

ਮਾਨਸਾ ਦੇ ਪਿੰਡ ਮੂਸਾ ਦੇ ਵਸਨੀਕ ਸਿੱਧੂ ਮੂਸੇਵਾਲਾ ਵੀ ਛੋਟੀ ਉਮਰ ਵਿੱਚ ਕਾਫ਼ੀ ਮਕਬੂਲ ਹੋਏ ਸਨ। 1993 ਵਿੱਚ ਜਨਮੇ ਸਿੱਧੂ ਮੂਸੇਵਾਲਾ ਦਾ ਕਤਲ 29 ਮਈ 2022 ਨੂੰ ਕਰ ਦਿੱਤਾ ਗਿਆ ਸੀ।

ਸਿੱਧੂ ਮੂਸੇਵਾਲਾ ਨੇ 28 ਸਾਲ ਦੀ ਉਮਰ ਤੱਕ ਕਾਫ਼ੀ ਪ੍ਰਸਿੱਧੀ ਹਾਸਲ ਕਰ ਲਈ ਸੀ। ਉਨ੍ਹਾਂ ਦੀ ਮੌਤ ਮਗਰੋਂ ਵੀ ਉਨ੍ਹਾਂ ਦੇ ਗੀਤਾਂ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

ਸਿੱਧੂ ਦੀ ਮੌਤ ਮਗਰੋਂ ਵੀ ਉਨ੍ਹਾਂ ਦੇ ਕਈ ਗੀਤ ਰਿਲੀਜ਼ ਹੋ ਚੁੱਕੇ ਹਨ, ਜਿਨ੍ਹਾਂ ਨੂੰ ਯੂਟਿਊਬ ਕਾਫ਼ੀ ਪਸੰਦ ਵੀ ਕੀਤਾ ਗਿਆ ਹੈ।

ਅਮਰ ਸਿੰਘ ਚਮਕੀਲਾ ਅਤੇ ਅਮਰਜੋਤ

ਅਮਰ ਸਿੰਘ ਚਮਕੀਲਾ ਤੇ ਅਮਰਜੋਤ

ਤਸਵੀਰ ਸਰੋਤ, bharat Bhushan/bbc

ਤਸਵੀਰ ਕੈਪਸ਼ਨ, ਅਮਰ ਸਿੰਘ ਚਮਕੀਲਾ ਤੇ ਅਮਰਜੋਤ ਨੂੰ ਜਲੰਧਰ ਦੇ ਮਹਿਸਮਪੁਰ ਵਿੱਚ ਗੋਲੀਆਂ ਮਾਰ ਦਿੱਤੀਆਂ ਗਈਆਂ ਸਨ

ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਵੀ ਪੰਜਾਬ ਦੇ ਨਾਮੀ ਕਲਾਕਾਰ ਰਹੇ ਹਨ। ਚਮਕੀਲਾ ਦੇ ਗੀਤਾਂ ਨੂੰ ਅੱਜ ਵੀ ਲੋਕ ਪਸੰਦ ਕਰਦੇ ਹਨ।

ਚਮਕੀਲਾ ਅਤੇ ਅਮਰਜੋਤ ਦੀ 1988 ਵਿੱਚ ਮੌਤ ਹੋਈ ਸੀ। ਅਮਰ ਸਿੰਘ ਚਮਕੀਲਾ ਤੇ ਉਨ੍ਹਾਂ ਦੀ ਪਤਨੀ ਨੂੰ ਅਮਰਜੋਤ ਨੂੰ ਜਲੰਧਰ ਦੇ ਮਹਿਸਮਪੁਰ ਵਿੱਚ ਗੋਲੀਆਂ ਮਾਰ ਦਿੱਤੀਆਂ ਗਈਆਂ ਸਨ। ਅਮਰ ਸਿੰਘ ਚਮਕੀਲਾ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੇ ਡੁੱਗਰੀ ਵਿੱਚ 1960ਵਿਆਂ ਵਿੱਚ ਹੋਇਆ ਸੀ, ਜਦੋਂ ਕਿ ਅਮਰਜੋਤ ਕੌਰ ਦਾ ਜਨਮ 6 ਅਕਤੂਬਰ 1960 ਵਿੱਚ ਹੋਇਆ ਸੀ, ਮੌਤੇ ਵੇਲੇ ਦੌਵਾਂ ਦੀ ਉਮਰ 28 ਸਾਲ ਸੀ।

ਅਮਰ ਸਿੰਘ ਚਮਕੀਲਾ ਤੇ ਅਮਰਜੋਤ ਦੀ ਜੋੜੀ ਦੋਗਾਣਿਆਂ ਕਰਕੇ ਕਾਫ਼ੀ ਮਕਬੂਲ ਹੋਈ ਸੀ। ਉਸ ਸਮੇਂ ਇਸ ਜੋੜੀ ਨੂੰ ਲੋਕ ਦੂਰੋਂ-ਦੂਰੋਂ ਸੁਣਨ ਲਈ ਆਉਂਦੇ ਸਨ। ਇਸ ਗਾਇਕ ਜੋੜੀ ਨੂੰ ਸੁਨਣ ਲਈ ਪੰਜਾਬ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਲੋਕ ਸੁਨਣ ਲਈ ਬੇਤਾਬ ਰਹਿੰਦੇ ਸਨ।

ਸੁਰਜੀਤ ਬਿੰਦਰਖੀਆ

ਸੁਰਜੀਤ ਬਿੰਦਰਖੀਆ
ਤਸਵੀਰ ਕੈਪਸ਼ਨ, ਸੁਰਜੀਤ ਬਿੰਦਰਖੀਆ ਦੀ ਮੌਤ ਵੀ ਕਰੀਬ 41 ਸਾਲ ਦੀ ਉਮਰ ਵਿੱਚ ਹੋ ਗਈ ਸੀ

ਸੁਰਜੀਤ ਬਿੰਦਰਖੀਆ ਦਾ ਨਾਮ ਅੱਜ ਤੱਕ ਸ਼ਾਇਦ ਹੀ ਕੋਈ ਪੰਜਾਬੀ ਸੰਗੀਤ ਪ੍ਰੇਮੀ ਭੁੱਲਿਆ ਹੋਵੇਗਾ। ਸੁਰਜੀਤ ਬਿੰਦਰਖੀਆ ਦੀ ਮੌਤ ਵੀ ਕਰੀਬ 41 ਸਾਲ ਦੀ ਉਮਰ ਵਿੱਚ ਹੋ ਗਈ ਸੀ।

ਸੁਰਜੀਤ ਬਿੰਦਰੱਖੀਆ ਦੀ ਆਵਾਜ਼ ਨੇ ਲੋਕਾਂ ਦੇ ਮਨਾਂ ਉੱਤੇ ਜਾਦੂਈ ਅਸਰ ਕੀਤਾ ਸੀ। ਉਨ੍ਹਾਂ ਦੇ ਨਾਮ 28 ਸੈਕੰਡ ਲੰਬੀ ਹੇਕ ਲਾਉਣ ਦਾ ਵੀ ਰਿਕਾਰਡ ਹੈ।

ਸੁਰਜੀਤ ਬਿੰਦਰਖੀਆ ਨੇ ਅਨੇਕਾਂ ਹੀ ਹਿੱਟ ਗੀਤ ਆਪਣੇ ਸਰੋਤਿਆਂ ਦੀ ਝੋਲੀ ਪਾਏ।

ਕੁਲਵਿੰਦਰ ਢਿੱਲੋਂ

ਪੰਜਾਬ ਦੇ ਇੱਕ ਹੋਰ ਨਾਮੀ ਕਲਾਕਾਰ ਕੁਲਵਿੰਦ ਢਿੱਲੋਂ ਦੀ ਵੀ ਘੱਟ ਉਮਰ ਵਿੱਚ ਮੌਤ ਹੋ ਗਈ ਸੀ। ਕੁਲਵਿੰਦਰ ਢਿੱਲੋਂ ਨੇ ਵੀ ਛੋਟੀ ਉਮਰ ਵਿੱਚ ਆਪਣੀ ਗਾਇਕੀ ਨਾਲ ਵੱਖਰੀ ਪਛਾਣ ਬਣਾ ਲਈ ਸੀ।

ਕੁਲਵਿੰਦਰ ਢਿੱਲੋਂ ਦੇ ਮਸ਼ਹੂਰ ਗੀਤ ਜਿਵੇਂ ਕਿ ਕਚਹਿਰੀਆਂ 'ਚ ਮੇਲੇ ਲੱਗਦੇ, ਪਾਇਆ ਲਹਿੰਗਾ ਸ਼ੀਸ਼ਿਆਂ ਵਾਲਾ ਤੇ ਕਾਲਜ ਸਮੇਤ ਹੋਰ ਵੀ ਕਾਫ਼ੀ ਸਨ।

ਕੁਲਵਿੰਦਰ ਢਿੱਲੋਂ ਦੀ ਮੌਤ ਵੀ ਇੱਕ ਸੜਕ ਹਾਦਸੇ ਵਿੱਚ ਸਾਲ 2006 ਨੂੰ ਜਲੰਧਰ ਜ਼ਿਲ੍ਹੇ ਵਿੱਚ ਹੋਈ ਸੀ।

ਇਹ ਵੀ ਪੜ੍ਹੋ-

ਰੋਮੀ ਗਿੱਲ

ਕੋਕਰੀ ਕਲ੍ਹਾਂ ਦੇ ਰਹਿਣ ਵਾਲੇ ਰੋਮੀ ਗਿੱਲ ਦੀ ਮੌਤ ਤਕਰੀਬਨ 30 ਸਾਲ ਦੀ ਉਮਰ ਵਿੱਚ ਹੋਈ। ਰੋਮੀ ਗਿੱਲ ਨੇ ਛੋਟੀ ਉਮਰ ਵਿੱਚ ਆਪਣੀ ਪਛਾਣ ਪੰਜਾਬ ਦੇ ਫੋਕ ਗਾਇਕ ਵਜੋਂ ਬਣਾ ਲਈ ਸੀ।

ਰੋਮੀ ਗਿੱਲ ਦਾ ਇੱਕ ਗੀਤ 'ਨਹਿਰੋਂ ਪਾਰ ਬੰਗਲਾ' ਕਾਫ਼ੀ ਜ਼ਿਆਦਾ ਮਕਬੂਲ ਹੋਇਆ ਸੀ। ਰੋਮੀ ਗਿੱਲ ਨੇ ਇਸ ਤੋਂ ਇਲਾਵਾ ਜੀਤੋ, ਨਖਰਾ ਚੜ੍ਹੀ ਜਵਾਨੀ ਦਾ ਸਮੇਤ ਅਨੇਕਾਂ ਗੀਤ ਗਾਏ, ਜਿਨ੍ਹਾਂ ਨੂੰ ਲੋਕਾਂ ਵੱਲੋਂ ਕਾਫ਼ੀ ਜ਼ਿਆਦਾ ਹੁੰਗਾਰਾ ਮਿਲਿਆ।

ਰਾਜ ਬਰਾੜ

ਰਾਜ ਬਰਾੜ ਵੀ ਪੰਜਾਬ ਦੇ ਨਾਮੀ ਕਲਾਕਾਰਾਂ ਵਿੱਚੋਂ ਇੱਕ ਸਨ। ਰਾਜ ਬਰਾੜ ਦੀ ਮੌਤ 44 ਸਾਲ ਦੀ ਉਮਰ ਵਿੱਚ ਹੋਈ ਸੀ।

ਉਨ੍ਹਾਂ ਦੀ ਰੀਬਰਥ ਐਲਬਮ ਕਾਫ਼ੀ ਜ਼ਿਆਦਾ ਮਕਬੂਲ ਹੋਈ ਸੀ। ਇਸ ਤੋਂ ਬਿਨ੍ਹਾਂ ਸਾਡੇ ਵਾਰੀ ਰੰਗ ਮੁੱਕਿਆ, ਨਾਗ ਦੀ ਬੱਚੀ, ਗੁਨਾਹਗਾਰ, ਪਿਆਰ ਦੇ ਬਦਲੇ ਪਿਆਰ, ਦੇਸੀ ਪੌਪ ਨੂੰ ਵੀ ਲੋਕਾਂ ਨੇ ਕਾਫ਼ੀ ਪਿਆਰ ਦਿੱਤਾ ਸੀ। ਉਹ ਮੋਗਾ ਜ਼ਿਲ੍ਹੇ ਦੇ ਪਿੰਡ ਮੱਲਕੇ ਦੇ ਰਹਿਣ ਵਾਲੇ ਸਨ।

ਸ਼ਮਸ਼ੇਰ ਸੰਧੂ

ਦਿਲਸ਼ਾਦ ਅਖ਼ਤਰ

ਦਿਲਸ਼ਾਦ ਅਖ਼ਤਰ ਨੇ ਵੀ 80ਵੇਂ ਤੋਂ 90ਵੇਂ ਦਹਾਕੇ ਦੌਰਾਨ ਕਾਫ਼ੀ ਪ੍ਰਸਿੱਧੀ ਖੱਟੀ ਸੀ। ਦਿਲਸ਼ਾਦ ਅਖ਼ਤਰ ਦੀ ਮੌਤ ਕਰੀਬ 30 ਸਾਲ ਦੀ ਉਮਰ ਵਿੱਚ ਹੋਈ ਸੀ। ਦਿਲਸ਼ਾਦ ਅਖ਼ਤਰ ਦਾ ਜਨਮ ਫਰੀਦਕੋਟ ਦੇ ਕਸਬੇ ਕੋਟਕਪੂਰਾ ਵਿੱਚ ਜਨਵਰੀ 1965 ਵਿੱਚ ਹੋਇਆ ਸੀ।। ਸਾਲ 1996 ਵਿੱਚ ਗੁਰਦਾਸਪੁਰ ਜ਼ਿਲ੍ਹੇ ਵਿੱਚ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ।

ਦਿਲਸ਼ਾਦ ਅਖ਼ਤਰ ਨੇ ਵੀ ਘੱਟ ਉਮਰ ਵਿੱਚ ਪ੍ਰਸਿੱਧੀ ਹਾਸਲ ਕੀਤੀ ਸੀ। ਦਿਲਸ਼ਾਦ ਅਖਤਰ ਦੇ ਗੀਤਾਂ ਨੂੰ ਅਜੋਕੇ ਸਮੇਂ ਵੀ ਸੁਣਿਆ ਜਾਂਦਾ ਹੈ।

ਦਿਲਸ਼ਾਦ ਅਖ਼ਤਰ ਦੇ ਮਕਬੂਲ ਹੋਏ ਗੀਤ ਜਿਵੇਂ ਕਿ ਚਰਖਾ ਬੋਲ ਪਿਆ, ਕੁੰਡਾ ਖੋਲ੍ਹ ਬਸੰਤਰੀਏ, ਹੁਣ ਕਿਉਂ ਰੋਨੀ ਐਂ ਬਿੱਲੋ, ਦਿਲ ਚੋਰੀ ਹੋ ਗਿਆ, ਮੇਰੇ ਯਾਰ ਦੀ ਚਰਚਾ ਗਲ਼ੀ-ਗਲ਼ੀ, ਇਹ ਤੂੰਬਾ ਮੇਰੀ ਜਾਨ ਕੁੜੇ ਸਨ।

ਦਿਲਜਾਨ

ਦਿਲਜਾਨ

ਤਸਵੀਰ ਸਰੋਤ, Diljaan/FB

ਤਸਵੀਰ ਕੈਪਸ਼ਨ, ਪੰਜਾਬੀ ਗਾਇਕ ਦਿਲਜਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ

ਇੱਕ ਹੋਰ ਪੰਜਾਬ ਦਾ ਨਾਮੀ ਕਲਾਕਾਰ ਜਿਨ੍ਹਾਂ ਦਾ ਨਾਮ ਦਿਲਜਾਨ ਹੈ, ਨੇ ਵੀ ਛੋਟੀ ਉਮਰ ਵਿੱਚ ਪ੍ਰਸਿੱਧੀ ਹਾਸਲ ਕੀਤੀ ਤੇ ਇਸ ਜੱਗ ਤੋਂ ਰੁਸਤਖ ਹੋ ਗਏ। ਸਾਲ 2021 ਵਿੱਚ ਦਿਲਜਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਉਨ੍ਹਾਂ ਨੇ ਇਸ ਦੁਨੀਆਂ ਵਿੱਚ ਅਜੇ ਉਮਰ ਦੇ ਤਿੰਨ ਦਹਾਕੇ ਹੀ ਮਾਣੇ ਸਨ।

ਉਨ੍ਹਾਂ ਨੂੰ ਗੁੜਤੀ ਸੂਫ਼ੀ ਸੰਗੀਤ ਦੀ ਮਿਲੀ ਸੀ ਅਤੇ 2006-07 ਵਿਚ ਉਹ ਰਿਐਲਟੀ ਸ਼ੌਅ ਅਵਾਜ਼ ਪੰਜਾਬ ਦੀ ਦੇ ਰਨਰਅੱਪ ਵੀ ਸਨ।

ਦਿਲਜਾਨ ਨੇ ਉਸਤਾਦ ਪੂਰਨ ਸ਼ਾਹੋਕੀਟ ਤੋਂ ਸੂਫ਼ੀ ਗਾਇਕੀ ਦੀ ਸਿਖਲਾਈ ਲਈ ਸੀ। ਦਿਲਜਾਨ, 'ਆਵਾਜ਼ ਪੰਜਾਬ ਦੀ' ਵਰਗੇ ਸ਼ੋਅ ਵਿੱਚ ਚਮਕੇ ਸਨ।

ਯਾਰਾਂ ਦੀ ਗੱਲ, ਪਹਿਲਾ ਪਿਆਰ ਤੇ ਅੱਧਾ ਪਿੰਡ ਦਿਲਜਾਨ ਦੇ ਪ੍ਰਸਿੱਧ ਗੀਤਾਂ ਵਿੱਚੋਂ ਇੱਕ ਹਨ। ਦਿਲਜਾਨ ਦੀ ਮੌਤ ਵੀ ਇੱਕ ਕਾਰ ਹਾਦਸੇ ਦੌਰਾਨ ਹੋਈ ਸੀ।

ਸੁੱਖੀ ਬਰਾੜ

ਸੋਨੀ ਪਾਬਲਾ

ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਜਨਮੇ ਸੋਨੀ ਪਾਬਲਾ ਵੀ ਉਨ੍ਹਾਂ ਪੰਜਾਬੀ ਗਾਇਕਾਂ ਦੀ ਸੂਚੀ ਵਿੱਚ ਸ਼ਾਮਿਲ ਹਨ, ਮੌਤ ਵੇਲੇ ਉਨ੍ਹਾਂ ਦੀ ਉਮਰ 30 ਸਾਲ ਦੇ ਕਰੀਬ ਸੀ।

ਮੀਡੀਆ ਰਿਪੋਰਟ ਮੁਤਾਬਕ ਸੋਨੀ ਪਾਬਲਾ ਦੀ ਮੌਤ 2006 ਵਿੱਚ ਦਿਲ ਦਾ ਦੌਰਾ ਪੈਣ ਕਾਰਨ ਹੋਈ। ਸੋਨੀ ਪਾਬਲਾ ਬਰੈਂਪਟਨ ਵਿੱਚ ਇੱਕ ਸ਼ੋਅ ਕਰ ਰਹੇ ਸਨ, ਜਿੱਥੇ ਉਨ੍ਹਾਂ ਦੀ ਸਿਹਤ ਵਿਗੜ ਗਈ। ਜਿਸ ਮਗਰੋਂ ਹਸਪਤਾਲ ਲਿਜਾਂਦੇ ਸਮੇਂ ਉਨ੍ਹਾਂ ਦੀ ਮੌਤ ਹੋ ਗਈ।

ਸੋਨੀ ਪਾਬਲਾ ਦਾ ਗੀਤ "ਸੋਹਣਿਓ ਨਰਾਜ਼ ਕਿਤੇ ਨਈ" ਕਾਫ਼ੀ ਪ੍ਰਸਿੱਧ ਹੋਇਆ ਸੀ। ਇਸ ਤੋਂ ਬਿਨਾਂ 'ਪੰਜੇਬ ਯਾਰ' ਦੀ ਜਿਸ ਦਾ ਮਿਊਜ਼ਿਕ ਸੁਖਸ਼ਿੰਦਰ ਸ਼ਿੰਦੇ ਨੇ ਦਿੱਤਾ ਸੀ, ਇਸ ਗੀਤ ਨੇ ਕਾਫ਼ੀ ਪ੍ਰਸਿੱਧੀ ਹਾਸਲ ਕੀਤੀ ਸੀ।

'ਜੋ ਜਲਦੀ ਚਲੇ ਗਏ ਉਨ੍ਹਾਂ ਨੇ ਲਾਉਣੀਆਂ ਸਨ ਅਜੇ ਵੱਡੀਆਂ ਛਾਲਾਂ'

ਗੀਤਕਾਰ ਸ਼ਮਸ਼ੇਰ ਸਿੰਘ ਸੰਧੂ
ਤਸਵੀਰ ਕੈਪਸ਼ਨ, ਗੀਤਕਾਰ ਸ਼ਮਸ਼ੇਰ ਸਿੰਘ ਸੰਧੂ

ਗੀਤਕਾਰ ਸ਼ਮਸ਼ੇਰ ਸਿੰਘ ਸੰਧੂ ਨੇ ਬੀਬੀਸੀ ਨਾਲ ਫੋਨ ਤੇ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਦੇ ਜਿੰਨੇ ਵੀ ਗਾਇਕ ਛੋਟੀ ਉਮਰ ਵਿੱਚ ਇਸ ਫਾਨੀ ਸੰਸਾਰ ਨੂੰ ਛੱਡ ਕੇ ਗਏ, ਉਨ੍ਹਾਂ ਦੀ ਮੌਤ ਨਾਲ ਪੰਜਾਬੀ ਸੰਗੀਤ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

ਸ਼ਮਸ਼ੇਰ ਸੰਧੂ ਕਹਿੰਦੇ ਹਨ ਕਿ ''ਸੁਰਜੀਤ ਬਿੰਦਰਖੀਆ, ਸਿੱਧੂ ਮੂਸੇਵਾਲਾ ਨੂੰ ਅੱਜ ਵੀ ਅਸੀਂ ਯਾਦ ਕਰਦੇ ਹਾਂ ਤੇ ਲੋਕ ਵੀ ਉਨ੍ਹਾਂ ਦੇ ਗਾਏ ਗੀਤ ਸੁਣਦੇ ਹਨ। ਜਿਹੜੇ ਗਾਇਕ ਇਸ ਜੱਗ ਤੋਂ ਚਲੇ ਗਏ, ਉਨ੍ਹਾਂ ਨੇ ਅਜੇ ਬਹੁਤ ਸਮਾਂ ਹੋਰ ਗਾਉਣਾ ਸੀ ਤੇ ਇਸ ਤੋਂ ਵੱਡੀਆ ਛਾਲਾਂ ਲਾਉਣੀਆਂ ਸਨ।''

ਸ਼ਮਸ਼ੇਰ ਸੰਧੂ ਕਹਿੰਦੇ ਹਨ ਕਿ ਰਾਜਵੀਰ ਦੀ ਮੌਤ ਨਾਲ ਵੱਡਾ ਝਟਕਾ ਲੱਗਿਆ ਹੈ। ਉਹ ਕਹਿੰਦੇ ਹਨ ਕਿ ਅਸੀਂ ਉਮੀਦ ਕਰ ਰਹੇ ਸੀ ਡਾਕਟਰ ਉਨ੍ਹਾਂ ਦੀ ਜਾਨ ਬਚਾ ਲੈਣਗੇ।

"ਰਾਜਵੀਰ ਇਨਸਾਨ ਦੇ ਤੌਰ 'ਤੇ ਸਭ ਨਾਲ ਮਿਲਣ ਸਾਰ ਸੀ, ਉਸ ਦੀ ਗਾਇਕੀ ਸਾਫ਼ ਸੁਥਰੀ ਸੀ। ਉਹ ਬਹੁਤ ਗੁਣੀ ਬੰਦਾ ਸੀ।"

ਸ਼ਮਸ਼ੇਰ ਸੰਧੂ ਨੇ ਰਾਜਵੀਰ ਜਵੰਦਾ ਬਾਰੇ ਗੱਲ ਕਰਦਿਆਂ ਇੱਕ ਕਿੱਸਾ ਵੀ ਸਾਂਝਾ ਕੀਤਾ। ਸ਼ਮਸ਼ੇਰ ਸੰਧੂ ਨੇ ਦੱਸਿਆ ਕਿ ''ਜਦੋਂ ਰਾਜਵੀਰ ਆਪਣੀ ਗਾਇਕੀ ਦੇ ਸ਼ੁਰੂਆਤੀ ਸਮੇਂ ਮੈਨੂੰ ਕਿਸੇ ਪ੍ਰੋਗਰਾਮ ਵਿੱਚ ਮਿਲਦਾ, ਉਹ ਮੈਨੂੰ ਕਹਿੰਦਾ ਹੁੰਦਾ ਸੀ ਕਿ ਮੈਂ ਸੁਰਜੀਤ ਬਿੰਦਰਖੀਏ ਜਾਂ ਤੁਹਾਡੇ ਹੀ ਗੀਤ ਜ਼ਿਆਦਾ ਗਾਉਂਦਾ ਹਾਂ ਕਿਉਂਕਿ ਮੇਰੇ ਕੋਲ ਅਜੇ ਬਹੁਤੇ ਗੀਤ ਨਹੀਂ ਹਨ। ਮੈਨੂੰ ਤੁਹਾਡੇ ਗੀਤ ਕਾਫੀ ਪਸੰਦ ਆਉਂਦੇ ਹਨ।''

'ਰਾਜਵੀਰ ਦੇ ਜਾਣ ਨਾਲ ਪਿਆ ਵੱਡਾ ਘਾਟਾ'

ਗਾਇਕਾ ਸਤਵਿੰਦਰ ਬਿੱਟੀ ਕਹਿੰਦੇ ਹਨ ਕਿ ਰਾਜਵੀਰ ਜਵੰਦਾ ਮਿਸਾਲ ਬਣਕੇ ਗਿਆ
ਤਸਵੀਰ ਕੈਪਸ਼ਨ, ਗਾਇਕਾ ਸਤਵਿੰਦਰ ਬਿੱਟੀ ਕਹਿੰਦੇ ਹਨ ਕਿ ਰਾਜਵੀਰ ਜਵੰਦਾ ਮਿਸਾਲ ਬਣਕੇ ਗਿਆ

ਅਦਾਕਾਰ ਮਲਕੀਤ ਰੌਣੀ ਨੇ ਕਿਹਾ ਕਿ ਛੋਟੀ ਉਮਰ ਵਿੱਚ ਰਾਜਵੀਰ ਦੀ ਮੌਤ ਨਾਲ ਵੱਡਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਬਹੁਤ ਸਾਰੀਆਂ ਸੰਗੀਤ ਜਗਤ ਨਾਲ ਸਬੰਧ ਰੱਖਣ ਵਾਲੀਆਂ ਸ਼ਖਸੀਅਤਾਂ ਦੇ ਤੁਰ ਜਾਣ ਨਾਲ ਘਾਟਾ ਪੂਰਾ ਨਹੀਂ ਹੋਇਆ ਸੀ ਤੇ ਹੁਣ ਰਾਜਵੀਰ ਵੀ ਚਲਿਆ ਗਿਆ। ਮਲਕੀਤ ਰੌਣੀ ਕਹਿੰਦੇ ਹਨ ਇਸ ਤੋਂ ਪਹਿਲਾਂ ਵੀ ਬਹੁਤ ਕਲਾਕਾਰ ਛੋਟੀ ਉਮਰ ਵਿੱਚ ਚਲੇ ਗਏ, ਜਿਨ੍ਹਾਂ ਦਾ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ।

ਗਾਇਕਾ ਸਤਵਿੰਦਰ ਬਿੱਟੀ ਕਹਿੰਦੇ ਹਨ ਕਿ ਰਾਜਵੀਰ ਜਵੰਦਾ ਮਿਸਾਲ ਬਣਕੇ ਗਿਆ। ਉਹ ਸਾਨੂੰ ਸਭ ਨੂੰ ਜਿਓਣਾ ਸਿਖਾ ਕੇ ਗਿਆ। ਕਿਉਂਕਿ ਉਹ ਬਹੁਤ ਚੰਗਾ ਇਨਸਾਨ ਸੀ ਤੇ ਹਰ ਇਕ ਨੂੰ ਹੱਸ ਕੇ ਮਿਲਦਾ ਸੀ।

ਰਾਜਵੀਰ ਜਵੰਦਾ ਬਾਰੇ ਗਾਇਕ ਸੁੱਖੀ ਬਰਾੜ ਨੇ ਬੀਬੀਸੀ ਸਹਿਯੋਗੀ ਨਵਜੋਤ ਕੌਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ''ਰਾਜਵੀਰ ਜਵੰਦਾ ਨੂੰ ਉਨ੍ਹਾਂ ਦੇ ਗੀਤਾਂ ਰਾਹੀਂ ਯਾਦ ਰੱਖਿਆ ਜਾਵੇਗਾ। ਰਾਜਵੀਰ ਨੇ ਹਮੇਸ਼ਾ ਸਾਫ ਸੁਥਰੀ ਗਾਇਕੀ ਨਾਲ ਲੋਕਾਂ ਦਾ ਦਿਲ ਜਿੱਤਿਆ ਹੈ। ਅੱਜ ਦੇ ਸਮੇਂ ਵਿੱਚ ਸਾਫ ਸੁਥਰੀ ਗਾਇਕੀ ਵਾਲੇ ਲੋਕ ਬਹੁਤ ਘੱਟ ਮਿਲਦੇ ਹਨ, ਇਸ ਕਰਕੇ ਰਾਜਵੀਰ ਦੀ ਮੌਤ ਨਾਲ ਪੰਜਾਬੀ ਸੰਗੀਤ ਜਗਤ ਨੂੰ ਬਹੁਤ ਵੱਡਾ ਘਾਟਾ ਪਿਆ ਹੈ।''

ਪ੍ਰਸ਼ੰਸਕ ਕੀ ਬੋਲੇ?

ਫੋਰਟਿਸ ਹਸਪਤਾਲ ਮੁਹਾਲੀ
ਤਸਵੀਰ ਕੈਪਸ਼ਨ, ਫੋਰਟਿਸ ਹਸਪਤਾਲ ਮੁਹਾਲੀ ਵਿੱਚ ਰਾਜਵੀਰ ਜਵੰਦਾ ਦਾ ਇਲਾਜ ਚੱਲ ਰਿਹਾ ਸੀ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ

ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਪ੍ਰਸ਼ੰਸਕ ਪਿਛਲੇ ਦੋ ਹਫਤਿਆਂ ਤੋਂ ਫੋਰਟਿਸ ਹਸਪਤਾਲ ਮੁਹਾਲੀ ਵਿੱਚ ਆਪਣੇ ਹਰਮਨ ਪਿਆਰੇ ਕਲਾਕਾਰ ਰਾਜਵੀਰ ਜਵੰਦਾ ਦਾ ਹਾਲ ਜਾਣਨ ਲਈ ਪਹੁੰਚ ਰਹੇ ਸਨ। ਪਰ 8 ਅਕਤੂਬਰ ਨੂੰ ਜਦੋਂ ਕੁਝ ਪ੍ਰਸ਼ੰਸਕ ਉਨ੍ਹਾਂ ਦਾ ਹਾਲ ਜਾਣਨ ਪਹੁੰਚੇ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਰਾਜਵੀਰ ਹੁਣ ਇਸ ਦੁਨੀਆਂ ਵਿੱਚ ਨਹੀਂ ਰਹੇ।

ਇਹ ਸੁਣ ਕੇ ਆਸ਼ਾ ਨਾਮ ਦੀ ਇੱਕ ਨੌਜਵਾਨ ਕੁੜੀ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ। ਆਸ਼ਾ ਨੇ ਬੀਬੀਸੀ ਸਹਿਯੋਗੀ ਨਵਜੋਤ ਕੌਰ ਨਾਲ ਗੱਲ ਕਰਦਿਆਂ ਕਿਹਾ, ''ਰਾਜਵੀਰ ਸਾਫ਼ ਸੁਥਰੀ ਗਾਇਕੀ ਦੇ ਮਾਲਕ ਸਨ। ਉਹ ਪੰਜਾਬੀਅਤ ਨੂੰ ਪੂਰੀ ਦੁਨੀਆਂ ਵਿੱਚ ਫੈਲਾ ਰਹੇ ਸਨ। ਉਨ੍ਹਾਂ ਦੇ ਜਾਣ ਨਾਲ ਪੰਜਾਬੀਅਤ ਨੂੰ ਇੱਕ ਵੱਡਾ ਘਾਟਾ ਪਿਆ ਹੈ।''

ਕਿਸਾਨੀ ਅੰਦੋਲਨ ਵਿੱਚ ਮਿਲੀ ਮਹਿਲਾ ਰਾਜਵੀਰ ਨੂੰ ਮੰਨਦੀ ਸੀ ਪੁੱਤ

ਰਾਜਵੀਰ ਜਵੰਦਾ

ਤਸਵੀਰ ਸਰੋਤ, rajvirjawandaofficial/Insta

ਤਸਵੀਰ ਕੈਪਸ਼ਨ, ਰਾਜਵੀਰ ਜਵੰਦਾ ਦੀ ਮੌਤ ਦੀ ਖ਼ਬਰ ਸੁਣ ਕੇ ਉਨ੍ਹਾਂ ਦੇ ਕਈ ਪ੍ਰਸ਼ੰਸਕ ਫੁੱਟ-ਫੁੱਟ ਕੇ ਰੋਏ

ਪਟਿਆਲਾ ਨੇੜੇ ਪਿੰਡ ਕੌਲੀ ਦੇ ਰਹਿਣ ਵਾਲੇ ਬਜ਼ੁਰਗ ਮਹਿਲਾ ਕੁਲਵੀਰ ਕੌਰ ਕਿਸਾਨੀ ਅੰਦੋਲਨ ਵੇਲੇ ਟਿਕਰੀ ਬਾਰਡਰ ਉੱਤੇ ਰਾਜਵੀਰ ਜਵੰਦਾ ਨੂੰ ਮਿਲੇ ਸਨ। ਉਨ੍ਹਾਂ ਦੇ ਪੁੱਤਰ ਦੀ ਬੇਵਕਤੀ ਮੌਤ ਤੋਂ ਬਾਅਦ ਉਹ ਰਾਜਵੀਰ ਜਵੰਦਾ ਨੂੰ ਆਪਣਾ ਪੁੱਤ ਮੰਨਦੇ ਸਨ।

8 ਅਕਤੂਬਰ ਨੂੰ ਉਹ ਆਪਣੇ ਪਿੰਡ ਤੋਂ ਖਾਸ ਰਾਜਵੀਰ ਨੂੰ ਦੇਖਣ ਆਏ ਸਨ ਪਰ ਇੱਥੇ ਉਨ੍ਹਾਂ ਨੂੰ ਰਾਜਵੀਰ ਦੀ ਮੌਤ ਦੀ ਖ਼ਬਰ ਮਿਲੀ। ਜਿਸ ਮਗਰੋਂ ਉਹ ਫੋਰਟਿਸ ਹਸਪਤਾਲ ਵਿੱਚ ਹੀ ਫੁੱਟ-ਫੁੱਟ ਕੇ ਰੋਏ। ਬੀਬੀਸੀ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ''ਅਜਿਹਾ ਗਾਇਕ ਕਿਸੇ ਨੂੰ ਨਹੀਂ ਮਿਲਣਾ, ਜੋ ਅੰਦੋਲਨ 'ਚ ਮਿਲੀ ਬੇਬੇ ਨੂੰ ਆਪਣੀ ਮਾਂ ਜਿੰਨਾ ਮਾਣ ਸਤਿਕਾਰ ਦਿੰਦਾ ਹੋਵੇ। ਮੇਰਾ ਇੱਕ ਹੋਰ ਪੁੱਤ ਇਸ ਦੁਨੀਆਂ ਤੋਂ ਤੁਰ ਗਿਆ।''

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)