ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਦੇਹਾਂਤ ਮਗਰੋਂ, ਰਵਿੰਦਰ ਗਰੇਵਾਲ ਤੇ ਰੇਸ਼ਮ ਅਨਮੋਲ ਵਰਗੀਆਂ ਹਸਤੀਆਂ ਨੇ ਇਹ ਸਵਾਲ ਚੁੱਕੇ

ਤਸਵੀਰ ਸਰੋਤ, rajvirjawandaofficial/Insta
ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਨਹੀਂ ਰਹੇ। ਉਹ 27 ਸਤੰਬਰ ਸਵੇਰੇ ਹਿਮਾਚਲ ਪ੍ਰਦੇਸ਼ ਦੇ ਬੱਦੀ ਨੇੜੇ ਇੱਕ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ।
ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਪੋਨਾ ਵਿੱਚ 9 ਅਕਤੂਬਰ ਨੂੰ ਹੋਇਆ, ਜਿੱਥੇ ਬੱਬੂ ਮਾਨ, ਰਵਿੰਦਰ ਗਰੇਵਾਲ, ਗਗਨ ਕੋਕਰੀ ਸਣੇ ਕਈ ਕਲਾਕਾਰ ਵੀ ਹਾਜ਼ਰ ਰਹੇ ਸਨ।
ਕਰੀਬ 11 ਦਿਨ ਵੈਂਟੀਲੇਟਰ ਉੱਤੇ ਰਹੇ ਜਵੰਦਾ ਦੀ ਮੌਤ ਦੀ ਪੁਸ਼ਟੀ ਫੋਰਟਿਸ ਹਸਪਤਾਲ ਨੇ ਕੀਤੀ।
ਜ਼ਿਕਰਯੋਗ ਹੈ ਕਿ ਰਾਜਵੀਰ ਜਵੰਦਾ ਨੂੰ ਹਾਦਸੇ ਤੋਂ ਬਾਅਦ ਮੋਹਾਲੀ ਦੇ ਫੋਰਟਿਸ ਹਸਤਪਾਲ ਦਾਖਲ ਕਰਵਾਇਆ ਗਿਆ ਸੀ।
ਜਦੋਂ ਉਨ੍ਹਾਂ ਨਾਲ ਇਹ ਹਾਦਸਾ ਵਾਪਰਿਆ, ਉਸ ਸਮੇਂ ਜਵੰਦਾ ਬਾਈਕ 'ਤੇ ਸਨ।

ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਦੇਹਾਂਤ ਮਗਰੋਂ ਉਨ੍ਹਾਂ ਦੇ ਜੱਦੀ ਪਿੰਡ ਵਾਲਿਆਂ ਨੇ ਉਨ੍ਹਾਂ ਦੀਆਂ ਕਿਹੜੀਆਂ ਯਾਦਾਂ ਸਾਂਝੀਆਂ ਕੀਤੀਆਂ
ਸਸਕਾਰ ਮੌਕੇ ਪਹੁੰਚੇ ਪੰਜਾਬੀ ਗਾਇਕ ਰਵਿੰਦਰ ਸਿੰਘ ਗਰੇਵਾਲ ਨੇ ਕਿਹਾ, "ਪੰਜਾਬ ਦਾ ਪੁੱਤ ਹੀਰਿਆਂ ਵਰਗਾ ਮੁੰਡਾ ਸਾਡਾ, ਜਿਹੜਾ ਆਵਾਰਾ ਪਛੂਆਂ ਕਰ ਕੇ ਅੱਜ ਸਾਡੇ ਵਿੱਚ ਨਹੀਂ ਹੈ। ਅਸੀਂ ਕਿੰਨੇ ਦਿਨਾਂ ਤੋਂ ਉਮੀਦਾਂ ਦੇ ਸਹਾਰੇ ਜੀ ਰਹੇ ਸੀ ਕਿ ਇਹ ਖ਼ਬਰ ਨਾ ਸੁਣਨੀ ਪਵੇ।"
"ਮੌਤ ਜਿੱਤ ਗਈ ਲੋਕਾਂ ਦੀਆਂ ਅਰਦਾਸਾਂ ਹਾਰ ਗਈਆਂ। ਇਸ ਲਈ ਵੱਡਾ ਸਵਾਲ ਇਹ ਹੈ ਕਿ ਇਸ ਲਈ ਜ਼ਿੰਮੇਵਾਰ ਕੌਣ ਹੈ, ਇਸ ʼਤੇ ਸਾਨੂੰ ਜ਼ਰੂਰ ਗੱਲ ਕਰਨੀ ਪਵੇਗੀ। ਹਜ਼ਾਰਾਂ ਪਰਿਵਾਰਾਂ ਦਾ ਨੁਕਸਾਨ ਆਵਾਰਾ ਪਛੂਆਂ ਕਰ ਕੇ ਇਸ ਤਰ੍ਹਾਂ ਹੋਇਆ ਹੈ।"
ਉਨ੍ਹਾਂ ਨੇ ਅੱਗੇ ਕਿਹਾ, "ਕਈ ਵਾਰ ਕਹਿ ਦਿੰਦੇ ਹਨ ਕਿ ਉਸ ਨੇ ਸੁਰੱਖਿਆ ਉਪਕਰਨ ਨਹੀਂ ਪਾਏ ਸਨ, ਸਰਕਾਰ ਹੈਲਮੈਟ ਲਈ ਰੋਕਦੀ ਹੈ, ਸਪੀਡ ਘਟ ਰੱਖਣ ਲਈ ਕਿਹਾ ਜਾਂਦਾ ਹੈ। ਪਰ ਪੂਰੀ ਸੁਰੱਖਿਆ ਨਾਲ, ਕੋਈ ਵਾਧੂ ਸਪੀਡ ਵੀ ਨਹੀਂ ਸੀ, ਆਰਾਮ ਨਾਲ ਜਾ ਰਿਹਾ ਸੀ ਤੇ ਉਸ ਨੂੰ ਸਾਈਡ ਤੋਂ ਦੋ ਆਵਾਰਾ ਪਛੂ ਆ ਕੇ ਟੱਕਰ ਮਾਰਦੇ ਹਨ ਅਤੇ ਉਸ ਦੀ ਜਾਨ ਲੈ ਲੈਂਦੇ ਹਨ।"
"ਇਸ ਲਈ ਸਵਾਲ ਚੁੱਕਣਾ ਬਣਦਾ ਹੈ ਕਿ ਇਸ ਲਈ ਜ਼ਿੰਮੇਵਾਰ ਕੌਣ ਹੈ। ਸਰਕਾਰਾਂ ਨੂੰ ਸਵਾਲ ਪੁੱਛਣਾ ਬਣਦਾ ਹੈ ਕਿ ਇਸ ਲਈ ਉਹ ਅੱਗੇ ਕੀ ਕਰ ਰਹੇ ਹਨ। ਇਸ ʻਤੇ ਕੋਈ ਵਧੀਆ ਪਲਾਨ ਬਣਨਾ ਚਾਹੀਦਾ ਹੈ। ਇਹ ਤਾਂ ਸਰਕਾਰ ਦਾ ਫੇਲੀਅਰ ਹੈ ਕਿਉਂਕਿ ਇਸ ਲਈ ਕੋਈ ਸੁਰੱਖਿਆ ਉਪਾਅ ਨਹੀਂ ਹੈ। ਹਜ਼ਾਰਾਂ ਪਰਿਵਾਰਾਂ ਦੇ ਚਿਰਾਗ ਇਸ ਨਾਲ ਬੁਝ ਗਏ ਹਨ।"

ਰੇਸ਼ਮ ਅਨਮੋਲ ਨੇ ਕਿਹਾ, "ਮੈਂ ਰਾਜਵੀਰ ਬਾਈ ਤੋਂ ਮੁਆਫ਼ੀ ਮੰਗਦਾ ਹਾਂ ਕਿ ਤੂੰ ਸਿਸਟਮ ਦੀ ਭੇਟ ਚੜ੍ਹ ਗਿਆ ਹੈ। ਆਵਾਰਾ ਪਛੂਆਂ ਕਰ ਕੇ ਹੀ ਹਾਦਸਾ ਵਾਪਰਿਆ। ਸਾਡੀਆਂ ਸਰਕਾਰਾਂ ਕਿੰਨੇ ਹੀ ਟੈਕਸ ਲੈਂਦੀਆਂ ਹਨ ਤੇ ਅਸੀਂ ਦੇ ਵੀ ਰਹੇ ਹਾਂ। ਕੀ ਸਰਕਾਰਾਂ ਨੂੰ ਅਜਿਹੇ ਹਾਦਸਿਆਂ ਲਈ ਜ਼ਿੰਮੇਵਾਰ ਅਧਿਕਾਰੀਆਂ ʼਤੇ ਪਰਚਾ ਨਹੀਂ ਕਰਨਾ ਚਾਹੀਦਾ। ਕੋਈ ਤਾਂ ਜ਼ਿੰਮੇਵਾਰ ਹੋਣਾ ਚਾਹੀਦਾ ਹੈ।"
"ਇਹ ਤਾਂ ਚਲੋ ਸੁਰਖ਼ੀਆਂ ਵਿੱਚ ਆ ਗਿਆ ਕਿਉਂਕਿ ਫੇਮਸ ਸੀ। ਕਿਸੇ ਨਾਲ ਵੀ ਅਜਿਹਾ ਹਾਦਸਾ ਹੋ ਸਕਦਾ ਹੈ ਤੇ ਹੋ ਵੀ ਰਹੇ ਹਨ। ਸੜਕੀ ਹਾਦਸਿਆਂ ਵਿੱਚ ਬਹੁਤ ਮੌਤਾਂ ਹੁੰਦੀਆਂ ਹਨ ਅਤੇ ਉਨ੍ਹਾਂ ਵਿੱਚ ਬਹੁਤ ਵੱਡਾ ਹਿੱਸਾ ਆਵਾਰਾ ਪਛੂਆਂ ਕਾਰਨ ਹੁੰਦੇ ਹਾਦਸਿਆਂ ਦਾ ਹੈ। ਸਾਨੂੰ ਇਸ ਮੁੱਦੇ ਬਾਰੇ ਗੱਲ ਕਰਨੀ ਚਾਹੀਦਾ ਹੈ ਤਾਂ ਜੋ ਭਵਿੱਖ ਵਿੱਚ ਅਜਿਹਾ ਨਾ ਹੋਵੇ।"
ਜਵੰਦਾ ਦੀ ਹਾਲਤ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਦੱਸਿਆ, "ਪਿਛਲੇ 10 ਦਿਨਾਂ ਤੋਂ ਮੈਂ, ਕੁਲਵਿੰਦਰ ਬਿੱਲਾ, ਐਮੀ ਵਿਰਕ, ਜੱਸ ਬਾਜਵਾ, ਕੰਵਰ ਗਰੇਵਾਲ, ਅਸੀਂ ਸਾਰੇ ਦਿਨ ਰਾਤ ਸੁੱਤੇ ਨਹੀਂ। ਰਾਤ ਦੇ 2-2 ਵਜੇ ਘਰ ਜਾਂਦੇ ਸੀ। ਰੋਜ਼ ਮੀਟਿੰਗ ਕਰਦੇ ਸੀ, ਡਾਕਟਰਾਂ ਨਾਲ ਗੱਲ ਕਰਦੇ ਸੀ, ਸਿਰਫ਼ ਫੋਰਟਿਸ ਹੀ ਨਹੀਂ ਪੀਜੀਆਈ ਅਤੇ ਕਈ ਹੋਰ ਨਿੱਜੀ ਹਸਪਤਾਲਾਂ ਦੇ ਡਾਕਟਰਾਂ ਦੀ ਵੀ ਸਲਾਹ ਲਈ ਗਈ।"
"ਇੱਥੋਂ ਤੱਕ ਇੰਗਲੈਂਡ ਅਤੇ ਅਮਰੀਕਾ ਦੇ ਡਾਕਟਰਾਂ ਨਾਲ ਵੀ ਗੱਲਬਾਤ ਕੀਤੀ ਗਈ। ਸਾਰਿਆਂ ਨੇ ਇੱਕੋ ਗੱਲ ਕਹੀ ਸੀ ਜਦੋਂ ਤੱਕ ਬ੍ਰੇਨ ਪ੍ਰਤੀਕਿਰਿਆ ਨਹੀਂ ਕਰਦਾ ਉਦੋਂ ਤੱਕ ਅਸੀਂ ਕੁਝ ਨਹੀਂ ਕਰ ਸਕਦੇ। ਉਸ ਦੀ ਗਰਦਨ ਦੇ ਮਣਕੇ ਟੁੱਟੇ ਸੀ, ਰੀੜ ਦੀ ਹੱਡੀ ਕਾਫੀ ਟੁੱਟੀ ਸੀ, ਗਰਦਨ ਟੁੱਟੀ ਸੀ, ਪਸਲੀਆਂ ਦਾ ਨੁਕਸਾਨ ਹੋਇਆ ਸੀ।"
ਉਨ੍ਹਾਂ ਨੇ ਅੱਗੇ ਦੱਸਿਆ, "ਗਰਦਨ ਦੇ ਪਿੱਛੇ ਵਾਲਾ ਹਿੱਸਾ ਨੁਕਸਾਨੇ ਜਾਣ ਕਰਕੇ ਬ੍ਰੇਨ ਤੱਕ ਖ਼ੂਨ ਅਤੇ ਆਕਸੀਜਨ ਸਪਲਾਈ ਨਹੀਂ ਹੋ ਰਹੀ ਸੀ। ਇਸ ਕਰਕੇ ਬਾਅਦ ਹੇਠਲੇ ਅੰਗ ਫੇਲ੍ਹ ਹੀ ਹੋ ਗਏ ਸਨ।"

ਜਵੰਦਾ ਦੇ ਹਵਾਲੇ ਨਾਲ ਸਤਵਿੰਦਰ ਬਿੱਟੀ ਨੇ ਦਿੱਤੀ ਨੌਜਵਾਨਾਂ ਨੂੰ ਸਲਾਹ
ਜਿਵੇਂ ਹੀ ਉਨ੍ਹਾਂ ਦੇ ਦੇਹਾਂਤ ਦਾ ਪਤਾ ਲੱਗਾ ਤਾਂ ਪੂਰਾ ਸੰਗੀਤ ਜਗਤ ਇਸ ਖ਼ਬਰ ਨਾਲ ਗਹਿਰੇ ਦੁੱਖ ਵਿੱਚ ਹੈ।
ਪੰਜਾਬੀ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਆਪਣੇ ਇੰਸਟਾਗ੍ਰਾਮ ਉੱਤੇ ਜਵੰਦਾ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ, "ਮੌਤ ਕੁਲਿਹਣੀ ਜਿੱਤ ਗਈ, ਜਵੰਦਾ ਹਾਰ ਗਿਆ, ਕਿਵੇਂ ਭੁਲਾਂਗੇ ਤੈਨੂੰ ਨਿੱਕੇ ਵੀਰ।"
ਮੌਤ ਦੀ ਖ਼ਬਰ ਦਾ ਪਤਾ ਲੱਗਦਿਆਂ ਹੀ ਉਨ੍ਹਾਂ ਦੇ ਸਾਥੀ ਕਲਾਕਾਰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਪਹੁੰਚੇ ਸਨ।
ਬੀਬੀਸੀ ਸਹਿਯੋਗੀ ਨਵਜੋਤ ਕੌਰ ਮੁਤਾਬਕ, ਜਵੰਦਾ ਦੇ ਮੁਹਾਲੀ ਵਾਲੇ ਘਰ ਵਿੱਚ ਪਹੁੰਚੇ ਪੰਜਾਬੀ ਗਾਇਕਾ ਸਤਵਿੰਦਰ ਕੌਰ ਬਿੱਟੀ ਨੇ ਕਿਹਾ ਕਿ ਜ਼ਿੰਦਗੀ ਜੀਣ ਦੋ ਹੀ ਤਰੀਕੇ ਹਨ, "ਭਾਵੇਂ ਢੋਅ ਕੇ ਜ਼ਿੰਦਗੀ ਬਿਤਾ ਲਓ ਜਾਂ ਫਿਰ ਰਾਜਵੀਰ ਵਾਂਗ ਮਿਸਾਲ ਬਣ ਜਾਓ। ਇੰਨਾਂ ਪਿਆਰ ਵੰਡ ਕੇ ਜਾਓ ਅਤੇ ਉਸ ਦੁਨੀਆਂ ਨੂੰ ਪਿਆਰ ਦਾ ਇੱਕ ਸਮੁੰਦਰ ਬਣਾਓ।"
"ਮੈਂ ਸਾਰੇ ਵੀਰਾਂ ਅਤੇ ਬੱਚਿਆਂ ਨੂੰ ਕਹਾਂਗੀ ਕਿ ਸਾਡੇ ਦੇਸ਼ ਵਿੱਚ ਟੂ ਵ੍ਹੀਲਰ ਚਲਾਉਣ ਦੀ ਕੋਈ ਵਿਵਸਥਾ ਸਹੀ ਨਹੀਂ ਹੈ ਕਿਉਂਕਿ ਇੱਥੇ ਜਿੰਨੀ ਟਰੈਫਿਕ ਹੈ, ਇਸ ਤਰ੍ਹਾਂ ਦੇ ਹਾਦਸੇ ਬਹੁਤ ਹੁੰਦੇ ਹਨ।"

ਪਿੰਡ ਵਾਲਿਆਂ ਨੇ ਰਾਜਵੀਰ ਨੂੰ ਕੀਤਾ ਯਾਦ
ਰਾਜਵੀਰ ਦੀ ਮੌਤ ਦੀ ਖ਼ਬਰ ਉਨ੍ਹਾਂ ਦੇ ਪਿੰਡ ਪੋਨਾ ਵਿੱਚ ਉਦੋਂ ਪਹੁੰਚੀ ਜਦੋਂ ਉਨ੍ਹਾਂ ਦੀ ਸਿਹਤਯਾਬੀ ਲਈ ਰੱਖਵਾਏ ਗਏ ਅਖੰਡ ਪਾਠ ਸਾਹਿਬ ਦੇ ਭੋਗ ਪਏ।
ਬੀਬੀਸੀ ਪੱਤਰਕਾਰ ਹਰਮਨਦੀਪ ਸਿੰਘ ਦੀ ਜਾਣਕਾਰੀ ਮੁਤਾਬਕ, ਪਿੰਡ ਪੋਨਾ ਵਿਖੇ ਅੱਜ ਵੀਰਵਾਰ ਨੂੰ ਉਨ੍ਹਾਂ ਦਾ ਸਸਕਾਰ ਕੀਤਾ ਜਾਵੇਗਾ।
ਪਿੰਡ ਦੇ ਸਾਬਕਾ ਸਰਪੰਚ ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਬੱਚੇ ਨੇ ਪੂਰੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ।
"ਉਸ ਨੇ ਬੁਲੰਦੀਆਂ ਨੂੰ ਛੂਹਿਆ ਅਤੇ ਉਹ ਛੋਟੀ ਉਮਰ ਵਿੱਚ ਹੀ ਸਾਰੇ ਸੰਸਾਰ ਨੂੰ ਸਦੀਵੀਂ ਵਿਛੋੜਾ ਦੇ ਗਿਆ ਹੈ। ਪਿੰਡ ਵਿੱਚ ਬਹੁਤ ਵਧੀਆ ਵਿਚਰਦਾ ਹੁੰਦਾ ਸੀ। ਉਨ੍ਹਾਂ ਦੇ ਮਾਤਾ ਜੀ ਸਰਪੰਚ ਰਹੇ ਸਨ ਤੇ ਬਹੁਤ ਵਧੀਆ ਪਿੰਡ ਦਾ ਵਿਕਾਸ ਕੀਤਾ ਹੈ।"
ਪਿੰਡਵਾਸੀ ਗਗਨਦੀਪ ਸਿੰਘ ਨੇ ਦੱਸਿਆ ਕਿ ਜਦੋਂ ਵੀ ਆਉਂਦੇ ਸੀ ਤਾਂ ਗਰਾਊਂਡ ਵਿੱਚ ਆਉਂਦੇ ਸੀ। ਜੇ ਕੋਈ ਵੀ ਚੀਜ਼ ਗਰਾਊਂਡ ਵਿੱਚ ਚਾਹੀਦੀ ਹੁੰਦੀ ਸੀ ਤਾਂ ਮਦਦ ਕਰਦੇ ਸੀ।
ਉਨ੍ਹਾਂ ਨੇ ਕਿਹਾ, "ਨੌਜਵਾਨਾਂ ਨਾਲ ਵਧੀਆ ਮਿਲ ਕੇ ਰਹਿੰਦਾ ਸੀ। ਹਮੇਸ਼ਾ ਘੁਲਮਿਲ ਕੇ ਰਹਿੰਦੇ ਸੀ।"
ਫੋਰਟਿਸ ਹਸਪਤਾਲ ਨੇ ਕੀ ਦੱਸਿਆ

ਫੋਰਟਿਸ ਹਸਪਤਾਲ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ 8 ਅਕਤੂਬਰ, 2025 ਨੂੰ ਸਵੇਰੇ 10:55 ਵਜੇ ਫੋਰਟਿਸ ਹਸਪਤਾਲ, ਮੋਹਾਲੀ ਵਿੱਚ ਦੇਹਾਂਤ ਹੋ ਗਿਆ ਹੈ।
ਉਨ੍ਹਾਂ ਨੂੰ 27 ਸਤੰਬਰ, 2025 ਨੂੰ ਇੱਕ ਸੜਕ ਹਾਦਸੇ ਤੋਂ ਬਾਅਦ ਬਹੁਤ ਹੀ ਗੰਭੀਰ ਹਾਲਤ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿਸ ਵਿੱਚ ਰੀੜ੍ਹ ਦੀ ਹੱਡੀ ਦੀਆਂ ਗੰਭੀਰ ਸੱਟਾਂ ਅਤੇ ਦਿਮਾਗ ਨੂੰ ਨੁਕਸਾਨ ਪਹੁੰਚਿਆ ਸੀ।
ਵਿਆਪਕ ਡਾਕਟਰੀ ਸਹਾਇਤਾ ਅਤੇ ਕ੍ਰਿਟੀਕਲ ਕੇਅਰ ਅਤੇ ਨਿਊਰੋਸਰਜਰੀ ਟੀਮਾਂ ਵੱਲੋਂ ਨਿਰੰਤਰ ਨਿਗਰਾਨੀ ਦੇ ਬਾਵਜੂਦ, ਅੱਜ ਸਵੇਰੇ ਉਹ ਮਲਟੀਪਲ ਆਰਗਨ ਫੇਲ੍ਹ ਹੋਣ ਕਾਰਨ ਦਮ ਤੋੜ ਗਏ।
ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਪ੍ਰਤੀ ਸਾਡੀ ਡੂੰਘੀ ਸੰਵੇਦਨਾ।
ਪਿਤਾ ਤੋਂ ਸਿੱਖੀ ਸੀ ਤੂੰਬੀ ਵਜਾਉਣੀ

ਤਸਵੀਰ ਸਰੋਤ, rajvirjawandaofficial/Insta
ਰਾਜਵੀਰ ਜਵੰਦਾ ਨੇ ਕੰਗਣੀ, ਸਰਦਾਰੀ, ਜੰਮੇ ਨਾਲ ਦੇ, ਕਲੀ ਜਾਵੰਦੇ ਦੀ ਵਰਗੇ ਗੀਤਾਂ ਨਾਲ ਮਕਬੂਲੀਅਤ ਹਾਸਲ ਕੀਤੀ ਅਤੇ ਗਾਇਕੀ ਦੀ ਦੁਨੀਆਂ ਵਿੱਚ ਵਿਲੱਖਣ ਪਛਾਣ ਬਣਾਈ। ਲੋਕ ਗੀਤ-ਸੰਗੀਤ ਉਨ੍ਹਾਂ ਦੀ ਪਹਿਲੀ ਪਸੰਦ ਅਤੇ ਉਨ੍ਹਾਂ ਦੀ ਅਵਾਜ਼ ਦੀ ਖ਼ਾਸੀਅਤ ਵੀ ਸਨ।
ਉਨ੍ਹਾਂ ਦੇ ਲਾਈਵ-ਸ਼ੋਅਜ਼ ਨੂੰ ਉਨ੍ਹਾਂ ਨੂੰ ਦੇ ਪ੍ਰਸ਼ੰਸਕਾਂ ਵੱਲੋਂ ਕਾਫ਼ੀ ਪਿਆਰ ਮਿਲਿਆ। ਰਾਜਵੀਰ ਜਵੰਦਾ ਨੇ ਗਾਇਕੀ ਦੇ ਨਾਲ-ਨਾਲ ਕਈ ਫ਼ਿਲਮਾਂ ਵਿੱਚ ਅਦਾਕਾਰੀ ਵੀ ਕੀਤੀ ਹੈ।
ਰਾਜਵੀਰ ਲੁਧਿਆਣਾ ਜ਼ਿਲ੍ਹੇ ਵਿੱਚ ਜਗਰਾਓਂ ਨੇੜੇ ਪੋਨਾ ਪਿੰਡ ਨਾਲ ਸਬੰਧ ਰੱਖਦੇ ਸਨ। ਉਹ ਬਚਪਨ ਤੋਂ ਹੀ ਸੰਗੀਤ ਨਾਲ ਜੁੜੇ ਹਨ।
ਉਨ੍ਹਾਂ ਨੂੰ ਜਾਣਨ ਵਾਲੇ ਦੱਸਦੇ ਹਨ ਕਿ ਹੁਣ ਉਹ ਆਪਣੀ ਪਤਨੀ, ਬੇਟੇ ਅਤੇ ਮਾਂ ਨਾਲ ਮੋਹਾਲੀ ਰਹਿਣ ਲੱਗੇ ਸਨ।
ਉਨ੍ਹਾਂ ਨੇ ਇੱਕ ਇੰਟਰਵਿਊ ਵਿੱਚ ਜ਼ਿਕਰ ਕੀਤਾ ਸੀ ਕਿ ਪਿੰਡ ਵਿੱਚ ਹੀ ਢਾਡੀਆਂ-ਕਵੀਸ਼ਰਾਂ ਨੂੰ ਸੁਣ ਕੇ ਉਹ ਸੰਗੀਤ ਤੋਂ ਜਾਣੂ ਹੋਏ, ਜਿੱਥੇ ਉਨ੍ਹਾਂ ਦੇ ਦਾਦਾ ਉਨ੍ਹਾਂ ਨੂੰ ਲੈ ਕੇ ਜਾਂਦੇ ਸਨ।
ਰਾਜਵੀਰ ਨੇ ਆਪਣੇ ਪਿਤਾ ਤੋਂ ਤੂੰਬੀ ਵਜਾਉਣੀ ਸਿੱਖੀ ਅਤੇ ਬਹੁਤ ਛੋਟੀ ਉਮਰ ਵਿੱਚ ਸਾਲ 1999 ਤੋਂ ਸੰਗੀਤ ਸਿੱਖਣਾ ਸ਼ੁਰੂ ਕਰ ਦਿੱਤਾ ਸੀ।

ਤਸਵੀਰ ਸਰੋਤ, rajvirjawandaofficial/Insta
ਰਾਜਵੀਰ ਨੇ ਪੰਜਾਬੀ ਯੁਨੀਵਰਸਿਟੀ, ਪਟਿਆਲਾ ਤੋਂ ਥੀਏਟਰ ਐਂਡ ਟੀਵੀ ਵਿੱਚ ਪੋਸਟ ਗ੍ਰੈਜੁਏਸ਼ਨ ਕੀਤੀ ਸੀ।
ਯੂਨੀਵਰਸਿਟੀ ਵਿੱਚ ਪੜ੍ਹਦਿਆਂ ਹੀ ਉਨ੍ਹਾਂ ਨੇ ਸਟੇਜਾਂ 'ਤੇ ਗਾਉਣਾ ਸ਼ੁਰੂ ਕੀਤਾ ਅਤੇ ਸਾਲ 2016 ਵਿੱਚ ਕਮਰਸ਼ੀਅਲ ਗਾਇਕ ਵਜੋਂ ਸ਼ੁਰੂਆਤ ਕੀਤੀ।
ਪੇਸ਼ੇਵਰ ਗਾਇਕੀ ਵਿੱਚ ਉਤਰਨ ਤੋਂ ਪਹਿਲਾਂ ਯੂਨੀਵਰਸਿਟੀ ਵਿੱਚ ਇੱਕ ਨਿੱਜੀ ਚੈਨਲ ਦੇ ਪ੍ਰੋਗਰਾਮ ਵਿੱਚ ਰਿਕਾਰਡ ਕੀਤਾ ਗਿਆ ਰਾਜਵੀਰ ਦਾ ਇੱਕ ਗੀਤ 2007 ਵਿੱਚ ਕਾਫ਼ੀ ਵਾਇਰਲ ਹੋਇਆ ਸੀ।
ਇੱਕ ਵਿਦੇਸ਼ੀ ਚੈਨਲ ਨੂੰ ਕਰੀਬ ਛੇ-ਸੱਤ ਮਹੀਨੇ ਪਹਿਲਾਂ ਦਿੱਤੇ ਇੰਟਰਵਿਊ ਵਿੱਚ ਰਾਜਵੀਰ ਜਵੰਦਾ ਨੇ ਕਿਹਾ ਸੀ ਕਿ ਉਨ੍ਹਾਂ ਦਾ ਸੁਫਨਾ ਅਜਿਹਾ ਗੀਤ ਗਾਉਣ ਦਾ ਹੈ ਜੋ ਉਨ੍ਹਾ ਨੂੰ ਅਮਰ ਕਰ ਦੇਵੇ।
ਉਨ੍ਹਾਂ ਇਹ ਵੀ ਕਿਹਾ ਸੀ, "ਇੱਕ ਮੇਰਾ ਸੁਫਨਾ ਇਹ ਹੈ ਕਿ ਮੈਂ ਇੰਨਾ ਲੰਮਾ ਸਮਾਂ ਗਾਵਾਂ ਕਿ ਜਿਸ ਮੁੰਡੇ ਦੇ ਵਿਆਹ ਵਿੱਚ ਅੱਜ ਗਾਇਆ, ਸਾਲਾਂ ਬਾਅਦ ਫਿਰ ਉਸ ਦੇ ਮੁੰਡੇ ਦੇ ਵਿਆਹ 'ਤੇ ਗਾਵਾਂ।"

ਤਸਵੀਰ ਸਰੋਤ, rajvirjawandaofficial/Insta
ਕਿਸਾਨ ਅੰਦੋਲਨ ਵਿੱਚ ਸਰਗਰਮ ਭੂਮਿਕਾ

ਤਸਵੀਰ ਸਰੋਤ, rajvirjawandaofficial/FB
ਸਾਲ 2020 ਵਿੱਚ ਤਿੰਨ ਖੇਤੀ ਕਾਨੂੰਨਾਂ ਸਬੰਧੀ ਦਿੱਲੀ ਦੀਆਂ ਬਰੂਹਾਂ ʼਤੇ ਚੱਲੇ ਅੰਦੋਲਨ ਵਿੱਚ ਗਾਇਕ ਰਾਜਵੀਰ ਜਵੰਦਾ ਦੀ ਮੌਜੂਦਗੀ ਨੂੰ ਨਜ਼ਰਅੰਦਾਜ ਨਹੀਂ ਕੀਤਾ ਜਾ ਸਕਦਾ।
ਬੀਬੀਸੀ ਪੱਤਰਕਾਰ ਹਰਮਨਦੀਪ ਸਿੰਘ ਮੁਤਾਬਕ, ਜਵੰਦਾ ਕਈ-ਕਈ ਦਿਨਾਂ ਤੱਕ ਲਗਾਤਾਰ ਕਿਸਾਨਾਂ ਦਰਮਿਆਨ ਹੀ ਰਹਿੰਦੇ ਸਨ। ਇੱਥੇ ਉਹ ਆਪਣੇ ਸ਼ੋਸ਼ਲ ਮੀਡੀਆ ਖਾਤਿਆਂ ਰਾਹੀਂ ਆਪਣੇ ਲੱਖਾਂ ਪ੍ਰਸ਼ੰਸਕਾਂ ਨੂੰ ਧਰਨੇ ਵਿੱਚ ਸ਼ਾਮਲ ਹੋਣ ਅਤੇ ਕਿਸਾਨਾਂ ਦਾ ਸਾਥ ਦੇਣ ਦੀ ਅਪੀਲ ਕਰਦੇ।
ਧਰਨੇ ਦੌਰਾਨ ਉਹ ਸਟੇਜ ਉੱਤੇ ਭਾਸ਼ਣ ਵੀ ਦਿੰਦੇ ਸਨ ਅਤੇ ਆਪਣੀ ਸੁਰੀਲੀ ਆਵਾਜ਼ ਰਾਹੀਂ ਲੋਕ ਗੀਤ ਗਾ ਕੇ ਕਿਸਾਨਾਂ ਵਿੱਚ ਜੋਸ਼ ਭਰਦੇ ਸਨ।
ਇਸ ਦੌਰਾਨ ਉਨ੍ਹਾਂ ਵੱਲੋਂ ਗਾਏ 'ਸੁਣ ਦਿੱਲੀਏ' ਅਤੇ 'ਸੁਣ ਕੇ ਜੈਕਾਰਾ' ਗੀਤ ਕਾਫੀ ਮਕਬੂਲ ਹੋਏ।
ਜ਼ਿਕਰਯੋਗ ਹੈ ਉਨ੍ਹਾਂ ਦੇ ਪਿਤਾ ਕਰਮ ਸਿੰਘ ਦੀ ਚਾਰ ਸਾਲ ਪਹਿਲਾਂ ਜਦੋਂ ਮੌਤ ਹੋਈ ਸੀ, ਉਸ ਸਮੇਂ ਵੀ ਰਾਜਵੀਰ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਟਿਕਰੀ ਬਾਰਡਰ 'ਤੇ ਗਏ ਹੋਏ ਸਨ।
ਸੋਸ਼ਲ ਮੀਡੀਆ ਉੱਤੇ ਮੌਜੂਦ ਇੱਕ ਵੀਡੀਓ ਵਿੱਚ ਜਵੰਦਾ ਨੂੰ ਆਮ ਲੋਕਾਂ ਨੂੰ ਕਿਸਾਨਾਂ ਦੇ ਹੱਕ ਵਿੱਚ ਦਿੱਲੀ ਪਹੁੰਚਣ ਦੀ ਅਪੀਲ ਕਰਦਿਆਂ ਸੁਣਿਆ ਜਾ ਸਕਦਾ ਹੈ।
ਉਨ੍ਹਾਂ ਦਾ ਗੀਤ 'ਸੁਣ ਦਿੱਲੀਏ' ਅੰਦੋਲਨ ਦੀ ਕਾਮਯਾਬੀ ਦਾ ਗਾਥਾ ਹੈ।
ਗਾਇਕ ਵਜੋਂ ਮਸ਼ਹੂਰ ਹੋਣ ਬਾਅਦ ਵੀ ਕੀਤੀ ਪੁਲਿਸ ਵਿਭਾਗ ਦੀ ਨੌਕਰੀ

ਤਸਵੀਰ ਸਰੋਤ, rajvirjawandaofficial/Insta
ਰਾਜਵੀਰ ਜਵੰਦਾ ਪੇਸ਼ੇਵਰ ਗਾਇਕੀ ਦੇ ਖੇਤਰ ਵਿੱਚ ਆਉਣ ਤੋਂ ਪਹਿਲਾਂ ਪੁਲਿਸ ਅਫ਼ਸਰ ਸਨ। ਉਹ ਸਾਲ 2011 ਵਿੱਚ ਪੰਜਾਬ ਪੁਲਿਸ ਵਿੱਚ ਭਰਤੀ ਹੋ ਗਏ ਸਨ ਅਤੇ ਨੌਂ ਸਾਲ ਇਹ ਨੌਕਰੀ ਕੀਤੀ।
ਕਈ ਗੀਤਾਂ ਦੇ ਵੀਡੀਓਜ਼ ਵਿੱਚ ਵੀ ਰਾਜਵੀਰ ਪੁਲਿਸ ਦੀ ਵਰਦੀ ਵਿੱਚ ਨਜ਼ਰ ਆਏ ਹਨ।
ਰਾਜਵੀਰ ਜਵੰਦਾ ਹਿੱਟ ਹੋਣ ਬਾਅਦ ਵੀ ਪੁਲਿਸ ਵਿੱਚ ਨੌਕਰੀ ਕਰਦੇ ਰਹੇ ਸਨ। ਪੰਜਾਬ ਪੁਲਿਸ ਵਿਭਾਗ ਵਲੋਂ ਗਾਇਕੀ ਲਈ ਸਹਿਯੋਗ ਮਿਲਣ ਦਾ ਦਾਅਵਾ ਵੀ ਜਵੰਦਾ ਨੇ ਕਈ ਵਾਰ ਕੀਤਾ ਸੀ।
ਇੱਕ ਇੰਟਰਵਿਊ ਵਿੱਚ ਰਾਜਵੀਰ ਨੇ ਦੱਸਿਆ ਸੀ ਕਿ ਕਈ ਵਾਰ ਉਨ੍ਹਾਂ ਨੇ ਰਾਤ ਨੂੰ ਪੁਲਿਸ ਡਿਊਟੀ ਨਿਭਾ ਕੇ ਦਿਨ ਵੇਲੇ ਰਿਕਾਰਡਿੰਗਾਂ ਜਾਂ ਸ਼ੋਅ ਕੀਤੇ। ਆਪਣੇ ਅਖਾੜਿਆਂ ਦੌਰਾਨ ਵੀ ਉਹ ਵਿਭਾਗੀ ਮੀਟਿੰਗਾਂ ਵਿੱਚ ਸ਼ਾਮਲ ਹੁੰਦੇ ਰਹੇ ਸਨ।
ਗਾਇਕੀ ਵਿੱਚ ਰੁਝੇਵੇਂ ਵਧਣ ਤੋਂ ਬਾਅਦ ਰਾਜਵੀਰ ਨੇ ਪੁਲਿਸ ਵਿਭਾਗ ਤੋਂ ਅਸਤੀਫਾ ਦੇ ਦਿੱਤਾ ਸੀ।
ਬਾਈਕਿੰਗ ਦੇ ਸ਼ੌਕੀਨ ਰਾਜਵੀਰ ਨੂੰ ਲੇਹ-ਲੱਦਾਖ ਬੇਹੱਦ ਪਸੰਦ

ਤਸਵੀਰ ਸਰੋਤ, rajvirjawandaofficial/Insta
ਅਸੀਂ ਅਕਸਰ ਰਾਜਵੀਰ ਜਵੰਦਾ ਦੇ ਸ਼ੋਸ਼ਲ ਮੀਡੀਆ ਅਕਾਊਂਟਸ 'ਤੇ ਉਨ੍ਹਾਂ ਦੀਆਂ ਮੋਟਰ ਸਾਈਕਲ 'ਤੇ ਘੁੰਮਦਿਆਂ ਦੀਆਂ ਤਸਵੀਰਾਂ ਦੇਖਦੇ ਰਹੇ ਹਾਂ। ਉਹ ਅਕਸਰ ਹੀ ਦੋਸਤਾਂ ਨਾਲ ਜਾਂ ਬਾਈਕਰਜ਼ ਗਰੁੱਪ ਨਾਲ ਘੁੰਮਣ ਜਾਂਦੇ ਸਨ।
ਪਥਰੀਲੇ ਪਹਾੜਾਂ ਦੀ ਧਰਤੀ ਲੇਹ ਜਵੰਦਾ ਨੂੰ ਬੇਹੱਦ ਪਸੰਦ ਸੀ। ਕੰਮਾਂ-ਕਾਰਾਂ ਤੋਂ ਵਿਹਲੇ ਹੋ ਕੇ ਰਾਜਵੀਰ ਨੂੰ ਲੇਹ ਜਾਣ ਦਾ ਚਾਅ ਹੁੰਦਾ ਸੀ।
ਇੱਕ ਹੋਰ ਇੰਟਰਵਿਊ ਵਿੱਚ ਉਨ੍ਹਾਂ ਨੇ ਦੱਸਿਆਸੀ ਕਿ ਉਨ੍ਹਾਂ ਨੇ ਐਨਫੀਲਡ ਮੋਟਰਸਾਈਕਲ ਲਿਆ ਸੀ ਅਤੇ 2014 ਵਿਚ ਪਹਿਲੀ ਵਾਰ ਲੇਹ ਗਏ ਸਨ। ਉੱਥੇ ਵਿਦੇਸ਼ੀ ਸੈਲਾਨੀਆਂ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਨੂੰ ਬਾਈਕਿੰਗ ਦਾ ਹੋਰ ਸ਼ੌਂਕ ਪੈ ਗਿਆ।
ਉਨ੍ਹਾਂ ਇਹ ਵੀ ਦੱਸਿਆ ਸੀ ਕਿ ਉਨ੍ਹਾਂ ਕੋਲ ਤਿੰਨ-ਚਾਰ ਮੋਟਰਸਾਈਕਲ ਹਨ।

ਤਸਵੀਰ ਸਰੋਤ, rajvirjawandaofficial/Insta
2014 ਤੋਂ ਬਾਅਦ ਰਾਜਵੀਰ ਜਵੰਦਾ ਕਈ ਵਾਰ ਲੇਹ-ਲੱਦਾਖ ਗਏ ਸਨ। ਰਾਜਵੀਰ ਹੋਟਲਾਂ ਵਿੱਚ ਰੁਕਣ ਦੀ ਬਜਾਇ ਕੈਂਪਿੰਗ ਪਸੰਦ ਕਰਦੇ ਸਨ ਜਿਸ ਲਈ ਉਹ ਆਪਣੇ ਨਾਲ ਟੈਂਟ ਲੈ ਕੇ ਜਾਂਦੇ ਸਨ।
ਉਨ੍ਹਾਂ ਨੂੰ ਬਾਈਕ ਰਾਈਡਿੰਗ ਤੋਂ ਇਲਾਵਾ ਹੋਰ ਐਡਵੈਂਚਰਸ ਖੇਡਾਂ ਦਾ ਵੀ ਸ਼ੌਂਕ ਸੀ। ਉਨ੍ਹਾਂ ਨੂੰ ਜਾਣਨ ਵਾਲੇ ਦੱਸਦੇ ਹਨ ਕਿ ਪਰਿਵਾਰ ਅਕਸਰ ਬਾਈਕ ਰਾਈਡਿੰਗ ਤੋਂ ਉਨ੍ਹਾਂ ਨੂੰ ਰੋਕਦਾ ਸੀ, ਪਰ ਉਹ ਆਪਣਾ ਸ਼ੌਕ ਪੁਗਾ ਲੈਂਦੇ ਸਨ।
ਸਿਆਸੀ ਅਤੇ ਮਨੋਰੰਜਨ ਜਗਤ ਨੇ ਦੁੱਖ ਪ੍ਰਗਟਾਇਆ

ਤਸਵੀਰ ਸਰੋਤ, Getty Images
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਕਸ ਉੱਤੇ ਇੱਕ ਪੋਸਟ ਵਿੱਚ ਲਿਖਿਆ ਹੈ,“ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਹਿਮਾਚਲ ਪ੍ਰਦੇਸ਼ ਦੇ ਬੱਦੀ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਤੋਂ ਬਾਅਦ ਇਲਾਜ ਦੌਰਾਨ ਹੋਈ ਮੌਤ ਦੀ ਖ਼ਬਰ ਸੁਣਕੇ ਬਹੁਤ ਦੁੱਖ ਹੋਇਆ। ਪੰਜਾਬੀ ਸੰਗੀਤ ਜਗਤ ਦਾ ਸਿਤਾਰਾ ਹਮੇਸ਼ਾ ਲਈ ਅਲੋਪ ਹੋ ਗਿਆ।”
“ਛੋਟੀ ਉਮਰ 'ਚ ਆਪਣੇ ਗੀਤਾਂ ਰਾਹੀਂ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਰਾਜਵੀਰ ਜਵੰਦਾ ਦੀ ਆਵਾਜ਼ ਸਦਾ ਗੂੰਜਦੀ ਰਹੇਗੀ। ਵਿਛੜੀ ਰੂਹ ਨੂੰ ਵਾਹਿਗੁਰੂ ਆਪਣੇ ਚਰਨਾਂ 'ਚ ਨਿਵਾਸ ਦੇਣ ਤੇ ਪਰਿਵਾਰ ਅਤੇ ਪ੍ਰਸ਼ੰਸਕਾਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।”
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਇੰਸਟਾ ਪੋਸਟ ਵਿੱਚ ਲਿਖਿਆ, "ਰਾਜਵੀਰ ਜਵੰਦਾ ਦੇ ਅਕਾਲ ਚਲਾਣਾ ਕਰ ਜਾਣ ਦੀ ਖ਼ਬਰ ਬੇਹੱਦ ਦੁੱਖਦਾਈ ਹੈ। ਉਨ੍ਹਾਂ ਦੀ ਸਿਹਤਯਾਬੀ ਲਈ ਸਾਡੀਆਂ ਪ੍ਰਾਰਥਨਾਵਾਂ ਦੇ ਬਾਵਜੂਦ, ਉਹ ਸਾਨੂੰ ਬਹੁਤ ਜਲਦੀ ਛੱਡ ਕੇ ਚਲੇ ਗਏ।"
"ਇਸ ਮੁਸ਼ਕਲ ਸਮੇਂ ਦੌਰਾਨ ਉਨ੍ਹਾਂ ਦੇ ਪਰਿਵਾਰ, ਦੋਸਤਾਂ ਅਤੇ ਪ੍ਰਸ਼ੰਸਕਾਂ ਨਾਲ ਮੇਰੀ ਦਿਲੀ ਸੰਵੇਦਨਾ। ਵਾਹਿਗੁਰੂ ਉਨ੍ਹਾਂ ਦੀ ਆਤਮਾ ਨੂੰ ਚਰਨਾਂ ਵਿੱਚ ਨਿਵਾਸ ਅਤੇ ਚਾਹੁਣ ਵਾਲਿਆਂ ਸਮੇਤ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ।"

ਤਸਵੀਰ ਸਰੋਤ, Getty Images
ਅਦਾਕਾਰਾ ਨੀਰੂ ਬਾਜਵਾ ਨੇ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, "ਖੁਸ਼ਦਿਲ ਅਤੇ ਨੇਕ ਇਨਸਾਨ ਰਾਜਵੀਰ ਦਾ ਇੰਝ ਜਾਣਾ ਬਹੁਤ ਦੁਖਦਾਈ ਹੈ,ਅਲਵਿਦਾ ਪਿਆਰੇ ਰਾਜਵੀਰ।"
ਆਮ ਆਦਮੀ ਪਾਰਟੀ ਦੇ ਮਨੀਸ਼ ਸੀਸੋਦੀਆ ਨੇ ਲਿਖਿਆ,"ਰਾਜਵੀਰ ਜਵੰਦਾ ਦੇ ਬੇਵਕਤੀ ਦੇਹਾਂਤ 'ਤੇ ਬਹੁਤ ਦੁੱਖ ਹੋਇਆ। ਬਹੁਤ ਜਲਦੀ ਚਲਾ ਗਿਆ, ਪਰ ਉਸਦੀ ਰੂਹਾਨੀ ਆਵਾਜ਼ ਪੰਜਾਬ ਦੇ ਹਰ ਦਿਲ ਦੀ ਧੜਕਣ ਵਿੱਚ ਜਿਉਂਦੀ ਰਹੇਗੀ।"
"ਉਸਦੇ ਪਰਿਵਾਰ, ਦੋਸਤਾਂ ਅਤੇ ਲੱਖਾਂ ਪ੍ਰਸ਼ੰਸਕਾਂ ਨਾਲ ਮੇਰੀਆਂ ਦਿਲੀ ਸੰਵੇਦਨਾ। ਵਾਹਿਗੁਰੂ ਉਸਦੀ ਆਤਮਾ ਨੂੰ ਸਦੀਵੀ ਸ਼ਾਂਤੀ ਦੇਵੇ।"
ਪੰਜਾਬ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ, "ਰਾਜਵੀਰ ਜਵੰਦਾ ਦੇ ਬੇਵਕਤੀ ਮੌਤ ਬਾਰੇ ਸੁਣ ਕੇ ਦਿਲ ਦੁਖੀ ਹੋ ਗਿਆ। ਕਈ ਦਿਨਾਂ ਤੱਕ ਬਹਾਦਰੀ ਨਾਲ ਸੰਘਰਸ਼ ਤੋਂ ਬਾਅਦ ਵੀ ਉਹ ਸਾਨੂੰ ਬਹੁਤ ਜਲਦੀ ਛੱਡ ਕੇ ਚਲੇ ਗਏ।"
"ਤੁਹਾਡੀ ਰੂਹਾਨੀ ਆਵਾਜ਼ ਅਤੇ ਜੀਵੰਤ ਆਤਮਾ ਸਾਡੇ ਦਿਲਾਂ ਵਿੱਚ ਹਮੇਸ਼ਾ ਲਈ ਗੂੰਜਦੀ ਰਹੇਗੀ। ਸਦੀਵੀ ਸ਼ਾਂਤੀ ਵਿੱਚ ਆਰਾਮ ਕਰੋ, ਰਾਜਵੀਰ।"
ਭਾਜਪਾ ਆਗੂ ਅਤੇ ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਲਿਖਿਆ, "ਰਾਜਵੀਰ ਜਵੰਦਾ ਦੇ ਬੇਵਕਤੀ ਦੇਹਾਂਤ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ। ਉਨ੍ਹਾਂ ਦੀ ਰੂਹਾਨੀ ਆਵਾਜ਼ ਅਤੇ ਜਨੂੰਨ ਨੇ ਕਈ ਜ਼ਿੰਦਗੀਆਂ ਨੂੰ ਛੂਹ ਲਿਆ।"
"ਇਸ ਦੁੱਖ ਦੀ ਘੜੀ ਵਿੱਚ ਮੇਰੀ ਸੰਵੇਦਨਾ ਅਤੇ ਅਰਦਾਸ ਉਨ੍ਹਾਂ ਦੇ ਪਰਿਵਾਰ, ਦੋਸਤਾਂ ਅਤੇ ਪ੍ਰਸ਼ੰਸਕਾਂ ਦੇ ਨਾਲ ਹੈ। ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ।"
ਅਦਾਕਾਰਾ ਹਿਮਾਂਸ਼ੀ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਲਿਖਿਆ, "ਰੈਸਟ ਇਨ ਪੀਸ...ਅਲਵਿਦਾ ਦੋਸਤ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












