ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ 20 ਦਿਨਾਂ ਦੀ ਬੱਚੀ, ਜਾਣੋ ਇੱਕ ਚਰਵਾਹੇ ਨੂੰ ਮਿੱਟੀ ਦੇ ਢੇਰ ਹੇਠਾਂ ਕਿਵੇਂ ਲੱਭੀ ਸੀ

ਸ਼ਾਹਜਹਾਂਪੁਰ ਮੈਡੀਕਲ ਕਾਲਜ

ਤਸਵੀਰ ਸਰੋਤ, Anoop Mishra

ਤਸਵੀਰ ਕੈਪਸ਼ਨ, ਬੱਚੀ ਦਾ ਇਲਾਜ ਕਰ ਰਹੇ ਡਾਕਟਰਾਂ ਦਾ ਕਹਿਣਾ ਹੈ ਕਿ ਉਸ ਦੇ ਨੱਕ ਅਤੇ ਮੂੰਹ ਵਿੱਚ ਗੰਦਗੀ ਦਾਖਲ ਹੋਣ ਕਾਰਨ ਉਸਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਹੈ
    • ਲੇਖਕ, ਗੀਤਾ ਪਾਂਡੇ
    • ਰੋਲ, ਬੀਬੀਸੀ ਪੱਤਰਕਾਰ

ਉੱਤਰ ਪ੍ਰਦੇਸ਼ ਦੇ ਇੱਕ ਹਸਪਤਾਲ ਦੇ ਅਧਿਕਾਰੀ ਦੱਸਦੇ ਹਨ ਕਿ ਇੱਕ 20 ਦਿਨਾਂ ਦੀ ਨਵਜੰਮੀ ਬੱਚੀ, ਜਿਸਨੂੰ ਮਿੱਟੀ ਦੇ ਢੇਰ ਵਿੱਚ ਛੱਡ ਦਿੱਤਾ ਗਿਆ ਸੀ, ਇਸ ਵੇਲੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ।

ਇੱਕ ਚਰਵਾਹੇ ਨੂੰ, ਜੋ ਬੱਕਰੀਆਂ ਚਾਰ ਰਿਹਾ ਸੀ, ਅਚਾਨਕ ਇਹ ਕੁੜੀ ਮਿਲੀ। ਉਨ੍ਹਾਂ ਨੂੰ ਮਿੱਟੀ ਦੇ ਢੇਰ ਹੇਠੋਂ ਹੌਲੀ-ਹੌਲੀ ਰੋਣ ਦੀ ਅਵਾਜ਼ਾਂ ਸੁਣੀਆਂ। ਨੇੜੇ ਜਾਣ 'ਤੇ, ਉਨ੍ਹਾਂ ਨੂੰ ਮਿੱਟੀ ਵਿੱਚੋਂ ਇੱਕ ਛੋਟਾ ਜਿਹਾ ਹੱਥ ਨਿਕਲਦਾ ਦਿੱਖਿਆ।

ਉਨ੍ਹਾਂ ਨੇ ਤੁਰੰਤ ਪਿੰਡ ਵਾਸੀਆਂ ਨੂੰ ਸੂਚਿਤ ਕੀਤਾ। ਫਿਰ ਪੁਲਿਸ ਬੁਲਾਈ ਗਈ ਅਤੇ ਬੱਚੀ ਨੂੰ ਜ਼ਮੀਨ ਵਿਚੋਂ ਬਾਹਰ ਕੱਢਿਆ ਗਿਆ।

ਪੁਲਿਸ ਅਧਿਕਾਰੀਆਂ ਨੇ ਨਹੀਂ ਦੱਸਿਆ ਕਿ ਉਹ ਇਸ ਅਪਰਾਧ ਵਿੱਚ ਕਿਸ 'ਤੇ ਸ਼ੱਕ ਕਰ ਰਹੇ ਹਨ। ਹਾਲਾਂਕਿ, ਧੀਆਂ ਨੂੰ ਛੱਡਣ ਜਾਂ ਮਾਰਨ ਦੇ ਮਾਮਲੇ ਅਕਸਰ ਭਾਰਤ ਵਿੱਚ ਪੁੱਤਰਾਂ ਪ੍ਰਤੀ ਸਮਾਜਿਕ ਤਰਜੀਹ ਨਾਲ ਜੁੜੇ ਹੁੰਦੇ ਹਨ। ਇਹੀ ਭਾਰਤ ਵਿੱਚ ਵਿਗੜਦੇ ਲਿੰਗ ਅਨੁਪਾਤ ਦਾ ਕਾਰਨ ਮੰਨਿਆ ਜਾਂਦਾ ਹੈ।

ਇਹ ਘਟਨਾ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲ੍ਹੇ ਵਿੱਚ ਵਾਪਰੀ।

ਸ਼ਾਹਜਹਾਂਪੁਰ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ

ਨਵਜੰਮੀ ਬੱਚੀ ਨੂੰ ਸ਼ਾਹਜਹਾਂਪੁਰ ਦੇ ਸਰਕਾਰੀ ਮੈਡੀਕਲ ਕਾਲਜ ਦੇ ਨਿਓਨੇਟਲ ਇੰਟੈਂਸਿਵ ਕੇਅਰ ਯੂਨਿਟ (ਐੱਨਆਈਸੀਯੂ) ਵਿੱਚ ਦਾਖਲ ਕਰਵਾਇਆ ਗਿਆ ਹੈ।

ਸ਼ਾਹਜਹਾਂਪੁਰ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਨੇ ਬੀਬੀਸੀ ਨੂੰ ਦੱਸਿਆ ਕਿ ਲੜਕੀ ਨੂੰ ਸੋਮਵਾਰ ਨੂੰ ਹਸਪਤਾਲ ਲਿਆਂਦਾ ਗਿਆ ਸੀ। ਉਸਦਾ ਸਰੀਰ ਚਿੱਕੜ ਨਾਲ ਲੱਥਪੱਥ ਸੀ, ਅਤੇ ਚਿੱਕੜ ਮੂੰਹ ਤੇ ਨੱਕ ਵਿੱਚ ਭਰਨ ਕਾਰਨ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਸੀ।

ਡਾ. ਕੁਮਾਰ ਨੇ ਕਿਹਾ, "ਲੜਕੀ ਦੀ ਹਾਲਤ ਨਾਜ਼ੁਕ ਸੀ। ਉਸ ਵਿੱਚ ਹਾਈਪੌਕਸਿਆ (ਆਕਸੀਜਨ ਦੀ ਕਮੀ) ਦੇ ਲੱਛਣ ਸਨ। ਉਸ ਨੂੰ ਕੀੜਿਆਂ ਅਤੇ ਕਿਸੇ ਹੋਰ ਜਾਨਵਰ ਨੇ ਵੀ ਕੱਟਿਆ ਸੀ।"

ਉਨ੍ਹਾਂ ਨੇ ਅੱਗੇ ਕਿਹਾ, "24 ਘੰਟਿਆਂ ਬਾਅਦ ਉਸ ਦੀ ਹਾਲਤ ਵਿੱਚ ਕੁਝ ਸੁਧਾਰ ਆਇਆ, ਪਰ ਫਿਰ ਕੁਝ ਸਮੇਂ ਬਾਅਦ ਸਿਹਤ ਫਿਰ ਖਰਾਬ ਹੋ ਗਈ ਅਤੇ ਹੁਣ ਉਸ ਨੂੰ ਇਨਫੈਕਸ਼ਨ ਹੋ ਗਿਆ ਹੈ।"

ਡਾ. ਕੁਮਾਰ ਦੇ ਮੁਤਾਬਕ, "ਇਹ ਲੱਗਦਾ ਹੈ ਕਿ ਕੁੜੀ ਨੂੰ ਛੱਡਣ ਤੋਂ ਥੋੜ੍ਹੀ ਹੀ ਦੇਰ ਬਾਅਦ ਬਚਾ ਲਿਆ ਗਿਆ ਸੀ ਕਿਉਂਕਿ ਉਸਦੇ ਸਰੀਰ 'ਤੇ ਸੱਟਾਂ ਤਾਜ਼ੀਆਂ ਸਨ।"

ਇਹ ਵੀ ਪੜ੍ਹੋ

ਕੁੜੀ ਦੇ ਮਾਪਿਆਂ ਦੀ ਭਾਲ ਜਾਰੀ

ਬੱਚੀ ਦਾ ਇਲਾਜ ਡਾਕਟਰਾਂ ਦੀ ਇੱਕ ਟੀਮ ਕਰ ਰਹੀ ਹੈ, ਜਿਸ ਵਿੱਚ ਇੱਕ ਪਲਾਸਟਿਕ ਸਰਜਨ ਵੀ ਸ਼ਾਮਲ ਹੈ।

ਡਾ. ਕੁਮਾਰ ਨੇ ਕਿਹਾ ਕਿ ਡਾਕਟਰ ਇਨਫੈਕਸ਼ਨ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਕਿਹਾ, "ਬੱਚੀ ਦੀ ਹਾਲਤ ਗੰਭੀਰ ਹੈ, ਪਰ ਅਸੀਂ ਉਸ ਨੂੰ ਬਚਾਉਣ ਲਈ ਪੂਰੀ ਕੋਸ਼ਿਸ਼ ਕਰ ਰਹੇ ਹਾਂ।"

ਇਸ ਦੌਰਾਨ, ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੱਚੀ ਦੇ ਮਾਪਿਆਂ ਨੂੰ ਲੱਭਣ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਹੁਣ ਤੱਕ ਅਸਫਲ ਰਹੀਆਂ ਹਨ। ਸੂਬੇ ਦੀ ਚਾਈਲਡ ਹੈਲਪਲਾਈਨ ਨੂੰ ਵੀ ਇਸ ਮਾਮਲੇ ਬਾਰੇ ਸੂਚਿਤ ਕੀਤਾ ਗਿਆ ਹੈ।

ਸ਼ਾਹਜਹਾਂਪੁਰ ਵਿੱਚ ਵਾਪਰੀ ਇਹ ਘਟਨਾ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਨਵਜੰਮੇ ਬੱਚੇ ਨੂੰ ਇਸ ਤਰੀਕੇ ਨਾਲ ਛੱਡਿਆ ਗਿਆ ਹੋਵੇ।

2019 ਵਿੱਚ, ਬੀਬੀਸੀ ਨੇ ਇੱਕ ਮਾਮਲਾ ਰਿਪੋਰਟ ਕੀਤਾ ਸੀ, ਜਿੱਥੇ ਇੱਕ ਸਮੇਂ ਤੋਂ ਪਹਿਲੇ ਜੰਮੀ ਬੱਚੀ ਨੂੰ ਮਿੱਟੀ ਦੇ ਘੜੇ ਵਿੱਚ ਜ਼ਿੰਦਾ ਦੱਬਿਆ ਗਿਆ ਸੀ। ਹਫ਼ਤਿਆਂ ਦੇ ਹਸਪਤਾਲੀ ਇਲਾਜ ਤੋਂ ਬਾਅਦ, ਉਹ ਬੱਚੀ ਠੀਕ ਹੋ ਗਈ ਸੀ।

ਭਾਰਤ ਦੁਨੀਆ ਦੇ ਸਭ ਤੋਂ ਮਾੜੇ ਲਿੰਗ ਅਨੁਪਾਤਾਂ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ
ਤਸਵੀਰ ਕੈਪਸ਼ਨ, ਭਾਰਤ ਦੁਨੀਆ ਦੇ ਸਭ ਤੋਂ ਮਾੜੇ ਲਿੰਗ ਅਨੁਪਾਤਾਂ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ

ਸਮਾਜਕ ਵਿਤਕਰੇ

ਭਾਰਤ ਦੁਨੀਆ ਦੇ ਸਭ ਤੋਂ ਮਾੜੇ ਲਿੰਗ ਅਨੁਪਾਤਾਂ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ। ਔਰਤਾਂ ਨੂੰ ਅਜੇ ਵੀ ਸਮਾਜਿਕ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ, ਅਤੇ ਖਾਸਕਰ ਗਰੀਬ ਭਾਈਚਾਰਿਆਂ ਵਿੱਚ ਕੁੜੀਆਂ ਨੂੰ ਅਕਸਰ ਆਰਥਿਕ ਬੋਝ ਸਮਝਿਆ ਜਾਂਦਾ ਹੈ।

ਸਮਾਜਿਕ ਕਾਰਕੁਨਾਂ ਦਾ ਕਹਿਣਾ ਹੈ ਕਿ ਪੁੱਤਰ ਦੀ ਇੱਛਾ ਕਾਰਨ ਲੱਖਾਂ ਕੁੜੀਆਂ ਭਰੂਣ ਹੱਤਿਆ ਅਤੇ ਨਵਜੰਮੇ ਬੱਚਿਆਂ ਦੀ ਹੱਤਿਆ ਦਾ ਸ਼ਿਕਾਰ ਹੋ ਰਹੀਆਂ ਹਨ।

ਜ਼ਿਆਦਾਤਰ ਮਾਮਲਿਆਂ ਵਿੱਚ, ਗੈਰ-ਕਾਨੂੰਨੀ ਲਿੰਗ ਨਿਰਧਾਰਨ ਟੈਸਟਾਂ ਤੋਂ ਬਾਅਦ ਫੀਮੇਲ ਭਰੂਣ ਦਾ ਗਰਭਪਾਤ ਕਰ ਦਿੱਤਾ ਜਾਂਦਾ ਹੈ। ਹਾਲਾਂਕਿ, ਜਨਮ ਤੋਂ ਬਾਅਦ ਵੀ ਕੁੜੀਆਂ ਨੂੰ ਮਾਰਨ ਦੇ ਮਾਮਲੇ ਆਮ ਹਨ।

ਇਹ ਵੀ ਪੜ੍ਹੋ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)